ਸੁਵਰਨ ਸਿੰਘ ਵਿਰਕ
ਸਤਿਗੁਰੂ ਰਾਮ ਸਿੰਘ ਅਜੇ ਪੰਜਾਬ ਵਿੱਚ ਅੰਗਰੇਜ਼ ਸਰਕਾਰ ਖ਼ਿਲਾਫ਼ ਵਿਆਪਕ ਜਨ ਲਾਮਬੰਦੀ ਨਾ ਹੋਣ ਕਾਰਨ ਕੋਈ ਐਸੀ ਕਾਰਵਾਈ ਨਹੀਂ ਸਨ ਚਾਹੁੰਦੇ, ਜਿਸ ਨਾਲ ਸਭ ਤਿਆਰੀਆਂ ਅਧਵਾਟੇ ਰਹਿ ਜਾਣ। ਅੰਦਰ-ਖਾਤੇ ਉਹ ਦੇਸੀ ਵਿਦੇਸ਼ੀ ਹਾਕਮਾਂ ਨਾਲ ਕੂਟਨੀਤਕ ਸਬੰਧ ਬਣਾ ਰਹੇ ਸਨ ਤਾਂ ਜੋ ਸਮਾਂ ਆਉਣ ’ਤੇ ਵੱਡੀ ਕਾਰਵਾਈ ਕੀਤੀ ਜਾਵੇ। ਕੂਕਿਆਂ ਦੇ ਰੂਸ, ਨੇਪਾਲ, ਅਫਗਾਨਿਸਤਾਨ ਅਤੇ ਕਸ਼ਮੀਰ, ਭੂਟਾਨ ਆਦਿ ਮਿਸ਼ਨ ਇਸ ਦੀ ਗਵਾਹੀ ਦਿੰਦੇ ਹਨ। ਬੁੱਚੜ ਬੱਧ ਸਾਕਾ 1871 ਦੀ 14-15 ਜੂਨ ਨੂੰ ਅੰਮ੍ਰਿਤਸਰ ਵਿੱਚ ਤੇ ਇੱਕ ਮਹੀਨਾ ਬਾਅਦ ਰਾਏਕੋਟ ਵਿੱਚ ਵੀ ਵਾਪਰਿਆ। ਰਾਏਕੋਟ ਦੇ ਸਾਕੇ ਦੀ ਪੜਤਾਲ ਵਿੱਚ 28 ਜੁਲਾਈ 1871 ਨੂੰ ਸਤਿਗੁਰੂ ਰਾਮ ਸਿੰਘ, ਬੱਸੀਆਂ ਕੋਠੀ (ਲੁਧਿਆਣਾ) ਕਮਿਸ਼ਨਰ ਮੈਕਨਬ ਦੇ ਬੁਲਾਵੇ ’ਤੇ ਆਏ। ਇੱਥੇ ਗੁਲਾਬ ਸਿੰਘ, ਜੋ ਰਾਏਕੋਟ ਕੇਸ ਵਿੱਚ ਮੌਤ ਦੀ ਸਜ਼ਾ ਪਾ ਚੁੱਕਾ ਸੀ, ਫਿਰ ਸਜ਼ਾ ਮੁਆਫ ਕਰ ਕੇ ਉਸ ਨੂੰ ਵਾਅਦਾ ਮੁਆਫੀ ਇਸ ਸ਼ਰਤ ’ਤੇ ਮਿਲੀ ਕਿ ਉਹ ਕਹੇ ਕਿ ਉਨ੍ਹਾਂ ਨੂੰ ਬੁੱਚੜ ਵੱਢਣ ਲਈ ਸਤਿਗੁਰੂ ਰਾਮ ਸਿੰਘ ਨੇ ਤੋਰਿਆ ਹੈ। ਸਤਿਗੁਰੂ ਰਾਮ ਸਿੰਘ ਨੇ ਕਮਿਸ਼ਨਰ ਸਾਹਮਣੇ ਉਸ ਦੇ ਇਸ ਝੂਠ ਦਾ ਪਰਦਾਫਾਸ਼ ਕਰ ਦਿੱਤਾ। ਅੰਮ੍ਰਿਤਸਰ ਅਤੇ ਰਾਏਕੋਟ ਵਾਲੇ ਹਮਲਾਵਰ ਕੂਕੇ ਦੋਹਾਂ ਥਾਵਾਂ ’ਤੇ ਉਸੇ ਸਾਲ ਫਾਂਸੀ ਦਿੱਤੇ ਗਏ ਅਤੇ ਸੂਬਾ ਰਤਨ ਸਿੰਘ ਉਰਫ ਗਿਆਨ ਸਿੰਘ ਤੇ ਨਾਇਬ ਸੂਬਾ ਰਤਨ ਸਿੰਘ ਨਾਈ ਵਾਲਾ 26 ਨਵੰਬਰ ਨੂੰ ਰਾਏਕੋਟ ਕੇਸ ਦੀ ਜ਼ੱਦ ਵਿੱਚ ਲਿਆ ਕੇ ਲੁਧਿਆਣੇ ਫਾਂਸੀਆਂ ’ਤੇ ਟੰਗ ਦਿੱਤੇ। ਨਾਮਧਾਰੀ ਇਨ੍ਹਾਂ ਦੋਹਾਂ ਨੂੰ ਬੇਦੋਸ਼ ਸਮਝਦੇ ਸਨ। ਗਿਆਨੀ ਰਤਨ ਸਿੰਘ, ਸਤਿਗੁਰੂ ਰਾਮ ਸਿੰਘ ਵੱਲੋਂ ਥਾਪਿਆ ਅਦਾਲਤੀ ਸੂਬਾ ਸੀ। ਇਨ੍ਹਾਂ ਦੋਹਾਂ ਦੀ ਫਾਂਸੀ ਕੂਕੇ ‘ਅਦਾਲਤੀ ਕਤਲ’ ਹੀ ਸਮਝਦੇ ਸਨ। ਇੱਕ ਤਾਂ ਇਹ ਗੁੱਸਾ ਸੀ, ਦੂਜਾ ਸਤਿਗੁਰੂ ਰਾਮ ਸਿੰਘ ਨੂੰ ਵੀ ਅਖੀਰ ਦਸੰਬਰ 1871 ਵਿੱਚ ਭੈਣੀ ਸਾਹਿਬ ’ਚ ਨਜ਼ਰਬੰਦ ਕਰ ਦਿੱਤਾ ਗਿਆ। ਮਾਲੇਰਕੋਟਲੇ ਦੇ ਅਹਿਲਕਾਰ ਦੀ ਭਾਈ ਹੀਰਾ ਸਿੰਘ ਸਕਰੌਦੀ ਨਾਲ ਤਕਰਾਰ ਤੇ ਗੁਰਮੁਖ ਸਿੰਘ ਫਰਵਾਹੀ ਸਾਹਮਣੇ ਮਾਮੂਲੀ ਝਗੜੇ ਪਿੱਛੋਂ ਅਦਾਲਤੀਆਂ ਵੱਲੋਂ ਇੱਕ ਬੁੱਢੇ ਬੈਲ ਨੂੰ ਜ਼ਬਿਾਹ ਕਰਨਾ ਇਸ ਸਾਕੇ ਦੀ ਪਿੱਠ-ਭੂਮੀ ਵਿੱਚ ਕਾਰਜਸ਼ੀਲ ਸਨ। ਇਸ ਲਈ ਜਥੇਦਾਰ ਹੀਰਾ ਸਿੰਘ ਅਤੇ ਲਹਿਣਾ ਸਿੰਘ ਦੇ ਕੂਕਾ ਮਸਤਾਨਾ ਦਲ ਨੇ ਫਰੰਗੀ ਸਰਕਾਰ ਨਾਲ ਦੋ ਹੱਥ ਕਰਨ ਲਈ ਆਪਣੇ ਸੰਭਾਵਿਤ ਨਿਸ਼ਾਨੇ ਵਜੋਂ ਅੰਗਰੇਜ਼ ਆਸਰੇ ਚੱਲਦੀ ਇਸ ਛੋਟੀ ਰਿਆਸਤ ਦਾ ਇਹ ਸ਼ਹਿਰ ਚੁਣਿਆ ਸੀ।
ਸਰਕਾਰੀ ਬੰਦਿਸ਼ਾਂ ਕਾਰਨ ਹਰ ਸਾਲ ਦੀ ਤਰ੍ਹਾਂ ਜਨਵਰੀ 1872 ਵਿੱਚ ਸਤਿਗੁਰੂ ਰਾਮ ਸਿੰਘ ਮਾਘੀ ਮੇਲੇ ’ਤੇ ਮੁਕਤਸਰ ਸਾਹਿਬ ਨਹੀਂ ਜਾ ਸਕਦੇ ਸਨ, ਇਸ ਲਈ ਮੇਲਾ ਭੈਣੀ ਸਾਹਿਬ ਵਿਖੇ ਹੀ ਮਨਾਇਆ ਗਿਆ। ਇਸ ਦੀ ਵਿਸ਼ੇਸ਼ਤਾ ਇਹ ਸੀ ਕਿ ਇਸੇ ਮੇਲੇ ਦੀ ਸਮਾਪਤੀ ’ਤੇ ਮਾਘੀ ਵਾਲੇ ਦਿਨ ਸਤਿਗੁਰੂ ਰਾਮ ਸਿੰਘ ਦੇ ਮਹਿਲ ਮਾਤਾ ਜੱਸਾਂ ਅਤੇ ਬੁੱਚੜ ਬੱਧ ਸਾਕਿਆਂ ਵਿੱਚ ਹੁਣ ਤੱਕ ਸ਼ਹੀਦ ਹੋ ਚੁੱਕੇ ਨੌਂ ਨਾਮਧਾਰੀ ਸਿੰਘਾਂ ਨਮਿਤ ਪਾਠਾਂ ਦੇ ਭੋਗ ਵੀ ਪਾਏ ਗਏ ਸਨ। ਦੂਰ-ਨੇੜੇ ਤੋਂ ਆਏ ਕੋਈ ਦੋ ਕੁ ਹਜ਼ਾਰ ਲੋਕਾਂ ਦਾ ਇਹ ਇਕੱਠ ਸੀ। ਐਤਕੀਂ ਲੋਹੜੀ 11 ਜਨਵਰੀ ਨੂੰ ਅਤੇ ਮਾਘੀ 12 ਜਨਵਰੀ ਨੂੰ ਸੀ, ਸੋ ਮਾਘੀ ਦੇ ਦਿਨ ਭੋਗਾਂ ਤੋਂ ਬਾਅਦ ਦੁਪਹਿਰ ਤੱਕ ਆਮ ਸੰਗਤ ਨੇ ਵਾਪਸੀ ਕਰ ਲਈ। 13 ਜਨਵਰੀ ਸਵੇਰ ਤੋਂ ਬਾਅਦ ਹੀ ਮਸਤਾਨਿਆਂ ਦਾ ਜਥਾ ਆਪਣੇ ਕੋਟਲੇ ਤੇ ਧਾਵੇ ਦੇ ਇਰਾਦੇ ਪ੍ਰਗਟ ਕਰਨ ਲੱਗਾ।
ਇਸ ’ਤੇ ਸਤਿਗੁਰੂ ਰਾਮ ਸਿੰਘ ਨੇ ਪਹਿਲਾਂ ਸੂਬਾ ਲੱਖਾ ਸਿੰਘ ਸਮੇਤ ਕੁਝ ਮੁਖੀ ਸੂਬਿਆਂ ਨੂੰ ਮਸਤਾਨਾ ਦਲ ਕੋਲ ਭੇਜਿਆ ਕਿ ਤੁਸੀਂ ਮਾਰਾ-ਬਕਾਰਾ ਨਾ ਕਰੋ। ਸਤਿਗੁਰੂ ਰਾਮ ਸਿੰਘ ਨੇ ਇਹ ਵੀ ਕਿਹਾ, ‘‘ਇੱਕ ਸਾਲ ਹੋਰ ਰੁਕ ਜਾਓ, ਜਿਹੜਾ ਕੰਮ ਤੁਸੀਂ ਤਲਵਾਰ ਨਾਲ ਕਰਨਾ ਚਾਹੁੰਦੇ ਹੋ, ਮਾਲਾ ਨਾਲ ਕਰ ਲਵਾਂਗੇ।’’ ਭਾਵ ਕਿ ਇੰਨੇ ਸਮੇਂ ਵਿੱਚ ਸੰਗਠਨ ਦਾ ਵਿਸਥਾਰ ਅਤੇ ਵਿਆਪਕ ਲਾਮਬੰਦੀ ਹੋ ਜਾਏਗੀ। ਇਹ ਵੀ ਕਿਹਾ ਗਿਆ ਕਿ ਅਜੇ ਪਨੀਰੀ ਛੋਟੀ ਹੈ ਪਰ ਮਸਤਾਨਾ ਦਲ ਵਾਪਸੀ ਦੇ ਰੌਂਅ ਵਿੱਚ ਨਹੀਂ ਸੀ। ਇਸ ਮੌਕੇ ਹਾਜ਼ਰ ਪੁਲੀਸ ਇੰਸਪੈਕਟਰ ਨੂੰ ਵੀ ਸਤਿਗੁਰੂ ਨੇ ਕਿਹਾ ਕਿ ਇਹ 13 ਸਿੰਘ ਆਪਣੀ ਮੌਜ ਦੇ ਮਾਲਕ ਹਨ, ਇਨ੍ਹਾਂ ਦਾ ਧਿਆਨ ਕਰੋ ਪਰ ਮਸਤਾਨੇ ਟੱਸ ਤੋਂ ਮੱਸ ਨਹੀਂ ਹੋ ਰਹੇ ਸਨ। ਭਾਈ ਸੰਤੋਖ ਸਿੰਘ ਬਾਹੋਵਾਲ ਸਮਕਾਲੀ ਘਟਨਾਵਾਂ ਦੇ ਸਫਲ ਚਿਤੇਰੇ ਹਨ, ਜਿਨ੍ਹਾਂ ਨੇ ‘ਸਤਿਗੁਰੂ ਬਿਲਾਸ’ ਗ੍ਰੰਥ ਵਾਰਤਕ ਵਿੱਚ ਲਿਖਿਆ। ਉਹ ਲਿਖਦੇ ਹਨ ਕਿ ਸੂਬੇ ਲੱਖਾ ਸਿੰਘ, ਸਾਹਿਬ ਸਿੰਘ ਆਦਿ ਦੇ ਸਮਝਾਉਣ ’ਤੇ ਵੀ ਮਸਤਾਨੇ ਸਿੰਘ ਫੈਸਲੇ ’ਤੇ ਡਟੇ ਰਹੇ ਤਾਂ ਸਤਿਗੁਰੂ ਜੀ ਬਚਨ ਕੀਤਾ, ‘‘ਚਲੋ ਅਸੀਂ, ਹਟਾਇ ਆਉਂਦੇ ਹਾਂ। ਅਕਾਲ ਬੁੰਗੇ (ਜਿੱਥੇ ਮਸਤਾਨਾ ਦਲ ਦਾ ਡੇਰਾ ਸੀ) ਆਪ ਆਇ ਕੇ ਬਚਨ ਕੀਤਾ, ਉਧਰੋਂ ਫਰੰਗੀ ਜ਼ੋਰਾਵਰ ਹੈ, ਏਧਰੋਂ ਖ਼ਾਲਸਾ ਜ਼ੋਰਾਵਰ ਹੈ। ਮੈਂ ਗਰੀਬ ਬਿਚਾਲੇ ਆਇ ਗਿਆ ਹਾਂ। ਤੁਹਾਨੂੰ ਕੌਣ ਹੁਕਮ ਦੇਂਦਾ ਹੈ।’’ ਹੀਰਾ ਸਿੰਘ ਨੇ ਕਿਹਾ, ‘‘ਸਾਨੂੰ ਗੁਰੂ ਤੇਗ ਬਹਾਦਰ ਜੀ ਹੁਕਮ ਦਿੰਦੇ ਹਨ। ਦ੍ਰਿਸ਼ਟਾਨ ਮੇਂ ਬਚਨ ਕਰਦੇ ਹੈਂ। ਹੁਣ ਤਾਂ ਸੀਸ ਲੱਗਣਗੇ, ਜੇ ਅਸੀਂ ਠਹਿਰੀਏ ਤਾਂ ਅਸੀਂ ਝੂਠੇ ਹੁੰਦੇ ਹਾਂ। ਗੁਰੂ ਤੇਗ ਬਹਾਦਰ ਜੀ ਕਾ ਹੁਕਮ ਹੈ, ਤੁਹਾਡੇ ਸੀਸ ਲਗਾਣੇ ਹੈਂ।’’ ਸ੍ਰੀ ਸਤਿਗੁਰੂ ਜੀ ਬਚਨ ਕੀਤਾ, ‘‘ਗੁਰੂ ਤੇਗ ਬਹਾਦਰ ਜੀ ਕਾ ਹੁਕਮ ਹੈ, ਅਸੀਂ ਭੀ ਨਹੀਂ ਮੋੜ ਸਕਦੇ ਹਾਂ, ਫਰੰਗੀ ਕੀ ਤਾਂ ਝੱਲ ਲਵਾਂਗੇ ਤੇ ਅਕਾਲ ਪੁਰਖ ਕੀ ਨਹੀਂ ਝੱਲ ਹੁੰਦੀ।’’ ਸ਼ਹੀਦੀ ਜਥੇ ਵਾਲਿਆਂ ਨੇ ਦੱਸਿਆ ਕਿ ਸੁਪਨੇ ਵਿੱਚ ਗੁਰੂ ਤੇਗ ਬਹਾਦਰ ਉਨ੍ਹਾਂ ਨੂੰ ਕਹਿੰਦੇ ਹਨ ਕਿ ਅੱਗੇ ਦੋ ਵੇਰ (ਅੰਮ੍ਰਿਤਸਰ ਅਤੇ ਰਾਏਕੋਟ) ਤੁਹਾਡੇ ਸਿੰਘਾਂ ਦੇ ਸੀਸ ਲੱਗੇ ਹਨ, ਹੁਣ ਤੀਜੀ ਵਾਰੀ ਤੁਹਾਡੀ ਹੈ। ਗੁਰੂ ਰਾਮ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੇ ਹੁਕਮ ਨੂੰ ਅਕਾਲ ਪੁਰਖ ਦਾ ਹੁਕਮ ਮੰਨ ਕੇ ਸਿਰ ਨਿਵਾਇਆ ਸੀ ਤੇ ਮਸਤਾਨੇ ਸਿੰਘਾਂ ਨੂੰ ਹੁਕਮ ਮੁਕਤ ਕਰ ਕੇ ਅਗਲੀ ਕਾਰਵਾਈ ਦੀ ਆਗਿਆ ਦੇ ਦਿੱਤੀ ਸੀ।
ਇਸ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਨੇ ਉਚੇਚਾ ਹੁਕਮ ਕਰ ਕੇ ਲੰਗਰ ਵਿੱਚ ਦੁਬਾਰਾ ਕੜਾਹ ਪ੍ਰਸ਼ਾਦਿ ਤਿਆਰ ਕਰਵਾਇਆ। 13 ਜਨਵਰੀ ਦੀ ਦੁਪਹਿਰ ਨੂੰ ਪੰਗਤਾਂ ਲੁਆ ਕੇ ਉਨ੍ਹਾਂ ਸਿੰਘਾਂ ਨੂੰ ਪਰਸ਼ਾਦਾ ਪਾਣੀ ਛਕਾਇਆ। ਇਸ ਸਮੇਂ ਸੂਬੇ ਨੂੰ ਬਚਨ ਕੀਤਾ, ‘‘ਲੱਖਾ ਸਿੰਘ….. ਕਹਿਰ ਦਾ ਪ੍ਰਸ਼ਾਦਿ ਹੈ, ਫੇਰ ਨਹੀਂ ਏਹਨਾਂ ਏਥੇ ਛਕਣਾ।’’
ਹੁਣ ਜਦੋਂ ਜਥਾ ਤੁਰਨ ਲੱਗਦਾ ਹੈ ਤਾਂ ਭਾਈ ਹੀਰਾ ਸਿੰਘ ਪੁੱਛਦਾ ਹੈ, ‘‘ਪਾਤਸ਼ਾਹ! ਪਹਿਲਾ ਪੜਾ ਕਿੱਥੇ ਕੀਤਾ ਜਾਵੇ?’’ ਸਤਿਗੁਰੂ ਨੇ ਕਿਹਾ, ‘‘ਹੈ ਭੀ ਰੱਬ ਹੋਸੀ ਭੀ ਰੱਬ।’’ ਇਸ ਦਾ ਅਰਥ ਮਸਤਾਨਿਆਂ ਨੇ ‘ਰੱਬੋਂ’ ਪਿੰਡ ਸਮਝਿਆ। ਰੱਬੋਂ ਭਾਈ ਵੀਰ ਸਿੰਘ ਨੌਰੰਗਾਬਾਦੀਏ ਦੇ ਚੇਲੇ ਅਤੇ ਅਧਿਆਤਮਿਕ ਵਾਰਿਸ ਭਾਈ ਮਹਾਰਾਜ ਸਿੰਘ ਦਾ ਪਿੰਡ ਸੀ, ਜੋ 1856 ਈ. ਵਿੱਚ ਨਜ਼ਰਬੰਦੀ ਸਮੇਂ ਸਿੰਗਾਪੁਰ ਵਿੱਚ ਸ਼ਹੀਦ ਹੋ ਗਏ ਸਨ। ਸਤਿਗੁਰੂ ਜੀ ਮਸਤਾਨਿਆਂ ਨੂੰ ਰੱਬੋਂ ਰੁਕਣ ਦਾ ਸੰਕੇਤ ਦੇ ਕੇ ਉਸ ਲੋਕ ਸੰਗਰਾਮੀਏ ਨਾਲ ਕੂਕਾ ਸੰਗਰਾਮ ਦੀ ਸਾਂਝ ਹੀ ਤਾਂ ਪਾ ਰਹੇ ਸਨ। ਪਹਿਲੇ ਦਿਨ ਭਾਵ 13 ਜਨਵਰੀ ਦੀ ਅੱਧੀ ਰਾਤ ਮਸਤਾਨੇ ਰੱਬੋਂ ਪਿੰਡ ਦੇ ਇੱਕ ਕੂਕੇ ਦੇ ਖੂਹ ’ਤੇ ਰੁਕੇ। ਇਸ ਪਿੰਡ ਦੇ ਭਾਈ ਮਹਾਰਾਜ ਸਿੰਘ ਦੇ ਇੱਕ ਭਤੀਜੇ ਸੋਭਾ ਸਿੰਘ ਸਮੇਤ ਪੰਜ ਕੂਕੇ ਮਾਲੇਰਕੋਟਲੇ ਸ਼ਹੀਦ ਹੋਏ ਸਨ। 14 ਜਨਵਰੀ ਦੀ ਸ਼ਾਮ ਬਚਨ ਸਿੰਘ ਮਲੌਦ ਦੇ ਸਿੱਧੂ ਸਰਦਾਰ ਨਾਲ ਹਥਿਆਰ, ਘੋੜੇ ਆਦਿ ਲੈਣ ਦੇ ਸਵਾਲ ’ਤੇ ਝੜਪ ਹੋਈ। ਦੋ ਆਦਮੀ ਸਰਦਾਰ ਦੇ ਅਤੇ ਦੋ ਕੂਕਿਆਂ ਦੇ ਮਾਰੇ ਗਏ। ਮਲੌਦ ਵਾਲੇ ਚਾਰ ਫੱਟੜ ਕੂਕੇ ਕਾਲੇ ਪਾਣੀ ਭੇਜੇ ਗਏ ਸਨ। ਅਗਲੇ ਦਿਨ ਸਤਿਗੁਰੂ ਜੀ ਕਾਵਨ ਡੀਸੀ ਦੇ ਸੱਦੇ ’ਤੇ 16 ਜਨਵਰੀ ਨੂੰ ਮਲੌਦ ਆਏ ਸਨ ਤਾਂ ਕਾਵਨ ਦੇ ਪਾਸ ਖਲੋਤੇ ਸ਼ਹਿਰ ਵਾਲਿਆਂ ਨੂੰ ਕਿਹਾ, ‘‘ਤੁਸਾਂ ਬੜੀ ਮਾੜੀ ਕੀਤੀ ਹੈ, ਇੱਟਾਂ ਨਾਲ ਸਿੰਘ ਮਾਰੇ ਹੈਂ।’’
ਮਸਤਾਨੇ ਸਿੰਘਾਂ ਅਤੇ ਦੋਵੇਂ ਮਾਈਆਂ ਸਮੇਤ ਜਥੇ ਨੇ 15 ਜਨਵਰੀ ਦੀ ਸਵੇਰ ਮਾਲੇਰਕੋਟਲੇ ਚੰਡੀ ਖੜਕਾ ਦਿੱਤੀ। ਗਹਿ ਗੱਚ ਲੜਾਈ ਹੋਈ। ਇਧਰਲੇ ਪਾਸੇ ਸਾਧਾਰਨ ਪੇਂਡੂ ਕਿਰਤੀ ਕਿਸਾਨ, ਦਸਤਕਾਰ ਆਦਿ ਅਤੇ ਉੱਧਰ ਸਿੱਖਿਅਤ ਰਿਆਸਤੀ ਸੈਨਾ। ਅੱਠ ਉੱਧਰ ਤੇ ਸੱਤ ਕੂਕਿਆਂ ਦੇ ਮਾਰੇ ਗਏ। ਇੱਕ ਫੱਟੜ ਕੂਕਾ ਬਾਅਦ ਵਿੱਚ ਗੁਜ਼ਰਿਆ। 29 ਫੱਟੜ ਕੂਕੇ। ਦੂਜੇ ਬੰਨੇ ਵੀ ਚੋਖੇ। ਇਹ 15 ਦੀ ਦੁਪਹਿਰ ਰੜ ਪਿੰਡ ਦੇ ਥੇਹ ’ਤੇ ਕੱਟਦੇ ਹਨ। ਫਿਰ ਦੇਰ ਰਾਤ ਨੂੰ ਸ਼ੇਰਪੁਰ (ਪਟਿਆਲੇ) ਦੇ ਕਿਲ੍ਹੇ ਵਿੱਚ ਅਤੇ 17 ਬਾਅਦ ਦੁਪਹਿਰ ਕੋਟਲੇ ਦੇ ਰੱਕੜ ਵਿੱਚ ਲਿਆ ਕੇ ਕਾਵਨ ਨੇ 49 ਕੂਕੇ ਤੋਪਾਂ ਨਾਲ ਉਡਾ ਦਿੱਤੇ। ਮਿਸਟਰ ਕਾਵਨ ਵੱਲੋਂ ਇਹ ਆਖਣ ’ਤੇ ਕਿ ਜੇ ਤੂੰ ਕਹਿ ਦੇਵੇਂ ‘ਮੈਂ ਗੁਰੂ ਰਾਮ ਦਾ ਸਿੱਖ ਨਹੀਂ’ ਰੋਹ ਵਿੱਚ ਆਇਆ ਬਾਲਕ ਬਿਸ਼ਨ ਸਿੰਘ ਕਾਵਨ ਦੀ ਦਾੜੀ ਨੂੰ ਝਪਟਾਇਆ ਅਤੇ ਉਸ ਦੇ ਗਲ ਜਾ ਪਿਆ। 50ਵਾਂ ਤਲਵਾਰ ਨਾਲ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਅਗਲੇ ਦਿਨ 16 ਕੂਕੇ ਕਮਿਸ਼ਨਰ ਫੋਰਸਿਥ ਨੇ ਸੰਖੇਪ ਅਦਾਲਤੀ ਨਾਟਕ ਰਚ ਕੇ ਸ਼ਹੀਦ ਕਰ ਦਿੱਤੇ। ਇਸ ਸਾਕੇ ਨੇ ਸੂਰਮਗਤੀ ਦੇ ਨਵੇਂ ਮਾਪਦੰਡ ਨਿਸ਼ਚਿਤ ਕੀਤੇ। ਦੋਵੇਂ ਮਾਈਆਂ ਪਟਿਆਲਾ ਦੀ ਪਰਜਾ ਹੋਣ ਕਾਰਨ ਉਸ ਰਿਆਸਤ ਨੂੰ ਸੌਂਪ ਦਿੱਤੀਆਂ।
ਸਤਿਗੁਰੂ ਰਾਮ ਸਿੰਘ ਮਲੌਦ ਕਾਵਨ ਨੂੰ ਮਿਲੇ ਪਰ ਉਸ ਨੇ ਕਿਹਾ, ‘‘ਹੁਣ ਮੁੜ ਜਾਉ। ਅਸੀਂ ਤੁਹਾਨੂੰ ਝਬਦੇ ਹੀ ਦੁਬਾਰਾ ਬੁਲਾਵਾਂਗੇ।’’ ਉਦੋਂ ਤੱਕ ਉਨ੍ਹਾਂ ਨੂੰ ਵੀ ਮਾਲੇਰਕੋਟਲੇ ਕਾਂਡ ਵਾਪਰ ਜਾਣ ਦੀ ਸੂਹ ਮਿਲ ਗਈ ਸੀ। ਸਤਿਗੁਰੂ ਰਾਮ ਸਿੰਘ ਨੇ ਭੈਣੀ ਸਾਹਿਬ ਜਾਣਾ ਠੀਕ ਨਾ ਸਮਝਿਆ। ਲਾਗੇ ਹੀ ਨਾਮਧਾਰੀਆਂ ਦਾ ਪਿੰਡ ਸਿਆੜ੍ਹ ਸੀ। ਉਹ 16 ਜਨਵਰੀ ਦੀ ਸ਼ਾਮ ਨੂੰ ਉੱਥੇ ਪੁੱਜ ਗਏ। ਮਲੌਦ ਤੋਂ ਚੱਲਦਿਆਂ ਸਤਿਗੁਰੂ ਜੀ ਨੇ ਪਿੰਡ ਭਿੱਖੀ ਦੇ ਬਾਣੀਏ ਭਾਈ ਸੌਣ ਸਿੰਘ ਨੂੰ ਮਸਤਾਨਾ ਦਲ ਦੀ ਖਬਰ ਲੈਣ ਮਾਲੇਰਕੋਟਲੇ ਵੱਲ ਭੇਜਿਆ ਸੀ। ਇਹ ਸਤਿਗੁਰੂ ਦਾ ਮਸਤਾਨਿਆਂ, ਜਿਨ੍ਹਾਂ ਨੂੰ ਉਹ ਆਪਣੇ ‘ਦੇਹ ਪਰਾਣ’ ਵੀ ਕਿਹਾ ਕਰਦੇ ਸਨ, ਨਾਲ ਅਥਾਹ ਪ੍ਰੇਮ ਸੀ, ਜਿਸ ਕਾਰਨ ਉਹ ਮਲੌਦ ਤੋਂ ਭੈਣੀ ਸਾਹਿਬ ਨਹੀਂ ਗਏ। ਅਗਲੇ ਦਿਨ ਸਿਆੜ੍ਹ ਆ ਕੇ ਭਾਈ ਸੌਣ ਸਿੰਘ ਨੇ ਮਾਲੇਰਕੋਟਲੇ ਦੀ ਜੰਗ ਬਾਰੇ ਦੱਸਿਆ ਕਿ ਭਾਣਾ ਵਰਤਾ ਗਿਆ ਹੈ, ਤਾਂ ਉਨ੍ਹਾਂ ਕਿਹਾ, ‘‘ਸਲੋਤਰਾਂ ਵਾਲਿਆਂ ਨੇ ਬੁਰੀ ਕੀਤੀ ਹੈ।’’ ਭਾਵ ਉਨ੍ਹਾਂ ਦੀ ਯੁੱਧ ਕਲਾ ਦੀ ਪ੍ਰਸ਼ੰਸਾ ਕੀਤੀ।
17 ਜਨਵਰੀ ਸ਼ਾਮ ਚਾਰ ਕੁ ਵਜੇ ਜਦੋਂ ਮੀਂਹ ਕਾਰਨ ਹਵਾ ਵਿੱਚ ਨਮੀ ਸੀ ਤਾਂ ਮਾਲੇਰਕੋਟਲੇ ਤੋਂ ਸਿਆੜ੍ਹ ਭਾਈ ਬੇਲਾ ਸਿੰਘ ਦੇ ਚੁਬਾਰੇ ਵਿੱਚ ਪੰਜ ਸਿੰਘਾਂ ਸਮੇਤ ਬੈਠਿਆਂ ਉਨ੍ਹਾਂ ਨੂੰ ਤੋਪਾਂ ਦੀ ਗੜਗੜਾਹਟ ਸੁਣਾਈ ਦਿੱਤੀ। ਸਤਿਗੁਰੂ ਰਾਮ ਸਿੰਘ ਨੇ ਸੂਬਾ ਕਾਹਨ ਸਿੰਘ ਨੂੰ ਬਚਨ ਕੀਤਾ, ‘‘ਦੇਖ ਤਾਂ ਤੋਪ ਭਰਮਾਰ ਹੈ।’’ ਕਾਹਨ ਸਿੰਘ ਨੇ ਚੁਬਾਰੇ ’ਚੋਂ ਬਾਹਰ ਆ ਕੇ ਧਿਆਨ ਨਾਲ ਆਵਾਜ਼ ਸੁਣੀ। ਉਹ ਪੂਰਵ ਸਿੱਖ ਸੈਨਿਕ ਸੀ। ਕਹਿਣ ਲੱਗਾ ਤੋਪ ਭਰਮਾਰ ਹੈ। ਇਸ ਸਮੇਂ ਸਤਿਗੁਰੂ ਜੀ ਨੇ ਬਚਨ ਕੀਤਾ, ‘‘ਇਹ ਤੋਪਾਂ ਮੇਰੇ ਲਾਡਲਿਆਂ ’ਤੇ ਚੱਲਦੀਆਂ ਹਨ।’’ ਫਿਰ ਬਚਨ ਕੀਤਾ, ‘‘ਸਿੰਘ ਚੜ੍ਹ ਗਏ ਹੈਂ ਨਹੀਂ ਤਾਂ ਬੇਸਿਦਕ ਹੋਣਾ ਪੈਂਦਾ। ਹੁਣ ਚੰਗਾ ਹੋਇਆ। ਦੋਇ ਸ਼ਸਤਰ ਹੈਂ। ਇੱਕ ਤਾਂ ਨੀਵਾਂ ਹੋਇ ਜਾਣਾ, ਦੂਜਾ ਏਹੀ ਹੈ ਜੋ ਹਾਥ ਮੈਂ ਆਇ ਜਾਇ ਭਾਵੇਂ ਛਿੱਤਰ ਹੀ, ਤਾਂ ਅੱਗੇ ਨੂੰ ਜਾਏ ਪਿੱਛੇ ਨਾ ਮੁੜੇ। ਅੱਗੇ ਨੂੰ ਜਾਣਾ ਸੂਰਮੇ ਦਾ ਧਰਮ ਹੈ ਪਰ ਨਿਮਖੀ ਕਾ ਸ਼ਸਤਰ ਬਡਾ ਹੈ।’’
ਪ੍ਰੋ. ਫੌਜਾ ਸਿੰਘ ਬਾਜਵਾ ‘ਕੂਕਾ ਮੂਵਮੈਂਟ (ਫਰੀਡਮ ਸਟ੍ਰਗਲ ਇਨ ਪੰਜਾਬ)’ ਵਿੱਚ ਲਿਖਦੇ ਹਨ, ‘‘ਇਹ ਜਾਣਦਿਆਂ ਕਿ ਉਨ੍ਹਾਂ ਦੇ ਇਰਾਦਿਆਂ ਦੀ ਪੂਰੀ ਸੂਹ ਸਰਕਾਰ ਕੋਲ ਪੁੱਜ ਗਈ ਹੈ, ਉਨ੍ਹਾਂ ਨੇ ਸੂਰਮਿਆਂ ਵਾਂਗ ਹੱਲਾ ਬੋਲਿਆ। ਸੂਰਮਿਆਂ ਦੀ ਤਰ੍ਹਾਂ ਹੀ ਉਨ੍ਹਾਂ ਆਪਾ ਸਮਰਪਣ ਕੀਤਾ ਅਤੇ ਸੂਰਮਿਆਂ ਵਾਂਗ ਹੀ ਕੁਰਬਾਨ ਹੋ ਗਏ।’’ ਉਨ੍ਹਾਂ ਲਿਖਿਆ ਕਿ ਜਿਸ ਮੋਹ ਪਿਆਰ ਨਾਲ ਬਾਬਾ ਜੀ (ਸਤਿਗੁਰੂ ਰਾਮ ਸਿੰਘ) ਉਨ੍ਹਾਂ ਨੂੰ ਆਪਣੇ ਲੰਗਰ ’ਚੋਂ ਪ੍ਰਸ਼ਾਦਿ ਛਕਾ ਕੇ ਵਿਦਿਆ ਕਰਦੇ ਹਨ, ਤੁਰਦਿਆਂ ਨੂੰ ਹਦਾਇਤਾਂ ਦਿੰਦੇ ਹਨ, ਇਸ ਤੋਂ ਮਾਲੂਮ ਹੁੰਦਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਇਨ੍ਹਾਂ ਚੇਲਿਆਂ ਵਿਚਾਲੇ ਨਿਸ਼ਾਨੇ ਬਾਰੇ ਤਾਂ ਮੁਕੰਮਲ ਸਹਿਮਤੀ ਸੀ, ਮੱਤਭੇਦ ਸਿਰਫ ਕਾਰਵਾਈ ਦੇ ਸਮੇਂ ਬਾਰੇ ਸੀ। ਸਤਿਗੁਰੂ ਰਾਮ ਸਿੰਘ ਪ੍ਰਤੀ ਸਮਰਪਣ ਅਤੇ ਪ੍ਰੇਮ ਭਾਵਨਾ ਉਨ੍ਹਾਂ ਨੂੰ ਸਿੱਖੀ ਸਿਦਕ ਨਾਲ ਲਬਰੇਜ਼ ਕਰਦੀ ਹੈ।
ਡਿਪਟੀ ਕਮਿਸ਼ਨਰ ਕਾਵਨ ਨੇ ਮਾਲੇਰਕੋਟਲੇ ’ਤੇ ਕੂਕਾ ਦਲ ਦੇ ਹਮਲੇ ਨੂੰ ਉਨ੍ਹਾਂ ਦੀ ਸੱਤਾ ਦੀ ਸਿੱਧੀ ਨਾਬਰੀ ਦੱਸਦਿਆਂ, ਇਸ ਨੂੰ ਰਾਜ ਖ਼ਿਲਾਫ਼ ਬਗਾਵਤ ਜਿਹੀ ਕਾਰਵਾਈ ਕਿਹਾ। ਮਾਲੇਰਕੋਟਲੇ ਦਾ ਨਵਾਬ ਗੁਜ਼ਰ ਚੁੱਕਾ ਸੀ। ਰਿਆਸਤ ਦੀ ਗੱਦੀ ਲਈ ਤਿੰਨ ਦਾਅਵੇਦਾਰਾਂ ਵਿੱਚ ਝਗੜਾ ਚੱਲ ਰਿਹਾ ਸੀ। ਇਹ ਭੈੜੇ ਪ੍ਰਬੰਧ ਵਾਲੀ ਕਮਜ਼ੋਰ ਰਿਆਸਤ ਸੀ, ਇਸ ਦਾ ਚਾਰਜ ਲੁਧਿਆਣੇ ਦੇ ਡੀਸੀ ਕੋਲ ਸੀ। ਇਸ ਲਈ ਕੂਕੇ ਇਸ ਨੂੰ ਆਸਾਨ ਨਿਸ਼ਾਨਾ ਸਮਝ ਕੇ ਆਏ। ਦਸਤਾਵੇਜ਼ਾਂ ਵਿੱਚ ਲਿਖਿਆ ਹੈ ਕਿ ਜੇ ਕੂਕੇ ਮਾਲੇਰਕੋਟਲੇ ਵਿੱਚ ਸਫ਼ਲ ਹੋ ਜਾਂਦੇ ਤਾਂ ਉਹ ਨਾਭਾ, ਜੀਂਦ ਅਤੇ ਪਟਿਆਲਾ ਰਿਆਸਤਾਂ ਨੂੰ ਆਪਣੇ ਅਧਿਕਾਰ ਵਿੱਚ ਲੈ ਕੇ ਫਿਰੋਜ਼ਪੁਰ ਦੇ ਅਸਲਾ ਖਾਨੇ ਨੂੰ ਕਾਬੂ ਕਰਨ ਦੀਆਂ ਸਲਾਹਾਂ ਵੀ ਕਰਦੇ।
ਲਾਟ ਪੰਜਾਬ ਨੇ ਹਿੰਦ ਸਰਕਾਰ ਨੂੰ ਲਿਖਿਆ, ‘‘ਜਦੋਂ ਤੱਕ ਸਤਿਗੁਰੂ ਰਾਮ ਸਿੰਘ ਅਤੇ ਉਸ ਦੇ ਸੂਬਿਆਂ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾਂਦਾ, ਮੁਲਕ ਸਾਡੇ ਲਈ ਸੁਰੱਖਿਅਤ ਨਹੀਂ।’’ ਮਾਲੇਰਕੋਟਲਾ ਸਾਕੇ ਦਾ ਬਹੁਤ ਵੱਡਾ ਪ੍ਰਤੀਕਰਮ ਹੋਇਆ। ਸਤਿਗੁਰੂ ਰਾਮ ਸਿੰਘ ਤੇ ਦਸ ਕੂਕਾ ਮੁਖੀ, 11ਵਾਂ ਮੰਗਲ ਸਿੰਘ ਬਿਸ਼ਨਪੁਰਾ ਪੰਜਾਬ ਤੋਂ ਬਾਹਰ ਜਲਾਵਤਨ ਕਰ ਦਿੱਤੇ ਗਏ। ਕੂਕਾ ਕੇਂਦਰ (ਸ੍ਰੀ ਭੈਣੀ ਸਾਹਿਬ) ਅੱਧੀ ਸਦੀ ਤੋਂ ਵੱਧ ਪੁਲੀਸ ਦੀ ਨਿਗਰਾਨੀ ਹੇਠ ਰਿਹਾ। ਪੰਜ ਤੋਂ ਵੱਧ ਕੂਕੇ ਕਿਤੇ ਇਕੱਠੇ ਨਹੀਂ ਹੋ ਸਕਦੇ ਸਨ। ਕੂਕਾ ਸ਼ਹੀਦਾਂ ਦੇ ਇਸ ਜੋਸ਼ ਨੂੰ ਸ਼ਹੀਦ ਭਗਤ ਸਿੰਘ ਨੇ ਵੀ 1928 ਵਿੱਚ ਛਪੇ ਇੱਕ ਲੇਖ ’ਚ ਇਨ੍ਹਾਂ ਨੂੰ ਤੋਪਾਂ ਸਾਹਵੇਂ ਹੱਸਣ ਵਾਲੇ ਅਤੇ ਮੌਤ ਅੱਗੇ ਵੀ ‘ਸਤਿ ਸ੍ਰੀ ਅਕਾਲ’ ਦੇ ਆਕਾਸ਼ ਗੁੰਜਾਊ ਨਾਅਰੇ ਲਾਉਣ ਵਾਲੇ ਕਿਹਾ ਸੀ।
ਮਾਲੇਰਕੋਟਲੇ ਦੇ ਕੂਕਾ ਸ਼ਹੀਦਾਂ ਤੋਂ ਸਤਿਗੁਰੂ ਰਾਮ ਸਿੰਘ ਨੇ ਕਦੇ ਵੀ ਨਾਤਾ ਨਹੀਂ ਤੋੜਿਆ ਸੀ। ਜਦੋਂ ਰਾਏਕੋਟ ਦੇ ਸਾਕੇ ਸਮੇਂ ਗੁਰੂ ਜੀ ਨੂੰ ਕਮਿਸ਼ਨਰ ਨੇ ਇਸ ਘਟਨਾ ਦੀ ਨਿਖੇਧੀ ਕਰਨ ਲਈ ਕਿਹਾ ਸੀ ਤਾਂ ਉਨ੍ਹਾਂ ਇਨਕਾਰ ਕਰ ਕੇ ਆਪਣੇ ਸਿੰਘਾਂ ਦੀ ਕੰਡ ਨੰਗੀ ਨਹੀਂ ਸੀ ਹੋਣ ਦਿੱਤੀ।
ਸੰਪਰਕ: 99963-71716