ਡਾ. ਨਰੇਸ਼
ਕਿਸੇ ਵੀ ਭਾਸ਼ਾ ਦੀ ਬੁਨਿਆਦ ਉਸ ਦੇ ਸ਼ਬਦ ਹੁੰਦੇ ਹਨ। ਭਾਸ਼ਾ ਦੋ ਇਨਸਾਨਾਂ ਵਿਚਕਾਰ ਬੋਲਚਾਲ ਦਾ ਸਾਧਨ ਹੁੰਦੀ ਹੈ। ਇਹੋ ਇਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਇਨਸਾਨ ਆਪਣੇ ਭਾਵਾਂ ਦਾ ਮੁਕੰਮਲ ਪ੍ਰਗਟਾਵਾ ਕਰ ਸਕਦਾ ਹੈ। ਕੁਦਰਤ ਨੇ ਇਨਸਾਨ ਨੂੰ ਭਾਸ਼ਾ ਨਹੀਂ, ਆਵਾਜ਼ ਬਖ਼ਸ਼ੀ ਹੈ। ਜਿਸ ਵਿਅਕਤੀ ਨੂੰ ਇਸ ਦਾਤ ਤੋਂ ਵਾਂਝਿਆ ਰੱਖਿਆ ਗਿਆ ਹੈ, ਅਸੀਂ ਉਸ ਨੂੰ ਬੋਲਣਾ ਨਹੀਂ ਸਿਖਾ ਸਕਦੇ, ਪਰ ਜਿਸ ਨੂੰ ਕੁਦਰਤ ਨੇ ਆਵਾਜ਼ ਦੀ ਬਖਸ਼ੀਸ਼ ਕੀਤੀ ਹੈ, ਅਸੀਂ ਉਸ ਨੂੰ ਕੀ ਬੋਲਣਾ ਹੈ, ਕਿਵੇਂ ਬੋਲਣਾ ਹੈ, ਸਿਖਾ ਸਕਦੇ ਹਾਂ। ਸ਼ਬਦ ਇਨਸਾਨ ਦੇ ਬਣਾਏ ਹੋਏ ਹਨ। ਇਸ ਲਈ ਉਨ੍ਹਾਂ ਦੀ ਅਦਾਇਗੀ ਦਾ ਢੰਗ ਇਨਸਾਨ ਪਾਸੋਂ ਹੀ ਸਿੱਖਿਆ ਜਾ ਸਕਦਾ ਹੈ। ਕਿਸੇ ਵੀ ਭਾਸ਼ਾ ਦਾ ਨਿਰਮਾਣ, ਪਾਸਾਰ ਅਤੇ ਨਿਖਾਰ ਇਨਸਾਨ ਦੇ ਹੱਥ ਵਿਚ ਹੈ।
ਭਾਰਤ ਵਿਚ 180 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ 90 ਅਜਿਹੀਆਂ ਭਾਸ਼ਾਵਾਂ ਹਨ ਜਿਨ੍ਹਾਂ ਦੇ ਬੋਲਣ ਵਾਲਿਆਂ ਦੀ ਗਿਣਤੀ ਦਸ ਹਜ਼ਾਰ ਤੋਂ ਵੀ ਘੱਟ ਹੈ। ਦੇਸ਼ ਦੇ 70 ਫ਼ੀਸਦੀ ਲੋਕ ਜੋ ਭਾਸ਼ਾਵਾਂ ਬੋਲਦੇ ਹਨ, ਉਨ੍ਹਾਂ ਦੀ ਗਿਣਤੀ ਲਗਪਗ 20 ਹੈ। ਦੇਸ਼ ਦੀਆਂ 12 ਭਾਸ਼ਾਵਾਂ ਦੇ ਆਪੋ-ਆਪਣੇ ਇਲਾਕੇ ਹਨ। ਇਹ ਹਨ: ਕਸ਼ਮੀਰੀ, ਪੰਜਾਬੀ, ਹਿੰਦੀ, ਬੰਗਲਾ, ਅਸਮੀ, ਉੜੀਆ, ਗੁਜਰਾਤੀ, ਮਰਾਠੀ, ਕੰਨੜ, ਤੈਲਗੂ, ਤਾਮਿਲ ਅਤੇ ਮਲਿਆਲਮ। ਭਾਰਤ ਦੇ ਆਪਣੇ ਚਾਰ ਭਾਸ਼ਾਈ ਪਰਿਵਾਰ ਹਨ। ਪਹਿਲਾ ਨਿਸ਼ਾਦ, ਜਿਸ ਦੀਆਂ ਭਾਸ਼ਾਵਾਂ ਬੋਲਣ ਵਾਲੇ 1.38 ਫ਼ੀਸਦੀ ਹਨ। ਦੂਜਾ ਕਿਰਾਤ, ਜਿਸ ਵਿਚ ਤਿੱਬਤੀ, ਬਾਲਤੀ, ਲੱਦਾਖੀ, ਲਾਹੌਲੀ, ਸ਼ੀਰੀਆ, ਮਸ਼ਮੀ ਆਦਿ ਭਾਸ਼ਾਵਾਂ ਸ਼ਾਮਲ ਹਨ। ਇਨ੍ਹਾਂ ਭਾਸ਼ਾਵਾਂ ਦੇ ਬੋਲਣ ਵਾਲੇ 5.85 ਫ਼ੀਸਦੀ ਹਨ। ਤੀਜਾ ਦ੍ਰਵਿੜ, ਜਿਸ ਵਿਚ ਤੇਲਗੂ, ਤਾਮਿਲ, ਕੰਨੜ ਆਦਿ ਭਾਸ਼ਾਵਾਂ ਆਉਂਦੀਆਂ ਹਨ ਅਤੇ ਇਨ੍ਹਾਂ ਦੇ ਬੋਲਣ ਵਾਲਿਆਂ ਦੀ ਗਿਣਤੀ 20 ਫ਼ੀਸਦੀ ਹੈ। ਚੌਥਾ ਆਰੀਆ, ਜਿਸ ਦੇ ਅੰਤਰਗਤ ਹਿੰਦੀ, ਉਰਦੂ, ਸਿੰਧੀ, ਲੱਛੀ, ਮਰਾਠੀ ਆਦਿ ਭਾਸ਼ਾਵਾਂ ਆਉਂਦੀਆਂ ਹਨ। ਇਨ੍ਹਾਂ ਦੇ ਬੋਲਣ ਵਾਲਿਆਂ ਦੀ ਤਾਦਾਦ 73 ਫ਼ੀਸਦੀ ਹੈ। ਕਈਆਂ ਭਾਸ਼ਾਵਾਂ ਵਿਚ ਅਨੇਕ ਸਾਂਝੇ ਸ਼ਬਦ ਵੀ ਹਨ ਅਤੇ ਕਈਆਂ ਵਿਚ ਸ਼ਬਦਾਂ ਦਾ ਰਤਾ ਕੁ ਬਦਲਿਆ ਹੋਇਆ ਰੂਪ ਮਿਲਦਾ ਹੈ।
ਕਈ ਵਾਰੀ ਸੋਚਦਾ ਹਾਂ ਕਿ ਤੁਰਕੀ ਅਤੇ ਫ਼ਾਰਸੀ ਬੋਲਣ ਵਾਲੇ ਮੁਸਲਮਾਨਾਂ ਦੇ ਭਾਰਤ ਆਉਣ ਤੋਂ ਪਹਿਲਾਂ ਸਾਡੇ ਦੇਸ਼ ਵਿਚ ਤਰਬੂਜ਼, ਦਲਾਨ, ਗੁਲਦਸਤਾ, ਦਾਰੋਗਾ, ਚੋਬਦਾਰ, ਫ਼ੌਜਦਾਰ ਜਿਹੇ ਬੇਸ਼ੁਮਾਰ ਸ਼ਬਦਾਂ ਦੀ ਥਾਂ ਕੀ ਬੋਲਿਆ ਜਾਂਦਾ ਰਿਹਾ ਹੋਵੇਗਾ। ਰੋਜ਼ਾਨਾ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਕਿੰਨੀਆਂ ਹੀ ਵਸਤਾਂ ਦੇ ਅਸਲੀ ਨਾਂ ਗੁੰਮ ਹੋ ਗਏ ਹਨ। ਉਨ੍ਹਾਂ ਦੇ ਤੁਰਕੀ, ਅਰਬੀ, ਫ਼ਾਰਸੀ ਬਦਲ ਇੰਝ ਪ੍ਰਚੱਲਿਤ ਹੋ ਗਏ ਹਨ ਜਿਵੇਂ ਹਮੇਸ਼ਾ ਤੋਂ ਇਹੋ ਉਨ੍ਹਾਂ ਦੇ ਨਾਂ ਹੋਣ। ਇਸੇ ਨੂੰ ਸ਼ਬਦਾਂ ਦਾ ਸਫ਼ਰ ਆਖਿਆ ਜਾਂਦਾ ਹੈ ਜੋ ਬਹੁਤ ਦਿਲਚਸਪ ਹੈ। ਪਤਾ ਹੀ ਨਹੀਂ ਲੱਗਦਾ ਕਿ ਕਿਸੇ ਭਾਸ਼ਾ ਦਾ ਕਿਹੜਾ ਸ਼ਬਦ ਕਦੋਂ ਅਤੇ ਕਿਵੇਂ ਕਿਸੇ ਦੂਸਰੀ ਭਾਸ਼ਾ ਦੇ ਸ਼ਬਦ ਭੰਡਾਰ ਵਿਚ ਜਾ ਰਲਿਆ ਹੈ। ਜਿਵੇਂ ਹਿੰਦੀ ਸ਼ਬਦ ‘ਗੁਰੂ’ ਆਕਸਫੋਰਡ ਡਿਕਸ਼ਨਰੀ ਵਿਚ ਜਾ ਵੜਿਆ ਹੈ। ਫ਼ਾਰਸੀ ਦੇ ਅਨੇਕ ਸ਼ਬਦ ਸਾਡੀ ਬੋਲਚਾਲ ਵਿਚ ਇਸ ਤਰ੍ਹਾਂ ਰਚ-ਵਸ ਗਏ ਹਨ ਕਿ ਹੁਣ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਇਹ ਸ਼ਬਦ ਫ਼ਾਰਸੀ ਤੋਂ ਉਧਾਰ ਲਏ ਹਨ।
ਅਜਿਹਾ ਹੀ ਇਕ ਸ਼ਬਦ ‘ਬਰੰਜੀ’ ਹੈ ਜੋ ਆਮ ਤੌਰ ’ਤੇ ਜੁੱਤੀਆਂ ਵਿਚ ਜੜੀ ਜਾਂਦੀ ਹੈ। ਫ਼ਾਰਸੀ ਵਿਚ ਚੌਲ ਨੂੰ ਬਰੰਜ ਆਖਦੇ ਹਨ। ਚੌਲ ਜਿੰਨੀ ਨਿੱਕੀ ਹੋਣ ਕਰਕੇ ਇਸ ਮੇਖ਼ (ਮੇਖ਼ ਵੀ ਫ਼ਾਰਸੀ ਦਾ ਸ਼ਬਦ ਹੈ) ਅਰਥਾਤ ਕਿੱਲ ਨੂੰ ਬਰੰਜੀ (ਚੌਲ ਜਿੰਨੀ) ਆਖਿਆ ਗਿਆ। ਭਾਰਤ ਦੇ ਹਰ ਪ੍ਰਦੇਸ਼ ਵਿਚ ਔਰਤਾਂ ਨੱਕ ਵਿਚ ‘ਬਲਾਕ’ ਪਾਉਂਦੀਆਂ ਹਨ। ਪੰਜਾਬ ਵਿਚ ਇਸ ਨੂੰ ‘ਨੱਥ ਬੁਲਾਕ’ ਆਖਿਆ ਜਾਂਦਾ ਹੈ। ਨੱਥ ਨਾਲ ਸਬੰਧਤ ਕਈ ਲੋਕਗੀਤ ਵੀ ਹਨ। ਬੁਲਾਕ ਤੁਰਕੀ ਭਾਸ਼ਾ ਦਾ ਸ਼ਬਦ ਹੈ। ਭਾਰਤ ਵਿਚ ਔਰਤਾਂ ਦਾ ‘ਨਾਸਾਭਰਣ’ ਅਰਥਾਤ ਨੱਕ ਵਿਚ ਗਹਿਣਾ ਪਾਉਣਾ ਤਾਂ ਸਦੀਆਂ ਤੋਂ ਪ੍ਰਚਲਤ ਸੀ ਪਰ ਬੁਲਾਕ ਆਖੀ ਜਾਣ ਵਾਲੀ ਗੋਲ ਨੱਥ ਸ਼ਾਇਦ ਮੁਸਲਮਾਨਾਂ ਦੇ ਇੱਥੇ ਆਬਾਦ ਹੋਣ ਮਗਰੋਂ ਹੀ ਪ੍ਰਚਲਤ ਹੋਈ।
ਕਾਗਜ਼ ਦੀ ਕਾਢ ਕੱਢੀ ਜਾਣ ਤੋਂ ਪਹਿਲਾਂ ਭਾਰਤ ਵਿਚ ਪੁਸਤਕਾਂ ਭੋਜ ਪੱਤਰ ’ਤੇ ਲਿਖੀਆਂ ਜਾਂਦੀਆਂ ਸਨ। ਭੋਜ ਨਾਂ ਦੇ ਦਰੱਖ਼ਤ ਦੀ ਛਾਲ ਨੂੰ ਵਿਸ਼ੇਸ਼ ਆਕਾਰ ਵਿਚ ਕੱਟ ਕੇ ਪੱਟੀਆਂ ਬਣਾਈਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਧੁੱਪੇ ਸੁਕਾ ਕੇ ਉਨ੍ਹਾਂ ’ਤੇ ਤੇਲ ਮਲ ਦਿੱਤਾ ਜਾਂਦਾ ਸੀ। ਜਦੋਂ ਇਹ ਚੀਕਣੀਆਂ ਹੋ ਜਾਂਦੀਆਂ ਸਨ ਤਾਂ ਇਨ੍ਹਾਂ ’ਤੇ ਸ਼ਬਦ ਵਾਹੇ ਜਾਂਦੇ ਸਨ। ਇਸ ਮਗਰੋਂ ਲਿਖਤ ’ਤੇ ਸਿਆਹੀ ਮਲ ਦਿੱਤੀ ਜਾਂਦੀ। ਹੁਣ ਸ਼ਬਦ ਸੌਖੇ ਹੀ ਪੜ੍ਹੇ ਜਾ ਸਕਦੇ ਸਨ। ਜਦੋਂ ਇਕ ਅਧਿਆਏ ਪੂਰਾ ਹੋ ਜਾਂਦਾ ਸੀ ਤਾਂ ਉਸ ਦੀਆਂ ਪੱਟੀਆਂ ’ਤੇ ਸੂਤ ਬੰਨ੍ਹ ਦਿੱਤਾ ਜਾਂਦਾ ਸੀ। ਇਸੇ ਲਈ ਸੰਸਕ੍ਰਿਤ ਵਿਚ ਅਧਿਆਇ ਨੂੰ ਸੂਤਰ ਆਖਿਆ ਗਿਆ। ਪੁਸਤਕ ਦੇ ਸਾਰੇ ਅਧਿਆਇ ਡੋਰੀ ਨਾਲ ਬੰਨ੍ਹ ਕੇ ਡੋਰੀ ਨੂੰ ਗੰਢ ਮਾਰ ਦਿੰਦੇ ਸਨ। ਇਸੇ ਗੰਢ ਕਾਰਨ ਪੁਸਤਕ ਨੂੰ ਗ੍ਰੰਥ ਆਖਿਆ ਗਿਆ।
ਸ਼ਬਦਾਂ ਦੀ ਕਹਾਣੀ ਵੀ ਖ਼ੂਬ ਹੁੰਦੀ ਹੈ। ਪਤਾ ਨਹੀਂ ਕਿੱਥੋਂ-ਕਿੱਥੋਂ ਦਾ ਸਫ਼ਰ ਉਨ੍ਹਾਂ ਦੇ ਭਾਗਾਂ ਵਿਚ ਹੁੰਦਾ ਹੈ। ਅਰਥ ਵਿਸਥਾਰ ਨਾਲ ਰਾਜਾ ਦਾ ਅਰਥ ਨਾਈ ਅਤੇ ਮਹਾਰਾਜ ਦਾ ਅਰਥ ਼ਰਸੋਈਆ ਹੋ ਜਾਂਦਾ ਹੈ। ਇਸੇ ਤਰ੍ਹਾਂ ਫ਼ਾਰਸੀ ਦਾ ਇੱਕ ਮੁਹਾਵਰਾ ਆਪਣੀ ਸੁੰਦਰਤਾ ਦੇ ਬਾਵਜੂਦ ਕੋਝਾ ਹੋ ਗਿਆ। ਮੁਹਾਵਰਾ ਹੈ ‘ਅੱਖਾਂ ਹਨ ਜਾਂ ਕੌਲਡੋਡੇ।’ ਇਹ ਮੁਹਾਵਰਾ ਉਸ ਸਮੇਂ ਵਰਤਿਆ ਜਾਂਦਾਂ ਹੈ ਜਦੋਂ ਕਿਸੇ ਦੇ ਵੇਖਣ ਵਿਚ ਗ਼ਲਤੀ ਹੁੰਦੀ ਹੈ। ਗਹੁ ਨਾਲ ਦੇਖੀਏ ਤਾਂ ਕੌਲਡੋਡੇ ਜਿਹੀ ਅੱਖ ਬਦਸੂਰਤ ਨਹੀਂ ਸਗੋਂ ਖ਼ੂਬਸੂਰਤ ਹੁੰਦੀ ਹੈ। ਕੌਲ ਦਾ ਅਰਥ ਹੈ ਕੰਵਲ ਅਤੇ ਡੋਡੇ ਦਾ ਅਰਥ ਹੈ ਅਣਖਿੜਿਆ। ਇਹ ਅੱਖ ਲਈ ਉੱਤਮ ਉਪਮਾ ਹੈ। ਭਾਰਤ ਵਿਚ ਕਮਲਨੈਣ ਨੂੰ ਸਦਾ ਸਲਾਹਿਆ ਗਿਆ ਹੈ। ਪਰ ਸ਼ਬਦ ਨੇ ਅਰਥ ਬਦਲ ਲਿਆ ਹੈ ਮੁਹਾਵਰਾ ਹੋਰ ਦਾ ਹੋਰ ਹੋ ਗਿਆ।
ਰਿਸ਼ੀਆਂ ਨੇ ਸ਼ਬਦ ਨੂੰ ਬ੍ਰਮਹ ਆਖਿਆ ਹੈ। ਸ਼ਬਦ ਦੀਆਂ ਪਰਤਾਂ ਖੁੱਲ੍ਹਦੀਆਂ ਹਨ ਤਾਂ ਅਰਥਾਂ ਦੇ ਕਈ ਪੱਖ ਰੋਸ਼ਨ ਹੁੰਦੇ ਹਨ। ਇਹ ਭਾਰਤ ਦਾ ਦੁਰਭਾਗ ਹੈ ਕਿ ਭਾਸ਼ਾਵਾਂ ਨੂੰ ਧਰਮਾਂ ਨਾਲ ਜੋੜਣ ਦੀ ਸਿਆਸਤ ਕੀਤੀ ਜਾਂਦੀ ਹੈ। ਉਰਦੂ ਮੁਸਲਮਾਨਾਂ ਦੀ, ਹਿੰਦੀ ਹਿੰਦੂਆਂ ਦੀ, ਪੰਜਾਬੀ ਸਿੱਖਾਂ ਦੀ ਆਦਿ-ਆਦਿ। ਪਰ ਸ਼ਬਦ ਸਿਆਸਤ ਦੇ ਗ਼ੁਲਾਮ ਨਹੀਂ ਹੁੰਦੇ।