ਡਾ. ਜੋਗਿੰਦਰ ਸਿੰਘ
ਇਤਿਹਾਸ
ਮਹਾਰਾਜਾ ਦਲੀਪ ਸਿੰਘ ਨੇ ਚੜ੍ਹਦੀ ਜਵਾਨੀ ਵਿਚ ਹੀ ਪਹਿਲੋਂ ਆਪਣੇ ਖਾਨਦਾਨ ਨੂੰ ਤਬਾਹ ਹੁੰਦਿਆਂ ਵੇਖਿਆ ਅਤੇ ਫਿਰ ਲਾਹੌਰ ਦਰਬਾਰੀਆਂ ਦੀ ਬੇਵਫ਼ਾਈ ਅਤੇ ਬੇਈਮਾਨੀ ਵੇਖੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਅਤੇ ਰਾਜ ਦਾ ਆਖ਼ਰੀ ਵਾਰਸ ਸੀ। ਬਰਤਾਨਵੀ ਹਕੂਮਤ ਨੇ 16 ਦਸੰਬਰ 1846 ਨੂੰ ਭੈਰੋਵਾਲ ਦੀ ਸੰਧੀ ਕਰਕੇ ਮਹਾਰਾਜਾ ਦਲੀਪ ਸਿੰਘ ਦੀ ਪ੍ਰਭੂਸੱਤਾ ਖ਼ਤਮ ਕਰ ਦਿੱਤੀ। ਲਾਹੌਰ ਰਾਜ ਦਾ ਸਾਰਾ ਪ੍ਰਬੰਧ ਬ੍ਰਿਟਿਸ਼ ਰੈਜ਼ੀਡੈਂਟ ਦੇ ਅਧੀਨ ਹੋ ਗਿਆ। ਰੈਜ਼ੀਡੈਂਟ ਸ਼ਾਸਕ ਬਣ ਗਿਆ। ਮਹਾਰਾਣੀ ਜਿੰਦ ਕੌਰ ਦੀ ਜਗ੍ਹਾ Regency ਨੇ ਲੈ ਲਈ ਸੀ। ਭਾਵੇਂ ਇਸ ਸੰਧੀ ਨੇ ਦਲੀਪ ਸਿੰਘ ਨੂੰ ‘ਮਹਾਰਾਜਾ’ ਜ਼ਰੂਰ ਮੰਨ ਲਿਆ, ਪਰ ਉਹ ਹੁਣ ਨਾਮਧਰੀਕ ਮਹਾਰਾਜਾ ਸੀ। ਭਾਰਤ ਦੇ ਵਾਇਸਰਾਏ ਡਲਹੌਜ਼ੀ ਨੇ ਪੰਜਾਬ ਰਾਜ ਵਿਚ ਅਜਿਹੀ ਪ੍ਰਬੰਧਕੀ ਪ੍ਰਣਾਲੀ ਸਥਾਪਿਤ ਕੀਤੀ, ਜਿਸ ਨੂੰ Punjab School of Administration ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਸ਼ਾਹੀ ਖਾਨਦਾਨ ਦੀ ਨਿੱਜੀ ਅਤੇ ਰਾਜ ਦੀ ਸਮੁੱਚੀ ਜਾਇਦਾਦ ’ਤੇ ਕਬਜ਼ਾ ਕਰ ਲਿਆ। ਅੰਗਰੇਜ਼ ਸਰਕਾਰ ਨੇ 1851 ਈ. ਤੱਕ ਅਰਬਾਂ ਦੀ ਜਾਇਦਾਦ ਜਵਾਹਰਾਤ, ਸੋਨਾ-ਚਾਂਦੀ ਅਤੇ ਹੋਰ ਕੀਮਤੀ ਸਾਮਾਨ ਵੇਚ ਵੱਟ ਕੇ ਆਪਣੇ ਫਰਮਾ-ਬਰਦਾਰਾਂ ’ਚ ਵੰਡ ਲਈ। ਸਭ ਨਾਲੋਂ ਕੀਮਤੀ ਸ਼ਾਹੀ ਘਰਾਣੇ ਦੀਆਂ ਨਿਸ਼ਾਨੀਆਂ ਆਪਣੇ ਖ਼ਜ਼ਾਨੇ ਵਿਚ ਜ਼ਬਤ ਕਰ ਲਈਆਂ। 1849 ਈ. ਦੀ ਸੰਧੀ ਦੀਆਂ ਮੱਦਾਂ ਅਧੀਨ ਮਹਾਰਾਜਾ ਦਲੀਪ ਸਿੰਘ ਦੀਆਂ ਨਿੱਜੀ ਨਿਸ਼ਾਨੀਆਂ ਵਿਚੋਂ ਉਸ ਨੂੰ ਮਜਬੂਰ ਕੀਤਾ ਗਿਆ ਕਿ ਉਹ ਕੋਹ-ਏ-ਨੂਰ ਹੀਰਾ ਮਲਿਕਾ ਵਿਕਟੋਰੀਆ ਨੂੰ ਦੇਵੇ।
ਮਹਾਰਾਜਾ ਦਲੀਪ ਸਿੰਘ ਨੂੰ ਪਾਦਰੀ ਡਾਕਟਰ ਜੌਹਨ ਲੌਗਿਨ ਦੀ ਸਰਪ੍ਰਸਤੀ ਅਧੀਨ 18 ਦਸੰਬਰ 1849 ਨੂੰ ਪੰਜਾਬ ਤੋਂ ਯੂ.ਪੀ. ਦੇ ਫਾਰੂਖਾਬਾਦ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਫਤਹਿਗੜ੍ਹ ਵਿਚ ਭੇਜ ਦਿੱਤਾ। ਡਾਕਟਰ ਜੌਹਨ ਲੌਗਿਨ ਅਤੇ ਉਸ ਦੀ ਪਤਨੀ ਦੇ ਮੋਹ ਨੇ ਅੱਲ੍ਹੜ ਮਹਾਰਾਜੇ ਨੂੰ 8 ਮਾਰਚ 1853 ਨੂੰ ਇਸਾਈ ਮੱਤ ਗ੍ਰਹਿਣ ਕਰਵਾ ਦਿੱਤਾ। ਫਾਰੂਖਾਬਾਦ ਦੇ ਬ੍ਰਾਹਮਣ ਭਜਨ ਲਾਲ ਇਸਾਈ ਪ੍ਰਚਾਰਕ ਨੇ ਮਹਾਰਾਜੇ ਨੂੰ ਅੰਗਰੇਜ਼ੀ ਭਾਸ਼ਾ ਸਿਖਾਉਣ ਦੇ ਨਾਲ ਨਾਲ ਬਾਈਬਲ ਦਾ ਪਾਠ ਵੀ ਪੜ੍ਹਾਇਆ ਅਤੇ ਮਹਾਰਾਜੇ ਨੂੰ ਰਵਾਇਤੀ ਸੰਸਕਾਰਾਂ ਤੋਂ ਦੂਰ ਕੀਤਾ।
ਮਈ 1854 ਨੂੰ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਪਹੁੰਚ ਗਿਆ। ਸ਼ਾਹੀ ਖਾਨਦਾਨ ਦੀ ਮਹਾਰਾਣੀ ਵਿਕਟੋਰੀਆ ਨੇ ਮਹਾਰਾਜੇ ਦਾ ਨਿੱਘਾ ਸਵਾਗਤ ਕੀਤਾ ਅਤੇ ਮਾਂ ਵਰਗਾ ਪਿਆਰ ਦਿੱਤਾ। ਸ਼ਾਹੀ ਖਾਨਦਾਨ ਦੇ ਉੱਚ-ਅਧਿਕਾਰੀਆਂ ਨੇ ਵੀ ਮਹਾਰਾਜੇ ਲਈ ਸਦਭਾਵਨਾ ਦਿਖਾਈ। ਇਕ ਵਾਰੀ ਮਹਾਰਾਣੀ ਨੇ ਦਲੀਪ ਸਿੰਘ ਦੇ ਹੱਥ ਵਿਚ ਕੋਹ-ਏ-ਨੂਰ ਹੀਰਾ ਵੀ ਰੱਖਿਆ। ਸ਼ਾਹੀ ਖਾਨਦਾਨ ਦਾ ਇਹ ਲਾਡ-ਪਿਆਰ ਮਹਾਰਾਜੇ ਦੇ ਕਠਿਨ ਸਮੇਂ ਵਿਚ ਕੰਮ ਆਉਂਦਾ ਰਿਹਾ।
1861 ਈ. ਵਿਚ ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ ਨੂੰ ਮਿਲਣ ਕਲਕੱਤੇ ਆ ਗਿਆ। ਉਸਦੀ ਮਾਤਾ ਵੀ ਆਪਣੇ ਪੁੱਤਰ ਤੋਂ ਵੱਖ ਰਹਿਣਾ ਨਹੀਂ ਸੀ ਚਾਹੁੰਦੀ। ਮਹਾਰਾਜਾ ਅਤੇ ਮਾਤਾ ਰਾਣੀ ਜਿੰਦਾਂ ਜਲਦੀ ਤੋਂ ਜਲਦੀ ਕਲਕੱਤੇ ਤੋਂ ਇੰਗਲੈਂਡ ਰਵਾਨਾ ਹੋਣਾ ਚਾਹੁੰਦੇ ਸਨ ਕਿਉਂਕਿ ਹੁਗਲੀ ਦੀ ਬੰਦਰਗਾਹ ’ਤੇ ਸਿੱਖ ਸੈਨਿਕ ਚੀਨ ਤੋਂ ਵਾਪਸ ਆ ਰਹੇ ਸਨ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਹਾਰਾਜਾ ਕਲਕੱਤੇ ਠਹਿਰਿਆ ਹੋਇਆ ਹੈ ਤਾਂ ਉਨ੍ਹਾਂ ਨੂੰ ਅਜੀਬ ਖ਼ੁਸ਼ੀ ਹੋਈ ਤੇ ਉਹ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਉਣ ਲੱਗ ਪਏ। ਅੰਗਰੇਜ਼ਾਂ ਨੂੰ ਇਨ੍ਹਾਂ ਜੈਕਾਰਿਆਂ ਵਿਚੋਂ ਬਗ਼ਾਵਤ ਦਾ ਭੈਅ ਆਉਂਦਾ ਸੀ।
ਮਹਾਰਾਜਾ ਦਲੀਪ ਸਿੰਘ ਨੂੰ ਇਹ ਜਾਣ ਕੇ ਮਾਯੂਸੀ ਹੋਈ ਕਿ 1857 ਦੇ ਗ਼ਦਰ ਸਮੇਂ ਫਤਿਹਗੜ੍ਹ ਵਿਖੇ ਉਸ ਦੀ ਰਿਹਾਇਸ਼ ਵਿਚ ਜੋ ਕੀਮਤੀ ਸਾਮਾਨ ਪਿਆ ਸੀ, ਉਹ ਲੁੱਟਿਆ ਗਿਆ। ਸਰਕਾਰ ਨੇ ਮਹਾਰਾਜੇ ਦੇ ਕਲੇਮ ਦੇ ਇਵਜ਼ ਵਜੋਂ ਕੇਵਲ 3000 ਪੌਂਡ ਅਰਥਾਤ ਨੁਕਸਾਨੀ ਜਾਇਦਾਦ ਦਾ ਸਿਰਫ਼ 12 ਫ਼ੀਸਦੀ ਹੀ ਦਿੱਤਾ। ਪਰ ਮਹਾਰਾਜੇ ਨੇ ਇਹ ਇਵਜ਼ਾਨਾ ਲੈਣ ਤੋਂ ਇਨਕਾਰ ਕਰ ਦਿੱਤਾ। ਬਰਤਾਨਵੀ ਹਕੂਮਤ ਨੇ ਕਾਨੂੰਨ ਦੀ ਆੜ ਵਿਚ ਮਹਾਰਾਜੇ ਨੂੰ ਉਸ ਦੀ ਜੱਦੀ-ਪੁਸ਼ਤੀ ਜਾਇਦਾਦ ਤੋਂ ਵਾਂਝਿਆਂ ਕਰ ਦਿੱਤਾ ਸੀ।
ਲੇਡੀ ਲੌਗਿਨ ਦਾ ਵਿਚਾਰ ਸੀ ਕਿ ਮਹਾਰਾਜਾ ਦਲੀਪ ਸਿੰਘ ਕਿਸੇ ਵੀ ਤਰ੍ਹਾਂ ਅੰਗਰੇਜ਼ੀ ਸਰਕਾਰ ਨਾਲ ਸਮਝੌਤਾ ਕਰਨ ਲਈ ਤਿਆਰ ਸੀ। ਜਦੋਂ 1885 ਈ. ਵਿਚ ਇੰਗਲੈਂਡ ਅਤੇ ਰੂਸ ਦਰਮਿਆਨ ਲੜਾਈ ਦੀ ਅਫ਼ਵਾਹ ਸੀ ਤਾਂ ਮਹਾਰਾਜਾ ਦਲੀਪ ਸਿੰਘ ਨੇ ਇੰਡੀਆ ਔਫਿਸ ਨੂੰ ਪੱਤਰ ਲਿਖਿਆ ਕਿ ਉਹ ਬਰਤਾਨਵੀ ਫ਼ੌਜ ਵਿਚ ਭਰਤੀ ਹੋਣ ਲਈ ਤਿਆਰ ਹੈ ਤਾਂ ਕਿ ਉਹ ਅੰਗਰੇਜ਼ ਸਰਕਾਰ ਪ੍ਰਤੀ ਵਫ਼ਾਦਾਰੀ ਸਿੱਧ ਕਰ ਸਕੇ। ਉਹ ਇਹ ਵੀ ਦੱਸਣਾ ਚਾਹੁੰਦਾ ਸੀ ਕਿ ਉਹ ਆਪਣੇ ਬਾਪ (ਮਹਾਰਾਜਾ ਰਣਜੀਤ ਸਿੰਘ) ਦੀ ਤਰ੍ਹਾਂ ਹਰ ਸੰਧੀ ਜਾਂ ਵਿਸ਼ਵਾਸ ਨੂੰ ਵਫ਼ਾਦਾਰੀ ਨਾਲ ਨਿਭਾਏਗਾ। ਪਰ ਅੰਗਰੇਜ਼ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸੀ।
ਸਰਦਾਰ ਠਾਕਰ ਸਿੰਘ ਸੰਧਾਵਾਲੀਏ ਨੇ ਮਹਾਰਾਜਾ ਦਲੀਪ ਸਿੰਘ ਨੂੰ ਸਿੱਖੀ ਵੱਲ ਪਰਤਣ ਲਈ ਮਾਨਸਿਕ ਤੌਰ ’ਤੇ ਤਿਆਰ ਕੀਤਾ ਸੀ। ਇਸ ਲਈ ਮਹਾਰਾਜਾ ਦਲੀਪ ਸਿੰਘ ਨੇ ਸਰਦਾਰ ਠਾਕਰ ਸਿੰਘ ਸੰਧਾਵਾਲੀਏ ਦੇ ਹੱਥ ਇਕ ਹਜ਼ਾਰ ਰੁਪਏ ਦਰਬਾਰ ਸਾਹਿਬ ਵਿਖੇ ਕੜਾਹ ਪ੍ਰਸਾਦਿ ਕਰਵਾਉਣ ਲਈ ਭੇਜੇ ਸਨ। ਉਸ ਨੇ ਆਪਣੇ ਪਰਿਵਾਰ ਨੂੰ ਕਿਹਾ ਸੀ ਕਿ ਉਹ ਲਾਹੌਰ ਵਿਖੇ ਆਪਣੇ ਦਾਦੇ ਦੀ ਅਤੇ ਗੁੱਜਰਾਂਵਾਲਾ ਵਿਖੇ ਪੜਦਾਦੇ ਸਰਦਾਰ ਮਹਾਂ ਸਿੰਘ ਦੀਆਂ ਸਮਾਧਾਂ ਉੱਤੇ ਜਾਣ ਅਤੇ ਕੜਾਹ ਪ੍ਰਸਾਦਿ ਕਰਵਾਉਣ। 20-22 ਅਗਸਤ 1885 ਨੂੰ ਮਹਾਰਾਜਾ ਦਲੀਪ ਸਿੰਘ ਵੱਲੋਂ ਤੋਹਫ਼ੇ ਅਤੇ ਕੁਝ ਰਾਸ਼ੀ ਭੇਟ ਕੀਤੀ। ਕੜਾਹ ਪ੍ਰਸਾਦਿ ਦਰਬਾਰ ਸਾਹਿਬ, ਅਕਾਲ ਬੁੰਗਾ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਮਹਾਰਾਜਾ ਦਲੀਪ ਸਿੰਘ ਦੀ ਚੰਗੀ ਸਿਹਤ ਅਤੇ ਸਿੱਖੀ ਦਾਨ ਲਈ ਅਰਦਾਸ ਕੀਤੀ ਗਈ। ਕੈਪਟਨ ਗੁਲਾਬ ਸਿੰਘ ਅਟਾਰੀਵਾਲੇ, ਸਰਦਾਰ ਕਾਹਨ ਸਿੰਘ ਮਜੀਠਾ ਅਤੇ ਕਈ ਹੋਰ ਖਾਨਦਾਨੀ ਮੈਂਬਰ ਹਾਜ਼ਰ ਸਨ।
1885 ਈ. ਵਿਚ ਮਹਾਰਾਜਾ ਦਲੀਪ ਸਿੰਘ ਨੇ ਭਾਰਤ ਵਿਚ ਰਿਹਾਇਸ਼ ਰੱਖਣ ਦਾ ਮਨ ਬਣਾ ਲਿਆ ਸੀ। ਉਸ ਦੇ ਮੁੱਖ ਕਾਰਨ ਇਹ ਸਨ:1. ਉਹ ਅਬਿਚਲ ਨੰਦੇੜ ਜਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ, ਜਿੱਥੇ ਵੀ ਸੰਭਵ ਹੋਵੇ, ਅੰਮ੍ਰਿਤ ਛਕ ਕੇ ਆਪਣੇ ਪੁਸ਼ਤੈਨੀ ਧਰਮ ਵੱਲ ਵਾਪਸੀ ਕਰਨਾ ਚਾਹੁੰਦਾ ਸੀ। ਉਸ ਦੀ ਇੱਛਾ ਸੀ ਕਿ ਇਹ ਰਸਮ ਉਸ ਦੇ ਪਰਿਵਾਰ ਦੀ ਹਾਜ਼ਰੀ ਵਿਚ ਕੀਤੀ ਜਾਵੇ। 2. ਦੂਸਰਾ ਕਾਰਨ ਇਹ ਸੀ ਕਿ ਇੰਗਲੈਂਡ ਵਿਖੇ ਰਿਹਾਇਸ਼ ਬਹੁਤ ਮਹਿੰਗੀ ਸੀ। ਉਹ ਚਾਹੁੰਦਾ ਸੀ ਕਿ ਆਪਣੇ ਵਤਨ ਵਿਚ ਰਹਿਣ ਨਾਲ ਉਸ ਦਾ ਘੱਟ ਖਰਚਾ ਹੋਵੇਗਾ ਅਤੇ ਉਹ ਆਪਣੇ ਪਰਿਵਾਰ ਦੇ ਭਵਿੱਖ ਲਈ ਬੱਚਤ ਕਰ ਸਕੇਗਾ। 3. 1885 ਈ. ਤਕ ਉਸਦਾ ਵੱਡਾ ਪੁੱਤਰ 20 ਸਾਲਾਂ ਦਾ ਅਤੇ ਬੇਟੀ 17 ਸਾਲਾਂ ਦੀ ਹੋ ਗਈ ਸੀ। ਮਹਾਰਾਜਾ ਦਲੀਪ ਸਿੰਘ ਚੰਗੇ ਰਿਸ਼ਤੇ ਲੱਭ ਕੇ ਉਨ੍ਹਾਂ ਦੀ ਸ਼ਾਦੀ ਕਰਵਾ ਦੇਣਾ ਚਾਹੁੰਦਾ ਸੀ।
31 ਮਾਰਚ 1886 ਨੂੰ ਮਹਾਰਾਜਾ ਦਲੀਪ ਸਿੰਘ ਆਪਣੇ ਪਰਿਵਾਰ ਨਾਲ ਇੰਗਲੈਂਡ ਤੋਂ ਜਹਾਜ਼ ਰਾਹੀਂ ਬੰਬਈ ਲਈ ਰਵਾਨਾ ਹੋ ਗਿਆ। ਅੰਗਰੇਜ਼ ਸਰਕਾਰ ਕਿਸੇ ਵੀ ਕੀਮਤ ’ਤੇ ਮਹਾਰਾਜੇ ਨੂੰ ਭਾਰਤ ਆਉਣ ਦੇਣਾ ਨਹੀਂ ਚਾਹੁੰਦੀ ਸੀ ਕਿਉਂਕਿ ਉਸ ਨੂੰ ਪੰਜਾਬ ਵਿਚ ਬਗ਼ਾਵਤ ਹੋਣ ਦਾ ਖਤਰਾ ਸੀ। ਜਦੋਂ ਮਹਾਰਾਜੇ ਨੂੰ ਅਦਨ (Aden) ਦੀ ਬੰਦਰਗਾਹ ’ਤੇ ਰੋਕ ਲਿਆ ਤਾਂ ਮਹਾਰਾਜੇ ਨੂੰ ਬਹੁਤ ਹੈਰਾਨੀ ਹੋਈ ਅਤੇ ਉਸ ਨੇ ਹੱਤਕ ਮਹਿਸੂਸ ਕੀਤੀ। ਦੁਖੀ ਮਨ ਨਾਲ ਉਸ ਨੇ ਵਾਇਸਰਾਏ ਨੂੰ ਲਿਖਿਆ ਕਿ ਮਹਾਰਾਜਾ ਸਿੰਧੀਆ, ਹੋਲਕਰ ਅਤੇ ਹੈਦਰਾਬਾਦ ਦੇ ਨਿਜ਼ਾਮ, ਜਿਨ੍ਹਾਂ ਕੋਲ ਫ਼ੌਜਾਂ ਹਨ, ਧਨ-ਦੌਲਤ ਹੈ, ਉਨ੍ਹਾਂ ਨੂੰ ਆਪਣੀਆਂ ਰਿਆਸਤਾਂ ਵਿਚ ਆਜ਼ਾਦੀ ਹੈ। ਉਹ ਅੰਗਰੇਜ਼ੀ ਰਾਜ ਲਈ ਖ਼ਤਰਾ ਨਹੀਂ ਬਣ ਸਕਦੇ ਤਾਂ ਮੈਂ ਗ਼ਰੀਬ ਬੰਦਾ ਆਪਣੇ ਪਰਿਵਾਰ ਅਤੇ ਸੇਵਕਾਂ ਨਾਲ ਹਕੂਮਤ ਲਈ ਖ਼ਤਰਾ ਕਿਵੇਂ ਬਣ ਸਕਦਾ ਹਾਂ? ਲਾਰਡ ਡਲਹੌਜ਼ੀ ਨੂੰ ਸੰਬੋਧਨ ਕਰਦਿਆਂ, ਮਹਾਰਾਜੇ ਨੇ ਯਾਦ ਕਰਵਾਇਆ ਕਿ ਜਦੋਂ ਉਸ ਨੂੰ ਫਰੂਖਾਬਾਦ ਕੈਦ ਕੀਤਾ ਹੋਇਆ ਸੀ, ਉਦੋਂ ਸਿੱਖ ਰਾਜ ਖ਼ਾਤਰ ਮਰ ਮਿਟਣ ਲਈ ਸਿੱਖ ਸਰਦਾਰ ਜਿਉਂਦੇ ਸਨ, ਜੇ ਉਦੋਂ ਕੋਈ ਬਗ਼ਾਵਤ ਨਹੀਂ ਹੋਈ ਤਾਂ 35 ਸਾਲ ਗੁਜ਼ਰਨ ਉਪਰੰਤ ਜਦੋਂ ਸਿੱਖ ਰਾਜ ਦੇ ਮੁਦੱਈ ਚੜ੍ਹਾਈ ਕਰ ਚੁੱਕੇ ਹਨ, ਬਰਤਾਨਵੀ ਹਕੂਮਤ ਆਪਣੇ ਪੱਕੇ ਪੈਰੀਂ ਖੜ੍ਹੀ ਹੈ ਤਾਂ ਮੇਰੇ ਭਾਰਤ ਦੀ ਧਰਤੀ ’ਤੇ ਪੈਰ ਧਰਨ ਨਾਲ ਰਾਜ ਲਈ ਖ਼ਤਰਾ ਕਿਵੇਂ ਪੈਦਾ ਹੋ ਸਕਦਾ ਹੈ। ਮਹਾਰਾਜਾ ਬਰਤਾਨਵੀ ਸਰਕਾਰ ਨਾਲ ਗੱਲਬਾਤ ਕਰਨ ਲਈ ਅਦਨ ਰੁਕਿਆ ਰਿਹਾ। 8 ਮਈ 1886 ਨੂੰ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਭਾਰਤ ਤੋਂ ਅਦਨ ਦੀ ਬੰਦਰਗਾਹ ’ਤੇ ਪਹੁੰਚ ਗਿਆ। 25 ਮਈ 1886 ਪੰਜ ਪਿਆਰਿਆਂ ਨੇ ਮਹਾਰਾਜਾ ਨੂੰ ਅੰਮ੍ਰਿਤ ਛਕਾਉਣ ਦੀ ਮਰਿਆਦਾ ਨਿਭਾਈ। ਇਹ ਰਸਮ ਸਰਕਾਰ ਦੇ ਅਫ਼ਸਰ ਦੀ ਹਾਜ਼ਰੀ ਵਿਚ ਕੀਤੀ ਗਈ।
15 ਜੁਲਾਈ 1886 ਨੂੰ ਪੈਰਿਸ ਪਹੁੰਚ ਕੇ ਮਹਾਰਾਜਾ ਨੇ 1849 ਈ. ਦੀ ਸੰਧੀ ਨੂੰ ਰੱਦ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਭੈਰੋਵਾਲ ਦੀ ਸੰਧੀ ਅਨੁਸਾਰ ਉਹ ਪੰਜਾਬ ਦਾ ਰਾਜਾ ਹੈ ਅਤੇ ਉਸ ਨੂੰ ਸਿੱਖਾਂ ਦੀ ਮਾਨਤਾ ਪ੍ਰਾਪਤ ਹੈ। ਬਰਤਾਨਵੀ ਹਕੂਮਤ ਦੀ ਗ਼ੁਲਾਮੀ ਤੋਂ ਮੁਕਤ ਹੋਣ ਲਈ ਮਹਾਰਾਜੇ ਨੇ ਗੁਪਤ ਰੂਪ ਵਿਚ ਪੈਰਿਸ ਤੋਂ ਜਰਮਨੀ ਹੁੰਦੇ ਹੋਏ ਰੂਸ ਦੀ ਸਰਕਾਰ ਤਕ ਪਹੁੰਚ ਕੀਤੀ। ਰੂਸ ਦੇ ਜ਼ਾਰ ਬਾਦਸ਼ਾਹ ਨੂੰ ਪੱਤਰ ਲਿਖਿਆ ਕਿ ਭਾਰਤ ਦੇ ਸ਼ਾਸਕਾਂ ਅਤੇ ਲੋਕਾਂ ਨੂੰ ਬਰਤਾਨਵੀ ਸਰਕਾਰ ਦੇ ਤਸ਼ੱਦਦ ਤੋਂ ਆਜ਼ਾਦੀ ਲਈ ਉਹ ਉਸ ਨੂੰ ਪ੍ਰਾਰਥਨਾ ਕਰਦਾ ਹੈ। ਉਸਨੇ ਰੂਸ ਦੇ ਸ਼ਾਸਕਾਂ ਨੂੰ ਯਕੀਨ ਦਿਵਾਇਆ ਕਿ ਜਿਉਂ ਹੀ ਉਹ ਭਾਰਤ ਦੀ ਸਰਹੱਦ ’ਤੇ ਪਹੁੰਚੇਗਾ, ਸਮੁੱਚਾ ਪੰਜਾਬ ਬਗ਼ਾਵਤ ਕਰ ਦੇਵੇਗਾ। ਮਹਾਰਾਜਾ ਦਲੀਪ ਸਿੰਘ ਕਈ ਪ੍ਰਕਾਰ ਦੀਆਂ ਗ਼ਲਤਫ਼ਹਿਮੀਆਂ ਦਾ ਸ਼ਿਕਾਰ ਸੀ। ਰੂਸ ਨੇ ਮਹਾਰਾਜੇ ਨੂੰ ਕੇਂਦਰੀ ਏਸ਼ੀਆ ਤੋਂ ਅਫ਼ਗਾਨਿਸਤਾਨ ਪਹੁੰਚਣ ਵਿਚ ਕੋਈ ਮਦਦ ਨਾ ਕੀਤੀ। ਮਹਾਰਾਜੇ ਨੇ ਜੋ ਏਲਚੀ ਯੂਰਪ, ਮਿਸਰ, ਕੇਂਦਰੀ ਏਸ਼ੀਆ ਦੀਆਂ ਸਰਕਾਰਾਂ ਅਤੇ ਭਾਰਤੀ ਰਿਆਸਤਾਂ ਕੋਲ ਭੇਜੇ, ਉਹ ਸਭ ਫ਼ਜ਼ੂਲ ਸਾਬਤ ਹੋਏ। ਇਨ੍ਹਾਂ ਵਿਚੋਂ ਕਈ ਸ਼ਾਸਕ ਅਤੇ ਸਰਕਾਰਾਂ ਆਪਣਾ ਉੱਲੂ ਸਿੱਧਾ ਕਰ ਰਹੀਆਂ ਸਨ।
1888 ਈ. ਵਿਚ ਮਹਾਰਾਜਾ ਦਲੀਪ ਸਿੰਘ ਨੇ ਮਾਸਕੋ ਤੋਂ ਆਪਣੇ ਆਪ ਨੂੰ ਸਿੱਖ ਕੌਮ ਦਾ ਮਹਾਰਾਜਾ ਐਲਾਨ ਕੀਤਾ। ਇਸ ਐਲਾਨ ਵਿਚ ਮਹਾਰਾਜੇ ਨੇ ਆਪਣੇ ਆਪ ਨੂੰ ਇੰਗਲੈਂਡ ਦਾ ਜਾਨੀ ਦੁਸ਼ਮਣ ਦੱਸਿਆ। ਮਾਸਕੋ ਤੋਂ ਹੀ ਉਸ ਨੇ ਗੁਪਤ ਢੰਗ ਨਾਲ ਕੂਕੇ ਸਿੱਖਾਂ ਨਾਲ ਸੰਪਰਕ ਬਣਾਇਆ। ਉਸ ਨੇ ਭਾਰਤ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਭਰੋਸੇ ਦਿੱਤੇ ਅਤੇ ਮਦਦ ਮੰਗੀ।
20 ਜੂਨ 1889 ਨੂੰ ਲੰਡਨ ਦੀ ਅਖ਼ਬਾਰ ਟਾਈਮਜ਼ ਨੇ ਮਹਾਰਾਜੇ ਦੇ ਭਰੋਸਿਆਂ ਅਤੇ ਵਾਅਦਿਆਂ ਦਾ ਸਾਰੰਸ਼ ਪ੍ਰਕਾਸ਼ਿਤ ਕੀਤਾ- ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਮਹਾਰਾਜੇ ਨੇ ਅਪੀਲ ਕੀਤੀ ਕਿ ਉਹ ਇਕ ਪੈਸਾ ਮਹੀਨਾ ਅਤੇ ਪੰਜਾਬੀ ਇਕ ਆਨਾ ਮਹੀਨਾ ਦੇਣ। ਭਾਰਤੀਆਂ ਉੱਤੇ ਜਿਹੜਾ ਕਰਜ਼ਾ ਚੜ੍ਹਿਆ ਹੋਇਆ ਹੈ ਉਸ ਨੂੰ ਰੱਦ ਕੀਤਾ ਜਾਵੇਗਾ। ਟੈਕਸਾਂ ਦੀ ਅਦਾਇਗੀ ਬੰਦ ਕੀਤੀ ਜਾਵੇਗੀ। ਰਾਜ ਵਿਚ ਗਊ ਹੱਤਿਆ ਬੰਦ ਹੋਵੇਗੀ। ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ, ਉਹ ਲੋਕ ਜਿਨ੍ਹਾਂ ’ਤੇ ਬਰਤਾਨਵੀ ਹਕੂਮਤ ਨੇ ਜ਼ੁਲਮ ਢਾਹੇ ਹਨ, ਉਨ੍ਹਾਂ ਦੇ ਹੱਕ ਬਹਾਲ ਕੀਤੇ ਜਾਣਗੇ। ਮੈਂ ਰੂਸ ਦੀ ਮਦਦ ਨਾਲ ਯੋਰਪੀ ਫ਼ੌਜ ਲੈ ਕੇ ਭਾਰਤ ਵਿਚ ਪ੍ਰਵੇਸ਼ ਕਰਾਂਗਾ।
ਸਰਦਾਰ ਠਾਕਰ ਸਿੰਘ ਸੰਧਾਵਾਲੀਏ ਨੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਕਾਲ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਜਦੋਂ ਮਹਾਰਾਜੇ ਨੇ ਵਾਪਸ ਭਾਰਤ ਆਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਸਰਦਾਰ ਠਾਕਰ ਸਿੰਘ ਸੰਧਾਵਾਲੀਏ ਨੇ ਬੰਬਈ ਵਿਖੇ ਮਹਾਰਾਜੇ ਨੂੰ ਮਿਲਣ ਲਈ ਸਰਕਾਰ ਦੀ ਪ੍ਰਵਾਨਗੀ ਮੰਗੀ। ਸਰਕਾਰ ਵੱਲੋਂ ਇਨਕਾਰ ਕਰਨ ’ਤੇ ਸੰਧਾਵਾਲੀਏ ਨੇ ਵਾਹਗਾ ਪਿੰਡ ਦੇ ਠਾਕਰ ਸਿੰਘ ਅਤੇ ਬਰਕੀ ਪਿੰਡ ਦੇ ਜਵੰਦ ਸਿੰਘ ਨੂੰ ਅਦਨ ਪਹੁੰਚ ਕੇ ਮਹਾਰਾਜਾ ਦਲੀਪ ਸਿੰਘ ਨੂੰ ਅੰਮ੍ਰਿਤ ਛਕਾਉਣ ਲਈ ਪ੍ਰਬੰਧ ਕਰਨ ਲਈ ਭੇਜਿਆ। ਫਿਰ ਸਰਦਾਰ ਠਾਕਰ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਦੇ ਉਦੇਸ਼ ਦੀ ਪ੍ਰਾਪਤੀ ਲਈ ਫਰਾਂਸ ਦੀ ਕਲੋਨੀ ਪਾਂਡੀਚਰੀ ਵਿਖੇ ਜਲਾਵਤਨੀ ਭੋਗੀ। ਮਹਾਰਾਜਾ ਦਲੀਪ ਸਿੰਘ ਨੇ ਸਰਦਾਰ ਠਾਕਰ ਸਿੰਘ ਨੂੰ ਆਪਣੇ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਅਤੇ ਭਾਰਤ ਦਾ ਏਲਚੀ ਮਨੋਨੀਤ ਕੀਤਾ। ਮਹਾਰਾਜੇ ਨੇ ਸਰਦਾਰ ਠਾਕਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਫਰਾਂਸ ਦੀ ਸਰਕਾਰ ਤੋਂ ਮਾਇਕ ਮਦਦ ਨਾ ਲਏ। ਸੰਧਾਵਾਲੀਏ ਨੇ ਫਰਾਂਸ ਦੀ ਸਰਕਾਰ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਪਾਂਡੀਚਰੀ ਰਹਿੰਦਿਆਂ, ਸਰਦਾਰ ਠਾਕਰ ਸਿੰਘ ਨੇ ਭਾਰਤੀ ਰਿਆਸਤੀ ਰਾਜਿਆਂ ਨੂੰ ਮਹਾਰਾਜਾ ਦਲੀਪ ਦੇ ਸਰੋਕਾਰ ਬਾਰੇ ਸੋਚਣ ਲਈ ਚਿੱਠੀ ਪੱਤਰ ਕੀਤਾ।
ਪਰ ਸਰਦਾਰ ਠਾਕਰ ਸਿੰਘ ਸੰਧਾਵਾਲੀਏ ਦੇ ਯਤਨ ਅਸਫ਼ਲ ਰਹੇ ਕਿਉਂਕਿ ਭਾਰਤ ਵਿਚ ਬਰਤਾਨਵੀ ਹਕੂਮਤ ਨੇ ਸਿਵਲ ਅਤੇ ਫ਼ੌਜੀ ਸੰਗਠਨ ਬਹੁਤ ਮਜ਼ਬੂਤ ਕਰ ਲਿਆ ਸੀ। ਇਕੱਲਾ-ਦੁਕੱਲਾ ਸਰਦਾਰ ਇਸ ਰਾਜ ਦਾ ਕੁਝ ਵਿਗਾੜ ਨਹੀਂ ਸਕਦਾ ਸੀ। ਸਰਦਾਰ ਠਾਕਰ ਸਿੰਘ ਸੰਧਾਵਾਲੀਆ ਮਾਯੂਸੀ ਵਿਚ 18 ਅਗਸਤ 1887 ਨੂੰ ਪਰਲੋਕ ਸਿਧਾਰ ਗਿਆ। 8 ਸਤੰਬਰ ਨੂੰ ਮਹਾਰਾਣੀ ਬੰਬਾ ਪਰਲੋਕ ਸੁਧਾਰ ਗਈ। ਮਹਾਰਾਜੇ ਦਾ ਰੂਸ ਵਿਚ ਹਮਦਰਦ ਕੈਟਕੌਫ ਵੀ ਚੱਲ ਵੱਸਿਆ। ਜਦੋਂ ਉਹ ਬਰਲਿਨ ਵਿਚ ਠਹਿਰਿਆ ਹੋਇਆ ਸੀ ਤਾਂ ਉਸ ਦੀ ਨਗਦੀ ਅਤੇ ਹੋਰ ਸਾਮਾਨ ਚੋਰੀ ਹੋ ਗਿਆ। ਆਪਣੇ ਗੁਜ਼ਾਰੇ ਲਈ ਮਹਾਰਾਜੇ ਨੂੰ ਆਪਣੀਆਂ ਪੁਸ਼ਾਕਾਂ ਵੇਚਣੀਆਂ ਪਈਆਂ। ਮਜਬੂਰੀਵੱਸ ਮਹਾਰਾਜੇ ਨੂੰ ਹੋਟਲ ਛੱਡ ਕੇ ਆਮ ਜਿਹੇ ਨਿੱਜੀ ਘਰ ਵਿਚ ਦਿਨ ਗੁਜ਼ਾਰਣੇ ਪਏ। 3 ਨਵੰਬਰ 1889 ਨੂੰ ਉਹ ਫਰਾਂਸ ਵਾਪਸ ਆ ਗਿਆ। 21 ਮਈ 1889 ਵਿਚ ਉਸ ਨੇ ਇਕ ਅੰਗਰੇਜ਼ ਲੜਕੀ ਅੱਦਾ ਦੋਅਗਲਸ ਵੈਦਰਿਲ ਨਾਲ ਵਿਆਹ ਕਰਵਾ ਲਿਆ। ਇਹ ਲੜਕੀ ਫਰਾਂਸ ਤੋਂ ਰੂਸ ਤਕ ਦੇ ਸਫ਼ਰ ਅਤੇ ਬਾਅਦ ਵਿਚ ਮਹਾਰਾਜੇ ਨਾਲ ਰਹੀ। ਇਸ ਨੇ ਹਮੇਸ਼ਾ ਹੀ ਮਹਾਰਾਜੇ ਨੂੰ ਆਪਣੀਆਂ ਯੋਜਨਾਵਾਂ ਨੂੰ ਨੇਪਰੇ ਚਾੜ੍ਹਨ ਤੋਂ ਰੋਕਿਆ। ਮਹਾਰਾਜੇ ਦੀ ਵੱਡੀ ਬੇਟੀ ਸ਼ਹਿਜ਼ਾਦੀ ਬੰਬਾ ਦੀ ਰਾਏ ਸੀ ਕਿ ਇਹ ਅੰਗਰੇਜ਼ ਲੜਕੀ ਅੰਗਰੇਜ਼ੀ ਸਰਕਾਰ ਦੀ ਜਾਸੂਸ ਸੀ।
ਜਦੋਂ ਮਹਾਰਾਜਾ ਗਰੈਂਡ ਹੋਟਲ ਪੈਰਿਸ ਵਿਚ ਆਖ਼ਰੀ ਦਿਨ ਲੰਘਾ ਰਿਹਾ ਸੀ ਤਾਂ ਜੁਲਾਈ 1890 ਵਿਚ ਉਸ ਨੂੰ ਅਧਰੰਗ ਹੋ ਗਿਆ। 22 ਅਕਤੂਬਰ 1893 ਨੂੰ ਮਹਾਰਾਜਾ ਗ੍ਰੈਂਡ ਹੋਟਲ ਪੈਰਿਸ ਵਿਚ ਪਰਲੋਕ ਸਿਧਾਰ ਗਿਆ। ਬਾਅਦ ਵਿਚ ਉਸ ਦੇ ਲੜਕੇ ਵਿਕਟਰ ਇਮੈਨੁਅਲ ਨੇ ਆਪਣੇ ਬਾਪ ਦੀ ਦੇਹ ਨੂੰ ਲਿਆ ਕੇ ਐਲਵਿਡਨ ਹਾਲ ਦੇ ਚਰਚ ਦੀ ਜ਼ਮੀਨ ਵਿਚ ਦਫ਼ਨਾ ਦਿੱਤਾ। 1894 ਵਿਚ ਇਹ ਐਸਟੇਟ ਲਾਰਡ ਇਵਾਅਗ ਨੂੰ ਵੇਚ ਦਿੱਤੀ। ਇਹ ਉਹੀ ਇੰਗਲੈਂਡ ਦੀ ਨਿਰਦਈ ਧਰਤੀ ਸੀ ਜਿਸ ਨੂੰ ਮਹਾਰਾਜਾ ਛੱਡ ਗਿਆ ਸੀ। ਮਹਾਰਾਜੇ ਦੀ ਮੌਤ ਨਾਲ ਨਾ ਕੇਵਲ ਪੰਜਾਬ ਦੇ ਸ਼ਾਹੀ ਖਾਨਦਾਨ ਦਾ ਅੰਤ ਹੋਇਆ ਸਗੋਂ ਸੁਤੰਤਰਤਾ ਦੀ ਆਖ਼ਰੀ ਚਿਣਗ ਵੀ ਬੁਝ ਗਈ।
ਸੰਪਰਕ: 98158-46460