ਜਗਜੀਤ ਸਿੰਘ ਗਣੇਸ਼ਪੁਰ
ਕੰਪਿਊਟਰ ਆਧੁਨਿਕ ਵਿਗਿਆਨ ਦਾ ਇੱਕ ਵੱਡਮੁੱਲਾ ਵਰਦਾਨ ਹੈ। ਮੌਜੂਦਾ ਸਮੇਂ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ, ਜਿੱਥੇ ਕੰਪਿਊਟਰ ਦੀ ਵਰਤੋਂ ਨਾ ਕੀਤੀ ਜਾ ਰਹੀ ਹੋਵੇ। ਹੁਣ ਇਹ ਸਾਡੇ ਉੱਤੇ ਨਿਰਭਰ ਹੈ ਕਿ ਅਸੀਂ ਇਸਦਾ ਸਾਰਥਕ ਉਪਯੋਗ ਕਿਵੇਂ ਕਰਨਾ ਹੈ? ਅੱਜ ਦੇ ਵਿਗਿਆਨਕ ਯੁੱਗ ਵਿੱਚ ਕੰਪਿਊਟਰ ਮਨੁੱਖ ਦੀ ਲੋੜ ਬਣ ਗਿਆ ਹੈ। ਇਸ ਲਿਹਾਜ਼ ਨਾਲ ਜੇਕਰ ਅੱਜ ਦੇ ਯੁੱਗ ਨੂੰ ‘ਕੰਪਿਊਟਰ ਦਾ ਯੁੱਗ’ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਿੱਖਿਆ ਤੋਂ ਲੈ ਕੇ ਸਿਹਤ ਤੱਕ, ਵਪਾਰ ਤੋਂ ਲੈ ਕੇ ਮਨੋਰੰਜਨ ਤੱਕ ਅਤੇ ਆਵਾਜਾਈ ਤੋਂ ਲੈ ਕੇ ਖੋਜ ਵਿਗਿਆਨ ਤੱਕ, ਲਗਭਗ ਹਰ ਖੇਤਰ ਵਿੱਚ ਕੰਪਿਊਟਰ ਨੇ ਆਪਣੀ ਉਪਯੋਗਤਾ ਸਾਬਤ ਕੀਤੀ ਹੈ। ਇਨ੍ਹਾਂ ਉਪਰੋਕਤ ਵਿਚਾਰਾਂ ਦੀ ਪ੍ਰੋੜਤਾ ‘ਨਿਕੋਲਸ ਨੇਗਰੋਪੋਂਟੇ’ ਦਾ ਨਿਮਨਲਿਖਤ ਕਥਨ ਵੀ ਕਰਦਾ ਹੈ, ‘ਕੰਪਿਊਟਿੰਗ ਹੁਣ ਕੰਪਿਊਟਰਾਂ ਬਾਰੇ ਨਹੀਂ ਹੈ। ਇਹ ਰਹਿਣ ਬਾਰੇ ਹੈ।’ ਜ਼ਿਕਰਯੋਗ ਹੈ ਕਿ ਨਿਕੋਲਸ ਨੇਗਰੋਪੋਂਟੇ ਇੱਕ ਯੂਨਾਨੀ ਅਮਰੀਕੀ ਆਰਕੀਟੈਕਟ ਹੈ। ਉਹ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੌਜੀ ਦੀ ਮੀਡੀਆ ਲੈਬ ਦੇ ਸੰਸਥਾਪਕ ਹਨ ਅਤੇ ਉਨ੍ਹਾਂ ਨੇ ‘ਇੱਕ ਲੈਪਟਾਪ ਪ੍ਰਤੀ ਵਿਦਿਆਰਥੀ’ ਐਸੋਸੀਏਸ਼ਨ ਦੀ ਸਥਾਪਨਾ ਵੀ ਕੀਤੀ ਹੈ।
ਮੌਜੂਦਾ ਸਿੱਖਿਆ ਪ੍ਰਣਾਲੀ ਅਤੇ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਕੰਪਿਊਟਰ ਵਿਸ਼ੇ ਦੀ ਮਹੱਤਤਾ ਨੂੰ ਸਮਝਦੇ ਹੋਏ ਹਰ ਸਾਲ ਕੰਪਿਊਟਰ ਸਾਖਰਤਾ ਦਿਵਸ 2 ਦਸੰਬਰ ਨੂੰ ਪੂਰੀ ਦੁਨੀਆ ਵਿੱਚ ਵੱਡੇ ਪੱਧਰ ਉੱਪਰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਭਾਰਤੀ ਕੰਪਿਊਟਰ ਕੰਪਨੀ (NIIT -National Institute of Information Technology) ਵੱਲੋਂ ਸਾਲ 2001 ਵਿੱਚ ਕੀਤੀ ਗਈ ਸੀ। ‘ਨਿਟ’ ਦਾ ਇਸ ਦਿਨ ਨੂੰ ਮਨਾਉਣ ਦਾ ਮਕਸਦ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਕੰਪਿਊਟਰ ਸ਼ਬਦ ਇੱਕ ਲਾਤੀਨੀ ਸ਼ਬਦ “computare” ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ‘ਹਿਸਾਬ ਲਗਾਉਣਾ’, ਗਿਣਨਾ’, ‘ਸੰਖੇਪ ਵਿੱਚ ਜੋੜਨਾ’ ਜਾਂ ‘ਇਕੱਠੇ ਸੋਚਣਾ’। ਵਧੇਰੇ ਸਪੱਸ਼ਟ ਤੌਰ ’ਤੇ ਕੰਪਿਊਟਰ ਸ਼ਬਦ ਦਾ ਅਰਥ ਹੈ, ਇੱਕ ‘ਉਪਕਰਨ ਜੋ ਗਣਨਾ ਕਰਦਾ ਹੈ’। ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਦੇ ਅਨੁਸਾਰ, ‘ਕੰਪਿਊਟਰ’ ਸ਼ਬਦ ਦੀ ਪਹਿਲੀ ਜਾਣ-ਪਛਾਣ ਅੰਗਰੇਜ਼ੀ ਲੇਖਕ ਰਿਚਰਡ ਬ੍ਰੈਥਵੈਟ ਦੁਆਰਾ ‘ਦੀ ਯੋਂਗ ਮੈਨਜ਼ ਗਲੇਨਿੰਗਜ਼’ ਨਾਂ ਦੀ ਇੱਕ ਕਿਤਾਬ ਵਿੱਚ 1613 ਵਿੱਚ ਕੀਤੀ ਗਈ ਸੀ। ਇੱਕ ਕੰਪਿਊਟਰ ਸਿਸਟਮ ਇੱਕ ‘ਪੂਰਾ’ ਕੰਪਿਊਟਰ ਹੁੰਦਾ ਹੈ, ਜਿਸ ਵਿੱਚ ਹਾਰਡਵੇਅਰ, ਅਪਰੇਟਿੰਗ ਸਿਸਟਮ (ਮੁੱਖ ਸਾਫਟਵੇਅਰ) ਅਤੇ ਪੈਰੀਫਿਰਲ ਉਪਕਰਨ ਸ਼ਾਮਲ ਹੁੰਦੇ ਹਨ, ਜੋ ਕਿ ਸੰਪੂਰਨ ਸੰਚਾਲਨ ਲਈ ਵਰਤੇ ਜਾਂਦੇ ਹਨ।
‘ਚਾਰਲਸ ਬੈਬੇਜ਼’ ਜਿੰਨਾ ਨੂੰ ਕਿ ‘ਕੰਪਿਊਟਰ ਦਾ ਪਿਤਾਮਾ’ ਕਿਹਾ ਜਾਂਦਾ ਹੈ, ਨੇ ਸੰਸਾਰ ਦਾ ਪਹਿਲਾ ਮਕੈਨੀਕਲ ਕੰਪਿਊਟਰ ‘ਡਿਫਿਰਸ ਇੰਜਨ’ ਈਜਾਦ ਕੀਤਾ। ਡਿਫਿਰਸ ਇੰਜਨ ਤੋਂ ਸ਼ੁਰੂ ਹੋਇਆ, ਇਹ ਸਫ਼ਰ ਮੌਜੂਦਾ ਸਮੇਂ ਦੇ ਸੁਪਰ ਕੰਪਿਊਟਰ ਤੱਕ ਆ ਪਹੁੰਚਿਆ ਹੈ ਅਤੇ ਭਵਿੱਖ ਵਿੱਚ ਇਸ ਦੇ ਜਿਹੜੇ ਰੂਪ ਸਾਡੇ ਸਾਹਮਣੇ ਆਉਣਗੇ ਸ਼ਾਇਦ ਉਹ ਸਾਡੀ ਕਲਪਨਾ ਤੋਂ ਵੀ ਪਰੇ ਹੋਣਗੇ। ਅੱਜ ਦਾ ਯੁੱਗ, ਸੂਚਨਾ ਤਕਨੀਕ ਦਾ ਯੁੱਗ ਹੈ, ਜਿਸ ਦੇ ਬਹੁਪੱਖੀ ਵਿਕਲਪਾਂ ਨੂੰ ਸਿੱਖਿਆ ਪ੍ਰਣਾਲੀ ਵਿੱਚ ਅਪਣਾਉਣ ਨਾਲ ਵਿਦਿਆਰਥੀ ਆਪਣੀ ਸੁਨਹਿਰੀ ਮੰਜ਼ਿਲ ਵੱਲ ਆਸਾਨੀ ਨਾਲ ਅਗਰਸਰ ਹੋ ਸਕਦੇ ਹਨ। ਵਰਤਮਾਨ ਸਮੇਂ ਮਾਊਸ ਦੇ ਇੱਕ ਕਲਿੱਕ ਨਾਲ ਵਿਦਿਆਰਥੀ ਗਿਆਨ ਰੂਪੀ ਸਮੁੰਦਰ ਵਿੱਚ ਚੁੱਭੀ ਲਾ ਸਕਦੇ ਹਨ, ਜੋ ਕਿ ਪੁਰਾਤਨ ਸਮਿਆਂ ਅੰਦਰ ਸੰਭਵ ਨਹੀਂ ਸੀ। ਕੰਪਿਊਟਰ ਅਤੇ ਇੰਟਰਨੈੱਟ ਨੇ, ਜੋ ਗਿਆਨ ਪਸਾਰ ਦੇ ਰਾਹ ਖੋਲ੍ਹੇ ਹਨ, ਉਸ ਨਾਲ ਵਿਦਿਆਰਥੀ ਵਰਗ ਬਹੁਤ ਉਤਸ਼ਾਹਿਤ ਹੈ। ਅਮਰੀਕਨ ਰਾਜਨੇਤਾ ਗੇਲਰਡ ਕੈਂਟ ਕੋਨਰਾਡ ਵੀ ਕੰਪਿਊਟਰ ਅਤੇ ਇੰਟਰਨੈੱਟ ਦੀ ਮੌਜੂਦਾ ਸਮੇਂ ਦੌਰਾਨ ਸਿੱਖਿਆ ਖੇਤਰ ਵਿੱਚ ਬਹੁਪੱਖੀ ਮਹੱਤਤਾ ਬਾਰੇ ਇੰਝ ਲਿਖਦੇ ਹਨ, ‘ਕੰਪਿਊਟਰ ਅਤੇ ਇੰਟਰਨੈੱਟ ਤੱਕ ਪਹੁੰਚ ਸਾਡੇ ਸਮਾਜ ਵਿੱਚ ਸਿੱਖਿਆ ਲਈ ਇੱਕ ਬੁਨਿਆਦੀ ਲੋੜ ਬਣ ਗਈ ਹੈ।’
ਅੱਜ ਦੇ ਸਮੇਂ ਸ਼ਾਇਦ ਹੀ ਕੋਈ ਅਜਿਹਾ ਪੇਸ਼ਾ ਹੋਵੇਗਾ, ਜਿਸ ਵਿੱਚ ਕੰਪਿਊਟਰ ਦੀ ਵਰਤੋਂ ਨਾ ਹੋ ਰਹੀ ਹੋਵੇ। ਦਾਖਲਾ ਪ੍ਰਵੇਸ਼ ਪ੍ਰੀਖਿਆ ਆਨਲਾਈਨ ਹੋ ਰਹੀਆਂ ਹਨ, ਇਸ ਲਈ ਕੰਪਿਊਟਰ ਗਿਆਨ ਤਾਂ ਹਰ ਕਿਸੇ ਲਈ ਲਾਜ਼ਮੀ ਹੁੰਦਾ ਜਾ ਰਿਹਾ ਹੈ। ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਵਿੱਚ ਇਸ ਸਮੇਂ ਸੂਚਨਾ ਤਕਨੀਕ ਨਾਲ ਸਬੰਧਤ ਕੰਪਨੀਆਂ ਦੀ ਸਰਦਾਰੀ ਹੈ। ਕੰਪਿਊਟਰ ਖੇਤਰ ਵਿੱਚ ਕੰਪਿਊਟਰ ਪ੍ਰੋਗਰਾਮਰ, ਵੈੱਬ ਡਿਜ਼ਾਈਨਰ, ਐਪਲੀਕੇਸ਼ਨ ਡਿਜ਼ਾਈਨਰ, ਡਾਟਾ ਪ੍ਰਬੰਧਕ, ਸਾਫ਼ਟਵੇਅਰ ਟੈਸਟਰ, ਨੈੱਟਵਰਕ ਪ੍ਰਬੰਧਕ, ਪ੍ਰਾਜੈਕਟ ਮੈਨੇਜਰ, ਹਾਰਡਵੇਅਰ ਇੰਜਨੀਅਰ, ਸਾਫ਼ਟਵੇਅਰ ਕਨਸਲਟੈਂਟ ਆਦਿ ਮਾਹਿਰ ਵਿਅਕਤੀਆਂ ਦੀ ਹਮੇਸ਼ਾ ਭਾਰੀ ਮੰਗ ਬਣੀ ਰਹਿੰਦੀ ਹੈ।
ਕੰਪਿਊਟਰ ਸਾਖਰਤਾ ਤੋਂ ਭਾਵ ਕੰਪਿਊਟਰ ਦੀ ਆਮ ਜਾਣਕਾਰੀ ਦੇ ਨਾਲ-ਨਾਲ ਇਸ ਦੀ ਪ੍ਰੋਗਰਾਮਿੰਗ ਅਤੇ ਇਸ ਦੇ ਕੰਮ ਕਰਨ ਦੇ ਤੌਰ-ਤਰੀਕਿਆਂ ਨੂੰ ਵੀ ਸਮਝਣਾ ਹੈ। ਮੌਜੂਦਾ ਸਮੇਂ ਪੂਰਾ ਸੰਸਾਰ ਕੰਪਿਊਟਰ ਅਤੇ ਡਿਜੀਟਲ ਯੰਤਰਾਂ ’ਤੇ ਕੰਮ ਕਰਦਾ ਹੈ। ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਨੇ ਰਾਸ਼ਟਰੀ ਕੰਪਿਊਟਰ ਸਾਖਰਤਾ ਦਰਾਂ ਨੂੰ ਸੁਧਾਰਨ ਲਈ ਪਹਿਲਕਦਮੀਆਂ ਕੀਤੀਆਂ ਹਨ। ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ 23 ਫ਼ੀਸਦੀ ਸ਼ਹਿਰੀ ਪਰਿਵਾਰਾਂ ਅਤੇ 4 ਫ਼ੀਸਦੀ ਪੇਂਡੂ ਪਰਿਵਾਰਾਂ ਕੋਲ ਕੰਪਿਊਟਰ ਹਨ। 15-29 ਸਾਲ ਦੀ ਉਮਰ ਦੇ ਵਿਅਕਤੀਆਂ ਵਿੱਚ, ਸ਼ਹਿਰੀ ਖੇਤਰਾਂ ਵਿੱਚ ਲਗਭਗ 56 ਫ਼ੀਸਦੀ ਅਤੇ ਪੇਂਡੂ ਖੇਤਰਾਂ ਵਿੱਚ 24 ਫ਼ੀਸਦੀ ਇੱਕ ਕੰਪਿਊਟਰ ਚਲਾਉਣ ਦੇ ਯੋਗ ਸਨ, ਜੋ ਕੀ ਡਿਜੀਟਲ ਇੰਡੀਆ ਦੇ ਸੰਕਲਪ ਲਈ ਬਹੁਤ ਜ਼ਿਆਦਾ ਨਿਰਾਸ਼ਾਜਨਕ ਹੈ। ਪੰਚਾਇਤ ਦੇ ਕੰਮਕਾਰ ਤੋਂ ਲੈ ਕੇ ਉੱਚ ਪੱਧਰੀ ਦਫ਼ਤਰਾਂ ਅਤੇ ਸਰਕਾਰੀ ਯੋਜਨਾਵਾਂ ਨੂੰ ਈ-ਗਵਰਨੈਂਸ ਰਾਹੀਂ ਆਮ ਲੁਕਾਈ ਤੱਕ ਕੰਪਿਊਟਰ ਗਿਆਨ ਰਾਹੀਂ ਹੀ ਪਹੁੰਚਾਇਆ ਜਾ ਸਕਦਾ ਹੈ। ਕੰਪਿਊਟਰ ਸਾਖਰਤਾ ਵਿਸ਼ਵ ਔਸਤ, ਜਿਵੇਂ ਕਿ ‘ਵਰਲਡ ਇਕਨਾਮਿਕ ਫੋਰਮ’ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ, ਨੇ ਪਾਇਆ ਕਿ OECD (ਸੰਸਾਰ ਦੇ ਮੂਹਰਲੀ ਕਤਾਰ ਦੇ ਦੇਸ਼ਾਂ ਦਾ ਆਰਥਿਕ ਸਹਿਯੋਗ ਅਤੇ ਵਿਕਾਸ ਲਈ ਸੰਗਠਨ) ਦੇਸ਼ ਇੰਨੇ ਕੰਪਿਊਟਰ ਸਾਖਰ ਨਹੀਂ ਹਨ, ਜਿੰਨਾ ਕਿ ਕੋਈ ਉਮੀਦ ਕਰਦਾ ਹੈ ਕਿਉਂਕਿ 25 ਫ਼ੀਸਦ ਲੋਕ ਕੰਪਿਊਟਰ ਦੀ ਵਰਤੋਂ ਕਰਨਾ ਨਹੀਂ ਜਾਣਦੇ ਹਨ, ਘੱਟੋ ਘੱਟ 45 ਫ਼ੀਸਦ ਦੀ ਦਰ ਮਾੜੀ ਹੈ ਅਤੇ ਸਿਰਫ 30 ਫ਼ੀਸਦ ਔਸਤਨ ਤੋਂ ਮਜ਼ਬੂਤ ਕੰਪਿਊਟਰ ਸਾਖਰਤਾ ਦੀ ਦਰ ਹੈ। ਇਸ ਲਈ ਤਾਂ ਮਰਹੂਮ ਅਮਰੀਕੀ ਲੇਖਕ ਆਈਜ਼ੈਕ ਅਸੀਮੋਵ ਇਕ ਜਗ੍ਹਾ ਇੰਝ ਲਿਖਦੇ ਹਨ ਕਿ ‘ਮੈਂ ਕੰਪਿਊਟਰਾਂ ਤੋਂ ਨਹੀਂ ਡਰਦਾ। ਮੈਂ ਉਨ੍ਹਾਂ ਦੀ ਕਮੀ ਤੋਂ ਡਰਦਾ ਹੈ।’
ਸੰਸਾਰੀਕਰਨ ਦੇ ਇਸ ਦੌਰ ਵਿੱਚ ਸਿੱਖਿਆ ਦੇ ਹਾਣੀ ਬਣਨਾ ਕੰਪਿਊਟਰ ਸਿੱਖਿਆ ਤੋਂ ਬਗੈਰ ਸੰਭਵ ਹੀ ਨਹੀਂ। ਪੰਜਾਬ ਸਰਕਾਰ ਨੇ ਇਸ ਹੀ ਲੋੜ ਨੂੰ ਵਾਜਬ ਸਮਝਦਿਆਂ ਸਾਲ 2005 ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਕੰਪਿਊਟਰ ਸਿੱਖਿਆ ਆਰੰਭ ਕਰਵਾਈ ਗਈ, ਜਿਸ ਦੀ ਹਰ ਪਾਸਿਉਂ ਸ਼ਲਾਘਾ ਹੋਈ ਅਤੇ ਇਹ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਣ ਦਾ ਮੁੱਖ ਜਰੀਆਂ ਵੀ ਬਣੀ ਪਰ ਸਮਾਂ ਪੈਣ ’ਤੇ ਇਸ ਵਿੱਚ ਹੋਰ ਸੁਧਾਰ ਦੀ ਲੋੜ ਹੈ ਜਿਵੇਂ ਕਿ ਆਧੁਨਿਕ ਬੁਨਿਆਦੀ ਢਾਂਚੇ ਦੀ ਖੜੋਤ ਕਾਰਨ ਵਿਦਿਆਰਥੀਆ ਨੂੰ ਉਹ ਸਾਰੀਆਂ ਸਹੂਲਤਾਂ ਨਹੀਂ ਮਿਲ ਰਹੀਆਂ, ਜੋ ਮਿਲਣੀਆਂ ਚਾਹੀਦੀਆਂ ਹਨ। ਕੰਪਿਊਟਰ ਮਸ਼ੀਨ ਵਿੱਚ ਕੋਈ ਵੀ ਨੁਕਸ ਪੈਣ ’ਤੇ ਉਸ ਨੂੰ ਠੀਕ ਕਰਨ ਵਾਲੀਆਂ ਕੰਪਨੀਆਂ ਨਾਲ ਸਰਕਾਰ ਦਾ ਇਕਰਾਰ ਖ਼ਤਮ ਹੋ ਚੁਕਾ ਹੈ ਅਤੇ ਸਕੂਲਾਂ ਕੋਲ ਸੀਮਤ ਫ਼ੰਡ ਨਾਲ ਇਨ੍ਹਾਂ ਦੀ ਸਾਂਭ ਸੰਭਾਲ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਕੰਪਿਊਟਰ ਸਿੱਖਿਆ ਕਾਰਨ ਹੀ ਕੋਵਿਡ ਮਹਾਮਾਰੀ ਦੇ ਔਖੇ ਸਮੇਂ ਵਿੱਚ ਘਰ ਬੈਠੇ ਵਿਦਿਆਰਥੀਆਂ ਨਾਲ ਆਨਲਾਈਨ ਜਮਾਤਾਂ ਲਗਵਾਉਣਾਂ ਅਤੇ ਆਨਲਾਈਨ ਟੈਸਟ ਲੈਣਾ ਸੰਭਵ ਹੋਇਆ।
ਕੰਪਿਊਟਰ ਸਿੱਖਿਆ ਰਾਹੀਂ ਹੀ ਵਿਦਿਆਰਥੀ ਹੋਰ ਵਿਸ਼ੇ ਵਿੱਚ ਵੀ ਪਰਪੱਕ ਹੋ ਸਕਦੇ ਹਨ, ਉਦਾਹਰਨ ਦੇ ਤੌਰ ’ਤੇ ਆਨਲਾਈਨ ਲਾਇਬ੍ਰੇਰੀ, ਵਰਚੁਅਲ ਲੈਬ, ਯੂਟਿਊਬ ਚੈਨਲ, ਆਨਲਾਈਨ ਟਿਊਟਰ ਆਦਿ ਅਜਿਹੀਆਂ ਸੁਵਿਧਾਵਾਂ ਸੂਚਨਾ ਤਕਨੀਕ ਦੀ ਜਾਣਕਾਰੀ ਰੱਖਣ ਵਾਲਾ ਵਿਦਿਆਰਥੀਆ ਹੀ ਪ੍ਰਾਪਤ ਕਰ ਸਕਦਾ ਹੈ। ਹੋਰ ਤਾਂ ਹੋਰ ਅੱਜ ਦੇ ਸਮੇਂ ਬਹੁਤ ਸਾਰੇ ਪ੍ਰਵੇਸ਼ ਪ੍ਰੀਖਿਆ ਵੀ ਆਨਲਾਈਨ ਲਈਆਂ ਜਾ ਰਹੀਆਂ ਹਨ। ਸੂਚਨਾ ਤਕਨੀਕ ਦੇ ਖੇਤਰ ਵਿੱਚ ਨਿਪੁੰਨ ਇੰਜਨੀਅਰ ਦੀ ਪੂਰੀ ਦੁਨੀਆ ਵਿੱਚ ਮੰਗ ਵੱਧ ਰਹੀ ਹੈ। ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਸਾਰਿਆਂ ਦੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਦੀ ਸਾਕਾਰਾਤਮਕ ਵਰਤੋਂ ਕਰਨ ਲਈ ਉਤਸ਼ਾਹਿਤ ਕਰੀਏ ਤਾਂ ਕਿ ਉਹ ਵਿਸ਼ਵੀਕਰਨ ਦੇ ਇਸ ਯੁੱਗ ਵਿੱਚ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋ ਸਕਣ।
ਸੰਪਰਕ: 94655-76022