ਕੇ.ਐਲ. ਗਰਗ
ਪੁਸਤਕ ਪੜਚੋਲ
ਸ਼ਾਹਿਦ ਨਦੀਮ ਲਹਿੰਦੇ ਪੰਜਾਬ ਦੇ ਪ੍ਰਮੁੱਖ ਨਾਟਕਕਾਰਾਂ ਵਿਚ ਪ੍ਰਮੁੱਖ ਅਤੇ ਚਰਚਿਤ ਨਾਂ ਹੈ ਜਿਸ ਦੇ ਨਾਟਕਾਂ ਨੇ ਦੋਵੇਂ ਪੰਜਾਬਾਂ ਵਿਚ ਆਪਸੀ ਗੁਣਵੱਤਾ, ਸੁਨੇਹੇ ਅਤੇ ਸ਼ੈਲੀ ਕਾਰਨ ਦਰਸ਼ਕਾਂ ਵਿਚ ਬਹੁਤ ਹਰਮਨ ਪਿਆਰਤਾ ਹਾਸਲ ਕੀਤੀ ਹੈ। ਪਾਕਿਸਤਾਨ ’ਚ ਵੱਕਾਰੀ ਅਹੁਦਿਆਂ ’ਤੇ ਕੰਮ ਕਰਦਿਆਂ ਉਸ ਨੇ ਨਾਟਕ ਦੇ ਖੇਤਰ ਵਿਚ ਅਦਭੁੱਤ ਸਫ਼ਲਤਾ ਹਾਸਲ ਕੀਤੀ ਹੈ।
ਡਾ. ਅਰਵਿੰਦਰ ਕੌਰ ਧਾਲੀਵਾਲ ਨੇ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ‘ਸ਼ਾਹਿਦ ਨਦੀਮ ਦੇ ਨਾਟਕ’ (ਕੀਮਤ: 695 ਰੁਪਏ; ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ/ਕੋਟਕਪੂਰਾ) ਸਿਰਲੇਖ ਹੇਠ ਉਸ ਦੇ ਕੁੱਲ ਪੰਦਰ੍ਹਾਂ ਛੋਟੇ-ਵੱਡੇ ਨਾਟਕਾਂ ਦਾ ਲਿਪੀਅੰਤਰ ਅਤੇ ਸੰਪਾਦਨ ਕੀਤਾ ਹੈ। ਸ਼ਾਹਿਦ ਨਦੀਮ ਦੇ ਨਾਟਕਾਂ ਬਾਰੇ ਖ਼ੁਦ ਡਾ. ਅਰਵਿੰਦਰ ਕੌਰ ਧਾਲੀਵਾਲ ਹੀ ਆਖਦੇ ਹਨ: ‘‘ਸ਼ਾਹਿਦ ਨਦੀਮ ਦੇ ਡਰਾਮਿਆਂ ’ਚ ਲਿੰਗਕ ਅਸਮਾਨਤਾ, ਬਾਲ ਹੱਕ, ਧਾਰਮਿਕ ਅਸਹਿਣਸ਼ੀਲਤਾ, ਪਰਿਆਵਰਣ, ਬੰਧੂਆ ਮਜ਼ਦੂਰੀ ਅਤੇ ਅਣਖ ਖ਼ਾਤਰ ਕਤਲਾਂ ਦੇ ਖ਼ਿਲਾਫ ਸੰਵੇਦਨਸ਼ੀਲ ਇਨਸਾਨੀ ਹਾਹਾਕਾਰ ਮਾਨਵਤਾ ਨੂੰ ਹਲੂਣਦੀ ਰਹਿੰਦੀ ਹੈ।’’
ਅਸਲ ਵਿਚ ਤਾਂ ਇਸ ਪੁਸਤਕ ਵਿਚਲੇ ਬਹੁਤੇ ਨਾਟਕ (ਇਕ-ਦੋ ਨੂੰ ਛੱਡ ਕੇ) ਔਰਤ ਦੇ ਜੀਵਨ ਦੇ ਦੁਖਾਂਤਕ ਪਹਿਲੂਆਂ ਨੂੰ ਹੀ ਉਜਾਗਰ ਕਰਦੇ ਹਨ। ਖੁਰ ਰਹੀ ਜਗੀਰਦਾਰੀ ਅਤੇ ਪਨਪ ਰਹੇ ਪੂੰਜੀਵਾਦ ਵਿਚ ਔਰਤ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਸ ਦਾ ਹੀ ਕੱਚਾ ਚਿੱਠਾ ਇਨ੍ਹਾਂ ਨਾਟਕਾਂ ਵਿਚ ਪੇਸ਼ ਹੋਇਆ ਹੈ। ਇਕ ਨਾਟਕ ‘ਮੈਨੂੰ ਕਾਰੀ ਕਰੇਂਦੇ ਨੀ ਮਾਏ’ ਦੀ ਇਕ ਪਾਤਰ ਅੰਮਾ ਸੈਣ ਇਕ ਪੁੱਛ ਦੇ ਉੱਤਰ ਵਿਚ ਆਖਦੀ ਹੈ, ‘‘ਸਾਡਾ ਕਸੂਰ ਹੈ ਜ਼ਨਾਨੀ ਹੋਵਣਾ। ਇਹੋ ਹੀ ਹੈ ਸਾਡਾ ਕਸੂਰ ਤੇ ਸਾਡਾ ਰਵਾਜ਼। ਕਾਨੂੰਨ ਮਰਦਾਂ ਨੇ ਆਪ ਹੀ ਬਣਾਏ ਹੋਏ ਹਨ ਤੇ ਆਪਣੀ ਮਰਜ਼ੀ ਨਾਲ ਆਪਣੇ ਫ਼ੈਦੇ ਕੀਤੇ।’’ ਇਹ ਆਵਾਜ਼ ਸ਼ਾਹਿਦ ਨਦੀਮ ਦੇ ਬਾਕੀ ਨਾਟਕਾਂ ਵਿਚ ਵੀ ਈਕੋ ਬਣ ਬਣ ਗੂੰਜਦੀ ਸੁਣਾਈ ਪੈਂਦੀ ਹੈ। ਇਨ੍ਹਾਂ ਨਾਟਕਾਂ ਦੀਆਂ ਔਰਤਾਂ ਮਰਦ-ਸ਼ਾਵਨਵਾਦ ਦਾ ਸ਼ਿਕਾਰ ਨੇ। ਮਰਦ ਦੀ ਬਾਕੀ ਜਾਇਦਾਦਾਂ ਤੇ ਜਿਣਸਾਂ ਵਾਂਗੂੰ ਇਕ ਜਿਣਸ ਹੈ ਜਿਸ ਨੂੰ ਜਿਵੇਂ ਚਾਹੇ ਖਰੀਦਿਆ ਵੇਚਿਆ ਜਾ ਸਕਦਾ ਹੈ। ਉਸ ਦੀਆਂ ਚਾਹਤਾਂ ’ਤੇ ਬੰਦਿਸ਼ਾਂ ਹਨ, ਪਾਬੰਦੀਆਂ ਹਨ। ਉਸ ਦੇ ਹਾਰ-ਸ਼ਿੰਗਾਰ ’ਤੇ ਪਹਿਰਾ ਹੈ। ਉਸ ਦੀ ਜਾਨ ਮਰਦ ਦੀ ਮੁੱਠੀ ਵਿਚ ਹੈ। ਉਹ ਆਪਣੀ ਇੱਛਾ ਨਾਲ ਕੁਝ ਕਰ ਸਕਣ ਦੀ ਹਿੰਮਤ ਨਹੀਂ ਕਰ ਸਕਦੀ। ਉਸ ਦੀ ਹਰ ਇੱਛਾ ਮਰਦ ਦੀ ਇੱਛਾ ਥਾਣੀਂ ਭੀੜੀ ਤੇ ਸੰਕਰੀ ਗਲੀ ਵਿਚਦੀ ਹੋ ਕੇ ਲੰਘਦੀ ਹੈ। ਗੱਲ ਕੀ ਉਸ ਦਾ ਮਰਨਾ ਵੀ ਤੇ ਜੀਣਾ ਵੀ ਮਰਦ ਦੇ ਹੱਥਾਂ ਵਿਚ ਕੈਦ ਹੈ।
ਸ਼ਾਹਿਦ ਨਦੀਮ ਦੇ ਨਾਟਕ ਸਮੱਸਿਆ ਪ੍ਰਧਾਨ ਹਨ। ਔਰਤ ਦੀ ਇਕ ਸਮੱਸਿਆਾ ’ਤੇ ਨਾਟਕ ਦੀ ਉਸਾਰੀ ਕੀਤੀ ਹੈ। ਇਹ ਸਮੱਸਿਆਵਾਂ ਜਾਗੀਰੂ ਸਮਾਜ ਵਿਚ ਮੌਜੂਦ ਹੈ।
‘ਰਿਹਾਈ’ ਨਾਟਕ ਕੈਦੀ ਔਰਤਾਂ ਦਾ ਜੀਵਨ ਬਿਰਤਾਂਤ ਪੇਸ਼ ਕਰਦਾ ਹੈ। ਕੋਈ ਔਰਤ ਪਤੀ ਨੂੰ ਕਤਲ ਕਰਨ ਦੇ ਦੋਸ਼ ’ਚ ਆਈ ਹੈ ਤੇ ਕਿਸੇ ਨੂੰ ਰੇਪ ਕੀਤਾ ਹੋਇਆ ਹੈ ਤੇ ਕੋਈ ਉਨ੍ਹਾਂ ਦੇ ਹੱਕਾਂ ਲਈ ਲੜਦੀ ਹੋਈ ਕੈਦ ਵਿਚ ਆ ਗਈ ਹੈ। ‘ਚੁੱਲ੍ਹਾ’ ਨਾਟਕ ਦਾਜ ਦੀ ਬਲੀ ਚੜ੍ਹੀ ਔਰਤ ਦਾ ਦੁਖਾਂਤ ਪੇਸ਼ ਕਰਦਾ ਹੈ ਜਿਸ ਵਿਚ ਦਾਜ ਦੇ ਲਾਲਚੀ ਸਹੁਰੇ ਨੂੰਹ ਨੂੰ ਜ਼ਿੰਦਾ ਸਾੜਨੋਂ ਵੀ ਗੁਰੇਜ਼ ਨਹੀਂ ਕਰਦੇ। ‘ਝੱਲੀ ਕਿੱਥੇ ਜਾਵੇ’ ਦੀ ਪਾਤਰ ਪਤੀ ਸੁਖ ਨਾ ਮਿਲਣ ਕਰਕੇ ਝੱਲੀ ਹੋ ਗਈ ਹੈ ਜਿਸ ਦਾ ਦੁੱਖ ਕੋਈ ਸਮਝਣ ਲਈ ਤਿਆਰ ਨਹੀਂ ਹੈ। ਉਸ ਨੂੰ ਪਤੀ ਕੋਲ ਭੇਜਣ ਦੀ ਥਾਵੇਂ ਹੋਰ ਹੀ ਹੋਰ ਪਾਸੇ ਧੱਕਿਆ ਜਾਂਦਾ ਹੈ। ‘ਧੀ ਰਾਣੀ’ ਦੀ ਪਾਤਰ ਨੂੰ ਘਰ ’ਚ ਹੀ ਹਾਰ-ਸ਼ਿੰਗਾਰ ਕਰਨ ’ਤੇ ਮਨਾਹੀ ਹੈ। ਪੜ੍ਹਨ ਦੀ ਮਨਾਹੀ ਹੈ। ਇਨ੍ਹਾਂ ਸਭ ਚੀਜ਼ਾਂ ਤੋਂ ਅੱਕ ਕੇ ਉਹ ਆਖਦੀ ਹੈ: ‘‘ਧੀ ਰਾਣੀ ਨੂੰ ਰਾਣੀ ਮੰਨੋ ਨਾ ਮੰਨੋ, ਇਨਸਾਨ ਤੇ ਮੰਨੋ।’’ ‘ਸ਼ਰਮ ਦੀ ਗੱਲ’ ਦੀ ਪਾਤਰ ਬਲਾਤਕਾਰ ਦਾ ਸ਼ਿਕਾਰ ਹੈ। ਬਲਾਤਕਾਰ ਦਾ ਦੋਸ਼ ਬਲਾਤਕਾਰੀ ਸਿਰ ਮੜ੍ਹਣ ਦੀ ਬਜਾਇ ਉਸ ਕੁੜੀ ਹੀ ਦੋਸ਼ੀ ਗਰਦਾਨਿਆ ਜਾਂਦਾ ਹੈ। ‘ਥੱਪੜ’ ਧੀਆਂ ਜੰਮਣ ਵਾਲੀਆਂ ਔਰਤਾਂ ਦਾ ਦੁਖਾਂਤ ਪੇਸ਼ ਕਰਦਾ ਨਾਟਕ ਹੈ ਜੋ ਧੀਆਂ ਜੰਮਣ ਵਾਲੀਆਂ ਔਰਤਾਂ ਦੇ ਮੂੰਹ ’ਤੇ ਮਰਦ ਸਮਾਜ ਵੱਲੋਂ ਆਪਣੀ ਹੈਂਕੜ ਦਰਸਾਉਣ ਲਈ ਮਾਰੇ ਜਾਂਦੇ ਹਨ। ‘ਬੌਰਡਰ-ਬੌਰਡਰ’ ਮਾਂ ਅਤੇ ਧੀ ਦੇ ਦੁਖਾਂਤ ਨੂੰ ਪੇਸ਼ ਕਰਦਾ ਨਾਟਕ ਹੈ ਜੋ ਭੈੜੇ ਕਾਨੂੰਨਾਂ ਦਾ ਸ਼ਿਕਾਰ ਹਨ। ‘ਇਕ ਸੀ ਜਾਨੀ’ ਵਿਚ ਨਵੀਂ ਰੌਸ਼ਨੀ ਦੀਆਂ ਕੁੜੀਆਂ ਸੰਗੀਤ ’ਚ ਰੁਚੀ ਰੱਖਦੀਆਂ ਹਨ, ਡਰਾਮਿਆਂ ਅਤੇ ਵਿਚਾਰ ਚਰਚਾ ’ਚ ਭਾਗ ਲੈਂਦੀਆਂ ਹਨ, ਪਰ ਘਰ ਵਾਲਿਆਂ ਦੀ ਮਨਾਹੀ ਦੀ ਤਲਵਾਰ ਵੀ ਉਨ੍ਹਾਂ ਦੇ ਸਿਰਾਂ ’ਤੇ ਲਟਕਦੀ ਦਿਸਦੀ ਹੈ। ਜਾਨੀ ਨਵੀਂ ਰੌਸ਼ਨੀ ਦੀ ਸੁਆਣੀ ਹੈ ਜੋ ਦਾਦੀ ਪਾਤਰ ਨੂੰ ਵੀ ਆਪਣੀ ਸੋਚ ਬਦਲਣ ਲਈ ਤਿਆਰ ਕਰਦੀ ਹੈ। ਇਹ ਨਾਟਕ ਨਵੇਂ ਅਤੇ ਪੁਰਾਣੇ ਦੇ ਟਕਰਾ ਦੇ ਰੂਪ ਵਿਚ ਵੀ ਦੇਖਿਆ ਜਾ ਸਕਦਾ ਹੈ। ‘ਦੁੱਖ ਦਰਿਆ’ ਦੀ ਮਾਂ ਧੀ ਜ਼ਿੰਦਗੀ ਦਾ ਸੁਖ ਨਾ ਮਿਲਦਾ ਆਖ਼ਰ ਦਰਿਆ ਵਿਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹਨ। ‘ਮੈਨੂੰ ਕਾਰੀ ਕਰੇਂਦੇ ਨੀ ਮਾਏ’ ਅਣਖ ਖ਼ਾਤਰ ਕਤਲ ਦੀ ਸਮੱਸਿਆ ਨੂੰ ਲੈ ਕੇ ਲਿਖਿਆ ਨਾਟਕ ਹੈ ਜਿਸ ਵਿਚ ਦੋ ਪ੍ਰੇਮੀਆਂ ਨੂੰ ਆਪਣੇ ਮਨ ਪਸੰਦ ਸਾਥੀ ਲੱਭ ਲੈਣ ’ਤੇ ਸਮਾਜ ਨੂੰ ਇਤਰਾਜ਼ ਹੈ। ‘ਦੁਖੀਨੀ’ ਬੰਗਲਾਦੇਸ਼ ਤੋਂ ਆਈਆਂ ਔਰਤਾਂ ਦੀ ਦੁੱਖ ਭਰੀ ਕਹਾਣੀ ਹੈ ਜਿਨ੍ਹਾਂ ਨੂੰ ਲਹਿੰਦੇ ਪੰਜਾਬ ਵਿਚ ਲਿਆ ਕੇ ਡੰਗਰਾਂ ਵਾਂਗੂੰ ਵੇਚਿਆ ਜਾਂਦਾ ਹੈ ਤੇ ਵੇਸਵਾਗਿਰੀ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਉਪਰੋਕਤ ਸਾਰੇ ਨਾਟਕ ਔਰਤਾਂ ਬਾਰੇ ਹਨ ਤੇ ਔਰਤਾਂ ਦੇ ਦੁਖਾਂਤ ਅਤੇ ਮਰਦ ਦੇ ਜਬਰ ਦੀ ਕਹਾਣੀ ਪੇਸ਼ ਕਰਦੇ ਹਨ।
‘ਜਾਦੂਈ ਤੋਤਾ’ ਫੈਂਟਸੀ ਵਿਧੀ ਵਿਚ ਲਿਖਿਆ ਨਾਟਕ ਹੈ ਜਿਸ ਵਿਚ ਅਲੱਗ ਅਲੱਗ ਪਾਤਰ ਆਪਣੀਆਂ ਇੱਛਾ ਪੂਰਨ ਲਈ ਜਾਦੂਈ ਤੋਤੇ ਦੀ ਭਾਲ ਵਿਚ ਨਿਕਲਦੇ ਹਨ। ‘ਤੀਸਰੀ ਦਸਤਕ’ ਬੇਘਰੇ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਮਾਲਕ ਮਕਾਨ ਘਰੋਂ ਕੱਢ ਕੇ ਉੱਥੇ ਆਲੀਸ਼ਾਨ ਹੋਟਲ ਉਸਾਰਨਾ ਚਾਹੁੰਦਾ ਹੈ। ਪਰ ਉਹ ਆਖ਼ਰ ਵਿਦਰੋਹ ਕਰਦੇ ਪ੍ਰਤੀਤ ਹੁੰਦੇ ਹਨ। ‘ਅੰਨ੍ਹੀ ਮਾਈ ਦਾ ਸੁਪਨਾ’ ਦੇ ਪਾਤਰ ਦੇਸ਼ ਵੰਡ ਕਾਰਨ ਦੁਖੀ ਹਨ ਤੇ ਆਪਣੇ ਪੁਰਾਣੇ ਪਿੰਡਾਂ ਅਤੇ ਸਾਥੀਆਂ ਨੂੰ ਮੋਹ ਕਰਦੇ ਹਨ। ਭੂ-ਹੇਰਵੇ ਦਾ ਸ਼ਿਕਾਰ ਹਨ। ਪਰ ਭੈੜੇ ਕਾਨੂੰਨਾਂ ਦੀ ਵਜ੍ਹਾ ਨਾਲ ਉਹ ਉੱਥੇ ਸਰੀਰਕ ਤੌਰ ’ਤੇ ਨਾ ਪਹੁੰਚ ਕੇ ਕੇਵਲ ਸੁਪਨਿਆਂ ਅਤੇ ਭੁਲੇਖਿਆਂ ’ਚ ਜਿਉਣ ਦੀ ਕੋਸ਼ਿਸ਼ ਕਰਦੇ ਹਨ।
‘ਬੁੱਲ੍ਹਾ’ ਨਾਟਕ ਇਨ੍ਹਾਂ ਸਭਨਾਂ ਨਾਟਕਾਂ ਨਾਲੋਂ ਵੱਖਰੀ ਤਾਸੀਰ ਵਾਲਾ ਹੈ ਜਿਸ ਦੇ ਅਨੇਕਾਂ ਸ਼ੋਅ ਦੂਸਰੇ ਦੇਸ਼ਾਂ-ਵਿਦੇਸ਼ਾਂ ’ਚ ਹੋ ਚੁੱਕੇ ਹਨ। ‘ਬੁੱਲ੍ਹੇ’ ਦੇ ਪਾਤਰ ਰਾਹੀਂ ਸੱਚ ਅਤੇ ਸ਼ਰ੍ਹਾ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਲੱਤਾਂ ਨਾਲ ਟਕਰਾਉਣ ਦੀ ਹਿੰਮਤ ਕੀਤੀ ਜਾਂਦੀ ਹੈ। ਮੁੱਲਿਆਂ, ਮੌਲਾਨਿਆਂ, ਸੱਤਾ ਦੇ ਠੇਕੇਦਾਰਾਂ ਦੇ ਖ਼ਿਲਾਫ਼ ਬੁੱਲ੍ਹਾ ਇਕ ਤਾਕਤਵਰ ਆਵਾਜ਼ ਬਣ ਕੇ ਉੱਭਰਦਾ ਹੈ ਜਿਸ ਦੀ ਮਜ਼ਾਰ ’ਤੇ ਹਾਲੇ ਵੀ ਮੇਲੇ ਲੱਗਦੇ ਨੇ ਤੇ ਲੱਗਦੇ ਵੀ ਰਹਿਣਗੇ।
ਸ਼ਾਹਿਦ ਨਦੀਮ ਆਪਣੇ ਨਾਟਕਾਂ ਰਾਹੀਂ ਸਮਾਜ ’ਚ ਫੈਲੇ ਰੋਗਾਂ ’ਤੇ ਵੀ ਉਂਗਲ ਧਰਦਾ ਹੈ ਤੇ ਉਸ ਸਮੱਸਿਆ ਦੇ ਇਲਾਜ ਵੱਲ ਵੀ ਸੰਕੇਤ ਕਰਦਾ ਹੈ। ਆਪਣੀ ਸਿੱਧੀ-ਸਾਦੀ ਜ਼ੁਬਾਨ ਰਾਹੀਂ ਉਹ ਆਮ ਆਵਾਮ ਦੀ ਗੱਲ ਕਰਦਾ ਹੈ। ਉਸ ਦੀ ਆਵਾਜ਼ ਵਿਚ ਵਿਅੰਗ ਦੀ ਤਿੱਖੀ ਆਵਾਜ਼ ਭਾਵੇਂ ਨਾ ਸਹੀ, ਪਰ ਸਹਿਜ ਵਿਅੰਗ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਹਰੇਕ ਨਾਟਕ ਦੇ ਅੰਤ ਵਿਚ ਉਹ ਸਮੱਸਿਆ ਪੈਦਾ ਕਰਨ ਵਾਲਿਆਂ ਵਿਰੁੱਧ ਆਵਾਜ਼ ਵੀ ਬੁਲੰਦ ਕਰਦਾ ਹੈ। ਉਨ੍ਹਾਂ ਨੂੰ ਲਲਕਾਰਦਾ ਤੇ ਧਿਰਕਾਰਦਾ ਵੀ ਪ੍ਰਤੀਤ ਹੁੰਦਾ ਹੈ।
ਲਹਿੰਦੇ ਪੰਜਾਬ ਦੀਆਂ ਔਰਤਾਂ ਦੇ ਦੁੱਖ ਦੀ ਆਵਾਜ਼ ਸ਼ਾਹਿਦ ਨਦੀਮ ਦੇ ਨਾਟਕਾਂ ਵਿਚ ਬਾਖ਼ੂਬੀ ਸੁਣੀ ਜਾ ਸਕਦੀ ਹੈ। ਇਹੋ ਜਿਹੀ ਪੁਸਤਕ ਚੜ੍ਹਦੇ ਪੰਜਾਬ ਦੇ ਪਾਠਕਾਂ ਲਈ ਤਿਆਰ ਕਰਨ ਲਈ ਡਾ. ਧਾਲੀਵਾਲ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦਾ ਸ਼ੁਕਰੀਆ।
ਸੰਪਰਕ: 94635-37050