ਸੁਖਵਿੰਦਰ ਸਿੰਘ ਮੁੱਲਾਂਪੁਰ
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਸਿੱਖ ਰਾਜ ’ਤੇ ਡੋਗਰੇ ਹਾਵੀ ਹੋ ਗਏ ਸਨ, ਉਸ ਵੇਲੇ ਤੋਂ ਹੀ ਗੁਰਦੁਆਰਿਆਂ ਵਿੱਚ ਮਸੰਦ ਪੁਜਾਰੀਆਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਸਨ। ਧਿਆਨ ਸਿੰਘ ਡੋਗਰਾ ਅਤੇ ਉਸ ਦੇ ਭੇਖਧਾਰੀ ਸਿੱਖ ਭਰਾਵਾਂ ਨੇ ਗਦਾਰੀਆਂ ਕਰ ਕੇ ਸਿੱਖ ਰਾਜ ਅੰਗਰੇਜ਼ਾਂ ਹਵਾਲੇ ਕਰ ਦਿੱਤਾ। ਇਸੇ ਤਰ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਵੀ ਜੰਮੂ ਤੋਂ ਡੋਗਰੇ ਲਿਆ ਕੇ ਬਿਠਾ ਦਿੱਤੇ। ਇਨ੍ਹਾਂ ਨੂੰ ਹੀ ਪੁਜਾਰੀ ਜਾਂ ਮਸੰਦਾਂ ਦਾ ਨਾਮ ਦਿੱਤਾ ਗਿਆ। ਇਨ੍ਹਾਂ ਮਸੰਦ ਡੋਗਰਿਆਂ ਨੂੰ ਸਿੱਖ ਧਰਮ ਪ੍ਰਤੀ ਸ਼ਰਧਾ ਨਹੀਂ ਸੀ।
ਅੰਮ੍ਰਤਿਸਰ ਤੋਂ 13 ਕਿਲੋਮੀਟਰ ਦੀ ਦੂਰੀ ’ਤੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਕਾ ਬਾਗ ਘੁੱਕੇਵਾਲੀ ਨੂੰ ਕਾਫੀ ਜ਼ਮੀਨ ਮਿਲੀ ਹੋਈ ਸੀ, ਜੋ ‘ਗੁਰੂ ਕਾ ਬਾਗ਼’ ਅਖਵਾਉਂਂਦੀ ਹੈ। ਗੁਰੂ ਕਾ ਬਾਗ਼ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਦੇ ਕਬਜ਼ੇ ਵਿਚ ਸੀ, ਜਿਸ ਨੇ ਉੱਥੇ ਬਿਨਾਂ ਵਿਆਹ ਤੋਂ ਇੱਕ ਔਰਤ ਰੱਖੀ ਹੋਈ ਸੀ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਵੀ ਸਹੀ ਢੰਗ ਨਾਲ ਨਹੀਂ ਨਿਭਾਅ ਰਿਹਾ ਸੀ। ਇਹ ਸਭ ਕੁਝ ਇਲਾਕੇ ਦੀ ਸੰਗਤ ਨੂੰ ਮਨਜ਼ੂਰ ਨਹੀਂ ਸੀ। ਇਸ ਬਾਰੇ ਉਨ੍ਹਾਂ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕੀਤੀ। ਸ਼੍ਰੋਮਣੀ ਕਮੇਟੀ ਨੇ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਲਈ ਦਾਨ ਸਿੰਘ ਵਿਛੋਆ ਦੀ ਡਿਊਟੀ ਲਾ ਦਿੱਤੀ। ਦਾਨ ਸਿੰਘ ਵਿਛੋਆ ਦੇ ਕਹਿਣ ’ਤੇ ਮਹੰਤ ਸੁੰਦਰ ਦਾਸ ਨੇ ਇਸਰੀ ਨਾਮ ਦੀ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਅਕਾਲ ਤਖ਼ਤ ਤੋ ਅੰਮ੍ਰਤਿ ਛੱਕ ਕੇ ਗੁਰਦੁਆਰੇ ਦੀ ਮਰਿਆਦਾ ਨੂੰ ਠੀਕ ਢੰਗ ਨਾਲ ਚਲਾਉਣ ਲੱਗ ਪਿਆ।
21 ਫ਼ਰਵਰੀ 1921 ਨੂੰ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਕੇ ਨਨਕਾਣਾ ਸਾਹਿਬ ਦਾ ਕਬਜ਼ਾ ਲੈ ਲਿਆ ਸੀ। ਮਹੰਤ ਸੁੰਦਰ ਦਾਸ ਨੂੰ ਵੀ ਅਪਣਾ ਫਿਕਰ ਪੈ ਗਿਆ। ਉਸ ਨੇ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਕਰ ਲਿਆ। ਮਹੰਤ ਸੁੰਦਰ ਦਾਸ ਨੂੰ ਕਮੇਟੀ ਨੇ 120 ਰੁਪਏ ਮਹੀਨਾ ਦੇਣਾ ਮੰਨ ਲਿਆ ਅਤੇ ਅੰਮ੍ਰਤਿਸਰ ਵਿੱਚ ਰਹਿਣ ਵਾਸਤੇ ਇੱਕ ਮਕਾਨ ਮੁੱਲ ਲੈ ਕੇ ਦੇ ਦਿੱਤਾ। ਗੁਰਦੁਆਰੇ ਦਾ ਪ੍ਰਬੰਧ ਕਮੇਟੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਲਾਲਚ ਵੱਸ ਹੋ ਕੇ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਮਹੰਤ ਨੇ ਫਿਰ ਗੁਰਦੁਆਰੇ ਦਾ ਪ੍ਰਬੰਧ ਆਪਣੇ ਕਬਜ਼ੇ ਵਿੱਚ ਲੈਣ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ।
8 ਅਗਸਤ 1922 ਨੂੰ ਪੰਜ ਸਿੰਘਾਂ ਦਾ ਜਥਾ ਗੁਰੂ ਕੇ ਲੰਗਰ ਲਈ ਲੱਕੜਾਂ ਕੱਟਣ ਲਈ ਗੁਰੂ ਕਾ ਬਾਗ਼ ਪਹੁੰਚ ਗਿਆ। ਮਹੰਤ ਸੁੰਦਰ ਦਾਸ ਨੇ ਇਹ ਖ਼ਬਰ ਪੁਲੀਸ ਨੂੰ ਕਰ ਦਿੱਤੀ। ਉਨ੍ਹਾਂ 9 ਅਗਸਤ ਨੂੰ ਪੰਜੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਿੱਖਾਂ ਨੂੰ ਤੰਗ ਕਰਨ ਲਈ 10 ਅਗਸਤ ਨੂੰ ਛੇ-ਛੇ ਮਹੀਨੇ ਦੀ ਸਜ਼ਾ ਅਤੇ ਜੁਰਮਾਨਾ ਸੁਣਾ ਦਿੱਤਾ।
ਅੰਮ੍ਰਤਿਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਡੰਟ ਨੇ ਸਰਕਾਰੀ ਹਦਾਇਤਾਂ ਅਨੁਸਾਰ 22 ਅਗਸਤ ਤੋਂ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। 25 ਅਗਸਤ ਤੋਂ ਸਿੱਖਾਂ ’ਤੇ ਘੋਰ ਤਸ਼ੱਦਦ ਦਾ ਕੰਮ ਸ਼ੁਰੂ ਕਰ ਦਿੱਤਾ। ਡੀਸੀ ਨੇ 26 ਅਗਸਤ 1922 ਨੂੰ ਅਕਾਲ ਤਖ਼ਤ ਸਾਹਿਬ ’ਤੇ ਮੀਟਿੰਗ ਕਰ ਰਹੀ ਅੰਤ੍ਰਿੰਗ ਕਮੇਟੀ ਦੇ ਆਗੂ ਭਗਤ ਜਸਵੰਤ ਸਿੰਘ ਜਨਰਲ ਸਕੱਤਰ, ਮਹਤਿਾਬ ਸਿੰਘ ਪ੍ਰਧਾਨ, ਪ੍ਰੋ. ਸਾਹਿਬ ਸਿੰਘ ਮੀਤ ਸਕੱਤਰ, ਸਰਮੁੱਖ ਸਿੰਘ ਝਬਾਲ ਪ੍ਰਧਾਨ ਅਕਾਲੀ ਦਲ, ਬਾਬਾ ਕੇਹਰ ਸਿੰਘ ਪੱਟੀ, ਮਾਸਟਰ ਤਾਰਾ ਸਿੰਘ ਤੇ ਰਵੇਲ ਸਿੰਘ ਨੂੰ ਵਾਰੰਟ ਜਾਰੀ ਕਰ ਕੇ ਸਾਰੇ ਗ੍ਰਿਫ਼ਤਾਰ ਕਰ ਲਏ। ਸਰਕਾਰ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸਿੱਖਾਂ ਦੇ ਦਲੇਰੀ ਭਰੇ ਕਾਰਨਾਮੇ ਦੇਖ ਚੁੱਕੀ ਸੀ। ਹੁਣ ਉਹ ਸਿੱਖਾਂ ਦੀ ਲਹਿਰ ਸਖਤੀ ਨਾਲ ਦਬਾ ਦੇਣਾ ਚਹੁੰਦੀ ਸੀ ਪਰ ਸਰਕਾਰ ਦੀ ਸਖ਼ਤੀ ਦਾ ਸਿੱਖਾਂ ਤੇ ਕੋਈ ਅਸਰ ਨਾ ਪਿਆ।
30 ਅਗਸਤ ਨੂੰ 60 ਕੁ ਸਿੰੰਘਾਂ ਦਾ ਜਥਾ ਗੁਰੂ ਕੇ ਬਾਗ਼ ਨੂੰ ਰਵਾਨਾ ਹੋਇਆ। ਰਾਤ ਪੈਣ ਕਰਕੇ ਜਥੇ ਨੂੰ ਰਸਤੇ ਵਿੱਚ ਹੀ ਰਾਤ ਕੱਟਣੀ ਪੈ ਗਈ। ਪੁਲੀਸ ਨੇ ਸੁੱਤੇ ਪਏ ਜਥੇ ’ਤੇ ਡਾਂਗਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਫਿਰ ਇਹ ਮੋਰਚਾ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕਰ ਦਿੱਤਾ ਗਿਆ। 31 ਅਗਸਤ ਤੋਂ ਹਰ ਰੋਜ਼ 100 ਸਿੰਘਾਂ ਦਾ ਜੱਥਾ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਤੁਰਦਾ। ਜਥੇ ਨੂੰ ਤੁਰਨ ਵੇਲੇ ਇਹ ਸਿੱਖਿਆ ਦਿੱਤੀ ਜਾਂਦੀ ਕਿ ਉਹ ਅੰਗਰੇਜ਼ ਸਰਕਾਰ ਵਲੋਂ ਕੀਤੇ ਤਸ਼ੱਦਦ ਸਮੇ ਸ਼ਾਂਤ ਰਹਿਣਗੇ।
ਸਰਕਾਰ ਨੇ ਇੱਕ ਕੈਦੀ ਜਥੇ ਦੀ 30 ਅਕਤੂਬਰ 1922 ਨੂੰ ਰੇਲ ਗੱਡੀ ਰਾਹੀ ਅਟਕ ਜ੍ਹੇਲ ਵਿੱਚ ਭੇਜਣ ਦੀ ਤਿਆਰੀ ਕਰ ਲਈ। ਜਦ ਹਸਨ ਅਬਦਲ ਵਿੱਚ ਸਿੱਖਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਲੰਗਰ-ਪਾਣੀ ਦਾ ਪ੍ਰਬੰਧ ਕਰ ਕੇ ਸ਼ਟੇਸ਼ਨ ’ਤੇ ਲੈ ਆਂਦਾ। ਗੁਰਦੁਆਰਾ ਪੰਜਾ ਸਾਹਿਬ ਦੀ ਕਮੇਟੀ ਅਤੇ ਸਿੱਖਾਂ ਨੇ ਸਟੇਸ਼ਨ ਮਾਸਟਰ ਨੂੰ ਸਟੇਸ਼ਨ ’ਤੇ ਗੱਡੀ ਰੋਕਣ ਲਈ ਕਿਹਾ। ਸਟੇਸ਼ਨ ਮਾਸਟਰ ਨੇ ਗੱਡੀ ਰੋਕਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕੇ ਟਾਈਮ ਟੇਬਲ ਵਿਚ ਗੱਡੀ ਰੁਕਣ ਦਾ ਸਮਾਂ ਦਰਜ ਨਹੀਂ ਹੈ। ਸਿੱਖਾਂ ਨੇ ਫਿਰ ਸਟੇਸ਼ਨ ਮਾਸਟਰ ਨੂੰ ਕਿਹਾ ਕਿ ਗੱਡੀ ਵਿੱਚ ਆ ਰਹੀ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਉਨ੍ਹਾਂ ਨੂੰ ਇੱਥੇ ਗੱਡੀ ਰੋਕਣੀ ਹੀ ਪਵੇਗੀ, ਭਾਵੇਂ ਉਨ੍ਹਾਂ ਨੂੰ ਰੇਲ ਦੀ ਲੀਹ ’ਤੇ ਬੈਠ ਕੇ ਸ਼ਹੀਦੀਆਂ ਦੇਣੀਆਂ ਪੈਣ। ਪ੍ਰਸ਼ਾਦਾ ਪਾਣੀ ਛਕ ਕੇ ਹੀ ਸਿੱਖ ਕੈਦੀ ਅੱਗੇ ਜਾਣਗੇ।
ਜਦੋਂ ਗੱਡੀ ਆਉਂਦੀ ਦਿਖਾਈ ਦਿੱਤੀ ਤਾਂ ਸਿੱਖ ਬੰਦੇ ਅਤੇ ਬੀਬੀਆਂ ਨੇ ਰੇਲ ਪਟੜੀ ’ਤੇ ਬੈਠਣਾ ਸ਼ੁਰੂ ਕਰ ਦਿੱਤਾ। ਗੱਡੀ ਆਪਣੀ ਰਫ਼ਤਾਰ ਤੋਂ ਹੌਲੀ ਹੋ ਗਈ। ਉਹ ਹਾਰਨ ਮਾਰਦੀ ਆ ਰਹੀ ਸੀ। ਰੇਲ ਪੱਟੜੀ ’ਤੇ ਬੈਠੇ ਸਿੰਘਾਂ ਨੂੰ ਲਤਾੜ ਕੇ ਅੱਗੇ ਜਾ ਕੇ ਰੁਕੀ। ਇਸ ਖੂਨੀ ਸਾਕੇ ਵਿੱਚ 11 ਸਿੰਘ ਮੌਕੇ ’ਤੇ ਸ਼ਹੀਦ ਹੋ ਗਏ। ਪ੍ਰਤਾਪ ਸਿੰਘ ਤੇ ਕਰਮ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ, ਜੋ ਹਸਪਤਾਲ ਜਾ ਕੇ ਦੂਸਰੇ ਦਿਨ ਦਮ ਤੋੜ ਗਏ। ਸਿੱਖਾਂ ਨੇ ਕੈਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਫੇਰ ਗੱਡੀ ਨੂੰ ਅੱਗੇ ਜਾਣ ਦਿੱਤਾ। ਸਿੱਖਾਂ ਦੀਆਂ ਅਜਿਹੀਆਂ ਸ਼ਹੀਦੀਆਂ ਦੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ।
ਸੰਪਰਕ: 99141-84794