ਤਸਕੀਨ
ਬੌਧਿਕ ਮਿਹਨਤ
ਪੰਜਾਬੀ ਸੰਗੀਤ ਤੇ ਗੀਤਕਾਰੀ ਇਸ ਵੇਲੇ ਕਿਸਾਨ ਅੰਦੋਲਨ ਦੀ ਤਾਕਤ ਬਣ ਗਈ ਹੈ। ਕੰਵਰ ਗਰੇਵਾਲ ਦੀ ਬੌਧਿਕ ਤਾਕਤ ਨਾਲ ਹਰਫ਼ ਚੀਮਾ ਦੀ ਜੁਗਲਬੰਦੀ ਅਤੇ ਮਗਰੋਂ ਬੀਰ ਸਿੰਘ ਲੇਖਨ ਅਤੇ ਗਾਇਨ ਨੇ ਪੰਜਾਬੀ ਗਾਇਕੀ ਨੂੰ ਬੌਧਿਕਤਾ ਦੇ ਪਿੜ ਵਿਚ ਲਿਆ ਖਲਾਰਿਆ ਹੈ। 2018 ਵਿਚ ਛਪੇ ਗੀਤਾਂ ਬਾਰੇ ਲੰਬੇ ਲੇਖ ਨੂੰ ਲਿਖਦਿਆਂ ਮੈਂ ਜਿਸ ਨਿਰਾਸ਼ਾ ਦੇ ਆਲਮ ’ਚੋਂ ਗੁਜ਼ਰ ਰਿਹਾ ਸਾਂ, ਅੱਜ ਬੇਹੱਦ ਉਤਸ਼ਾਹੀ ਰੂਪ ’ਚ ਇਹ ਸ਼ਬਦ ਲਿਖ ਰਿਹਾ ਹਾਂ। ਹਰੇ ਇਨਕਲਾਬ ਤੋਂ ਬਾਅਦ ਨਵ-ਧਨਾਢ ਕਿਸਾਨੀ ਬਾਰੇ ਅਮਰ ਸਿੰਘ ਚਮਕੀਲਾ ਦੇ ਲੇਖਨ ਅਤੇ ਗਾਇਨ ਨੇ ਪੰਜਾਬੀ ਪੇਂਡੂ ਬੰਦੇ ਦੀ ਬੁੱਧੀ ਨੂੰ ਅਗਵਾ ਕਰਕੇ ਵੈਲੀ ਜੱਟਵਾਦ (ਨਵ-ਧਨਾਢ ਕਿਸਾਨੀ ਦਾ ਵਿਚਾਰਧਾਰਕ ਜਗੀਰੂਕਰਨ) ਦੇ ਚੱਕ ’ਤੇ ਚਾੜ੍ਹਿਆ ਸੀ, ਕੁਝ ਮਹੀਨੇ ਪਹਿਲਾਂ ਤੱਕ ਉਸ ਨੇ ਗੈਂਗਸਟਰ ਰੂਪ ਧਾਰ ਕੇ ਕਾਰਪੋਰੇਟ ਦੇ ਧਨ ’ਚ ਆਥਾਹ ਵਾਧਾ ਕੀਤਾ ਅਤੇ ਬੌਧਿਕ ਮਨੁੱਖ ਦੀ ਨਿਰਾਸ਼ਾ ਵਿਚ ਬੇਪਨਾਹ ਵਾਧਾ ਕੀਤਾ। ਗੁਰਦਾਸ ਮਾਨ ਨੇ ਚਮਕੀਲੇ ਨੂੰ ਬੌਧਿਕ ਟੱਕਰ ਦੇ ਕੇ ਰਾਸ਼ਟਰੀ ਪ੍ਰਸਿੱਧੀ ਤਾਂ ਪ੍ਰਾਪਤ ਕੀਤੀ, ਪਰ ਪੰਜਾਬੀ ਬੰਦੇ ਦੀ ਚੇਤਨਾ ਨੂੰ ਚਮਕੀਲੇ ਦੀ ਵਿਚਾਰਧਾਰਾ ਨੇ ਗ੍ਰਸੀ ਰੱਖਿਆ।
ਪਿਛਲੇ ਲੰਬੇ ਸਮੇਂ ਤੋਂ ਪੰਜਾਬੀਆਂ ਦੀ ਨਿਰਾਸ਼ਾ ਨੇ ਭਾਂਜ ਦੇ ਤਿੰਨ ਰਾਹ ਲੱਭ ਲਏ ਸਨ: ਕਿਸਾਨ ਖ਼ੁਦਕੁਸ਼ੀਆਂ, ਨੌਜਵਾਨਾਂ ਦਾ ਨਸ਼ੇ ਦਾ ਸ਼ਿਕਾਰ ਹੋਣਾ ਅਤੇ ਵਿਦੇਸ਼ ਵੱਲ ਨੂੰ ਰੁਖ਼ ਕਰਨਾ। ਸੰਘਰਸ਼ ਪੰਜਾਬ ਦੀ ਪਛਾਣ ਹੈ ਅਤੇ ਸੰਘਰਸ਼ ਦੀ ਗ਼ੈਰਹਾਜ਼ਰੀ ’ਚ ਪੰਜਾਬ ਉਦਾਸ ਅਤੇ ਨਿਰਾਸ਼ ਸੀ, ਸਿੱਟਾ ਭਾਂਜ ਨਿਕਲ ਰਿਹਾ ਸੀ। ਆਖ਼ਰ ਇਸ ਦੀ ਨੌਜੁਆਨ ਪੀੜ੍ਹੀ ਨੂੰ ਮੋਦੀ ਸਰਕਾਰ ਦੀ ਧੱਕੇਸ਼ਾਹੀ ਮੁੜ ਹੋਸ਼ ’ਚ ਲੈ ਆਈ ਹੈ ਕਿਉਂਕਿ ਹੁਣ ਹੋਂਦ ਦੀ ਸਲਾਮਤੀ ਲਈ ਜ਼ਮੀਰਫ਼ਰੋਸ਼ ਸਿਆਸਤ ਨਾਲ ਲੜਨ ਤੋਂ ਇਲਾਵਾ ਕੋਈ ਰਾਹ ਨਹੀਂ ਹੈ। ਹਰੇ ਇਨਕਲਾਬ ’ਚੋਂ ਪੈਦਾ ਹੋਈ ਬੇਸਬਰੀ ਨੇ ਉਸ ਨੂੰ ਪੰਜਾਬ ਦੀ ਭੋਂਇ ਤੋਂ ਉਖੇੜ ਦਿੱਤਾ ਸੀ ਜਿਸ ਨੂੰ ਜ਼ਮੀਰਫ਼ਰੋਸ਼ ਲੁੰਪਨੀ ਸਿਆਸਤ ਨੇ ਘੇਰ ਲਿਆ। ਲੱਗਦਾ ਹੈ ਪੰਜਾਬ ਦੀ ਬਾਂਹ ਮੁੜ ਸਬਰ ਨੇ ਫੜ ਲਈ ਹੈ। ਇਹ ਪੰਜਾਬ ਗੁਰੂ ਨਾਨਕ ਦੇਵ ਜੀ, ਬਾਬਾ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ ਅਤੇ ਦਸਮੇਸ਼ ਪਿਤਾ ਦੇ ਸੁਪਨਿਆਂ ਦਾ ਪੰਜਾਬ ਬਣਨ ਜਾ ਰਿਹਾ ਹੈ।
ਔਰੰਗਜ਼ੇਬ ਦੇ ਕਿਸਾਨੀ ਨਾਲ ਧੱਕੇ ਤੋਂ ਸਾਢੇ ਤਿੰਨ ਸਦੀਆਂ ਬਾਅਦ ਇਹ ਧੱਕਾ ਇਤਿਹਾਸ ਦੁਹਰਾਅ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਮੁਜ਼ਾਰਿਆਂ ਨੂੰ ਮਾਲਕ ਕਿਸਾਨ ਵਿਚ ਤਬਦੀਲੀ ਨੂੰ ਮੁੜ ਮੁਜ਼ਾਰਿਆਂ/ਗ਼ੁਲਾਮਾਂ ਵਿਚ ਬਦਲਣ ਦੇ ਇਹ ਕਾਨੂੰਨੀ ਵਾਰੰਟ ਹਨ। ਜਿਸ ਜ਼ਮੀਨ ਦੀ ਮਾਲਕੀ ਨੇ ਉਨ੍ਹਾਂ ਨੂੰ ਇੱਜ਼ਤ ਮਾਣ ਦਿੱਤਾ ਸੀ ਅੱਜ ਉਸ ਨੂੰ ਕਾਰਪੋਰੇਟ ਵੱਲੋਂ ਖੋਹਣ ਦੀ ਮੁਕੰਮਲ ਤਿਆਰੀ ਹੋ ਗਈ ਹੈ। ਸਿਰਫ਼ ਇਕੋ ਰਾਹ ਬਾਕੀ ਬਚਿਆ ਹੈ ਤੇ ਉਹ ਹੈ ਹੋਸ਼/ਬੌਧਿਕਤਾ ਨੂੰ ਮਜ਼ਬੂਤ ਕਰਦਿਆਂ ਸੰਘਰਸ਼ ਕਰਨਾ।
‘ਭੋਲੇ ਜੱਟਾਂ’ ਨੇ ਅਸਲੀ ਲੁਕਵੇਂ ਦੁਸ਼ਮਣ ਕਾਰਪੋਰੇਟ ਦੀ ਸੰਘੀ ਨੂੰ ਹੱਥ ਜਾ ਪਾਇਆ ਹੈ ਜਿਸ ਨੇ ਉਸ ਦੀ ਪੰਜਾਹ ਸਾਲ ਪਹਿਲਾਂ ‘ਹਰੇ ਇਨਕਲਾਬ’ ਰਾਹੀਂਂ ਮੱਤ ਮਾਰੀ ਹੋਈ ਸੀ। ਨਵ-ਧਨਾਢਾਂ ਦੇ ‘ਸਾਧਾਰਨ ਬੌਧਿਕ’ ਕਾਮਿਆਂ (ਗੀਤਕਾਰ/ਗਾਇਕ) ਨੇ ਪੰਜਾਬੀਆਂ ਨੂੰ ਕਾਰਪੋਰੇਟੀ ਖਪਤਵਾਦ ਵਿਚ ਗ੍ਰਸ ਦਿੱਤਾ। ਹੁਣ ਜਦੋਂ ਹਰਾ ਇਨਕਲਾਬ ਆਪਣੀ ਅਉਧ ਹੰਢਾ ਕੇ ਪੰਜਾਬੀ ਮਨੁੱਖ ਦੀ ਆਰਥਿਕਤਾ ਨੂੰ ਨਿੱਸਲ ਕਰ ਚੁੱਕਿਆ ਹੈ ਤਾਂ ਨਵੇਂ ਖੇਤੀ ਕਾਨੂੰਨਾਂ ਨੂੰ ਸਮਝਣਾ ਉਸ ਦੇ ਆਪਣੇ ਵਿਵੇਕ ਦਾ ਹਿੱਸਾ ਬਣ ਗਿਆ। ਹੁਣ ਉਸ ਦੇ ਦਾਨਿਸ਼ਮੰਦ ਗਾਇਕ-ਗੀਤਕਾਰ ਉਸ ਨੂੰ ਉਸ ਦੀ ਆਪਣੀ ‘ਜ਼ਬਾਨ’ ਵਿਚ ਹੀ ਪ੍ਰੇਰਿਤ ਕਰ ਰਹੇ ਹਨ।
ਪੰਜ ਸਤੰਬਰ ਨੂੰ ਰਿਲੀਜ਼ ਹੋਇਆ ਕੰਵਰ ਗਰੇਵਾਲ ਦਾ ਗੀਤ ‘ਖਬਰਾਂ’ ਚਿੰਤਨੀ ਸੁਰ ਦਾ ਕਲਾਮ ਹੈ। ਠਹਿਰਾਅ ਦੀ ਸੁਰ ’ਚ ਆਤਮ ਚਿੰਤਨ, ਇਸ ਨੂੰ ਸੂਫ਼ੀਆਨਾ ਰੰਗਤ ਦਿੰਦਾ ਹੈ। ਇਹ ਚਿੰਤਨ, ਕਿਸਾਨੀ ਅੰਦੋਲਨ ਦੀ ਹੌਲੀ-ਹੌਲੀ ਉੱਠ ਰਹੀ ਹੂਕ ’ਚੋਂ ਸਿਰਜਿਆ ਜਾ ਰਿਹਾ ਸੀ। ਜਿਸ ਅੰਦੋਲਨ ਨਾਲ ਕੰਵਰ ਦੀ ਪੀਡੀ ਗੰਢ ਉਸ ਨੂੰ ਦਵੰਦਾਤਮਿਕ ਸੂਝ ਪ੍ਰਦਾਨ ਕਰਦੀ ਹੈ। ਸਿਰਜਕ ਪੰਜਾਬ ਲਈ ਡਾਢ੍ਹੇ ਫ਼ਿਕਰ ਅਤੇ ਮੋਹ ’ਚੋਂ ਇਸ ਦੀ ਰਚਨਾ ਕਰ ਰਿਹਾ ਹੈ। ਸ਼ੁਰੂਆਤ ਹੈ:
ਮੁੱਦਾ ਕਿਰਸਾਨੀ ਦਾ, ਬੇਰੁਜ਼ਗਾਰ ਜਵਾਨੀ ਦਾ
ਹਾਕਮ ਕਮੀਆਂ ਲੁਕੋ ਰਿਹੈ
ਖ਼ਬਰਾਂ ਦੱਸਦੀਆਂ ਨੇ ਕੁਝ ਠੀਕ ਨਹੀਂ ਹੋ ਰਿਹੈ
ਹੌਲੀ ਹੌਲੀ ਭਖ ਰਹੇ ਇਸ ਕਿਸਾਨੀ ਅੰਦੋਲਨ, ਜਿਸ ਵਿਚ ਕਿਸਾਨ ਨੇਤਾ ਆਪਣੀਆਂ ਦਲੀਲਾਂ ਨੂੰ ਕਿਸਾਨਾਂ ਦੀ ਚੇਤਨਾ ਵਿਚ ਬਿਠਾਉਣ ਵਿਚ ਕਾਮਯਾਬ ਹੋ ਰਹੇ ਸਨ। ਇਨਕਲਾਬ ਭਾਵੇਂ ਕਿਸੇ ਦੇ ਜ਼ਿਹਨ ਵਿਚ ਭਰਿਆ ਨਹੀਂ ਜਾ ਸਕਦਾ, ਪਰ ਸਮਾਜਿਕ-ਆਰਥਿਕ ਸਥਿਤੀਆਂ ਨੂੰ ਸਮਝਦਿਆਂ ਆਗੂਆਂ ਵੱਲੋਂ ਪਹਿਲਕਦਮੀ ਦਾ ਮਹੱਤਵ ਬਹੁਤ ਲਾਜ਼ਮੀ ਹੁੰਦਾ ਹੈ, ਕਿਉਂਕਿ ਸਮੂਹ ਸਮਾਜ ਜਦੋਂ ਇਕੋ ਰੋਗ ’ਚ ਗ੍ਰਸਤ ਹੋਵੇ ਤਾਂ ਹਲਕੇ ਪੱਧਰ ਦੀਆਂ ਵਿਰੋਧਤਾਵਾਂ ਤਿੜਕਦੀਆਂ ਮੁੱਖ ਵਿਰੋਧਤਾ ਨਾਲ ਟਕਰਾਉਣ ਲੱਗਦੀਆਂ ਹਨ। ਸਿੱਟਾ! ਸਮੂਹ ਦੀ ਏਕਤਾ ਵੱਲ ਵਧਦਾ ਹੈ। ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਖੇਤੀ ਹੈ। ਸਾਰੀ ਪੰਜਾਬੀ ਕੌਮ ਅਤੇ ਖ਼ਾਸਕਰ ਸਿੱਖ ਧਰਮ ਦੀ ਰੀੜ੍ਹ ਇਹ ਖੇਤ ਹੀ ਹਨ, ਬਿਨਾਂ ਖੇਤਾਂ ਤੋਂ ਇਨ੍ਹਾਂ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਇਸ ਨੂੰ ਚੰਗੀ ਤਰ੍ਹਾਂ ਸਮਝਦਿਆਂ, ਕਿਸਾਨ ਆਗੂਆਂ ਨੇ ਪੰਜਾਬੀਅਤ ਨੂੰ ਇਕ ਪੇਚ ’ਤੇ ਲੈ ਕੇ ਆਂਦਾ ਅਤੇ ਉਹ ਆਪਣੇ ਮਾਮੂਲੀ ਮੱਤਭੇਦਾਂ ਨੂੰ ਭੁਲਾਉਂਦੇ ਹੋਏ ਏਕਤਾ ਵਿਚ ਜਾਣ ਲਈ ਮਜਬੂਰ ਹੁੰਦੇ ਗਏ। ਇਨ੍ਹਾਂ ਕਿਸਾਨ ਜਥੇਬੰਦੀਆਂ ਦੀ ਹੋਂਦ ਵੀ ਕਿਸਾਨਾਂ ਦੇ ਖੇਤੀ ਕਰਦੇ ਰਹਿਣ ਉੱਤੇ ਟਿਕੀ ਹੋਈ ਹੈ। ਇਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ ਦੇ ਏਕੇ ਦੀ ਤਾਕਤ ਕਿਸਾਨ ਨੂੰ ਆਪਣੀਆਂ ਦਲੀਲਾਂ ਵੱਲ ਖਿੱਚ ਲਿਆਈ। ਪਿਛਲੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸਾਨੀ ਸੰਘਰਸ਼ ਦੀ ਸਿਖਰ ’ਤੇ ਪਹੁੰਚਣ ਵੇਲੇ ਹੋਈ, ਜਿਸ ਨਾਲ ਅੰਦੋਲਨ ਲੀਹੋਂ ਲੱਥ ਗਿਆ ਸੀ। ਕੰਵਰ ਗਰੇਵਾਲ ਇਸ ਵੱਲ ਝਾਤ ਪਵਾਉਂਦਾ ਹੈ:
ਕਿਤੇ ਧਰਮ ’ਚ ਪਾੜਾਂ ਨੇ, ਬਾਬਿਆਂ ਵਿਚ ਤਕਰਾਰਾਂ ਨੇ
ਪਾਵਨ ਸਰੂਪ ਕਿਤੇ ਸ਼ੱਕੀ ਸਰਕਾਰਾਂ ਨੇ
ਹੈ ਅਸਰ ਦਲੀਲਾਂ ਦਾ, ਸੱਚ ਨਾਲ ਖਲੋ ਰਿਹਾ
ਖ਼ਬਰਾਂ ਦੱਸਦੀਆਂ ਨੇ ਕੁਝ ਠੀਕ ਨਹੀਂ ਹੋ ਰਿਹਾ
ਚਿੰਤਨੀ ਮੁਦਰਾ ਵਿਚ ਫਿਲਮਾਏ ਅਤੇ ਸੰਗੀਤਬੱਧ ਕੀਤੇ ਇਸ ਗੀਤ ਵਿਚ ਪੰਜਾਬ ਦੇ ਸਮੂਹ ਸਮਾਜਿਕ-ਆਰਥਿਕ, ਰਾਜਨੀਤਕ ਦ੍ਰਿਸ਼ ਨੂੰ ਬੌਧਿਕ ਦ੍ਰਿਸ਼ਟੀ ਤੋਂ ਵਾਚਦਾ ਇਹ ਗੀਤ ਬਹੁਤ ਦੇਰ ਬਾਅਦ ਪੰਜਾਬੀ ਸੰਗੀਤ ਦਾ ਹਾਸਿਲ ਬਣਿਆ ਹੈ। ਬੱਬੂ ਮਾਨ, ਵਾਰਿਸ ਭਰਾ, ਗੁਰਦਾਸ ਮਾਨ ਪੰਜਾਬੀਅਤ ਦੀ ਫ਼ਿਕਰ ’ਚ ਸਨ, ਪਰ ਸਮੁੱਚੇ ਤੌਰ ’ਤੇ ਪੰਜਾਬੀ ਗੀਤ-ਸੰਗੀਤ ਪੰਜਾਬ ਦੇ ਦੁੱਖ-ਦਰਦ ਤੋਂ ਬੇਪ੍ਰਵਾਹ ਸੀ। ਕੰਵਰ ਗਰੇਵਾਲ ਖ਼ੁਦ ਇਸ ਗੱਲ ਤੋਂ ਇਸ ਗੀਤ ਵਿਚ ਚਿੰਤਤ ਨਜ਼ਰ ਆਉਂਦਾ ਹੈ। ਹਰਫ਼ ਚੀਮਾ, ਕੰਵਲ ਗਰੇਵਾਲ ਅਤੇ ਬੀਰ ਸਿੰਘ ਦੀ ਗੀਤਕਾਰੀ ਅਤੇ ਗਾਇਕੀ ਨੇ ਨੌਜੁਆਨਾਂ ਨੂੰ ਏਕੇ, ਬੌਧਿਕਤਾ ਅਤੇ ਸਬਰ ਵੱਲ ਖਿੱਚਦਿਆਂ ਅੰਦੋਲਨ ਨੂੰ ਗੰਭੀਰਤਾ ਪ੍ਰਦਾਨ ਕੀਤੀ। ਇਸ ਹੋਸ਼ਮੰਦ ਗਾਇਨ ਨੇ ਪੰਜਾਬੀਅਤ ਨੂੰ ਮੁੜ ਤੋਂ ਸਬਰ ਅਤੇ ਸ਼ੁਕਰ ਦੇ ਇਤਿਹਾਸਕ ਵਿਰਸੇ ਵੱਲ ਆਕਰਸ਼ਤ ਕੀਤਾ। ਇਤਿਹਾਸ ਇਸ ਅੰਦੋਲਨ ਦੀ ਪਕਿਆਈ ਹੈ ਜਿਸ ’ਤੇ ਜ਼ਮੀਰਫ਼ਰੋਸ਼ ਸਿਆਸਤ ਨੇ ਪਰਦਾ ਪਾ ਕੇ ਪੰਜਾਬੀ ਲੋਕਾਂ ਨੂੰ ਪੰਜਾਬੀਅਤ ਤੋਂ ਦੂਰ ਕਰਨ ਦੀ ਭੂਮਿਕਾ ਨਿਭਾਈ:
ਕਈ ਗਾਇਕ ਸੱਜਣ ਵੀ ਥੋੜ੍ਹੇ ਨਿੱਜੀ ਹੋ ਗਏ ਨੇ
ਜ਼ਿੰਮੇਵਾਰੀਆਂ ਭੁੱਲ ਬੈਠੇ ਸ਼ੁਹਰਤਾਂ ਵਿਚ ਖੋ ਗਏ ਨੇ
ਮੇਰਾ ਯਾਰ ਸਰੋਤਾ ਵੀ ਦਿਲਦਾਰ ਸਰੋਤਾ ਵੀ
ਥੋੜ੍ਹਾ ਆਪਾ ਖੋ ਰਿਹਾ
ਕਰੋਨਾ ਦੀ ਆੜ ਹੇਠ ਹੋ ਰਹੀ ਸਿਆਸਤ ਉੱਤੇ ਵਿਅੰਗ ਕਰਦਿਆਂ ਕੰਵਰ ਕਰੋਨਾ ਵਿਚ ਫਸੀ ਚਵਲ ਚੇਤਨਾ ਨੂੰ ਉਧੇੜ ਕੇ ਰੱਖ ਦਿੰਦਾ ਹੈ ਜਿੱਥੇ ਹਜ਼ਾਰਾਂ ਲੱਖਾਂ ਲੋਕ ਏਕਤਾਬੱਧ ਸੰਘਰਸ਼ ਵਿਚ ਨੰਗੇ ਮੂੰਹ ਲਾਮਬੰਦ ਹੋ ਰਹੇ ਸਨ, ਕਿਉਂਕਿ ਉਹ ਸਟੇਟ ਮਸ਼ੀਨਰੀ/ਸਿਸਟਮ ਨੂੰ ਤਾਰਕਿਕ ਦ੍ਰਿਸ਼ਟੀ ਤੋਂ ਵਾਚ ਰਹੇ ਹਨ/ਸਨ, ਪਰ ਸਟੇਟ ਦੀ ਸਿਆਸਤ ’ਚ ਫਸੀ ‘ਚਵਲ ਚੇਤਨਾ’ ਮਾਸਕਾਂ ’ਚ ਘਿਰੀ ਹੋਈ ਹੈ। ਅਕਾਦਮਿਕ ਬੌਧਿਕਤਾ ਜਦੋਂ ਕਿਸਾਨ ਅੰਦੋਲਨ ਉੱਤੇ ਵਿਅੰਗ ਕਰ ਰਹੀ ਸੀ ਤਦ ਲੋਕਾਈ ਨਾਲ ਜੁੜਿਆ ਉਨ੍ਹਾਂ ਦਾ ‘ਜੈਵਿਕ ਬੁੱਧੀਜੀਵੀ’ ਪੰਜਾਬੀ ਸਮਾਜ ਅਤੇ ਕਰੋਨਾ ਦੀ ਸਿਆਸਤ ਦਾ ਵਿਸਲੇਸ਼ਣ ਕਰ ਰਿਹਾ ਸੀ, ਉਹ ਵਿਖੰਡਨੀ ਚਵਲ ਚੇਤਨਾ ਨੂੰ ਰੱਦ ਕਰਦਿਆਂ ਇਕੱਠੇ ਲੜ ਮਰਨ ਦੀਆਂ ਬਾਤਾਂ ਪਾ ਰਿਹਾ ਸੀ:
ਇਤਬਾਰ ਹਕੀਮਾਂ ’ਤੇ ਡਰ ਲਗਦਾ ਏ ਕਰਨੇ ਤੋਂ
ਸਾਬਤ ਹੀ ਮਰੀਏ ਜੀ ਟੁੱਟ-ਟੁੱਟ ਕੇ ਮਰਨੇ ਤੋਂ
ਮੈਨੂੰ ਤੇ ਇੰਝ ਲਗਦਾ ਏ ਕਿ ਬੀ ਡਰ ਦਾ ਕੋਈ ਬੋ ਰਿਹੈ
… … …
ਠੇਕੇ ਤਾਂ ਖੁੱਲ੍ਹ ਗਏ ਨੇ ਪਰ ਬੰਦ ਸਕੂਲ ਪਏ
ਛਿੱਕੇ ’ਤੇ ਟੰਗੇ ਜੀ ਔਹ ਵੇਖ ਅਸੂਲ ਪਏ
ਮੈਂ ਸੋਚ ਨਿਖਾਰੀ ਏ ਤੇ ਰੱਬ ਕਲਮਾਂ ਧੋ ਰਿਹਾ
ਕੰਵਰ ਦੇ ਇਸ ਗੀਤ ਤੋਂ ਵੀਹ ਕੁ ਦਿਨ ਬਾਅਦ (24 ਸਤੰਬਰ) ਹਰਫ਼ ਚੀਮਾ ਦਾ ਗੀਤ ‘ਸਰਕਾਰੇ’ ਪੰਜਾਬ ਦੀ ਇਤਿਹਾਸਕਤਾ ਉੱਤੇ ਪੁਨਰਝਾਤ ਪਾਉਂਦਾ ਪੰਜਾਬੀ ਸਮਾਜ ਅਤੇ ਖ਼ਾਸਕਰ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਪੁਨਰ ਜਾਗਰਣ ਵੱਲ ਖਿੱਚ ਰਿਹਾ ਸੀ। ਨਵ-ਧਨਾਢ ਜਮਾਤ ਨੂੰ ਲਾਏ ਜਗੀਰੂ ਵੈਲਪੁਣੇ ਦੇ ਟੀਕੇ ਇਨ੍ਹਾਂ ਗੀਤਾਂ ਰਾਹੀਂ ਬੇਅਸਰ ਹੋਣ ਲੱਗੇ ਅਤੇ ਪੰਜਾਬੀਅਤ ਨੂੰ ਆਪਣਾ ਮੂਲ ਪਛਾਣਨ ਦਾ ਅਹਿਸਾਸ ਕਰਾਉਣ ਲੱਗੇ, ‘ਪਾ ਕੇ ਵੋਟਾਂ ਗਲਤੀ ਕੀਤੀ/ ਲਾਗੂ ਕਰ ਗਏ ਮਾੜੀ ਨੀਤੀ/ ਉੱਧੜਿਆ ਮੰਜਾ ਸੁੱਕੀ ਰੋਟੀ/ ਵਿਕ ਗਈ ਇਕ ਸੀ ਮੀਣੀ ਝੋਟੀ/ ਚਿੱਟੀ ਦਾੜ੍ਹੀ ਕਿਰਦੇ ਰੇਤੇ/ ਦੁੱਖ ਜੱਟਾਂ ਦੇ ਕੀਹਨੂੰ ਚੇਤੇ/ ਕੌਣ ਚੱਕੂਗਾ ਗਿੱਲੀ ਜੀਰੀ/ ਗੱਲਾਂ ਕਰਦੇ ਜੱਟ ਤੇ ਸੀਰੀ।’ ਪੰਜਾਬੀਅਤ ਦੀ ਦਿੱਲੀ/ਬ੍ਰਾਹਮਣਵਾਦ ਨਾਲ ਲੜਾਈ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਸ ਲਈ ਦਿੱਲੀ ਦਮਨ ਦੇ ਬਿੰਬ ਵਜੋਂ ਵਰਤਮਾਨ ਦੌਰ ਦੇ ਗੀਤਾਂ ਵਿਚ ਪੇਸ਼ ਹੋ ਰਹੀ ਹੈ।
ਹੱਕਾਂ ’ਤੇ ਵੀ ਜ਼ੋਰ ਦੇ ਲਈਏ
ਬੜਾ ਦੇ ਲਿਆ ਬੜਕਾਂ ’ਤੇ
ਰੋਜ ਰੋਜ ਨਹੀਂ ਉੱਠਦੀਆਂ ਲਹਿਰਾਂ
ਆ ਜੋ ਮੁੰਡਿਓ ਸੜਕਾਂ ’ਤੇ
ਢਿੱਡ ਭਰਦੇ ਨਹੀਂ ਜਵਾਕਾਂ ਦੇ
ਤੇਰੇ ਰੋਜ ਰੋਜ ਦੇ ਲਾਰੇ ਨੀ
ਤੇਰਾ ਵਾਹ ਪਿਆ ਏ ਕੀਹਦੇ ਨਾਲ
ਤੈਨੂੰ ਦੱਸਾਂਗੇ ਸਰਕਾਰੇ ਨੀ
ਵਿਕਾਊ ਨਹੀਂ ਜ਼ਮੀਰ ਸਾਡੇ
ਜਿਹੜੇ ਆ ਕੇ ਲਉ ਖਰੀਦ ਤੁਸੀਂ
ਸਾਡੇ ਤਾਂ ਭਗਤ ਸਰਾਭਿਆਂ ਨੂੰ
ਕਦੇ ਮੰਨਿਆ ਨਹੀਂ ਸ਼ਹੀਦ ਤੁਸੀਂ
ਜਿਹੜਾ ਖੰਘਿਆ ਉਹਨੂੰ ਟੰਗਿਆ ਏ
ਕਦੇ ਪੜ੍ਹ ਲਈਂ ਸਾਡੇ ਬਾਰੇ ਨੀ।
ਕਿਸਾਨ ਸੰਘਰਸ਼ ਨਾਲ ਲਗਾਤਾਰ ਜੁੜਾਵ ‘ਅੱਖਾਂ ਖੋਲ੍ਹ’ ਗੀਤ ਵਿਚ ਪੰਜਾਬ ਦੀ ਜਵਾਨੀ ਨੂੰ ਚੁਣੌਤੀ ਦਿੰਦਾ ਹੈ ਕਿ ‘ਹੁਣ ਫਿਰ ਓਦੋਂ ਬੋਲੇਂਗਾ, ਜਦੋਂ ਧੌਣਾਂ ’ਤੇ ਚੜ੍ਹ ਗਏ- ਅੱਖਾਂ ਖੋਲ੍ਹ ਪੰਜਾਬ ਸਿਆਂ, ਤੇਰੇ ਘਰ ’ਚ ਲੁਟੇਰੇ ਵੜ ਗਏ।’ ਜਦੋਂ ਵੀ ਪੰਜਾਬੀ ਆਵਾਮ ਸੰਘਰਸ਼ਸ਼ੀਲ ਹੁੰਦਾ ਹੈ, ਸੰਤ ਰਾਮ ਉਦਾਸੀ ਲੋਕਾਂ ਦੀ ਚੇਤਨਾ ’ਚ ਰੁਮਕਣ ਲੱਗਦਾ ਹੈ ਕਿਉਂਕਿ ਉਹ ਕਿਰਤੀ ਕਾਮਿਆਂ ਦਾ ਵਾਹਕ ਹੈ। ਲੰਬੇ ਸਮੇਂ ਬਾਅਦ ਅਜਿਹੀ ਫ਼ਿਕਰ ਕੰਵਰ ਗਰੇਵਾਲ ਅਤੇ ਹਰਫ਼ ਚੀਮਾ ਰਾਹੀਂ ਨਜ਼ਰ ਪਈ ਹੈ।
ਪਹਿਲਾਂ ਤੇਰੇ ਪੁੱਤ ਨਸ਼ਿਆਂ ’ਤੇ ਲਾ ਗਏ
ਹੁਣ ਤੇਰੀ ਮਾਂ ਮਾਰਨ ਨੂੰ ਆ ਗਏ
ਧੀ ਤੇਰੀ ਘਰੋਂ ਨਿਕਲਣੋਂ ਡਰਦੀ
ਤੁਰੀ ਜਾਂਦੀ ’ਤੇ ਤੇਜ਼ਾਬੀ ਛਿੱਟਾ ਪਾ ਗਏ
ਨਿਆਣੇ ਬਾਹਰ ਨੂੰ ਤੁਰ ਪਏ ਨੇ
ਪੱਕੇ ਜਿੰਦਰੇ ਘਰਾਂ ਨੂੰ ਜੜਕੇ
ਪੰਜਾਬ ਨੂੰ ਇਕ ਕੌਮ ਵਜੋਂ ਵੇਖਣ ਦੇ ਸੰਬੋਧਨੀ ਰੂਪਕ ਨਾਲ ਉਹ ਪੰਜਾਬੀਅਤ ਨੂੰ ਸਮੂਹਿਕ ਏਕੇ ’ਚ ਬੰਨ੍ਹਦਾ ਹੈ ਅਤੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਕੋਲ ਉਸ ਦਾ ਖੁੱਸਿਆ ਹੋਇਆ ਸਬਰ ਅਤੇ ਸ਼ੁਕਰ ਪਰਤਿਆ ਹੈ ਜੋ ਰਵਾਇਤੀ ਸਿਆਸਤ ਨੇ ਉਸ ਕੋਲੋਂ ਖੋਹ ਲਿਆ ਸੀ। ਜ਼ਮੀਰਫ਼ਰੋਸ਼ ਸਿਆਸਤ ਨੇ ਪੰਜਾਬ ਨੂੰ ਖੰਡ-ਖੰਡ ਕੀਤਾ ਹੋਇਆ ਸੀ ਜੋ ਅੱਜ ਅਖੰਡ ਰੂਪ ’ਚ ਸਮੂਹ ਸੰਸਾਰ ਨੂੰ ਕਾਰਪੋਰੇਟਾਂ ਖਿਲਾਫ਼ ਉੱਠ ਖੜ੍ਹਨ ਦਾ ਸੁਨੇਹਾ ਦੇ ਰਿਹਾ ਹੈ ਜਿਨ੍ਹਾਂ ਦੀ ਲੁੱਟ ਦੇ ਭੱਖੜੇ ਨੇ ਸਮੂਹ ਸੰਸਾਰ ਦਾ ਚੈਨ ਖੋਹ ਲਿਆ ਹੈ। ‘ਪੰਜਾਬ ਸਿੰਘ’ ਨੀਂਦ ’ਚੋਂ ਆਪਣੇ ਹੋਸ਼ੋ-ਹਵਾਸ ਸਮੇਤ ਪਰਤਿਆ ਹੈ। ਲੱਗਦਾ ਹੈ! ਬੜੀ ਗਹਿਰੀ ਨੀਂਦ ਤੋਂ ਬਾਅਦ ਉਸ ਦੀ ਚੇਤਨਾ ’ਚ ਬਾਬਾ ਨਾਨਕ ਦੇ ਮਨੁੱਖੀ ਏਕੇ ਅਤੇ ਸੰਘਰਸ਼ ਦਾ ਸ਼ਬਦ ਗੂੰਜ ਉਠਿਆ ਹੈ।
ਕੰਵਰ ਗਰੇਵਾਲ ਦੀ ਬੌਧਿਕ ਮਿਹਨਤ ਸਦਕਾ ਦਵੰਦਾਤਮਿਕ ਸੂਝ ਨੇ ਕਿਸਾਨ ਅੰਦੋਲਨ ਲਈ ਲੋਕਾਂ ਨੂੰ ਬਹੁਤ ਤੇਜ਼ੀ ਨਾਲ ਵਿਰੋਧਾਂ ਦੀ ਏਕਤਾ ਵਿਚ ਬੰਨ੍ਹਣਾ ਸ਼ੁਰੂ ਕਰ ਦਿੱਤਾ। ਚੇਤਨਾ ਦਾ ਜੰਮਿਆ ਹੋਇਆ ਗਲੇਸ਼ੀਅਰ ਦਿਨਾਂ ਵਿਚ ਹੀ ਝਰਨੇ ਤੋਂ ਭਰ ਵਗਦੇ ਦਰਿਆ ਵਿਚ ਤਬਦੀਲ ਹੋਣ ਲੱਗਾ। ਵਰੀ ਰਾਏ ਦਾ ਗੀਤ ‘ਐਲਾਨ’ ਆਸ਼ਾਵਾਦ ਦਾ ਸਿਖਰ ਸੀ ਜੋ ਲੋਕਾਂ ਅੰਦਰ ਜੰਮੀ ਤਾਕਤ ਨੂੰ ਵਹਿਣ ਦੀ ਤਿਆਰੀ ਵਜੋਂ ਅਗਾਊਂ ਚਿਤਰ ਰਿਹਾ ਸੀ। 10 ਅਕਤੂਬਰ ਨੂੰ ਰਿਲੀਜ਼ ਹੋਇਆ ਇਹ ਗੀਤ ਹਾਲਾਤ ਨੂੰ ਅਗਾਊਂ ਸਮਝਣ ਦੀ ਸੂਝ ਭਰੀ ਅੱਗ ਨਾਲ ਲਬਰੇਜ਼ ਹੈ। ‘ਜ਼ਫ਼ਰਨਾਮਾ’ ਵਿਚ ਸਮਾਜਿਕ-ਆਰਥਿਕ ਸਥਿਤੀ ਨੂੰ ਸਮਝਦਿਆਂ ਆਪਣੀ ‘ਜਿੱਤ ਦਾ ਐਲਾਨ’ ਦਸਮੇਸ਼ ਪਿਤਾ ਨੇ ਕੀਤਾ ਅਤੇ ਔਰੰਗਜ਼ੇਬ ਨੂੰ ਮੁਗ਼ਲਾਂ ਦੀ ਡੁੱਬ ਰਹੀ ਸਲਤਨਤ ਦੇ ਸਾਖਸ਼ਾਤ ਦਰਸ਼ਨ ਕਰਾਏ। ਵਰੀ ਰਾਏ ਪੰਜਾਬੀ ਲੋਕਾਂ ਅੰਦਰ ਦੱਬੇ ਰੋਹ ਦੇ ਨਕਸ਼ ਉਦੋਂ ਚਿਤਰ ਰਿਹਾ ਸੀ, ਜਦੋਂ ਇਸ ਅੱਗ ਦਾ ਸਿੱਟਾ ਕਿਸਾਨ ਅੰਦੋਲਨਕਾਰੀਆਂ ਦੀ ਆਸ ਤੋਂ ਵੱਖਰਾ ਸੀ।
ਕੋਈ ਖੰਡੇ ਤਿੱਖੇ ਕੋਈ ਕਿਰਪਾਨ ਕਰੂਗਾ
ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ
ਪੱਥਰਦਿਲ ਦਿੱਲੀ ਨੂੰ ਸ਼ਾਇਦ ਇਕੱਠ ਦੁਆਰਾ ਪਰੇਸ਼ਾਨ ਕਰਨ ਦੀ ਕੋਈ ਆਸ ਨਹੀਂ ਸੀ ਕਿਉਂਕਿ ਉਹ ਕਦੇ ਵੀ ਪੰਜਾਬ ਦੇ ਇਤਿਹਾਸ ਨੂੰ ਨਹੀਂ ਗੌਲਦੀ ਅਤੇ ਸੱਤਾ ਭਗਤੀ ਵਿਚ ਪੰਜਾਬ ਨੂੰ ਫਰਾਮੋਸ਼ ਵੇਖਣ ਦੀ ਆਦੀ ਹੈ। ਉਹ ਤਾਂ ਹਮੇਸ਼ਾਂ ਤੋਂ ਪੰਜਾਬ ਦੇ ਇਤਿਹਾਸ ਦਾ ਮੁਕਾਬਲਾ ਪੌਰਾਣਿਕ ਕਥਾਵਾਂ ਨਾਲ ਕਰਦੀ ਹੈ। ਵਰੀ ਰਾਏ ਇਤਿਹਾਸ ਦੀ ਸੂਝ ਵਿਚੋਂ ਲੋਕ ਏਕੇ ਨੂੰ ਸਮਝਣ ਦੀ ਸੂਝ ’ਚ ਆਸ਼ਾ ਨਾਲ ਨੱਕੋ ਨੱਕ ਭਰਿਆ ਹੋਇਆ ਸੀ। ਸ਼ਾਇਦ ਉਹ ਨੌਜੁਆਨਾਂ ਦੀ ਤਾਕਤ ਅਤੇ ਚੇਤਨਾ ਵਿਚਲੇ ਦਰਦ ਤੋਂ ਡੂੰਘਾ ਵਾਕਿਫ਼ ਸੀ। ਆਵਾਮ ਨਾਲ ਗਹਿਰੀ ਸੰਵੇਦਨਾ ਸਦਕਾ ਜੁੜੇ ਉਨ੍ਹਾਂ ਦੇ ‘ਜੈਵਿਕ ਬੁੱਧੀਜੀਵੀ’ ਆਵਾਮ ਦੇ ਇਰਾਦਿਆਂ ਤੋਂ ਵਾਕਿਫ਼ ਹੁੰਦੇ ਹਨ। ਸਾਡੇ ਮੱਧਕਾਲੀ ਕਾਵਿ ਦੀ ਸੰਵੇਦਨਾ ਪੂਰਨ ਰੂਪ ’ਚ ਦਵੰਦਾਤਮਿਕ ਸੂਝ ਨਾਲ ਭਰੀ ਹੋਈ ਹੈ ਕਿਉਂਕਿ ਉਹ ਲੋਕ ਕਾਵਿ ਸੀ।
ਇਨ੍ਹਾਂ ਕੱਤੀਆਂ ਦੇ ਏਕੇ ’ਚ ਕਰੋੜ ਹੋਣਗੇ
ਤੇਰੀ ਧੌਣ ਦੇ ਜੋ ਮਣਕੇ ਮਰੋੜ ਹੋਣਗੇ
ਅੱਸੀ ਵਰੇ ਦਿਆਂ ਬਾਬਿਆਂ ਤੋਂ ਲੈ ਕੇ ਥਾਪੜਾ
ਤੈਨੂੰ ਜੰਗ ਦਾ ਐਲਾਨ ਨੌਜੁਆਨ ਕਰੂਗਾ
ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ
ਪਰ ਫ਼ਸਲਾਂ ਦੇ ਫੈਸਲੇ ਕਿਸਾਨ ਕਰੂਗਾ
ਅਸੀਂ ਹੱਕ ਦੀ ਲੜਾਈ ਹੱਕ ਨਾਲ ਲੜਾਂਗੇ
ਅਸੀਂ ਜਿੱਤਾਂਗੇ ਤੇ ਦੇਗ ਤੇਗ ਫ਼ਤਿਹ ਪੜਾਂਗੇ
ਸਾਨੂੰ ਮਾਣ ਵਰੀ ਰਾਏ ਇਤਿਹਾਸ ਦੇ ਉੱਤੇ
ਬਾਕੀ ਦੁੱਧ ਪਾਣੀ ਜੰਗ ਦਾ ਮੈਦਾਨ ਕਰੂਗਾ
ਬੀਰ ਸਿੰਘ ਦਾ ਲਿਖਿਆ ਰਣਜੀਤ ਬਾਵਾ ਦਾ ਗਾਇਆ ਗੀਤ ‘ਮੇਰਾ ਕੀ ਕਸੂਰ’ ਹਿੰਦੂਤਵ/ਬ੍ਰਾਹਮਣਵਾਦ ਉੱਪਰ ਸਿਧਾਂਤਕ ਹਮਲਾ ਜਾਪਦਾ ਸੀ ਜਿਸ ਕਰਕੇ ਉਹ ਵਿਵਾਦ ਵਿਚ ਘਿਰ ਗਿਆ। ਰਣਜੀਤ ਬਾਵਾ ਤਾਂ ਭਾਵੇਂ ਇਸ ਵਿਵਾਦ ਤੋਂ ਕਿਨਾਰਾ ਕਰ ਗਿਆ, ਪਰ ਬੀਰ ਸਿੰਘ ਆਪਣੀ ਲਿਖਤ ਉੱਪਰ ਪਹਿਰਾ ਦਿੰਦਾ ਰਿਹਾ ਕਿਉਂਕਿ ਕੋਈ ਹਕੀਕਤ ਤੋਂ ਕਿਵੇਂ ਮੁੱਖ ਮੋੜ ਸਕਦਾ ਹੈ। 15 ਅਕਤੂਬਰ ਨੂੰ ਰਿਲੀਜ਼ ਹੋਏ ਬੀਰ ਸਿੰਘ ਦੇ ਨਵੇਂ ਗੀਤ ‘ਮਿੱਟੀ ਦੇ ਪੁੱਤਰੋ ਵੇ’ ਕਿਸਾਨੀ ਘੋਲ ਦੇ ਪ੍ਰਚਾਰ ਹਿੱਤ ਵਿਚਾਰਕ ਸੂਝ ਦੀ ਜ਼ਰੂਰਤ ਨੂੰ ਮਹਿਸੂਸ ਕਰਦਾ, ਹੱਕਾਂ ਦੀ ਜੰਗ ਨੂੰ ਸਿਦਕ, ਸਬਰ ਨਾਲ ਲੜਨ ਦਾ ਸੁਨੇਹਾ ਹੈ। ਇਹ ਸੂਝ ਹੀ ਅੱਜ ਦੇ ਲੋਕ ਘੋਲ ਦੀ ਜਿੰਦ ਜਾਨ ਹੈ।
ਹੱਕਾਂ ਦੀ ਜੰਗ ਹੈ ਵੀਰੋ, ਸਬਰਾਂ ਨਾਲ ਲੜਨੀ ਪੈਣੀ
ਚੱਲੀ ਜੋ ਚਾਲ ਸਮੇਂ ਨੇ, ਅਕਲਾਂ ਨਾਲ ਫੜਨੀ ਪੈਣੀ
ਸਮਝਾਂ ਨਾਲ ਮਿਥੋ ਨਿਸ਼ਾਨੇ, ਗੱਲਾਂ ਦੇ ਵਿਚ ਨਾ ਆਓ
ਮਿੱਟੀ ਦੇ ਪੁੱਤਰੋ ਵੇ, ਅਕਲਾਂ ਨੂੰ ਧਾਰ ਲਗਾਓ, ਮਿੱਟੀ ਦੇ ਪੁੱਤਰੋ ਵੇ
ਹੱਕਾਂ ਲਈ ਮਰਨ ਤੋਂ ਪਹਿਲਾਂ, ਹੱਕਾਂ ਲਈ ਜੀਣਾ ਸਿੱਖੀਏ
ਮੱਤਾਂ ਨੂੰ ਰੌਸ਼ਨ ਕਰੀਏ, ਜ਼ਿੰਦਗੀ ਦੇ ਨਗ਼ਮੇਂ ਲਿਖੀਏ
ਬਹਿ ਕੇ ਬਾਰੂਦ ’ਤੇ ਵੀਰੋ, ਤੀਲੀ ਨੂੰ ਹੱਥ ਨਾ ਲਾਓ
ਮਹਿਲਾਂ ਦੀ ਅੱਖ ਜੀਹਦੇ ’ਤੇ, ਫ਼ਿਕਰਾਂ ਉਸ ਬਾਗ਼ ਦੀਆਂ ਨੇ
ਜਾਤੀ ਜਾਂ ਧਰਮ ਦੀਆਂ ਨਹੀਂ, ਮੰਗਾਂ ਪੰਜਾਬ ਦੀਆਂ ਨੇ
ਪਾਉਂਦੇ ਨੇ ਉਹ ਵਖਰੇਵੇਂ, ਇੱਕ ਹੋ ਕੇ ਤੁਸੀਂ ਦਿਖਾਓ
ਦਿੱਲੀ ਜਾਣ ਲਈ ਪੰਜਾਬੀਆਂ ਨੂੰ ਕਮਰਕੱਸਾ ਕਰਨ ਲਈ ਹਰਫ਼ ਚੀਮਾ ਦਾ ਲਿਖਿਆ ਗੀਤ ‘ਪੇਚਾ’ ਆਹਲਾਤਰੀਨ ਅੰਦੋਲਨ ਦੀ ਰੂਹੇ-ਰਵਾਂ ਵਜੋਂ 21 ਨਵੰਬਰ ਨੂੰ ਰਿਲੀਜ਼ ਹੋਇਆ। ਕੰਵਰ ਗਰੇਵਾਲ ਅਤੇ ਹਰਫ਼ ਚੀਮਾ ਦੀ ਜੁਗਲਬੰਦੀ ਅੰਦੋਲਨਕਾਰੀਆਂ ਹੀ ਨਹੀਂ ਸਗੋਂ ਸਮੁੱਚੀ ਪੰਜਾਬੀਅਤ ਨੂੰ ਦਿੱਲੀ ਵਿਚ ਲੜੇ ਜਾਣ ਵਾਲੇ ਯੁੱਧ ਦੇ ਜੋਸ਼ ਨਾਲ ਭਰ ਦਿੰਦੀ ਹੈ। ‘ਨਾਲ ਤੇਰੇ ਪੰਜਾਬ ਸਿਆਂ ਬਸ ਨਾਂ ਦੀ ਆੜੀ ਦਿੱਲੀ ਦੀ/ ਕਾਲੀਆਂ ਨੀਤੀਆਂ ਕਰਦੇ ਲਾਗੂ ਓ ਨੀਅਤ ਮਾੜੀ ਦਿੱਲੀ ਦੀ/ ਤੇਰੇ ਦਰ ਤੱਕ ਪਹੁੰਚ ਗਈ ਏ ਆਣ ਕੁਹਾੜੀ ਦਿੱਲੀ ਦੀ/ ਉਏ ਤੇਰੀਆਂ ਖ਼ੁਦਕਸ਼ੀਆਂ ’ਤੇ ਕਾਹਨੂੰ ਵੱਜਦੀ ਤਾੜੀ ਦਿੱਲੀ ਦੀ।’ ਹਰਫ਼ ਨੇ ਪੇਚਾ ਵਿਚ ਜਿਸ ਬੌਧਿਕਤਾ ਦਾ ਪ੍ਰਮਾਣ ਦਿੱਤਾ ਹੈ, ਪੰਜਾਬੀ ਲੋਕ ਗਾਇਕੀ ਵਿਚ ਇਸ ਦੀਆਂ ਮਿਸਾਲਾਂ ਘੱਟ ਹਨ। ਸਟੇਟ ਦੇ ਸਿਸਟਮ ਨੂੰ ਲੋਕਾਂ ਦੀ ਸੁਰਤੀ ’ਚ ਟਿਕਾ ਕੇ ਲੋਕ ਚੇਤਨਾ ਨੂੰ ਇਸ ਦੇ ਹਲਕ ’ਚ ਫ਼ਾਨਾ ਦੇਣ ਦਾ ਸੱਦਾ ਸੱਚਮੁੱਚ ਕਿਸਾਨ ਅੰਦੋਲਨ ਅਤੇ ਉਸ ਦੇ ਬੁੱਧੀਜੀਵੀਆਂ ਦੀ ਨਿਵੇਕਲੀ ਪ੍ਰਾਪਤੀ ਹੈ ਕਿਉਂਕਿ ਅਜਿਹੇ ਜਨ ਅੰਦੋਲਨ ਦੇ ਝਲਕਾਰੇ ਪੰਜਾਬ/ਹਿੰਦੋਸਤਾਨ ਦੇ ਇਤਿਹਾਸ ਵਿਚ ਦੁਰਲੱਭ ਹਨ। ਕਿਸਾਨ ਅੰਦੋਲਨ ਸੱਚਮੁੱਚ ਸਰਕਾਰ ਵਿਰੁੱਧ ਨਹੀਂ, ਇਸ ਨੇ ਸਿਸਟਮ ਦੇ ਹਲਕ ’ਚ ਫ਼ਾਨਾ ਦੇ ਦਿੱਤਾ ਹੈ ਜਿਸ ਨਾਲ ਕਾਰਪੋਰੇਟ ਦਾ ਸਾਹ ਬੰਦ ਹੋਣ ਵੱਲ ਵਧ ਰਿਹਾ ਹੈ। ਸਿਸਟਮ ਅਤੇ ਕਾਰਪੋਰੇਟ ਇਕੋ ਸਿੱਕੇ ਦੇ ਦੋ ਪਾਸੇ ਹਨ:
ਵੇਲਾ ਆ ਗਿਆ ਜਾਗ ਕਿਸਾਨਾਂ, ਦੇ ਸਿਸਟਮ ਦੇ ਹਲਕ ’ਚ ਫ਼ਾਨਾ
ਖੇਤ ਤੇਰੇ ਇਹ ਖੋਹਣ ਨੂੰ ਫਿਰਦੇ, ਜੋ ਤੂੰ ਪੱਧਰੇ ਕੀਤੇ ਏਂਟਰ ਨਾ’
ਖਿੱਚ ਲੈ ਜੱਟਾ ਖਿੱਚ ਤਿਆਰੀ, ਪੇਚਾ ਪੈ ਗਿਆ ਸੈਂਟਰ ਨਾ’
ਅਕਲਾਂ ਵਾਲਿਓ ਚੱਕ ਲਉ ਕਲਮਾਂ, ਮਾਰ ਲੈਣ ਨਾ ਰਫ਼ਲਾਂ ਸਾਨੂੰ
ਅੱਜ ਹਾਰ ਗਏ ਕੀ ਕਹਿਣਗੀਆਂ, ਆਉਣ ਵਾਲੀਆਂ ਨਸਲਾਂ ਸਾਨੂੰ
ਵੋਟਾਂ ਵੇਲੇ ਟਾਲ ਜਾਂਦੇ ਨੇ, ਲੀਡਰ ਫ਼ੋਕੇ ਫ਼ੈਂਟਰ ਨਾ’
ਭੋਲੇ ਜੱਟਾਂ ਨੂੰ ਕਾਰਪੋਰੇਟ ਦੇ ‘ਏਜੰਡੇ’ ਸਮਝਾਉਂਦਾ ਇਹ ਗੀਤ ਕਿਸਾਨ ਅੰਦੋਲਨ ਦੀ ਜਿੰਦ-ਜਾਨ ਹੈ ਕਿਉਂਕਿ ‘ਭੋਲੇ ਜੱਟਾਂ’ ਨੇ ਅਸਲੀ ਲੁਕਵੇਂ ਦੁਸ਼ਮਣ ਕਾਰਪੋਰੇਟ ਦੀ ਸੰਘੀ ਨੂੰ ਹੱਥ ਜਾ ਪਾਇਆ ਹੈ ਜਿਸ ਨੇ ਉਸ ਦੀ ਪੰਜਾਹ ਸਾਲ ਪਹਿਲਾਂ ‘ਹਰੇ ਇਨਕਲਾਬ’ ਰਾਹੀਂਂ ਮੱਤ ਮਾਰੀ ਹੋਈ ਸੀ। ਨਵ-ਧਨਾਢਾਂ ਦੇ ‘ਸਾਧਾਰਨ ਬੌਧਿਕ’ ਕਾਮਿਆਂ (ਗੀਤਕਾਰ/ਗਾਇਕ) ਨੇ ਪੰਜਾਬੀਆਂ ਨੂੰ ਕਾਰਪੋਰੇਟੀ ਖਪਤਵਾਦ ਵਿਚ ਗ੍ਰਸ ਦਿੱਤਾ। ਹੁਣ ਜਦੋਂ ਹਰਾ ਇਨਕਲਾਬ ਆਪਣੀ ਅਉਧ ਹੰਢਾ ਕੇ ਪੰਜਾਬੀ ਮਨੁੱਖ ਦੀ ਆਰਥਿਕਤਾ ਨੂੰ ਨਿੱਸਲ ਕਰ ਚੁੱਕਿਆ ਹੈ ਤਾਂ ਨਵੇਂ ਖੇਤੀ ਕਾਨੂੰਨਾਂ ਨੂੰ ਸਮਝਣਾ ਉਸ ਦੇ ਆਪਣੇ ਵਿਵੇਕ ਦਾ ਹਿੱਸਾ ਬਣ ਗਿਆ। ਹੁਣ ਉਸ ਦੇ ਦਾਨਿਸ਼ਮੰਦ ਗਾਇਕ-ਗੀਤਕਾਰ ਉਸ ਨੂੰ ਉਸ ਦੀ ਆਪਣੀ ‘ਜ਼ਬਾਨ’ ਵਿਚ ਹੀ ਪ੍ਰੇਰਿਤ ਕਰ ਰਹੇ ਹਨ। ਸੰਘਰਸ਼ਸ਼ੀਲ ਕਿਸਾਨ/ਜਨ ਨੂੰ ਉਸ ਦੇ ਆਪਣੇ ‘ਜੈਵਿਕ ਬੁੱਧੀਜੀਵੀ’ ਮਿਲ ਗਏ ਹਨ ਜੋ ਉਸ ਦੀ ਪੀੜ ਨੂੰ ਲੋਕ ਲਹਿਰ ਵਿਚ ਬਦਲਣ ਲਈ ਕਾਮਯਾਬ ਉਪਰਾਲੇ ਵਿਚ ਸ਼ਾਮਿਲ ਹਨ। ਸੰਘਰਸ਼ ਦੇ ਇਸ ਆਦਰਸ਼ ਬਿੰਦੂ ’ਤੇ ਜਦੋਂ ਦਿੱਲੀ ਲੋਕਾਂ ਦੀ ਜੰਗ ਦਾ ਮੈਦਾਨ ਬਣ ਚੁੱਕੀ ਹੈ ਤਾਂ ਉਹ ‘ਬੌਧਿਕ ਕਾਮੇ’ ਅੱਡੀਆਂ ਚੁੱਕ ਇਸ ਪਾਲ ਵੱਲ ਦੌੜ ਰਹੇ ਹਨ ਜੋ ਕੱਲ੍ਹ ਤੱਕ ‘ਗੈਂਗਸਟਰ ਫਨ’ ਵਿਚ ਗ੍ਰਸਤ ਆਪਣੀ ਹਉਮੈਂ ਦਾ ਵਿਸਥਾਰ ਕਰ ਰਹੇ ਸਨ। ਕਾਰਨ ਇਹ ਹੈ ਕਿ ਕਿਸਾਨ ਅੰਦੋਲਨ ਸੱਭਿਆਚਾਰਕ ਕ੍ਰਾਂਤੀ ਬਣਦਾ ਜਾ ਰਿਹਾ ਹੈ।
ਚਮਕੀਲਾ ਦੇ ਸਮਕਾਲੀ ਗੁਰਦਾਸ ਮਾਨ ਨੇ ਪੰਜਾਬ ਨੂੰ ਮੱਧਕਾਲੀ ਕਾਵਿ ਦੀ ਪ੍ਰੇਰਨਾਦਾਇਕ ਦ੍ਰਿਸ਼ਟੀ ਤੋਂ ਵੇਖਣਾ ਜਾਰੀ ਰੱਖਿਆ ਸੀ। ਇਹ ਜੈਵਿਕ ਧਾਰਾ ਬੱਬੂ ਮਾਨ, ਵਾਰਿਸ ਭਰਾ, ਸਤਿੰਦਰ ਸਰਤਾਜ ਆਦਿ ਰਾਹੀਂ ਜਾਰੀ ਰਹੀ, ਪਰ ਪੰਜਾਬੀ ਨੌਜੁਆਨ ਦੀ ਚੇਤਨਾ ਚਮਕੀਲੇ ਦੀ ਪੂੰਜੀਵਾਦੀ-ਸਾਮੰਤਵਾਦੀ ਵਿਚਾਰਧਾਰਾ ਨਾਲ ਗ੍ਰਹਿਣੀ ਰਹੀ। ਹੁਣ ਜਦੋਂ ਪੰਜਾਬੀ ਮਨੁੱਖ/ਨੌਜੁਆਨ ਨੇ ਨਵੀਂ ਕਰਵਟ ਲਈ ਹੈ ਤਾਂ ਉਸ ਨੂੰ ਉਸ ਦੇ ਦਾਨਿਸ਼ਮੰਦ ਜੈਵਿਕ ਕਾਮੇ ਜੀ ਆਇਆਂ ਕਹਿ ਰਹੇ ਹਨ। ਜਵਾਨੀ ਦੇ ਜੋਸ਼ ਨਾਲ ਹੋਸ਼ ਭਰੀ ਅੰਗੜਾਈ ਨੇ ਸਾਰੇ ਸੰਸਾਰ ਵਿਚ ਧਾਂਕ ਜਮਾ ਦਿੱਤੀ ਹੈ। ਹਰਫ਼ ਚੀਮਾ ਅਤੇ ਕੰਵਰ ਗਰੇਵਾਲ ਨੇ ‘ਜਿੰਦਾਬਾਦ ਨੀ ਜਵਾਨੀਏ, ਮਾਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ’ ਗਾ ਕੇ ਨੌਜੁਆਨਾਂ ਨੂੰ ਸਨਮਾਨ ਨਾਲ ਨਿਵਾਜਿਆ ਹੈ। ਇਨ੍ਹਾਂ ਤਿੰਨਾਂ ਬੌਧਿਕ ਕਾਮਿਆਂ ਦੀ ਮਿਹਨਤ ਨੇ ਪੰਜਾਬੀ ਲੇਖਨ ਅਤੇ ਗਾਇਕੀ ਦੇ ਨਕਸ਼ ਬਦਲ ਦਿੱਤੇ ਹਨ। ਸੰਘਰਸ਼ ਅਤੇ ਬੌਧਿਕਤਾ ਦੇ ਇਸ ਸੁਮੇਲ ਨੇ ਵਿਰੋਧ-ਵਿਕਾਸ ਨੂੰ ਇਕ ਨਵੇਂ ਆਯਾਮ ਵਿਚ ਢਾਲ ਦਿੱਤਾ ਹੈ।
ਪੰਜਾਬੀ ਸਮਾਜ ਉੱਪਰ ਆਧੁਨਿਕ ਸਾਹਿਤਕ ਸਿਨਫ਼ਾਂ ਬਹੁਤੀਆਂ ਅਸਰਦਾਰ ਨਹੀਂ ਹੋਈਆਂ ਕਿਉਂਕਿ ਪੰਜਾਬੀ ਸਮਾਜ ਦਾ ਆਧੁਨਿਕੀਕਰਨ ਹੀ ਨਹੀਂ ਸੀ ਹੋਇਆ। ਇਸੇ ਲਈ ਲੋਕ ਕਾਵਿ ਦਾ ਰਵਾਇਤੀ ਤਰੀਕਾ ਹੀ ਪੰਜਾਬੀ ਸਮਾਜ ਦੀ ਅਗਵਾਈ ਕਰਦਾ ਰਿਹਾ ਹੈ। ਪ੍ਰਗਤੀਵਾਦੀ ਲੇਖਨ ਨੇ ਆਪਣੇ ਆਪ ਨੂੰ ਅਕਾਦਮਿਕਤਾ ਤੱਕ ਸੀਮਤ ਕਰ ਲਿਆ ਸੀ। ਸਿਰਫ਼ ਸ਼ਿਵ, ਉਦਾਸੀ, ਪਾਸ਼ ਇਸ ਪ੍ਰਗਤੀਵਾਦੀ ਪਰੰਪਰਾ ਦੇ ਜੂਲ਼ੇ ਨੂੰ ਤੋੜਨ ’ਚ ਕਾਮਯਾਬ ਰਹੇ। 2018 ਵਿਚ ਪ੍ਰਕਾਸ਼ਿਤ ਆਪਣੇ ਲੇਖ ’ਚੋਂ ਇਕ ਟੂਕ ਦੁਹਰਾਉਂਦਾ ਹਾਂ:
‘‘’ਪ੍ਰਗਤੀਵਾਦ ਦੇ ਰੁਮਾਂਸਵਾਦੀ ਇਨਕਲਾਬ ਦੀ ਲਤ ’ਚ ਪਿਛਲੇ ਪੰਜਾਹ ਸਾਲਾਂ ਤੋਂ ਸੱਭਿਆਚਾਰ ਤੋਂ ਬਾਹਰ ਬੈਠੇ ਲੋਕ ਕਾਵਿ ਸੰਗੀਤ ਦਾ ਬਦਲਵਾਂ ਇਨਕਲਾਬੀ (ਕਾਊਂਟਰ) ਸੱਭਿਆਚਾਰ ਉਸਾਰਦੇ ਇਹ ਭੁੱਲ ਹੀ ਗਏ ਹਨ ਕਿ ਇਹ ਜੰਗ, ਮੈਦਾਨ-ਏ-ਜੰਗ ਵਿਚ ਰਹਿ ਕੇ ਹੀ ਲੜੀ ਜਾ ਸਕਦੀ ਹੈ, ਬੰਦ ਕਮਰਾ ਬਹਿਸਾਂ ’ਚ ਸੱਭਿਆਚਾਰ ਨਹੀਂ ਉਸਰ ਸਕਦੇ। ਇਸ ਦਾ ਬਦਲ ਲੋਕ ਕਾਵਿ ਸੰਗੀਤ ਦੇ ਆਪਣੇ ਜੈਵਿਕ ਬੁੱਧੀਜੀਵੀ ਉਸਾਰਨਗੇ। ਲੋਕ ਕਾਵਿ ਸੰਗੀਤ ਦੇ ਸਾਧਾਰਨ ਬੁੱਧੀਜੀਵੀ ‘ਪੈਸੇ ਦੇ ਪੀਰ’ ਹਨ। ਇਸੇ ਪਿੜ ’ਚ ਲੜ ਰਹੇ ਜੈਵਿਕ ਸਿਪਾਹੀ ਦੀ ਕਲਮ ਦੀਆਂ ਤੇਗਾਂ ਇਹ ਤੈਅ ਕਰਨਗੀਆਂ ਕਿ ਜਿੱਤ ਹੈਕਟੇਅਰ ਦੀ ਹੁੰਦੀ ਹੈ ਜਾਂ ਐਸਲੀਜ਼ ਦੀ। ਬਾਹਰ ਬੈਠਾ ਮਹਾਂਭਾਰਤ ਦਾ ਸੰਜੇ ਤਾਂ ਸਿਰਫ਼ ਕੁਮੈਂਟਰੀ ਹੀ ਕਰ ਸਕਦਾ ਹੈ।’’
ਫ਼ਿਲਹਾਲ ਦਾਨਿਸ਼ਵਰ ਸਿਪਾਹੀਆਂ ਨੇ ਜਨ ਸੰਘਰਸ਼ ’ਚ ਐਸਲੀਜ਼ ਨੂੰ ਮੈਦਾਨੋਂ ਖਦੇੜ ਦਿੱਤਾ ਹੈ। ਗੁਰਦਾਸ ਮਾਨ ਇਸੇ ਜੰਗ ਦਾ ਦਾਨਿਸ਼ਵਰ ਸਿਪਾਹੀ ਰਿਹਾ ਹੈ। ਉਸ ਨੇ ਪੰਜਾਬੀ ਕੌਮ ਤੋਂ ਭੁੱਲ ਬਖ਼ਸ਼ਾਉਣ ਲਈ ਦੇਰ ਕਰ ਦਿੱਤੀ। ਫਿਰ ਵੀ ਉਹ ਪਰਤ ਆਇਆ ਹੈ, ਦੇਰ ਆਇਦ ਦਰੁਸਤ ਆਇਦ। ਸੰਘਰਸ਼ਸ਼ੀਲ ਲੋਕਾਂ ਦੇ ਜਿਗਰੇ ਪਹਾੜ ਵਰਗੇ ਹੋਣੇ ਚਾਹੀਦੇ ਨੇ, ਭੁੱਲੇ ਭਟਕੇ ਨੂੰ ਪਨਾਹ ਦੇ ਦੇਣੀ ਚਾਹੀਦੀ ਹੈ। ਗੁਰਦਾਨ ਮਾਨ ਨੂੰ ਵੀ ਚਾਹੀਦਾ ਹੈ ਕਿ ਉਹ ਸੰਘਰਸ਼ਸ਼ੀਲ ਪੰਜਾਬੀ ਕੌਮ ਦੀ ਝੋਲੀ ਅਜਿਹੀ ਸਿਰਜਨਾਤਮਿਕ ਰਚਨਾ ਪਾਉਣ ਕਿ ਨੌਜੁਆਨ ਉਸ ਨਾਲ ਗੁੱਸਾ ਗਿਲਾ ਭੁੱਲ ਜਾਣ। ਪੰਜਾਬੀ ਕੌਮ ਦੇ ਇਨ੍ਹਾਂ ਦਾਨਿਸ਼ਵਰ ‘ਜੈਵਿਕ ਬੁੱਧੀਜੀਵੀਆਂ’ ਦਾ ਸਰਮਾਇਆ ਸਲਾਮਤ ਰਹੇ ਅਤੇ ਕਾਫ਼ਲਾ ਵਧਦਾ ਜਾਵੇ। ਆਮੀਨ!
ਸੰਪਰਕ: 98140-99426