ਗੁਰਬਚਨ
ਮੈਂ ਉਸ ਦੌਰ ਦੀ ਗੱਲ ਕਰਨੀ ਹੈ ਜਦ ਪੰਜਾਬੀ ਬੰਦਾ ਨਵੇਂ ਨਕੋਰ ਸੁਪਨਿਆਂ ਸਮੇਤ ਮੁੰਬਈ ਮਹਾਂਨਗਰ ਵੱਲ ਦੇਖਦਾ ਸੀ, ਜਿਵੇਂ ਅੱਜ ਪੰਜਾਬ ਦਾ ਯੁਵਕ ਅਮਰੀਕਾ ਜਾਂ ਕੈਨੇਡਾ ਵੱਲ ਦੇਖਦਾ ਹੈ। ਉਦੋਂ ਮੱਧ ਵਰਗ ਆਪਣੀ ਨਵੀਂ ਪਛਾਣ ਬਣਾ ਰਿਹਾ ਸੀ; ਤੇ ਇਸ ਦੀ ਖਾਤਰ ਮਾਇਕ ਮਜ਼ਬੂਤੀ ਦੇ ਵਸੀਲਿਆਂ ਨੂੰ ਤਲਾਸ਼ ਰਿਹਾ ਸੀ। ਪੜ੍ਹੇ ਲਿਖੇ ਪੰਜਾਬੀਆਂ ਨੇ ਇਸ ਤਸੱਵਰ ਦੀ ਪੂਰਤੀ ਲਈ ਮੁੰਬਈ ਨੂੰ ਮੰਜ਼ਿਲੇ ਮਕਸੂਦ ਵਜੋਂ ਚੁਣਿਆ ਹੋਇਆ ਸੀ, ਜਿਵੇਂ ਦੇਸ ਦੇ ਮਾਰਵਾੜੀ ਵਰਗ ਨੇ ਕਲਕੱਤਾ ਨੂੰ ਚੁਣ ਰੱਖਿਆ ਸੀ।
ਇਹ ਸਿਲਸਿਲਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਕੁਝ ਹੀ ਸਾਲਾਂ ਅੰਦਰ, ਰੱਜੇ-ਪੁੱਜੇ ਪੰਜਾਬੀਆਂ ਨੇ ਮੁੰਬਈ ਦੇ ਫ਼ਿਲਮ ਜਗਤ ਉੱਤੇ ਪਕੜ ਪੀਢੀ ਕਰ ਲਈ ਸੀ। ਜਾਂ ਕਲਕੱਤਾ ਤੋਂ ਬੰਗਾਲੀ ਫਿਲਮ ਨਿਰਦੇਸ਼ਕ ਮੁੰਬਈ ਆ ਬਿਰਾਜੇ ਸਨ, ਜਿਨ੍ਹਾਂ ਵਿਚੋਂ ਹਿੰਮਾਸ਼ੂ ਰਾਏ, ਬਿਮਲ ਰਾਏ ਅਤੇ ਬਾਅਦ ਵਿਚ ਰਿਸ਼ੀਕੇਸ਼ ਮੁਕਰਜੀ ਦਾ ਨਾਂ ਪ੍ਰਮੁੱਖ ਸੀ; ਜਿਨ੍ਹਾਂ ਕਰਕੇ ਮੁੱਖਧਾਰਾ ਦੇ ਹਿੰਦੋਸਤਾਨੀ ਫਿਲਮ ਨਿਰਮਾਨ ਵਿਚ ਫਿਲਮ ਭਾਸ਼ਾ ਵੱਲ ਪ੍ਰਤਬਿਧਤਾ ਜਮ੍ਹਾਂ ਹੋਣ ਲੱਗ ਪਈ ਸੀ। ਵਰਨਾ ਬਹੁਤੇ ਪੰਜਾਬੀਆਂ ਲਈ ਫ਼ਿਲਮ ਮੁਨਾਫ਼ਾ ਕਮਾਉਣ ਅਤੇ ਦਿਲ-ਪ੍ਰਚਾਵਾ ਮੁਹੱਈਆ ਕਰਨ ਦਾ ਜ਼ੱਰੀਆ ਸੀ। ਇਸ ਦੀ ਖਾਤਰ ਉਹ ਫ਼ਿਲਮਾਂ ਵਿਚ ਰੁਮਾਂਸੀ ਛਲਾਵੇ ਸਿਰਜਦੇ।
ਮਿਸਾਲ ਵਜੋਂ, ਰਾਜ ਕਪੂਰ ਦਾ ਪਿਤਾ ਪ੍ਰਿਥਵੀਰਾਜ ਕਪੂਰ ਉਸ ਦੌਰ ਵਿਚ ਮੁੰਬਈ ਆਇਆ ਜਦ ਬੋਲਦੀਆਂ ਫ਼ਿਲਮਾਂ ਅਜੇ ਬਣਨ ਨਹੀਂ ਸੀ ਲੱਗੀਆਂ। ਉਹਨੇ ਪ੍ਰਿਥਵੀ ਥੇਟਰ ਨਾਂ ਦੀ ਥੇਟਰ ਕੰਪਨੀ ਖੋਲ੍ਹੀ। ਉਹਦਾ ਥੇਟਰ ਪਾਰਸੀ ਥੇਟਰ ਅਤੇ ਰਾਮ ਲੀਲਾ ਸ਼ੈਲੀ ਤੋਂ ਪ੍ਰਭਾਵਿਤ ਸੀ। ਦਲੀਪ ਕੁਮਾਰ ਦਾ ਪਿਤਾ ਸਰਵਰ ਖਾਨ ਪਿਸ਼ਾਵਰ ਵਿਚ ਆਪਣੇ ਫਲ ਫਰੂਟ ਦੇ ਕੰਮ ਨੂੰ ਵਿਸਤਾਰ ਦੇਣ ਲਈ ਮੁੰਬਈ ਦੀ ਕ੍ਰਾਫਰਡ ਮਾਰਕਿਟ ਵਿਚ ਫਲ-ਫਰੂਟ ਥੋਕ ਵਿਕਰੀ ਦਾ ਕੰਮ ਖੋਲ੍ਹਦਾ ਹੈ। ਗੁਰਦਾਸਪੁਰ ਵਿਚ ਵਕਾਲਤ ਕਰਦਾ ਆਨੰਦ ਪ੍ਰਵਾਰ ਦਾ ਮੁਖੀ ਆਪਣੇ ਵੱਡੇ ਬੇਟੇ ਚੇਤਨ ਆਨੰਦ ਨੂੰ ਵਲੈਤ ਪੜ੍ਹਣ ਭੇਜਦਾ ਹੈ; ਉਹ ਵਾਪਿਸ ਆ ਕੇ ਮੁੰਬਈ ਵਿਚ ਫਿਲਮ ਨਿਰਦੇਸ਼ਕ/ਨਿਰਮਾਤਾ ਬਣਦਾ ਹੈ ਤੇ ਖਵਾਜਾ ਅਹਿਮਦ ਦੀ ਕਹਾਣੀ ਉੱਤੇ 1946 ਵਿਚ ਨੀਚਾ ਨਗਰ ਨਾਂ ਦੀ ਜ਼ਿਕਰਯੋਗ ਫ਼ਿਲਮ ਬਣਾਂਦਾ ਹੈ। ਬਾਅਦ ਵਿਚ ਚੇਤਨ ਆਨੰਦ ਦਾ ਨਿੱਕਾ ਭਰਾ ਦੇਵ ਆਨੰਦ ਲਾਹੌਰ ਦੇ ਪ੍ਰਸਿੱਧ ਗੌਰਮਿੰਟ ਕਾਲਜ ਤੋਂ ਅੰਗਰੇਜ਼ੀ ਆਨਰਜ਼ ਪਾਸ ਕਰਕੇ ਮੁੰਬਈ ਸੈਂਟ੍ਰਲ ਆਣ ਉਤਰਦਾ ਹੈ। ਇਵੇਂ ਹੀ ਪ੍ਰਾਣ ਨਾਥ ਸਿਕੰਦ ਲਾਹੌਰ ਤੋਂ ਮੁੰਬਈ ਪੁੱਜਦਾ ਹੈ ਤੇ ਪ੍ਰਾਣ ਨਾਂ ਵਾਲਾ ਖਲਨਾਇਕ ਬਣਦਾ ਹੈ। ਆਪਣਾ ਬਲਰਾਜ ਸਾਹਨੀ ਪਹਿਲਾਂ ਸ਼ਾਂਤੀ ਨਿਕੇਤਨ, ਫਿਰ ਬੀ.ਬੀ.ਸੀ. ਲੰਡਨ ਪੁੱਜਦਾ ਹੈ ਤੇ ਵਾਪਿਸ ਮੁੰਬਈ ਆ ਕੇ ਇਪਟਾ ਦੇ ਮੰਚ ਅਤੇ ਫਿਲਮਾਂ ਵਿਚ ਐਕਟਿੰਗ ਦਾ ਪਾਵਰ ਹਾਊਸ ਬਣ ਜਾਂਦਾ ਹੈ।
ਲਾਹੌਰ ਦੇ ਫਿਲਮ ਨਿਰਮਾਤਾ ਵੀ ਮੁੰਬਈ ਪੁੱਜਦੇ ਹਨ। ਬੀ.ਆਰ. ਚੋਪੜਾ ਅਤੇ ਉਹਦੇ ਨਿੱਕੇ ਭਰਾ ਧਰਮ ਚੋਪੜਾ ਅਤੇ ਯਸ਼ ਚੋਪੜਾ ਪਹਿਲਾਂ ਲਾਹੌਰ ਤੋਂ ਜਲੰਧਰ ਪੁੱਜਦੇ ਹਨ, ਫਿਰ ਮੁੰਬਈ ਵੱਲ ਮੁਹਾਰਾਂ ਕੱਸ ਲੈਂਦੇ ਹਨ। ਇਨ੍ਹਾਂ ਸਭਨਾਂ ਦੇ ਨਾਲੋ-ਨਾਲ ਪੰਜਾਬ ਪਿਛੋਕੜ ਦੇ ਉਰਦੂ ਦੇ ਅਫ਼ਸਾਨਾਨਿਗਾਰ ਅਤੇ ਸ਼ਾਇਰ ਮੁੰਬਈ ਨੂੰ ਆਪਣੀ ਮੰਜ਼ਲੇ ਮਕਸੂਦ ਸਮਝਣ ਲੱਗਦੇ ਹਨ: ਰਾਜਿੰਦਰ ਸਿੰਘ ਬੇਦੀ, ਸਆਦਤ ਹਸਨ ਮੰਟੋ, ਸਾਹਿਰ ਲੁਧਿਆਣਵੀ, ਕ੍ਰਿਸ਼ਨ ਚੰਦਰ ਆਦਿ।
ਇਹ ਨਾਂ ਬੋਲਣ ਦਾ ਮਕਸਦ ਇਹ ਹੈ ਮੁੰਬਈ ਵਰਗੇ ਵੱਡੇ ਸ਼ਹਿਰ ਦੀਆਂ ਨਿਆਮਤਾਂ ਦਾ ਫ਼ਾਇਦਾ ਉਹੀ ਵਰਗ ਲੈ ਸਕਦਾ ਜੋ ਜਾਂ ਤਾਂ ਸੁਵਿਧਾਵਾਂ ਨਾਲ ਲੈਸ ਹੁੰਦਾ ਜਾਂ ਜਿਸ ਪਾਸ ਕਿਸੇ ਖੇਤਰ ਵਿਚ ਚੰਗੀ-ਚੋਖੀ ਪ੍ਰਤਿਭਾ ਹੁੰਦੀ ਹੈ। ਪ੍ਰਤਿਭਾਵਾਨ ਵੀ ਮੁੰਬਈ ਵਰਗੀ ਮਾਇਆ ਨਗਰੀ ਦੇ ਗਲਾ-ਵੱਢ ਮਾਹੌਲ ਵਿਚ ਹਤਾਸ਼ ਹੋ ਜਾਂਦਾ, ਜਿਵੇਂ ਵੰਡ ਤੋਂ ਪਹਿਲਾਂ ਕੁਝ ਦੇਰ ਲਈ ਮੁਨਸ਼ੀ ਪ੍ਰੇਮ ਚੰਦ ਉੱਥੇ ਗਿਆ ਤੇ ਜਲਦੀ ਵਾਪਿਸ ਪਰਤ ਆਇਆ।
*
ਮੁੰਬਈ-ਪੰਜਾਬ ਦੇ ਉਕਤ ਅੰਤਰ-ਨਾਤੇ ਤੋਂ ਵੱਖਰਾ ਇਕ ਵਰਗ ਉਹ ਵੀ ਸੀ ਜੋ ਆਰਥਿਕ ਥੁੜ੍ਹ-ਟੁੱਟ ਦੇ ਸ਼ਿਕਾਰ ਪ੍ਰਵਾਰਾਂ ਵਿਚੋਂ ਸੀ ਤੇ ਫ਼ਿਲਮਾਂ ਵਿਚ ਕਿਸੇ ਮੌਕੇ ਦੀ ਤਲਾਸ਼ ਵਿਚ ਸੀ। ਇਸ ਵਰਗ ਦੇ ਯੁਵਕ ਵੀ ਉਸ ਮਹਾਂਨਗਰ ਨੂੰ ਸੰਭਾਵਨਾਵਾਂ ਵਾਲਾ ਸ਼ਹਿਰ ਸਮਝਦੇ ਸਨ। ਮੁੰਬਈ ਪਹੁੰਚ ਕੇ ਉਹ ਕਿਸ ਤਰ੍ਹਾਂ ਦਾ ਜੀਵਨ ਬਿਤਾਂਦੇ ਰਹੇ, ਇਹਦਾ ਮੈਨੂੰ ਨਿੱਜੀ ਅਨੁਭਵ ਹੈ। ਮੈਂ ਦੇਖਿਆ ਕਈ ਵਿਚਾਲੇ ਹੀ ਲੁੜਕ ਜਾਂਦੇ। ਕਈ ਗ਼ੈਰ-ਸਮਾਜਿਕ ਗਿਰੋਹਾਂ ਵਿਚ ਸ਼ਾਮਿਲ ਹੋ ਜਾਂਦੇ। ਬਹੁਤੇ ਮੋਹ-ਭੰਗਿਤ ਹੋ ਕੇ ਵਾਪਿਸ ਘਰਾਂ ਵੱਲ ਪਰਤ ਜਾਂਦੇ। ਬਾਕੀ ਦੇ ਰੁਲਦੇ-ਖੁਲਦੇ ਵਕਤ ਤੋਂ ਪਹਿਲਾਂ ਬੁੱਢੇ ਹੋ ਜਾਂਦੇ, ਮਰ ਮੁੱਕ ਜਾਂਦੇ।
ਨਿੱਕੇ ਮਨੁੱਖ ਦੀ ਵੱਡੇ ਸ਼ਹਿਰ ਵਿਚ ਮੌਜੂਦਗੀ ਦੀ ਗੱਲ ਮੈਂ ਆਪਣੇ ਤੋਂ ਸ਼ੁੁਰੂ ਕਰਦਾ ਹਾਂ। ਮੈਂ ਸਕੂਲ ਵਿਚ ਪੜ੍ਹਦਾ ਸੀ ਤਾਂ ਫਿਲਮਾਂ ਨੇ ਮੇਰੇ ਉੱਤੇ ਟੂਣਾ ਕੀਤਾ ਹੋਇਆ ਸੀ। ਮੇਰੇ ਆਪਣੇ ਬੰਦ+ਸੀਮਤ ਸੰਸਾਰ ਸਾਹਮਣੇ ਫਿਲਮਾਂ ਦਾ ਸੁਪਨਈ ਸੰਸਾਰ ਇਕ ਤਰ੍ਹਾਂ ਨਾਲ ਸਮਾਨਾਂਤਰ ਸੰਸਾਰ ਸੀ। ਮੈਂ ਮੁੰਬਈ ਬਾਰੇ ਸੁਪਨੇ ਲੈਂਦਾ ਜਿਵੇਂ ਅੱਜ ਕੱਲ ਪੰਜਾਬ ਦੇ ਪਿੰਡਾਂ ਵਿਚ ਯੁਵਕ ਕੈਨੇਡਾ/ਅਮਰੀਕਾ ਦੇ ਸੁਪਨੇ ਲੈਂਦੇ ਹਨ। (ਬਾਰਾਂ ਸਾਲਾਂ ਦੀ ਉਮਰ ਵਿਚ ਅੜੀ ਕਰਕੇ ਮੈਂ ਆਪਣੇ ਘੁਮੱਕੜ ਪਿਤਾ ਨਾਲ ਮੁੰਬਈ ਵਿਚ ਗੁਜ਼ਾਰ ਚੁੱਕਾ ਸੀ। ਮੈਂ ਸੋਚਦਾ ਮੇਰਾ ਭਵਿੱਖ ਉਸ ਵੱਡੇ ਸ਼ਹਿਰ ਵਿਚ ਹੀ ਹੈ।)
ਮੈਟ੍ਰਿਕ ਦਾ ਇਮਤਿਹਾਨ ਦੇਂਦਿਆਂ ਹੀ ਮੈਂ ਘਰੋਂ ਮੁੰਬਈ ਲਈ ਫਰਾਰ ਹੋ ਗਿਆ। ਇਸ ਸਥਿਤੀ ਵਲ ਨਿਗ੍ਹਾ ਮਾਰੋ: ਪੰਦਰਾਂ ਸੋਲਾਂ ਸਾਲ ਦਾ ਮੁੰਡਾ, ਖਾਲੀ ਜੇਬ, ਜਿਸ ਨੂੰ ਪਤਾ ਨਾ ਹੋਵੇ ਕੱਲ੍ਹ ਨੂੰ ਉਹਦੇ ਨਾਲ ਕੀ ਹੋ ਸਕਦਾ ਹੈ, ਉਹ ਜੇ ਅਣਦੇਖੇ/ਅਣਪਰਖੇ ਰਾਹ ਵੱਲ ਤੁਰਦਾ ਹੈ ਤਾਂ ਫਰਾਂਸ ਦੇ ਮਹਾਂ-ਚਿੰਤਕ ਆਲਬੇਰ ਕਾਮਿਊ ਦਾ ਇਹ ਕਥਨ ਯਾਦ ਕਰਨਾ ਚਾਹੀਦਾ: Man is the only creature who refuses to be what he is.
ਅੰਮ੍ਰਿਤਸਰ ਤੋਂ ਫਰੰਟੀਅਰ ਮੇਲ ਵਿਚ ਬੈਠ ਤੀਜੇ ਦਿਨ ਸਵੇਰੇ ਨੌਂ ਵਜੇ ਮੈਂ ਬੰਬੇ ਸੈਂਟਰਲ ਸਟੇਸ਼ਨ ਉੱਤੇ ਜਾ ਉਤਰਿਆ। ਉੱਥੋਂ ਬੋਰੀਬੰਦਰ ਦੇ ਸਿੰਘ ਸਭਾ ਗੁਰਦੁਆਰੇ ਜਾ ਪੁੱਜਾ। ਗੁੁਰਦੁਆਰੇ ਦੇ ਮੈਨੇਜਰ ਨੇ ਮੈਨੂੰ ਇਕ ਛਾਪੇਖਾਨੇ ਦਾ ਸਿਰਨਾਵਾਂ ਦਿੱਤਾ ਜਿੱਥੇ ਪੰਜਾਬੀ ਵਿਚ ਛਪਾਈ ਦਾ ਕੰਮ ਹੁੰਦਾ ਸੀ। ਇਹਦਾ ਮਾਲਕ ਜੀਵਨ ਸਿੰਘ ਜੀਵਨ ਨਾਂ ਦਾ ਪੰਜਾਬੀ ਵਿਚ ਪਰਚਾ ਕੱਢਦਾ ਸੀ। ਉਹਨੇ ਮੈਨੂੰ ਪੰਜਾਹ ਰੁਪਏ ਮਹੀਨੇ ਉੱਤੇ ਆਫਿਸ ਬੁਆਏ ਵਜੋਂ ਕੰਮ ਦੇ ਦਿੱਤਾ।
ਮੈਂ ਕਿਹਾ: ਠੀਕ ਹੈ, ਹਰ ਰੋਜ਼ ਇਕ ਰੁਪਿਆ ਦੇ ਦਿਆ ਕਰਨਾ; ਐਤਵਾਰ ਪੰਜ ਰੁਪਏ।
ਜੀਵਨ ਸਿੰਘ ਕਹਿੰਦਾ: ਉਹ ਕਾਹਤੋਂ?
ਮੈਂ ਕਿਹਾ, ਮੇਰੇ ਕੋਲ ਰੋਟੀ ਖਾਣ ਲਈ ਪੈਸੇ ਨਹੀਂ। ਛੇਅ ਆਨੇ ਦੀ ਸਾਊਥ ਇੰਡੀਅਨ ਥਾਲੀ ਆਉਂਦੀ ਹੈ। ਦੋ ਆਨੇ ਦਾ ਮੈਂ ਸਵੇਰੇ ਨਾਸ਼ਤਾ ਕਰਾਂਗਾ। ਇਕ ਆਨੇ ਦੀ ਦਿਨੇ ਚਾਹ।
ਜੀਵਨ ਸਿੰਘ ਪੁੱਛਦਾ: ਐਤਵਾਰ ਪੰਜ ਰੁਪਏ ਕਾਹਦੇ ਲਈ? ਮੈਂ ਜੁਆਬ ਦੇਨਾਂ: ਐਤਵਾਰ ਮੈਂ ਫ਼ਿਲਮ ਦੇਖਣੀ ਹੁੰਦੀ ਹੈ।
ਪਰੈੱਸ ਦੀ ਜਿਸ ਮਿਆਨੀ ’ਤੇ ਚੱਦਰ ਵਿਛਾ ਕੇ ਮੈਂ ਰਾਤ ਨੂੰ ਸੌਂਦਾ ਉੱਥੇ ਦੋ ਮੁੰਡੇ ਹੋਰ ਵੀ ਸੌਂਦੇ ਸਨ। ਦੋਵੇਂ ਫ਼ਿਲਮ ਲਾਈਨ ’ਚ ਦਾਖਲ ਹੋਣ ਵਾਲਿਆਂ ਦੀ ‘ਸਟ੍ਰੱਗਲ’ ਬਾਰੇ ਗੱਲਾਂ ਕਰਦੇ। ਇਕ ਮੁੰਡਾ ਕਹਿੰਦਾ: ‘‘ਸੁਨੀਲ ਦੱਤ ਨਵਾਂ ਮੁੰਡਾ ਫ਼ਿਲਮਾਂ ਵਿਚ ਆਇਆ। ਉਹਦੀ ਫ਼ਿਲਮ ‘ਰੇਲਵੇ ਪਲੈਟਫਾਰਮ’ ਚੱਲੀ ਨਹੀਂ, ਪਰ ਉਹ ਸੁਹਣਾ ਬੜਾ। ਮੁੰਬਈ ਆ ਕੇ ਉਹਨੇ ਬਸ ਕੰਪਨੀ ਵਿਚ ਕਲਰਕੀ ਕੀਤੀ। ਸਟ੍ਰੱਗਲ ਸਭ ਨੂੰ ਕਰਨੀ ਪੈਂਦੀ ਹੈ।’’
ਦੂਜਾ ਕਹਿੰਦਾ, ‘‘ਧੱਕੇ ਖਾਣੇ ਪੈਂਦੇ ਨੇ, ਫੁੱਟਪਾਥ ਉੱਤੇ ਸੌਣਾ ਪੈਂਦਾ।’’
ਪਹਿਲਾ: ‘‘ਹੀਰੋਇਨਾਂ ਦਾ ਜੋ ਹਾਲ ਪ੍ਰੋਡਿਊਸਰ ਡਰੈਕਟਰ ਕਰਦੇ ਹਨ, ਪੁੱਛੋ ਕੁਝ ਨਾ। ਨਰਗਸ ਦੀ ਮਾਂ ਉਹਦੇ ਨਾਲ ਹਮੇਸ਼ਾਂ ਸਟੂਡੀਓ ’ਚ ਹੁੰਦੀ ਹੈ। ਸੁਰੱਈਆ ਦੀ ਨਾਨੀ ਉਹਦੀ ਰਖਵਾਲੀ ਹੈ। ਨੂਤਨ ਦੀ ਮਾਂ ਸੋਭਨਾ ਸਮਰੱਥ ਨੂੰ ਆਪ ਬੜਾ ਕੁਝ ਦੇਖਣਾ ਪਿਆ। ਉਹ ਵੀ ਸ਼ੂਟਿੰਗ ਵੇਲੇ ਕੁੜੀ ਦੇ ਨਾਲ ਹੁੰਦੀ ਹੈ। ਫਾਈਨਾਂਸਰ ਕੁੱਤੇ ਨੇ, ਨਵੀਆਂ ਕੁੜੀਆਂ ਨੂੰ ਨਹੀਂ ਛੱਡਦੇ।’’
ਪਹਿਲਾ ਕਹਿੰਦਾ, ‘‘ਰਾਜ ਕਪੂਰ ਨੇ ਖਵਾਜਾ ਅਹਿਮਦ ਅੱਬਾਸ ਕੋਲੋਂ ‘ਆਵਾਰਾ’ ਦੀ ਕਹਾਣੀ ਸੁਣ ਕੇ ਜੇਬ੍ਹ ’ਚੋਂ ਇਕ ਰੁਪਿਆ ਕੱਢ ਅੱਬਾਸ ਨੂੰ ਅਡਵਾਂਸ ਦਿੱਤਾ ਸੀ, ਤੇ ਕਿਹਾ ‘ਕਹਾਣੀ ਮੇਰੀ’। ਰਾਜ ਕਪੂਰ ਨੂੰ ਵੀ ਕਿਸੇ ਵੇਲੇ ਕਿਦਾਰ ਸ਼ਰਮਾ ਦਾ ਅਸਿਸਟੈਂਟ ਰਹਿਣਾ ਪਿਆ। ਕਲੈਪਰ ਬੁਆਇ ਤੋਂ ਕੰਮ ਸ਼ੁਰੂ ਕੀਤਾ। ਪ੍ਰਿਥਵੀਰਾਜ ਨੇ ਰਾਜ ਨੂੰ ਕਿਹਾ, ਬੇਟਾ, ਜੇ ਕਾਮਯਾਬ ਹੋਣੈ ਤਾਂ ਸਟ੍ਰੱਗਲ ਕਰ, ਧੱਕੇ ਖਾ, ਜਿਵੇਂ ਮੈਂ ਬੰਬਈ ਆ ਕੇ ਸਟ੍ਰਗਲ ਕੀਤੀ ਆ।’’ ਮੈਨੂੰ ਦੋਨਾਂ ਮੁੰਡਿਆਂ ਦੀਆਂ ਗੱਲਾਂ ਸੁਣ ਕੇ ਲੁਤਫ਼ ਆਉਂਦਾ। ਇਕ ਮੁੰਡੇ ਦਾ ਨਾਂ ਕੇਸ਼ਵ ਦੱਤ ਸੀ। ਦੂਜਾ ਉਹਦੇ ਬਾਰੇ ਕਹਿੰਦਾ, ‘‘…, ਨਾਂ ਇਹਦਾ ਸੋਹਨ ਲਾਲ ਢੀਂਗਰਾ ਹੈ। ਸੁਨੀਲ ਦੱਤ ਨੂੰ ਦੇਖ ਕੇ ਇਹਨੇ ਆਪਣਾ ਨਾਂ ਬਦਲ ਲਿਆ, ਜਿਵੇਂ ਅਗਲਾ ਹੀਰੋ ਇਹੀ ਹੋਵੇਗਾ।’’
ਮੁੰਡੇ ਤਕੜੇ ਗੱਪੌੜੀ ਹਨ। ਇਕ ਕਹੇ, ‘‘ਪਰਸੋਂ ਮੈਂ ਫਲੋਰਾ ਫਾਊਂਟਨ ਫਰੂਟ ਦੀ ਉਸ ਦੁਕਾਨ ’ਤੇ ਗਿਆ ਜਿੱਥੇ ਦਲੀਪ ਕੁਮਾਰ ਦਾ ਪਿਓ ਬੈਠਾ ਸੀ। ਮੈਂ ਉਹਦੇ ਕੋਲੋਂ ਦੋ ਸੀਤਾ ਫਲ ਖ੍ਰੀਦੇ ਤੇ ਦੇਖਿਆ ਦੁਕਾਨ ’ਤੇ ਦਲੀਪ ਕੁਮਾਰ ਤੇ ਮਧੂਬਾਲਾ ਦੀ ਫਰੇਮ ਕੀਤੀ ਤਸਵੀਰ ਟੰਗੀ ਹੋਈ ਸੀ।’’
ਦੂਜਾ ਬੋਲਦਾ, ‘‘ਮਧੂਬਾਲਾ ਦਾ ਪਿਓ ਅੱਤਾਉਲਾ ਖਾਨ ਬੜਾ ਲਾਲਚੀ ਹੈ, ਧੀ ਨੂੰ ਕਿਸੇ ਹੀਰੋ ਨਾਲ ਫਿੱਟ ਨਹੀਂ ਹੋਣ ਦੇਂਦਾ। ਬੁੱਢੇ ਨੂੰ ਧੀ ਦੀ ਕਮਾਈ ਲਹੂ ਵਾਂਗ ਲੱਗੀ ਹੋਈ ਹੈ।’’
ਸੌਣ ਲੱਗੇ ਕੇਸ਼ਵ ਮੈਨੂੰ ਕਹਿੰਦਾ, ‘‘ਤੂੰ ਘਰੋਂ ਦੌੜ ਕੇ ਆਇਆਂ। ਸ਼ੁਕਰ ਕਰ, ਆਉਂਦਿਆਂ ਹੀ ਤੈਨੂੰ ਪੜਛੱਤੀ ਉੱਤੇ ਸੌਣ ਲਈ ਜਗ੍ਹਾ ਮਿਲ ਗਈ, ਵਰਨਾ ਫੁੱਟਪਾਥ ਉੱਤੇ ਰਾਤ ਗੁਜ਼ਾਰਨੀ ਪੈਂਦੀ।’’
ਮੈਂ ਦੋ ਮਹੀਨੇ ਬੁਰੇ-ਹਾਲ ਗੁਜ਼ਾਰੇ ਤੇ ਬਿਮਾਰ ਪੈ ਗਿਆ। ਵਾਪਿਸ ਅੰਮ੍ਰਿਤਸਰ ਪਰਤ ਆਇਆ। ਮੁੰਬਈ ਨੇ ਫਿਰ ਵੀ ਮੇਰਾ ਖਹਿੜਾ ਨਾ ਛੱਡਿਆ। ਕਿਤੇ ਜਾਣਾ ਚਾਹੁੰਦਾ ਸੀ, ਕਿੱਥੇ ਜਾਂਦਾ?
ਪੰਜ ਸਾਲਾਂ ਬਾਅਦ ਮੈਂ ਫਿਰ ਮੁੰਬਈ ਜਾ ਲੱਥਾ। ਕਿਸੇ ਪਤ੍ਰਿਕਾ ਵਿਚ ਮਾਕੂਲ ਤਨਖਾਹ ਵਾਲੀ ਨੌਕਰੀ ਮਿਲ ਗਈ। ਅਜਿਹੇ ਲਾੱਜ ਵਿਚ ਰਹਿਣ ਲੱਗ ਪਿਆ ਜਿੱਥੇ ਵੀਹ ਬਾਈ ਕਮਰੇ ਸਨ ਅਤੇ ਹਰੇਕ ਕਮਰੇ ਵਿਚ ਤਿੰਨ ਬੈੱਡ। ਰਹਿਣ ਵਾਲਿਆਂ ਵਿਚ ਜ਼ਿਆਦਾਤਰ ਪੰਜਾਬੀ ਯੁਵਕ ਸਨ। ਬਹੁਤਿਆਂ ਦਾ ਨਾਤਾ ਕਿਸੇ ਨਾ ਕਿਸੇ ਰੂਪ ਵਿਚ ਫ਼ਿਲਮ ਸੰਸਾਰ ਨਾਲ ਸੀ। ਇਕ ਭਾਗ ਸਿੰਘ ਸੀ ਜੋ ਕਿਸੇ ਫਿਲਮ ਦਾ ਪ੍ਰੋਡਕਸ਼ਨ ਅਗਜ਼ੈਕਟਿਵ ਸੀ। ਇਕ ਪੁਰੀ ਸੀ ਜੋ ਅਸਿਸਟੈਂਟ ਕੈਮਰਾਮੈਨ ਸੀ। ਕੋਈ ਹੀਰੋ ਬਣਨ ਲਈ ਸਟ੍ਰਗਲ ਕਰ ਰਿਹਾ ਸੀ। ਇਕ ਘਈ ਸਾਹਿਬ ਅਖਵਾਂਦਾ ਸੀ; ਉਹ ਸ਼ੈਲੇਂਦਰ ਵੱਲੋਂ ਬਣਾਈ ਜਾ ਰਹੀ ਫਿਲਮ ‘ਤੀਸਰੀ ਕਸਮ’ ਦਾ ਸਹਾਇਕ ਨਿਰਦੇਸ਼ਕ ਸੀ। ਇਕ ਮੁੰਡੇ ਨੇ ਦੇਵ ਆਨੰਦ ਵਾਂਗ ਵਾਲ ਬਣਾਏ ਹੁੰਦੇ ਤੇ ਆਪਣਾ ਨਾਂ ਉਹਨੇ ਸੇਵਾ ਆਨੰਦ ਰੱਖਿਆ। ਮੇਰੇ ਕਮਰੇ ਵਿਚ ਇਕ ਦਵਾਰਕਾ ਨਾਥ ਦਿੱਲੀ ਦੇ ਕਾਲਕਾ ਜੀ ਤੋਂ ਸੀ; ਉਹ ਮਿਊਜ਼ਿਕ ਡਾਇਰੈਕਟਰ ਬਣਨਾ ਚਾਹੁੰਦਾ ਸੀ। ਉਹਨੇ ਆਪਣਾ ਨਾਂ ਦਵਾਰਕੇਸ਼ ਰੱਖ ਲਿਆ ਸੀ। ਦਵਾਰਕੇਸ਼ ਤੋਂ ਇਲਾਵਾ ਕਮਰੇ ਵਿਚ ਰਘਬੀਰ ਸਿੰਘ ਨੱਤ ਦਾ ਬੈੱਡ ਸੀ ਜੋ ਕੋਕਾ ਕੋਲਾ ਕੰਪਨੀ ਦਾ ਸੇਲਜ਼ਮੈਨ-ਡਰਾਈਵਰ ਸੀ। ਨੱਤ ਨੂੰ ਸਾਰੇ ਨੱਟ ਸਿੰਘ ਕਹਿੰਦੇ। ਉਹ ਲੁਧਿਆਣਾ ਜ਼ਿਲੇ ਦੇ ਪਿੰਡ ਸਾਹਨੇਵਾਲ ਤੋਂ ਸੀ ਜਿੱਥੋਂ ਦਾ ਫ਼ਿਲਮ ਐਕਟਰ ਧਰਮਿੰਦਰ ਸੀ।
ਮੁੰਬਈ ਵਿਚ ਉਦੋਂ ਨਸ਼ਾਬੰਦੀ ਸੀ। ਯਾਨੀ ਕਿ ਸ਼ਰਾਬ ਵੇਚਣੀ ਪੀਣੀ ਕਾਨੂੰਨੀ ਮਨਾਹੀ ਸੀ। ਨੱਟ ਸਿੰਘ ਦਾ ਇਕ ਦੋਸਤ ਨੇਵੀ ਵਿਚ ਸੀ ਜਿਸ ਤੋਂ ਉਹ ਕਦੇ ਕਦਾਈਂ ਹਰਕੁਲਿਸ ਰੰਮ ਦੀ ਬੋਤਲ ਲੈ ਆਉਂਦਾ। ਇਕ ਦਿਨ ਉਹ ਕਮਰੇ ਵਿਚ ਦਾਖਲ ਹੋਇਆ। ਉਹਦੇ ਨਾਲ ਧਰਮਿੰਦਰ ਸੀ। ਬੈਗ ਵਿਚ ਰੰਮ ਦੀ ਬੋਤਲ। ਧਰਮਿੰਦਰ ਵੱਲ ਇਸ਼ਾਰਾ ਕਰਕੇ ਨੱਟ ਸਿੰਘ ਮੈਨੂੰ ਕਹਿੰਦਾ- ‘‘ਇਹ ਮੇਰਾ ਬਚਪਨ ਦਾ ਆੜੀ ਹੈ। ਫ਼ਿਲਮ ਹੀਰੋ ਬਣਨ ਲਈ ਸਟ੍ਰਗਲ ਕਰ ਰਿਹਾ।’’
*
ਨਸ਼ਾਬੰਦੀ ਹੋਣ ਕਰਕੇ ਪੁਲੀਸ ਅਤੇ ਦਾਰੂ ਦੇ ਸਮਗਲਰਾਂ ਦੀ ਚਾਂਦੀ ਸੀ। ਪੁਲਸੀਏ ਹਫ਼ਤਾ ਉਗ੍ਰਾਹੁੰਦੇ। ਪੀਣ ਵਾਲੇ ਧੁੱਤ ਹੋ ਕੇ ਸੜਕਾਂ ਉੱਤੇ ਡਿੱਗਦੇ ਦਿਖਦੇ। ਝੋਂਪੜੀਆਂ ਦੇ ਬਾਹਰ ਦਾਰੂ ਦੀਆਂ ਭੱਠੀਆਂ ਲੱਗਦੀਆਂ। ਮੈਂ ਦਾਰੂ ਦੀ ਭੱਠੀ ਦੇਖਣਾ ਚਾਹੁੰਦਾ ਸਾਂ। ਇਕ ਰਾਤ ਤਰਨ ਤਾਰਨ ਪਿਛੋਕੜ ਵਾਲਾ ਪੰਜਾਬੀ ਕਵੀ ਕ੍ਰਿਸ਼ਨ ਸ਼ਰਸਾਰ ਮੈਨੂੰ ਕੋਲ੍ਹੀਵਾੜਾ ਦੀ ਪੰਜਾਬੀ ਆਬਾਦੀ ਦੇ ਕੋਲੇ ਨਿੱਕੀ ਪਹਾੜੀ ਵਾਲੇ ਪਾਸੇ ਦਾਰੂ ਦੀ ਭੱਠੀ ਦੇ ਟਿਕਾਣੇ ਲੈ ਗਿਆ। ਉਹ ਫਿਲਮਾਂ ਦੇ ਪੋਸਟਰ ਬਣਾਂਦਾ ਤੇ ਉਹਦਾ ਹੱਥ ਹਮੇਸ਼ਾਂ ਤੰਗ ਰਹਿੰਦਾ। ਨਿਤ ਰਾਤ ਨੂੰ ਦਾਰੂ ਪੀਣਾ ਉਹਦੇ ਲਈ ਜ਼ਰੂਰੀ ਹੁੰਦਾ, ਵਰਨਾ ਨੀਂਦ ਨਾ ਆਉਂਦੀ। ਛੇ ਆਨੇ ਦਾ ਵੱਡਾ ਪੈੱਗ ਮਿਲਦਾ – ਤਾਜ਼ਾ, ਗਰਮ, ਛਾਤੀ ਲੂਹਣ ਵਾਲਾ।
ਉਹ ਵੱਡੇ ਪੱਥਰ ਉੱਤੇ ਬੈਠ ਗਿਆ, ਮੈਂ ਉਹਦੇ ਨਾਲ। ਦੋ ਗਿਲਾਸ, ਇਕ ਤੋਂ ਬਾਅਦ ਦੂਜਾ, ਦਸ ਮਿੰਟਾਂ ਦੇ ਵਕਫ਼ੇ ਵਿਚ, ਉਹ ਡਕਾਰਦਾ ਗਿਆ। ਅੱਧਾ ਪੈੱਗ ਹੋਰ ਮੰਗਵਾਇਆ। ਬਿੱਲ ਕੁੱਲ ਪੰਦਰਾਂ ਆਨੇ। ਇਕ ਆਨਾ ਸ਼ਰਾਬ ਸਰਵ ਕਰਨ ਵਾਲੀ ਕੁੜੀ ਨੂੰ ਦਿੱਤਾ। ਮੇਰੇ ਵੱਲ ਮੂੰਹ ਕਰਕੇ ਕਹਿੰਦਾ, ‘‘ਦੇਖ ਲਈ ਦਾਰੂ ਦੀ ਭੱਠੀ। ਇਕ ਰੁਪਏ ਨਾਲ ਹੀ ਕਾਲਜਾ ਲੂਹ ਹੋ ਗਿਆ। ਚੱਲ ਚਲੀਏ।’’ ਮੈਂ ਉਹਨੂੰ ਘਰ ਛੱਡ ਕੇ ਲੋਕਲ ਗੱਡੀ ਫੜ ਵਾਪਿਸ ਆਪਣੇ ਲਾੱਜ ਵਿਚ ਆ ਗਿਆ ਤਾਂ ਦੇਖਿਆ ਰਘਬੀਰ ਨੱਤ ਸ਼ਰਾਬੀ ਹੋਇਆ ਕੋਰਿਡੋਰ ਵਿਚ ਕਿਸੇ ਨਾਲ ਲੜ ਰਿਹਾ ਸੀ।
ਇਕ ਸ਼ਾਮ ਆਪਣਾ ਪੰਜਾਬੀ ਲੇਖਕ ਸੁਖਬੀਰ ਕਹਿੰਦਾ, ਆ ਅੱਜ ਨਸ਼ਾ ਕਰੀਏ। ਇਕ ਗਲੀ ਵਿਚ ਲੈ ਜਾਂਦਾ। ਰਾਤ ਦਾ ਵੇਲਾ, ਦਰਜੀ ਦੀ ਦੁਕਾਨ, ਮੱਧਮ ਰੋਸ਼ਨੀ। ਦੁਕਾਨ ਦੇ ਪਿਛਵਾੜ ਦਰਵਾਜ਼ੇ ਅੰਦਰ ਪੇਟੀ ਉਪਰ ਬੋਰੀ ਵਿਛੀ ਹੋਈ। ਦਰਜੀ ਦੀ ਨੌਜੁਆਨ ਕੁੜੀ, ਸਕਰਟ ਪਹਿਣੀ, ਦੋ ਗਿਲਾਸ ਭੱਠੀ ਦੀ ਤਾਜ਼ੀ ਦਾਰੂ ਉਹਦੇ ਹੱਥ, ਸਾਡੇ ਅੱਗੇ ਪਏ ਸਟੂਲ ਉੱਤੇ ਰੱਖਦੀ। ਤੀਜਾ ਗਿਲਾਸ ਪਾਣੀ ਦਾ।
ਪੌਣੇ ਕੁ ਘੰਟੇ ਵਿਚ ਦੋ ਗਿਲਾਸ ਅੰਦਰ ਖਿੱਚ ਅਸੀਂ ਬਾਹਰ ਨਿਕਲਦੇ ਹਾਂ। ਕੁੜੀ ਮੁਸਕ੍ਰਾਂਦੀ ਸਾਡੇ ਵੱਲ ਦੇਖਦੀ ਹੈ। ਦਰਜੀ ਬਾਪ ਦੂਜੇ ਪਾਸਿਓਂ ਆਉਂਦਾ, ਕਹਿੰਦਾ, ‘‘ਸਾਹਿਬ, ਲੇ ਜਾਉ ਇਸੇ। ਘੰਟਾ ਦੋ ਘੰਟਾ ਐਨਜੋਇ ਕਰਕੇ ਛੋੜ ਜਾਣਾ। ਦੋ ਸੌ ਰੁਪਏ।’’
ਮੈਂ ਸੁਖਬੀਰ ਵਲ ਦੇਖਦਾਂ, ਤਦ ਤੱਕ ਉਹ ਬਾਹਰ ਜਾ ਚੁੱਕਾ ਹੋਇਆ। ਮੈਂ ਵੀ ਬਾਹਰ ਆ ਜਾਂਦਾ।
*
ਮੁੰਬਈ ਘਣੇ ਅੰਤਰ-ਵਿਰੋਧਾਂ ਦਾ ਸ਼ਹਿਰ ਉਸ ਦੌਰ ਵਿਚ ਵੀ ਸੀ, ਹੁਣ ਵੀ ਹੈ। ਫਰਕ ਇਹ ਹੈ ਕਿ ਉਦੋਂ ਸਿਸਟਮ ਵਿਚ ਤਬਦੀਲੀ ਦੀ ਉਤਕੰਠਾ ਸੀ। ਇਹ ਉਤਕੰਠਾ, ਰੁਮਾਂਸੀ ਲਬੇੜ ਦੇ ਬਾਵਜੂਦ, ਉਦੋਂ ਚੋਖੀ ਤੀਬਰ ਸੀ। ਤਦ ਸਾਹਿਰ ਲੁਧਿਆਣਵੀ ਨੇ ਫਿਰ ਸੁਬ੍ਹਾ ਹੋਗੀ ਲਈ ਜੋ ਗੀਤ ਲਿਖੇ (ਚੀਨੋ ਅਰਬ ਹਮਾਰਾ, ਹਿੰਦੋਸਤਾਨ ਹਮਾਰਾ/ ਰਹਿਣੇ ਕੋ ਘਰ ਨਹੀਂ ਹੈ, ਸਾਰਾ ਜਹਾਂ ਹਮਾਰਾ ਜਾਂ ਵੁਹ ਸੁਬ੍ਹਾ ਕਭੀ ਤੋ ਆਏਗੀ)। ਹੁਣ ਅਜਿਹੀ ਚੇਤਨਾ ਕਿਤੇ ਦਿੱਸਦੀ ਨਹੀਂ। ਨਾ ਹੀ ਅਜਿਹੇ ਕੋਈ ਗੀਤ ਲਿਖਦਾ ਹੈ। ਮਨੁੱਖੀ ਸਥਿਤੀ ਫਿਲਮ ਨਿਰਮਾਨ ਨਾਲ ਜੁੜੇ ਵਿਅਕਤੀਆਂ ਦੀ ਸੋਚ ਦੇ ਕੇਂਦਰ ਵਿਚ ਸੀ। ਸਆਦਤ ਹਸਨ ਮੰਟੋ ਦੀ ਤੇਜ਼ਧਾਰ ਨਿਗ੍ਹਾ ਦਾ ਟਾਕਰਾ ਮੁੰਬਈ ਵਿਚ ਹਰ ਤਰਜ਼ ਦੇ ਘਟਨਾ ਕ੍ਰਮ ਨਾਲ ਹੁੰਦਾ। ਆਸ ਪਾਸ ਦੀ ਵਿਸੰਗਤੀਆਂ ਨੇ ਉਹਦੇ ਅੰਦਰ ਕੋਫ਼ਤ ਪੈਦਾ ਕੀਤੀ; ਕਲਮ ਦੀ ਸਿਆਹੀ ਤੇਜ਼ਾਬੀ ਹੁੰਦੀ ਗਈ। ਉਸ ਦੌਰ ਵਿਚ ਰਾਜਿੰਦਰ ਸਿੰਘ ਬੇਦੀ ਤੇ ਕਿਸ਼ਣ ਚੰਦਰ ਲਿਖ ਰਹੇ ਸਨ। ਘੋਰ ਅਨਿਆਂ ਵਾਲੇ ਸ਼ਹਿਰ ਵਿਚ ਰਹਿ ਕੇ ਹੀ ਸਾਹਿਰ ਲੁਧਿਆਣਵੀ ਅੰਦਰ ਗਹਿਰੀ ਸਮਾਜਿਕ ਚੇਤਨਾ ਜਾਗੀ ਹੋਈ ਸੀ। ਇਹ ਕਲਮਾਂ ਉਸ ਦੌਰ ਦੀਆਂ ਪੇਚੀਦਗੀਆਂ ਨਾਲ ਟਕਰਾਈਆਂ। ਕਲਮਾਂ ਵਿਚੋਂ ਨਿਕਲਦੇ ਲਫ਼ਜ਼ ਕਟਾਰ ਵਾਂਗ ਕਾਟ ਮਾਰਦੇ। ਇਕ ਦੌਰ ਰੁਸ਼ਨਾਇਆ ਗਿਆ।
ਖਵਾਜਾ ਅਹਿਮਦ ਅੱਬਾਸ ਨੇ ‘ਲਘੂ ਮਨੁੱਖ ਬਨਾਮ ਸੁਵਿਧਾਵਾਂ ਨਾਲ ਲੈਸ ਮਨੁੱਖ’ ਬਾਰੇ ਅਨੇਕ ਪਟਕਥਾਵਾਂ ਲਿਖੀਆਂ। ਇਨ੍ਹਾਂ ਫ਼ਿਲਮਾਂ ਨੂੰ ਰਾਜ ਕਪੂਰ ਨੇ ਫਿਲਮਾਇਆ, ਨਾਂ/ਨੋਟ ਕਮਾਏ। ਸ਼ੋਅਮੈਨ ਬਣਿਆ। ਰਾਜ ਕਪੂਰ ਤੇ ਅੱਬਾਸ ਦੋਵੇਂ ਪੀੜਤ ਮਨੁੱਖ ਬਾਰੇ ਮੰਡੂਆ ਸਿਰਜ ਕੇ ਨਾਂ/ਨਾਵਾਂ ਕਮਾਉਂਦੇ ਰਹੇ, ਪਰ ਪੀੜਤ ਮਨੁੱਖ ਦਾ ਕੁਝ ਨਾ ਬਣਿਆ। ਕੀ ਬਣਦਾ? ਕੂੜ ਕਬਾੜ ਦੇ ਢੇਰ ਵਾਂਗ ਜੋ ਲੋਕ ਗੰਦੀ ਬਸਤੀਆਂ ਵਿਚ ਉਸ ਦੌਰ ਵਿਚ ਰਹਿੰਦੇ ਸਨ, ਹੁਣ ਵੀ ਰਹਿੰਦੇ ਹਨ। ਉਨ੍ਹਾਂ ਲਈ ਧਰਤੀ ਜਾਂ ਆਕਾਸ਼ ਦੇ ਮਾਅਨੇ ਉਹ ਨਹੀਂ ਜੋ ਹੋਰਾਂ ਲਈ ਹਨ।
ਇਹ ਲੋਕ ਵੀ ਮੁੰਬਈ ਵਿਚ ਸੁਪਨਿਆਂ ਸਮੇਤ ਪਹੁੰਚੇ ਸਨ। ਖਵਾਜਾ ਅਹਿਮਦ ਅੱਬਾਸ ਨੇ 1960 ਵਿਚ ਸ਼ਹਿਰ ਔਰ ਸਪਨਾ ਫਿਲਮ ਅਜਿਹਿਆਂ ਬਾਰੇ ਹੀ ਬਣਾਈ ਸੀ। ਅੱਬਾਸ ਨੂੰ ਪੰਡਿਤ ਜਵਾਹਰਲਾਲ ਨਹਿਰੂ ਦੇ ਹੱਥੋਂ ਇਸ ਫ਼ਿਲਮ ਲਈ ਕੌਮੀ ਐਵਾਰਡ ਮਿਲਿਆ ਸੀ। ਪਰ ਜਿਨ੍ਹਾਂ ਬਾਰੇ ਫ਼ਿਲਮ ਬਣਾਈ ਗਈ, ਉਹ ਗੁੰਮ-ਗੁਆਚ ਗਏ।
ਮੁੰਬਈ ਵਿਚ ਰਿਹਾਇਸ਼ ਦੌਰਾਨ ਮੈਂ ਕਈਆਂ ਦੇ ਮੂੰਹੋਂ ਸੁਣਦਾ: ਦੁਸ਼ਟ ਸ਼ਹਿਰ ਹੈ ਇਹ – ਬੇਰਹਿਮ! ਚਲੇ ਜਾਣਾ ਏਥੋਂ। ਪਰ ਜਾਂਦਾ ਕੋਈ ਵੀ ਨਾ – ਕਿੱਥੇ ਜਾਂਦੇ?
ਸੰਪਰਕ: 98725-06926