ਗੁਰਚਰਨ ਸਿੰਘ
ਪੰਜਾਬ ਦੇ ਇਤਿਹਾਸ ਨੂੰ ਸਮਝਣ ਲਈ ਇਸ ਦੇ ਗਣਾਂ ਬਾਰੇ ਜਾਣਨਾ ਲਾਜ਼ਮੀ ਹੈ। ਸਾਂਝੇ ਖਿੱਤੇ ਅਤੇ ਸਾਂਝੀ ਸੋਚ ਵਾਲੇ ਲੋਕਾਂ ਦੇ ਸਮੂਹ ਨੂੰ ਗਣ ਆਖਦੇ ਹਨ। ਪੁਰਾਤਤਵੀ ਖੋਜਾਂ ਮੁਤਾਬਿਕ ਉੱਤਰੀ ਭਾਰਤ ਵਿੱਚ ਸੈਂਕੜੇ ਗਣ ਸਨ। ਇਹ ਲੇਖ ਚੜ੍ਹਦੇ ਪੰਜਾਬ ਦੇ ਗਣਾਂ ਬਾਰੇ ਜਾਣਕਾਰੀ ਦਿੰਦਾ ਹੈ।
ਪੰਜਾਬ ਦਾ ਕਦੀਮੀ ਇਤਿਹਾਸ (Ancient History) ਕੀ ਹੈ? ਪੰਜਾਬ ਦੇ ਉਹ ਮੋਢੀ ਕੌਣ ਸਨ ਜਿਨ੍ਹਾਂ ਨੇ ਨਿਡਰਤਾ ਅਤੇ ਭਾਈਚਾਰਕ ਸਾਂਝ ਦੀ ਨੀਤੀ ਉੱਤੇ ਚਲਦਿਆਂ ਪੰਜਾਬ ਦੀ ਫ਼ਿਜ਼ਾ ਨੂੰ ਮੁਕਤੀ ਬਖ਼ਸ਼ੀ? ਕੀ ਉਨ੍ਹਾਂ ਦਾ ਘੋਲ ਮੁੱਢ-ਕਦੀਮੀ ਸੀ? ਇਹ ਸਵਾਲ ਹਰ ਪੰਜਾਬੀ ਦੇ ਮਨ ਵਿੱਚ ਆਉਂਦਾ ਹੋਵੇਗਾ। ਪੰਜਾਬ ਦੇ ਕਦੀਮੀ ਇਤਿਹਾਸ ਨੂੰ ਜਾਨਣ ਲਈ ਸਾਨੂੰ ਮਿਥਿਹਾਸਕ ਗ੍ਰੰਥਾਂ ਦਾ ਆਸਰਾ ਲੈਣਾ ਪੈਂਦਾ ਹੈ। ਉਨ੍ਹਾਂ ਵਿੱਚ ਪੰਜਾਬ ਬਾਬਤ ਘੱਟ ਜਾਣਕਾਰੀ ਮਿਲਦੀ ਹੈ। ਪੰਜਾਬ ਦੇ ਕਦੀਮੀ ਇਤਿਹਾਸ ਦੇ ਵਸੀਲੇ ਅਤੇ ਸਬੂਤ ਲੱਭਣ ਲਈ ਥੇਹ-ਖੋਜ ਜਾਂ ਪੁਰਾਤਤਵ ਵਿਗਿਆਨ ਵੱਡਾ ਸਹਾਰਾ ਹੈ। ਦੁੱਖ ਦੀ ਗੱਲ ਹੈ ਕਿ ਪੰਜਾਬ ਕੋਲ ਕੋਈ ਪੇਸ਼ੇਵਰ ਥੇਹਖੋਜੀ/ ਪੁਰਾਤਤਵ ਵਿਗਿਆਨੀ ਨਹੀਂ ਹੈ ਜੋ ਥੇਹਾਂ ਤੋਂ ਪੁਖ਼ਤਾ ਸਬੂਤਾਂ ਦੇ ਆਧਾਰ ਉੱਤੇ ਸਹੀ ਇਤਿਹਾਸ ਨੂੰ ਸਾਹਮਣੇ ਲਿਆ ਸਕੇ। ਥੇਹਾਂ ਦੀ ਪੜਤਾਲ ਰਾਹੀਂ ਮੈਂ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਇਤਿਹਾਸ ਨੂੰ ਖੋਜਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬ ਦੀਆਂ ਥੇਹਾਂ ਉੱਤੇ ਹੋਈਆਂ ਖੁਦਾਈਆਂ, ਕਦੀਮੀ ਸਿੱਕੇ, ਭਾਂਡੇ, ਪੁਰਾਤਤਵ ਵਿਭਾਵ ਦੀਆਂ ਰਿਪੋਰਟਾਂ ਅਤੇ ਪੰਜਾਬ ਬਾਬਤ ਖੋਜ ਕਰ ਚੁੱਕੇ ਇਤਿਹਾਸਕਾਰਾਂ ਦੇ ਵੱਖਰੇ ਵੱਖਰੇ ਮੱਤਾਂ ਨੂੰ ਬਾਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੇ ਕਦੀਮੀ ਇਤਿਹਾਸ ਨੂੰ ਸਮਝਣ ਲਈ ਸਾਨੂੰ ਕਦੀਮੀ ਰਾਜਿਆਂ ਅਤੇ ਵੱਡੇ ਸਾਮਰਾਜਾਂ ਵੱਲ ਦੇਖਣਾ ਘੱਟ ਕਰਨਾ ਪਵੇਗਾ ਜਿਵੇਂ ਹੁਣ ਤੱਕ ਦੇ ਖੋਜੀ ਕਰਦੇ ਆਏ ਹਨ। ਪੰਜਾਬ ਦਾ ਕਦੀਮੀ ਇਤਿਹਾਸ ਅਜਿਹੇ ਸਾਮਰਾਜੀ ਲਾਣਿਆਂ ਤੋਂ ਮੁਕਤ ਰਿਹਾ ਹੈ। ਕਦੀਮੀ ਪੰਜਾਬ ਉਨ੍ਹਾਂ ਬਹਾਦਰ ਯੋਧਿਆਂ ਦਾ ਸਿਰਜਿਆ ਹੋਇਆ ਹੈ ਜੋ ਆਵਾਮ ਵੀ ਸਨ ਅਤੇ ਆਗੂ ਵੀ।
ਪੰਜਾਬ ਦੇ ਕਦੀਮੀ ਲੋਕਾਂ ਦੇ ਸਮੂਹਾਂ ਨੂੰ ‘ਗਣ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ‘ਗਣ’ ਪਾਲੀ ਬੋਲੀ ਦਾ ਸ਼ਬਦ ਹੈ ਜਿਹਦਾ ਅਰਥ ਸਾਂਝੇ ਖਿੱਤੇ ਅਤੇ ਸਾਂਝੀ ਸੋਚ ਵਾਲੇ ਲੋਕਾਂ ਦੇ ਸਮੂਹ ਤੋਂ ਹੈ ਜੋ ਜਥੇਬੰਦੀ ਦੇ ਰੂਪ ਵਿੱਚ ਵੱਖਰੀ ਪਛਾਣ ਰੱਖਦੇ ਹੋਣ। ਜਦੋਂ ਕੋਈ ਗਣ ਸਿਆਸੀ ਤੌਰ ਉੱਤੇ ਕਿਸੇ ਖਿੱਤੇ ਦੀ ਨੁਮਾਇੰਦਗੀ ਕਰਦਾ ਹੈ, ਉਸ ਖਿੱਤੇ ਨੂੰ ਜਨਪਦ ਕਹਿੰਦੇ ਸਨ। ਕਦੀਮੀ ਭਾਰਤੀ ਇਤਿਹਾਸ ਵਿੱਚ ਜਨਪਦ ਦੋ ਤਰ੍ਹਾਂ ਦੇ ਸਨ। ਸਾਮਰਾਜ ਦੇ ਰੂਪ ਵਿੱਚ ਜਿਵੇਂ ਮਗਧ, ਕਾਸ਼ੀ, ਕੌਸ਼ਲ ਅਤੇ ਹੋਰ ਜਨਪਦ ਜੋ ਗਿਣਤੀ ਵਿੱਚ 16 ਦੱਸੇ ਗਏ ਹਨ। ਦੂਜੀ ਤਰ੍ਹਾਂ ਦੇ ਜਨਪਦ ਜੋ ਸੰਘ (Guilds) ਦੀ ਨੀਤੀ ਉੱਤੇ ਚਲਦੇ ਸਨ। ਸੰਘ ਦਾ ਅਰਥ ਬੁੱਧ ਦੇ ਧੱਮ ਤੋਂ ਨਹੀਂ ਲਿਆ ਜਾ ਸਕਦਾ। ਸੰਘ ਕਦੀਮੀ ਭਾਰਤ ਦਾ ਉਹ ਸਿਆਸੀ ਢਾਂਚਾ ਹੈ ਜਿਹਦਾ ਇਤਿਹਾਸ ਬਹੁਤ ਪੁਰਾਣਾ ਹੈ। ਬੁੱਧ ਤੋਂ ਪਹਿਲਾਂ ਤਕਰੀਬਨ 800 ਤੋਂ 700 ਈਸਾ ਪੂਰਵ ਬਣੇ ਨਵੇਂ ਸਮੂਹਕ ਖਿੱਤੇ, ਸੰਘ ਸਨ। ਮਿਸਾਲ ਵਜੋਂ, ਬੁੱਧ ਦਾ ਜਨਮ ਜਿਸ ਸ਼ੱਕ ਗਣ ਵਿੱਚ ਹੋਇਆ ਉਹ ਅੱਠ ਖਿੱਤਿਆਂ ਦਾ ਸੰਘ ਸੀ। ਬੁੱਧ ਨੇ ਧੱਮ ਦੀ ਸਿੱਖਿਆ ਸੰਘ ਦੀ ਨੀਤੀ ਦੇ ਮੁਤਾਬਿਕ ਦਿੱਤੀ। ਸੰਘ ਵਿੱਚ ਆਮ ਲੋਕਾਂ ਦੀ ਸਾਂਝੀ ਰਾਇ ਅਤੇ ਆਪਸੀ ਸਹਿਮਤੀ ਸਭ ਤੋਂ ਅਹਿਮ ਸੀ। ਮੌਜੂਦਾ ਪੰਚਾਇਤੀ ਰਾਜ ਪ੍ਰਬੰਧ ਇਸੇ ਸੰਘ ਅਤੇ ਗਣ ਦਾ ਰੂਪ ਹੈ।
ਉੱਤਰੀ ਭਾਰਤ ਵਿੱਚ ਸੈਂਕੜੇ ਗਣ ਸਨ ਪਰ ਮਿਲੇ ਸਿੱਕਿਆਂ ਦੇ ਆਧਾਰ ਉੱਤੇ 20 ਕੁ ਗਣਾਂ ਬਾਰੇ ਪਤਾ ਲੱਗ ਸਕਿਆ ਹੈ। ਚੜ੍ਹਦੇ ਪੰਜਾਬ ਵਿੱਚ ਬਿਆਸ ਦਰਿਆ ਤੋਂ ਲੈ ਕੇ ਮਾਲਵੇ ਤੱਕ ਅੱਠ ਗਣਾਂ ਬਾਰੇ ਪਤਾ ਲੱਗਦਾ ਹੈ। ਬਿਸਤ-ਦੋਆਬ ਜਾਂ ਜਲੰਧਰ ਦੋਆਬ ਵਿੱਚ ਰਾਜਨਾ, ਓਦੂਮਬਰਾ, ਤ੍ਰਿਕਟ, ਕੁਨਿੰਦਾ ਅਤੇ ਵਾਮਿਕੀ ਸਨ। ਮਾਲਵੇ ਦੇ ਖਿੱਤੇ ਵਿੱਚ ਵਰਿਸ਼ਨੀ, ਯੋਧੇ ਅਤੇ ਮਾਲਵਾ ਗਣ ਸਨ। ਇਨ੍ਹਾਂ ਗਣਾਂ ਦੀ ਤਫ਼ਸੀਲ ਕਦੀਮੀ ਭਾਰਤੀ ਗਰੰਥਾਂ ਤੋਂ ਵੀ ਮਿਲਦੀ ਹੈ। ਮਿਸਾਲ ਵਜੋਂ ਕੁਨਿੰਦਾ ਗਣ ਦੇ ਹਵਾਲੇ ਰਾਮਾਇਣ, ਮਹਾਮਿਊਰੀ, ਯੂਨਾਨੀ ਲੇਖਕ ਪਟੋਲਮੀ, ਭਗਵਤ ਪੁਰਾਣ ਅਤੇ ਮਾਰਕੰਡੇ ਪੁਰਾਣ ਵਿੱਚ ਮਿਲਦੇ ਹਨ। ਇਸ ਗਣ ਨੂੰ ਪਾਣਿਨੀ ਨੇ ਆਪਣੀ ਲਿਖਤ ‘ਅਸ਼ਟਾਧਿਆਇ’ ਵਿੱਚ ਅਯੁੱਧਜੀਵੀ ਸੰਘ ਅਤੇ ਬਿਸਤ-ਦੋਆਬ ਦੇ ਸੱਤ ਗਣਾਂ ਵਿੱਚੋ ਇੱਕ ਕਿਹਾ ਸੀ। ਇਸ ਦਾ ਮਤਲਬ ਹੈ ਕਿ ਇਹ ਗਣ ਸੰਘ ਦੇ ਰੂਪ ਵਿੱਚ ਸਭ ਤੋਂ ਤਾਕਤਵਰ ਸੀ। ਇਹਦੇ ਸਿੱਕਿਆਂ ਤੋਂ ਪਤਾ ਲੱਗਦਾ ਹੈ ਕਿ ਇਹਦਾ ਆਗੂ ਅਮੋਘਭੂਤੀ ਸੀ।
ਰਾਜਨਾ ਗਣ ਦਾ ਜ਼ਿਕਰ ਪਤੰਜਲੀ (180 ਈਸਾ ਪੂਰਵ), ਮਹਾਭਾਰਤ ਅਤੇ ਬ੍ਰਿਹਤ ਸੰਹਿਤਾ ਵਿੱਚ ਮਿਲਦਾ ਹੈ। ਓਦੂਮਬਰਾ ਗਣ ਬਿਸਤ-ਦੋਆਬ ਖਿੱਤੇ ਦੀ ਸ਼ੈਵ-ਰਵਾਇਤ ਦਾ ਗਣ ਸੀ। ਇਹ ਗਣ ਬਿਸਤ-ਦੋਆਬ ਦੀਆਂ ਸ਼ਿਵਾਲਕ ਪਹਾੜੀਆਂ ਵਿੱਚ ਹੁਸ਼ਿਆਰਪੁਰ ਤੋਂ ਪਠਾਨਕੋਟ ਤੱਕ ਫੈਲਿਆ ਹੋਇਆ ਸੀ। ਓਦੂਮਬਰਾ ਪ੍ਰਾਕਿਰਤ ਬੋਲੀ ਦਾ ਸ਼ਬਦ ਹੈ ਜਿਹਦਾ ਅਰਥ ਬਰੋਟੇ ਦਾ ਰੁੱਖ ਹੁੰਦਾ ਹੈ। ਇਨ੍ਹਾਂ ਦੇ ਸਿੱਕਿਆਂ ਤੋਂ ਤਿੰਨ ਆਗੂਆਂ ਦੇ ਨਾਂ ਮਿਲਦੇ ਹਨ: ਧਾਰਘੋਸ਼, ਰੁਦਰਦਾਸ ਅਤੇ ਸ਼ਿਵਦਾਸ। ਵਾਮਿਕੀ ਗਣ ਵੀ ਬਿਸਤ-ਦੋਆਬ ਖਿੱਤੇ ਦੀ ਸ਼ੈਵ-ਰਵਾਇਤ ਦਾ ਗਣ ਸੀ। ਵਾਮਿਕੀ ਦਾ ਅਰਥ ਬੁਣਕਰ ਜਾਂ ਜੁਲਾਹਾ ਹੁੰਦਾ ਹੈ। ਇਹਦਾ ਸੰਬੰਧ ਕੱਪੜੇ ਦੀ ਬੁਣਾਈ ਅਤੇ ਵਪਾਰ ਨਾਲ ਰਿਹਾ ਹੋਵੇਗਾ। ਇਸ ਗਣ ਦਾ ਖਿੱਤਾ ਬਿਸਤ-ਦੋਆਬ ਵਿੱਚ ਹੁਸ਼ਿਆਰਪੁਰ ਤੋਂ ਪਠਾਨਕੋਟ ਤੱਕ ਸੀ। ਵਾਮਿਕੀ ਗਣ ਦੀ ਤਫ਼ਸੀਲ ਸਾਨੂੰ ਮਹਾਭਾਰਤ ਅਤੇ ਵਰਹਾਮਿਹੀਰ ਦੇ ਛੇਵੀਂ ਸਦੀ ਦੇ ਗ੍ਰੰਥ ਬ੍ਰਿਹਤ ਸੰਹਿਤਾ ਵਿੱਚ ਮਿਲਦੀ ਹੈ। ਵਾਮਿਕੀ ਗਣ ਦੇ ਸਿੱਕਿਆਂ ਦੇ ਆਧਾਰ ਉੱਤੇ ਇਹਦੇ ਦੋ ਆਗੂਆਂ ਦਾ ਪਤਾ ਲੱਗਿਆ ਹੈ: ਭਾਵਵਰਮਨ ਅਤੇ ਰੁਦਰਵਰਮਨ। ਤ੍ਰਿਕਟ ਜਾਂ ਤ੍ਰਿਗਰਤ ਗਣ ਜਲੰਧਰ ਵਿੱਚ ਸੀ। ਪਾਣਿਨੀ ਮੁਤਾਬਿਕ ਇਹ ਜਨਪਦ ਰੱਥ ਚਲਾਉਣ, ਯੁੱਧ ਕਲਾ ਅਤੇ ਤੀਰ-ਕਮਾਨ ਵਿੱਦਿਆ ਵਿੱਚ ਮਾਹਿਰ ਸੀ।
ਮਾਲਵਾ ਗਣ ਪੰਜਾਬ ਦੇ ਮੌਜੂਦਾ ਮਾਲਵਾ ਖਿੱਤੇ ਦਾ ਗਣ ਸੀ। ਇਹਦਾ ਇੱਕ ਸਮੂਹ ਰਾਜਸਥਾਨ ਤੋਂ ਹੁੰਦਾ ਹੋਇਆ ਮੱਧ ਪ੍ਰਦੇਸ਼ ਵਿੱਚ ਚਲਾ ਗਿਆ। ਉਸ ਖਿੱਤੇ ਦਾ ਨਾਮ ਵੀ ਮਾਲਵਾ ਦੱਸਿਆ ਜਾਂਦਾ ਹੈ। ਵਰਿਸ਼ਨੀ ਗਣ ਮਾਲਵਾ ਖਿੱਤੇ ਦਾ ਹੋਰ ਬਹਾਦਰ ਗਣ ਸੀ ਜਿਹਨੇ ਸਤਲੁਜ ਦੇ ਕੰਢੇ ਲੁਧਿਆਣਾ ਦੇ ਕਸਬੇ ਸੁਨੇਤ (ਕਦੀਮੀ ਨਾਮ ਸੁਨੇਤਰਾ) ਨੂੰ ਰਾਜਧਾਨੀ ਬਣਾਇਆ। ਸਿੱਕਿਆਂ ਉੱਤੇ ਹੁਣ ਤੱਕ ਪੜ੍ਹੇ ਗਏ ਕੁੱਲ 10 ਆਗੂਆਂ ਦਾ ਪਤਾ ਲੱਗਿਆ ਹੈ: ਯਜਨਸੋਮਾ, ਵਿਆਗਰ ਸੈਨਾ, ਵਿਆਗਰ ਸੱਤਰ, ਜਾਇਸਾ, ਵਾਸੁ ਸੈਨਾ, ਜੈਸੋਮਾ, ਯੱਜ ਦੇਵਾ, ਸੱਤਰਗੁਪਤ, ਬਲਵਾਹਨ ਅਤੇ ਵੇਸ਼ਾ। ਯੋਧੇ ਗਣ ਦੀ ਰਾਜਧਾਨੀ ਹਰਿਆਣਾ ਵਿੱਚ ਰੋਹਤਕ ਜ਼ਿਲ੍ਹੇ ਦੇ ਖੋਖਰਾਕੋਟ ਪਿੰਡ ਵਿੱਚ ਸੀ। ਯੋਧੇ ਪੰਜਾਬ ਦੇ ਮਾਲਵੇ ਦੇ ਖਿੱਤੇ ਦੀ ਵੀ ਰੱਖਿਆ ਕਰਦੇ ਸਨ। ਯੋਧੇ ਗਣ ਅਤੇ ਵਰਿਸ਼ਨੀ ਗਣ ਸੰਘ ਦੇ ਰੂਪ ਵਿੱਚ ਸਨ ਜੋ ਆਪਸੀ ਸਿਆਸੀ ਸਾਂਝ ਦਾ ਸਬੂਤ ਹੈ। ਸੁਨੇਤ ਦੀ ਖੁਦਾਈ ਤੋਂ ਹੋਰ ਅਹਿਮ ਸਬੂਤ ਮਿਲਿਆ ਹੈ ਜਿਹਨੂੰ ਇਤਿਹਾਸਕਾਰਾਂ ਨੇ ਤਵੱਜੋ ਨਹੀਂ ਦਿੱਤੀ। ਸੁਨੇਤ ਉੱਤੇ ਪਹਿਲੀ ਸਦੀ ਵਿੱਚ ਕੁਸ਼ਾਣਾਂ ਨੇ ਹਮਲਾ ਕੀਤਾ ਸੀ। ਸੁਨੇਤ ਦੀ ਖੁਦਾਈ ਵਿੱਚ ਕੁਸ਼ਾਣ ਰਾਜਿਆਂ ਦੇ ਸਿੱਕੇ ਘੱਟ ਗਿਣਤੀ ਵਿੱਚ ਮਿਲੇ ਹਨ ਪਰ ਉਸੇ ਕਾਲ ਵਿੱਚ ਯੋਧੇ ਗਣ ਦੇ 30 ਹਜ਼ਾਰ ਸਿੱਕਿਆਂ ਦੇ ਸਾਂਚੇ ਮਿਲੇ ਹਨ। ਇੱਥੋਂ ਮਿਲੀ ਮੋਹਰ ਉੱਤੇ ‘ਯੋਧੇ ਗਨਸਿਆ ਜੈ’ ਲਿਖਿਆ ਮਿਲਿਆ ਹੈ। ਇਹਦਾ ਅਰਥ ਹੈ ‘ਯੋਧੇ ਗਣ ਦੀ ਹਮੇਸ਼ਾ ਜੈ ਰਹੇ’। ਕੁਸ਼ਾਣ, ਵਰਿਸ਼ਨੀ ਗਣ ਅਤੇ ਯੋਧੇ ਸਮਕਾਲੀ ਸਨ ਪਰ ਅਜਿਹਾ ਕੀ ਹੋਇਆ ਕਿ ਕੁਸ਼ਾਣ ਇੱਥੇ ਟਿਕ ਨਹੀਂ ਸਕੇ? ਅਸਲ ਵਿੱਚ ਯੋਧੇ ਅਤੇ ਪੰਜਾਬ ਦੇ ਹੋਰ ਗਣਾਂ ਨੇ ਕੁਸ਼ਾਣ ਸਾਮਰਾਜ ਵਿਰੁੱਧ ਸਾਂਝੀ ਜੰਗ ਲੜੀ ਸੀ। ਯੋਧਿਆਂ ਨੇ ਕੁਸ਼ਾਣਾਂ ਨੂੰ ਤਿੰਨ ਵਾਰ ਹਰਾਇਆ। ਯੋਧੇ ਗਣ ਦੇ ਵੱਖ ਵੱਖ ਸਿੱਕਿਆਂ ਉੱਤੇ ‘ਇੱਕ, ਦੋ ਅਤੇ ਤਿੰਨ’ ਅਤੇ ‘ਯੋਧੇ ਗਨਸਿਆ ਜੈ’ ਲਿਖਿਆ ਮਿਲਦਾ ਹੈ। ਇਹ ਕੁਸ਼ਾਣਾਂ ਉੱਤੇ ਜਿੱਤ ਦਾ ਇਸ਼ਾਰਾ ਅਤੇ ਬਿੰਬ ਹੈ। ਤਿੰਨ ਜੰਗਾਂ ਵਿੱਚੋਂ ਪਹਿਲੀ ਜੰਗ ਸੁਨੇਤ ਵਿੱਚ ਲੜੀ ਗਈ ਸੀ। ਜਿੱਤ ਦੀ ਖ਼ੁਸ਼ੀ ਵਿੱਚ ਯੋਧੇ ਗਣ ਨੇ 10 ਹਜ਼ਾਰ ਸਾਂਚੇ ਬਣਾ ਕੇ ਆਪਣੇ ਸਿੱਕੇ ਜਾਰੀ ਕੀਤੇ।
ਮਥੁਰਾ, ਉਜੈਨ ਅਤੇ ਉੱਤਰ ਪ੍ਰਦੇਸ਼ ਵਿੱਚ ਇਰਾਨੀ ਸੂਬੇਦਾਰਾਂ ਦੇ ਕਬਜ਼ਿਆਂ ਦਾ ਜ਼ਿਕਰ ਮਿਲਦਾ ਹੈ। ਇਨ੍ਹਾਂ ਦੇ ਸਿੱਕਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਇਰਾਨੀ ਜਾਗੀਰਦਾਰ ਆਪਣੇ ਆਪਣੇ ਖਿੱਤੇ ਦੇ ਮਾਲਿਕ ਸਨ। ਇਹ ਪੰਜਾਬ ਤੋਂ ਹੋ ਕੇ ਅੱਗੇ ਪੂਰਬ ਵੱਲ ਗਏ ਸਨ। ਘੁੜਾਮ, ਸੰਘੋਲ ਅਤੇ ਸੁਨੇਤ ਦੀਆਂ ਖੁਦਾਈਆਂ ਤੋਂ ਇਨ੍ਹਾਂ ਦੇ ਕੁਝ ਸਿੱਕੇ ਮਿਲੇ ਹਨ। ਸਿੱਕਿਆਂ ਦੀ ਗਿਣਤੀ ਨਾਮ-ਨਿਹਾਦ ਹੈ ਜੋ ਤਕਰੀਬਨ 15 ਬਣਦੀ ਹੈ। ਇਹ ਇਰਾਨੀ ਜਾਗੀਰਦਾਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਆਪਣੇ ਰਾਜ ਕਾਇਮ ਕਰਨ ਵਿੱਚ ਤਾਂ ਸਫ਼ਲ ਰਹੇ ਪਰ ਪੰਜਾਬ ਦੇ ਗਣਾਂ ਨੇ ਇਨ੍ਹਾਂ ਨੂੰ ਖਦੇੜ ਦਿੱਤਾ ਸੀ। ਸਿੱਕਿਆਂ ਤੋਂ ਇਨ੍ਹਾਂ ਰਾਜਿਆਂ ਦੇ ਨਾਂ ਅਜਾਮਿੱਤਰ, ਮਾਹੀਮਿੱਤਰ, ਇੰਦਰਮਿੱਤਰ, ਭਾਨੂਮਿੱਤਰ ਵਗੈਰਾ ਮਿਲਦੇ ਹਨ।
ਅਗਰੋਹਾ ਵਾਲਾ ਸ਼ਿਲਾਲੇਖ ਪੰਜਾਬ ਦੇ ਗਣਾਂ ਦੀ ਸਿਆਸੀ ਨੀਤੀ ਬਾਬਤ ਪਹੁੰਚ ਨੂੰ ਬਿਆਨ ਕਰਦਾ ਹੈ। ਇਸ ਮੁਤਾਬਿਕ ਗਣ ਦਾ ਆਗੂ ਜਮਹੂਰੀ ਤਰੀਕੇ ਨਾਲ ਚੁਣਿਆ ਜਾਂਦਾ ਸੀ ਜਿਹਦੇ ਵਿੱਚ ਆਵਾਮ ਦੀ ਪੂਰੀ ਪੁੱਗਤ ਸੀ। ਸ਼ਿਲਾਲੇਖ ਦੱਸਦਾ ਹੈ ਕਿ ਯੋਧੇ ਗਣ ਦਾ ਆਗੂ ਲੋਕਾਂ ਰਾਹੀਂ ਚੁਣਿਆ ਗਿਆ ਹੈ ਜਿਹਨੂੰ ਮਹਾਂਖਤਰਪ ਅਤੇ ਮਹਾਂਸੈਨਾਪਤੀ ਕਿਹਾ ਗਿਆ ਹੈ। ਸ਼ਿਲਾਲੇਖ ਵਿੱਚ ਮਹਾਂਖਤਰਪ ਸ਼ਬਦ ਵਾਚਣ ਯੋਗ ਹੈ। ਮਹਾਂਖਤਰਪ ਸ਼ਬਦ ਇਰਾਨੀ ਮੂਲ ਦਾ ਹੈ ਅਤੇ ਪਾਲੀ ਬੋਲੀ ਵਿੱਚ ਇਹ ਖਤਰਪ ਹੈ। ਸੰਸਕ੍ਰਿਤ ਬੋਲਣ ਵਾਲੇ ਇਰਾਨੀ ਮੂਲ ਦੇ ਲੋਕ ਆਪਣੇ ਸਿੱਕਿਆਂ ਅਤੇ ਲੇਖਾਂ ਵਿੱਚ ਕਸ਼ਤਰਪ ਲਿਖਦੇ ਸਨ। ਕਸ਼ਤਰਪ ਦਾ ਅਰਥ ਕਿਸੇ ਖਿੱਤੇ ਦਾ ਸੂਬੇਦਾਰ (Governor) ਹੁੰਦਾ ਸੀ। ਕਸ਼ਤਰਪ ਢਾਂਚੇ ਵਿੱਚ ਮਹਾਰਾਜਾ ਹਰ ਖਿੱਤੇ ਵਿੱਚ ਆਪਣੇ ਸੂਬੇਦਾਰ ਥਾਪਦਾ ਸੀ ਅਤੇ ਉਹ ਰਾਜੇ ਕਹਾਉਂਦੇ ਸਨ। ਮਹਾਰਾਜਾ ਦੇ ਅਧੀਨ ਰਾਜੇ ਉਸ ਖਿੱਤੇ ਦੇ ਪ੍ਰਸ਼ਾਸਨ ਬਾਬਤ, ਵਿੱਤੀ ਅਤੇ ਕਾਨੂੰਨੀ ਮਸਲਿਆਂ ਨੂੰ ਹੱਲ ਕਰਦੇ ਸਨ। ਇਰਾਨ ਦਾ ਇਹ ਜਗੀਰਦਾਰੀ ਢਾਂਚਾ ਗਣਾਂ ਦੇ ਢਾਂਚੇ ਤੋਂ ਵੱਖਰਾ ਸੀ। ਇਨ੍ਹਾਂ ਇਰਾਨੀ ਸੂਬੇਦਾਰਾਂ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਜਾਗੀਰਦਾਰੀ ਢਾਂਚੇ ਨੂੰ ਕਾਨੂੰਨੀ ਮਾਨਤਾ ਦਿੱਤੀ ਜੋ ਗੁਪਤ ਕਾਲ ਸਮੇਂ ਸਾਮਰਾਜਵਾਦੀ ਨੀਤੀ ਦੀ ਰੀੜ੍ਹ ਦੀ ਹੱਡੀ ਸਾਬਿਤ ਹੋਇਆ। ਪੰਜਾਬ ਅਤੇ ਹਰਿਆਣਾ ਵਿੱਚੋਂ ਇਰਾਨੀ ਸੂਬੇਦਾਰ ਖਦੇੜ ਦਿੱਤੇ ਗਏ ਅਤੇ ਉੱਤਰ ਪ੍ਰਦੇਸ਼ ਵੱਲ ਚਲੇ ਗਏ ਸਨ। ਕਿਹਾ ਜਾ ਸਕਦਾ ਹੈ ਕਿ ਯੋਧਿਆਂ ਨੇ ਖਤਰਪਾਂ ਨੂੰ ਖਦੇੜ ਕੇ ਮਹਾਂਖਤਰਪ ਦੀ ਉਪਾਧੀ ਧਾਰਨ ਕੀਤੀ।
ਪੰਜਾਬ ਦੇ ਗਣਾਂ ਦੀ ਇੱਕਜੁੱਟਤਾ ਉਨ੍ਹਾਂ ਦੀ ਅਸਲੀ ਤਾਕਤ ਸੀ। ਸਿਕੰਦਰ ਧਾੜਵੀ ਨਾਲ ਟੱਕਰ ਲੈਣ ਵਾਲਾ ਪੋਰਸ ਪੁਰੂ ਗਣ ਦਾ ਆਗੂ ਸੀ। ਇਤਿਹਾਸਕਾਰਾਂ ਨੇ ਇਸ ਤੱਥ ਵੱਲ ਕਦੇ ਧਿਆਨ ਨਹੀਂ ਦਿੱਤਾ ਕਿ ਇੰਨੇ ਵੱਡੇ ਸਾਮਰਾਜ ਦੇ ਰਾਜੇ ਸਿਕੰਦਰ ਨੂੰ ਪੰਜਾਬ ਦਾਖ਼ਲ ਹੁੰਦੇ ਸਾਰ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ। ਪੁਰੂ ਗਣ ਦੇ ਨਾਲ ਹੋਰ ਕਈ ਭਾਈਵਾਲ ਗਣ ਸ਼ਾਮਿਲ ਸਨ ਜਿਨ੍ਹਾਂ ਕਰਕੇ ਸਿਕੰਦਰ ਨੂੰ ਭਾਰੀ ਨੁਕਸਾਨ ਹੋਇਆ। ਗਣਾਂ ਦੇ ਸਿਆਸੀ-ਪ੍ਰਬੰਧ ਦਾ ਆਧਾਰ ਛੇ ਦਰਿਆ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਸਨ ਜਿਨ੍ਹਾਂ ਦੇ ਕੰਢਿਆਂ ਉੱਤੇ ਇਨ੍ਹਾਂ ਦੇ ਵਸੇਬ ਸਨ। ਪੰਜਾਬ ਦੇ ਦਰਿਆਈ ਢਾਂਚੇ ਨੂੰ ਪਾਰ ਕਰ ਕੇ ਗਣਾਂ ਉੱਤੇ ਹਮਲੇ ਕਰਨਾ ਸੌਖਾ ਕੰਮ ਨਹੀਂ ਸੀ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਮਿੱਤਰ ਰਾਜੇ, ਕੁਸ਼ਾਣ, ਸਿਥੀਆਈ, ਯੂਨਾਨੀ ਅਤੇ ਪਾਰਥੀ ਰਾਜਿਆਂ ਦੇ ਸਿੱਕੇ ਘੱਟ ਗਿਣਤੀ ਵਿੱਚ ਮਿਲਦੇ ਹਨ। ਸਿਰਫ਼ ਪਾਰਥੀ ਸੂਬੇਦਾਰ ਗੋਂਡੋਫਰਨਿਸ ਦੇ ਸਿੱਕੇ ਮਿਲਦੇ ਹਨ। ਉਹਨੇ ਬਿਆਸ ਦਰਿਆ ਪਾਰ ਕਰਕੇ ਗਣਾਂ ਉੱਤੇ ਹਮਲਾ ਕੀਤਾ ਸੀ ਪਰ ਉਹ ਜ਼ਿਆਦਾ ਦੇਰ ਨਹੀਂ ਟਿਕ ਸਕਿਆ। ਮਾਲਵੇ ਵਿੱਚ ਉਹਨੂੰ ਹਰਾ ਦਿੱਤਾ ਗਿਆ। ਮਾਲਵੇ ਦੀਆਂ ਥੇਹਾਂ ਤੋਂ ਉਹਦੇ ਸਿੱਕੇ ਬਿਸਤ-ਦੋਆਬ ਦੇ ਮੁਕਾਬਲੇ ਘੱਟ ਮਿਲਦੇ ਹਨ। ਗੋਂਡੋਫਰਨਿਸ ਤੋਂ ਬਾਅਦ ਉਹਦੇ ਵਾਰਿਸ ਮਥੁਰਾ ਚਲੇ ਗਏ ਅਤੇ ਉੱਥੇ ਆਪਣਾ ਰਾਜ ਕਾਇਮ ਕੀਤਾ। ਉਹਦੇ ਵਾਰਿਸਾਂ ਰਾਜੂਵੁਲਾ ਅਤੇ ਹਗਮਾਸਾ ਦੇ ਸਿੱਕੇ ਮਥੁਰਾ ਵਿੱਚ ਮਿਲਦੇ ਹਨ।
ਗਣਾਂ ਦੇ ਧਰਮਾਂ ਬਾਬਤ ਇਨ੍ਹਾਂ ਦੇ ਸਿੱਕਿਆਂ ਉੱਤੇ ਉੱਕਰੇ ਨਿਸ਼ਾਨਾਂ ਤੋਂ ਪਤਾ ਲੱਗਦਾ ਹੈ। ਇਹ ਕੁਦਰਤ ਪੂਜਾ, ਮਾਤਰੀ ਪੂਜਾ ਜਾਂ ਧਰਤੀ ਮਾਤਾ, ਆਵਾਮੀ ਦੇਵਤੇ ਸ਼ਿਵ ਅਤੇ ਬੁੱਧ ਧੱਮ ਦੇ ਉਪਾਸ਼ਕ ਸਨ। ਬ੍ਰਾਹਮਣੀ ਗਰੰਥਾਂ ਵਿੱਚ ਇਨ੍ਹਾਂ ਨੂੰ ਕਿਤੇ ਖੱਤਰੀ ਅਤੇ ਕਿਤੇ ਬ੍ਰਾਹਮਣ ਜਾਤੀ ਨਾਲ ਜੋੜ ਕੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਿਸਾਲ ਵਜੋਂ, ਮਹਾਭਾਰਤ ਵਿੱਚ ਕੁਨਿੰਦਾ ਗਣ ਨੂੰ ਅਰਜੁਨ ਨੇ ਹਰਾਇਆ ਦੱਸਿਆ ਗਿਆ ਹੈ। ਤ੍ਰਿਕਟ ਦੇ ਰਾਜਾ ਸੁਦਾਸ ਨੂੰ ਮਹਾਭਾਰਤ ਦੀ ਲੜਾਈ ਲਈ ਬੁਲਾਇਆ ਗਿਆ ਸੀ। ਵਰਿਸ਼ਨੀ ਗਣ ਨੂੰ ਕ੍ਰਿਸ਼ਨ ਦੇ ਖਾਨਦਾਨ ਵਿੱਚੋਂ ਦੱਸਿਆ ਗਿਆ ਹੈ। ਇਹ ਸਭ ਪੰਜਾਬ ਦੇ ਗਣਾਂ ਅਤੇ ਸੰਘ ਦੇ ਉਦਾਰਵਾਦੀ, ਜਮਹੂਰੀ ਅਤੇ ਬਹਾਦਰੀ ਭਰੇ ਇਤਿਹਾਸ ਨੂੰ ਆਪਣੇ ਨਾਮ ਲਿਖਵਾਉਣ ਦੀ ਮਸ਼ਕ ਦਾ ਹਿੱਸਾ ਰਿਹਾ ਹੈ। ਗਣਾਂ ਦੇ ਸਿੱਕੇ ਮਿਲਣੇ ਬਰਤਾਨਵੀ ਕਾਲ ਤੋਂ ਸ਼ੁਰੂ ਹੋ ਗਏ ਸਨ ਜਿਹਦਾ ਸਿਹਰਾ ਕਨਿੰਘਮ ਨੂੰ ਦਿੱਤਾ ਜਾਂਦਾ ਹੈ। ਦੁੱਖ ਦੀ ਗੱਲ ਹੈ ਕਿ ਬਰਤਾਨਵੀ ਅਤੇ ਹੋਰ ਇਤਿਹਾਸਕਾਰਾਂ ਨੇ ਪੰਜਾਬ ਦੇ ਗਣਾਂ ਨੂੰ ਮਹਿਜ਼ ਕਬੀਲੇ ਕਹਿ ਕੇ ਸਿੱਕਿਆਂ ਤੱਕ ਸਮੇਟ ਦਿੱਤਾ। ਪੰਜਾਬ ਦੇ ਗਣਾਂ ਦੇ ਸਿਆਸੀ, ਸੱਭਿਆਚਾਰਕ, ਵਪਾਰਕ, ਸਮਾਜਿਕ ਅਤੇ ਧਾਰਮਿਕ ਇਤਿਹਾਸ ਨੂੰ ਹੁਣ ਤੱਕ ਦਬਾਈ ਰੱਖਿਆ ਗਿਆ ਹੈ। ਅੱਜ ਲੋੜ ਹੈ ਕਿ ਸਹੀ ਇਤਿਹਾਸ ਖੋਜਣ ਲਈ ਥੇਹਖੋਜ ਲੱਭਤਾਂ ਨੂੰ ਆਧਾਰ ਬਣਾਇਆ ਜਾਵੇ ਅਤੇ ਸੱਚ ਲੱਭਣ ਦੀ ਜਗਿਆਸਾ ਵਿੱਚ ਅਸੀਂ ਜੜ੍ਹਾਂ ਨੂੰ ਮੁੜ ਫਰੋਲ ਸਕੀਏ।
ਸੰਘੋਲ ਅਤੇ ਗਣ
ਹਿਊਨਸਾਂਗ ਮੁਤਾਬਿਕ ਇਸ ਖਿੱਤੇ ਨੂੰ ਸਤਦਰੂ ਕਿਹਾ ਜਾਂਦਾ ਹੈ। ਲਗਭਗ 400 ਸਾਲ ਈਸਾ ਪੂਰਵ ਵਿੱਚ ਇਹ ਵਰਿਸ਼ਨੀ ਗਣ ਦਾ ਖਿੱਤਾ ਸੀ। ਸੰਘੋਲ ਦੀ ਖੁਦਾਈ ਤੋਂ ਵਰਿਸ਼ਨੀ ਗਣ ਦੇ ਦੋ ਸਿੱਕੇ ਵੀ ਮਿਲੇ ਹਨ। ਵਰਿਸ਼ਨੀ ਗਣ ਦੇ ਸਿੱਕੇ ਉੱਪਰ ਧੱਮ ਚੱਕਰ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਗਣ ਬੋਧੀ ਸੀ। ਇਸ ਲਈ ਸੰਘੋਲ ਦੇ ਸਤੂਪ ਦਾ ਮੁੱਢਲਾ ਕੰਮ ਵਰਿਸ਼ਨੀ ਗਣ ਨੇ ਹੀ ਸ਼ੁਰੂ ਕੀਤਾ ਹੋਵੇਗਾ ਜਿਸਦਾ ਵਿਸਥਾਰ ਪਹਿਲੀ ਈਸਵੀ ਵਿੱਚ ਕੁਸ਼ਾਣ ਰਾਜਾ ਕਨਿਸ਼ਕ ਨੇ ਕੀਤਾ। ਵਰਿਸ਼ਨੀ ਗਣ ਦੀ ਰਾਜਧਾਨੀ ਸੁਨੇਤ ਦੀ 1983 ਵਿੱਚ ਹੋਈ ਖੁਦਾਈ ਤੋਂ ਯੋਧੇ ਗਣ ਦੇ ਸਿੱਕਿਆਂ ਦੇ 30 ਹਜ਼ਾਰ ਸਾਂਚੇ ਮਿਲੇ ਸਨ। ਇਸ ਦਾ ਅਰਥ ਇਹ ਹੋਇਆ ਕਿ ਯੋਧੇ ਗਣ ਵਰਿਸ਼ਨੀ ਗਣ ਦਾ ਸਹਾਈ ਸੀ ਅਤੇ ਇਹ ਮਾਲਵੇ ਦੇ ਖਿੱਤੇ ਦੀ ਅਗਵਾਈ ਕਰ ਰਹੇ ਸਨ। ਯੋਧੇ ਗਣ ਇੱਕ ਵਪਾਰਕ ਗਣ ਸੀ। ਇਸ ਦਾ ਸਬੂਤ ਇਹ ਹੈ ਕਿ ਪੂਰੇ ਉੱਤਰੀ ਭਾਰਤ ਤੇ ਪਾਕਿਸਤਾਨ ਤੱਕ ਖੁਦਾਈਆਂ ਤੋਂ ਉਸ ਦੇ ਸਿੱਕੇ ਸਭ ਤੋਂ ਵੱਡੀ ਤਾਦਾਦ ਵਿੱਚ ਮਿਲੇ ਹਨ। ਇਸ ਲਈ ਯੋਧੇ ਗਣ ਅਤੇ ਵਰਿਸ਼ਨੀ ਗਣ ਦਾ ਵਪਾਰ ਦਾ ਕੇਂਦਰ ਸੰਘੋਲ ਸੀ। ਸੰਘੋਲ ਪੰਜਾਬ ਵਿੱਚ ਰੇਸ਼ਮੀ ਰਾਹ ਦਾ ਅਹਿਮ ਕੇਂਦਰ ਸੀ। ਸੰਘੋਲ ਦੀ ਖੁਦਾਈ ਤੋਂ ਮਿਲੀ ਮੋਹਰ ਉੱਤੇ ਤਕਸ਼ਿਲਾ ਲਿਖਿਆ ਮਿਲਿਆ ਹੈ ਜੋ ਇਸ ਦੀ ਪੁਸ਼ਟੀ ਕਰਦਾ ਹੈ। ਮਥੁਰਾ ਕਲਾ ਦੀਆਂ ਮੂਰਤੀਆਂ ਅਤੇ ਕੁਝ ਮੂਰਤੀਆਂ ਗੰਧਾਰ ਕਲਾ ਦੀਆਂ ਵੀ ਮਿਲਦੀਆਂ ਹਨ ਜੋ ਸੰਘੋਲ ਦੇ ਅਹਿਮ ਵਪਾਰਕ ਕੇਂਦਰ ਹੋਣ ਦਾ ਸਬੂਤ ਦਿੰਦੀਆਂ ਹਨ। ਇਸ ਤਰ੍ਹਾਂ ਸੰਘੋਲ ਤੋਂ ਗੰਗਾ ਦੇ ਮੈਦਾਨਾਂ ਅਤੇ ਤਕਸ਼ਿਲਾ ਤੱਕ ਵਪਾਰ ਹੁੰਦਾ ਸੀ। ਸੰਘੋਲ ਤੋਂ ਕੁਝ ਵਪਾਰੀਆਂ ਦੀਆਂ ਮੋਹਰਾਂ ਮਿਲੀਆਂ ਹਨ। ਦਵਿੰਦਰ ਹਾਂਡਾ ਨੇ ਆਪਣੀ ਕਿਤਾਬ ‘ਸਟੱਡੀਜ਼ ਇਨ ਐਨਸ਼ੀਅੰਟ ਕੋਇਨਜ਼’ ਵਿੱਚ ਇਨ੍ਹਾਂ ਦੇ ਨਾਮ ਬਾਲਭੱਦਰ, ਦਾਮੀਕੱਸ, ਦੇਵਦਾਸ, ਜੀਵਬੱਲ, ਸ੍ਰੀ ਬੁੱਧੀਵਾਸੁ, ਨੰਦੀਪੁਰਸ਼, ਸ੍ਰੀ ਵਿਸ਼ਨੂਦਾਸ ਅਤੇ ਗੋਕਸ਼ੂਰਕ ਦੱਸੇ ਹਨ।