ਇੰਦਰ ਸਿੰਘ ਮੁਰਾਰੀ ਪੰਜਾਬ ਦੀ ਵੀਹਵੀਂ ਸਦੀ ਦੀ ਕਹਾਣੀ ਦਾ ਅਦਭੁੱਤ ਕਿਰਦਾਰ ਹੈ। ਅੰਮ੍ਰਿਤਸਰ ਜ਼ਿਲ੍ਹੇ (ਹੁਣ ਤਰਨ ਤਾਰਨ) ਦੇ ਪਿੰਡ ਸਰਾਏ ਅਮਾਨਤ ਖ਼ਾਂ ਦਾ ਜੰਮਪਲ ਇੰਦਰ ਸਿੰਘ ਚੜ੍ਹਦੀ ਜਵਾਨੀ ਵਿਚ ਕਵੀਸ਼ਰ ਸੋਹਨ ਸਿੰਘ ਘੁੱਕੇਵਾਲੀਆ ਦੇ ਲਿਖੇ ਧਾਰਮਿਕ ਪ੍ਰਸੰਗਾਂ ਦਾ ਕਾਇਲ ਹੋ ਗਿਆ। ਭਰਾਵਾਂ ਤੋਂ ਜ਼ਮੀਨ ਦਾ ਹਿੱਸਾ ਨਾ ਮਿਲਣ ’ਤੇ ਉਹ ਫ਼ੌਜ ’ਚ ਭਰਤੀ ਹੋ ਗਿਆ। ਲਾਮ ਤੋਂ ਵਾਪਸ ਆਇਆ ਤਾਂ ਨਨਕਾਣਾ ਸਾਹਿਬ ਵਾਲਾ ਸਾਕਾ ਵਾਪਰ ਚੁੱਕਾ ਸੀ। ਉੱਥੇ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰੇ ਦੀ ਰਾਖੀ ਲਈ ਵਲੰਟੀਅਰਾਂ ਦੀ ਜ਼ਰੂਰਤ ਸੀ। ਇੰਦਰ ਸਿੰਘ ਪਹਿਲਾਂ ਨਨਕਾਣਾ ਸਾਹਿਬ ਵਿਚ ਵਲੰਟੀਅਰ ਬਣਿਆ ਅਤੇ ਫਿਰ ਤਰਨ ਤਾਰਨ ਸਾਹਿਬ ਦੇ ਗੁਰਦੁਆਰੇ ਵਿਚ। ਉਸ ਨੇ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਹਿੱਸਾ ਲਿਆ, ਅੰਗਰੇਜ਼ ਅਫ਼ਸਰ ਬੀਟੀ ਦਾ ਤਸ਼ੱਦਦ ਸਹਿਆ ਅਤੇ ਨੌਂ ਮਹੀਨੇ ਜੇਲ੍ਹ ਕੱਟੀ। ਜੈਤੋ ਦੇ ਮੋਰਚੇ ਵਿਚ ਵੀ ਜੇਲ੍ਹ ਗਿਆ। ਜੇਲ੍ਹ ’ਚੋਂ ਛੁੱਟ ਕੇ ਮਹਿਤਾ ਨੰਗਲ ਸੰਤ ਬਖਸ਼ੀਸ਼ ਸਿੰਘ ਦੇ ਉਸਾਰੇ ਗੁਰਦੁਆਰੇ ਵਿਚ ਪਹੁੰਚਿਆ ਜਿੱਥੇ ਉਸ ਦਾ ਮੇਲ ਉੱਘੇ ਗ਼ਦਰੀ ਤੇ ਕਿਰਤੀ ਪਾਰਟੀ ਦੇ ਆਗੂ ਭਾਈ ਸੰਤੋਖ ਸਿੰਘ ਨਾਲ ਹੋਇਆ। ਉੱਥੇ ਅਮਰ ਸਿੰਘ ‘ਤੇਗ’ ਨਾਲ ਦੋਸਤੀ ਹੋਈ। ਜੰਮੂ ਕਸ਼ਮੀਰ ਵਿਚ ਅਮਰ ਸਿੰਘ ਤੇਗ ਨਾਲ ਘੁੰਮਦੇ ਸਮੇਂ ਉਹ ਊਧਮ ਸਿੰਘ ਨੂੰ ਵੀ ਮਿਲਿਆ ਤੇ ਕੁਝ ਦੇਰ ਸ੍ਰੀਨਗਰ ਵਿਚ ਈਸ਼ਰ ਸਿੰਘ ਮਝੈਲ ਨਾਲ ਰਿਹਾ। ਵਾਪਸ ਪੰਜਾਬ ਪਹੁੰਚ ਕੇ ਬਾਬੇ ਬਕਾਲੇ ਗ਼ਦਰੀ ਬਾਬਾ ਜਵਾਲਾ ਸਿੰਘ ਨੂੰ ਮਿਲਿਆ। ਬਾਬਾ ਜਵਾਲਾ ਸਿੰਘ ਦੇ ਕਹਿਣ ’ਤੇ ਉਹ ਬਾਬਾ ਈਸ਼ਰ ਸਿੰਘ (ਅਸਲੀ ਨਾਂ ਸ. ਹਜ਼ਾਰਾ ਸਿੰਘ) ਨੂੰ ਮਿਲਿਆ। ਜਥੇਦਾਰ ਬਖਸ਼ੀਸ਼ ਸਿੰਘ ਅਤੇ ਬਾਬਾ ਅਮਰ ਸਿੰਘ ਦੀ ਮਦਦ ਲਈ। ਗਦਰੀ ਹਰੀ ਸਿੰਘ ਸੂੰਢ ਤੇ ਬਾਬਾ ਈਸ਼ਰ ਸਿੰਘ ਨੂੰ ਨਾਲ ਲੈ ਕੇ ਇੰਦਰ ਸਿੰਘ ਮੁਰਾਰੀ ਨੇ ਗੱਦਾਰ ਬੇਲਾ ਸਿੰਘ (ਜਿਸ ਨੇ ਕੈਨੇਡਾ ਵਿਚ ਵੈਨਕੂਵਰ ਦੇ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਭਾਈ ਭਾਗ ਸਿੰਘ ਭਿਖੀਵਿੰਡ ਅਤੇ ਭਾਈ ਬਦਨ ਸਿੰਘ ਕੁੰਭੜ ਦਾ ਕਤਲ ਕੀਤਾ ਸੀ ਅਤੇ ਇਨਾਮ ਵਿਚ ਅੰਗਰੇਜ਼ਾਂ ਤੋਂ ਮੁਰੱਬੇ ਪਾਏ ਸਨ) ਦਾ ਸਿਰ ਲਾਹ ਦਿੱਤਾ।
ਇਸ ਤੋਂ ਬਾਅਦ ਉਹ ਸੌਂਧੇ ਕੋਟ ਦੇ ਮੁਹੱਬਤ ਸਿੰਘ ਕੋਲ ਰਿਹਾ ਜੋ ਮੁਸਲਮਾਨ ਬਣ ਕੇ ਵਿਚਰ ਰਿਹਾ ਸੀ। ਵਾਪਸ ਆ ਕੇ ਸੀਤਾ ਨਾਥ ਡੇ ਨਾਲ ਮਿਲ ਕੇ ਕਲਕੱਤੇ ਚਲਾ ਗਿਆ। ਵਾਪਸ ਆਇਆ ਤਾਂ ਵੈਦ ਸਮੁੰਦ ਸਿੰਘ ਭਿੰਡਰ ਨੇ ‘ਮੁਰਦੈਂਤ ਮਾਰ ਕੇ ਮੁਰਾਰੀ ਨਾਮ ਭਇਓ ਹੈ’ ਦੇ ਆਧਾਰ ’ਤੇ ਉਸ ਦਾ ਨਾਮ ਇੰਦਰ ਸਿੰਘ ਮੁਰਾਰੀ ਰੱਖ ਦਿੱਤਾ ਕਿਉਂਕਿ ਬੇਲਾ ਸਿੰਘ ਮੁਰਦੈਂਤ ਨਾਲੋਂ ਘੱਟ ਨਹੀਂ ਸੀ। ਜਦ ਬਾਬਾ ਈਸ਼ਰ ਸਿੰਘ ਗ੍ਰਿਫ਼ਤਾਰ ਹੋ ਗਿਆ ਤਾਂ ਉਹ ਲਾਲ ਸਿੰਘ ਦਾਦੂਪੁਰ (ਮਜੀਠੇ ਲਾਗੇ), ਉਜਾਗਰ ਸਿੰਘ ਗੋਖੂਵਾਲ (ਜ਼ਿਲ੍ਹਾ ਗੁਰਦਾਸਪੁਰ) ਅਤੇ ਹੋਰਨਾਂ ਕੋਲ ਰੂਪੋਸ਼ ਰਿਹਾ। ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਆਗੂ ਦਲੀਪ ਸਿੰਘ ਜੌਹਲ ਨੇ ਉਹਨੂੰ ਤੇ ਵਿਸ਼ਨੂੰ ਦੱਤ (ਖਟਕੜ ਕਲਾਂ ਦਾ ਜੰਮਿਆ ਜੋ ਬਾਅਦ ਵਿਚ ਇੰਗਲੈਂਡ ਦੀ ਕਮਿਊਨਿਸਟ ਪਾਰਟੀ ਦਾ ਆਗੂ ਬਣਿਆ) ਨੂੰ ਗੁਰਦਾਸਪੁਰ ਤੇ ਪਠਾਨਕੋਟ ਵਿਚ ਕਮਿਊਨਿਸਟ ਪਾਰਟੀ ਦੇ ਆਰਗੇਨਾਈਜ਼ਰ ਬਣਾ ਦਿੱਤਾ। ਪਾਰਟੀ ’ਚ ਉਹ ਬਾਬਾ ਸੋਹਨ ਸਿੰਘ ਭਕਨਾ ਅਤੇ ਤੇਜਾ ਸਿੰਘ ਸੁਤੰਤਰ ਦਾ ਨਜ਼ਦੀਕੀ ਬਣਿਆ। ਗ੍ਰਿਫ਼ਤਾਰ ਹੋਣ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਗੋਬਿੰਦਗੜ੍ਹ ਦੇ ਕਿਲ੍ਹੇ ਵਿਚ ਸੰਗਲਾਂ ਵਿਚ ਨੂੜ ਕੇ ਰੱਖਿਆ ਗਿਆ। ਉਹ ਗੋਬਿੰਦਗੜ੍ਹ ਦੇ ਕਿਲੇ ਵਿਚੋਂ ਭੱਜ ਨਿਕਲਿਆ ਤੇ ਬਾਬਾ ਅਰੂੜ ਸਿੰਘ ‘ਇਨਕਲਾਬ’ ਕੋਲ ਚਲਾ ਗਿਆ। ਤੇ ਫਿਰ ਭਕਨਿਓਂ ਹੁੰਦਾ ਹੋਇਆ ਇੰਦਰ ਸਿੰਘ ਚੱਕਰਵਰਤੀ (ਪਿੰਡ ਜਠੇਲ) ਕੋਲ ਠਹਿਰਿਆ। ਫਿਰ ਉਹ ਸ੍ਰੀ ਹਰਗੋਬਿੰਦਪੁਰੇ ਦੇ ਗੁਰਦੁਆਰੇ ਦਮਦਮਾ ਸਾਹਿਬ ਵਿਚ ਜਾ ਲੁਕਿਆ ਜਿੱਥੇ ਉਸ ਦੇ ਪੁਰਾਣੇ ਸਾਥੀ ਬਾਬਾ ਈਸ਼ਰ ਸਿੰਘ ਸੰਧਾ, ਜੱਸਾ ਸਿੰਘ ਘਸਕਲੇਰ, ਘੁੱਦਾ ਸਿੰਘ ਖੁੱਡੀ ਚੀਮਾ ਅਤੇ ਤੇਜਾ ਸਿੰਘ ਬਿਠੂਆ ਸੇਵਾਦਾਰ ਸਨ। ਤੇਜਾ ਸਿੰਘ ਬਿਠੂਆ ਉਸ ਨੂੰ ਜਾਗੋ ਭੱਟੀਆਂ ਲੈ ਗਿਆ ਤੇ ਫਿਰ ਉਹ ਹਰਨਾਮ ਸਿੰਘ ਨਾਨੋਂ ਨੰਗਲ ਕੋਲ ਪਹੁੰਚਿਆ। ਉੱਥੋਂ ਕਿਰਤੀ ਪਾਰਟੀ ਦੇ ਹਰਨਾਮ ਸਿੰਘ ਨਾਲ ਮਿਲ ਕੇ ਪਨਿਆੜ ਵਿਚ ਸ਼ਿਵ ਕੁਮਾਰ ਸ਼ਾਰਦਾ ਕੋਲ ਪਹੁੰਚਿਆ ਜਿੱਥੇ ਉਸ ਨੂੰ ਮਾਸਕੋ ਤੋਂ ਆਇਆ ਕਿਰਤੀ ਰਾਮ ਸਿੰਘ ਦੱਤ ਮਿਲਿਆ। ਪਨਿਆੜ ਤੋਂ ਵਿਦਾ ਹੋ ਕੇ ਉਹ ਪਠਾਨਕੋਟ ’ਚ ਉਜਾਗਰ ਸਿੰਘ ਤੇ ਪਿੰਡੀ ਮਣ੍ਹਾਸਾਂ ਫਜ਼ਲ ਮਰਾਸੀ ਕੋਲ ਠਹਿਰਿਆ। ਪਿੰਡੀ ਮਣ੍ਹਾਸਾਂ ਵਿਚ ਉਹ ਫਿਰ ਰਾਮ ਸਿੰਘ ਦੱਤ ਨੂੰ ਮਿਲਿਆ ਜਿਸ ਨੇ ਉਸ ਨੂੰ ਪੁਲੀਸ ਕੋਲ ਪੇਸ਼ ਹੋਣ ਦੀ ਸਲਾਹ ਦਿੱਤੀ। ਪਨਿਆੜ ਵਿਚ ਤੇਜਾ ਸਿੰਘ ਸੁਤੰਤਰ ਨੇ ਵੀ ਇਹੀ ਸਲਾਹ ਦਿੱਤੀ। ਇੱਥੋਂ ਉਹ ਬਾਬੇ ਬਕਾਲੇ ਕਾਮਰੇਡ ਕਰਤਾਰ ਸਿੰਘ ਕੋਲ ਪਹੁੰਚਿਆ ਤੇ ਨਿਹੰਗ ਤਾਰਾ ਸਿੰਘ ਦੇ ਸ਼ਿਕਾਇਤ ਕਰਨ ’ਤੇ ਗ੍ਰਿਫ਼ਤਾਰ ਕੀਤਾ ਗਿਆ ਤੇ ਗੋਬਿੰਦਗੜ੍ਹ ਦੇ ਕਿਲੇ ਵਿਚ ਕੈਦ ਕੀਤਾ ਗਿਆ। ਜੇਲ੍ਹ ’ਚੋਂ ਛੁੱਟ ਕੇ ਉਸ ਨੇ ਮਾਣਕੋ ਕੇਸ ਦੇ ਕੈਦੀਆਂ ਨੂੰ ਜੇਲ੍ਹ ’ਚੋਂ ਛੁਡਾਉਣ ਦੀਆਂ ਸਕੀਆਂ ਬਣਾਈਆਂ ਪਰ ਕਾਮਯਾਬ ਨਾ ਹੋਇਆ। ਬਾਬਾ ਸੋਹਨ ਸਿੰਘ ਭਕਨਾ ਦੇ ਲਗਾਏ ਇਕ ਕੈਂਪ ਵਿਚ ਉਸ ਨੇ ਪ੍ਰਿੰਸੀਪਲ ਛਬੀਲ ਦਾਸ, ਪ੍ਰੋ. ਬ੍ਰਿਜ ਨਰਾਇਣ ਤੇ ਪਿਆਰੇ ਲਾਲ ਬੇਦੀ ਤੋਂ ਕਿਸਾਨੀ ਮਸਲਿਆਂ ਬਾਰੇ ਸਿੱਖਿਆ ਪ੍ਰਾਪਤ ਕੀਤੀ। ਫਿਰ ਪਾਰਟੀ ਦੀ ਹਦਾਇਤ ਅਨੁਸਾਰ ਇਕ ਮੁਜ਼ਾਹਰੇ ਵਿਚ ਲਾਹੌਰ ਆਪਣੇ ਜਥੇ ਨਾਲ ਗ੍ਰਿਫ਼ਤਾਰ ਹੋਇਆ। ਰਿਹਾਅ ਹੋਇਆ ਤਾਂ ਪੰਜਾਬ ਦੀ ਵੰਡ ਹੋ ਗਈ। ਵੰਡ ਦੌਰਾਨ ਉਸ ਨੇ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਿਚ ਕੰਮ ਕਰਦਿਆਂ ਡਾ. ਸੈਫੂਦੀਨ ਕਿਚਲੂ ਦੀ ਕੋਠੀ ’ਤੇ ਪਹਿਰਾ ਦਿੱਤਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਦਿੱਲੀ ਪਹੁੰਚਾਇਆ ਜਿਸ ਦਾ ਹਾਲ ਇਸ ਲੇਖ ਵਿਚ ਹੈ।
(ਇਹ ਵੇਰਵੇ ਸ਼ਿਵ ਨਾਥ ਦੀ ਕਿਤਾਬ ‘ਅਣਫੋਲਿਆ ਵਰਕਾ’ ਵਿਚੋਂ ਲਏ ਹਨ। ਇਹ ਕਿਤਾਬ ਅਨੋਖੀ ਸ਼ੈਲੀ ਵਿਚ ਲਿਖੀ ਹੈ ਜਿਸ ਦਾ ਵਹਿਣ ਹੀ ਮਹਾਕਾਵਿਕ ਨਹੀਂ ਸਗੋਂ ਉਸ ਵਿਚਲੀਆਂ ‘ਚੁੱਪਾਂ’, ‘ਵਿੱਥਾਂ’ ਤੇ ਅੰਦਾਜ਼-ਏ-ਬਿਆਨ ਦੀ ਸੰਖੇਪਤਾ ਵੀ ਮਹਾਕਾਵਿਕ ਹੈ। ਉਦਾਹਰਨ ਦੇ ਤੌਰ ’ਤੇ ਉਹ ਗੋਬਿੰਦਗੜ੍ਹ ਦੇ ਕਿਲੇ ’ਚੋਂ ਭੱਜਣ ਦਾ ਬਿਰਤਾਂਤ ਢਾਈ ਸਫ਼ਿਆਂ ਵਿਚ ਦੱਸ ਦਿੰਦਾ ਹੈ; ਜੇ ਕੋਈ ਅੱਜ ਦਾ ਕਥਾਕਾਰ ਉਸ ਨੂੰ ਬਿਆਨ ਕਰਦਾ ਤਾਂ ਉਸ ਨੇ ਢਾਈ ਕਾਂਡ ਲਿਖ ਛੱਡਣੇ ਸਨ। ਸਹੀਆਂ ਦੁੱਖ-ਦਸ਼ਵਾਰੀਆਂ ਬਾਰੇ ਚੁੱਪ ਏਨੀ ਸੰਘਣੀ ਹੈ ਕਿ ਗੋਬਿੰਦਗੜ੍ਹ ’ਚੋਂ ਭੱਜਣ ਸਮੇਂ ਦਾ ਹਾਲ ਇਉਂ ਬਿਆਨ ਕਰਦਾ ਹੈ: ਦਿੱਤਾ ਹਾਲ ਤਦ ਦਾ ਹੈ ਜਦੋਂ ਉਹ ਕਿਸੇ ਦੀ ਕੰਧ ਤੋਂ ਚੜ੍ਹ ਕੇ ਬਾਹਰ ਨਿਕਲਦਾ ਹੈ: ‘‘ਹੌਸਲਾ ਰੱਖਦੇ ਹੋਏ ਦਾ ਵੀ ਹੌਸਲਾ ਨਾ ਪਵੇ। ਤੇ ਫਿਰ ਇਕ ਕਸੀਸ ਵੱਟ ਕੇ ਆਪਣੇ ਸਰੀਰ ਨੂੰ ਕੰਧ ਤੋਂ ਥੱਲੇ ਲਮਕਾਇਆ ਤੇ ਅਡੋਲ, ਆਪਣੇ ਪੰਜਿਆਂ ਨੂੰ ਢਿੱਲਿਆਂ ਕਰ ਦਿੱਤਾ।
ਉਪਰੋਂ ਥੱਲੇ ਤਕ ਆਉਂਦਿਆਂ ਨੂੰ, ਮੇਰਾ ਢਿਡ, ਮੇਰੀ ਛਾਤੀ, ਤੇ ਲਤਾਂ ਬਾਹਾਂ, ਇੰਨੀਆਂ ਛਿੱਲੀਆਂ ਗਈਆਂ ਕਿ ਉਨ੍ਹਾਂ ਵਿਚੋਂ, ਲਹੂ ਵਹਿ ਤੁਰਿਆ। ਪਰ ਸ਼ੁਕਰ ਹੈ, ਇਹੋ ਜਿਹੀ ਕੋਈ ਸੱਟ ਨਾ ਵੱਜੀ ਜਿਸ ਕਾਰਨ ਮੈਂ ਪਰਤ ਕੇ ਉਥੋਂ, ਹਿੱਲ ਹੀ ਨਾ ਸਕਦਾ। ਸੁਰਤ ਉਂਜੇ ਕੁਝ ਚਿਰ ਵਾਸਤੇ, ਮੇਰੀ ਫੇਰ ਵੀ ਜਾਂਦੀ ਰਹੀ। ਪਰ ਹੱਡਾਂ ਵਿਚ ਵੜ ਕੇ ਬੈਠੇ, ਫੜੇ ਜਾਣ ਦੇ ਭੈ ਨੇ ਮੈਨੂੰ ਛੇਤੀ ਹੀ ਹੋਸ਼ ਵਿਚ ਲੈ ਆਂਦਾ ਕਿਉਂਕਿ ਖਾਈ ਵਿਚੋਂ ਬਾਹਰ ਨਿਕਲਣ ਦੀ ਮੁਹਿੰਮ ਤਾਂ ਅਜੇ ਬਾਕੀ ਪਈ ਸੀ। ਉਹ ਮੁਹਿੰਮ ਪਤਾ ਨਹੀਂ ਸਰ ਹੁੰਦੀ ਵੀ ਕਿ ਨਾ ਜੇ ਖਾਈ ਦੀ ਕੰਧ ਵਿਚ ਪਈ ਇਕ ਦਰਾੜ ਵਿਚੋਂ ਬਾਹਰ ਨਿਕਲੀਆਂ ਕਿਸੇ ਰੁੱਖ ਦੀਆਂ ਜੜ੍ਹਾਂ ਮੈਨੂੰ ਆਸਰਾ ਨਾ ਦੇ ਦੇਂਦੀਆਂ।
ਇਥੇ ਮੇਰੀ ਮਦਦ, ਜੰਡ-ਬ੍ਰਾਹਮਣ ਦੀ ਉਸ ਖੇਡ ਨੇ ਵੀ ਕੀਤੀ ਸੀ ਜੋ ਬਚਪਨ ਦੇ ਦਿਨਾਂ ਵਿਚ, ਅਸੀਂ ਡੰਗਰਾਂ ਮਗਰ ਹੁੰਦਿਆਂ ਖੇਡਦੇ ਸਾਂ। ਤੇ ਭੱਜਣ ਵਿਚ ਲੀਰੋ-ਲੀਰ ਹੋਏ, ਕਪੜਿਆਂ ਨੇ। ਜਿਨ੍ਹਾਂ ਨੂੰ ਵੇਖ ਕੇ, ‘ਕੁੱਤਾ-ਚਾਲ’ ਭੱਜਿਆ ਜਾਂਦਾ ਮੈਂ ਲੋਕਾਂ ਨੂੰ ਸ਼ੁਦਾਈ ਲੱਗਦਾ ਹੋਵਾਂਗਾ। ਉਥੋਂ ਨਿਕਲ ਕੇ ਪਹਿਲਾਂ ਤਾਂ ਮੈਂ ਇਸਲਾਮਾਬਾਦ (ਅੰਮ੍ਰਿਤਸਰ ਦੀ ਬਸਤੀ) ਵਾਲੀ ਸੜਕ ’ਤੇ ਪਹੁੰਚਿਆ ਜਿਥੇ ਖਲੋ ਕੇ ਮੈਂ ਇਕ ਪਲ ਲਈ ਸੋਚਿਆ ਹੋਵੇਗਾ ਤੇ ਫਿਰ, ਬਾਬੇ ਅਰੂੜ ਸਿੰਘ ‘ਇਨਕਲਾਬ’ ਦੇ ਪਿੰਡ ਥਾਂਦੇ ਨੂੰ ਹੋ ਤੁਰਿਆ ਜੋ ਇਸ ਥਾਂ ਤੋਂ, ਕੋਈ ਤਿੰਨ ਪੌਣੇ ਤਿੰਨ ਮੀਲਾਂ ਦੀ ਵਿੱਥ ’ਤੇ ਹੈ।’’
ਸਫ਼ਾ 54 ’ਤੇ ਸ਼ਿਵ ਨਾਥ ਸੁਤੇ ਸਿੱਧ ਲਿਖਦਾ ਹੈ ਕਿ ਇੰਦਰ ਸਿੰਘ ਮੁਰਾਰੀ ਦੀ ਸੁਣਾਈ ਕਹਾਣੀ ਦੀ ਜਕੜ ਟੂਣੇਹਾਰੀ ਸੀ)