ਨਵਜੋਤ
ਨੈੱਟਵਰਕ ਮਾਰਕੀਟਿੰਗ ਕੰਪਨੀ ‘ਐਮਵੇ’ ਦੇ ਭਾਰਤ ਵਿਚਲੇ ਅਸਾਸੇ ਜ਼ਬਤ ਹੋਣ ਤੋਂ ਬਾਅਦ ਨੈੱਟਵਰਕ ਮਾਰਕੀਟਿੰਗ ਦੇ ਕਾਨੂੰਨੀ, ਗੈਰ-ਕਾਨੂੰਨੀ ਹੋਣ, ਇਨ੍ਹਾਂ ਦੇ ਕਾਰੋਬਾਰੀ ਮਾਡਲ ਆਦਿ ਉੱਤੇ ਚਰਚਾ, ਖਾਸਕਰ ਸੋਸ਼ਲ ਮੀਡੀਆ ਉੱਤੇ ਛਿੜੀ ਹੋਈ ਹੈ। ਹਰਬਲਲਾਈਫ, ਓਰੀਫਲੇਮ, ਫੌਰੈਵਰ ਲਿਵਿੰਗ, ਏਵੋਨ, ਟੱਪਰਵੇਅਰ ਇੰਡੀਆ, ਟੀਅਨਸ, ਬਾਇਓਸੈਸ਼, 4 ਲਾਈਫ, ਆਰਸੀਐੱਮ ਲਿਮੇਟਿਡ, ਇਜ਼ੀਵੇਅਜ਼ ਆਦਿ ਕੁਝ ਹੋਰ ਨੈੱਟਵਰਕ ਮਾਰਕੀਟਿੰਗ ਕੰਪਨੀਆਂ ਹਨ ਜੋ ਐਮਵੇ ਸਮੇਤ ਭਾਰਤ ਵਿਚ ਕਾਰਜ਼ਸ਼ੀਲ ਹਨ। ਭਾਰਤ ਅੰਦਰ ਆਪਣਾ ਕਾਰੋਬਾਰ ਕਰਦੀਆਂ ਕੁੱਲ ਨੈੱਟਵਰਕ ਮਾਰਕੀਟਿੰਗ ਕੰਪਨੀਆਂ ਵਿਚੋਂ ਕੁਝ ਤਾਂ ਸਿਰਫ ਨੈੱਟਵਰਕ ਮਾਰਕੀਟਿੰਗ ਰਾਹੀਂ ਹੀ ਆਪਣੀਆਂ ਜਿਣਸਾਂ ਆਦਿ ਵੇਚਦੀਆਂ ਹਨ ਜਦਕਿ ਕੁਝ ਇਸ ਢੰਗ ਦੇ ਨਾਲੋ-ਨਾਲ ਵਿਕਰੀ ਦੇ ਹੋਰ ਤਰੀਕੇ ਵੀ ਇਸਤੇਮਾਲ ਕਰਦੀਆਂ ਹਨ। ਵਿੱਤੀ ਵਰ੍ਹੇ 2019-20 ਵਿਚ ਇਨ੍ਹਾਂ ਨੈੱਟਵਰਕ ਕੰਪਨੀਆਂ ਦੀ ਭਾਰਤ ਅੰਦਰ ਕੁੱਲ ਵਿਕਰੀ 16000 ਕਰੋੜ ਰੁਪਏ ਸੀ ਜੋ ਵੱਖੋ-ਵੱਖਰੇ ਅਨੁਮਾਨਾਂ ਅਨੁਸਾਰ 2025 ਤੱਕ ਵਧਕੇ 50-65 ਹਜ਼ਾਰ ਕਰੋੜ ਰੁਪਏ ਤੱਕ ਅੱਪੜ ਸਕਦੀ ਹੈ। ਇਨ੍ਹਾਂ ਕੰਪਨੀਆਂ ਤੋਂ ਹੀ ਪ੍ਰਾਪਤ ਅੰਕੜਿਆਂ ਅਨੁਸਾਰ 60 ਲੱਖ ਤੋਂ ਵੀ ਵੱਧ ਲੋਕ ਇਨ੍ਹਾਂ ਦੇ ਵੰਡਾਵਿਆਂ (ਸੇਲਜ਼ਮੈਨ) ਦੇ ਤੌਰ ਉੱਤੇ ਕੰਮ ਕਰਦੇ ਹਨ ਜਾਣੀ ਨਿੱਜੀ ਤੌਰ ’ਤੇ (ਦੁਕਾਨ ਆਦਿ ਖੋਲ੍ਹ ਕੇ ਨਹੀਂ) ਇਨ੍ਹਾਂ ਕੰਪਨੀਆਂ ਦੀਆਂ ਜਿਣਸਾਂ ਵੇਚਦੇ ਹਨ।
ਨੈੱਟਵਰਕ ਮਾਰਕੀਟਿੰਗ ਕੰਪਨੀਆਂ ਦਾ ਮਾਡਲ: ਐਮਵੇ ਜਿਹੀਆਂ ਨੈੱਟਵਰਕ ਮਾਰਕੀਟਿੰਗ ਕੰਪਨੀਆਂ ਬਹੁ-ਪੱਧਰੀ ਮਾਰਕੀਟਿੰਗ ਜਾਂ ‘ਪਿਰਾਮਿਡ’ ਕਾਰੋਬਾਰੀ ਮਾਡਲ ਉੱਤੇ ਚਲਦੀਆਂ ਹਨ। ਅਜਿਹੀਆਂ ਕੰਪਨੀਆਂ ਲੋਕਾਂ ਨੂੰ ਇਹ ਝੂਠਾ ਸੁਪਨਾ ਦਿਖਾਉਂਦੀਆਂ ਹਨ ਕਿ ਕੋਈ ਵੀ ਇਨ੍ਹਾਂ ਕੰਪਨੀਆਂ ਦਾ ਮੈਂਬਰ ਬਣ ਕੇ ਜਿਣਸਾਂ (ਕੰਪਨੀ ਦੀਆਂ) ਤੇ ਹੋਰ ਮੈਂਬਰ ਭਰਤੀ ਕਰਵਾ ਕੇ ਸੁਪਰ ਅਮੀਰ ਬਣ ਸਕਦਾ ਹੈ ਜੋ ਅੱਜ ਤੋਂ ਕੁਝ ਹੀ ਸਾਲਾਂ ਬਾਅਦ ਮਹਿੰਗੀਆਂ ਗੱਡੀਆਂ ਵਿਚ ਸਫਰ ਕਰ ਸਕੇਗਾ, ਆਲੀਸ਼ਾਨ ਰੈਸਟੋਰੈਂਟ ਵਿਚ ਖਾਣਾ ਖਾਏਗਾ, 5 ਤਾਰਾ ਹੋਟਲ ਵਿਚ ਰਾਤਾਂ ਕੱਟੇਗਾ ਆਦਿ ਆਦਿ। ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮਾਂ ਰਾਹੀਂ ਅਜਿਹੀ ਜ਼ਿੰਦਗੀ ਦਾ ਸੁਪਨਾ ਆਪਣੀ ਹੁਣ ਦੀ ਹਾਲਤ ਤੇ ਗਰੀਬੀ ਨਾਲ਼ ਨਫਰਤ, ਗਰੀਬੀ ਤੋਂ ਅਮੀਰੀ ਤੱਕ ਦੇ ਜਾਂਦੇ ਰਾਹ ਬਾਰੇ ਗੱਲਾਂ ਆਪਣੇ ਮੈਂਬਰਾਂ ਤੇ ਸੰਭਾਵੀ ਮੈਂਬਰਾਂ ਦੇ ਦਿਮਾਗਾਂ ਵਿਚ ਫਿੱਟ ਕੀਤੀਆਂ ਜਾਂਦੀਆਂ ਹਨ। ਖੈਰ, ਇੱਕ ਵਾਰ ਇਨ੍ਹਾਂ ਕੰਪਨੀਆਂ ਦੇ ਝਾਂਸੇ ਵਿਚ ਆ ਜਾਣ ਤੋਂ ਬਾਅਦ ਤੁਹਾਨੂੰ ਇਨ੍ਹਾਂ ਦੀ ਮੈਂਬਰਸ਼ਿਪ ਲੈਣ ਲਈ ਮੋਟੀ ‘ਦਾਖਲਾ’ ਫੀਸ ਭਰਨੀ ਪੈਂਦੀ ਹੈ ਜਿਸ ਵਿਚੋਂ ਇੱਕ ਹਿੱਸਾ ਸਿਰਫ ਰਜਿਸਟਰੇਸ਼ਨ ਫੀਸ ਹੁੰਦੀ ਹੈ ਤੇ ਦੂਜੇ ਹਿੱਸੇ ਬਦਲੇ ਤੁਹਾਨੂੰ ਕੰਪਨੀ ਦੀਆਂ ਜਿਣਸਾਂ ਪ੍ਰਿੰਟ ਕੀਮਤ ਤੋਂ ਕੁਝ ਘੱਟ ਕੀਮਤ ’ਤੇ ਮਿਲਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਪ੍ਰਿੰਟ ਕੀਮਤ ’ਤੇ ਵੇਚ ਕੇ ਕੁਝ ਮੁਨਾਫਾ ਖੱਟ ਸਕਦੇ ਹੋ। ਜਿੰਨੀਆਂ ਵਧੇਰੇ ਜਿਣਸਾਂ ਤੁਸੀਂ ਵੇਚੋਗੇ, ਓਨਾ ਵਧੇਰੇ ਮੁਨਾਫਾ ਤੁਹਾਨੂੰ ਹਾਸਲ ਹੋਵੇਗਾ ਜਿਸ ਲਈ ਤੁਸੀਂ ਵਾਰ ਵਾਰ ਕੰਪਨੀ ਦੀਆਂ ਜਿਣਸਾਂ ਦੀ ਖਰੀਦਦਾਰੀ ਕਰਦੇ ਰਹੋਗੇ। ਜਿਣਸਾਂ ਦੀ ਖਾਸ ਕੀਮਤ ਤੱਕ ਦੀ ਵਿਕਰੀ ਮਗਰੋਂ ਕੁਝ ਕਮਿਸ਼ਨ ਵੀ ਕੰਪਨੀ ਵੱਲੋਂ ਦਿੱਤਾ ਜਾਂਦਾ ਹੈ। ਇੱਥੇ ਇਹ ਸਾਫ ਹੀ ਹੈ ਕਿ ਮੈਂਬਰ ਇੱਕ ਆਮ ਕੰਪਨੀ ਦੇ ਸੇਲਜ਼ਮੈਨ ਤੋਂ ਵੱਧ ਕੁਝ ਨਹੀਂ ਤੇ ਅੱਜ ਜਿੱਥੇ ਮੋਰ, ਰਿਲਾਇੰਸ ਫ੍ਰੈਸ਼, ਡੀ-ਮਾਰਟ ਤੇ ਆਨਲਾਈਨ ਸਟੋਰ ਜਿਵੇਂ ਐਮਾਜ਼ੋਨ, ਫਲਿਪਕਾਰਟ ਆਦਿ ਅੱਗੇ ਛੋਟੇ-ਵੱਡੇ ਦੁਕਾਨਦਾਰਾਂ ਦਾ ਵੀ ਉਜਾੜਾ ਹੋ ਰਿਹਾ ਹੈ, ਓਥੇ ਇੱਕ ਇਕੱਲੇ ਬੰਦੇ ਲਈ ਇੰਝ ਕਿਸੇ ਕੰਪਨੀ ਦੀਆਂ ਜਿਣਸਾਂ ਵੇਚਣ ਰਾਹੀਂ ਸੁਪਰ ਅਮੀਰ ਬਣਾਉਣਾ ਤਾਂ ਕੀ, ਆਪਣੀ ਰੋਜ਼ੀ-ਰੋਟੀ ਚਲਾਉਣਾ ਵੀ ਸੰਭਵ ਨਹੀਂ। ਇਸ ਮਾਮਲੇ ਵਿਚ ਲੋਕਾਂ ਨੂੰ ਆਪਣੇ ਮੈਂਬਰ ਬਣਨ ’ਤੇ ਰਾਜ਼ੀ ਕਰਨ ਲਈ ਇਹ ਕੰਪਨੀਆਂ ਉਨ੍ਹਾਂ ਅੱਗੇ ਆਪਣਾ ਬਹੁ-ਪੱਧਰੀ ਮਾਰਕਿਟਿੰਗ ਜਾਂ ‘ਪਿਰਾਮਿਡ’ ਮਾਡਲ ਪੇਸ਼ ਕਰਦੀਆਂ ਹਨ ਜਿਸ ਅਨੁਸਾਰ ਅਮੀਰ ਬਣਨ ਦਾ ਅਸਲ ਤਰੀਕਾ ਖੁਦ ਜਿਣਸਾਂ ਵੇਚਣਾ ਨਹੀਂ ਸਗੋਂ ਹੋਰਾਂ ਨੂੰ ਮੈਂਬਰ ਬਣਾ ਕੇ ਆਪਣੇ ਹੇਠ ‘ਡਾਊਨਲਾਈਨ’ ਜਾਂ ਲੋਕਾਂ ਦੇ ਸਮੂਹ ਦੀ ਭਰਤੀ ਕਰਨਾ ਹੈ ਜੋ ਅੱਗੇ ਜਿਣਸਾਂ ਵੇਚਣ ਤੇ ਹੋਰ ਲੋਕਾਂ ਨੂੰ ਭਰਤੀ ਕਰਨ। ਬਹੁਤੀਆਂ ਨੈੱਟਵਰਕ ਮਾਰਕਿੰਟਗ ਕੰਪਨੀਆਂ ਵਿਚ ਬੋਨਸ, ਕਮਿਸ਼ਨ ਆਦਿ ਤੁਹਾਡੇ ਹੇਠ ਸਥਾਪਤ ਕੁੱਲ ਨੈੱਟਵਰਕ (ਤੁਹਾਡੇ ਵੱਲੋਂ ਭਰਤੀ ਕੀਤੇ ਮੈਂਬਰਾਂ ਤੇ ਅੱਗੇ ਉਨ੍ਹਾਂ ਮੈਂਬਰਾਂ ਵੱਲੋਂ ਭਰਤੀ ਕੀਤੇ ਹੋਰ ਮੈਂਬਰਾਂ ਆਦਿ ਨਾਲ਼ ਇੱਕ ਪਿਰਾਮਿਡ ਬਣਦਾ ਹੈ) ਵੱਲੋਂ ਖਰੀਦੀਆਂ ਤੇ ਵੇਚੀਆਂ ਕੁੱਲ ਜਿਣਸਾਂ ਨਵੇਂ ਮੈਂਬਰਾਂ ਦੀ ਭਰਤੀ ਉੱਤੇ ਨਿਰਭਰ ਕਰਦੇ ਹਨ। ਇਸ ਸਾਰੇ (ਬੋਨਸ, ਕਮਿਸ਼ਨ) ਆਦਿ ਦੇ ਲਾਲਚ ਰਾਹੀਂ ਇੱਕ ਤਾਂ ਕੰਪਨੀਆਂ ਪਹਿਲਾਂ ਹੀ ਜਿਣਸਾਂ ਨਾਲ਼ ਨੱਕੋ-ਨੱਕ ਭਰੀ ਮੰਡੀ ਵਿਚ ਆਪਣੀਆਂ ਜਿਣਸਾਂ ਨੂੰ ਖਪਾਉਣ ਦੀ ਕੋਸ਼ਿਸ਼ ਕਰਦੀਆਂ ਹਨ ਤੇ ਨਾਲ ਹੀ ਇਸ਼ਤਿਹਾਰ ਆਦਿ ਉੱਤੋਂ ਵੀ ਪੈਸੇ ਬਚਾਉਂਦੀਆਂ ਹਨ ਕਿਉਂ ਜੋ ਮੈਂਬਰ ਹੀ ਨਵੇਂ ਮੈਂਬਰਾਂ ਨੂੰ ਭਰਤੀ ਕਰਨ ਲਈ ਇਸ਼ਤਿਹਾਰ ਦਾ ਕੰਮ ਆਪ-ਮੁਹਾਰੇ ਕਰਦੇ ਹਨ। ਅਮਰੀਕਾ ਵਿਚ ਇਨ੍ਹਾਂ ਨੈੱਟਵਰਕ ਕੰਪਨੀਆਂ ਦੇ ਕੀਤੇ ਸਰਵੇਖਣ ਮੁਤਾਬਕ 99 ਫੀਸਦੀ ਮੈਂਬਰਾਂ ਨੂੰ ਤਾਂ ਕੋਈ ਮੁਨਾਫਾ ਨਹੀਂ ਹੁੰਦਾ ਸਗੋਂ ਬਹੁਤਿਆਂ ਨੂੰ ਆਪਣੇ ਸ਼ੁਰੂਆਤੀ ਨਿਵੇਸ਼ ਉੱਤੇ ਨੁਕਸਾਨ ਹੀ ਝੱਲਣਾ ਪੈਂਦਾ ਹੈ। ਸਿਰਫ 1 ਫੀਸਦੀ ਨੂੰ ਮੁਨਾਫਾ ਹੁੰਦਾ ਹੈ ਤੇ ਉਨ੍ਹਾਂ ਵਿਚੋਂ ਵੀ ਬਹੁਤ ਥੋੜ੍ਹਾ ਹਿੱਸਾ ਹੀ ਗਿਣਨਯੋਗ ਮੁਨਾਫੇ ਕਮਾਉਂਦਾ ਹੈ।
ਜਿਹੜੀਆਂ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਕੰਪਨੀਆਂ ਬਾਰੇ ਚਰਚਾਵਾਂ ਚੱਲ ਰਹੀਆਂ ਹਨ, ਉਹ ਬਹੁਤਾ ਕਰਕੇ ਇਨ੍ਹਾਂ ਕੰਪਨੀਆਂ ਤੇ ਸਰਮਾਏਦਾਰਾ ਪ੍ਰਬੰਧ ਵਿਚ ਕੰਮ ਕਰ ਰਹੀਆਂ ਬਾਕੀ ਕੰਪਨੀਆਂ ਦੇ ਫਰਕ ਉੱਤੇ ਹੀ ਜ਼ੋਰ ਦੇ ਰਹੀਆਂ ਹਨ। ਜੇ ਤੱਤ ਵਜੋਂ ਦੇਖਿਆ ਜਾਵੇ ਤਾਂ ਇਨ੍ਹਾਂ ਨੈੱਟਵਰਕ ਕੰਪਨੀਆਂ ਤੇ ਬਾਕੀ ਕੰਪਨੀਆਂ ਵਿਚ ਕੋਈ ਬਹੁਤਾ ਫਰਕ ਨਹੀਂ ਹੈ। ਨੈੱਟਵਰਕ ਕੰਪਨੀਆਂ ਵੀ ਆਪਣੇ ਮੁਨਾਫੇ ਲਈ ਅੰਤਮ ਤੌਰ ’ਤੇ ਇਨ੍ਹਾਂ ਕੰਪਨੀਆਂ ਦੀਆਂ ਜਿਣਸਾਂ ਪੈਦਾ ਕਰਨ ਤੇ ਉਨ੍ਹਾਂ ਦੀ ਢੋਆ-ਢੁਆਈ ਕਰਨ ਵਾਲੇ ਮਜ਼ਦੂਰਾਂ ਦੀ ਲੁੱਟ ਉੱਤੇ ਹੀ ਨਿਰਭਰ ਕਰਦੀਆਂ ਹਨ, ਬਸ ਇਨ੍ਹਾਂ ਮੁਨਾਫਿਆਂ ਨੂੰ ਹਾਸਲ ਕਰਨ (ਮੰਡੀ ਵਿਚ ਜਿਣਸਾਂ ਵੇਚਣ ਰਾਹੀਂ) ਦਾ ਢੰਗ ਥੋੜ੍ਹਾ ਵੱਖਰਾ ਹੈ। ਇਨ੍ਹਾਂ ਨੈੱਟਵਰਕ ਕੰਪਨੀਆਂ ਦੇ ਵੀ ਮਾਲਕ ਦੇ ਗਿਣਵੇਂ ਉੱਚ ਅਹੁਦੇਦਾਰ ਮੁਨਾਫਿਆਂ ਦਾ ਵੱਡਾ ਹਿੱਸਾ ਹੜੱਪ ਜਾਂਦੇ ਹਨ ਤੇ ਹੇਠਲੇ ਮੁਲਾਜ਼ਮਾਂ ਨੂੰ ਕਦੇ ਕਦੇ ਇੱਕ-ਅੱਧੀ ਬੁਰਕੀ ਸੁੱਟ ਕੇ ਸੰਤੁਸ਼ਟ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਇਹ ਤੱਤ ਵਿਚ ਕਿਸੇ ਵੀ ਤਰ੍ਹਾਂ ਬਾਕੀ ਕੰਪਨੀਆਂ ਤੋਂ ਵੱਖ ਨਹੀਂ ਹੈ।
ਮਾਨਸਿਕ ਤਣਾਅ, ਬੇਗਾਨਗੀ: ‘ਐਮਵੇ’ ਜਿਹੀਆਂ ਨੈੱਟਵਰਕ ਮਾਰਕਿਟਿੰਗ ਕੰਪਨੀਆਂ ਉੱਪਰ ਇਹ ਦੋਸ਼ ਲਗਦਾ ਹੈ ਕਿ ਇਹ ਆਪਣੇ ਮੈਂਬਰਾਂ ਵਿਚ ਇਹ ਝੂਠਾ ਪ੍ਰਚਾਰ ਕਰਦੀਆਂ ਹਨ ਕਿ ਕੋਈ ਵੀ ਮੈਂਬਰ ਬਸ ਆਪਣੀ ਮਿਹਨਤ ਦੇ ਸਿਰ ਉੱਤੇ ਅਮੀਰ ਬਣ ਸਕਦਾ ਹੈ ਜਦਕਿ ਅਜਿਹਾ ਇਸ ਕਾਰੋਬਾਰ ਵਿਚ ਸੰਭਵ ਹੀ ਨਹੀਂ ਹੈ ਅਤੇ ਮੁੜ ਕੇ ਇਹ ਕੰਪਨੀਆਂ ਕਿਸੇ ਮੈਂਬਰ ਦੇ ਅਸਫਲ ਹੋਣ ਦਾ ਦੋਸ਼ ਉਸ ਦੇ ਆਲਸੀਪੁਣੇ ਆਦਿ ਸਿਰ ਭੰਨਦੀਆਂ ਹਨ। ਇਨ੍ਹਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਕੰਪਨੀਆਂ ਦੇ ਪ੍ਰਚਾਰ ਦੇ ਪ੍ਰਭਾਵ ਹੇਠ ਇਨ੍ਹਾਂ ਦੇ ਮੈਂਬਰਾਂ ਲਈ ਆਪਣੇ ਮਾਂ-ਪਿਉ, ਦੋਸਤ-ਮਿੱਤਰ, ਰਿਸ਼ਤੇਦਾਰ ਹੀ ਜਿਣਸਾਂ ਦੇ ਸੰਭਾਵੀ ਖਰੀਦਦਾਰ ਤੇ ਭਵਿੱਖ ਦੇ ਮੈਂਬਰ ਬਣ ਕੇ ਰਹਿ ਜਾਂਦੇ ਹਨ। ਇਸ ਨਾਲ ਅੱਜ ਦੇ ਸਮਾਜ ਵਿਚ ਪਹਿਲਾਂ ਤੋਂ ਹੀ ਸੌੜੇ ਹੋਏ ਮਨੁੱਖੀ ਰਿਸ਼ਤਿਆਂ ਦੇ ਘੇਰੇ ਹੋਰ ਸੁੰਗੜਦੇ ਹਨ। ਕੁੱਲ ਮਿਲਾ ਕੇ ਇਨ੍ਹਾਂ ਕੰਪਨੀਆਂ ਨਾਲ ਜੁੜੇ ਮੈਂਬਰਾਂ ਵਿਚ ਵਧੇਰੇ ਬੇਗਾਨਗੀ, ਮਾਨਸਿਕ ਰੋਗਾਂ ਆਦਿ ਨੂੰ ਜਨਮ ਦਿੰਦਾ ਹੈ। ਇਹ ਦੋਸ਼ ਸਹੀ ਹਨ ਪਰ ਇਸ ਦੇ ਅਲੋਚਕ ਇਨ੍ਹਾਂ ਦੋਸ਼ਾਂ ਨੂੰ ਖਾਸ ਤਰ੍ਹਾਂ ਦੇ ਕਾਰੋਬਾਰੀ ਮਾਡਲ ਤੱਕ ਹੀ ਸੀਮਤ ਕਰ ਦਿੰਦੇ ਹਨ ਜਦਕਿ ਇਹ ਸਮੱਸਿਆਵਾਂ ਕੁੱਲ ਸਰਮਾਏਦਾਰਾ ਸਮਾਜ ਵਿਚ ਹੀ ਵਜੂਦ ਸਮੋਈਆਂ ਹਨ, ਬੱਸ ਇਨ੍ਹਾਂ ਮਾਰਕਿਟਿੰਗ ਕੰਪਨੀਆਂ ਦੇ ਪ੍ਰਚਾਰ ਵਿਚ ਇਹ ਜ਼ਿਆਦਾ ਸੰਘਣੇ ਰੂਪ ਵਿਚ ਸਾਹਮਣੇ ਆਉਂਦੀਆਂ ਹਨ। ਹੁਣ ਇਸ ਢਾਂਚੇ ਦੇ ਵਿਚਾਰਵਾਨ ਵੀ ਤਾਂ ਬਿਲਕੁਲ ਇਨ੍ਹਾਂ ਨੈੱਟਵਰਕ ਕੰਪਨੀਆਂ ਵਾਂਗ ਗਰੀਬੀ, ਬੇਰੁਜ਼ਗਾਰੀ ਲਈ ਖੁਦ ਗਰੀਬਾਂ ਤੇ ਬੇਰੁਜ਼ਗਾਰਾਂ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ ਜਦਕਿ ਗਰੀਬੀ ਬੇਰੁਜ਼ਗਾਰੀ ਸਰਮਾਏਦਾਰਾ ਢਾਂਚੇ ਦੇ ਲਾਜ਼ਮੀ ਅੰਗ ਹਨ। ਇਸ ਢਾਂਚੇ ਦੇ ਵਿਚਾਰਵਾਨ ਨੈੱਟਵਰਕ ਕੰਪਨੀਆਂ ਦੇ ਪ੍ਰਚਾਰਕਾਂ ਵਾਂਗ ਕਿਰਤ ਕਰਨ, ਮਜ਼ਦੂਰ ਹੋਣ ਨੂੰ ਨਫਰਤ ਨਾਲ ਦੇਖਦੇ ਹਨ ਜਦਕਿ ਕਿਰਤੀ ਲੋਕ ਹੀ ਕੁੱਲ ਸਮਾਜਿਕ ਧਨ ਦੇ ਸਿਰਜਣਹਾਰ ਹੁੰਦੇ ਹਨ।
ਇਹ ਢਾਂਚਾ ਜੋ ਖੁਦ ਮੁਨਾਫੇ ਉੱਤੇ ਟਿਕਿਆ ਹੋਇਆ ਤੇ ਜੋ ਆਪਣੇ ਨਾਲ ਦੇ ਨੂੰ ਦਰੜ ਕੇ ਸਮਾਜ ਵਿਚ ‘ਤਰੱਕੀ’ ਦੀ ਪੌੜੀ ਚੜ੍ਹਨ ਉੱਤੇ ਟਿਕਿਆ ਹੈ, ਖੁਦ ਹੀ ਸਭ ਰਿਸ਼ਤਿਆਂ ਨੂੰ ਪੈਸੇ-ਟਕੇ, ਮਤਲਬ ਦੇ ਰਿਸ਼ਤਿਆਂ ਵਿਚ ਤਬਦੀਲ ਕਰਨ ਦੇ ਕਾਰਜ ਵਿਚ ਰੁੱਝਿਆ ਰਹਿੰਦਾ ਹੈ। ਸਰਮਾਏਦਾਰੀ ਦੇ ਵਿਚਾਰਵਾਨ ਵੀ ਹਰ ਰਿਸ਼ਤੇ ਨੂੰ ਨਫੇ-ਨੁਕਸਾਨ ਨਾਲ ਮਾਪਣ ਦੀ ਸਿੱਖਿਆ ਦਿੰਦੇ ਹਨ ਤੇ ਬਚਪਨ ਤੋਂ ਹੀ ਬੱਚੇ ਅੰਦਰ ਤਰ੍ਹਾਂ ਤਰ੍ਹਾਂ ਨਾਲ ਇਹ ਗੱਲ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਾਨਸਿਕ ਤਣਾਅ, ਬੇਗਾਨਗੀ, ਤਰ੍ਹਾਂ ਤਰ੍ਹਾਂ ਦੇ ਮਾਨਸਿਕ ਰੋਗ ਇਸ ਪਰਜੀਵੀ ਢਾਂਚੇ ਵਿਚ ਵਧਦੇ ਹੀ ਜਾ ਰਹੇ ਹਨ। ਨੈੱਟਵਰਕ ਮਾਰਕਿਟਿੰਗ ਜਿਹੇ ਕਾਰੋਬਾਰੀ ਮਾਡਲਾਂ ਦਾ ਪ੍ਰਗਟ ਹੋਣਾ ਇਸ ਕੁੱਲ ਢਾਂਚੇ ਦੇ ਹੀ ਪਰਜੀਵੀਪੁਣੇ ਦਾ ਸੰਕੇਤ ਹੈ। ਇਨ੍ਹਾਂ ਸਭ ਅਲਾਮਤਾਂ ਤੋਂ ਛੁਟਕਾਰਾ ਪਾਉਣ ਲਈ ਸਿਰਫ ਨੈੱਟਵਰਕ ਮਾਰਕਿਟਿੰਗ ਕੰਪਨੀਆਂ ਦੀ ਜਾਇਦਾਦ ਦੀ ਜ਼ਬਤੀ ਹੀ ਨਹੀਂ ਸਗੋਂ ਇਸ ਨਿੱਜੀ ਜਾਇਦਾਦ ਉੱਤੇ ਟਿਕੇ ਕੁੱਲ ਢਾਂਚੇ ਨੂੰ ਉਖਾੜਨਾ ਜ਼ਰੂਰੀ ਹੈ। ਨੈੱਟਵਰਕ ਮਾਰਕਿਟਿੰਗ ਰਹਿਤ ਸਰਮਾਏਦਾਰੀ ਨਹੀਂ ਸਗੋਂ ਸਰਮਾਏਦਾਰੀ ਰਹਿਤ ਸਮਾਜ, ਭਾਵ ਸਮਾਜਵਾਦ, ਹੀ ਲੋਕਾਂ ਦੀ ਅਸਲ ਆਜ਼ਾਦੀ ਨੂੰ ਜਾਂਦਾ ਇੱਕੋ-ਇੱਕ ਰਾਹ ਹੈ।
ਸੰਪਰਕ: 85578-12341