ਬਹਾਦਰ ਸਿੰਘ ਗੋਸਲ
ਅੱਜ ਵੀ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਪੁਰਾਣੇ ਵਿਰਾਸਤੀ ਦਰਵਾਜ਼ੇ ਦੇਖਣ ਨੂੰ ਮਿਲਦੇ ਹਨ, ਜੋ ਆਪਣੇ ਆਪ ਵਿੱਚ ਬੀਤੇ ਪੰਜਾਬ ਦੀਆਂ ਸਭਿਆਚਾਰਿਕ ਗੱਲਾਂ ਕਰਦੇ ਨਜ਼ਰ ਆਉਂਦੇ ਹਨ। ਪੁਰਾਣੇ ਸਮਿਆਂ ਵਿੱਚ ਪਿੰਡ ਦੇ ਪਤਵੰਤਿਆਂ ਵੱਲੋਂ ਪਿੰਡ ਦੀ ਸੁਰੱਖਿਆ ਨੂੰ ਮੁੱਖ ਤੌਰ ’ਤੇ ਪਹਿਲ ਦਿੱਤੀ ਜਾਂਦੀ ਸੀ ਕਿਉਂਕਿ ਇਹ ਸਮਾਂ ਹੀ ਲੁੱਟਾ-ਖੋਹਾਂ ਜਾਂ ਵਿਦੇਸ਼ੀ ਧਾੜਵੀਆਂ ਵੱਲੋਂ ਪਿੰਡਾਂ ਨੂੰ ਲੁੱਟਣ ਦਾ ਸੀ। ਇਹੀ ਕਾਰਨ ਸੀ ਕਿ ਪਿੰਡ ਵਾਲੇ ਪਿੰਡ ਅੰਦਰ ਵੜਣ ਲਈ ਵੱਡਾ ਦਰਵਾਜ਼ਾ ਬਣਾ ਦਿੰਦੇ ਸਨ ਅਤੇ ਪਿੰਡ ਦੇ ਲੋਕਾਂ ਦੀ ਸਲਾਮਤੀ ਲਈ ਇਸ ਦਰਵਾਜ਼ੇ ਵਿੱਚ ਠੀਕਰੀ ਪਹਿਰਾ ਲਗਾ ਦਿੱਤਾ ਜਾਂਦਾ ਸੀ ਤਾਂ ਕਿ ਕੋਈ ਵੀ ਓਪਰਾ ਵਿਅਕਤੀ ਪਿੰਡ ਵਿੱਚ ਦਾਖਲ ਨਾ ਹੋਵੇ।
ਸੁਰੱਖਿਆ ਦੇ ਨਾਲ-ਨਾਲ ਇਹ ਦਰਵਾਜ਼ੇ ਪਿੰਡ ਦੀ ਖੂਬਸੂਰਤ ਦਿੱਖ ਦਾ ਨਜ਼ਾਰਾ ਵੀ ਪੇਸ਼ ਕਰਦੇ। ਪਿੰਡਾਂ ਦੀਆਂ ਸੱਥਾਂ ਇਨ੍ਹਾਂ ਦਰਵਾਜ਼ਿਆਂ ਵਿੱਚ ਹੀ ਲੱਗਦੀਆਂ ਅਤੇ ਪੰਚਾਇਤਾਂ ਨੂੰ ਵੀ ਆਪਣੇ ਫੈਸਲੇ ਸੁਣਾਉਣ ਲਈ ਵਧੀਆ ਥਾਂ ਮੁਹੱਈਆ ਹੋ ਜਾਂਦੀ। ਇਸ ਥਾਂ ਨੂੰ ਪਿੰਡ ਦੀ ਸਾਂਝੀ ਥਾਂ ਕਰਕੇ ਜਾਣਿਆ ਜਾਂਦਾ ਸੀ। ਹੌਲੀ-ਹੌਲੀ ਇਹ ਦਰਵਾਜ਼ੇ ਪਿੰਡਾਂ ਵਿੱਚ ਸੱਭਿਆਚਾਰ ਦਾ ਸਥਾਨ ਵੀ ਲੈਣ ਲੱਗੇ। ਵਿਆਹਾਂ ਅਤੇ ਬਰਾਤਾਂ ਦੇ ਆਉਣ ਸਮੇਂ ਇਸ ਦਰਵਾਜ਼ੇ ਨੂੰ ਪੂਰੀ ਮਹੱਤਤਾ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਇਹ ਦਰਵਾਜ਼ੇ ਜਿੱਥੇ ਪਿੰਡ ਦੀ ਚੌਕੀਦਾਰੀ ਕਰਦੇ ਉਥੇ ਪਿੰਡ ਦੀ ਉੱਨਤੀ ਅਤੇ ਵਿਕਾਸ ਲਈ ਵੀ ਆਪਣਾ ਚੰਗਾ ਯੋਗਦਾਨ ਪਾਉਂਦੇ। ਪਿੰਡਾਂ ਦੇ ਇਨ੍ਹਾਂ ਦਰਵਾਜ਼ਿਆਂ ਬਾਰੇ ਜਿੰਨਾ ਵੀ ਲਿਖਿਆ ਜਾਵੇ, ਉਹ ਥੋੜਾ ਹੈ ਕਿਉਂਕਿ ਇਹ ਦਰਵਾਜ਼ੇ ਪਿੰਡ ਦੀ ਵਿਰਾਸਤ ਅਤੇ ਵਿਰਸੇ ਨੂੰ ਲੰਬੇ ਸਮੇਂ ਤੋਂ ਸੰਭਾਲੀ ਬੈਠੇ ਹਨ ਪਰ ਅੱਜ-ਕੱਲ੍ਹ ਪਿੰਡਾਂ ਵਿੱਚ ਨਵੇਂ ਦਰਵਾਜ਼ੇ ਬਣਾਉਣ ਦਾ ਰਿਵਾਜ਼ ਹੀ ਨਹੀਂ ਰਿਹਾ। ਸਾਡੀ ਨਵੀਂ ਪੀੜ੍ਹੀ ਨੂੰ ਇਨ੍ਹਾਂ ਦਰਵਾਜ਼ਿਆਂ ਦੀ ਬਣਤਰ, ਵਿਰਾਸਤੀ ਜਾਣਕਾਰੀ ਅਤੇ ਸੱਭਿਆਚਾਰਕ ਪੱਖੋਂ ਜਾਣਕਾਰੀ ਦੇਣੀ ਜ਼ਰੂਰੀ ਬਣ ਜਾਂਦੀ ਹੈ।
ਅਜਿਹਾ ਹੀ ਇਕ ਸੁੰਦਰ ਦਰਵਾਜ਼ਾ ਪਿੰਡ ਕੈਂਡ ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਵੀ ਸਥਿਤ ਹੈ। ਇਹ ਪਿੰਡ ਲੁਧਿਆਣਾ ਤੋਂ ਮਾਲੇਰਕੋਟਲਾ ਨੂੰ ਜਾਣ ਵਾਲੇ ਮੁੱਖ ਕੌਮੀ ਮਾਰਗ ’ਤੇ ਲੁਧਿਆਣਾ ਤੋਂ ਦਸ ਕੁ ਕਿਲੋਮੀਟਰ ਦੀ ਦੂਰੀ ’ਤੇ ਜ਼ਿਲ੍ਹਾ ਲੁਧਿਆਣਾ ਵਿੱਚ ਹੀ ਹੈ। ਪਿੰਡ ’ਚੋਂ ਲੰਘਦੇ ਸਮੇਂ ਹਰ ਰਾਹੀ ਦੀ ਨਜ਼ਰ ਇਸ ਵਿਲੱਖਣ ਦਰਵਾਜ਼ੇ ’ਤੇ ਜ਼ਰੂਰ ਪੈਂਦੀ ਹੈ। ਪਿੰਡ ਦੀ ਗੁਰੀਆ ਪੱਤੀ ਵਿੱਚ ਬਣਿਆ ਇਹ ਦਰਵਾਜ਼ਾ ਭਾਵੇਂ ਕਾਫ਼ੀ ਪੁਰਾਣਾ ਹੈ ਪਰ ਪਿੰਡ ਵਾਸੀਆਂ ਨੇ ਇਸ ਨੂੰ ਪੂਰੀ ਤਰ੍ਹਾਂ ਸੰਭਾਲ ਰੱਖਿਆ ਹੈ ਅਤੇ ਸੰਨ 1994 ਵਿੱਚ ਇਸ ਦੀ ਚੰਗੀ ਤਰ੍ਹਾਂ ਮੁਰੰਮਤ ਕਰਕੇ ਇਸ ਦੀ ਦਿੱਖ ਨੂੰ ਹੋਰ ਸੰਵਾਰਿਆ ਗਿਆ ਹੈ। ਵੱਡੀ ਗੱਲ ਇਹ ਹੈ ਕਿ ਸੱਤ-ਸੱਤ ਖਣਾਂ ਦੇ ਦੋ ਹਿੱਸਿਆਂ ਨੂੰ ਜੋੜ ਕੇ ਇਸ ਨੂੰ ਅੰਦਰੋ ਖੁੱਲ੍ਹਾ-ਚੌੜਾ ਬਣਾਇਆ ਗਿਆ ਹੈ। ਦਰਵਾਜ਼ੇ ਅੰਦਰੋ ਲੰਘਦਿਆਂ ਹੀ ਪਿੰਡ ਦੀ ਪੁਰਾਣੀ ਵਸੋਂ ਵੱਲ ਕਈ ਗਲੀਆਂ ਚਲੀਆਂ ਜਾਂਦੀਆਂ ਹਨ। ਕਈ ਸਰਕਾਰੀ ਮਹਿਕਮੇ ਆਪਣੇ-ਆਪਣੇ ਕੰਮਾਂ ਲਈ ਇਸ ਨੂੰ ਪਿੰਡ ਦਾ ਮੁੱਖ ਦੁਆਰ ਮੰਨਦੇ ਹੋਏ, ਪ੍ਰਚਾਰ ਦੇ ਬੋਰਡ ਲਗਾ ਜਾਂਦੇ ਹਨ। ਥੋੜਾ ਇਸ ਗੱਲਾਂ ਦਾ ਦੁੱਖ ਵੀ ਆਉਂਦਾ ਹੈ ਕਿ ਇਸ ਦਰਵਾਜ਼ੇ ਦੇ ਅੱਗਿਓਂ ਲੰਘਦੇ ਹੋਏ ਮੁੱਖ ਹਾਈਵੇ ਦੇ ਉੱਚਾ ਹੋਣ ਨਾਲ ਦਰਵਾਜ਼ੇ ਦੀ ਉਚਾਈ ਘੱਟ ਨਜ਼ਰ ਆਉਣ ਲੱਗੀ ਹੈ ਪਰ ਫਿਰ ਵੀ ਪਿੰਡ ਵਾਸੀ ਇਸ ਦੀ ਸੰਭਾਲ ਲਈ ਵਧਾਈ ਦੇ ਪਾਤਰ ਹਨ।
ਸੰਪਰਕ: 98764-52223