ਡਾ. ਯੋਗਰਾਜ
‘ਦਾਇਰਿਆਂ ਦੀ ਕਬਰ ’ਚੋਂ’ ਤੋਂ ਲੈ ਕੇ ‘ਊਰੀ’ ਤੱਕ ਦੇ ਸਵਰਨਜੀਤ ਸਵੀ ਦੇ ਨਿਰੰਤਰ ਕਾਵਿ-ਸਫ਼ਰ ਨੇ ਹਰ ਵਾਰ ਨਵੇਂਪਣ ਦਾ ਅਹਿਸਾਸ ਕਰਵਾਇਆ ਹੈ। ਇਸ ਦਾ ਕਾਰਨ ਸਵੀ ਦਾ ਆਪਣੇ ਸਮਾਜ ਦੇ ਇਤਿਹਾਸਕ ਵਿਕਾਸ ਬਾਰੇ ਜਗਿਆਸੂ ਹੋਣਾ ਹੈ। ਇਸ ਜਗਿਆਸੂ ਬਿਰਤੀ ਨੇ ਉਸ ਨੂੰ ਵਰਤਾਰਿਆਂ ਨੂੰ ਸਮਝਣ ਦੀ ਰੀਝ ਦਿੱਤੀ ਹੈ। ਕੋਈ ਨਹੀਂ ਨਿਰਣਾ ਕਰ ਸਕਦਾ ਕਿ ਮੈਂ ਅੰਤਿਮ ਭੇਦ ਪਾ ਲਿਆ, ਮਨੁੱਖੀ ਬ੍ਰਹਿਮੰਡ ਨੂੰ ਸਮਝਣ ਦਾ। ਹਰ ਜਗਿਆਸੂ ਕਿਆਸ-ਅਰਾਈਆਂ ਲਾਉਂਦਾ ਹੈ। ਇਸ ਵਾਰ ‘ਮਨ ਦੀ ਚਿੱਪ’ (ਕੀਮਤ: 250 ਰੁਪਏ; ਸ਼ਬਦਲੋਕ) ਦੀ ਸਿਰਜਣਾ ਰਾਹੀਂ ਸਵੀ ਨੇ ਸਮਾਜ ਜਾਂ ਕਹਿ ਲਵੋ ਦੁਨੀਆਂ ਦੇ ਭਵਿੱਖ ਬਾਰੇ ਹੋ ਰਹੀ ਚਰਚਾ ਵਿੱਚ ਆਪਣਾ ਕਾਵਿਕ-ਸੰਵਾਦ ਛੇੜਿਆ ਹੈ ਜਿਸ ਦੀ ਪਿੱਠ-ਭੂਮੀ ਵਿੱਚ ਵਿਸ਼ਵ ਚਿੰਤਨ ਦਾ ਉਹ ਸੰਵਾਦ ਹੈ ਜਿਸ ਦੀ ਸ਼ੁਰੂਆਤ ਯੁਵਲ ਨੋਹ ਹਰਾਰੀ ਨੇ ਆਪਣੀਆਂ ਕਿਤਾਬਾਂ ਰਾਹੀਂ ਕੀਤੀ। ਸਵੀ ਉਸ ਦੇ ਚਿੰਤਨ ਦਾ ਪ੍ਰਚਾਰ/ਵਿਰੋਧ ਨਹੀਂ ਕਰ ਰਿਹਾ। ਕਵੀ ਮਨ ਨਾਲ ਸਿਰਜਣਾ ਦੀ ਬੁਨਿਆਦੀ ਭੂਮਿਕਾ ਨਾਲ, ਮਾਨਵੀ ਸੰਵੇਦਨਾ ਦੇ ਮੁੱਖ ਸਵਾਲ ਨੂੰ ਉਭਾਰ ਰਿਹਾ ਹੈ। ਇਸ ਸੰਵਾਦ ਵਿੱਚ ਸਵੀ ਨੇ ਪੰਜਾਬੀ ਪਰੰਪਰਾ ਵਿੱਚ ਨਾਨਕ ਦੀ ਗੋਸਟਿ ਨੂੰ ਚੁਣਿਆ ਹੈ ਜਿਹੜੀ ਵਰਤਮਾਨ ਪ੍ਰਸੰਗ ਵਿੱਚ ਹਰਾਰੀ ਦੀਆਂ ਭਵਿੱਖਤ ਕਲਪਨਾਵਾਂ ਨੂੰ ਮਾਨਵੀ ਮੂਲ ਦੀ ਸਮਰੱਥਾ ਮੂਹਰੇ ਸਵਾਲਾਂ ਦੇ ਘੇਰੇ ’ਚ ਖੜ੍ਹਾ ਕਰਦੀ ਹੈ। ਮਾਨਵੀ ਮੂਲ ਦੀ ਇਹ ਸਮਰੱਥਾ ਗਿਆਨਾਤਮਿਕ ਪ੍ਰਵਚਨ ਸਿਰਜਦੀ ਤਾਂ ਹੈ, ਉਨ੍ਹਾਂ ਮੂਹਰੇ ਹਥਿਆਰ ਨਹੀਂ ਸੁੱਟਦੀ। ਇਸੇ ਲਈ ਮਸ਼ੀਨ ਨਹੀਂ, ਮਨੁੱਖ ਹੀ ਪ੍ਰਥਮ ਰਹਿਣਾ ਹੈ। ਸਵੀ ਨੇ ਇਸ ਸੰਗ੍ਰਹਿ ਦੀ ਪ੍ਰਥਮ ਕਵਿਤਾ ਨੂੰ ਆਦਿਕਾ ਵਜੋਂ ਪੇਸ਼ ਕਰਦਿਆਂ, ਸਿਰਜਣਾ ਨੂੰ ਪ੍ਰਥਮ ਕਹਿ ਕੇ, ਮਾਨਵੀ ਸੰਵੇਦਨਾ ਦੀ ਸਦੀਵਤਾ ਨੂੰ ਦ੍ਰਿੜ੍ਹ ਕਰਵਾਇਆ ਹੈ। ਅੱਜ ਸਭ ਤੋਂ ਵੱਡੀ ਵੰਗਾਰ ਹੀ ਮਾਨਵੀ ਸੰਵੇਦਨਾ, ਦੂਜੇ ਸ਼ਬਦਾਂ ’ਚ ਮਨੁੱਖ ਦੀ ਹੋਂਦ, ਮਾਨਵੀ ਸੱਭਿਅਤਾ ਨੂੰ ਹੈ। ਵਿਕਾਸ ਦੇ ਬਣ ਰਹੇ ਨਵੇਂ ਆਧਾਰ ਮਾਨਵੀ ਸੰਵੇਦਨਾ ਨੂੰ ਨਿਯੰਤਰਿਤ ਕਰਨ ਦੇ ਯਤਨ ਹਨ ਜਿਸ ਦੀ ਕਲਪਨਾ ਹਰਾਰੀ ਕਰਦਾ ਹੈ। ਸਵੀ ਦੀ ਚਿੱਪ ਯੰਤ੍ਰਿਕ ਚਿੱਪ ਉੱਤੇ ਮਾਨਵੀ ਚਿੱਪ ਦੀ ਸਦੀਵਤਾ ਦਾ ਕਾਵਿ-ਪ੍ਰਵਚਨ ਹੈ।
ਸਵੀ ਨੇ ਸੁਚੇਤ ਰੂਪ ਵਿੱਚ ਇਸ ਕਵਿਤਾ ਨੂੰ ਜਿਨ੍ਹਾਂ ਚਾਰ ਖੰਡਾਂ ਵਿੱਚ ਵੰਡਿਆ ਹੈ, ਉਹ ਪੰਜਾਬੀ ਸੱਭਿਅਤਾ ਦੇ ਗਿਆਨਾਤਮਿਕ ਪ੍ਰਵਚਨਾਂ ਦਾ ਹੁਣ ਤੱਕ ਦਾ ਮੂਲ ਹੈ। ਸਬਦ, ਸੁਰਤਿ, ਧੁਨਿ, ਮੂਰਤਿ ਰਾਹੀਂ ਸਵੀ ਨੇ ਯੰਤ੍ਰਿਕ ਹੋ ਜਾਂ ਕੀਤੇ ਜਾ ਰਹੇ ਸੰਸਾਰ ਦੇ ਸਮਾਨਾਂਤਰ, ਵਰਤਮਾਨ ਮਨੁੱਖ ਦੇ ਸਰੋਕਾਰਾਂ ਦੀ ਕਹਾਣੀ ਛੋਹੀ ਹੈ। ਇਹ ਹਰਾਰੀ ਦੀਆਂ ਕਹਾਣੀਆਂ ਤੋਂ ਅਗਾਂਹ, ਮਾਨਵੀ ਸੱਭਿਅਤਾ ਦੇ ਮੂਲ ਦੀ ਕਹਾਣੀ ਦਾ ਪ੍ਰਵਚਨ ਹੈ ਜਿਹੜਾ ਸਾਡੇ ਸਾਹਮਣੇ ਸੰਵਾਦ ਦਾ ਨਵਾਂ-ਨਕੋਰ ਰੂਪ ਪੇਸ਼ ਕਰ ਰਿਹਾ ਹੈ- ਇਸ ਸੰਵਾਦ ’ਚੋਂ ਅਸੀਂ ਆਪਣਾ ਜਾਣੀ ਬੰਦੇ ਦਾ ਮੂਲ਼ ਪਛਾਣਨਾ ਹੈ।
ਗਿਆਨਾਤਮਿਕ ਪ੍ਰਵਚਨਾਂ ਨੂੰ ਕਵਿਤਾ ਦੀ ਭਾਸ਼ਾ ’ਚ ਢਾਲਣ ਦਾ ਹੁਨਰ ਸਵੀ ਨੂੰ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਉਸ ਨੇ ਛੋਟੇ-ਛੋਟੇ ਕਾਵਿਕ-ਬਿਰਤਾਂਤ ਸਿਰਜੇ ਹਨ। ਇਹ ਕਾਵਿਕ-ਬਿਰਤਾਂਤ ਸਿਧਾਂਤ ਅਤੇ ਸੰਕਲਪਾਂ ਨੂੰ ਕਵਿਤਾ ਦੀ ਭਾਸ਼ਾ ਰਾਹੀਂ ਪਾਠਕ ਤੱਕ ਪਹੁੰਚਾਉਂਦੇ ਹਨ। ਸਬਦਿ ਭਾਗ ਵਿੱਚੋਂ ਕਵਿਤਾ ਦੇਖਦੇ ਹਾਂ: ਪਿਆਰੇ ਡੇਵਿਡ ਕੋਪ/ ਬੀਥੋਵਿਨ ਵਜਾਕੇ/ ਤੇਰਾ ਪ੍ਰੋਗ੍ਰਾਮ ਕੀਤਾ ਸੰਗੀਤਕਾਰ ਰੋਬੋ/ ਈ ਐਮ ਆਈ/ ਸਟੀਵ ਲਾਰਸਨ ਨੂੰ/ ਲਾਜਵਾਬ ਤਾਂ ਕਰ ਸਕਦਾ/ ਬੇਬਸ ਨਹੀਂ/ ਵੱਜਿਆ ਵਜਾਉਣਾ/ ਤੇ ਨਵਾਂ ਸਿਰਜਣਾ/ ਆਪਣੇ ਕਸ਼ਟਾਂ ਉਦਾਸੀਆਂ/ ਉਡਾਰੀਆਂ ਨੂੰ ਜ਼ੁਬਾਨ ਦੇਣਾ/ ਸੁਰਾਂ ਸ਼ਬਦਾਂ ਗੀਤਾਂ ’ਚ/ ਫ਼ਰਕ ਤਾਂ ਰਹੇਗਾ…
ਐਮਿਲੀ ਸਿੱਖ ਰਹੀ ਬੇਸ਼ਕ/ ਸੁਣੀ ਸੁਣਾਈ ਵਜਾ ਵੀ ਰਹੀ
ਇੰਨ-ਬਿੰਨ/ ਯਾਦਾਸ਼ਤ ਭਰੀ ਹੈ ਉਸਦੀ/ ਦੁਨੀਆਂ ਭਰ ਦੇ ਸੰਗੀਤਕਾਰਾਂ/ ਕਵੀਆਂ ਦੇ ਲਿਖੇ ਸੁਣੇ/ ਦੁਖ ਸੁਖ ਨਾਲ/ ਕੁਝ ਤਾਂ ਹੋਵੇਗਾ/ ਮਨ ਦੀ ਤੜਪ ’ਚ/ ਅਣਲਿਖਿਆ ਅਣਕਿਹਾ/ ਸਿਰਫ ਉਸਦੇ ਤਹਿਖ਼ਾਨੇ ’ਚ ਹੈ/ ਰੰਗ ਰੂਪ ਸਰੂਪ ਵੱਖਰਾ ਹੋਵੇਗਾ!
ਮਨ ਦੇ ਤਹਿਖ਼ਾਨੇ/ ਅਜੇ ਪਹੁੰਚ ਤੋਂ ਪਾਰ/
ਤੇਰੀ ਐਮਿਲੀ ਦੇ!
ਕੀ ਰੋਬੋ, ਡੇਵਿਡ ਕੋਪ ਦੇ ਸੰਗੀਤ ਨੂੰ ਜੀਵੰਤ ਕਰ ਸਕਦਾ? ਜਾਂ ਵੱਜਿਆ ਵਜਾਉਣਾ ਅਤੇ ਨਵੇਂ ਸਿਰਜਣ ਦਾ ਫ਼ਰਕ ਮਿਟ ਸਕੇਗਾ? ਇਹ ਬੁਨਿਆਦੀ ਸਵਾਲ ਨੇ। ਕਵੀ ਨਿਰਣਾ ਪਾਠਕ ’ਤੇ ਛੱਡ ਰਿਹਾ ਹੈ। ਇਸ ਅਣਕਹੇ ’ਚ ਜੋ ਕਹਿਣਾ ਸੀ, ਕਵੀ ਨੇ ਕਹਿ ਦਿੱਤਾ। ਇਹ ਕਾਵਿਕ-ਸੰਵਾਦ ਹੈ- ਨਿਰਣਾ ਇਸ ਸੰਵਾਦ ਨੇ ਕਰ ਦਿੱਤਾ। ਸਵੀ ਇਸ ਸੰਵਾਦ ਨੂੰ ਅਗਲੇ ਵਿਸਥਾਰ ’ਚ ਫੈਲਾ ਵੀ ਦਿੰਦਾ ਹੈ। ਕਹਾਣੀ ਸਿਧਾਂਤਕਾਰ ਘੜ ਲੈਂਦਾ ਹੈ, ਉਸ ਕਹਾਣੀ ਦੀ ਸਾਰਥਕਤਾ ਲੋਕ-ਮਨ ’ਚ ਉਸ ਦੇ ਵਾਸ ਰਾਹੀਂ ਹੀ ਸੰਭਵ ਹੋਵੇਗੀ, ਇਹ ਕਾਰਜ ਮਸ਼ੀਨ ਨਹੀਂ ਮਨੁੱਖ ਦਾ ਹੈ। ਸਵੀ ਕੁਦਰਤ ’ਤੇ ਹਾਵੀ ਹੋ ਰਹੇ ਵਿਕਾਸ ਦੇ ਮਾਰੂ ਜਨੂੰਨ ਤੋਂ ਵੀ ਆਗਾਹ ਕਰਦਾ ਹੈ।
ਇਸੇ ਭਾਗ ਵਿੱਚ ਸਵੀ ਫ਼ਿਰ ਨਾਨਕ ਰਾਹੀਂ, ਆਪਣੀ ਸਥਾਨਕਤਾ ਦੇ ਗੌਰਵ ਕੋਲ ਪਰਤ ਕੇ, ਵਰਤਮਾਨ ਯੰਤ੍ਰਿਕ ਸੱਭਿਅਤਾ ਦੇ ਹੋ ਰਹੇ ਵਿਕਾਸ ਸਾਹਵੇਂ ਸਵਾਲ ਉਠਾਉਂਦਾ ਹੈ:
ਬਾਬਾ ਬੈਠਾ/ ਧਿਆਨ ਧਰ
ਰਬਾਬੀ/ ਰਬਾਬ ਸੱਖਣੀ ਛੱਡ ਗਿਆ/
ਛੱਡਕੇ ਸੁਲਤਾਨਪੁਰ/ ਤੇ ਨਨਕਾਣਾ
ਬਾਬਾ ਆ ਬੈਠਾ ਕਰਤਾਰਪੁਰ/
ਰੱਖ ਖੜਾਵਾਂ/ ਖੇਤੀ ਕਰਦਾ
ਕਿਰਤ ਕਰਦਾ-ਵੰਡ ਛਕਦਾ
ਖੇਤੀ/ ਗਿਆਨ ਦੀ-ਧਿਆਨ ਦੀ/ ਚਹੁੰ ਕੂੰਟਾਂ ਤੋਂ
ਆਈ ਬਾਣੀ/ ਸੰਤਾਂ ਦੀ-ਭਗਤਾਂ ਦੀ/ ਗਿਆਨ ਗੋਸ਼ਟਿ/ ਜੋ ਕੀਤੇ ਜੋਗੀਆਂ ਨਾਥਾਂ/ ਲੈ ਕੇ ਬੈਠਾ ਰਾਵੀ ਕੰਢੇ/ ਵੰਡੇ ਸ਼ਬਦੁ-ਸੁਰਤਿ ਦੀ ਪੂੰਜੀ/ ਸਭ ਨੂੰ ਗੁੜ੍ਹਤੀ ਦਿੱਤੀ/ ਬਾਬੇ ਪਹਿਲੀ ਵਾਰੀ/ ਜੋ ਹੋ… ਓਹੀ ਰਹੋ…
ਪਰ ਸੱਚੇ ਹੋ ਕੇ…/ ਸੱਚੇ ਹਿੰਦੂ/ ਜੈਨੀ-ਬੋਧੀ/ ਸੂਫ਼ੀ ਸੱਚੇ/ ਮੁਸਲਮਾਨ ਵੀ/ ਆਪੋ ਆਪਣਾ ਇਸ਼ਟ ਮਨਾਓ/ ਸੁੱਚੀ ਕਿਰਤ ਤੇ/ ਸ਼ਬਦ ਧਿਆਓ/ ਰਾਵੀ ਕੋਲੋਂ ਲੰਘਦੇ/ ਕਾਫ਼ਲੇ
ਜਗਿਆਸੂਆਂ ਦੇ/ ਅਮਰਨਾਥ ਨੂੰ/ ਕਾਰਤਿਕੇ ਨੂੰ/ ਮਾਤਾ ਨੂੰ ਤੇ/ ਮੱਕੇ ਨੂੰ ਵੀ/ ਬਾਬਾ ਬੈਠਾ ਧਿਆਨ ਧਰ/ ਗਿਆਨ ਮੱਠ ਸਜਾਇਆ/ ਸਭ ਨੂੰ ਵੰਡੇ ਉਸਦਾ ਹੋਣਾ/ ਸੱਚਾ ਹੋਣਾ ਸੁੱਚਾ ਹੋਣਾ…
ਗਿਆਨ ਧਿਆਨ ਦੀ ਬਾਬੇ ਨਾਨਕ ਦੀ ਖੇਤੀ ਦੇ ਹਵਾਲੇ ਨਾਲ ਸਵੀ ਧਰਮ ਦੇ ਤੌਰ ’ਤੇ ਸੱਚੇ ਹੋਣ ਨੂੰ ਲਬਿਰੇਟ ਕਰ ਦਿੰਦਾ ਹੈ। ਧਰਮ, ਫ਼ਿਰਕੇ ਲਬਿਰੇਟ ਹੋ ਕੇ ਕਿਸੇ ਇਕਹਿਰੇ ਪ੍ਰਵਚਨ ’ਚੋਂ ਨਿਕਲਕੇ ਕੁੱਲ ਕਾਇਨਾਤ ਨਾਲ ਜੁੜ ਜਾਂਦਾ ਹੈ। ਇਹੀ ਹੈ ਸਾਡੀ ਧਾਰਮਿਕ ਪਰੰਪਰਾ ਦਾ ਸਚਿਆਰਾ ਰੂਪ ਜੋ ਸਵੀ ਪੰਜਾਬੀ ਸਥਾਨਕਤਾ ’ਚੋਂ ਨਾਨਕ ਰਾਹੀਂ ਤਲਾਸ਼ਦਾ ਹੈ। ਤਲਾਸ਼ਦਾ ਨਹੀਂ ਸਗੋਂ ਜੋ ਸਾਡੀ ਪਰੰਪਰਾ ’ਚ ਪਿਆ ਹੈ, ਉਹ ਯਾਦ ਕਰਵਾ ਦਿੰਦਾ ਹੈ। ਕਵਿਤਾ ਵਿਚਾਰਧਾਰਕ ਪ੍ਰਵਚਨ ’ਚ ਦਾਖ਼ਲ ਹੋ ਸਾਂਝੀ ਮਨੁੱਖਤਾ ਦਾ ਧਰਮ ਨਿਭਾ ਦਿੰਦੀ ਹੈ। ਸਵੀ ਸੁਚੇਤ ਹੋ ਐਸੇ ਕਾਵਿ-ਬਿਰਤਾਂਤ ਢੂੰਡ ਲੈਂਦਾ ਹੈ।
ਸੁਰਤਿ ਭਾਗ ਨੂੰ ਕਥਾ-2 ਖੰਡ ਦੇ ਭਾਗ ਰਾਹੀਂ ਸਵੀ ਹਰਾਰੀ ਦੇ ਚਿੰਤਨ ਦੀਆਂ ਕਹਾਣੀਆਂ ਨਾਲ ਸ਼ੁਰੂ ਕਰਦਾ ਹੈ। ਜਿਨ੍ਹਾਂ ਹਰਾਰੀ ਪੜ੍ਹਿਆ ਉਹ ਇਨ੍ਹਾਂ ਕਹਾਣੀਆਂ ਬਾਰੇ ਜਾਣਦੇ ਨੇ। ਪਰ ਸਵੀ ਨੇ ਇਹ ਕਵਿਤਾ ਉਨ੍ਹਾਂ ਲਈ ਵੀ ਲਿਖੀ ਹੈ ਜਿਨ੍ਹਾਂ ਨੇ ਹਰਾਰੀ ਨਹੀਂ ਵੀ ਪੜ੍ਹਿਆ, ਉਨ੍ਹਾਂ ਨੂੰ ਵੀ ਇਹ ਕਹਾਣੀਆਂ ਸਮਝ ਆ ਰਹੀਆਂ ਹਨ। ਇਸ ਨੂੰ ਮੈਂ ਸਵੀ ਦੀ ਸਮਰੱਥਾ ਹੀ ਕਹਾਂਗਾ ਕਿ ਉਹ ਹਰਾਰੀ ਦੇ ਸਿਧਾਂਤ ਦਾ ਨਿਚੋੜ ਕਵਿਤਾ ਦੀ ਜ਼ੁਬਾਨ ਵਿੱਚ ਸਮਝਾ ਦਿੰਦਾ ਹੈ।
ਸਮਾਜਵਾਦ ਦੀ ਬਰਾਬਰੀ, ਨਵ-ਪੂੰਜੀਵਾਦ ਦੇ ਮੋਕਲੇ ਉਦਾਰਵਾਦੀ ਸੰਸਾਰ ਦੇ ਤਲਿਸਮ ਤੋਂ ਬਾਅਦ ਮਨ ਨੂੰ ਡਿਜ਼ਾਈਨ ਕਰਨ ਦੇ ਤਲਿਸਮ ਦੀ ਵਰਤਮਾਨ ਕਹਾਣੀ ’ਤੇ ਆ ਕੇ ਅਸੀਂ ਰੋਬੋ ਮਨੁੱਖ ਦੀ ਜੋ ਕਲਪਨਾ ਕਰ ਰਹੇ ਹਾਂ, ਇੱਥੋਂ ਹੀ ਸਵੀ ਦੀ ਕਵਿਤਾ ਸ਼ੁਰੂ ਹੁੰਦੀ ਹੈ।
ਇੱਥੇ ਵੀ ਕਿਸੇ ਹੋਰ ਤਲਿਸਮ ਨੂੰ ਘੜਨ ਦੀ ਥਾਵੇਂ ਸਵੀ, ਮਨ ਨੂੰ ਨਿਯੰਤਰਿਤ ਕਰਨ ਦੇ ਕੰਪਿਊਟਰੀ ਯੁੱਗ ਸਾਹਮਣੇ ਸੰਵਾਦ ਦਾ ਪ੍ਰਵਚਨ ਘੜਦਾ ਹੈ, ਉਹ ਵੀ ਮਨ ਦੀ ਚਿੱਪ ਨਾਲ। ਕਵਿਤਾ ਦੀ ਜ਼ੁਬਾਨ ਰਾਹੀਂ ਹੀ ਇਹ ਸੰਵਾਦ ਸ਼ਕਤੀਸ਼ਾਲੀ ਹੋ ਸਕਦਾ ਹੈ, ਇਸ ਭੇਦ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ। ਕੀ ਖ਼ੁਸ਼ੀਆਂ, ਗ਼ਮੀਆਂ, ਹਾਸੇ, ਹਾਵੇ, ਮੁਹੱਬਤਾਂ ਆਦਿ ਹੁਣ ਰੋਬੋ ਕੰਟਰੋਲ ਕਰੇਗਾ ਜਾਂ ਮਨ ਦੀ ਚਿੱਪ, ਸਵੀ ਇਹੀ ਮਸਲੇ ਸਾਡੇ ਸਨਮੁੱਖ ਰੱਖ ਰਿਹਾ ਹੈ। ਉਹ ਕਵਿਤਾ ਰਾਹੀਂ:
ਇਲਜ਼ਾਮ ਤੇਰੇ ਸਿਰ ਰੱਖਦਾਂ
ਮੁਕਤ ਮੈਂ ਵੀ ਕਿੱਥੇ/ ਨੈਟਵਰਕ ਦਾ ਸ਼ੁਦਾਈ
ਤੂੰ ਤਾੜਦੈਂ ਹਰ ਪਲ/ ਮੈਨੂੰ ਜਾਗਦੇ ਸੌਂਦੇ
ਮੇਰਾ ਵੀ ਦਿਲ ਨਹੀਂ ਲਗਦਾ
ਜੇ ਤੇਰੀ ਤਾਰ ਸੌਂ ਜਾਵੇ
ਬੇਚੈਨ ਹੋ ਜਾਨਾਂ/ ਗੁਲਾਮਾਂ ਵਾਂਗ ਚੱਤੋ-ਪਹਿਰ
ਆਨਲਾਈਨ/ ਹਰ ਸਾਹ ਤੇਰੇ ਸਾਮ੍ਹਣੇ
ਨਿੱਜ ਕੀ ਰਹਿ ਗਿਆ ਮੇਰਾ
ਹਰ ਗੱਲ ਹਰ ਅਦਾ/ ਰੋਣਾ ਹੱਸਣਾ/ ਲਿਖਣਾ ਬੋਲਣਾ
ਕਿਸਦੇ ਨਾਲ ਕਿੰਨਾ/ ਦੂਰ ਕਿਸ ਤੋਂ
ਪਿਆਰ ਨਫ਼ਰਤ
ਉਦਾਸੀ ਖੁਸ਼ੀ ਮੇਰੀ
ਪੜ੍ਹ ਰਿਹਾ ਤੂੰ
ਰੈਟਿਨਾ ਮੇਰਾ
ਨਿੱਜਤਾ ਕਿਹੜੀ
ਕਿੰਨੀ ਕੁ ਰਹਿਣੀ!
ਕੀ ਰੋਬੋ ਜੱਜ ਕਰ ਸਕਦਾ ਇਹ ਸਭ? ਇਸੇ ਸਵਾਲ ਨੂੰ ਇਹ ਕਵਿਤਾਵਾਂ ਸਾਡੇ ਸਨਮੁੱਖ ਕਰਦੀਆਂ ਹਨ। ਪਰ ਇਸ ਸਵਾਲ ਲਈ ਸਵੀ ਦੇ ਕਵਿਤਾਵਾਂ ਦੇ ਰੂਪ ਵਿੱਚ ਸਿਰਜੇ ਬਿਰਤਾਂਤ ਦੀ ਵਸਤੂ ਦੇ ਅਰਥਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਇਹ ਬਿਰਤਾਂਤ ਵਿਸ਼ਵ-ਬਿਰਤਾਂਤਾਂ ਅਤੇ ਸਾਡੀ ਸਥਾਨਕਤਾ ਦੇ ਬਹੁਤ ਹੀ ਪ੍ਰਤੀਨਿਧ ਰੂਪ ਹਨ। ਮਿਸਾਲ ਵਜੋ:
ਇਰਰੈਲੇਵੈਂਟ
ਮਨੁੱਖ ਨੇ
ਹਾਸ਼ੀਆਗਤ ਕੀਤਾ ਮਨੁੱਖ
ਧੁੰਦਲਾ ਕੀਤਾ ਉਸਦਾ
ਧਰਮ ਵਿਰਸਾ
ਸੱਭਿਆਚਾਰ ਬੋਲੀ
ਪਹਿਚਾਣ ’ਤੇ ਮਾਰਿਆ ਪੂੰਝਾ
ਉਸ ਤੋਂ ਜ਼ਿੰਦਗੀ ਦੇ
ਅਰਥ ਨਾ ਖੋਹ ਸਕਿਆ
ਇਰਰੈਲੇਵੈਂਟ ਨਾ ਕਰ ਸਕਿਆ
ਜਿਵੇਂ ਕੀਤਾ ਸੀ ਉਸ
ਬਾਕੀ ਨਸਲਾਂ ਨੂੰ ਪਹਿਲਾਂ
ਹੁਣ ਸਮੇਂ ਦੀ ਪਲਟੀ ਮੂਹਰੇ
ਐਲਗੋਰਿਦਮਜ਼ ਦੀ ਸਮਰੱਥਾ ਤੋਂ
ਭੈਭੀਤ ਹੋ ਦੇਖ ਰਿਹਾ
ਕਿੰਜ ਹੋ ਜਾਣਾ
ਅੱਧੀ ਲੋਕਾਈ ਨੇ
ਬੇਤੁਕੀ ਜਿਉਣ ਨੂੰ ਮਜਬੂਰ
ਖ਼ੈਰਾਤ ਹੋਵੇਗੀ
ਸੁਪਨਾ ਨਹੀਂ
ਮਨੁੱਖ ਦਿਸੇਗਾ
ਕੁਝ ਸਮਾਂ
ਫਿਰ ਬਦਲ ਜਾਵੇਗੀ
ਉਸਦੀ ਨਸਲ
ਜਿਵੇਂ ਹੁਣ
ਦਿਸਦਾ ਹੈ ਬਾਂਦਰ ਉਸਨੂੰ
ਇਰਰੈਲੇਵੈਂਟ
ਸ਼ਾਇਦ ਧਰਤੀ ’ਤੇ ਉਸਦਾ ਹੱਕ ਨਾ ਰਹੇ
ਐਲਗੋਰਿਦਮ ਕਰੇਗਾ ਰਾਜ!
ਆਪੇ ਸਿਰਜੀ
ਤੇਜ਼ ਕਦਮੀ ਤੋਂ ਤ੍ਰਹਿ ਰਿਹਾ!!
ਕੀ ਬਾਂਦਰ ਤੋਂ ਬਾਅਦ, ਹੁਣ ਬੰਦਾ ਵੀ ਫਜ਼ੂਲ ਹੋ ਜਾਵੇਗਾ, ਮਸ਼ੀਨੀ ਐਲਗੋਰਿਦਮ ਸਾਹਵੇਂ? ਸਵੀ ਮਨ ਦੀ ਇਸ ਸਾਂਝੀ ਚਿੱਪ ਦੀ ਜੋ ਕਲਪਨਾ ਕਰ ਰਿਹਾ, ਉਸ ਨੂੰ ਵਾਸਤਵਿਕ ਨਹੀਂ, ਸੱਤਾ ਦਾ ਖੇਲ੍ਹ ਕਹਿ ਰਿਹਾ ਹੈ। ਜਿਵੇਂ ਉਦਾਰਵਾਦ ਦੀ ਕਹਾਣੀ ’ਚ ਹੋਇਆ ਜਾਂ ਬਰਾਬਰੀ ਦੇ ਨਾਂ ’ਤੇ ਤਾਨਾਸ਼ਾਹੀ ਮਿਲੀ ਬੰਦੇ ਨੂੰ, ਹੁਣ ਸੱਤਾ ਨੂੰ ਬੰਦੇ ਦੇ ਚੇਤਨ ਮਨ ਨੂੰ ਨਿਯੰਤਰਿਤ ਕਰਨ ਦੀ ਜ਼ਰੂਰਤ ਹੈ।
ਇਸ ਪ੍ਰਕਾਰ ਇਹ ਕਵਿਤਾਵਾਂ ਮਨ ਦੀ ਚਿੱਪ ਦੇ ਕੰਟਰੋਲ ਦੀ ਕਾਰਪੋਰੇਟ ਕਹਾਣੀ ਰਾਹੀਂ ਸੱਤਾ ਤੇ ਪਰਪੰਚ ਤੋਂ ਆਗਾਹ ਕਰਨ ਦਾ ਵਿਚਾਰਧਾਰਕ ਕਾਵਿ-ਪ੍ਰਵਚਨ ਹਨ ਜਿਨ੍ਹਾਂ ਦੀ ਵਰਤਮਾਨ ਪ੍ਰਸੰਗਿਕਤਾ ਨੂੰ ਇਸ ਨਜ਼ਰੀਏ ਤੋਂ ਵੀ ਪੜ੍ਹਨ ਦੀ ਲੋੜ ਹੈ। ਸਵੀ ਇਨ੍ਹਾਂ ਕਵਿਤਾਵਾਂ ਵਿੱਚ ਇਸ ਕੰਪਿਊਟਰੀ ਯੰਤ੍ਰਿਕ ਜ਼ਿੰਦਗੀ ਤੋਂ ਆਗਾਹ ਕਰਦਾ ਹੈ ਅਤੇ ਕਈ ਕਵਿਤਾਵਾਂ ਰਾਹੀਂ ਮਾਨਵੀ ਸੰਵੇਦਨਾ ਦੇ ਬਹੁਤ ਹੀ ਭਾਵਾਂ ਵਿਗੁਚੇ ਦ੍ਰਿਸ਼ ਪੇਸ਼ ਕਰ ਕੇ ਮਾਨਵੀ-ਸੰਵੇਦਨਾ ਦੀ ਅਮਰਤਾ ਦ੍ਰਿੜ੍ਹ ਕਰਵਾਉਂਦਾ ਹੈ। ਮੂਰਤਿ ਭਾਗ ਦੀ ਬਹੁਤ ਹੀ ਭਾਵਪੂਰਤ ਕਵਿਤਾ ਉਦਾਸੀ ਦੇਖਦੇ ਹਾਂ:
ਉਦਾਸੀ
ਨਦੀ ਦੇ/ ਕਿਨਾਰਿਆਂ ਵੱਲ ਫੈਲੀ
ਪਾਣੀਆਂ ਦੀ ਤੋਰ ਠਠੰਬਰੀ
ਗਿਲੇ ਸ਼ਿਕਵਿਆਂ ਦੇ/ ਪੱਥਰਾਂ ਨੇ
ਘੁਮੰਣਘੇਰ ’ਚ ਪਾਇਆ ਪਾਣੀ
ਬੇਚੈਨ ਪਲਾਂ ’ਚ/ ਹੱਥ ਲਾ ਰਹੇ
ਸਿਆਹੀ ਨਾਲ ਸਟਰੋਕ
ਸਿਰਜ ਰਹੇ ਸੰਘਣਾ ਜੰਗਲ
ਪੰਛੀ ਦੀ ਚਹਿਕ
ਪਾਣੀਆਂ ’ਚ ਭਰੇ
ਸਵਰ-ਲਹਿਰੀ
ਕਿਨਾਰਿਆਂ ਨੇ
ਭਰ ਲਈ/ ਬਾਹਾਂ ’ਚ ਨਦੀ
ਭਾਵੇਂ ਇਹ ਚਾਰ ਖੰਡ ਸਾਡੀ ਨਾਨਕੀ ਪਰੰਪਰਾ ਦੀ ਦਾਰਸ਼ਨਿਕਤਾ ਨੂੰ ਆਪਣੇ ਕਲੇਵੇ ਵਿੱਚ ਲੈਂਦੇ ਹਨ ਪਰ ਇਨ੍ਹਾਂ ਦੇ ਕਾਵਿ-ਬਿਰਤਾਂਤਾਂ ਵਿੱਚ ਵਰਤਮਾਨ ਵਿਸ਼ਵੀ, ਭਾਰਤੀ, ਪੰਜਾਬੀ ਅਤੇ ਸਦੀਵੀ ਮਾਨਵੀ ਪ੍ਰਸੰਗ ਹਨ।
ਧੁਨਿ ਭਾਗ ਦੀ ਕਵਿਤਾ ‘ਛੁਣ ਛਣਾ’ ਦੇਖਦੇ ਹਾਂ:
ਛੁਣਛੁਣਾ/ ਹਸਾਉਣ ਵਰਚਾਉਣ/ ਉਦਾਸੀ ਤੋਂ/ ਧਿਆਨ ਹਟਾਉਣ/ ਲਈ ਹੁੰਦਾ/ ਰੋਈ ਜਾਣਾ/ ਛੁਣਛੁਣੇ ਦੀ/ ਤਵੱਕੋ ’ਚ/ ਵਾਰ-ਵਾਰ/ ਬੇਲਿਹਾਜ਼/ ਬੱਸ ਉਦੋਂ ਹੀ/ ਛੁਣਛੁਣੇ ਦੇ ਘੁੰਗਰੂ/ ਚੁੱਪ ਕਰ ਜਾਂਦੇ
ਇਸੇ ਤਰ੍ਹਾਂ ਇਨ੍ਹਾਂ ਭਾਗਾਂ ਰਾਹੀਂ ਸਵੀ ਨੇ ਜ਼ਿੰਦਗੀ ਦੇ ਅੱਡੋ-ਅੱਡਰੇ ਰੰਗਾਂ ਨੂੰ ਇਨ੍ਹਾਂ ਕਵਿਤਾਵਾਂ ਵਿੱਚ ਪ੍ਰਗਟ ਕੀਤਾ ਹੈ। ਇਹ ਭਾਗ ਕਿਸੇ ਧਰਮ-ਸ਼ਾਸਤਰੀ ਮਾਡਲ ਦਾ ਨਹੀਂ, ਜ਼ਿੰਦਗੀ ਦਾ ਪ੍ਰਚਾਰ ਕਰਦੇ ਹਨ। ਇਸ ਜ਼ਿੰਦਗੀ ਵਿੱਚ ਬਹੁ-ਭਿੰਨ ਰੰਗ ਹਨ ਜਿਨ੍ਹਾਂ ਨੂੰ ਅਸਲ ਵਿੱਚ ਸਵੀ ਨੇ ਕਵੀ ਦੀ ਸੰਵੇਦਨਾ ਰਾਹੀਂ ਸਾਂਭਿਆ ਹੈ। ਇਉਂ ਇਹ ਕਵਿਤਾਵਾਂ ਇਹ ਵੀ ਐਲਾਨ ਕਰ ਰਹੀਆਂ ਹਨ ਕਿ ਸਿਰਜਣਾ ਸਦੀਵੀ ਹੈ, ਜਿਵੇਂ ਮੌਤ ਸਚਾਈ ਹੈ ਤਿਵੇਂ ਸਿਰਜਣਾ-ਸੰਵੇਦਨਾ ਵੀ ਅਮਰ ਹੈ, ਕੋਈ ਐਲਗੋਰੀਦਮ ਇਸ ਦੀ ਥਾਂ ਨਹੀਂ ਲੈ ਸਕਦਾ। ਇਸ ਅਮਰ ਜ਼ਿੰਦਗੀ ਵਿੱਚ ਕੁਦਰਤ ਅਤੇ ਮਨੁੱਖੀ ਮੁਹੱਬਤ ਦਾ ਬੜਾ ਸੰਘਣਾ ਰਿਸ਼ਤਾ ਕਈ ਕਵਿਤਾਵਾਂ ਵਿੱਚ ਪ੍ਰਗਟ ਹੋਇਆ ਹੈ। ਇੱਕ ਕਵਿਤਾ ਦੇਖਦੇ ਹਾਂ:
ਸਮੁੰਦਰ ਵਿਚੋਂ
ਚੰਨ ਦੇਖਣ ਦੀ ਚਾਹਤ
ਅੰਦਰੋਂ ਉੱਠ ਰਹੀਆਂ
ਸੁਨਾਮੀ ਲਹਿਰਾਂ
ਕਵਿਤਾ ਪਹਿਨ ਲਵੇ
ਜਿਸਮ ਦੇ ਵਸਤਰ
ਕਰੇ ਅਰਥਾਂ ਦਾ
ਅਨੰਤ ਪਾਸਾਰ
ਤਨ ਮਨ ਰੂਹ ਦੀਆਂ
ਛੇੜ ਦੇਵੇ ਤਰਬਾਂ
ਉਂਗਲਾਂ ਸਾਜ਼
ਬੁੱਲ੍ਹ ਗਜ਼ ਬਣ ਛੂਹਣ
ਤਨ ਦੀ ਬਿੰਦੀ ਟਿੱਪੀ ਕੌਮਾ
ਹਰ ਲਗ ਮਾਤਰਾ
ਹਰ ਲਵੇ ਉਦਾਸੀ ਦੀ ਪਰਤ
ਸਿਰਜੇ ਪੌੜੀ
ਜਾ ਲੱਗੇ ਅਸਮਾਨੀਂ
ਮੁਕਤ ਮੰਡਲਾਂ ਦੀਆਂ
ਝਾਲਰਾਂ ’ਚੋਂ
ਹੋਵੇ ਖੁਸ਼ੀਆਂ ਦੀ ਬਾਰਿਸ਼
ਸੁਪਨਿਆਂ ਦੀ ਤਾਬੀਰ
ਜਲ ਥਲ ਆਕਾਸ਼
ਸੁਣੇ ਤੇਰੇ
ਤਨ ਮਨ ਦੀਆਂ
ਸੁਰਾਂ ਤੇ ਸੰਗੀਤ
ਮੰਤਰਮੁਗਧ ਹੋ ਦੇਖਦਾ ਰਹਾਂ
ਚੰਨ ਦੇਖਣ ਦੀ ਇਹ ਚਾਹਤ ਵੀ ਯੁਗੋ-ਯੁੱਗ ਬਣੀ ਰਹੇਗੀ। ਜਦੋਂ ਤੱਕ ਸੱਭਿਅਤਾ ਹੈ, ਉਦੋਂ ਤੱਕ ਸਰਦਾਰੀ ਮਾਨਵ ਦੀ ਹੀ ਰਹਿਣੀ ਹੈ। ਕਿਹੜੇ ਮਾਨਵ ਦੀ ਇਹ ਸਰਦਾਰੀ ਹੋਣੀ ਚਾਹੀਦੀ ਹੈ, ਨੂੰ ਵੀ ਪਾਠਕ ਆਪਣੀ ਸੂਝ ਰਾਹੀਂ ਢੂੰਡ ਸਕਦਾ ਹੈ। ਐਲਗੋਰੀਦਮ ਉੱਤੇ ਜ਼ਿੰਦਗੀ ਦੀ ਜਿੱਤ ਦੀ ਵਾਸਤਵਿਕਤਾ ਦੇ ਕਾਵਿਕ-ਬਿਰਤਾਂਤ ਸਿਰਜ ਕੇ ਇਸ ਸੰਗ੍ਰਹਿ ਰਾਹੀਂ ਬਹੁਤ ਮਹੱਤਵਪੂਰਨ ਸੰਵਾਦ ਛੇੜਿਆ ਹੈ ਜਿਸ ਨੂੰ ਮੈਂ ਅੱਜ ਦੀ ਮਸ਼ੀਨੀ ਅਤੇ ਮਸਨੂਈ ਹੋ ਰਹੀ ਜ਼ਿੰਦਗੀ ਦੇ ਸਮਾਨਾਂਤਰ ਸੰਵੇਦਨਾ ਦਾ ਸਿਰਜਣਾਤਮਿਕ ਪ੍ਰਵਚਨ ਕਹਿੰਦਾ ਹਾਂ।
ਮਸ਼ੀਨੀ ਅਤੇ ਮਸਨੂਈ ਹੋ ਰਹੀ ਜ਼ਿੰਦਗੀ ਵਿੱਚ ਘਿਰਿਆ ਮਨੁੱਖ ਕੀ ਇਸ ਸਾਹਮਣੇ ਆਤਮ ਸਮਰਪਣ ਕਰ ਦੇਵੇਗਾ ਜਾਂ ਇਸ ਨਾਲ ਸੰਘਰਸ਼ ਕਰਦਾ ਰਹੇਗਾ? ਇਹ ਕਵਿਤਾਵਾਂ ਅਸਲ ਵਿੱਚ ਇਹ ਸਵਾਲ ਖੜ੍ਹਾ ਕਰਦੀਆਂ ਹਨ। ਮਨ ਦੀ ਚਿੱਪ ਨੂੰ ਮਸ਼ੀਨ ਦੀ ਚਿੱਪ ਕਿਵੇਂ ਰੀਪਲੇਸ ਕਰ ਸਕਦੀ ਹੈ? ਸਵੀ ਇਸ ਦਾ ਕਾਵਿਕ-ਪ੍ਰਤਿਉੱਤਰ ਬਹੁਤ ਸੂਖ਼ਮ ਕਾਵਿਕ-ਬਿਰਤਾਂਤਾਂ ਰਾਹੀਂ ਦਿੰਦਾ ਹੈ ਜੋ ਸਾਡੀ ਸਥਾਨਿਕਤਾ ਅਤੇ ਪਰੰਪਰਾ ਵਿੱਚੋਂ ਸਿਰਜੇ ਗਏ ਹਨ। ਇਨ੍ਹਾਂ ਕਵਿਤਾਵਾਂ ਦੀ ਇੱਕ ਹੋਰ ਖ਼ੂਬੀ ਇਹ ਹੈ ਕਿ ਸਵੀ ਬਹੁਤ ਗੰਭੀਰ ਸਿਧਾਂਤਕ ਸਵਾਲਾਂ ਦੇ ਉੱਤਰ ਲਈ ਉੱਚਿਤ ਕਾਵਿ-ਭਾਸ਼ਾ ਦੀ ਤਲਾਸ਼ ਕਰ ਲੈਂਦਾ ਹੈ। ਇਹ ਇਸ ਲਈ ਸੰਭਵ ਹੋਇਆ ਹੈ ਕਿ ਸਵੀ ਆਪਣੇ ਸੱਭਿਆਚਾਰ ਅਤੇ ਰਹਿਤਲ ਵਿੱਚ ਸਾਹ ਲੈ ਰਹੇ ਮਾਨਵ ਦੀਆਂ ਸੰਵੇਦਨਾਵਾਂ ਨੂੰ ਮਹਿਸੂਸ ਕਰ ਰਿਹਾ ਹੈ ਅਤੇ ਉਸ ਕੋਲ ਇਨ੍ਹਾਂ ਨੂੰ ਪ੍ਰਗਟਾਉਣ ਲਈ ਉੱਚਿਤ ਕਾਵਿਕ-ਬਿਰਤਾਂਤ ਸਿਰਜਣ ਦੀ ਸਮਰੱਥਾ ਹੈ। ਨਿਰਸੰਦੇਹ, ਅਜੋਕੇ ਵਿਸ਼ਵ ਵਿੱਚ ਚੱਲ ਰਹੀ ਬੁਨਿਆਦੀ ਬਹਿਸ ਦੌਰਾਨ ਮਨ ਦੀ ਚਿੱਪ ਵਿੱਚ ਕਵਿਤਾ ਦੀ ਭਾਸ਼ਾ ਰਾਹੀਂ ਇੱਕ ਭਾਵਪੂਰਤ ਸੰਵਾਦ ਛੇੜਿਆ ਹੈ। ਮਨ ਦੀ ਚਿੱਪ ਦਾ ਮੈਟਾਫਰ ਬੰਦੇ ਦੀ ਮੂਲ ਸੰਵੇਦਨਾ ਦਾ ਮੈਟਾਫਰ ਹੈ ਜਿਹੜਾ ਮਸ਼ੀਨ ਦੀ ਚਿੱਪ ਮੂਹਰੇ ਆਪਣੇ ਮਾਨਵੀ ਹੋਣ ਦਾ ਐਲਾਨ ਹੈ। ਅਜਿਹੇ ਗੰਭੀਰ ਮਸਲੇ ਬਾਰੇ ਸਵੀ ਦੀਆਂ ਕਵਿਤਾਵਾਂ ਦਾ ਕਾਵਿਕ-ਪ੍ਰਵਚਨ, ਵਰਤਮਾਨ ਪ੍ਰਸੰਗ ਵਿੱਚ ਇੱਕ ਨਵਾਂ ਸੰਵਾਦ ਛੇੜੇਗਾ।
* ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਸੰਪਰਕ: 94644-18163