ਡਾ. ਸ਼ਿਆਮ ਸੁੰਦਰ ਦੀਪਤੀ
ਤੁਹਾਡੀ ਸਿਹਤ ਵਿਚ ਵਿਗਾੜ ਪਿਆ ਹੈ, ਜੋ ਪੈਂਦਾ ਹੀ ਰਹਿੰਦਾ ਹੈ। ਉਦੋਂ ਤੁਹਾਨੂੰ ਕੁਝ ਵੀ ਸੁਖਾਵਾ ਮਹਿਸੂਸ ਨਹੀਂ ਹੁੰਦਾ। ਘਰ ਦੇ ਸਾਰੇ ਨੁਸਖੇ ਅਜ਼ਮਾ ਲਏ ਹਨ, ਕੁਝ ਰਾਹਤ ਮਿਲੇ, ਤਕਲੀਫ਼ ਕੁਝ ਘੱਟ ਹੋਵੇ, ਪਰ ਡਾਕਟਰ ਦੀ ਲੋੜ ਪੈ ਹੀ ਗਈ ਹੈ? ਜਿਸ ਤੋਂ ਤੁਸੀਂ ਬਚਣਾ ਚਾਹੁੰਦੇ ਸੀ। ਤੁਸੀਂ ਡਾਕਟਰ ਕੋਲੋਂ ਕਿਉਂ ਬਚਣਾ ਚਾਹੁੰਦੇ ਸੀ? ਡਾਕਟਰ ਤਾਂ ਤੁਹਾਨੂੰ ਆਰਾਮ ਪਹੁੰਚਾਉਣ ਦਾ ਕਾਰਗਰ ਮਾਧਿਅਮ ਹੈ, ਕਿਊਂਕਿ ਉਸ ਨੇ ਵਿਧੀਵਤ ਪੜ੍ਹਾਈ ਕੀਤੀ ਹੈ। ਅਸੀਂ ਡਾਕਟਰ ਨੂੰ ‘ਲਾਇਕ ਡਾਕਟਰ’, ‘ਹੱਥ ਵਿਚ ਸਫ਼ਾ ਹੈ’ ਜਿਹੜੀਆਂ ਟਿੱਪਣੀਆਂ ਨਾਲ ਚੇਤੇ ਵੀ ਕਰਦੇ ਹਾਂ ਤੇ ਦੂਜਿਆਂ ਨੂੰ ਸੁਝਾਓ ਵੀ ਦਿੰਦੇ ਹਾਂ। ਡਾਕਟਰ ਤੋਂ ਬਚਣ ਦੇ ਤੁਹਾਡੇ ਕਾਰਨਾਂ ਬਾਰੇ ਫਿਰ ਗੱਲ ਕਰਾਂਗੇ, ਫਿਲਹਾਲ ਅਸੀਂ ਡਾਕਟਰ ਕੋਲ ਚਲਦੇ ਹਾਂ। ਡਾਕਟਰ ਨੇ ਨਬਜ਼ ਚੈੱਕ ਕੀਤੀ, ਸੈਟੈਥੋ ਲਾਈ, ਬੀ.ਪੀ. ਵੀ ਚੈੱਕ ਕੀਤਾ, ਕੁਝ ਸਵਾਲ ਪੁੱਛੇ ਤੇ ਜੇ ਲੋੜ ਪਈ ਤਾਂ ਇੱਕ ਦੋ ਟੈਸਟ ਕਰਵਾਏ। ਡਾਕਟਰ ਨੇ ਦੱਸਿਆ, ਤੁਹਾਡੇ ਪੇਟ ਵਿਚ ਨੁਕਸ ਹੈ, ਫੇਫੜਿਆਂ ਵਿਚ ਸਮੱਸਿਆ ਹੈ ਜਾਂ ਜਿਗਰ ਵਿਚ ਸੋਜ਼ਿਸ਼ ਹੈ ਅਤੇ ਦਵਾਈ ਦੇ ਕੇ ਤੋਰ ਦਿੱਤਾ। ਤੁਸੀਂ ਦਵਾਈ ਲਈ, ਠੀਕ ਹੋ ਗਏ ਅਤੇ ਡਾਕਟਰ ਦੇ ਸਿਆਣੇ ਹੋਣ ’ਤੇ ਮੋਹਰ ਲੱਗ ਗਈ ਪਰ ਗੱਲ ਇਥੇ ਮੁੱਕੀ ਨਹੀਂ। ਉਂਜ ਤੁਹਾਡੇ ਦਿਮਾਗ ਵਿਚ ਕਦੇ ਆਇਆ ਹੈ ਕਿ ਤੁਹਾਡਾ ਪੇਟ ਵਾਰ-ਵਾਰ ਖ਼ਰਾਬ ਕਿਉਂ ਹੁੰਦਾ ਹੈ ਜਾਂ ਹਰ ਦੋ-ਚਾਰ ਮਹੀਨੇ ਬਾਅਦ ਖੰਘ, ਜ਼ੁਕਾਮ ਕਿਉਂ ਹੋ ਜਾਂਦਾ ਹੈ? ਤੁਹਾਡੇ ਕਿਸੇ ਦੋਸਤ ਨੇ, ਹੋ ਸਕਦਾ ਹੈ ਕਦੇ ਕਿਹਾ ਹੋਵੇ। ਉਦੋਂ ਤੁਸੀਂ ਅੱਗਿਓਂ ਕੀ ਕਿਹਾ ਜਾਂ ਇਸ ’ਤੇ ਵਿਚਾਰਿਆ? ਨਹੀਂ ਨਾ। ਚਲੋ ਇਹ ਸਾਡੀ ਸਭਿਆਚਾਰਕ ਸਿਖਲਾਈ ਹੈ। ਹਕੀਕਤ ਇਹ ਹੈ ਕਿ ਇਹ ਬਿਮਾਰੀਆਂ ਸਰੀਰ ਦੇ ਕਿਸੇ ਅੰਗ ਕਿਸੇ ਅੰਗ, ਕਿਸੇ ਸਿਸਟਮ ਦੇ ਵਿਗਾੜ ਦੀਆਂ ਹਨ, ਪਰ ਇਹ ਵਿਗਾੜ ਪਿਆ ਕਿਉਂ? ਅਸਲੀ ਸਵਾਲ ਇਹ ਹੈ।
ਦੁਨੀਆਂ ਭਰ ਵਿਚ ਦਸ ਮੁੱਖ ਬਿਮਾਰੀਆਂ ਦੀ ਸੂਚੀ ਵੱਲ ਝਾਤੀ ਮਾਰੋਗੇ ਤਾਂ ਉਹ ਹੋਣਗੀਆਂ ਦਿਲ ਦੀਆਂ ਬਿਮਾਰੀਆਂ, ਸਾਹ ਦੀਆਂ ਬਿਮਾਰੀਆਂ, ਨਿਮੋਨੀਆਂ, ਸਾਹ-ਦਿਲ ਦੀਆਂ ਬਿਮਾਰੀਆਂ, ਕੈਂਸਰ, ਸ਼ੂਗਰ, ਪੇਟ ਦੀਆਂ ਬਿਮਾਰੀਆਂ, ਜਿਗਰ ਦਾ ਸੁੱਕਣਾ, ਟੀ.ਬੀ., ਪਰ ਇਹ ਸਾਰੇ ਹੀ ਅਸਲ ਕਾਰਨ ਨਹੀਂ ਹਨ, ਇਹ ਤਾਂ ਪ੍ਰਗਟਾਵੇ ਹਨ ਜਾਂ ਕਿਸੇ ਹੋਰ ਲੁਕਵੇਂ/ਅਸਲੀ ਕਾਰਨ ਦਾ ਨਤੀਜਾ ਹਨ। ਜੇ ਉਨ੍ਹਾਂ ਕਾਰਨਾਂ ਦੀ ਤਲਾਸ਼ ਕਰਾਂਗੇ ਤਾਂ ਸਭ ਤੋਂ ਮੂਹਰਲਾ ਕਾਰਨ ਹੈ ਤੰਬਾਕੂ ਦੀ ਵਰਤੋਂ ਜੋ ਦਿਲ, ਸਾਹ, ਕੈਂਸਰ, ਪੇਟ ਨਾਲ ਜੁੜੀਆਂ ਬਿਮਾਰੀਆਂ ਦਾ ਜ਼ਿੰਮੇਵਾਰ ਹੈ। ਤੁਸੀਂ ਤੰਬਾਕੂ ਨਹੀਂ ਵਰਤਦੇ, ਕਿਸੇ ਵੀ ਰੂਪ ਵਿਚ ਨਾ ਜਰਦਾ, ਨਾ ਸਿਗਰਟ, ਮਤਲਬ ਨਾ ਧੂੰਆਂ, ਨਾ ਜੂਸ (ਰਸ) ਤਾਂ ਫਿਰ ਅਗਲਾ ਵੱਡਾ ਕਾਰਨ ਹੈ, ਕੁਪੋਸ਼ਣ। ਇਸ ਤੋਂ ਅੱਗੇ ਹੈ ਸਾਡੇ ਆਲੇ-ਦੁਆਲੇ ਦਾ ਪ੍ਰਦੂਸ਼ਣ ਅਤੇ ਜਾਣਕਾਰੀ ਹੋਣ ਦੇ ਬਾਵਜੂਦ ਇਨ੍ਹਾਂ ਵਸਤਾਂ ਦਾ ਇਸਤੇਮਾਲ ਜਿਵੇਂ ਸ਼ਰਾਬ ਅਤੇ ਨਸ਼ੇ। ਇਹ ਲੁਕਵੇਂ ਕਾਰਨ ਹਨ, ਜੋ ਅਸਲ ਵਿਚ ਬਿਮਾਰੀਆਂ ਦਾ ਕਾਰਨ ਬਣਦੇ ਹਨ, ਜੋ ਡਾਕਟਰੀ ਪਰਚੀ ’ਤੇ ਨਹੀਂ ਆਉਂਦੇ। ਸੜਕ ਦੁਰਘਟਨਾ ਦਾ ਸ਼ਿਕਾਰ ਹੋ ਕੇ, ਲੱਤ ਤੁੜਵਾ ਕੇ ਆਏ ਸ਼ਖ਼ਸ ਦੀ ਪਰਚੀ ’ਤੇ, ‘ਟੁੱਟੀ ਸੜਕ’ ਜਾਂ ‘ਮਾੜਾ ਵਾਹਨ’ ਵਰਗੇ ਕਾਰਨ ਦਰਜ ਨਹੀਂ ਹੁੰਦੇ। ਇਸੇ ਤਰ੍ਹਾਂ ਵਾਰ-ਵਾਰ ਬਿਮਾਰ ਹੋਏ ਸ਼ਖ਼ਸ ਦੀ ਪਰਚੀ ਉਤੇ ਚੰਗੀ ਖੁਰਾਕ ਦੀ ਘਾਟ, ਕਦੇ ਨਹੀਂ ਲਿਖਿਆ ਜਾਂਦਾ।
ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਪਿੱਛੇ ਤਾਂ ਇੱਕ ਨਹੀਂ, ਕਈ ਕਾਰਨ ਹੁੰਦੇ ਹਨ, ਜਿਨ੍ਹਾਂ ਦਾ ਜ਼ਿਕਰ ਵੀ ਪਰਚੀ ’ਤੇ ਨਹੀਂ ਹੁੰਦਾ। ਇਸੇ ਲਈ ਹੀ ਤੁਹਾਨੂੰ ਵਾਰ-ਵਾਰ ਡਾਕਟਰ ਦਾ ਬੂਹਾ ਖੜ੍ਹਕਾਉਣਾ ਪੈਂਦਾ ਹੈ। ਕਿੰਨੇ ਹੀ ਸਰੀਰ ਦੇ ਸਿਸਟਮ ਨੇ, ਜੋ ਵਿਗੜਦੇ ਹਨ ਤੇ ਸਾਨੂੰ ਦੱਸੇ ਜਾਂਦੇ ਹਨ, ਕਦੇ ਇਹ ਨਹੀਂ ਦੱਸਿਆ-ਲਿਖਿਆ ਜਾਂਦਾ ਕਿ ਤੁਹਾਡੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੈ ਜਾਂ ਉਸ ਵਿਚ ਵਿਗਾੜ ਹੈ, ਕਿਉਂ?
*ਪ੍ਰੋਫੈਸਰ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ।
ਸੰਪਰਕ: 98158-08506