ਸੁਰਿੰਦਰ ਸ਼ਰਮਾ ਨਾਗਰਾ
ਥਾਣੇਦਾਰ ਸੁਰਮੁਖ ਸਿੰਘ ਆਪਣੀ ਵਰਦੀ ਵਾਲੀ ਕਮੀਜ਼ ਉਤਾਰ ਕੇ ਰੋਟੀ ਖਾਣ ਲਈ ਮੂੰਹ ਹੱਥ ਧੋਣ ਹੀ ਲੱਗਿਆ ਸੀ ਕਿ ਮੋਬਾਈਲ ਦੀ ਘੰਟੀ ਖੜਕੀ, “ਸੁਰਮੁਖ ਸਿੰਘ ਜੀ ਕਿੱਥੇ ਓਂ?” ਥਾਣੇ ’ਚੋਂ ਗਿਆਨ ਸਿੰਘ ਮੁਨਸ਼ੀ ਦੀ ਆਵਾਜ਼ ਸੀ।
“ਘਰ ਹੁਣੇ ਰੋਟੀ ਖਾਣ ਲੱਗਿਆ ਸੀ।’’ ਸੁਰਮੁਖ ਸਿੰਘ ਨੇ ਹੌਲ਼ਾ ਹੁੰਗਾਰਾ ਜਿਹਾ ਭਰਿਆ।
“ਐਂ ਕਰਿਓ! ਰੋਟੀ ਖਾ ਕੇ ਥਾਣਿਓਂ ਪੰਜ ਛੇ ਮੁਲਾਜ਼ਮ ਲੈ ਕੇ ਨਹਿਰ ਵਾਲੇ ਪੁਲ ’ਤੇ ਚਲੇ ਜਾਇਉ ਕਿਉਂਕਿ ਉੱਥੋਂ ਮੰਤਰੀ ਜੀ ਦੇ ਕਾਫ਼ਲੇ ਨੇ ਲੰਘਣੈ। ਥਾਣੇ ’ਚੋਂ ਰਵਾਨਗੀ ਪਾ ਕੇ ਚੱਲਿਓ।’’ ਇੰਨਾ ਕਹਿ ਕੇ ਮੁਨਸ਼ੀ ਨੇ ਮੋਬਾਈਲ ਬੰਦ ਕਰ ਦਿੱਤਾ।
ਥਾਣੇਦਾਰ ਨੂੰ ਬੜਾ ਵੱਟ ਚੜ੍ਹਿਆ ਪਰ ਕਰ ਕੀ ਸਕਦਾ ਸੀ। ਹੁਣੇ ਤਾਂ ਗਹਿਲਾਂ ਤੋਂ ਸ਼ਰਾਬ ਦੀ ਭੱਠੀ ਫੜ ਕੇ ਮੁਲਜ਼ਮਾਂ ਨੂੰ ਹਵਾਲਾਤ ਵਿੱਚ ਦੇ ਕੇ ਚਲਾਨ ਬਣਾ ਕੇ ਕੰਪਿਊਟਰ ਵਾਲੇ ਅਮਲੇ ਨੂੰ ਥਮਾ ਕੇ ਆਇਆ ਸੀ। ਤੜਕੇ ਚਾਰ ਵਜੇ ਦੇ ਘਰੋਂ ਨਿਕਲੇ ਹੁਣ ਘਰੇ ਵੜੇ ਸੀ ਉਹ ਵੀ ਰੋਟੀ ਖਾਣ ਨੂੰ। ਬੁੜਬੁੜ ਕਰਦਾ ਸੁਰਮੁਖ ਸਿੰਘ ਫਟਾਫਟ ਬੁਰਕੀਆਂ ਤੋੜ ਕੇ ਰੋਟੀ ਖਾਣ ਲੱਗਿਆ।
ਅੱਗੋਂ ਪਤਨੀ ਬੋਲੀ, “ਸੁਣਦੇ ਓਂ ਜੀ! ਬੱਚਿਆਂ ਦੇ ਸਕੂਲੋਂ ਸੁਨੇਹਾ ਆਇਆ ਕਿ ਮਾਪੇ ਆ ਕੇ ਮਿਲਣ, ਬੱਚਿਆਂ ਦੀ ਪੜ੍ਹਾਈ ਬਾਰੇ ਕੋਈ ਗੱਲ ਕਰਨੀ ਹੈ।’’
“ਮੈਂ ਕਿਤੇ ਵਿਹਲਾਂ, ਜਾਨ ਤਾਂ ਕੜਿੱਕੀ ’ਚ ਆਈ ਪਈ ਐ, ਮਰਨ ਦੀ ਤਾਂ ਵਿਹਲ ਨਹੀਂ ਮਿਲਦੀ।’’ ਸੁਰਮੁਖ ਸਿੰਘ ਰੋਟੀ ਚਬਾਉਂਦਾ ਤਿਲਮਿਲਾ ਕੇ ਬੋਲਿਆ।
ਪਤਨੀ ਨੂੰ ਕਿਹੜਾ ਗੱਲਬਾਤ ਕਰਨ ਦਾ ਸਮਾਂ ਮਿਲਦਾ ਸੀ, ਇਉਂ ਤੁਰੇ ਜਾਂਦੇ ਨੂੰ ਹੀ ਦੱਸਣਾ ਪੈਂਦਾ ਸੀ।
ਰੋਟੀ ਖਾ ਕੇ ਵਰਦੀ ਵਾਲੀ ਕਮੀਜ਼ ਅਜੇ ਗਲ਼ ’ਚ ਪਾਈ ਹੀ ਸੀ ਕਿ ਫਿਰ ਪਤਨੀ ਕੋਲ ਜਿਹੇ ਹੋ ਕੇ ਬੋਲੀ, “ਮੇਰੀ ਵੀ ਜਾੜ੍ਹ ਵਿੱਚ ਕਈ ਦਿਨਾਂ ਦਾ ਦਰਦ ਹੋ ਰਿਹਾ ਹੈ, ਕਿਸੇ ਡਾਕਟਰ ਨੂੰ ਦਿਖਾ ਦਿੰਦੇ।’’
“ਐਥੋਂ ਕੋਈ ਗੋਲ਼ੀ ਗਾਲੀ਼ ਲੈ ਲੈ, ਅਜੇ ਟਾਈਮ ਨਹੀਂ। ਫਿਰ ਕਿਸੇ ਦਿਨ ਦਿਖਾ ਦੇਵਾਂਗਾ।’’ ਬਾਹਰ ਨੂੰ ਤੁਰੇ ਜਾਂਦੇ ਨੇ ਪਤਨੀ ਨੂੰ ਦਿਲਾਸਾ ਜਿਹਾ ਦੇ ਦਿੱਤਾ।
ਥਾਣਿਓਂ ਛੇ ਮੁਲਾਜ਼ਮ ਲੈ ਕੇ ਨਹਿਰ ’ਤੇ ਪਹੁੰਚ ਕੇ ਸੌ ਸੌ ਗਜ਼ ਦੀ ਵਿੱਥ ’ਤੇ ਬੰਦੇ ਖਲਾਰ ਕੇ ਆਪ ਨਹਿਰ ਦੇ ਪੁਲ ਦੀ ਵੀਂਡਲ ’ਤੇ ਬਹਿ ਗਿਆ। ਸੋਚਣ ਲੱਗਿਆ ਕਿ ਮਨਾਂ ਇਹ ਸੋਚ ਕੇ ਪੁਲੀਸ ਵਿੱਚ ਭਰਤੀ ਹੋਏ ਸੀ ਬਈ ਦੇਸ਼ ਦੀ ਸੇਵਾ ਇਮਾਨਦਾਰੀ ਨਾਲ ਕਰਾਂਗੇ, ਜੁਰਮ ਨੂੰ ਸਮਾਜ ਵਿੱਚੋਂ ਖ਼ਤਮ ਕਰਨ ਦੀ ਕੋਸ਼ਿਸ਼ ਕਰਾਂਗੇ, ਆਪਣੇ ਬੱਚੇ ਪਾਲਾਂਗੇ ਤੇ ਚੈਨ ਦੀ ਜ਼ਿੰਦਗੀ ਬਸਰ ਕਰਾਂਗੇ ਪਰ ਇੱਥੇ ਤਾਂ ਏਨੀ ਹਫ਼ੜਾ ਦਫ਼ੜੀ ਹੈ ਕਿ ਰੋਟੀ ਖਾਣ ਦੀ ਵਿਹਲ ਨਹੀਂ। ਸਾਰਾ ਸਮਾਂ ਲੀਡਰਾਂ ਦੇ ਦੌਰਿਆਂ ਵਿੱਚ ਸੁਰੱਖਿਆ ਡਿਊਟੀ ਕਰਦਿਆਂ ਲੰਘ ਜਾਂਦਾ ਹੈ। ਨਾ ਰਾਤ ਨੂੰ ਚੈਨ ਨਾ ਦਿਨੇਂ ਵਿਹਲ।
ਦੁਪਹਿਰ ਦੇ ਦੋ ਵਜੇ ਹੋਏ, ਪੂਰੀ ਅੱਗ ਵਰ੍ਹ ਰਹੀ, ਤਾਪਮਾਨ 46 ਡਿਗਰੀ ਨੂੰ ਛੂੰਹਦਾ ਜਾਪ ਰਿਹਾ ਸੀ। ਸਮਝ ਨਹੀਂ ਆ ਰਹੀ ਸੀ ਕਿ ਐਡੀ ਕੀ ਐਮਰਜੈਂਸੀ ਸੀ ਕਿ ਮੰਤਰੀ ਜੀ ਦਾ ਸਿਖਰ ਦੁਪਹਿਰੇ ਕਾਫ਼ਲਾ ਜਾਣਾ ਸੀ। ਧੁੱਪ ਵਿੱਚ ਖੜ੍ਹਿਆਂ ਦੀਆਂ ਜੀਭਾਂ ਤਾਲੂਏ ਨੂੰ ਲੱਗ ਗਈਆਂ, ਹੇਠੋਂ ਬੂਟਾਂ ਵਿੱਚੋਂ ਦੀ ਪੈਰ ਮੱਚਣ। ਕੋਈ ਵਾਹ ਨਾ ਜਾਵੇ। ਨਾ ਕੋਈ ਪਾਣੀ ਧਾਣੀ ਦਾ ਇੰਤਜ਼ਾਮ ਨਾ ਕੋਈ ਪੁੱਛਣ ਗਿੱਛਣ ਵਾਲਾ। ਤਪਦੀ ਦੁਪਹਿਰ ਵਿੱਚ ਖੜ੍ਹਿਆਂ ਨੂੰ ਦੋ ਘੰਟੇ ਬੀਤ ਗਏ ਪਰ ਮੰਤਰੀ ਜੀ ਦਾ ਕਾਫ਼ਲਾ ਤਾਂ ਲੰਘਿਆ ਹੀ ਨਾ।
ਇੰਨੇ ਨੂੰ ਮੋਬਾਈਲ ਦੀ ਰਿੰਗ ਵੱਜੀ, “ਸੁਰਮੁਖ ਸਿੰਘ ਜੀ, ਮੰਤਰੀ ਜੀ ਹੈਲੀਕਾਪਟਰ ਰਾਹੀਂ ਲੰਘ ਗਏ ਨੇ, ਤੁਸੀਂ ਆਪਣੀ ਫੋਰਸ ਲੈ ਕੇ ਭਾਂਡਿਆਂ ਵਾਲੇ ਬਾਜ਼ਾਰ ਵਿੱਚ ਚਲੇ ਜਾਉ, ਵਾਰਦਾਤ ਹੋਈ ਹੈ, ਦੋ ਬੰਦੇ ਦੁਕਾਨ ਤੋਂ ਅਸਲਾ ਦਿਖਾ ਕੇ ਰਕਮ ਲੁੱਟ ਕੇ ਲੈ ਗਏ, ਜਾਂਦੇ ਜਾਂਦੇ ਗੋਲੀ ਵੀ ਚਲਾ ਗਏ। ਐੱਸ.ਪੀ. ਕ੍ਰਾਈਮ ਦਾ ਆਰਡਰ ਹੈ ਸਾਰੀ ਤਹਿਕੀਕਾਤ ਕਰ ਕੇ ਕੱਲ੍ਹ ਤੱਕ ਰਿਪੋਰਟ ਪੇਸ਼ ਕੀਤੀ ਜਾਵੇ।’’ ਇੰਨਾ ਕਹਿ ਕੇ ਮੁਨਸ਼ੀ ਨੇ ਮੋਬਾਈਲ ਬੰਦ ਕਰ ਦਿੱਤਾ।
ਥਾਣੇਦਾਰ ਸੁਰਮੁਖ ਸਿੰਘ ਗਰਮੀ ਦਾ ਮਾਰਿਆ ਡੌਰ-ਭੌਰ ਹੋਇਆ ਸੋਚਣ ਲੱਗਿਆ ਕਿ ਹੁਣ ਇਹ ਨਵੀਂ ਮੁਸੀਬਤ ਨਜਿੱਠਣੀ ਪਵੇਗੀ।
ਮੋਬਾਈਲ ਜੇਬ੍ਹ ’ਚ ਪਾਇਆ ਤੇ ਸਾਰੀ ਫੋਰਸ ਨੂੰ ਲੈ ਕੇ ਭਾਂਡਿਆਂ ਵਾਲੇ ਬਾਜ਼ਾਰ ਵਿੱਚ ਚਲਾ ਗਿਆ। ਉੱਥੇ ਜਾ ਕੇ ਵੇਖਿਆ ਤਾਂ ਹਜ਼ੂਮ ਜ਼ਿੰਦਾਬਾਦ ਮੁਰਦਾਬਾਦ ਕਰ ਰਿਹਾ ਸੀ, ਕਈ ਸਿਆਸੀ ਪਾਰਟੀਆਂ ਵਾਲੇ ਕਾਰਕੁੰਨ ਅਤੇ ਆਮ ਲੋਕ ਪੁਲੀਸ ਦੀ ਨਾਕਾਮੀ ਦਾ ਢਿੰਡੋਰਾ ਪਿੱਟ ਰਹੇ ਸਨ। ਨਾਹਰੇ ਲੱਗ ਰਹੇ ਸਨ।
ਪੰਜਾਬ ਸਰਕਾਰ… ਮੁਰਦਾਬਾਦ!
ਪੰਜਾਬ ਪੁਲੀਸ… ਮੁਰਦਾਬਾਦ!
ਫੇਲ੍ਹ ਪ੍ਰਸ਼ਾਸਨ… ਮੁਰਦਾਬਾਦ!
ਆਦਿ। ਭੀੜ ਨੂੰ ਬੜੀ ਮੁਸ਼ਕਲ ਨਾਲ ਸਮਝਾ-ਬੁਝਾ ਕੇ ਸੁਰਮੁਖ ਸਿੰਘ ਨੇ ਠੰਢਾ ਕੀਤਾ। ਬੜੀ ਮੁਸ਼ਕਲ ਨਾਲ ਭੀੜ ਨੂੰ ਚੀਰਦਾ ਹੋਇਆ ਉਹ ਉਸ ਦੁਕਾਨ ਤੱਕ ਪੁੱਜਿਆ। ਦੁਕਾਨ ਦੇ ਮਾਲਕ ਦੀ ਸਾਰੀ ਗੱਲ ਧਿਆਨ ਨਾਲ ਸੁਣੀ। ਮੌਕਾ-ਏ-ਵਾਰਦਾਤ ਨੂੰ ਚੰਗੀ ਤਰ੍ਹਾਂ ਖੰਗਾਲਿਆ। ਸੀ.ਸੀ.ਟੀਵੀ. ਕੈਮਰੇ ਦੀ ਫੁਟੇਜ ਕਢਵਾ ਕੇ ਵੇਖੀ। ਦੇਸੀ ਕੱਟੇ ਦੇ ਰੌਂਦ ਦਾ ਖੋਲ ਬਰਾਮਦ ਕੀਤਾ। ਕੋਈ ਅੱਸੀ ਕੁ ਹਜ਼ਾਰ ਰੁਪਏ ਲੈ ਗਏ ਸਨ, ਹੋਰ ਕਿਸੇ ਪ੍ਰਕਾਰ ਦੀ ਸ਼ੈਅ ਗ਼ਾਇਬ ਨਹੀਂ ਸੀ। ਸਾਰੀ ਕਹਾਣੀ ਸਮਝ ਲਈ। ਜਿਹੜੇ ਨਾਹਰੇ ਲਾ ਰਹੇ ਸਨ, ਉਨ੍ਹਾਂ ਦੇ ਤਿੰਨ ਚਾਰ ਨੁਮਾਇੰਦਿਆਂ ਨੂੰ ਭੀੜ ਤੋਂ ਇੱਕ ਪਾਸੇ ਕਰਕੇ ਸਾਰੀ ਗੱਲ ਸੁਣੀ ਤੇ ਸੁਰਮੁਖ ਸਿੰਘ ਬੋਲਿਆ, “ਦੇਖੋ! ਵਾਰਦਾਤ ਤਾਂ ਕਿਤੇ ਵੀ ਹੋ ਸਕਦੀ ਹੈ। ਬਾਕੀ ਪੁਲੀਸ ਦਾ ਕੰਮ ਹੈ ਮੁਜ਼ਰਮ ਫੜਨਾ ਤੇ ਉਸ ਨੂੰ ਸਜ਼ਾ ਦਿਵਾਉਣੀ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁੰਡਾ ਅਨਸਰ ਸ਼ਹਿਰ ਵਿੱਚ ਕੋਈ ਵਾਰਦਾਤ ਨਾ ਕਰਨ।”
ਉਨ੍ਹਾਂ ਵਿੱਚੋਂ ਇੱਕ ਬੋਲਿਆ ਕਿ ਪੁਲੀਸ ਚੋਰਾਂ ਨਾਲ ਮਿਲੀ ਹੋਈ ਹੈ, ਇਹ ਸਭ ਉਹੀ ਕਰਾ ਰਹੀ ਹੈ।’’
“ਜੇਕਰ ਪੁਲੀਸ ਅਜਿਹਾ ਕਰੂਗੀ ਤਾਂ ਉਹ ਛੋਟੀਆਂ ਛੋਟੀਆਂ ਵਾਰਦਾਤਾਂ ਕਿਉਂ ਕਰਵਾਏਗੀ ਕੋਈ ਵੱਡੀ ਕਾਰਵਾਈ ਪਾਏਗੀ। ਅਜਿਹਾ ਕੁਝ ਨਹੀਂ ਹੈ। ਪੁਲੀਸ ਤੁਹਾਡੇ ਲੋਕਾਂ ਦੀ ਹਿਫ਼ਾਜ਼ਤ ਲਈ ਹਮੇਸ਼ਾ ਤਿਆਰ ਹੈ। ਇੱਕਾ ਦੁੱਕਾ ਘਟਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ।’’ ਸੁਰਮੁਖ ਸਿੰਘ ਨੇ ਉਸ ਗਰਮ ਲੀਡਰ ਨੂੰ ਤਾੜਨ ਦੀ ਨਜ਼ਰ ਨਾਲ ਸਮਝਾਇਆ।
ਲੋਕ ਵੀ ਖਿਸਕਣੇ ਸ਼ੁਰੂ ਹੋ ਗਏ ਤੇ ਸੁਰਮੁਖ ਸਿੰਘ ਸਾਰੀ ਤਹਿਕੀਕਾਤ ਕਰ ਕੇ ਥਾਣੇ ਆ ਗਿਆ। ਪੂਰਾ ਚਲਾਨ ਤਿਆਰ ਕਰ ਕੇ ਚਸ਼ਮਦੀਦ ਗਵਾਹਾਂ ਦੇ ਬਿਆਨ ਨਾਲ ਲਗਾ ਕੇ ਡੀਡੀਆਰ ਰਿਪੋਰਟ ਦਰਜ਼ ਕਰਨ ਲਈ ਕੰਪਿਊਟਰ ਵਾਲੇ ਅਮਲੇ ਨੂੰ ਫੜਾ ਆਇਆ। ਰਾਤ ਦੇ ਦਸ ਵੱਜ ਰਹੇ ਸਨ। ਸਰੀਰ ਥਾਂ ਥਾਂ ਤੋਂ ਟੁੱਟ ਰਿਹਾ ਸੀ। ਆਪਣੀ ਫੋਰਸ ਨੂੰ ਫਰੀ ਕਰ ਦਿੱਤਾ ਤੇ ਆਪ ਕੁਰਸੀ ’ਤੇ ਬੈਠ ਕੇ ਲੱਤਾਂ ਪਸਾਰ ਕੇ, ਦੋਵੇਂ ਬਾਹਾਂ ਪਿੱਛੇ ਵੱਲ ਕਰਕੇ ਅੱਖਾਂ ਮੀਚ ਕੇ ਸੋਚਣ ਲੱਗਿਆ, “ਮੈਂ ਜਦੋਂ ਪੁਲੀਸ ਵਿੱਚ ਮੈਰਿਟ ਉੱਤੇ ਭਰਤੀ ਹੋਇਆ ਸੀ, ਪਾਸ ਆਊਟ ’ਤੇ ਮੇਰੇ ਮੋਢੇ ’ਤੇ ਇੱਕ ਸਟਾਰ ਲੱਗਿਆ ਸੀ, ਮੈਂ ਉਸ ਸਮੇਂ ਕਸਮ ਖਾਧੀ ਸੀ ਕਿ ਸਾਰੀ ਉਮਰ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰਾਂਗਾ, ਜਬਰ-ਜ਼ੁਲਮ ਨੂੰ ਖ਼ਤਮ ਕਰਨ ਵਿੱਚ ਹਿੱਸਾ ਪਾਵਾਂਗਾ, ਪਰ ਅੱਜ ਦੀ ਭੀੜ ਨੇ ਪੁਲੀਸ ਨੂੰ ਕੁੱਤੀ ਚੋਰਾਂ ਨਾਲ ਰਲੀ ਹੋਈ ਕਹਿ ਕੇ ਦਿਲ ਝੰਜੋੜ ਦਿੱਤਾ। ਮੈਂ ਆਪਣੇ ਪਰਿਵਾਰ ਨੂੰ ਆਪਣੀ ਡਿਊਟੀ ਉੱਤੋਂ ਦੀ ਵਾਰ ਕੇ ਨਿਸ਼ਠਾ ਨਾਲ ਕੰਮ ਕੀਤਾ ਪਰ ਅਫ਼ਸੋਸ ਸਾਨੂੰ ਏਨੀ ਮਿਹਨਤ ਕਰਨ ਦਾ ਇਹ ਸਿਲਾ ਮਿਲਿਆ।’’
ਇੰਨਾ ਸੋਚਣ ਤੋਂ ਬਾਅਦ ਉਹ ਆਪਣੇ ਸਰੀਰ ਨੂੰ ਸਮੇਟਦਾ ਹੋਇਆ ਘਰ ਚਲਿਆ ਗਿਆ। ਘਰਵਾਲੀ ਅੱਗੋਂ ਕਈ ਸਵਾਲ ਆਪਣੇ ਚਿਹਰੇ ’ਤੇ ਲਈ ਦਰਾਂ ਵਿਚ ਖੜ੍ਹੀ ਸੀ। ਰੋਟੀ ਪਾਉਣ ਤੋਂ ਬਾਅਦ ਬੋਲੀ, “ਪਿੰਡੋਂ ਸੁਨੇਹਾ ਆਇਆ ਸੀ, ਬਾਪੂ ਜੀ ਬਹੁਤ ਢਿੱਲੇ ਹਨ, ਪਿੰਡ ਗਿਆਂ ਨੂੰ ਸਾਲ ਤੋਂ ਉੱਪਰ ਹੋ ਗਿਆ। ਪਿੰਡ ਜਿਹੜੇ ਦੋ ਬਿੱਘੇ ਡਲੇ਼ ਨੇ ਵੇਚ ਕੇ ਸ਼ਹਿਰ ਵਿੱਚ ਦੋ ਕਮਰੇ ਬਣਾ ਲਈਏ, ਨਾਲੇ ਬਾਪੂ ਹੋਰਾਂ ਨੂੰ ਏਥੇ ਹੀ ਲੈ ਆਈਏ। ਕਿੰਨੀ ਦੇਰ ਲੋਕਾਂ ਦੇ ਪੁਰਾਣੇ ਮਕਾਨਾਂ ਦੇ ਜਾਲੇ ਝਾੜਦੇ ਰਹਾਂਗੇ।’’
ਸੁਰਮੁਖ ਸਿੰਘ ਨੂੰ ਉਸ ਦੀਆਂ ਗੱਲਾਂ ਜ਼ਿੰਦਗੀ ਦੀ ਹਕੀਕਤ ਲੱਗ ਰਹੀਆਂ ਸਨ ਪਰ ਉਸ ਨੇ ਅਣਸੁਣੀਆਂ ਕਰ ਦਿੱਤੀਆਂ ਤੇ ਬਿਨਾਂ ਰੋਟੀ ਖਾਧੇ ਬੈੱਡ ’ਤੇ ਪਾਸਾ ਮਾਰ ਕੇ ਪੈ ਗਿਆ।
ਸੰਪਰਕ: 98786-46595
* * *
ਉੱਤਮ ਵਿਚਾਰ
ਡਾ. ਇੰਦਰਜੀਤ ਸਿੰਘ
ਫ਼ੌਜ ’ਚੋਂ ਸੇਵਾਮੁਕਤ ਸੂਬੇਦਾਰ ਪਾਲ ਸਿੰਘ ਰੋਜ਼ਾਨਾ ਸੈਰ ਤੋਂ ਵਾਪਸੀ ਸਮੇਂ ਪਿੰਡ ਦੇ ਸਕੂਲ ਦੀ ਗਰਾਊਂਡ ਪਿੱਛੇ ਬਲੈਕ ਬੋਰਡ ’ਤੇ ਲਿਖਿਆ ‘ਅੱਜ ਦਾ ਵਿਚਾਰ’ ਬੜੀ ਗੌਰ ਨਾਲ ਪੜ੍ਹਦਾ। ਉਹ ਰੋਜ਼ਾਨਾ ਬਲੈਕ ਬੋਰਡ ’ਤੇ ਲਿਖੇ ਜਾਣ ਵਾਲੇ ਵਿਚਾਰ ਤੋਂ ਬੜਾ ਪ੍ਰਭਾਵਿਤ ਸੀ। ਉਹ ਵਿਚਾਰ ਪੜ੍ਹ ਕੇ ਅਕਸਰ ਸੋਚਦਾ ਕਿ ਇੰਨੇ ਉੱਤਮ ਵਿਚਾਰ ਲਿਖਣ ਵਾਲੀ ਸ਼ਖ਼ਸੀਅਤ ਕਿੰਨੀ ਪ੍ਰਭਾਵਸ਼ਾਲੀ ਹੋਵੇਗੀ। ਉਸ ਦੇ ਮਨ ਵਿੱਚ ਇਸ ਸ਼ਖ਼ਸੀਅਤ ਨੂੰ ਮਿਲਣ ਦੀ ਇੱਛਾ ਜਾਗੀ। ਉਹ ਇੱਕ ਦਿਨ ਹੈੱਡਮਾਸਟਰ ਸਾਹਿਬ ਨੂੰ ਸਕੂਲ ਮਿਲਣ ਗਿਆ ਅਤੇ ਵਿਚਾਰ ਲਿਖਣ ਵਾਲੀ ਸ਼ਖ਼ਸੀਅਤ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਹੈੱਡਮਾਸਟਰ ਸਾਹਿਬ ਨੇ ਸੂਬੇਦਾਰ ਵੱਲ ਵੇਖਦਿਆਂ ਕਿਹਾ, ‘‘ਮਾਸਟਰ ਜੋਗਿੰਦਰਪਾਲ! ਉਹ ਤਾਂ ਅੱਜ ਛੁੱਟੀ ’ਤੇ ਹਨ।’’ ਮਾਸਟਰ ਜੋਗਿੰਦਰਪਾਲ ਦਾ ਨਾਂ ਸੁਣਦਿਆਂ ਸੂਬੇਦਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਸਟਰ ਜੋਗਿੰਦਰਪਾਲ ਦੇ ਮਾੜੇ ਵਿਹਾਰ ਸਬੰਧੀ ਪਿੰਡ ਵਿੱਚ ਅਕਸਰ ਚਰਚਾ ਹੁੰਦੀ ਸੀ। ਉਸ ਦੀ ਡਿਊਟੀ ਪ੍ਰਤੀ ਕੁਤਾਹੀ ਅਤੇ ਮਾੜੇ ਵਿਹਾਰ ਕਰਕੇ ਕਈ ਵਾਰ ਬਦਲੀ ਹੋ ਚੁੱਕੀ ਸੀ। ਸੂਬੇਦਾਰ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਵਿਚਾਰ ਲਿਖਣ ਵਾਲਾ ਵਿਅਕਤੀ ਜੋਗਿੰਦਰਪਾਲ ਹੀ ਹੈ। ਉਸ ਨੇ ਆਪਣਾ ਸ਼ੱਕ ਦੂਰ ਕਰਨ ਲਈ ਹੈੱਡਮਾਸਟਰ ਸਹਬਿ ਨੂੰ ਪੁੱਛਿਆ, ‘‘ਹੈੱਡ ਮਾਸਟਰ ਸਾਹਿਬ! ਮਾਸਟਰ ਜੋਗਿੰਦਰਪਾਲ ਹੀ ਵਿਚਾਰ ਲਿਖਦੇ ਹਨ?’’ ਹੈੱਡ ਮਾਸਟਰ ਸਾਹਿਬ ਨੇ ਆਪਣੀ ਐਨਕ ਅੱਖਾਂ ਤੋਂ ਹੇਠਾਂ ਕਰਦਿਆਂ ਐਨਕ ਉਪਰੋਂ ਝਾਕਦਿਆਂ ਕਿਹਾ, ‘‘ਜੀ, ਉਹ ਹੀ ਲਿਖਦੇ ਹਨ।’’ ਮਾਸਟਰ ਜੋਗਿੰਦਰਪਾਲ ਦੇ ਨਾਂ ਨੇ ਸੂਬੇਦਾਰ ਦੀ ਉੱਤਮ ਵਿਚਾਰ ਲਿਖਣ ਵਾਲੀ ਸ਼ਖ਼ਸੀਅਤ ਨੂੰ ਮਿਲਣ ਦੀ ਉਤਸੁਕਤਾ ਖ਼ਤਮ ਕਰ ਦਿੱਤੀ। ਸੂਬੇਦਾਰ ਉੱਠਦਿਆਂ ਹੱਥ ਜੋੜ ਕੇ ਹੈੱਡਮਾਸਟਰ ਸਾਹਿਬ ਵੱਲ ਝੁਕੀਆਂ ਅੱਖਾਂ ਨਾਲ ਮੱਧਮ ਆਵਾਜ਼ ਵਿੱਚ ‘ਅੱਛਾ ਜੀ’ ਕਹਿੰਦਾ ਬਾਹਰ ਆ ਗਿਆ। ਉਸ ਦੇ ਮਨ ਵਿੱਚ ਇੱਕ ਸਵਾਲ ਤੇਜ਼ ਤੂਫ਼ਾਨ ਵਾਂਗ ਉੱਠਣ ਲੱਗਾ ਕਿ ਇੱਕ ਉੱਚੇ ਵਿਚਾਰਾਂ ਦਾ ਧਾਰਨੀ ਵਿਅਕਤੀ ਅਸਲ ਜੀਵਨ ਵਿੱਚ ਇੰਨੇ ਮਾੜੇ ਕਿਰਦਾਰ ਦਾ ਧਾਰਨੀ ਕਿਵੇਂ ਹੋ ਸਕਦਾ ਹੈ? ਸੂਬੇਦਾਰ ਜਦੋਂ ਸੋਚਾਂ ਵਿੱਚ ਡੁੱਬਿਆ ਸਕੂਲ ਦੇ ਗੇਟ ਕੋਲ ਪਹੁੰਚਿਆ ਤਾਂ ਉਸ ਦੀ ਨਿਗ੍ਹਾ ਗੇਟ ਦੇ ਨਾਲ ਕੰਧ ’ਤੇ ਪਈ ਜਿਸ ’ਤੇ ਲਿਖਿਆ ਸੀ: ‘ਉੱਤਮ ਵਿਚਾਰਾਂ ਦਾ ਪ੍ਰਗਟਾ ਕਰਨਾ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਅਪਣਾਉਣਾ, ਦੋ ਵੱਖ-ਵੱਖ ਚੀਜ਼ਾਂ ਹਨ। ਉੱਤਮ ਵਿਚਾਰ ਤਾਂ ਹੀ ਸਾਰਥਕ ਹੋ ਸਕਦੇ ਹਨ ਜੇਕਰ ਇਨ੍ਹਾਂ ਨੂੰ ਜੀਵਨ ਵਿੱਚ ਅਮਲੀਜਾਮਾ ਪਹਨਾਇਆ ਜਾਵੇ।’ ਸੂਬੇਦਾਰ ਪਾਲ ਸਿੰਘ ਨੂੰ ਕੰਧ ’ਤੇ ਲਿਖਿਆ ਵਿਚਾਰ ਪੜ੍ਹਨ ਤੋਂ ਬਾਅਦ ਆਪਣੇ ਸਵਾਲ ਦਾ ਜਵਾਬ ਮਿਲ ਗਿਆ।
ਸੰਪਰਕ: 98779-81382
* * *
ਜਿਸ ਤਨ ਲਾਗੈ…
ਰਾਜਿੰਦਰ ਸਿੰਘ ਰਾਜਨ
‘‘ਬਹੁਤ ਹੀ ਨੇਕ ਦਿਲ, ਸਵੇਰੇ-ਸ਼ਾਮ ਰੱਬ ਦਾ ਨਾਂ ਲੈਣ ਵਾਲੀ ਭਲੀ ਔਰਤ ਸੀ ਤੇਰੀ ਸੱਸ। ਕਿੰਨੀ ਕੁ ਉਮਰ ਸੀ ਤੇਰੀ ਸੱਸ ਮਾਂ ਦੀ?’’ ਰਾਜੂ ਆਪਣੇ ਦੋਸਤ ਰੁਲਦੂ ਰਾਮ ਨਾਲ ਭੋਗ ਸਮੇਂ ਦੁੱਖ ਸਾਂਝਾ ਕਰਦਿਆਂ ਕਹਿ ਰਿਹਾ ਸੀ। ‘‘ਕਰੀਬ 70 ਸਾਲ ਦੀ, ਚੰਗਾ ਹੋਇਆ ਤੁਰ ਗਈ ਹੈ, ਦੋਹਤਿਆਂ-ਪੋਤਰਿਆਂ ਵਾਲੀ ਸੀ। ਘਰਦਿਆਂ ਨੂੰ ਜਲੇਬ ਮਿਸ਼ਠਾਣ ਦੇ ਲੰਗਰ ਵੀ ਲਾਉਣੇ ਚਾਹੀਦੇ ਸਨ, ਢੋਲ ਵਜਾਉਂਦੇ, ਭੰਗੜਾ ਪਾਉਂਦੇ, ਐਵੇਂ ਰੋਣ-ਧੋਣ ਪਾਇਆ ਇਨ੍ਹਾਂ ਲੋਕਾਂ ਨੇ।’’
ਪੈਲੇਸ ਵਿੱਚ ਇਕੱਤਰ ਹੋਏ ਸਵਰਗੀ ਮਾਤਾ ਦੇ ਨਜ਼ਦੀਕੀ ਉਸ ਦੇ ਜਵਾਈ ਦੀਆਂ ਗੱਲਾਂ ਸੁਣ ਕੇ ਹੱਥਾਂ ਦੀਆਂ ਉਂਗਲਾਂ ਨੂੰ ਦੰਦਾਂ ਹੇਠ ਦਬਾ ਰਹੇ ਸਨ। ਲੋਕ ਕਹਿ ਰਹੇ ਸਨ ਕਿ ਐਵੇਂ ਨਹੀਂ ਲੋਕ ਕਹਿੰਦੇ ਪਈ ਜਵਾਈ ਜਵਾਈ ਹੀ ਹੁੰਦੇ ਹਨ।
ਦੂਸਰੇ ਪਾਸੇ ਸਵਰਗਵਾਸੀ ਮਾਤਾ ਦੇ ਪੁੱਤਰ ਆਪਣੀ ਮਾਂ ਨੂੰ ਯਾਦ ਕਰ-ਕਰ ਕੇ ਰੋ ਰਹੇ ਸਨ, ਧੀਆਂ ਵਿਰਲਾਪ ਕਰ ਰਹੀਆਂ ਸਨ, ਰਿਸ਼ਤੇਦਾਰ ਅਤੇ ਹੋਰ ਨਜ਼ਦੀਕੀ ਸਵਰਗਵਾਸੀ ਮਾਤਾ ਦੇ ਕੀਤੇ ਘਰੇਲੂ ਕੰਮ-ਕਾਜ ਅਤੇ ਇਲਾਕੇ ਵਿੱਚ ਕੀਤੇ ਭਲਾਈ ਕੰਮਾਂ ਨੂੰ ਯਾਦ ਕਰ ਰਹੇ ਸਨ, ਪਰ ਜਵਾਈ ਰੁਲਦੂ ਰਾਮ ਦੀ ਸਿਹਤ ’ਤੇ ਕੋਈ ਅਸਰ ਨਹੀਂ ਸੀ।
‘‘ਯਾਰ ਰੁਲਦੂ ਰਾਮ, ਇਸ ਤਰ੍ਹਾਂ ਨਹੀਂ ਕਹੀਦਾ। ਸੱਸ ਵੀ ਮਾਂ ਹੁੰਦੀ ਹੈ ਅਤੇ ਮਾਵਾਂ 100 ਸਾਲ ਦੀਆਂ ਵੀ ਹੋ ਕੇ ਤੁਰ ਜਾਣ ਤਾਂ ਵੀ ਬੜਾ ਦੁੱਖ ਹੁੰਦਾ। ਮਾਵਾਂ ਦੀ ਦੇਣ ਨਹੀਂ ਦਿੱਤੀ ਜਾ ਸਕਦੀ। ਮਾਵਾਂ ਦੇ ਵਡੱਪਣ ’ਤੇ ਲੇਖਕਾਂ, ਗਾਇਕਾਂ ਨੇ ਖ਼ੂਬ ਲਿਖਿਆ ਤੇ ਗਾਇਆ।
ਹਜ਼ਾਰਾਂ ਲੇਖ਼ਕਾਂ ਤੇ ਗਾਇਕਾਂ ਨੇ ਮਾਵਾਂ ਪ੍ਰਤੀ ਬਾਖ਼ੂਬੀ ਗਾਇਆ ਤੇ ਲਿਖਿਆ ਹੈ, ਰਾਜੂ। ਭੋਗ ਤੇ ਅੰਤਿਮ ਅਰਦਾਸ ਤੋਂ ਬਾਅਦ ਸਭ ਆਪੋ-ਆਪਣੇ ਰਾਹ ਪੈ ਗਏ।
ਸਾਲ ਬਾਅਦ ਰੁਲਦੂ ਰਾਮ ਦੀ ਆਪਣੀ ਮਾਂ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। ਇਸ ਮੌਕੇ ’ਤੇ ਰੁਲਦੂ ਰਾਮ ਆਪਣੀ 75 ਸਾਲਾ ਮਾਂ ਨੂੰ ਯਾਦ ਕਰ ਕਰ ਕੇ ਉੱਚੀ ਉੱਚੀ ਰੋ ਰਿਹਾ ਸੀ। ਰਾਜੂ, ਰੁਲਦੂ ਰਾਮ ਨਾਲ ਦੁੱਖ ਦਾ ਇਜ਼ਹਾਰ ਕਰ ਰਿਹਾ ਸੀ, ‘‘ਤੇਰੀ ਮਾਤਾ ਬਹੁਤ ਚੰਗੀ ਸੀ। ਉਸ ਦੇ ਹੁੰਦਿਆਂ ਕਿਸੇ ਛੋਟੇ-ਵੱਡੇ ਨੂੰ ਕੋਈ ਫ਼ਿਕਰ ਨਹੀਂ ਸੀ ਹੁੰਦਾ। ਸਮੇਂ ਸਮੇਂ ’ਤੇ ਮਾਤਾ ਹਰ ਨਿੱਕੇ-ਵੱਡੇ ਨੂੰ ਮੱਤਾਂ ਦਿੰਦੀ ਸੀ ਤੇ ਆਪਣੀ ਜ਼ਿੰਦਗੀ ਦਾ ਤਜ਼ਰਬਾ ਉਨ੍ਹਾਂ ਦੇ ਅੱਗੇ ਰੱਖਦੀ ਸੀ।’’ ਰਾਜੂ ਦੀਆਂ ਇਹ ਗੱਲਾਂ ਸੁਣ ਕੇ ਰੁਲਦੂ ਰਾਮ ਨੂੰ ਆਪਣੀ ਸੱਸ ਦੇ ਦਿਹਾਂਤ ਉੱਤੇ ਰਾਜੂ ਦੀਆਂ ਕਹੀਆਂ ਗੱਲਾਂ ਯਾਦ ਆ ਗਈਆਂ। ਹੁਣ ਰੁਲਦੂ ਰਾਮ ਦਿਲ ਹੀ ਦਿਲ ਵਿੱਚ ਸੋਚ ਰਿਹਾ ਸੀ ਕਿ ਜਦੋਂ ਮੇਰੀ ਸੱਸ ਮਾਂ ਦਾ ਦੇਹਾਂਤ ਹੋਇਆ ਤਾਂ ਉਸ ਵਕਤ ਮੈਂ ਗ਼ਲਤ ਗੱਲਾਂ ਦਾ ਇਸਤੇਮਾਲ ਕਰਕੇ ਸਮਾਜ ਵਿੱਚ ਆਪਣਾ ਕੱਦ ਨੀਵਾਂ ਕੀਤਾ ਸੀ ਪਰ ਸੱਚ ਇਹ ਹੈ ਕਿ ‘ਜਿਸ ਤਨ ਲਾਗੇ ਸੋ ਤਨ ਜਾਣੇ’ ਦਾ ਅਹਿਸਾਸ ਉਸ ਸਮੇਂ ਹੀ ਹੁੰਦਾ ਹੈ ਜਦੋਂ ਆਪਣੇ ’ਤੇ ਗੁਜ਼ਰਦੀ ਹੈ।
ਸੰਪਰਕ: 94174-27656