ਜਸਪਾਲ ਸਿੰਘ ਮਹਿਰੋਕ
ਜਿਵੇਂ ਜਿਵੇਂ ਤਕਨੀਕੀ ਯੁੱਗ ਅੱਗੇ ਵਧ ਰਿਹਾ ਹੈ, ਉਸੇ ਤਰ੍ਹਾਂ ਇੰਟਰਨੈੱਟ ਦੀ ਦੁਨੀਆਂ ਵਿੱਚ ਵਾਧਾ ਹੋ ਰਿਹਾ ਹੈ। ਇੰਟਰਨੈੱਟ ਕਾਰਨ ਹਰ ਇਕ ਕੰਮ ਵਿੱਚ ਕਰਨ ਵਿੱਚ ਤੇਜ਼ੀ ਆ ਰਹੀ ਹੈ ਤੇ ਇਸ ਨਾਲ ਪੈਸੇ ਅਤੇ ਸਮੇਂ ਦੀ ਵੀ ਬੱਚਤ ਹੋ ਰਹੀ ਹੈ। ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਾਰਨ ਸਮਾਜ ਵਿੱਚ ਕੁਝ ਨੁਕਸਾਨ ਵੀ ਹੋ ਰਹੇ ਹਨ ਅਤੇ ਖ਼ਤਰੇ ਪੈਦਾ ਵੀ ਹੋ ਰਹੇ ਹਨ, ਜਿਨ੍ਹਾਂ ਨੂੰ ਅਜੋਕੇ ਸਮੇਂ ਵਿੱਚ ਸਾਈਬਰ ਖ਼ਤਰੇ ਵੀ ਕਿਹਾ ਜਾਂਦਾ ਹੈ। ਇਨ੍ਹਾਂ ਖ਼ਤਰਿਆਂ ਵਿੱਚ ਮਾਲਵੇਅਰ ਅਤੇ ਥੋਖਾਧੜੀ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਖ਼ਤਰਿਆਂ ਦੇ ਸਰੋਤ ਈਮੇਲ ਜਾਂ ਅਟੈਚਮੈਂਟ ਦੁਆਰਾ ਭੇਜੇ ਗਏ ਲਿੰਕ ਹੋ ਸਕਦੇ ਹਨ। ਸਾਈਬਰ ਦੇ ਅਪਰਾਧੀ ਜਾਣਕਾਰੀ ਨੂੰ ਵੇਚਣ ਲਈ ਇਸ ਦੀ ਚੋਰੀ ਕਰਦੇ ਹਨ।
ਇੰਟਰਨੈੱਟ ਦੀ ਵਧ ਰਹੀ ਵਰਤੋਂ ਅਤੇ ਇਸ ਕਾਰਨ ਪੈਦਾ ਹੋ ਰਹੇ ਸਾਈਬਰ ਖ਼ਤਰਿਆਂ ਦੇ ਨਾਲ ਹੀ ਇਹ ਵੀ ਜਾਣਨਾ ਹੋਵੇਗਾ ਇਸ ਸਾਈਬਰ ਖ਼ਤਰੇ ਕੀ ਹਨ। ਇੰਟਰਨੈਟ ਦੀ ਦੁਨੀਆ ਵਿਚ ਉਨ੍ਹਾਂ ਸਾਰੀਆਂ ਕੋਸ਼ਿਸ਼ਾਂ ਨੂੰ ਸਾਈਬਰ ਖ਼ਤਰੇ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ ਜਿਨ੍ਹਾਂ ਦੀ ਮਦਦ ਨਾਲ ਆਨਲਾਈਨ ਕੰਪਿਊਟਰ ਨੈੱਟਵਰਕ ਅਤੇ ਕੰਪਿਊਟਰ ਸਬੰਧਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਹਰ ਰੋਜ਼ ਆਨਲਾਈਨ ਤਕਨੀਕਾਂ ਦੇ ਬਦਲਵੇਂ ਰੂਪ ਅਤੇ ਇਨ੍ਹਾਂ ਦੀ ਵਰਤੋਂ ਕਾਰਨ ਸਾਈਬਰ ਖ਼ਤਰੇ ਕਈ ਤਰ੍ਹਾਂ ਦੇ ਰੂਪ ਧਾਰ ਲੈਂਦੇ ਹਨ। ਸਾਈਬਰ ਕਰਾਈਮ ਅਜਿਹਾ ਅਪਰਾਧ ਹੈ, ਜਿਸ ਵਿੱਚ ਕੰਪਿਊਟਰ ਅਤੇ ਨੈਟਵਰਕ ਦੀ ਵਰਤੋਂ ਅਪਰਾਧ ਕਰਨ ਲਈ ਕੀਤੀ ਜਾਂਦੀ ਹੈ। ਆਮ ਤੌਰ ‘ਤੇ ਇੰਟਰਨੈਟ ਰਾਹੀਂ ਕੰਪਿਊਟਰ ਦੀ ਵਰਤੋਂ ਧੋਖਾਧੜੀ ਕਰਨ ਲਈ ਕੀਤੀ ਜਾਂਦੀ ਹੈ ਪਰ ਬਹੁਤ ਸਾਰੇ ਮਾਮਲਿਆਂ ਵਿੱਚ ਇਹ ਖੁਦ ਵੀ ਅਪਰਾਧ ਦਾ ਨਿਸ਼ਾਨਾ ਬਣ ਸਕਦਾ ਹੈ। ਸਾਇਬਰ ਕਰਾਇਮ ਕਿਸੇ ਵਿਅਕਤੀ ਜਾਂ ਦੇਸ਼ ਦੀ ਸੁਰੱਖਿਆ ਅਤੇ ਵਿੱਤੀ ਸਿਹਤ ਨੂੰ ਖ਼ਤਰੇ ਵਿਚ ਪਾ ਸਕਦਾ ਹੈ। ਸਾਈਬਰ ਕਰਾਈਮ ਇਕ ਗੈਰਕਾਨੂੰਨੀ ਕਾਰਵਾਈ ਹੁੰਦੀ ਹੈ ਜਿਸ ਵਿੱਚ ਅਪਰਾਧ ਕਰਨ ਲਈ ਕੰਪਿਊਟਰ ਨੂੰ ਜਾਂ ਤਾਂ ਟਿਕ ਟੂਲ ਵਜੋਂ ਜਾਂ ਇੱਕ ਨਿਸ਼ਾਨੀ ਵਜੋਂ ਜਾਂ ਦੋਨੋਂ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ। ਸਾਈਬਰ ਅਪਰਾਧਾਂ ਵਿੱਚ ਅਪਰਾਧਿਕ ਗਤੀਵਿਧੀਆਂ ਸ਼ਾਮਲ ਹੋ ਸਕਦੀਆਂ ਹਨ, ਜਿਵੇਂ ਕਿ ਡੇਟਾ ਦੀ ਚੋਰੀ, ਧੋਖਾਧੜੀ, ਮਾਣਹਾਨੀ ਅਤੇ ਜਾਂ ਫਿਰ ਕੋਈ ਸ਼ਰਾਰਤ ਆਦਿ। ਅੱਜ ਦੀ ਆਧੁਨਿਕ ਤਕਨਾਲੋਜੀ ਵਿੱਚ ਇੰਟਰਨੈਟ ਰਾਹੀਂ ਸਾਈਬਰ ਖ਼ਤਰੇ ਜਾਂ ਹਮਲੇ ਜਿਵੇਂ ਸਟਾਕਿੰਗ, ਪਾਇਰੇਸੀ, ਫਿਸ਼ਿੰਗ, ਹੈਕਿੰਗ, ਸਪੈਮਿੰਗ, ਈਮੇਲ ਸਪੂਫਿੰਗ, ਇੰਟਰਨੈੱਟ ਟਾਈਮ ਥੈਪਟ, ਸੈਮੀ ਅਟੈਕ, ਡੇਟਾ ਡਿਡਲਿੰਗ ਆਦਿ ਦੀ ਆਮ ਵਰਤੋਂ ਹੈਕਰ ਕਰ ਰਹੇ ਹਨ। ਕੁਝ ਹੋਰ ਖ਼ਤਰੇ ਇਸ ਪ੍ਰਕਾਰ ਹਨ:
ਵਾਇਰਸ: ਕੰਪਿਊਟਰ ਵਾਇਰਸ ਇਕ ਪ੍ਰੋਗਰਾਮ ਹੁੰਦਾ ਹੈ ਜੋ ਹਾਰਡਵੇਅਰ ਅਤੇ ਡੇਟਾ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਸਪਾਈਵੇਅਰ: ਇਹ ਵੀ ਖਤਰਨਾਕ ਪ੍ਰੋਗਰਾਮ ਹੈ। ਜਦੋਂ ਇਹ ਸਾਡੀ ਡਿਵਾਈਸ ਵਿੱਚ ਦਾਖਲ ਹੋ ਜਾਂਦਾ ਹੈ, ਤਾਂ ਇਹ ਸਾਡੀ ਜਾਣਕਾਰੀ ਤੋਂ ਬਿਨਾਂ ਸੂਚਨਾਵਾਂ ਇਕੱਠਿਆਂ ਕਰਨਾ ਸ਼ੁਰੂ ਕਰ ਦਿੰਦਾ ਹੈ।
ਟਰੋਜਨ ਹਾਰਸ: ਇਸ ਨੂੰ ਅਕਸਰ ਟਰੋਜਨ ਕੀ ਕਿਹਾ ਜਾਂਦਾ ਹੈ। ਇਹ ਇੱਕ ਕਿਸਮ ਦਾ ਮਾਲਵੇਅਰ ਹੈ, ਜੋ ਯੂਜ਼ਰ ਦੇ ਕੰਪਿਊਟਰ ਨੂੰ ਅਣ-ਅਧਿਕਾਰਤ ਰਿਮੋਟ ਐਕਸੈਸ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੁੰਦਾ ਹੈ।
ਇੰਟਰਨੈੱਟ ਦੇ ਖ਼ਤਰੇ ਤੋਂ ਬਚਣ ਲਈ ਸਾਨੂੰ ਇੰਟਰਨੈੱਟ ਸੁਰੱਖਿਆ ਦੀ ਪਾਲਣਾ ੀ ਚਾਹੀਦੀ ਹੈ। ਇੰਟਰਨੈੱਟ ਖ਼ਤਰੇ ਦੀ ਰੋਕਥਾਮ ਲਈ ਸਾਨੂੰ ਕੰਪਿਊਟਰ ਵਾਇਰਸ ਰੋਕਣ ਲਈ ਵਧੀਆ ਐਂਟੀ ਵਾਇਰਸ ਵਰਤਣੇ ਚਾਹੀਦੇ ਹਨ, ਜਿਵੇਂ ਆਵੀਰਾ, ਕਾਸਪਰਸਕਾਈ, ਅਵਾਸਟ, ਮੈਕੈਫੀ, ਨੌਰਟਨ ਆਦਿ। ਇਸ ਤੋਂ ਇਲਾਵਾ ਐਂਟੀ ਸਪਾਈਵੇਅਰ ਇਕ ਅਜਿਹਾ ਸਾਫਟਵੇਅਰ ਹੈ ਜੋ ਅਣਚਾਹੇ ਸਪਾਈਵੇਅਰ ਪ੍ਰੋਗਰਾਮਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਖਤਮ ਕਰਨ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ। ਫਿਸ਼ਿੰਗ ਘੁਟਾਲੇ ਦੀ ਰੋਕਥਾਮ ਲਈ ਈਮੇਲ ਰਾਹੀਂ ਆਏ ਲਿੰਕ ਨਹੀਂ ਖੋਲ੍ਹਣੇ ਚਾਹੀਦੇ, ਸਿਰਫ ਆਫਿਸ਼ਲ ਵੈਬਸਾਈਟ (official website) ਵਿੱਚ ਹੀ ਲੌਗਇਨ ਕਰਨਾ ਚਾਹੀਦਾ ਹੈ।
ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਨੂੰ ਅਪਰਾਧਾਂ ਦੀ ਰੋਕਥਾਮ ਲਈ ਕੁਝ ਬੁਨਿਆਦੀ ਉਪਾਅ ਵੀ ਕਰਨੇ ਚਾਹੀਦੇ ਹਨ, ਜਿਵੇਂ ਯੂਜ਼ਰ ਨੂੰ ਪੂਰੇ ਇੰਟਰਨੈੱਟ ਸੁਰੱਖਿਆ ਸੂਟ ਦੀ ਵਰਤੋਂ ਕਰਨੀ ਚਾਹੀਦੀ ਹੈ। ਯੂਜ਼ਰ ਨੂੰ ਵੱਖ ਵੱਖ ਵੈੱਬਸਾਈਟਾਂ ਲਈ ਮਜ਼ਬੂਤ ਪਾਸਵਰਡਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਆਪਣੇ ਕੰਪਿਊਟਰ ਸਾਫਟਵੇਰ ਨੂੰ ਅੱਪਡੇਟ ਰੱਖਣਾ ਚਾਹੀਦਾ ਹੈ। ਆਪਣੀ ਨਿੱਜੀ ਅਤੇ ਗੁਪਤ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਹੈ। ਮੈਸਿਜ ਰਾਹੀਂ ਅਤੇ ਈਮੇਲ ਰਾਹੀਂ ਪ੍ਰਾਪਤ ਕੀਤੇ ਲਿੰਕਸ ਨੂੰ ਬਿਨਾਂ ਸੋਚੇ ਸਮਝੇ ਖੋਲ੍ਹਣਾ ਨਹੀਂ ਚਾਹੀਦਾ। ਜੇ ਤੁਸੀਂ ਸਾਇਬਰ ਕਰਾਇਮ ਦਾ ਸ਼ਿਕਾਰ ਹੋ ਗਏ ਹੋ ਤਾਂ ਤੁਹਾਨੂੰ ਨੇੜਲੇ ਪੁਲੀਸ ਸਟੇਸ਼ਨ ਵਿਚ ਇਸ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ।
ਸੰਪਰਕ: 62843-47188