ਬਹਾਦਰ ਸਿੰਘ ਗੋਸਲ
ਇਹ ਅਸੀਂ ਸਾਰੇ ਜਾਣਦੇ ਹਾਂ ਕਿ ਵਿੱਦਿਆ ਚਾਨਣ ਹੈ। ਇਸ ਚਾਨਣ ਨੂੰ ਮਾਨਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ। ਪੜ੍ਹਨ ਤੋਂ ਮਨੁੱਖ ਸਿੱਖਿਅਤ ਸਮਝਦਾਰ ਅਤੇ ਸੱਭਿਅਤ ਬਣਦਾ ਹੈ ਪਰ ਉਸ ਨੂੰ ਸਾਰਾ ਗਿਆਨ ਕਿਤਾਬਾਂ ਤੋਂ ਹੀ ਮਿਲਦਾ ਹੈ। ਇਸ ਲਈ ਕਿਸੇ ਵੀ ਮਨੁੱਖ ਨੂੰ ਜੀਵਨ ਵਿੱਚ ਤਰੱਕੀ ਪਾਉਣ ਲਈ ਵੱਧ ਤੋਂ ਵੱਧ ਕਿਤਾਬਾਂ ਦਾ ਪੜ੍ਹਨਾ ਬਹੁਤ ਜ਼ਰੂਰੀ ਹੈ, ਜੋ ਕਿਤਾਬਾਂ ਪੜ੍ਹਨ ਦੀ ਰੁਚੀ ਰੱਖਦੇ ਹਨ, ਉਹ ਕੁਦਰਤੀ ਤੌਰ ’ਤੇ ਵੱਧ ਬੁੱਧੀਮਾਨ ਹੋ ਜਾਂਦੇ ਹਨ। ਕਿਤਾਬਾਂ ਨਾਲ ਦੋਸਤੀ ਹਰ ਇਨਸਾਨ ਦਾ ਜੀਵਨ ਆਧਾਰ ਹੋਣਾ ਚਾਹੀਦਾ ਹੈ। ਵੈਸੇ ਵੀ ਸਿਆਣੇ ਕਹਿੰਦੇ ਹਨ ਕਿ, ‘ਕਿਤਾਬ ਇੱਕ ਚੰਗਾ ਮਿੱਤਰ ਹੁੰਦੀ ਹੈ।’
ਹੁਣ ਸੁਆਲ ਉੱਠਦਾ ਹੈ ਕਿ ਜੇ ਕੋਈ ਇਨਸਾਨ ਕਿਤਾਬਾਂ ਪੜ੍ਹਨਾ ਚਾਹੁੰਦਾ ਹੋਵੇ ਉਹ ਕਿਤਾਬਾਂ ਕਿੱਥੋ ਪੜ੍ਹੇ, ਕਿਤਾਬ ਕਿਹੋ ਜਿਹੀ ਹੋਵੇ ਜਾਂ ਆਪਣੀ ਮਾੜੀ ਆਰਥਿਕਤਾ ਦੇ ਕਾਰਨ ਕਿਤਾਬਾਂ ਕਿਵੇਂ ਖ੍ਰੀਦੇ? ਪਰ ਇਸਦਾ ਸਧਾਰਨ ਜਿਹਾ ਉੱਤਰ ਬਣਦਾ ਹੈ ਕਿ ਉਹ ਮਨੁੱਖ ਲਾਇਬ੍ਰੇਰੀ ਨਾਲ ਪਿਆਰ ਪਾਵੇ। ਚੰਗੀ ਲਾਇਬ੍ਰੇਰੀ ਉਸਦੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦੇਵੇਗੀ ਕਿਉਂਕਿ ਇੱਕ ਲਾਇਬ੍ਰੇਰੀ ਹੀ ਹੈ, ਜਿੱਥੇ ਵੱਖ-ਵੱਖ ਕਿਸਮ ਦੀਆਂ ਕਿਤਾਬਾਂ ਹਰ ਵਿਸ਼ੇ ’ਤੇ ਮਿਲ ਜਾਂਦੀਆਂ ਹਨ। ਲਾਇਬ੍ਰੇਰੀ ਤੋਂ ਹੀ ਉਹ ਮਨੁੱਖ ਆਪਣੀ ਰੁਚੀ ਅਨੁਸਾਰ ਕਿਤਾਬ ਚੁਣ ਸਕਦਾ ਹੈ। ਦੂਜੇ ਇਨ੍ਹਾਂ ਲਾਇਬ੍ਰੇਰੀਆਂ ਦਾ ਮੈਂਬਰ ਬਣ ਕੇ ਉਹ ਪੜ੍ਹਨ ਲਈ ਕਿਤਾਬ ਲੈ ਸਕਦਾ ਹੈ ਅਤੇ ਇਸ ਤਰ੍ਹਾਂ ਉਸ ’ਤੇ ਆਰਥਿਕ ਦਬਾਅ ਨਹੀਂ ਪਵੇਗਾ।
ਸਕੂਲ ਅਤੇ ਕਾਲਜਾਂ ਵਿੱਚ ਲਾਇਬ੍ਰੇਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਵਿਦਿਆਰਥੀਆਂ ਨੂੰ ਆਪਣੇ ਸਿਲੇਬਸ ਦੇ ਸਬੰਧ ਵਿੱਚ ਕਿਤਾਬਾਂ ਮਿਲ ਜਾਣਗੀਆਂ, ਦੂਜੇ ਉਹ ਆਪਣੀ ਦਿਲਸਚਪੀ ਅਤੇ ਮਨੋਰੰਜਨ ਲਈ ਹੋਰ ਕਿਤਾਬਾਂ ਵੀ ਪੜ੍ਹ ਸਕਦਾ ਹੈ। ਇਨ੍ਹਾਂ ਲਾਇਬ੍ਰੇਰੀਆਂ ਵਿੱਚ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਪੱਧਰ ਦੀਆਂ ਕਿਤਾਬਾਂ ਮਿਲ ਜਾਂਦੀਆਂ ਹਨ। ਹਰ ਸਕੂਲ ਅਤੇ ਕਾਲਜ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉੱਥੇ ਚੰਗੀ, ਸਾਫ਼ ਸੁਥਰੀ ਅਤੇ ਸਹੂਲਤਾਂ ਭਰਪੂਰ ਲਾਇਬ੍ਰੇਰੀ ਹੋਵੇ, ਜਿੱਥੇ ਬੱਚੇ ਸ਼ਾਂਤ ਵਾਤਾਵਰਨ ਵਿੱਚ ਬੈਠ ਆਰਾਮ ਨਾਲ ਪੜ੍ਹ ਸਕਣ। ਦੂਜੇ ਉਸ ਲਾਇਬ੍ਰੇਰੀ ਵਿੱਚ ਕਿਤਾਬਾਂ ਦੀ ਗਿਣਤੀ ਵੀ ਚੰਗੀ ਹੋਵੇ। ਹਰ ਲਾਇਬ੍ਰੇਰੀ ਵਿੱਚ ਇੱਕ ਲਾਇਬ੍ਰੇਰੀਅਨ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਕਿਤਾਬਾਂ ਨੂੰ ਵਿਧੀ ਅਨੁਸਾਰ ਸੂਚੀਬੱਧ ਕੀਤਾ ਜਾਵੇ ਅਤੇ ਸਭ ਕਿਤਾਬਾਂ ਦੀ ਸੰਭਾਲ ਚੰਗੀ ਤਰ੍ਹਾਂ ਕੀਤੀ ਜਾਵੇ। ਕਿਸੇ ਵੀ ਵਿਦਿਆਰਥੀ ਨੂੰ ਦਿੱਤੀ ਗਈ ਅਤੇ ਵਾਪਸ ਕੀਤੀ ਗਈ ਕਿਤਾਬ ਦਾ ਰਿਕਾਰਡ ਵਧੀਆ ਢੰਗ ਨਾਲ ਰੱਖਿਆ ਜਾਵੇ।
ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਸਕੂਲਾਂ ਵਿੱਚ ਲਾਇਬ੍ਰੇਰੀਆਂ ਦਾ ਪ੍ਰਬੰਧ ਠੀਕ ਨਹੀਂ ਹੈ। ਕਿਤੇ ਲਾਇ੍ਰਬੇਰੀ ਹੈ ਹੀ ਨਹੀਂ ਅਤੇ ਜੇ ਹੈ ਤਾਂ ਉਸ ਦਾ ਪ੍ਰਬੰਧਨ ਠੀਕ ਨਹੀਂ ਹੈ। ਬਹੁਤ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਲਾਇਬ੍ਰੇਰੀਅਨ ਨਿਯੁਕਤ ਨਹੀਂ ਹਨ, ਜਿਸ ਕਾਰਨ ਕਿਸੇ ਅਧਿਆਪਕ ਨੂੰ ਇਸ ਦਾ ਵਾਧੂ ਭਾਰ ਦੇ ਦਿੱਤਾ ਜਾਂਦਾ ਹੈ ਪਰ ਇਸ ਤਰ੍ਹਾਂ ਕਰਨ ਨਾਲ ਕੰਮ ਵਿੱਚ ਕੁਸ਼ਲਤਾ ਨਹੀਂ ਆਉਂਦੀ, ਕਿਉਂਕਿ ਅਧਿਆਪਕ ਨੇ ਅਧਿਆਪਨ ਦਾ ਕੰਮ
ਵੀ ਕਰਨਾ ਹੁੰਦਾ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਸਕੂਲਾਂ ਵਿੱਚ ਕੇਵਲ ਅਲਮਾਰੀ ਟਾਈਪ ਲਾਇ੍ਰਬੇਰੀ ਹੀ ਹੁੰਦੀ ਹੈ। ਸਾਰੀਆਂ ਕਿਤਾਬਾਂ ਅਲਮਾਰੀਆਂ ਵਿੱਚ ਬੰਦ ਰਹਿੰਦੀਆਂ ਹਨ ਅਤੇ ਸਾਲਾਂ ਬੱਧੀ ਉਨ੍ਹਾਂ ਨੂੰ ਕੋਈ ਪੜ੍ਹਦਾ ਨਹੀਂ ਹੈ। ਕਈ ਵਾਰ ਤਾਂ ਪਏ-ਪਏ ਉਨ੍ਹਾਂ ਕਿਤਾਬਾਂ ਨੂੰ ਸਿਊਂਕ ਹੀ ਖਾਹ ਜਾਂਦੀ ਹੈ। ਜਿਸ ਨਾਲ ਧੰਨ ਅਤੇ ਗਿਆਨ ਦੋਹਾਂ ਦਾ ਨੁਕਸਾਨ ਹੋ ਜਾਂਦਾ ਹੈ। ਇੱਕ ਲਾਇਬ੍ਰੇਰੀ ਕਿਸੇ ਵੀ ਸਕੂਲ ਜਾਂ ਕਾਲਜ ਦੀ ਜੀਵਨ ਰੇਖਾ ਹੁੰਦੀ ਹੈ। ਉਹ ਸਕੂਲ ਦੇ ਚੰਗੇ ਮਾੜੇ ਪ੍ਰਬੰਧਨ ਦਾ ਅੰਦਾਜ਼ਾ ਉਸ ਦੀ ਲਾਇਬ੍ਰੇਰੀ ਤੋਂ ਹੀ ਲਗਾਇਆ ਜਾਂਦਾ ਹੈ। ਲੇਖਕ ਨੂੰ ਬਹੁਤ ਸਾਰੇ ਸਕੂਲਾਂ, ਕਾਲਜਾਂ ਦੀਆਂ ਲਾਇਬ੍ਰੇਰੀਆਂ ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਪਰ ਉਨ੍ਹਾਂ ਨੂੰ ਦੇਖ ਕੇ ਮਿਲਿਆ-ਜੁਲਿਆ ਪ੍ਰਤੀਕਰਮ ਹੀ ਮਨ ਵਿੱਚ ਆਇਆ ਹੈ। ਕੋਈ-ਕੋਈ ਲਾਇਬ੍ਰੇਰੀ ਬਹੁਤ ਹੀ ਵਧੀਆ ਅਤੇ ਚੰਗੀਆਂ ਕਿਤਾਬਾਂ ਦਾ ਭੰਡਾਰਾ ਹੈ ਪਰ ਬਹੁਤ ਸਾਰੀਆਂ ਇਸ ਸਬੰਧ ਵਿੱਚ ਵੱਡੇ ਉਪਰਾਲਿਆਂ ਦੀ ਮੰਗ ਕਰਦੀਆਂ ਹਨ ਪਰ ਅੱਜ ਕੱਲ ਜੋ ਬਹੁਤ ਹੀ ਨਿਰਾਸ਼ਾਜਨਕ ਗੱਲ ਸਾਹਮਣੇ ਆਉਂਦੀ ਹੈ ਉਹ ਹੈ ਕਿ ਅੱਜ ਦੇ ਬੱਚਿਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਬਹੁਤ ਘਟਦੀ ਜਾਂਦੀ ਹੈ। ਜ਼ਿਆਦਾਤਰ ਬੱਚੇ ਅਤੇ ਕਾਲਜਾਂ ਦੇ ਵਿਦਿਆਰਥੀ ਮੋਬਾਈਲਾਂ ਜਾਂ ਲੈਪਟਾਪਸ ’ਤੇ ਜ਼ਿਆਦਾ ਸਮਾਂ ਲਗਾ ਦੇਂਦੇ ਹਨ ਤਾਂ ਉਨ੍ਹਾਂ ਦੀ ਕਿਤਾਬਾਂ ਪੜ੍ਹਨ ਦੀ ਰੁਚੀ ਘਟਦੀ ਰਹਿੰਦੀ ਹੈ ਕਿਉਂਕਿ ਇੱਕ ਚੰਗੀ ਲਾਇਬ੍ਰੇਰੀ ਗਿਆਨ ਦੇ ਭੰਡਾਰ ਦੀ ਕੁੰਜੀ ਹੁੰਦੀ ਹੈ ਇਸ ਲਈ ਸਕੂਲ ਪ੍ਰਬੰਧਕਾਂ, ਸਰਕਾਰੀ ਸਿੱਖਿਆ ਵਿਭਾਗਾਂ ਅਤੇ ਸਰਕਾਰਾਂ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਚੰਗੀਆਂ ਲਾਇਬ੍ਰੇਰੀਆਂ ਸਥਾਪਤ ਕਰਨ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹਰ ਸਕੂਲ ਅਤੇ ਕਾਲਜ ਦੀ ਲਾਇਬ੍ਰੇਰੀ ਵਿੱਚ ਲਾਇਬ੍ਰੇਰੀਅਨ ਜ਼ਰੂਰ ਤਾਇਨਾਤ ਕੀਤਾ ਜਾਵੇ। ਪੰਜਾਬ ਦੇ ਪਿੰਡਾਂ ਵਿੱਚ ਵੀ ਨੌਜਵਾਨਾਂ ਦਾ ਰੁਝਾਨ ਨਸ਼ਿਆਂ ਵੱਲੋਂ ਹਟਾ ਕੇ ਚੰਗੀਆਂ ਕਿਤਾਬਾਂ ਵੱਲ ਮੋੜਨਾ ਚਾਹੀਦਾ ਹੈ। ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਲਈ ਬੜੇ-ਬੜੇ ਉਪਰਾਲਿਆਂ ਦੀ ਲੋੜ ਹੈ ਤਾਂ ਕਿ ਇੱਕ ਚੰਗਾ ਗਿਆਨਵਾਨ ਸਮਾਜ ਉਸਾਰਿਆ ਜਾ ਸਕੇ। ਹੁਣ ਜਦੋਂ ਪੰਜਾਬ ਦੇ ਹਰ ਪਿੰਡ ਵਿੱਚ ਸਕੂਲ, ਸੜਕ, ਬਿਜਲੀ ਅਤੇ ਹੋਰ ਸਹੂਲਤਾਂ ਪਹੁੰਚ ਚੁੱਕੀਆਂ ਹਨ ਤਾਂ ਗਿਆਨ ਦਾ ਪ੍ਰਕਾਸ਼ ਵੀ ਹਰ ਪਿੰਡ ਵਿੱਚ ਹੋਣਾ ਲਾਜ਼ਮੀ ਹੈ। ਇਸ ਲਈ ਹਰ ਪਿੰਡ ਵਿੱਚ ਇੱਕ ਚੰਗੀ ਸਰਕਾਰੀ ਲਾਇਬ੍ਰੇਰੀ ਸਥਾਪਿਤ ਕਰਨ ਦੀ ਲੋੜ ਹੈ। ਇਸ ਨਾਲ ਜਿੱਥੇ ਸਮਾਜ ਨੂੰ ਨਵੀਂ ਰੋਸ਼ਨੀ ਮਿਲੇਗੀ ਉਥੇ ਸਰਕਾਰ ਦੇ ਦੋ ਵੱਡੇ ਕੰਮ, ਇੱਕ ਰੁਜ਼ਗਾਰ ਦੇਣਾ ਅਤੇ ਦੂਜਾ ਪੇਂਡੂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣਾ ਆਪਣੇ ਆਪ ਹੀ ਪੂਰੇ ਹੋ ਜਾਣਗੇ। ਅੱਜ ਕੱਲ ਪਿੰਡਾਂ ਦਾ ਕਿਸਾਨ ਵੀ ਪੜ੍ਹਿਆ ਲਿਖਿਆ ਹੈ ਅਤੇ ਉਹ ਆਧੁਨਿਕ ਤਕਨੀਕਾਂ ਨਾਲ ਖੇਤੀ ਕਰਨਾ ਚਾਹੁੰਦਾ ਹੈ ਪਰ ਚੰਗੀ ਸੇਧ ਤੋਂ ਬਿਨਾਂ ਆਪਣੇ ਨਿਸ਼ਾਨਿਆਂ ਵਿੱਚ ਅਸਫਲ ਹੋ ਜਾਂਦਾ ਹੈ। ਪੇਂਡੂ ਲਾਇਬ੍ਰੇਰੀਆਂ ਵਿੱਚ ਰੱਖੀਆਂ ਆਧੁਨਿਕ ਤਕਨੀਕਾਂ ਦੀਆਂ ਪੁਸਤਕਾਂ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੀਆਂ ਹਨ। ਕਹਿਣ ਦਾ ਭਾਵ ਹਰ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਨ ਲਈ ਸਾਨੂੰ ਲਾਇਬ੍ਰੇਰੀਆਂ ਦੇ ਮਹੱਤਵ ਨੂੰ ਸਮਝਣਾ ਹੋਵੇਗਾ।
ਸੰਪਰਕ: 98764-52223