ਸੁਰਿੰਦਰ ਸਿੰਘ ਤੇਜ
ਇਨਸਾਨ ਖ਼ੁਦਰਗਜ਼ ਹੈ, ਪਰ ਧੁਰ ਅੰਦਰੋਂ ਉਹ ਨੀਚ ਨਹੀਂ। ਉਹ ਬਦੀ ਨੂੰ ਗਲੇ ਜ਼ਰੂਰ ਲਾਉਂਦਾ ਹੈ, ਪਰ ਰੂਹੋਂ-ਸੂਹੋਂ ਬਦਕਾਰ ਤੇ ਦੁਸ਼ਟ ਨਹੀਂ। ਉਸ ਦੀ ਨੀਚਤਾ ਬਹੁਤੀ ਵਾਰ ਵਕਤੀ ਤੇ ਆਰਜ਼ੀ ਹੁੰਦੀ ਹੈ; ਇਹ ਉਸ ਦੇ ਸੁਭਾਅ ਤੇ ਆਚਾਰ-ਵਿਹਾਰ ਦਾ ਸਥਾਈ ਹਿੱਸਾ ਨਹੀਂ ਹੁੰਦੀ। ਸੌ ਵਿਚੋਂ ਸਿਰਫ਼ ਦੋ ਬੰਦੇ ਬੁਨਿਆਦੀ ਤੌਰ ’ਤੇ ਬੁਰੇ ਹੁੰਦੇ ਹਨ। ਉਹ ਸਾਡੀ ਨਜ਼ਰੀਂ ਵੀ ਇਸੇ ਕਰਕੇ ਹੀ ਚੜ੍ਹਦੇ ਹਨ ਕਿ ਬਾਕੀ 98 ਬੰਦੇ ਚੰਗੇ ਹਨ। ਕਿਉਂਕਿ ਚੰਗਿਆਂ ਦੀ ਚੰਗਿਆਈ ਸਾਡੇ ਲਈ ਰੁਟੀਨ ਵਾਂਗ ਹੈ, ਅਸੀਂ ਉਨ੍ਹਾਂ ਵੱਲ ਝਾਕਦੇ ਤਕ ਨਹੀਂ। 98:2 ਵਾਲੀ ਔਸਤ ਹੋਣ ਦੇ ਬਾਵਜੂਦ ਅਸੀਂ ਇਹੋ ਸੋਚੀ ਤੇ ਮੰਨੀ ਚਲੇ ਜਾਂਦੇ ਹਾਂ ਕਿ ਦੁਨੀਆਂ ਵਿਚੋਂ ਚੰਗਿਆਈ ਖ਼ਤਮ ਹੁੰਦੀ ਜਾ ਰਹੀ ਹੈ।
ਇਹੋ ਤੱਤ-ਸਾਰ ਹੈ ਡੱਚ ਇਤਿਹਾਸਕਾਰ ਤੇ ਫ਼ਿਲਾਸਫ਼ਰ ਰੱਟਜਰ ਬ੍ਰੇਗਮੈਨ (Rutger Bregman) ਦੀ ਨਵੀਂ ਕਿਤਾਬ ‘ਹਿਊਮਨਕਾਈਂਡ: ਏ ਹੋਪਫੁਲ ਹਿਸਟਰੀ’ (ਮਾਨਵਜਾਤ: ਆਸ਼ਾਮਈ ਇਤਿਹਾਸ; ਬਲੂਮਜ਼ਬਰੀ; 481 ਪੰਨੇ; 699 ਰੁਪਏ) ਦਾ। ਇਹ ਕਿਤਾਬ ਉਸ ਸਮੇਂ ਆਈ ਹੈ ਜਦੋਂ ਕੋਵਿਡ-19 ਮਹਾਂਮਾਰੀ ਆਪਣੇ ਚਰਮ ਉੱਤੇ ਹੈ। ਮਹਾਂਮਾਰੀ ਦੇ ਪਸਾਰੇ ਨੇ ਪੂਰੀ ਮਾਨਵਤਾ ਨੂੰ ਵਖ਼ਤ ਪਾਇਆ ਹੋਇਆ ਹੈ। ਇਨਸਾਨੀ ਤਕਾਜ਼ੇ ਤੇ ਕਦਰਾਂ ਤਿੜਕਦੀਆਂ ਜਾ ਰਹੀਆਂ ਹਨ। ਸੰਸਾਰੀਕਰਨ ਦਾ ਸੰਕਲਪ ਆਪਣੇ ਅਰਥ ਤੇ ਸਾਖ਼ ਗੁਆਉਂਦਾ ਜਾ ਰਿਹਾ ਹੈ। ਕੌਮਾਂ ਤੇ ਕੌਮੀਅਤਾਂ ਦੀ ਆਰਥਿਕ-ਸਮਾਜਿਕ-ਰਾਜਨੀਤਕ ਵਾੜਬੰਦੀ ਸਮੇਂ ਦਾ ਦਸਤੂਰ ਬਣਨ ਲੱਗੀ ਹੈ। ਹਰ ਪਾਸੇ ਆਪਾ-ਧਾਪੀ ਹੈ। ਅਜਿਹੇ ਚੁਫ਼ੇਰਲੇ ਸੰਕਟ ਦੇ ਬਾਵਜੂਦ ਬ੍ਰੇਗਮੈਨ ਆਸਵੰਦੀ ਦਾ ਸੁਨੇਹਾ ਦਿੰਦਾ ਹੈ। ਉਸ ਦਾ ਥੀਸਿਜ਼ ਹੈ: ਇਨਸਾਨੀਅਤ ਹੁਣ ਵੀ ਜ਼ਿੰਦਾ ਹੈ, ਭਵਿੱਖ ਵਿਚ ਵੀ ਜ਼ਿੰਦਾ ਰਹੇਗੀ। ਇਨਸਾਨ ਜੇਕਰ ਪੱਥਰ ਯੁੱਗ ਵਾਲੇ ਅਵਤਾਰ ਤੋਂ ਹੁਣ ਵਾਲੇ ਜਾਮੇ ਤਕ ਪਹੁੰਚਿਆ ਹੈ ਤਾਂ ਇਹ ਸਾਰੀ ਪ੍ਰਗਤੀ ਉਸ ਅੰਦਰਲੀ ਚੰਗਿਆਈ ਤੇ ਸੂਝ-ਬੂਝ ਦਾ ਹੀ ਸਿਲਾ ਤੇ ਸਿੱਟਾ ਹੈ। ਚੰਗਿਆਈ ਹੀ ਮਾਨੁਸ ਜਾਤ ਦੀ ਬੁਨਿਆਦੀ ਖ਼ੂਬੀ ਹੈ। ਇਹ ਦੈਵੀ ਵਰਦਾਨ ਹੈ। ਚੰਗਿਆਈ ਕਦੇ ਮਰਨ ਵਾਲੀ ਨਹੀਂ। ਇਹ ਜਿਸ ਦਿਨ ਮਰ ਗਈ, ਉਸੇ ਦਿਨ ਇਨਸਾਨੀ ਵਜੂਦ ਵੀ ਖ਼ਤਮ ਹੋ ਜਾਵੇਗਾ।
ਬ੍ਰੇਗਮੈਨ ਅਨੁਸਾਰ ਸਾਡੀ ਖ਼ਲਕਤ ਵਿਚ ਜੇਕਰ ਵੱਡੇ ਵੱਡੇ ਖ਼ਲਨਾਇਕ ਸਮੇਂ-ਸਮੇਂ ਵਿਚਰਦੇ-ਵਿਗਸਦੇ ਆਏ ਹਨ ਤਾਂ ਇਹ ਕੋਈ ਅਣਹੋਣੀ ਗੱਲ ਨਹੀਂ। ਬੁਰਿਆਈ, ਭਲੇ ਬੰਦਿਆਂ ਨੂੰ ਵੀ ਸੰਮੋਹਿਤ ਕਰਦੀ ਹੈ। ਉਨ੍ਹਾਂ ਦਾ ਦਿਲ ਵੀ ਮੂੰਹ ਦਾ ਜ਼ਾਇਕਾ ਬਦਲਣ ਨੂੰ ਕਰਦਾ ਹੈ, ਪਰ ਇਹ ਜ਼ਾਇਕਾ-ਬਦਲੀ ਜਾਂ ਮੂੰਹ ਕਰਾਰਾ ਕਰਨ ਦੀ ਲਲਕ ਉਨ੍ਹਾਂ ਨੂੰ ਬੁਰਿਆਈ ਦਾ ਸਥਾਈ ਮੁਰੀਦ ਨਹੀਂ ਬਣਾਉਂਦੀ। ‘‘ਬੁਰੀ ਬਾਤ ਸੁਨਨੇ ਮੇਂ ਯਾਰੋ ਬੜਾ ਮਜ਼ਾ ਆਤਾ’’ ਵਾਲੀ ਫਿਲਮੀ ਸੰਗੀਤਕ ਤੁਕ ਵਾਂਗ ਇਹ ਚਸਕਾ ਭਲੇ ਤੇ ਬੁਰੇ ਦਾ ਫ਼ਰਕ ਚੱਖਣ ਤਕ ਮਹਿਦੂਦ ਰਹਿੰਦਾ ਹੈ। ਇਨਸਾਨੀ ਮਨੋਬਣਤਰ ਦਾ ਸਥਾਈ ਅੰਗ ਨਹੀਂ ਬਣਦਾ। ਇਨਸਾਨੀ ਇਤਿਹਾਸ ਵਿਚ ਅਜਿਹੇ ਬੰਦੇ ਬਹੁਤ ਘੱਟ ਰਹੇ ਹਨ ਜੋ ਬਦੀ ਦੀ ਨੇਕੀ ਉੱਤੇ ਜਿੱਤ ਦੇ ਖਾਹਸ਼ਮੰਦ ਰਹੇ ਹੋਣ। ਉਹ ਬਦੀ ਦੇ ਵੱਖ ਵੱਖ ਰੂਪਾਂ ਨੂੰ ਨੀਝ ਤੇ ਰੀਝ ਨਾਲ ਦੇਖਦੇ ਜ਼ਰੂਰ ਹਨ, ਪਰ ਉਨ੍ਹਾਂ ਦੀ ਦਿਲਚਸਪੀ ਬਹੁਤੀ ਵਾਰ ਇਹ ਦੇਖਣ/ਜਾਨਣ ਉੱੱਤੇ ਕੇਂਦਰਿਤ ਹੁੰਦੀ ਹੈ ਕਿ ਨੇਕੀ ਨੂੰ ਕਿੱਥੋਂ ਤਕ ਖਿੱਚਿਆ ਜਾ ਸਕਦਾ ਹੈ। ਬੜੀ ਪੇਚੀਦਾ ਹੈ ਇਹ ਮਨੋਬਣਤਰ। ਕਿਤਾਬ ਵਿਚ ਮਿਸਾਲਾਂ ਦੇ ਕੇ ਇਹ ਵਿਸ਼ਾ-ਵਸਤੂ ਉਸਾਰਿਆ ਗਿਆ ਹੈ ਕਿ ਚੰਗਿਆਈ ਨੂੰ ਰੌਚਿਕ ਰੂਪ ਵਿਚ ਕਦੇ ਵੀ ਪੇਸ਼ ਨਹੀਂ ਕੀਤਾ ਗਿਆ। ਡਰਾਮਾਈ ਪਹਿਰਾਵਾ ਤੇ ਡਰਾਮਾਈ ਅੰਦਾਜ਼ ਹਮੇਸ਼ਾ ਬੁਰਿਆਈਆਂ ਦੇ ਹਿੱਸੇ ਆਇਆ ਹੈ। ਇਸੇ ਕਰਕੇ ਬੁਰਿਆਈ ਵੱਧ ਵਿਆਪਕ ਤੇ ਵੱਧ ਸ਼ਕਤੀਸ਼ਾਲੀ ਹੋਣ ਦਾ ਪ੍ਰਭਾਵ ਦਿੰਦੀ ਹੈ, ਪਰ ਅਸਲੀਅਤ ਇਹ ਹੈ ਕਿ ਵੱਡੇ ਤੋਂ ਵੱਡੇ ਖ਼ਲਨਾਇਕ ਦੇ ਅੰਦਰੋਂ ਵੀ ਚੰਗਿਆਈ ਦੇ ਕਣ ਕਦੇ ਸਥਾਈ ਰੂਪ ਵਿਚ ਨਹੀਂ ਮਿਟੇ। ਇਹ ਕਿਸੇ ਨਾ ਕਿਸੇ ਮੌਕੇ ਵੇਗਵਾਨ ਜ਼ਰੂਰ ਹੁੰਦੇ ਰਹੇ। ਇਸੇ ਲਈ ਤਕਰੀਬਨ ਹਰ ਖ਼ਲਨਾਇਕ ਦੀ ਇਹੋ ਕੋਸ਼ਿਸ਼ ਰਹੀ ਕਿ ਜੇਕਰ ਉਹ ਨਹੀਂ ਸੁਧਰ ਸਕਿਆ ਤਾਂ ਘੱਟੋ-ਘੱਟ ਉਸ ਦੀ ਔਲਾਦ ਉਸ ਦੇ ਨਕਸ਼ੇ-ਕਦਮਾਂ ਉੱਤੇ ਤਾਂ ਨਾ ਚੱਲੇ।
ਬ੍ਰੇਗਮੈਨ ਨੇ ਬੁਰਿਆਂ ਤੇ ਬੁਰਿਆਈਆਂ ਬਾਰੇ ਸਾਡੇ ਭਰਮ ਦੂਰ ਕਰਨ ਲਈ ਦਰਜਨਾਂ ਮਿਸਾਲਾਂ ਦਰਜ ਕੀਤੀਆਂ ਹਨ। ਸਾਹਿਤ ਦੇ ਨੋਬੇਲ ਪੁਰਸਕਾਰ ਨਾਲ ਨਿਵਾਜੇ ਗਏ ਬ੍ਰਿਟਿਸ਼ ਗਲਪਕਾਰ ਵਿਲੀਅਮ ਗੋਲਡਿੰਗ ਦੇ ਸ਼ਾਹਕਾਰ ਨਾਵਲ ‘ਲਾਰਡ ਆਫ ਦਿ ਫਲਾਈਜ਼’ ਦੇ ਕਥਾਨਕ ਦੀ ਚੀਰ-ਫਾੜ ਕਰਦਿਆਂ ਉਹ ਦਾਅਵਾ ਕਰਦਾ ਹੈ ਕਿ ਨਾਵਲ ਦੇ ਪਾਤਰਾਂ ਵਾਲੀ ਖ਼ੁਦਗਰਜ਼ੀ ਇਸ ਕਥਾਨਕ ਨਾਲ ਮਿਲਦੀਆਂਂ-ਜੁਲਦੀਆਂ ਅਸਲ ਘਟਨਾਵਾਂ ਦੇ ਪਾਤਰਾਂ ਦੇ ਆਚਾਰ-ਵਿਹਾਰ ਦਾ ਕਦੇ ਵੀ ਹਿੱਸਾ ਨਹੀਂ ਰਹੀ। ਇਸੇ ਤਰ੍ਹਾਂ ਮਹਾਂਯੁੱਧਾਂ ਵਿਚ ਵੀ ਸੈਨਿਕਾਂ ਨੇ ਵਿਅਕਤੀਗਤ ਰੂਪ ਵਿਚ ਉਸ ਕਿਸਮ ਦੀ ਦਰਿੰਦਗੀ ਬਹੁਤ ਘੱਟ ਦਿਖਾਈ ਜੋ ਕਿ ਸਾਡੀ ਗਲਪ ਜਾਂ ਦੰਦ ਕਥਾਵਾਂ ਵਿਚ ਅਕਸਰ ਸ਼ਾਮਲ ਹੋਈ ਮਿਲਦੀ ਹੈ।
ਬ੍ਰੇਗਮੈਨ ਦੇ ਬਹੁਤ ਸਾਰੇ ਵਿਚਾਰ ਤੇ ਸਿਧਾਂਤ, ਇਨਸਾਨੀ ਮਨੋਬਣਤਰ ਨੂੰ ਦਿਲਕਸ਼ ਬਣਾਉਣ ਦਾ ਯਤਨ ਜਾਪਦੇ ਹਨ, ਪਰ ਅਜਿਹੇ ਪ੍ਰਭਾਵ ਦੇ ਬਾਵਜੂਦ ਉਸ ਦੇ ਅਧਿਐਨ ਅੰਦਰਲੀ ਸੰਜੀਦਗੀ ਤੇ ਲਤਾਫ਼ਤ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਕੁਝ ਅਕਾਦਮਿਕ ਹਲਕਿਆਂ ਵੱਲੋਂ ‘ਹਿਊਮਨਕਾਈਂਡ’ ਨੂੰ ‘ਫੀਲ ਗੁੱਡ’ ਕਿਤਾਬ ਦੱਸਿਆ ਜਾ ਰਿਹਾ ਹੈ। ਇਕ ਕਿਸਮ ਦਾ ਨਘੋਚਪੁਣਾ ਜਾਂ ਸਨਕ, ਕਿਤਾਬ ਅੰਦਰਲੀ ਵਿਦਵਤਾ ਤੇ ਬੌਧਿਕਤਾ ਨਾਲ ਅਨਿਆਂ ਹੈ। ਕਿਤਾਬ ਆਸਵਾਨਤਾ ਦਾ ਸੁਨੇਹਾ ਦਿੰਦੀ ਹੈ। ਇਹ ਇਨਸਾਨ ਨੂੰ ਆਪਣੇ ਅੰਦਰਲੀ ਇਨਸਾਨੀਅਤ ਜ਼ਿੰਦਾ ਰੱਖਣ ਲਈ ਪ੍ਰੇਰਦੀ ਹੈ। ਅਜੋਕੇ ਸਮੇਂ ਵਿਚ ਇਸ ਤੋਂ ਵੱਧ ਸਾਰਥਿਕ ਸੁਨੇਹਾ ਹੋਰ ਕੀ ਹੋ ਸਕਦਾ ਹੈ?
* * *
ਅਰਤਿੰਦਰ ਸੰਧੂ ਪੰਜਾਬੀ ਦੀ ਪ੍ਰਬੁੱਧ ਸ਼ਾਇਰਾ ਹੈ। ਸੰਵੇਦਨਸ਼ੀਲ, ਸੁਹਜਵਾਨ ਤੇ ਸਰਲਤਾ ਨੂੰ ਸਮਰਪਿਤ। ਇਕ ਦਰਜਨ ਤੋਂ ਵੱਧ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕੀ ਹੈ। ‘ਘਰ ਘਰ ਤੇ ਘਰ’ (ਲੋਕਗੀਤ ਪ੍ਰਕਾਸ਼ਨ; 122 ਪੰਨੇ; 250 ਰੁਪਏ) ਇਸੇ ਸਿਲਸਿਲੇ ਦੀ ਨਵੀਂ ਕੜੀ ਹੈ। ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ, ਸਾਰੀਆਂ ਕਵਿਤਾਵਾਂ ‘ਘਰ’ ਦੀ ਮੌਜੂਦਗੀ, ਇਸ ਦੇ ਨਕਸ਼ਾਂ ਤੇ ਰੂਪਾਂ, ਇਸ ਨਾਲ ਜੁੜੇ ਰਿਸ਼ਤਿਆਂ ਤੇ ਸੰਵੇਦਨਾਵਾਂ ਦੇ ਧਰਾਤਲ ਅਤੇ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿਚ ‘ਘਰ’ ਦੇ ਬਦਲਦੇ ਅਰਥਾਂ ਉੱਤੇ ਕੇਂਦਰਿਤ ਹਨ। ਘਰ ਨਿੱਘ ਤੇ ਮੋਹ ਦਾ ਵੀ ਪ੍ਰਤੀਕ ਹੈ ਅਤੇ ਇਨਸਾਨੀ ਰਿਸ਼ਤਿਆਂ ਦੀ ਜਰਜਰਤਾ ਦਾ ਵੀ। ਅਰਤਿੰਦਰ ਨੇ ਇਨ੍ਹਾਂ ਸਾਰੇ ਜਜ਼ਬਿਆਂ ਨੂੰ ਸ਼ਾਲੀਨਤਾ ਨਾਲ ਆਪਣੀਆਂ ਕਵਿਤਾਵਾਂ ਵਿਚ ਅੰਕਿਤ ਕੀਤਾ ਹੈ।
ਸੰਖੇਪ ਜਹੀ ਪ੍ਰਸਤਾਵਨਾ ਵਿਚ ਇਸ ਸ਼ਾਇਰਾ ਨੇ ਘਰ ਦੇ ਸੰਕਲਪ ਦਾ ਸਰੂਪ ਪੇਸ਼ ਕਰਦਿਆਂ ਵੀਹਵੀਂ ਸਦੀ ਦੌਰਾਨ ਆਈਆਂ ਆਰਥਿਕ, ਸਮਾਜਿਕ ਤੇ ਸਭਿਆਚਾਰਕ ਤਬਦੀਲੀਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਘਰ ਦੀ ਪਰਿਭਾਸ਼ਾ ਨੂੰ ਵੀ ਵੱਡੀ ਹੱਦ ਤੱਕ ਬਦਲਿਆ। ਇਹ ਬਦਲਾਅ ਸਾਡੇ ਵਿਚੋਂ ਬਹੁਤ ਸਾਰਿਆਂ ਲਈ ਉਦਾਸੀ ਦਾ ਬਾਇਜ਼ ਵੀ ਬਣਿਆ ਹੈ। ਉਦਾਸੀ ਦੇ ਨਕਸ਼ ਇਸ ਸੰਗ੍ਰਹਿ ਅੰਦਰਲੀਆਂ ਕੁਝ ਕਵਿਤਾਵਾਂ ਵਿਚ ਵੀ ਮੌਜੂਦ ਹਨ, ਖ਼ਾਸ ਤੌਰ ’ਤੇ ‘ਘਰ ਦਾ ਸੌਦਾ’ ਵਾਲੀ ਰਚਨਾ ਵਿਚ। ਅਰਤਿੰਦਰ ਦੀ ਸਿਰਜਣਸ਼ੀਲਤਾ ਸਲਾਮ ਦੀ ਹੱਕਦਾਰ ਹੈ।
* * *
ਇਸ ਕਾਲਮ ਦੇ ਪਿਛਲੇ (6 ਜੁਲਾਈ) ਵਾਲੇ ਅੰਕ ਵਿਚ ਗੀਤਕਾਰ ਸ਼ੈਲੇਂਦਰ ਦੀ ਸਿਰਜਣ ਪ੍ਰਕਿਰਿਆ ਨਾਲ ਜੁੜਿਆ ਇਕ ਕਿੱਸਾ ਬਿਆਨ ਕੀਤਾ ਗਿਆ ਸੀ। ਇਸ ਵਾਰ ਇਕ ਹੋਰ ਕਿੱਸਾ ਪੇਸ਼ ਹੈ ਜੋ ਸ਼ੈਲੇਂਦਰ ਦੀ ਬੇਟੀ ਅਮਲਾ ਸ਼ੈਲੇਂਦਰ ਨੇ ਹਾਲ ਹੀ ਵਿਚ ਇਕ ਬਲੌਗ ਰਾਹੀਂ ਸਾਂਝਾ ਕੀਤਾ। ਇਸ ਬਲੌਗ ਅਨੁਸਾਰ ਰਾਜ ਕਪੂਰ ਫਿਲਮ ‘ਆਵਾਰਾ’ (1951) ਦੀ ਕਹਾਣੀ ਸੁਣਨ ਜਾਣ ਸਮੇਂ ਸ਼ੈਲੇਂਦਰ ਨੂੰ ਆਪਣੇ ਨਾਲ ਲੇਖਕ ਤੇ ਪੱਤਰਕਾਰ ਖਵਾਜਾ ਅਹਿਮਦ ਅੱਬਾਸ ਦੇ ਕੋਲ ਲੈ ਗਏ। ਅੱਬਾਸ ਨੇ ਸ਼ੈਲੇਂਦਰ ਨੂੰ ਰਾਜ ਕਪੂਰ ਦਾ ਚਮਚਾ ਸਮਝਿਆ ਅਤੇ ਉਸ ਨਾਲ ਦੁਆ-ਸਲਾਮ ਕਰਨੀ ਵੀ ਵਾਜਬ ਨਾ ਸਮਝੀ। ਕਹਾਣੀ ਸੁਣਨ ਮਗਰੋਂ ਰਾਜ ਕਪੂਰ ਨੇ ਸ਼ੈਲੇਂਦਰ ਤੋਂ ਪੁੱਛਿਆ, ‘‘ਕਿਉਂ ਕਵੀਰਾਜ, ਕੈਸੀ ਲੱਗੀ?’’ ਸ਼ੈਲੇਂਦਰ ਦਾ ਜਵਾਬ ਸੀ: ‘‘ਬਾਕਮਾਲ! ਯਾ ਗ਼ਰਦਿਸ਼ ਮੇਂ ਹੂੰ ਆਸਮਾਨ ਕਾ ਤਾਰਾ ਹੂੰ, ਅਵਾਰਾ ਹੂੰ।’’ ਇਹ ਸੁਣਦਿਆਂ ਹੀ ਅੱਬਾਸ ਉਛਲ ਪਏ। ਰਾਜ ਕਪੂਰ ਤੋਂ ਪੁੱਛਣ ਲੱਗੇ: ‘‘ਕੌਣ ਨੇ ਇਹ ਹਜ਼ਰਤ?’’ ਰਾਜ ਕਪੂਰ ਨੇ ਤੁਆਰੁਫ਼ ਕਰਵਾਇਆ ਤਾਂ ਅੱਬਾਸ ਨੇ ਟਿੱਪਣੀ ਕੀਤੀ: ‘‘ਮੇਰੀ 20 ਸਫ਼ਿਆਂ ਦੀ ਕਹਾਣੀ ਨੂੰ ਇਕ ਫ਼ਿਕਰੇ ਰਾਹੀਂ ਬਿਆਨ ਕਰਨ ਵਾਲਾ ਇਹ ਸ਼ਖ਼ਸ ਬੜਾ ਨਾਮ ਕਮਾਏਗਾ।’’ ਇਹ ਪੇਸ਼ੀਨਗੋਈ ਸੱਚੀ ਸਾਬਤ ਹੋਈ। ਸ਼ੈਲੇਂਦਰ ਦੇ ਕਈ ਮਸ਼ਹੂਰ ਤੇ ਮਕਬੂਲ ਗੀਤਾਂ ਦੇ ਮੁਖੜੇ ਅਜਿਹੇ ਹੀ ਸੈਸ਼ਨਾਂ ਦੀ ਪੈਦਾਇਸ਼ ਸਨ। ਉਨ੍ਹਾਂ ਦੇ ਕਿੱਸੇ ਕਦੇ ਫਿਰ ਸਹੀ!