ਪਵੇਲ, ਸਿਰਸਾ
ਹਾਲ ਹੀ ਵਿਚ ਫਰਾਂਸ ਵਿਚ ਰਾਸ਼ਟਰਪਤੀ ਚੋਣਾਂ ਹੋਈਆਂ। ਚੋਣ ਨਤੀਜਿਆਂ ਵਿਚ ਰਾਸ਼ਟਰਪਤੀ ਇਮਨੁਏਲ ਮੈਕਰੌਂ 58.5 ਫੀਸਦੀ ਵੋਟਾਂ ਨਾਲ ਜਿੱਤ ਹਾਸਲ ਕਰ ਦੁਬਾਰਾ ਚੁਣਿਆ ਗਿਆ ਪਰ ਇਸ ਵਾਰ ਉਸ ਨੂੰ ਸੱਜ-ਪਿਛਾਖੜੀ ਪਾਰਟੀ ‘ਨੈਸ਼ਨਲ ਰੈਲੀ’ ਦੀ ਉਮੀਦਵਾਰ ਮੈਰੀਨ ਲੀ ਪੇਨ ਤੋਂ ਤਕੜੀ ਟੱਕਰ ਮਿਲੀ ਜਿਸ ਨੇ 41.5 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਦੌਰ ਜਿਸ ਵਿਚ ਸਭ ਸਿਆਸੀ ਦਲਾਂ ਦੇ ਉਮੀਦਵਾਰ ਚੋਣ ਲੜਦੇ ਹਨ, ਵਿਚ ‘ਲਾ ਰਿਪਬਲਿਕ ਏਨ ਮਾਰਚੇ’ ਦੇ ਉਮੀਦਵਾਰ ਅਤੇ ਰਾਸ਼ਟਰਪਤੀ ਮੈਕਰੌਂ ਨੂੰ 27 ਫੀਸਦੀ ਵੋਟਾਂ ਪਈਆਂ ਸਨ ਅਤੇ ਸੱਜ-ਪਿਛਾਖੜੀ ਦਲ ਨੈਸ਼ਨਲ ਰੈਲੀ ਦੀ ਉਮੀਦਵਾਰ ਮੈਰੀਨ ਲੀ ਪੇਨ ਨੂੰ 23 ਫੀਸਦੀ। ਪਹਿਲੇ ਦੌਰ ਦੇ ਨਤੀਜਿਆਂ ਬਾਅਦ ਇਹ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਇਸ ਵਾਰ ਮੇਰੀਨ ਲੀ ਪੇਨ ਜਿੱਤ ਸਕਦੀ ਹੈ। ਦੂਜੇ ਦੌਰ ਜਿਸ ਵਿਚ ਦੋ ਹੀ ਉਮੀਦਵਾਰ ਰਹਿ ਜਾਂਦੇ ਹਨ, ਵਿਚ ਮੈਕਰੌਂ ਨੇ ਲੀ ਪੇਨ ਨੂੰ ਪਛਾੜ ਦਿੱਤਾ। ਦੂਜੇ ਦੌਰ ਵਿਚ ਮੈਕਰੌਂ ਦੀ ਜਿੱਤ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਲੀ ਪੇਨ ਦੇ ਸੱਤਾ ਵਿਚ ਆ ਜਾਣ ਦੇ ਡਰੋਂ ਖੱਬੇ ਪੱਖੀ ਅਤੇ ਉਦਾਰਵਾਦੀ ਧਿਰਾਂ ਮੈਕਰੌਂ ਦੇ ਹੱਕ ਵਿਚ ਭੁਗਤ ਗਈਆਂ। ਇਸ ਕਰਕੇ ਮੈਕਰੌਂ ਹਾਰਦਾ ਹਾਰਦਾ ਬਚਿਆ। 2017 ਦੀਆਂ ਚੋਣਾਂ ਵਿਚ ਲੀ ਪੇਨ ਨੇ ਤਕਰੀਬਨ 34 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਇਸ ਨਜ਼ਰੀਏ ਨਾਲ਼ ਦੇਖਿਆ ਜਾਵੇ ਤਾਂ ਮੈਰੀਨ ਲੀ ਪੇਨ ਨੂੰ ਹਮਾਇਤ ਹੋਰ ਜ਼ਿਆਦਾ ਵਧੀ ਹੈ। ਫਰਾਂਸ ਵਰਗੇ ਮੁਲਕ ਵਿਚ ਨੈਸ਼ਨਲ ਫਰੰਟ ਵਰਗੀ ਸੱਜ-ਪਿਛਾਖੜੀ ਪਾਰਟੀ ਦੀ ਉਮੀਦਵਾਰ ਮੈਰੀਨ ਲੀ ਪੇਨ ਨੂੰ ਐਨੀ ਜ਼ਿਆਦਾ ਹਮਾਇਤ ਮਿਲਣਾ ਧਿਆਨ ਦੇਣ ਯੋਗ ਘਟਨਾ ਹੈ।
ਨੈਸ਼ਨਲ ਰੈਲੀ ਸੱਜ-ਪਿਛਾਖੜੀ ਵਿਚਾਰਧਾਰਾ ਵਾਲ਼ਾ ਸਿਆਸੀ ਦਲ ਹੈ। ਇਸ ਦਾ ਪੁਰਾਣਾ ਨਾਮ ਨੈਸ਼ਨਲ ਫਰੰਟ ਸੀ ਜਿਸ ਦਾ ਆਗੂ ਮੈਰੀਨ ਲੀ ਪੇਨ ਦਾ ਪਿਤਾ ਜੀਨ ਮੈਰੀਨ ਲੀ ਪੇਨ ਸੀ। ਇਸ ਨੇ ਪਰਵਾਸੀਆਂ ਵਿਰੁੱਧ ਰੱਜ ਕੇ ਨਫਰਤ ਭੜਕਾਈ ਅਤੇ ਉਨ੍ਹਾਂ ਨੂੰ ਫਰਾਂਸੀਸੀਆਂ ਦੀ ਬੇਰੁਜ਼ਗਾਰੀ ਦਾ ਕਾਰਨ ਗਰਦਾਨਿਆ ਅਤੇ ਕਿਹਾ ਕਿ ਇਹ ਪਰਵਾਸੀ ਫਰਾਂਸੀਸੀ ਲੋਕਾਂ ਦੀ ਨਸਲੀ ਸ਼ੁੱਧਤਾ ਖਤਮ ਕਰ ਰਹੇ ਹਨ। ਉਸ ਨੇ ਮੁਸਲਮਾਨਾਂ, ਅਸ਼ਵੇਤਾਂ, ਯਹੂਦੀਆਂ ਵਿਰੁੱਧ ਵੀ ਰੱਜ ਕੇ ਨਫਰਤ ਭੜਕਾਈ। ਇਸ ਨੇ ਆਪਣੇ ਇੱਕ ਬਿਆਨ ਵਿਚ ਕਿਹਾ ਸੀ ਕਿ ਮੈਨੂੰ ਲੱਗਦਾ ਹੈ, ਜਰਮਨੀ ਵਿਚ ਨਾਜ਼ੀ ਰਾਜ ਵੇਲੇ ਐਨੇ ਯਹੂਦੀ ਨਹੀਂ ਮਰੇ, ਜਿੰਨੇ ਇਤਿਹਾਸ ਦੀਆਂ ਕਿਤਾਬਾਂ ਵਿਚ ਕਿਹਾ ਜਾਂਦਾ ਹੈ। ਇੱਥੋਂ ਤੱਕ ਕਿ ਉਸ ਨੇ ਨਾਜ਼ੀਆਂ ਦੇ ਤਸੀਹਾ ਕੈਂਪਾਂ, ਗੈਸ ਚੈਂਬਰਾਂ ਦੀ ਭਿਆਨਕਤਾ ਦੀ ਹੋਂਦ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਇਸ ਬਾਰੇ ਲੋੜੋਂ ਵੱਧ ਪ੍ਰਚਾਰ ਕੀਤਾ ਜਾਂਦਾ ਹੈ। ਉਸ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਫਰਾਂਸ ’ਤੇ ਨਾਜ਼ੀਆਂ ਦਾ ਰਾਜ ਐਨਾ ਵੀ ਅਣਮਨੁੱਖੀ ਨਹੀਂ ਸੀ। ਕੁੱਲ ਮਿਲਾ ਕੇ ਉਹ ਪਰਵਾਸੀ ਅਤੇ ਦੂਜੇ ਫਿਰਕਿਆਂ ਦੇ ਵਿਰੋਧ ਕਰਦੇ ਕਰਦੇ ਮਨੁੱਖਤਾ ਦੇ ਕਤਲੇਆਮ ਦੇ ਮੁਜਰਿਮ ਨਾਜ਼ੀਆਂ ਨੂੰ ਬਰੀ ਕਰਨ ਤੱਕ ਚਲੇ ਜਾਂਦੇ ਹਨ।
ਇਸ ਤੋਂ ਬਾਅਦ ਪਾਰਟੀ ਵਿਚ ਇਸ ਦੀ ਥਾਂ ਇਸ ਦੀ ਧੀ ਮੈਰੀਨ ਲੀ ਪੇਨ ਨੇ ਲਈ। ਉਸ ਨੇ ਆਉਂਦਿਆਂ ਹੀ ਪਾਰਟੀ ਦੇ ‘ਤੱਤੇ ਅਕਸ’ ਨੂੰ ਨਰਮ ਦਿਖਾਉਣ ਲਈ ਪਾਰਟੀ ਦਾ ਨਾਮ ਬਦਲ ਕੇ ਨੈਸ਼ਨਲ ਰੈਲੀ ਰੱਖ ਦਿੱਤਾ ਪਰ ਕੰਮ ਅਜੇ ਵੀ ਉਹੀ ਕਰਦੇ ਹਨ। ਮੈਰੀਨ ਲੀ ਪੇਨ ਆਖਦੀ ਹੈ ਕਿ “ਬਾਹਰੀ ਲੋਕਾਂ ਦੀ ਘੁਸਪੈਠ ਨਾਲ ਫਰਾਂਸੀਸੀਆਂ ਦੀ ਪਛਾਣ ਖਤਮ ਹੋ ਰਹੀ ਹੈ।… ਮੁਸਲਿਮ ਅਤੇ ਪਰਵਾਸੀ ਫਰਾਂਸੀਸੀ ਸਮਾਜ ਨੂੰ ਤਬਾਹ ਕਰ ਦੇਣਗੇ।… ਫਰਾਂਸੀਸੀ ਉਦਾਰਵਾਦੀਆਂ ਦੀ ਨਰਮੀ ਨੇ ਫਰਾਂਸ ਨੂੰ ਬਰਬਾਦੀ ਵੱਲ ਲੈ ਆਂਦਾ ਹੈ।” ਉਸ ਦਾ ਕਹਿਣਾ ਹੈ ਕਿ “ਆਪਣੀ ਪਛਾਣ ਬਣਾਈ ਰੱਖਣ ਲਈ ਸਖਤੀ ਬਹੁਤ ਜ਼ਰੂਰੀ ਹੈ” ਅਤੇ “ਫਰਾਂਸ ਵਿਚ ਲੋੜੋਂ ਵੱਧ ਜਮਹੂਰੀਅਤ ਹੈ।” ਨੈਸ਼ਨਲ ਰੈਲੀ ਸਿਰਫ ਪਰਵਾਸੀਆਂ ਜਾਂ ਮੁਸਲਮਾਨਾਂ ਜਾਂ ਯਹੂਦੀਆਂ ਵਿਰੁੱਧ ਹੀ ਨਫਰਤ ਨਹੀਂ ਭੜਕਾਉਂਦੀ, ਇਹ ਮੁਲਕ ਵਿਚ ਜਮਹੂਰੀ, ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ, ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਵਿਰੁੱਧ ਵੀ ਹਮਲੇ ਵਿੱਢਦੀ ਹੈ। ਸਿੱਟੇ ਵਜੋਂ ਪਰਵਾਸੀਆਂ ਤੇ ਨਸਲੀ ਹਮਲਿਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਨੈਸ਼ਨਲ ਰੈਲੀ ਦਾ ਇੱਕ ਬਦਨਾਮ ਗਰੁੱਪ ‘ਜੈਨਰੇਸ਼ਨ ਆਈਡੈਂਟਿਟੀ’ ਜਿਹੜਾ ਨਸਲੀ ਹਮਲਿਆਂ, ਮੁਸਲਮਾਨਾਂ ਖਲਾਫ ਹਮਲਿਆਂ ਲਈ ਜਾਣਿਆ ਜਾਂਦਾ ਹੈ ਅਤੇ ਯੂਰੋਪ ਵਿਚ ਪਰਵਾਸੀਆਂ ਤੇ ਮੁਸਲਮਾਨਾਂ ਵਿਰੁੱਧ ਲਹਿਰ ਬਣਕੇ ਉੱਭਰ ਰਿਹਾ ਹੈ, ਨਾਲ ਵੀ ਤਾਲਮੇਲ ਹੈ।
ਉਂਝ, ਇਹ ਵਰਤਾਰਾ ਸਿਰਫ ਫਰਾਂਸ ਵਿਚ ਨਹੀਂ, ਪੂਰੇ ਯੂਰੋਪੀਅਨ ਮੁਲਕਾਂ ਵਿਚ ਆਮ ਵਰਤਾਰਾ ਬਣ ਚੁੱਕਿਆ ਹੈ। ਭਾਰਤ ਵਿਚ ਤਾਂ ਅਸੀਂ ਭਾਜਪਾ ਆਰਐੱਸਐੱਸ ਵੱਲੋਂ ਮੁਸਲਿਮ ਭਾਈਚਾਰੇ, ਜਮਹੂਰੀ ਕਾਰਕੁਨਾਂ ਵਿਰੁੱਧ ਹਮਲੇ ਆਦਿ ਤਾਂ ਪ੍ਰਤੱਖ ਦੇਖਦੇ ਹੀ ਹਾਂ। ਯੂਰੋਪ ਅਤੇ ਅਮਰੀਕਾ ਵਿਚ ਵੀ ਨਸਲੀ ਹਮਲਿਆਂ ਵਿਚ ਵਾਧਾ ਹੋਇਆ ਹੈ। ਅਮਰੀਕਾ ਵਿਚ ਕੁਝ ਹੀ ਸਾਲਾਂ ਵਿਚ ਸੱਜ-ਪਿਛਾਖੜੀ ਨਸਲੀ ਹਮਲੇ ਦੁੱਗਣੇ ਹੋ ਗਏ ਹਨ। ਪਰਵਾਸੀਆਂ ਅਤੇ ਅਸ਼ਵੇਤਾਂ ਵਿਰੁੱਧ ਨਫਰਤ ਦੀ ਲਹਿਰ ’ਤੇ ਸਵਾਰ ਹੋਏ ਟਰੰਪ ਨੂੰ ਭਾਰੀ ਹਮਾਇਤ ਮਿਲਣ ਦਾ ਕਾਰਨ ਇਹੋ ਹੀ ਸੀ। ਯੂਰੋਪ ਵਿਚ ਵੀ ਇਨ੍ਹਾਂ ਘਟਨਾਵਾਂ ਵਿਚ 43 ਫੀਸਦੀ ਵਾਧਾ ਹੋਇਆ ਹੈ; ਭਾਵ ਪੂਰੇ ਯੂਰੋਪ ਵਿਚ ਸੱਜ-ਪਿਛਾਖੜੀ ਤਾਕਤਾਂ ਸਿਰ ਚੁੱਕ ਰਹੀਆਂ ਹਨ। ਅੱਜ ਯੂਰੋਪ ਦੇ 39 ਮੁਲਕਾਂ ਵਿਚ ਸੱਜ-ਪਿਛਾਖੜੀ ਤਾਕਤਾਂ ਦੀ ਪ੍ਰਭਾਵਸ਼ਾਲੀ ਮੌਜੂਦਗੀ ਹੈ ਜਿਨ੍ਹਾਂ ਵਿਚੋਂ ਸਵੀਡਨ ਵਿਚ ਸਵੀਡਨ ਡੈਮੋਕ੍ਰੇਟਸ, ਯੂਨਾਨ ਵਿਚ ਗੋਲਡਨ ਡਾਨ, ਪੋਲੈਂਡ ਵਿਚ ਲਾਅ ਐਂਡ ਜਸਟਿਸ, ਨੀਦਰਲੈਂਡਜ਼ ਵਿਚ ਪਾਰਟੀ ਫਾਰ ਫਰੀਡਮ, ਡੈਨਮਾਰਕ ਵਿਚ ਡੈਨਿਸ਼ ਪੀਪਲਜ਼ ਪਾਰਟੀ ਆਦਿ ਪ੍ਰਭਾਵਸ਼ਾਲੀ ਮੌਜੂਦਗੀ ਦਰਜ ਕਰਵਾ ਰਹੀਆਂ ਹਨ। ਇਨ੍ਹਾਂ ਦੇ ਆਗੂ ਜਿਵੇਂ ਮੈਰੀਨ ਲੀ ਪੇਨ, ਨਾਰਬਰਟ ਹਾਫ਼ਰ, ਨਾਇਜਿਲ ਫੈਰੇਜ, ਗੀਅਰਟ ਵਿਲਡਰਜ ਨੂੰ ਕਾਫੀ ਮਕਬੂਲੀਅਤ ਮਿਲ ਰਹੀ ਹੈ।
ਇਸ ਮਕਬੂਲੀਅਤ ਪਿੱਛੇ ਕਾਰਨ ਕੀ ਹੈ? ਦਰਅਸਲ ਸੰਸਾਰ ਸਰਮਾਏਦਾਰੀ ਆਰਥਿਕ ਸੰਕਟਾਂ ਦੀ ਸ਼ਿਕਾਰ ਹੋ ਰਹੀ ਹੈ। ਸਰਮਾਏਦਾਰੀ ਆਪਣੇ ਮੁਨਾਫ਼ਿਆਂ ਨੂੰ ਬਰਕਰਾਰ ਰੱਖਣ ਲਈ ਆਮ ਲੋਕਾਈ ਦੀ ਲੁੱਟ ਨੂੰ ਹੋਰ ਵਧਾਉਣਾ ਲੋਚਦੀ ਹੈ। ਇਸੇ ਲਈ ਆਮ ਲੋਕਾਈ ਨੂੰ ਜੋ ਥੋੜ੍ਹੀਆਂ ਬਹੁਤ ਸਹੂਲਤਾਂ ਮਿਲ਼ਦੀਆਂ ਹਨ, ਉਹ ਬੰਦ ਕਰ ਕੇ ਉਹ ਸਾਰਾ ਪੈਸਾ ਸਰਮਾਏਦਾਰ ਆਪਣੀਆਂ ਜੇਬਾਂ ਵਿਚ ਪਾਉਣਾ ਚਾਹੁੰਦੇ ਹਨ। ਹੁਣ ਲਾਜ਼ਮੀ ਹੈ ਕਿ ਜੇ ਲੋਕਾਂ ਦੀ ਲੁੱਟ ਵਧਦੀ ਹੈ ਤਾਂ ਇਸ ਵਿਰੁੱਧ ਲੋਕ ਖੜ੍ਹੇ ਹੋ ਜਾਣਗੇ। ਇਸ ਲਈ ਪੁਰਾਣੇ ਢੰਗਾਂ ਨਾਲ ਕਲਿਆਣਕਾਰੀ ਰਾਜ ਆਦਿ ਜ਼ਰੀਏ ਲੋਕਾਂ ’ਤੇ ਰਾਜ ਕਰਨਾ ਸੰਭਵ ਨਹੀਂ ਰਹਿੰਦਾ। ਸਰਮਾਏਦਾਰਾਂ ਲਈ ਇੱਕ ਅਜਿਹੀ ਧਿਰ ਨੂੰ ਸੱਤਾ ਸੌਂਪਣੀ ਜ਼ਰੂਰੀ ਹੋ ਜਾਂਦੀ ਹੈ ਜੋ ਲੋਕਾਂ ਦੀ ਬੇਕਿਰਕ ਲੁੱਟ ਕਰਵਾਉਣ ਵਿਚ ਮਦਦ ਕਰੇ ਅਤੇ ਲੋਕ ਵਿਰੋਧ ਨਾ ਕਰ ਸਕਣ, ਇਸ ਲਈ ਉਨ੍ਹਾਂ ਦਾ ਧਿਆਨ ਭਟਕਾਵੇ। ਜਿਵੇਂ ਬੇਰੁਜ਼ਗਾਰੀ ਦਾ ਕਾਰਨ ਪਰਵਾਸੀਆਂ ਨੂੰ ਦੱਸਣਾ ਜਾਂ ਕਿਸੇ ਖਾਸ ਫਿਰਕੇ ਨੂੰ ਲੋਕਾਂ ਦੀਆਂ ਮੁਸੀਬਤਾਂ ਦਾ ਕਾਰਨ ਬਣਾ ਕੇ ਪੇਸ਼ ਕਰਨਾ। ਜੇ ਫਿਰ ਵੀ ਲੋਕ ਸੂਤ ਨਹੀਂ ਆਉਂਦੇ ਤਾਂ ਉਨ੍ਹਾਂ ’ਤੇ ਡੰਡਾ ਫੇਰੇ। ਮਨੁੱਖੀ ਹੱਕਾਂ ਭਾਵ ਲੋਕ ਘੋਲ਼ਾਂ ਨੂੰ ਲੋੜੋਂ ਵੱਧ ਜਮਹੂਰੀਅਤ ਦੀ ਗੱਲ ਕਹਿ ਕੇ ਦਰੜੇ; ਭਾਵ, ਲੋਕਾਂ ਅੱਗੇ ਕਾਲਪਨਿਕ ਦੁਸ਼ਮਣ ਖੜ੍ਹਾ ਕਰੇ ਅਤੇ ਕਾਲਪਨਿਕ ਦੁਸ਼ਮਣ ਦੀ ਓਟ ਵਿਚ ਲੋਕ ਘੋਲ਼ਾਂ ਦੀ ਸੰਗੀ ਨੱਪੇ। ਇਹ ਕੰਮ ਅਜਿਹੀਆਂ ਸੱਜ-ਪਿਛਾਖੜੀ ਤਾਕਤਾਂ ਹੀ ਕਰ ਸਕਦੀਆਂ ਜੋ ਨਾਜ਼ੀਆਂ ਵੱਲੋਂ ਮਨੁੱਖਤਾ ਦੇ ਕੀਤੇ ਐਨੇ ਵੱਡੇ ਕਤਲੇਆਮ ਨੂੰ ਹੀ ਝੂਠ ਬਣਾ ਦੇਣ ਜਾਂ ਅਜਿਹੇ ਕਤਲੇਆਮਾਂ ਨੂੰ ਜਾਇਜ਼ ਠਹਿਰਾਉਣ। 39 ਦੇ ਕਰੀਬ ਯੂਰੋਪੀਅਨ ਮੁਲਕਾਂ ਵਿਚ ਸੱਜ-ਪਿਛਾਖੜੀ ਤਾਕਤਾਂ ਦੀ ਪ੍ਰਭਾਵਸ਼ਾਲੀ ਮੌਜੂਦਗੀ ਦਾ ਇਹੋ ਕਾਰਨ ਹੈ। ਕਈ ਮੁਲਕਾਂ ਵਿਚ ਇਹ ਧਿਰਾਂ ਸੱਤਾ ਦੇ ਕਰੀਬ ਹਨ। ਜੇਕਰ ਸੱਤਾ ਦੇ ਕਰੀਬ ਨਹੀਂ ਹਨ ਤਾਂ ਸਮਾਜ ਵਿਚ ਨਫ਼ਰਤ ਭੜਕਾਉਣ ਦਾ ਕੰਮ, ਭਾਵ ਸਰਮਾਏਦਾਰੀ ਦੇ ਸਭ ਤੋਂ ਪੱਛੜੇ ਤੱਤਾਂ ਦੀ ਨੁਮਾਇੰਦਗੀ ਦਾ ਕੰਮ ਪ੍ਰਭਾਵਸ਼ਾਲੀ ਢੰਗ ਨਾਲ਼ ਕਰ ਰਹੀਆਂ ਹਨ।
ਆਰਥਿਕ ਸੰਕਟ ਆਉਣ ਵਾਲੇ ਸਮੇਂ ਵਿਚ ਹੋਰ ਡੂੰਘਾ ਹੋਣ ਦੀ ਸੰਭਾਵਨਾ ਹੈ, ਇਸ ਲਈ ਸੱਜ-ਪਿਛਾਖੜੀ ਤਾਕਤਾਂ ਹੋਰ ਵੀ ਮਜ਼ਬੂਤ ਢੰਗ ਨਾਲ਼ ਆਪਣੀ ਮੌਜੂਦਗੀ ਦਰਜ ਕਰਵਾਉਣਗੀਆਂ। ਦਿਨੋ-ਦਿਨ ਲੋਕਾਂ ਦੀ ਹਾਲਤ ਮੰਦੀ ਹੁੰਦੇ ਜਾਣ ਨਾਲ਼ ਅਤੇ ਸਾਰਾ ਪੈਸਾ ਮੁੱਠੀ ਭਰ ਸਰਮਾਏਦਾਰਾਂ ਹੱਥ ਇਕੱਠਾ ਹੁੰਦੇ ਜਾਣ ਨਾਲ਼ ਲੋਕਾਂ ਵਿਚ ਬੇਚੈਨੀ ਵਧ ਰਹੀ ਹੈ। ਇਸ ਬੇਚੈਨੀ ਨੂੰ ਸੱਜ-ਪਿਛਾਖੜੀ ਤਾਕਤਾਂ ਲੋਕਾਂ ਦੇ ਹੀ ਇੱਕ ਹਿੱਸੇ ਵੱਲ ਮੋੜ ਰਹੀਆਂ ਹਨ। ਇਸ ਬੇਚੈਨੀ ਨੂੰ ਲੋਕ-ਦੋਖੀ ਨਿਜ਼ਾਮ ਵੱਲ ਸੇਧਿਤ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ। ਇਸ ਬਿਨਾਂ ਗੱਲ ਨਹੀਂ ਬਣਨੀ।
ਸੰਪਰਕ: 70154-16696