ਪੰਜਾਬ ਵਿੱਚ ਸਿੱਖ ਰਾਜ ਦੇ ਪਤਨ ਤੋਂ ਬਾਅਦ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਦੇ ਹੱਥਾਂ ’ਚ ਆ ਗਿਆ ਸੀ ਜਿਨ੍ਹਾਂ ਨੂੰ ਅੰਗਰੇਜ਼ ਹਕੂਮਤ ਵੱਲੋਂ ਨਿਯੁਕਤ ਕੀਤਾ ਜਾਂਦਾ ਸੀ। ਸਿੱਖ ਰਾਜ ਵੇਲੇ ਖ਼ਾਲਸਾ ਸਰਕਾਰ ਦੁਆਰਾ ਦਿੱਤੀ ਜਾਂਦੀ ਭੇਟਾ ਅਤੇ ਸਿੱਖ ਸੰਗਤ ਦੁਆਰਾ ਚੜ੍ਹਾਏ ਜਾਂਦੇ ਚੜ੍ਹਾਵੇ ਸਦਕਾ ਇਨ੍ਹਾਂ ਗੁਰਦੁਆਰਿਆਂ ਕੋਲ ਭਾਰੀ ਚੱਲ ਤੇ ਅਚੱਲ ਜਾਇਦਾਦ ਸੀ ਅਤੇ ਮਹੰਤਾਂ ਦੀ ਨਿਗਾਹ ਗੁਰਧਾਮਾਂ ਦੀ ਮਾਇਆ ’ਤੇ ਟਿਕੀ ਹੋਈ ਸੀ। ਅੰਗਰੇਜ਼ ਹਕੂਮਤ ਦਾ ਥਾਪੜਾ ਪਾ ਕੇ ਮਹੰਤ ਗੁਰਦੁਆਰਿਆਂ ਦੇ ਕਾਨੂੰਨੀ ਮਾਲਕਾਂ ਵਜੋਂ ਵਿਚਰਨ ਲੱਗ ਪਏ ਸਨ ਅਤੇ ਇਹ ਗੱਲ ਸਾਹਮਣੇ ਆਈ ਕਿ ਔਸਤਨ ਮਹੰਤ ਦਾ ਰਹਿਣ-ਸਹਿਣ ਖੱਬੀ ਖ਼ਾਨ ਤੇ ਭ੍ਰਿਸ਼ਟ ਜਾਗੀਰਦਾਰ ਦੇ ਬਰਾਬਰ ਹੁੰਦਾ ਸੀ।
ਇਸ ਪਿਛੋਕੜ ਵਿੱਚ ਸਿੱਖ ਭਾਈਚਾਰੇ ਅੰਦਰ ਗੁਰਬਾਣੀ ਦੇ ਆਸ਼ੇ ਦੇ ਦਾਇਰੇ ਹੇਠ ਗੁਰਦੁਆਰਾ ਸੁਧਾਰ ਲਹਿਰ 1920 ਸ਼ੁਰੂ ਹੋਈ। ਇਹ ਸਿੱਖ ਭਾਈਚਾਰੇ ਦੀ ਇੱਕ ਲੋਕ ਲਹਿਰ ਸੀ ਜਦੋਂਕਿ ਹਕੂਮਤ ਪੱਖੀ ਸਿੱਖ ਕੁਲੀਨ ਵਰਗ ਦੀ ਨੁਮਾਇੰਦਗੀ ਕਰਨ ਵਾਲਾ ਚੀਫ ਖ਼ਾਲਸਾ ਦੀਵਾਨ ਆਪਣੇ ਬਸਤੀਵਾਦੀ ਹਾਕਮਾਂ ਨੂੰ ਖ਼ੁਸ਼ ਰੱਖਣ ਲਈ ਆਮ ਤੌਰ ’ਤੇ ਮਹੰਤ ਪ੍ਰਥਾ ਦੇ ਹੱਕ ਵਿੱਚ ਭੁਗਤਿਆ। ਲਿਹਾਜ਼ਾ, ਇਹ ਤੈਅ ਕੀਤਾ ਗਿਆ ਕਿ ਅੰਗਰੇਜ਼ ਹਕੂਮਤ ਕਿੰਨਾ ਵੀ ਜਬਰ ਕਰ ਕੇ ਸਿੱਖ ਅਵਾਮ ਨੂੰ ਭੜਕਾਉਣ ਦੀ ਕੋਸ਼ਿਸ਼ ਕਰੇ, ਪਰ ਮਹੰਤਾਂ ਨਾਲ ਟੱਕਰ ਲੈਣ ਸਮੇਂ ਅੰਦੋਲਨ ਹਰ ਸੂਰਤ ਵਿੱਚ ਸ਼ਾਂਤਮਈ ਅਤੇ ਅਹਿੰਸਕ ਰੱਖਿਆ ਜਾਵੇ। ਇਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਬੇਮਿਸਾਲ ਇਨਕਲਾਬ ਦੀ ਮਿਸਾਲ ਬਣੀ ਜਿਸ ਨੇ ਬਸਤੀਵਾਦੀ ਹਿੰਦੋਸਤਾਨ ਅੰਦਰ ਸਿੱਖਾਂ ਬਾਰੇ ਚਲੀਆਂ ਆ ਰਹੀਆਂ ਬਹੁਤ ਸਾਰੀਆਂ ਧਾਰਨਾਵਾਂ ਨੂੰ ਬਦਲ ਦਿੱਤਾ। ਉਨ੍ਹਾਂ ਸਮਿਆਂ ਦੌਰਾਨ ਫ਼ੌਜ ਵਿੱਚ ਸਿੱਖਾਂ ਦੀ ਨਫ਼ਰੀ ਦਾ ਅਨੁਪਾਤ ਬਹੁਤ ਜ਼ਿਆਦਾ ਸੀ ਅਤੇ ਕੁਝ ਦੂਜੇ ਤਬਕੇ ਸਿੱਖਾਂ ਨੂੰ ਅੰਗਰੇਜ਼ ਭਗਤ ਦੇ ਰੂਪ ਵਿੱਚ ਦੇਖਦੇ ਸਨ। ਜਦੋਂ ਸਿੱਖ ਸ਼ਾਂਤਮਈ ਅੰਦੋਲਨ ਰਾਹੀਂ ਆਪਣੇ ਗੁਰਧਾਮਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਿੱਚ ਸਫ਼ਲ ਹੋ ਗਏ ਤਾਂ ਇਨ੍ਹਾਂ ਦੇ ਪ੍ਰਬੰਧ ਲਈ ਸਿੱਖਾਂ ਦੀ ਪ੍ਰਤੀਨਿਧ ਇੱਕ ਨਵੀਂ ਸੰਸਥਾ ਦਾ ਜਨਮ ਹੋਇਆ। ਮਹਾਤਮਾ ਗਾਂਧੀ ਨੇ ਲਹਿਰ ਦੀ ਕਾਮਯਾਬੀ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਸੀ ਕਿ ‘‘ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ!’’ ਗੁਰਦੁਆਰਾ ਸੁਧਾਰ ਲਹਿਰ ਦੀ ਕਾਮਯਾਬੀ ਤੋਂ ਪ੍ਰੇਰਿਤ ਹੋ ਕੇ 1930 ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਇੰਡੀਅਨ ਨੈਸ਼ਨਲ ਕਾਂਗਰਸ ਨੇ ‘ਨਮਕ ਸੱਤਿਆਗ੍ਰਹਿ’ ਦੀ ਸ਼ੁਰੂਆਤ ਕੀਤੀ ਸੀ।
ਗੁਰਦੁਆਰਾ ਸੁਧਾਰ ਲਹਿਰ ਵਿੱਚ ਬੇਮਿਸਾਲ ਯੋਗਦਾਨ ਪਾਉਣ ਵਾਲੇ ਹਜ਼ਾਰਾਂ ਸਿੱਖਾਂ ਵਿੱਚੋਂ ਇੱਕ ਸਰਦਾਰ ਤੇਜਾ ਸਿੰਘ ਸਮੁੰਦਰੀ ਵੀ ਸਨ ਜਿਨ੍ਹਾਂ ਇਸ ਕਾਜ਼ ਦੀ ਖ਼ਾਤਰ 1926 ਵਿੱਚ 44 ਸਾਲ ਦੀ ਉਮਰ ’ਚ ਜੇਲ੍ਹ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ, ਪਰ ਅੰਗਰੇਜ਼ ਹਕੂਮਤ ਦੀ ਈਨ ਨਾ ਮੰਨੀ। 1936 ਵਿੱਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਕੰਪਲੈਕਸ ਅੰਦਰ ਉਨ੍ਹਾਂ ਦੀ ਯਾਦ ਵਿੱਚ ਇੱਕ ਹਾਲ ਦਾ ਨਿਰਮਾਣ ਕੀਤਾ ਗਿਆ।
ਤੇਜਾ ਸਿੰਘ ਸਮੁੰਦਰੀ ਦਾ ਜਨਮ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਰਾਏ ਬੁਰਜ ਕਾ (ਸਰਹਾਲੀ) ਵਿੱਚ ਹੋਇਆ। ਉਨ੍ਹਾਂ ਦਾ ਪਰਿਵਾਰ ਲਹਿੰਦੇ ਪੰਜਾਬ ਦੇ ਲਾਇਲਪੁਰ ਜ਼ਿਲ੍ਹੇ ਦੀ ਸਮੁੰਦਰੀ ਤਹਿਸੀਲ ਵਿੱਚ ਕਈ ਮੁਰੱਬੇ ਜ਼ਮੀਨ ਦਾ ਮਾਲਕ ਸੀ ਜਿਸ ਕਰਕੇ ਸਮੁੰਦਰੀ ਉਨ੍ਹਾਂ ਦਾ ਪਰਿਵਾਰਕ ਤਖੱਲਸ ਬਣ ਗਿਆ। ਆਪਣੇ ਪਿਤਾ ਸਰਦਾਰ ਦੇਵਾ ਸਿੰਘ ਦੀ ਤਰ੍ਹਾਂ ਤੇਜਾ ਸਿੰਘ ਸਮੁੰਦਰੀ ਨੇ ਵੀ ਫ਼ੌਜ ਵਿੱਚ ਸੇਵਾ ਨਿਭਾਈ। 1911 ਵਿੱਚ ਉਨ੍ਹਾਂ ਦਾ ਤਬਾਦਲਾ ਕਲਕੱਤੇ ਤੋਂ ਦਿੱਲੀ ਹੋਇਆ ਤਾਂ ਅੰਗਰੇਜ਼ਾਂ ਨੇ ਇੱਕ ਨਵੇਂ ਪ੍ਰਾਜੈਕਟ ਦੇ ਨਿਰਮਾਣ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਚਾਰਦੀਵਾਰੀ ਤੋੜ ਕੇ ਕੁਝ ਜ਼ਮੀਨ ਗ੍ਰਹਿਣ ਕਰ ਲਈ। ਇਸ ਲਈ ਗੁਰਦੁਆਰੇ ਦੇ ਮਹੰਤ ਦੀ ਸਹਿਮਤੀ ਵੀ ਲੈ ਲਈ ਸੀ। ਇਸ ਕਾਰਵਾਈ ਤੋਂ ਸਿੱਖ ਸੰਗਤਾਂ ਅੰਦਰ ਰੋਸ ਪੈਦਾ ਹੋ ਗਿਆ ਅਤੇ ਸ਼ਰਧਾਵਾਨ ਸਿੱਖ ਹੋਣ ਨਾਤੇ ਤੇਜਾ ਸਿੰਘ ਸਮੁੰਦਰੀ ਵੀ ਇਸ ਤੋਂ ਪ੍ਰਭਾਵਿਤ ਹੋਏ। ਹਰਚੰਦ ਸਿੰਘ ਲਾਇਲਪੁਰੀ ਅਤੇ ਤੇਜਾ ਸਿੰਘ ਸਮੁੰਦਰੀ ਦੀ ਅਗਵਾਈ ਹੇਠ ਸਿੱਖ ਜਥੇ ਦਿੱਲੀ ਪਹੁੰਚਣ ਲੱਗੇ। ਸਿੱਖਾਂ ਦੇ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਅੰਗਰੇਜ਼ ਹਕੂਮਤ ਨੇ ਪਹਿਲੀ ਆਲਮੀ ਜੰਗ ਤੱਕ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖਣ ਦਾ ਭਰੋਸਾ ਦਿਵਾਇਆ ਅਤੇ ਜੰਗ ਖ਼ਤਮ ਹੋਣ ਤੋਂ ਬਾਅਦ ਗੁਰੂਘਰ ਦੀ ਚਾਰਦੀਵਾਰੀ ਮੁੜ ਬਣਾ ਦਿੱਤੀ ਗਈ। ਇਸ ਨਾਲ ਸਿੱਖ ਭਾਈਚਾਰੇ ਅੰਦਰ ਜਨਤਕ ਸੰਘਰਸ਼ ਦਾ ਭਰੋਸਾ ਪੈਦਾ ਹੋਇਆ।
ਤੇਜਾ ਸਿੰਘ ਸਮੁੰਦਰੀ ਸਿੱਖਿਆ ਦੇ ਪਸਾਰ ਵਿੱਚ ਬਹੁਤ ਗਹਿਰੀ ਰੁਚੀ ਲੈਂਦੇ ਸਨ। ਉਨ੍ਹਾਂ ਲਾਇਲਪੁਰ ਵਿੱਚ ਖਾਲਸਾ ਹਾਈ ਸਕੂਲ, ਚੱਕ ਨੰਬਰ 41 ਵਿੱਚ ਬਾਰ ਖ਼ਾਲਸਾ ਹਾਈ ਸਕੂਲ, ਸਮੁੰਦਰੀ ਦੇ ਚੱਕ ਨੰਬਰ 140 ਵਿੱਚ ਖ਼ਾਲਸਾ ਮਿਡਲ ਸਕੂਲ ਅਤੇ ਸਰਹਾਲੀ ਵਿੱਚ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਸਥਾਪਤ ਕਰਵਾਏ। ਉਹ ਬੱਚਿਆਂ ਨੂੰ ਵਿੱਤੀ ਸਿੱਖਿਆ ਦੇਣ, ਛੂਆਛਾਤ ਦੇ ਖਾਤਮੇ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ’ਤੇ ਬਹੁਤ ਜ਼ੋਰ ਦਿੰਦੇ ਸਨ। ਗੁਰਦੁਆਰਾ ਨਨਕਾਣਾ ਸਾਹਿਬ ਦੇ ਮੋਰਚੇ ਦੌਰਾਨ ‘ਅਕਾਲੀ’ ਅਖ਼ਬਾਰ ਵਿੱਚ ਛਪੀ ਕਿਸੇ ਖ਼ਬਰ ਤੋਂ ਲਾਹੌਰ ਦਾ ਕਮਿਸ਼ਨਰ ਜੀ.ਕੇ. ਕਿੰਗ ਅਤੇ ਉਸ ਦਾ ਡੀਆਈਜੀ ਬੋਰਿੰਗ ਕਾਫ਼ੀ ਖ਼ਫ਼ਾ ਸਨ। ਉਨ੍ਹਾਂ ਨੇ ਅਖ਼ਬਾਰ ਖਿਲਾਫ਼ ਚਾਲੀ ਹਜ਼ਾਰ ਰੁਪਏ ਦੇ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਜੋ ਉਸ ਵੇਲੇ ਬਹੁਤ ਵੱਡੀ ਰਕਮ ਸੀ। ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਅਖ਼ਬਾਰ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਜ਼ਮੀਨ ਗਹਿਣੇ ਰੱਖ ਕੇ ਅਖ਼ਬਾਰ ਦੇ ਛਾਪਕਾਂ ਦੀ ਜ਼ਾਮਨੀ ਦੇਣਗੇ।
ਇਸੇ ਤਰ੍ਹਾਂ ਨਾਭੇ ਦੇ ਮੋਰਚੇ ਦੌਰਾਨ ਗੁਰਦੁਆਰੇ ਦੀ ਜਾਇਦਾਦ ਦਾ ਇੱਕ ਕੇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਈ ਕੋਰਟ ਵਿੱਚ ਹਾਰ ਗਈ ਅਤੇ ਪ੍ਰਿਵੀ ਕੌਂਸਲ ਕੋਲ ਅਪੀਲ ਕਰਨ ਲਈ ਇਸ ਨੂੰ ਡੇਢ ਲੱਖ ਰੁਪਏ ਦੀ ਲੋੜ ਸੀ। ਸ਼੍ਰੋਮਣੀ ਕਮੇਟੀ ਮਸਾਂ ਪੰਝੱਤਰ ਹਜ਼ਾਰ ਰੁਪਏ ਹੀ ਇਕੱਤਰ ਕਰ ਸਕੀ। ਬਾਕੀ ਦੇ ਪੰਝੱਤਰ ਹਜ਼ਾਰ ਰੁਪਏ ਤੇਜਾ ਸਿੰਘ ਸਮੁੰਦਰੀ ਨੇ ਆਪਣੀ ਪੰਜਾਹ ਏਕੜ ਜ਼ਮੀਨ ਗਹਿਣੇ ਰੱਖ ਕੇ ਜੁਟਾਏ। ਬਾਅਦ ਵਿੱਚ ਪ੍ਰਿਵੀ ਕੌਂਸਲ ਵਿੱਚ ਸ਼੍ਰੋਮਣੀ ਕਮੇਟੀ ਦੇ ਕੇਸ ਜਿੱਤ ਜਾਣ ’ਤੇ ਇਹ ਜ਼ਮੀਨ ਵਾਪਸ ਸਮੁੰਦਰੀ ਪਰਿਵਾਰ ਨੂੰ ਮਿਲ ਸਕੀ, ਪਰ ਇਸੇ ਦੌਰਾਨ ਸਰਦਾਰ ਤੇਜਾ ਸਿੰਘ ਸਮੁੰਦਰੀ ਜੇਲ੍ਹ ਵਿੱਚ ਦਮ ਤੋੜ ਗਏ।
ਗੁਰਦੁਆਰਾ ਸੁਧਾਰ ਲਹਿਰ ਦੌਰਾਨ ਅੰਦੋਲਨਕਾਰੀ ਸਿੱਖਾਂ ਦੇ ਪਰਿਵਾਰਾਂ ਦੀ ਮਦਦ ਲਈ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਸਿੱਖ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦਾ ਗਠਨ ਕੀਤਾ ਸੀ ਜੋ ਅੰਦੋਲਨਕਾਰੀ ਸਿੱਖਾਂ ਦੇ ਕੇਸਾਂ ਦੀ ਪੈਰਵੀ ਕਰਨ ਵਿੱਚ ਮਦਦ ਦਿੰਦੀ ਸੀ। ਬਾਅਦ ਵਿੱਚ ਇਸ ਦਾ ਨਾਂ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਕਰ ਦਿੱਤਾ ਗਿਆ ਜਿਸ ਦੀ ਯਾਦ ਵਿੱਚ ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਕਮੇਟੀ ਹਾਲ ਬਣਾਇਆ ਗਿਆ।
ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਪੰਜਾਬੀ ਅਤੇ ਉਰਦੂ ਭਾਸ਼ਾਵਾਂ ਵਿੱਚ ਰਸਾਲੇ ਸ਼ੁਰੂ ਕਰਨ ਲਈ ਨਿੱਗਰ ਯਤਨ ਕੀਤੇ ਜਿਨ੍ਹਾਂ ਸਦਕਾ ਪਰਵਾਸੀ ਸਿੱਖਾਂ ਦੀ ਮਦਦ ਨਾਲ 1923 ਵਿੱਚ ਅੰਗਰੇਜ਼ੀ ਦਾ ਅਖ਼ਬਾਰ ‘ਹਿੰਦੋਸਤਾਨ ਟਾਈਮਜ਼’ ਸ਼ੁਰੂ ਕੀਤਾ ਗਿਆ ਜਿਸ ਨੂੰ ਬਾਅਦ ਵਿੱਚ ਪੰਡਤ ਮਦਨ ਮੋਹਨ ਮਾਲਵੀਆ ਨੇ ਖਰੀਦ ਲਿਆ ਸੀ ਅਤੇ ਸਿੱਖਾਂ ਦਾ ਚੰਦਾ ਮੋੜ ਦਿੱਤਾ ਗਿਆ। ਗੁਰਦੁਆਰਾ ਸੁਧਾਰ ਲਹਿਰ ਦੇ ਸਿੱਟੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ, 1925 ਪਾਸ ਕੀਤਾ ਗਿਆ। ਇਸ ਦੇ ਇਵਜ਼ ਵਿੱਚ ਅੰਗਰੇਜ਼ ਸਿੱਖਾਂ ਤੋਂ ਇਹ ਭਰੋਸਾ ਲੈਣਾ ਚਾਹੁੰਦੇ ਸਨ ਕਿ ਉਹ ਭਵਿੱਖ ਵਿੱਚ ਸਰਕਾਰ ਖਿਲਾਫ਼ ਕੋਈ ਸੰਘਰਸ਼ ਨਹੀਂ ਕਰਨਗੇ ਅਤੇ ਇਸ ਕਾਨੂੰਨ ਵਿੱਚ ਕੋਈ ਸੋਧ ਵੀ ਨਹੀਂ ਕੀਤੀ ਜਾਵੇਗੀ। ਪੰਜਾਬ ਦੇ ਗਵਰਨਰ ਨੇ 25 ਜਨਵਰੀ 1926 ਨੂੰ ਪੰਜਾਬ ਵਿਧਾਨ ਪ੍ਰੀਸ਼ਦ ਵਿੱਚ ਕੀਤੀ ਤਕਰੀਰ ਵਿੱਚ ਇਨ੍ਹਾਂ ਨੁਕਤਿਆਂ ’ਤੇ ਜ਼ੋਰ ਦਿੱਤਾ ਸੀ। ਇਸ ਕਰਕੇ ਜੇਲ੍ਹਾਂ ਵਿੱਚ ਬੰਦ ਸਿੱਖ ਆਗੂਆਂ ਵਿੱਚ ਫੁੱਟ ਪੈ ਗਈ। ਵੀਹ ਕੁ ਆਗੂਆਂ ਦਾ ਇੱਕ ਧੜਾ ਸਰਕਾਰ ਦੀਆਂ ਮੰਗਾਂ ਪ੍ਰਵਾਨ ਕਰਨ ਦੇ ਹੱਕ ਵਿੱਚ ਸੀ ਜਦੋਂਕਿ 11 ਆਗੂਆਂ ਦਾ ਦੂਜਾ ਧੜਾ ਸਰਕਾਰ ਦੀ ਕੋਈ ਵੀ ਸ਼ਰਤ ਮੰਨਣ ਲਈ ਤਿਆਰ ਨਹੀਂ ਸੀ। ਇਸ ਧੜੇ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ, ਸਰਦਾਰ ਸੁਰਮੁਖ ਸਿੰਘ ਝਬਾਲ ਅਤੇ ਮਾਸਟਰ ਤਾਰਾ ਸਿੰਘ ਪ੍ਰਮੁੱਖ ਸਨ ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਕਿਸਮ ਦੀਆਂ ਜ਼ਲਾਲਤ ਭਰੀਆਂ ਸ਼ਰਤਾਂ ਨੂੰ ਠੋਕਰ ਮਾਰ ਦੇਣਗੇ। ਬਾਅਦ ਵਿੱਚ ਸ਼ਰਤਾਂ ਮੰਨਣ ਵਾਲੇ ਧੜੇ ਨੂੰ ਸਰਕਾਰ ਨੇ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਅਤੇ ਦੂਜੇ ਆਗੂ ਜੇਲ੍ਹ ਵਿੱਚ ਹੀ ਰਹੇ। 17 ਜੁਲਾਈ 1926 ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਜੇਲ੍ਹ ਵਿੱਚ ਹੀ ਫ਼ੌਤ ਹੋ ਗਏ। ਉਨ੍ਹਾਂ ਦੇ ਦੇਹਾਂਤ ਕਾਰਨ ਅੰਦੋਲਨ ਹੋਰ ਤੇਜ਼ ਹੋ ਗਿਆ ਅਤੇ ਸਰਕਾਰ ਬਾਕੀ ਆਗੂਆਂ ਦੀ ਰਿਹਾਈ ਲਈ ਮਜਬੂਰ ਹੋ ਗਈ।
ਤੇਜਾ ਸਿੰਘ ਸਮੁੰਦਰੀ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਅੰਗਰੇਜ਼ ਹਕੂਮਤ ਖਿਲਾਫ਼ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਗਦਰ ਲਹਿਰ ਦੀ ਅਗਵਾਈ ਹੇਠ ਚੱਲ ਰਹੀਆਂ ਲਹਿਰਾਂ ਵਿੱਚ ਵੀ ਯੋਗਦਾਨ ਪਾਉਂਦੇ ਰਹੇ। ਉਹ 1923 ਵਿੱਚ ਕਾਂਗਰਸ ਵੱਲੋਂ ਬਣਾਈ ਗਈ ਆਲ ਇੰਡੀਆ ਸਬਜੈਕਟਸ ਕਮੇਟੀ ਦਾ ਹਿੱਸਾ ਰਹੇ ਅਤੇ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ, ਜਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਜਿਹੇ ਇਨਕਲਾਬੀਆਂ ਦੇ ਸੰਪਰਕ ਵਿੱਚ ਸਨ। ਤੇਜਾ ਸਿੰਘ ਸਮੁੰਦਰੀ ਦੇ ਇੱਕ ਪੁੱਤਰ ਪ੍ਰੋ. ਬਿਸ਼ਨ ਸਿੰਘ ਸਮੁੰਦਰੀ ਖਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਅਤੇ 1969 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਨੀ ਉਪ-ਕੁਲਪਤੀ ਬਣੇ। ਉਨ੍ਹਾਂ ਦਾ ਪੋਤਰਾ ਤਰਨਜੀਤ ਸਿੰਘ ਸੰਧੂ ਤੇ ਉਨ੍ਹਾਂ ਦੀ ਪਤਨੀ ਰੀਨਤ ਕੌਰ ਇਸ ਵੇਲੇ ਕ੍ਰਮਵਾਰ ਅਮਰੀਕਾ ਅਤੇ ਨੈਦਰਲੈਂਡਜ਼ ਵਿਖੇ ਭਾਰਤੀ ਸਫ਼ੀਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਸੰਪਰਕ: 98760-87191