ਸੁਰਿੰਦਰ ਸਿੰਘ ਤੇਜ
ਹਿੰਸਕ ਵਿਦਰੋਹੀ ਲਹਿਰਾਂ ਦੌਰਾਨ ਮਹਿਲਾ ਕਾਡਰ ਨਾਲ ਕੀ ਕੁਝ ਵਾਪਰਦਾ ਹੈ, ਇਸ ਦਾ ਬੇਬਾਕੀ ਤੇ ਇਮਾਨਦਾਰੀ ਨਾਲ ਬਿਆਨ ਕਰਨ ਵਾਲੀਆਂ ਕਿਤਾਬਾਂ ਘੱਟ ਹੀ ਮਿਲਦੀਆਂ ਹਨ। ਅਜਿਹੀ ਘੱਟ-ਗਿਣਤੀ ਵਿਚ ਸ਼ੁਮਾਰ ਹੈ ਤਮੜਿਨੀ ਦੀ ਆਤਮ-ਕਥਾ ‘ਇਨ ਦੀ ਸ਼ੈਡੋ ਆਫ਼ ਏ ਸਵੋਰਡ’ (ਤਲਵਾਰ ਦੇ ਸਾਏ ਹੇਠ; ਯੋਡਾ ਪ੍ਰੈਸ-ਸੇਜ ਸਿਲੈਕਟ; 192 ਪੰਨੇ; 495 ਰੁਪਏ)। ਤਮੜਿਨੀ ਜਾਂ ਤਮਲਿਨੀ ਉਨ੍ਹਾਂ ਤਮਿਲ ਕੁੜੀਆਂ ਦਾ ਨਾਮ ਹੁੰਦਾ ਹੈ ਜੋ ਸੁਤੰਤਰ ਸੋਚ ਤੇ ਦ੍ਰਿੜ੍ਹਤਾ ਦੀ ਨੁਮਾਇੰਦਗੀ ਕਰਦੀਆਂ ਹੋਣ। 1972 ਵਿਚ ਕਿਲੀਨੋਚੀ ਜ਼ਿਲ੍ਹੇ ਦੇ ਇਕ ਪਿੰਡ ਦੇ ਬ੍ਰਾਹਮਣ ਪਰਿਵਾਰ ਵਿਚ ਜਨਮੀ ਤਮੜਿਨੀ ਨੇ ਆਪਣੀ ਜ਼ਿੰਦਗੀ ਦੌਰਾਨ ਆਪਣੇ ਨਾਮ ਨੂੰ ਸਾਰਥਿਕ ਕੀਤਾ; ਘੱਟੋ-ਘੱਟ ਉਸ ਦੀ ਆਤਮ-ਕਥਾ ਤਾਂ ਇਹੋ ਦਰਸਾਉਂਦੀ ਹੈ। ਤਮਿਲ ਵਿਚ ਇਹ ਆਤਮ-ਕਥਾ 2015 ਵਿਚ ਛਪੀ। ਇਸ ਦਾ ਅੰਗਰੇਜ਼ੀ ਅਨੁਵਾਦ ਹੁਣ ਪ੍ਰਕਾਸ਼ਿਤ ਹੋਇਆ ਹੈ। ਸਫ਼ਿਆਂ ਦੀ ਗਿਣਤੀ ਪੱਖੋਂ ਇਹ ਕਿਤਾਬ ਛੋਟੀ ਹੈ, ਪਰ ਇਸ ਦਾ ਕੈਨਵਸ ਬੜਾ ਵਿਸ਼ਾਲ ਹੈ। ਇਹ ਸ੍ਰੀਲੰਕਾ ਵਿਚ ਲਬਿਰੇਸ਼ਨ ਟਾਈਗਰਜ਼ ਆਫ਼ ਤਮਿਲ ਈਲਮ (ਲਿੱਟੇ) ਦੀ ਸੰਘਰਸ਼ ਕਹਾਣੀ ਵੀ ਹੈ ਅਤੇ ਇਸੇ ਸੰਘਰਸ਼ ਦੀ ਨਾਕਾਮੀ ਅਤੇ ਤਾਮਿਲਾਂ ਦੀ ਦੁਰਦਸ਼ਾ ਦੀ ਵਿਅਥਾ-ਕਥਾ ਵੀ। ਸੰਘਰਸ਼ ਦੀ ਲੀਡਰਸ਼ਿਪ, ਖ਼ਾਸ ਕਰਕੇ ਸਰਬਉੱਚ ਨੇਤਾ ਵੈਲੂਪਿਲੈ ਪ੍ਰਭਾਕਰਨ ਦੀਆਂ ਗ਼ਲਤੀਆਂ, ਜ਼ਿਆਦਤੀਆਂ ਤੇ ਨਾਕਾਮੀਆਂ ਦਾ ਖ਼ੁਲਾਸਾ ਵੀ ਹੈ ਇਹ ਕਿਤਾਬ। ਨਾਲ ਹੀ ਇਹ ਹਥਿਆਰਬੰਦ ਜੱਦੋਜਹਿਦ ਦੌਰਾਨ ਮਹਿਲਾ ਕਾਡਰ ਦੇ ਜ਼ਿਹਨੀ, ਜਜ਼ਬਾਤੀ ਤੇ ਜਿਸਮਾਨੀ ਸੋਸ਼ਣ ਅਤੇ ਉਸ ਤੋਂ ਉਪਜਣ ਵਾਲੀ ਜ਼ਿੱਲਤ ਤੇ ਸੰਤਾਪ ਦਾ ਬਿਆਨ ਵੀ ਹੈ। ਤਮੜਿਨੀ ਨੇ ਇਹ ਸਭ ਕੁਝ ਲਿਖਣ ਲਈ ਅਲੰਕਾਰਕ ਜੁਗਤਾਂ ਦਾ ਸਹਾਰਾ ਨਹੀਂ ਲਿਆ। ਸਭ ਕੁਝ ਸਰਲ ਤੇ ਸਹਿਜ ਲਹਿਜੇ ਨਾਲ ਲਿਖਿਆ ਹੈ। ਹਾਂ, ਕੁਹਜ ਵੰਡਣ ਤੋਂ ਉਸ ਨੇ ਪ੍ਰਹੇਜ਼ ਕੀਤਾ ਹੈ। ਕਿਰਦਾਰਾਂ ਦੇ ਗੁਣ-ਦੋਸ਼ ਦਰਜ ਕੀਤੇ ਹਨ, ਕਿਰਦਾਰਕੁਸ਼ੀ ਨਹੀਂ ਕੀਤੀ। ਨਿਰਣਾ ਕਰਨ ਦਾ ਹੱਕ ਉਸ ਨੇ ਪਾਠਕ ’ਤੇ ਛੱਡ ਦਿੱਤਾ ਹੈ।
19 ਵਰ੍ਹਿਆਂ ਦੀ ਸੀ ਤਮੜਿਨੀ ਜਦੋਂ ਡਾਕਟਰ ਬਣਨ ਦਾ ਸੁਪਨਾ ਤਿਆਗ ਕੇ ‘ਈਲਮ’ (ਹੋਮਲੈਂਡ) ਵਾਸਤੇ ਜੱਦੋਜਹਿਦ ਵਿਚ ਉਸ ਨੂੰ ਸ਼ਾਮਲ ਹੋਣਾ ਪਿਆ। ‘ਲੀਡਰ’ (ਪ੍ਰਭਾਕਰਨ) ਦਾ ਹੁਕਮ ਸੀ ਸਾਰੇ ਨੌਜਵਾਨ ਤਮਿਲਾਂ ਨੂੰ ਵਿਦਰੋਹੀ ਸਫ਼ਾਂ ਵਿਚ ਸ਼ਾਮਲ ਹੋਣ ਦਾ। ਤਮੜਿਨੀ ਨੇ ਵੀ ਗੁਰੀਲਾ ਜੰਗ ਦੀ ਸਿਖਲਾਈ ਲਈ, ਪਰ ਉਸ ਨੂੰ ਕੰਮ ਮਹਿਲਾ ਕਾਡਰ ਨੂੰ ਪੜ੍ਹਾਉਣ ਅਤੇ ਪ੍ਰਚਾਰ ਸਮੱਗਰੀ ਤਿਆਰ ਕਰਨ ਦਾ ਸੌਂਪਿਆ ਗਿਆ। ਬੜੇ ਖ਼ੂਬਸੂਰਤ ਨਾਮ ਸਨ ‘ਈਲਮ’ ਦੀਆਂ ਪ੍ਰਕਾਸ਼ਨਾਵਾਂ ਦੇ: ‘ਮਾਲਤੀ’, ‘ਹੰਮਿੰਗ ਬਰਡ’, ‘ਫਰੀਡਮ ਮਾਰਚ’। ਅਗਲੇ 19 ਵਰ੍ਹੇ ਉਹ ‘ਈਲਮ’ ਲਈ ਜੱਦੋਜਹਿਦ ਦਾ ਹਿੱਸਾ ਬਣੀ ਰਹੀ। ਬੜੀ ਖ਼ੂਨੀ ਜੱਦੋਜਹਿਦ ਸੀ ਇਹ। ਉਸ ਨੇ ‘ਲਿੱਟੇ’ ਦੀ ਚੜ੍ਹਤ ਦੇ ਦਿਨ ਵੀ ਦੇਖੇ ਅਤੇ ਨਿਘਾਰ ਤੇ ਹਾਰ ਦੇ ਵੀ। 18 ਮਈ 2009 ਨੂੰ ‘ਲੀਡਰ’ ਦੇ ਮਰਨ ਤੋਂ ਬਾਅਦ ਉਹ ਆਤਮ-ਸਮਰਪਣ ਕਰਨ ਵਾਲਿਆਂ ਵਿਚ ਸ਼ੁਮਾਰ ਸੀ। ਚੜ੍ਹਤ ਦੇ ਦਿਨਾਂ ਦੌਰਾਨ ਭਾਵ ਵਰਤਮਾਨ ਸਦੀ ਦੇ ਆਗਾਜ਼ ਸਮੇਂ ‘ਲਿੱਟੇ’ ਉੱਤਰੀ ਜਾਫਨਾ ਤੇ ਪੂਰਬੀ ਬੱਦੀਕਲੋਆ ਪ੍ਰਾਂਤਾਂ ਸਮੇਤ ਇਕ-ਤਿਹਾਈ ਸ੍ਰੀਲੰਕਾ ਉੱਤੇ ਕਾਬਜ਼ ਸਨ। ਨਿਘਾਰ ਤੇ ਹਾਰ ਵੇਲੇ ਇਕੋ ਦਿਨ 16 ਮਈ 2009 ਨੂੰ 40 ਹਜ਼ਾਰ ਤੋਂ ਵੱਧ ਤਮਿਲਾਂ ਦਾ ਸਫ਼ਾਇਆ ਹੋ ਗਿਆ। ‘ਈਲਮ’ ਵਾਲਾ ਸੁਪਨਾ ਤਾਂ ਇਸ ਤੋਂ ਕਈ ਮਹੀਨੇ ਪਹਿਲਾਂ ਹੀ ਚੂਰ-ਚੂਰ ਹੋ ਚੁੱਕਾ ਸੀ। ਤਤਕਾਲੀ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ (ਜੋ ਹੁਣ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਹਨ) ਨੇ ਦੁਨੀਆਂ ਭਰ ਅੱਗੇ ਸਾਫ਼ ਕਰ ਦਿੱਤਾ ਸੀ ਕਿ ਉਹ ਤਮਿਲ ਵਿਦਰੋਹ ਦਾ ਬੀਜ ਨਾਸ ਕਰ ਕੇ ਸਾਹ ਲੈਣਗੇ। ਉਨ੍ਹਾਂ ਨੇ ਅਜਿਹਾ ਸੰਭਵ ਕਰ ਵਿਖਾਇਆ, ਹਰ ਕਿਸਮ ਦਾ ਜ਼ੁਲਮ ਤੇ ਤਸ਼ੱਦਦ ਢਾਹ ਕੇ। ‘ਈਲਮ’ ਲਈ ਤੀਹ ਵਰ੍ਹਿਆਂ ਦੀ ਜੱਦੋਜਹਿਦ ਵਿਚ ਨੌਂ ਲੱਖ ਦੇ ਕਰੀਬ ਤਮਿਲ ਮਰੇ ਜਿਨ੍ਹਾਂ ਵਿਚੋਂ ਅੱਸੀ ਫ਼ੀਸਦੀ ਸਿਵਲੀਅਨ ਸਨ। ਹਾਅ ਦੇ ਨਾਅਰੇ ਕਈ ਉਦਾਰਵਾਦੀ ਮੁਲਕਾਂ ਨੇ ਮਾਰੇ, ਪਰ ਸਿਰਫ਼ ਦਿਖਾਵੇ ਲਈ। ਹਥਿਆਰਬੰਦ ਵੱਖਵਾਦ ਨੂੰ ਜ਼ੋਰਾਵਰ ਮੁਲਕਾਂ ਦੀ ਹਮਾਇਤ ਸਿਰਫ਼ ਉਦੋਂ ਮਿਲਦੀ ਹੈ ਜਦੋਂ ਜ਼ੋਰਾਵਰਾਂ ਦੇ ਆਪਣੇ ਹਿੱਤ ਦਾਅ ’ਤੇ ਲੱਗੇ ਹੋਣ; ਸ੍ਰੀਲੰਕਾ ਵਿਚ ਤਾਂ ਭਾਰਤ ਨੂੰ ਛੱਡ ਕੇ ਹੋਰ ਕਿਸੇ ਮੁਲਕ ਦਾ ਕੁਝ ਵੀ ਨਹੀਂ ਸੀ ਵਿਗੜ ਰਿਹਾ। ਭਾਰਤ ਵੀ ਆਪਣੇ ਹੱਥ ਛੰਡ ਚੁੱਕਾ ਸੀ। ਪ੍ਰਭਾਕਰਨ ਤੇ ਉਸ ਦੇ ਮਾਰਖ਼ੋਰਾਂ ਨੇ ਰਾਜੀਵ ਗਾਂਧੀ ਸਮੇਤ ਕਈ ਭਾਰਤੀ ਸਿਆਸਤਦਾਨਾਂ ਦੀਆਂ ਜਾਨਾਂ ਲੈ ਕੇ ਅਤੇ ਭਾਰਤੀ ਅਮਨ ਸੈਨਾ ਦੀ ਬੇਹੁਰਮਤੀ ਕਰ ਕੇ ਭਾਰਤੀ ਵਿਚਲੋਗੀ ਦੇ ਰਾਹ ਵੀ ਬੰਦ ਕਰ ਦਿੱਤੇ ਸਨ।
18 ਮਈ 2009 ਨੂੰ ਬੰਦੀ ਬਣਾ ਲਏ ਜਾਣ ਮਗਰੋਂ ਤਮੜਿਨੀ ਪੌਣੇ ਤਿੰਨ ਸਾਲ ਕੈਦ ਰਹੀ। ਫਿਰ ਇਕ ਵਰ੍ਹਾ ‘ਪੁਨਰਵਾਸ’ ਵਾਲੇ ਦੌਰ ਵਿਚ ਗੁਜ਼ਰਿਆ। 2013 ਦੇ ਸ਼ੁਰੂ ਵਿਚ ਉਹ, ਉਸ ਦੀ ਮਾਂ ਦੇ ਸਪੁਰਦ ਕਰ ਦਿੱਤੀ ਗਈ। ਮਹੀਨੇ ਬਾਅਦ ਉਹ ਇਕ ਜਲਾਵਤਨੀ ਤਮਿਲ ਨਾਲ ਵਿਆਹੀ ਗਈ। ਚੰਦ ਮਹੀਨੇ ਬਾਅਦ (ਸਤੰਬਰ 2013) ਵਿਚ ਉਸ ਅੰਦਰ ਪਲ ਰਹੇ ਕੈਂਸਰ ਦੀ ਤਸਦੀਕ ਹੋਈ। ਇਸ ਤਸਦੀਕ ਨੇ ਉਸ ਦੇ ਅੰਦਰ ‘ਤਾਕਿ ਸਨਦ ਰਹੇ’ ਵਾਲਾ ਜਜ਼ਬਾ ਜਗਾਇਆ; ਆਤਮ-ਕਥਾ ਲਿਖਣ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਖ਼ੁਦਕੁਸ਼ ਮਿਸ਼ਨਾਂ ਦੀ ਵਿਅਰਥਤਾ ਪ੍ਰਤੀ ਆਗਾਹ ਕਰਨ ਵਾਲਾ ਜਜ਼ਬਾ। ਬੜੀ ਕਾਹਲ ਨਾਲ ਲਿਖੀ ਉਸ ਨੇ ਆਤਮ-ਕਥਾ, ਪਰ ਦਿਲ ਨੂੰ ਛੂਹ ਤੇ ਲੂਹ ਜਾਣ ਵਾਲੀ ਸਚਿਆਰਤਾ ਨਾਲ। ਨਾ ਆਪਣੀਆਂ ਖ਼ਾਮੀਆਂ ਨੂੰ ਛੁਪਾਇਆ, ਨਾ ਦੂਜਿਆਂ ਦੀਆਂ। ਪ੍ਰਭਾਕਰਨ ਦੀ ਨਰਮਗੋਸ਼ੀ ਦੀ ਝਲਕ ਵੀ ਪੇਸ਼ ਕੀਤੀ ਅਤੇ ਖ਼ੂੰਖਾਰੀ ਦੀ ਵੀ। ਪ੍ਰਭਾਕਰਨ ਵੱਲੋਂ ਆਪਣਿਆਂ, ਖ਼ਾਸ ਕਰਕੇ ਮਹਾਤਿਆ ਤੇ ਐਂਟਨ ਬਾਲਾਸਿੰਘਮ ਵਰਗੇ ਸੂਝਵਾਨ ਸਹਾਇਕਾਂ ਨਾਲ ਵਿਗਾੜ ਲੈਣ ਅਤੇ ਹੋਰਨਾਂ ਆਜ਼ਾਦ ਗਰੁੱਪਾਂ ਪ੍ਰਤੀ ਭਰਾਖੋ਼ਰੀ ਵਾਲੀ ਨਾਪਾਕੀਜ਼ਗੀ ਅਪਣਾਉਣ ਦਾ ਬਿਰਤਾਂਤ ਵੀ ਉਸ ਨੇ ਖ਼ੂਬ ਰਚਿਆ ਹੈ। ਇੰਤਹਾਪਸੰਦੀ ਤੇ ਦਹਿਸ਼ਤਪਸੰਦੀ ਦਰਮਿਆਨ ਮੌਜੂਦ ਰਹਿਣ ਵਾਲੀ ਮਹੀਨ ਜਹੀ ਲਕੀਰ ਕਿਉਂ ਨਹੀਂ ਉਲੰਘੀ ਜਾਣੀ ਚਾਹੀਦੀ, ਇਸ ਦਾ ਜਾਇਜ਼ਾ ਵੀ ਇਸ ਆਤਮ-ਕਥਾ ਵਿਚ ਸ਼ਾਮਲ ਹੈ। ਸਭ ਤੋਂ ਮਾਰਮਿਕ ਜਾਇਜ਼ਾ ਹੈ, ਇਸਤਰੀਆਂ ਦੇ ਸੋਸ਼ਣ ਦਾ, ਖ਼ਾਸ ਤੌਰ ’ਤੇ ਉਸ ਦੀ ਆਪਣੀ ਛੋਟੀ ਭੈਣ ਨਾਗੇਸ਼ਵਰੀ ਸੁਬਰਾਮਣੀਅਮ ਦੇ ਪ੍ਰਸੰਗ ਵਿਚ। ਉਸ ਮਾਸੂਮ ਦੀ ਜਿਲਦ ਗੋਰੀ ਸੀ ਅਤੇ ਸੂਰਤ ਤੇ ਸੀਰਤ ਪੱਖੋਂ ਉਹ ਸੁਨੱਖੀ ਸੀ, ਇਸ ਲਈ ਲੀਡਰਸ਼ਿਪ ਦੇ ਗ਼ੁਰਗਿਆਂ ਦੀ ਹਵਸ ਪੂਰਤੀ ਦੀ ਵਸਤ ਬਣ ਕੇ ਰਹਿ ਗਈ। ਪ੍ਰਭਾਕਰਨ ਦੇ ਪੁੱਤਰ ਚਾਰਲਸ ਐਂਟਨੀ ਦੀਆਂ ਆਪਹੁਦਰੀਆਂ ਵਾਲਾ ਅਧਿਆਇ ਵੀ ਸੰਘਰਸ਼ੀ ਆਗੂਆਂ ਨੂੰ ਪੁੱਤਰ-ਮੋਹ ਦੇ ਮੋਹ-ਪਾਸ਼ ਤੋਂ ਬਚਣ ਲਈ ਸਚੇਤ ਕਰਨ ਵਾਲਾ ਹੈ। ਗਹੁ ਨਾਲ ਪੜ੍ਹਨ ਅਤੇ ਸਾਂਭ ਕੇ ਰੱਖਣ ਵਾਲੀ ਹੈ ਇਹ ਕਿਤਾਬ।
* * *
ਬੜਾ ਨਿਵੇਕਲਾ ਤਜਰਬਾ ਹੈ ‘ਪ੍ਰੀਪੋਇਟਕ’ (204 ਪੰਨੇ; 170 ਰੁਪਏ)। ਪੰਜਾਬੀਆਂ ਨੂੰ ਆਲਮੀ ਕਵਿਤਾ ਦੇ ਰੂਬਰੂ ਕਰਨ ਵਾਲਾ। ਸ਼ਿਵਦੀਪ ਤੇ ਤਨਵੀਰ ਦੇ ਸੰਪਾਦਕੀ ਉੱਦਮ ਵਾਲਾ ਇਹ ਰਸਾਲਾ ਹੁਣੇ ਜਹੇ ਮਾਰਕੀਟ ਵਿਚ ਆਇਆ। ਸੰਪਾਦਕੀ ਦੱਸਦੀ ਹੈ ਕਿ ‘‘ਕਵਿਤਾ ਭਾਸ਼ਾ, ਵਿਧਾ, ਮੁਲਕ, ਸਮਾਂ, ਜਗ੍ਹਾ ਦੇ ਪ੍ਰਭਾਵ ਕਬੂਲ ਕੇ ਵੀ ਸੁਤੰਤਰ ਧਰਤ ਵਿਚ ਵਿਚਰਦੀ ਹੈ। ਪ੍ਰੀਪੋਇਟਕ ਇਸੇ ਸੁਤੰਤਰ ਧਰਤ ਉਪਰ ਮੌਲੇਗਾ। … ਮੈਗਜ਼ੀਨ ਦਾ ਸਿੱਧਾ-ਸਾਦਾ ਉਦੇਸ਼ ਵਿਸ਼ਵ ਕਵਿਤਾ ਤੇ ਕਵੀਆਂ ਨਾਲ ਸੰਵਾਦ ਵਿਚ ਆਉਣਾ ਹੈ।’’ ਇਸੇ ਉਦੇਸ਼ ਵੱਲ ਸੇਧਿਤ ਹੈ ਮੈਗਜ਼ੀਨ ਦਾ ਪਹਿਲਾ ਅੰਕ। ਅਗਲਾ ਅੰਕ ਚਾਰ ਮਹੀਨੇ ਬਾਅਦ ਮਈ ਵਿਚ ਪ੍ਰਕਾਸ਼ਿਤ ਹੋਵੇਗਾ।
ਪਹਿਲੇ ਅੰਕ ਦਾ ਪੈਟਰਨ ਹੈ ਸੱਤ ਕਵੀ, ਸੱਤ ਕਵਿਤਾਵਾਂ, ਸੱਤ ਸਵਾਲ। ਇਕ ਕਵੀ ਪੰਜਾਬ ਦਾ, ਦੋ ਭਾਰਤੀ ਭਾਸ਼ਾਵਾਂ ਦੇ ਅਤੇ ਬਾਕੀ ਚਾਰ ਆਲਮੀ ਭਾਸ਼ਵਾਂ ਵਿਚੋਂ। ਇਹ ਸਿਲਸਿਲਾ ਅਗਲੇ ਅੰਕਾਂ ਵਿਚ ਜਾਰੀ ਰੱਖਣ ਦਾ ਇਜ਼ਹਾਰ ਸੰਪਾਦਕੀ ਵਿਚ ਕੀਤਾ ਗਿਆ ਹੈ। ਆਰੰਭਤਾ ਇਸ ਸਾਲ ਦੀ ਨੋਬੇਲ ਪੁਰਸਕਾਰ ਜੇਤੂ ਅਮਰੀਕੀ ਕਵਿੱਤਰੀ ਲੁਇਸ ਗਲੁੱਕ ਦੀਆਂ ਸੱਤ ਕਵਿਤਾਵਾਂ ਨਾਲ ਕੀਤੀ ਗਈ ਹੈ। ਉਸ ਬਾਰੇ ਜਾਣਕਾਰੀ ਇਕ ਨਬਿੰਧ ਦੇ ਰੂਪ ਵਿਚ ਮੌਜੂਦ ਹੈ। ਬਾਕੀ ਵਿਦੇਸ਼ੀ ਕਵੀ ਹਨ: ਫਰਨਾਂਦੋ ਪੇਸੋਆ (ਪੁਰਤਗਾਲ), ਇਮਾਨ ਮਰਸਲ (ਮਿਸਰ) ਤੇ ਏਦੁਆਰਦੋ ਗਾਲੇਆਨੋ (ਯੁਰੂਗਵੇ)। ਪੰਜਾਬੀ ਵਿੱਚੋਂ ਪ੍ਰੋ. ਪੂਰਨ ਸਿੰਘ ਦੀ ਤਰੰਗਾਂ ਭਰੀ ਹਾਜ਼ਰੀ ਹੈ। ਭਾਰਤੀ ਭਾਸ਼ਾਵਾਂ ਵਿੱਚੋਂ ਜੋਸ਼ਨਾ ਬੈਨਰਜੀ-ਆਡਵਾਨੀ (ਹਿੰਦੀ, ਬੰਗਲਾ) ਤੇ ਰੁਸਤਮ (ਹਿੰਦੀ) ਨੂੰ ਮੁਕਾਮ ਮਿਲਿਆ ਹੈ। ਜਿਵੇਂ ਕਿ ਪੈਟਰਨ ਤੋਂ ਸਪਸ਼ਟ ਹੈ, ਕਵੀਆਂ ਦੀਆਂ ਕਵਿਤਾਵਾਂ ਵੀ ਹਨ ਅਤੇ ਗੱਲਾਂ ਵੀ। ਕਵਿਤਾ ਬਾਰੇ ਮੇਰੀ ਸਮਝ ਕੁਝ ਕਮਜ਼ੋਰ ਹੈ, ਪਰ ਜੋ ਕੁਝ ਪਰੋਸਿਆ ਗਿਆ ਹੈ, ਉਹ ਪਰਚੇ ਦੇ ਉੱਜਲੇ ਭਵਿੱਖ ਲਈ ਦੁਆ ਕਰਨ ਦੀ ਚਾਹਤ ਪੈਦਾ ਕਰਦਾ ਹੈ।