ਡਾ. ਲਖਵੀਰ ਸਿੰਘ ਨਾਮਧਾਰੀ
ਬਸਤੀਵਾਦ, ਸਾਮਰਾਜਵਾਦ ਅਤੇ ਸੰਸਾਰੀਕਰਨ, ਸਰਮਾਏਦਾਰੀ ਦਾ ਸੰਸਾਰ ਉੱਤੇ ਥੋਪਿਆ ਵਰਤਾਰਾ ਹੈ। ਸਰਮਾਏਦਾਰੀ ਨੇ ਨਿੱਜੀ ਸਵਾਰਥ ਜਾਂ ਆਪਣੇ ਮੁਨਾਫੇ ਲਈ ਲੋਕ ਹਿੱਤਾਂ ਦੀ ਰੱਤੀ ਭਰ ਪ੍ਰਵਾਹ ਨਹੀਂ ਕੀਤੀ। ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਅੱਜ ਪੋਹ-ਮਾਘ ਦੀ ਧੁੰਦ, ਮੀਂਹ ਅਤੇ ਕੜਾਕੇ ਦੀ ਸਰਦੀ ਵਿਚ ਖੁੱਲ੍ਹੇ ਆਸਮਾਨ ਹੇਠ ਦਿੱਲੀ ਦੀਆਂ ਬਰੂਹਾਂ ਤੇ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਘੋਲ ਲੜਿਆ ਜਾ ਰਿਹਾ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ।
ਪੁਰਾਤਨ ਇਤਿਹਾਸ ਅਤੇ ਮਿਥਿਹਾਸ ਦਾ ਵਿਸ਼ਲੇਸ਼ਣ ਕਰੀਏ ਤਾਂ ਮਨੁੱਖੀ ਹੋਂਦ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਸੱਚ ਤੇ ਝੂਠ, ਦੈਂਤਾਂ ਤੇ ਦੇਵਤਿਆਂ, ਮਲਕ ਭਾਗੋਆਂ ਤੇ ਭਾਈ ਲਾਲੋਆਂ ਦੀ ਜੰਗ ਜਾਰੀ ਰਹੀ ਹੈ। ਆਦਿਵਾਸੀ ਮਨੁੱਖ ਜਦੋਂ ਝੁੰਡਾਂ ਵਿਚ ਰਹਿੰਦਾ ਸੀ ਤਾਂ ਖੂੰਖਾਰ ਮਨੁੱਖ ਕਮਜ਼ੋਰ ਅਤੇ ਸ਼ਾਂਤ ਮਨੁੱਖਾਂ ਤੇ ਹਮਲਾ ਕਰ ਕੇ ਉਨ੍ਹਾਂ ਦਾ ਸ਼ਿਕਾਰ ਖੋਹ ਕੇ ਖਾ ਜਾਂਦੇ ਸਨ। ਜਦੋਂ ਮਨੁੱਖ ਕਬੀਲਿਆਂ ਵਿਚ ਰਹਿਣ ਲੱਗਿਆ ਤਾਂ ਕਈ ਕਬੀਲਿਆਂ ਦੇ ਰਾਖ਼ਸ਼ ਰੂਪੀ ਮਨੁੱਖ ਦੂਜੇ ਕਬੀਲਿਆਂ ਉੱਤੇ ਹਮਲਾ ਕਰ ਕੇ ਉਨ੍ਹਾਂ ਦਾ ਆਨਾਜ, ਪਸ਼ੂ-ਢਾਂਡਾ ਤੇ ਉਨ੍ਹਾਂ ਦੀਆਂ ਔਰਤਾਂ ਖੋਹ ਕੇ ਲੈ ਜਾਂਦੇ ਅਤੇ ਮੂਹਰੇ ਅੜਨ ਵਾਲਿਆਂ ਨੂੰ ਮਾਰ ਮੁਕਾਉਂਦੇ। ਸਮੇਂ ਦੇ ਬਦਲਾਓ ਅਤੇ ਮਨੁੱਖੀ ਵਿਕਾਸ ਨਾਲ ਕਬੀਲੇ ਬਸਤੀਆਂ, ਇਲਾਕਿਆਂ, ਰਾਜਾਂ, ਦੇਸ਼ਾਂ ਅਤੇ ਪ੍ਰਦੇਸ਼ਾਂ ਵਿਚ ਬਦਲ ਗਏ। ਆਦਿ ਕਾਲ ਤੋਂ ਸਮੇਂ ਸਮੇਂ ਮਨੁੱਖੀ ਵਿਕਾਸ ਦੇ ਇਨ੍ਹਾਂ ਸਮਿਆਂ ਵਿਚ ਹੀ ਭਗਤਾਂ, ਸੰਤਾਂ, ਸੂਫੀਆਂ, ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ, ਸੂਰਬੀਰਾਂ, ਇਨਸਾਫ਼-ਪਸੰਦ ਲੋਕਾਂ, ਸਰਬੱਤ ਦਾ ਭਲਾ ਮੰਗਣ ਵਾਲੇ ਸੱਭਿਆਚਾਰ ਦੀ ਉਤਪਤੀ ਅਤੇ ਵਿਕਾਸ ਵੀ ਹੋਇਆ। ਅਨੇਕਾਂ ਜਾਗੀਰਦਾਰੀਆਂ, ਰਜਵਾੜਾਸ਼ਾਹੀਆਂ, ਸਾਮਰਾਜਵਾਦੀਆਂ, ਬਸਤੀਵਾਦੀਆਂ, ਪੂੰਜੀਵਾਦੀਆਂ ਦਾ ਜਨਮ ਹੋਇਆ ਪਰ ਇਨਸਾਫ਼-ਪਸੰਦ ਕਿਰਤੀ ਲੋਕਾਂ, ਦੇਸ਼ ਭਗਤਾਂ, ਸੂਰਬੀਰਾਂ ਨੇ ਉਨ੍ਹਾਂ ਦਾ ਪਤਨ ਕਰ ਦਿੱਤਾ। 15ਵੀਂ ਸਦੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਲੁੱਟਾਂ, ਮਾਰਾਂ, ਕਤਲੇਆਮ ਅਤੇ ਧਰਮਾਂ ਦੀਆਂ ਖੂੰਖਾਰ ਆਪਸੀ ਲੜਾਈਆਂ-ਝਗੜਿਆਂ ਤੋਂ ਮੋੜ ਕੇ ਸਰਬ ਸਾਂਝੀਵਾਲਤਾ, ਸਰਬੱਤ ਦੇ ਭਲੇ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦਾ ਹੋਕਾ ਦਿੱਤਾ।
ਬਸਤੀਵਾਦ ਦੇ ਦੌਰ ਵਿਚ ਤਾਕਤਵਾਰ ਦੇਸ਼ਾਂ ਨੇ ਕਮਜ਼ੋਰ ਦੇਸ਼ਾਂ ਉੱਤੇ ਹਮਲੇ ਕੀਤੇ; ਉੱਥੋਂ ਦੇ ਸਰਮਾਏ, ਪੂੰਜੀ, ਕੁਦਰਤੀ ਸਾਧਨਾਂ ਨੂੰ ਲੁੱਟਿਆ। ਉਨ੍ਹਾਂ ਦੇ ਵਪਾਰ ਸਨਅਤਾਂ ਅਤੇ ਕਾਰੋਬਾਰਾਂ ਨੂੰ ਤਬਾਹ ਕਰ ਕੇ ਆਪਣੀਆਂ ਸਨਅਤਾਂ ਅਤੇ ਕਾਰੋਬਾਰ ਕਾਇਮ ਕੀਤੇ। 17ਵੀਂ ਸਦੀ ਵਿਚ ਬਰਤਾਨੀਆਂ ਸ਼ਕਤੀਸ਼ਾਲੀ ਬਸਤੀਵਾਦੀ ਸਾਮਰਾਜ ਵਜੋਂ ਉਭਰਿਆ। ਇਸ ਨੇ ਫਰਾਂਸ, ਸਪੇਨ, ਪੁਰਤਗਾਲ, ਹਾਲੈਂਡ ਵਰਗੀਆਂ ਬਸਤੀਵਾਦੀ ਤਾਕਤਾਂ ਨੂੰ ਪਿਛਾਂਹ ਧੱਕ ਦਿੱਤਾ। ਆਪਣੀਆਂ ਹਕੂਮਤਾਂ ਕਾਇਮ ਕਰ ਲਈਆਂ, ਬਸਤੀਆਂ ਦੇ ਲੋਕਾਂ ਤੇ ਅੱਤਿਆਚਾਰ ਕੀਤੇ, ਰਾਜਿਆਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ, ਘਿਨਾਉਣੇ ਅਪਰਾਧ ਕੀਤੇ, ਫੌਜਾਂ, ਟੈਕਾਂ, ਤੋਪਾਂ ਅਤੇ ਗੋਲਾ-ਬਾਰੂਦ ਵਰਤਿਆ, ਨਾ-ਇਨਸਾਫੀ ਵਿਰੁੱਧ ਲੜਨ ਵਾਲੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਆਪਣੇ ਸਾਮਰਾਜ ਬਣਾ ਲਏ। ਭਾਰਤ ਉਸ ਸਮੇਂ ਵੱਡੀ ਸਲਤਨਤ ਸੀ ਅਤੇ ਬਰਤਾਨੀਆ ਜਿੰਨਾ ਹੀ ਸ਼ਕਤੀਸ਼ਾਲੀ ਦੇਸ਼ ਸੀ। ਭਾਰਤ ਵਿਚ ਬਰਤਾਨੀਆ ਦੇ ਦਾਖਲੇ ਦੀ ਕਹਾਣੀ ਲਾਰਡ ਕਲਾਈਵ ਤੋਂ ਸ਼ੁਰੂ ਹੁੰਦੀ ਹੈ ਜੋ ਬੰਗਾਲ ਵਿਚ ਨੌਕਰੀ ਕਰਨ ਆਇਆ ਸੀ। ਫਿਰ ਬ੍ਰਿਟਿਸ਼ ਇੰਡੀਆ ਕੰਪਨੀ ਦੀ ਭਾਰਤ ਵਿਚ ਸਥਾਪਤੀ ਕਰ ਕੇ ਵਪਾਰੀ ਬਣ ਗਿਆ ਅਤੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨਾਲ 1757 ਈਸਵੀ ਵਿਚ ਬੰਗਾਲ ਦੇ ਗਵਰਨਰ ਦਾ ਸਥਾਨ ਮੱਲ਼ ਲਿਆ। ਬ੍ਰਿਟਿਸ਼ ਸਾਮਰਾਜ ਨੇ ਭਾਰਤ ਦੀ ਆਰਥਿਕਤਾ ਨੂੰ ਮਨ ਆਏ ਢੰਗ ਨਾਲ ਲੁੱਟਿਆ। ਵਹਿਸ਼ੀਆਨਾ ਕਾਰਵਾਈਆਂ ਕਰ ਕੇ ਦੇਸ਼ ਭਗਤਾਂ ਨੂੰ ਜੇਲ੍ਹਾਂ ਵਿਚ ਡੱਕਿਆ, ਦੇਸ਼ ਨਕਾਲੇ ਦਿੱਤੇ, ਤੋਪਾਂ ਨਾਲ ਉਡਾਇਆ ਪਰ ਕਿਰਤੀਆਂ, ਕਿਸਾਨਾਂ, ਫੌਜ ਦੇ ਜਰਨੈਲਾਂ, ਪੰਜਾਬੀ ਜੁਝਾਰੂ ਸੂਰਬੀਰਾਂ ਨੇ ਮੂੰਹ ਤੋੜਵਾਂ ਜਵਾਬ ਦਿੰਦਿਆਂ ਅਨੇਕਾਂ ਕੁਰਬਾਨੀਆਂ ਨਾਲ ਅੰਗਰੇਜ਼ ਨੂੰ ਭਾਰਤ ਵਿਚੋਂ ਕੱਢਿਆ।
ਬਸਤੀਵਾਦੀ ਬਰਤਾਨੀਆਂ ਦੀਆਂ ਇੰਨੀਆਂ ਦਰਦਨਾਕ ਅਤੇ ਵਹਿਸ਼ੀਆਨਾ ਕਾਰਵਾਈਆਂ ਪਿੱਛੇ ਇਹੋ ਲਾਲਸਾ ਸੀ ਕਿ ਵੱਧ ਤੋਂ ਵੱਧ ਸਰਮਾਇਆ ਇਕੱਠਾ ਕੀਤਾ ਜਾਵੇ ਅਤੇ ਆਪਣੀਆਂ ਹਕੂਮਤਾਂ, ਆਪਣੇ ਸਾਮਰਾਜ ਕਾਇਮ ਕਰ ਕੇ ਦੁਨੀਆ ਦਾ ਸਭ ਤੋਂ ਵੱਡਾ ਅਮੀਰ ਬਾਦਸ਼ਾਹ ਬਣਿਆ ਜਾ ਸਕੇ। ਬਸਤੀਵਾਦੀਆਂ, ਰਜਵਾੜਾਸ਼ਾਹੀਆਂ, ਪੂੰਜੀਪਤੀਆਂ, ਸਰਮਾਏਦਾਰਾਂ ਵੱਲੋਂ ਦੁਨੀਆ ਦੀ ਆਰਥਿਕਤਾ ਦੀ ਕੀਤੀ ਹੋਈ ਲੁੱਟ ਦੀ ਦੌਲਤ ਅਤੇ ਹਕੂਮਤਾਂ ਦੀ ਭੁੱਖ ਨੇ ਉਨ੍ਹਾਂ ਨੂੰ ਟਿਕਣ ਨਾ ਦਿੱਤਾ। ਆਪਣੇ ਬੇ-ਹਿਸਾਬੇ ਸਰਮਾਏ ਤੋਂ ਹੋਰ ਵੱਡੇ ਮੁਨਾਫੇ ਲੈਣ ਲਈ ਇਹ ਲੋਕ ਵਿਸ਼ਵਵਿਆਪੀ ਅਜਿਹੀਆਂ ਯੋਜਨਾਵਾਂ ਉਲੀਕਦੇ ਗਏ ਜਿਸ ਨਾਲ ਸਾਡੀ ਆਰਥਿਕਤਾ ਲੁੱਟ ਲਈ ਜਾਂਦੀ ਰਹੀ ਤੇ ਸਾਨੂੰ ਸਮਝ ਉਦੋਂ ਆਈ ਜਦੋਂ ਅਸੀਂ ਉਨ੍ਹਾਂ ਦੀਆਂ ਮਾਰਾਂ ਨਾਲ ਨਪੀੜੇ ਜਾ ਚੁੱਕੇ ਹੁੰਦੇ ਸਾਂ, ਲੁੱਟੇ-ਪੁੱਟੇ ਜਾ ਚੁੱਕੇ ਹੁੰਦੇ ਸਾਂ।
ਬਸਤੀਵਾਦ ਹਮਲਿਆਂ ਦੌਰਾਨ ਇੱਕ ਦੇਸ਼ ਦੂਸਰੇ ਦੇਸ਼ ਤੇ ਹਮਲਾ ਕਰਦਾ ਸੀ ਪਰ ਸਾਮਰਾਜ ਦੇ ਬਦਲ ਵਿਚ ਇੱਕ ਦੇਸ਼ ਦੂਸਰੇ ਦੇਸ਼ ਨਾਲ ਵਪਾਰਕ ਸਮਝੌਤਿਆਂ ਰਾਹੀਂ ਆਪਣੇ ਦੇਸ਼ ਵਿਚ ਬੈਠਾ ਹੀ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਦਾ ਹੈ। ਵਿਕਸਤ ਦੇਸ਼ ਵਿਕਾਸਸ਼ੀਲ ਦੇਸ਼ਾਂ ਨੂੰ ਵੱਡੇ ਕਰਜ਼ੇ ਦੇ ਕੇ ਆਪਣਾ ਗੁਲਾਮ ਬਣਾ ਲੈਂਦੇ ਹਨ। ਗੈਟ ਸਮਝੌਤਿਆਂ, ਡੰਕਲ ਤਜਵੀਜ਼ਾਂ, ਨਿੱਜੀਕਰਨ, ਵਪਾਰੀਕਰਨ, ਉਦਾਰੀਕਰਨ, ਖੇਤੀਬਾੜੀ ਕਾਨੂੰਨਾਂ, ਨਵੀਂ ਕਰੰਸੀ ਛਾਪ ਕੇ, ਜੀਐੱਸਟੀ ਵਰਗੀਆਂ ਮਾਰੂ ਨੀਤੀਆਂ ਸਰਮਾਏਦਾਰਾਂ ਵੱਲੋਂ ਸੰਸਾਰ ਦਾ ਸਰਮਾਇਆ ਹੜੱਪਣ ਲਈ ਲੋਕਾਂ ਤੇ ਕੀਤਾ ਆਰਥਿਕ ਲੁੱਟ ਦਾ ਹਮਲਾ ਹੀ ਹੈ। ਦੇਸ਼ ਨੂੰ ਨਵੀਂ ਟੈਕਨਾਲੋਜੀ, ਨਵੇਂ ਯੁੱਗ, ਖੁੱਲ੍ਹੀ ਮੰਡੀ, ਵਿਕਾਸ ਵਾਲੇ ਭਾਰਤ, ਡਿਜੀਟਲ ਇੰਡੀਆ, ਉਭਰਦਾ ਭਾਰਤ, ਭਾਰਤ ਉਦੈ, ਉਜਲੇ ਭਵਿੱਖ ਦੇ ਸੁਪਨੇ ਦਿਖਾਏ ਜਾ ਰਹੇ ਹਨ ਪਰ ਸਮਾਜ ਦੀ ਆਰਥਿਕਤਾ ਗਰਕ ਰਹੀ ਹੈ, ਕਾਰੋਬਾਰ ਖ਼ਤਮ ਹੋ ਰਹੇ ਹਨ, ਬੇਰੁਜ਼ਗਾਰੀ, ਭੁੱਖਮਰੀ, ਖੁਦਕੁਸ਼ੀਆਂ ਸਿਰ ਚੜ੍ਹ ਕੇ ਬੋਲ ਰਹੀਆਂ ਹਨ।
ਸੰਸਾਰ ਵਿਆਪੀ ਸਰਮਾਏਦਾਰਾਂ ਦੇ ਉਲੀਕੇ ਸੰਕਲਪਾਂ ਅਨੁਸਾਰ 1960 ਵਿਚ ਅਮਰੀਕੀ ਅਧਿਕਾਰੀ ਮਾਰਸ਼ਲ ਮੈਕਲੂਹਨ ਨੇ ਸੂਚਨਾ ਤਕਨਾਲੋਜੀ ਦਾ ਪ੍ਰਸਾਰ ਕਰਨ ਲਈ ‘ਗਲੋਬਲ ਵਿਲੇਜ਼’ ਦੇ ਵਿਚਾਰ ਦਾ ਪ੍ਰਸਾਰ ਕੀਤਾ। ਸਾਰਾ ਸੰਸਾਰ ਇੱਕ ਪਿੰਡ ਬਣਾ ਦਿੱਤਾ। ਸੰਸਾਰੀਕਰਨ, ਗਲੋਬਲਾਈਜੇਸ਼ਨ ਨੂੰ ਦੁਨੀਆ ਦੇ ਸੁਨਿਹਰੇ ਭਵਿੱਖ ਵਜੋਂ ਪ੍ਰਚਾਰਿਆ ਗਿਆ ਜਦੋਂ ਕਿ ਸੰਸਾਰੀਕਰਨ ਸੰਸਾਰ ਦੇ ਸਾਮਰਾਜੀ ਪ੍ਰਬੰਧ ਦਾ ਹੀ ਦੂਜਾ ਨਾਂ ਹੈ। ਸੰਸਾਰੀਕਰਨ ਦੀ ਉਸਾਰੂ ਵਿਚਾਰਧਾਰਾ, ਮਨੁੱਖੀ ਵਿਕਾਸ, ਧਰਮ, ਵਿਰਾਸਤ, ਸੱਭਿਆਚਾਰ ਅਤੇ ਪਰਿਵਾਰਕ ਰਿਸ਼ਤਿਆਂ ਨਾਲ ਕੋਈ ਨੇੜੇ ਦਾ ਵੀ ਵਾਸਤਾ ਨਹੀਂ ਸਗੋਂ ਇਹ ਨਿੱਜਵਾਦੀ, ਸਵਾਰਥੀ ਵਰਤਾਰਾ ਹੈ। ਸੰਸਾਰੀਕਰਨ ਨੇ ਮਨੁੱਖਤਾ ਨੂੰ ਪਦਾਰਥਵਾਦ, ਪੂੰਜੀਵਾਦ, ਸਰਮਾਏਦਾਰੀ ਅਤੇ ਮਾਇਕ ਰਿਸ਼ਤਿਆਂ ਵਿਚ ਜਕੜ ਲਿਆ ਹੈ। ਸੰਸਾਰੀਕਰਨ ਨੂੰ ਆਪਣੇ ਵਿਕਾਸ ਲਈ ਮੁਕਾਬਲੇਬਾਜ਼ੀ, ਦਿਖਾਵੇ, ਹੰਕਾਰ, ਸੁਆਰਥ ਅਤੇ ਲਾਲਚ ਵਰਗੇ ਝੂਠੇ ਖਪਤਕਾਰੀ ਸੱਭਿਆਚਾਰ ਦੀ ਲੋੜ ਹੈ, ਇਸੇ ਲਈ ਇਹ ਸਵਾਰਥੀ ਵਰਤਾਰਾ ਪੂਰਵਵਾਦ ਦੀਆਂ ਸੱਭਿਆਚਾਰਕ ਉਸਾਰੂ ਕਦਰਾਂ-ਕੀਮਤਾਂ ਨੂੰ ਦਰੜ ਕੇ ਆਪਣੀਆਂ ਮਨ ਲੁਭਾਊ ਨੀਤੀਆਂ ਦਾ ਟੈਕਨਾਲੋਜੀ, ਡਿਜੀਟਲ ਸੰਚਾਰ ਸਾਧਨਾ ਰਾਹੀਂ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ।
ਧਰਮ ਅਤੇ ਸਾਦਗੀ ਵੀ ਬੇਲਗਾਮ ਸਰਮਾਏਦਾਰੀ ਦੇ ਵਿਕਾਸ ਵਿਚ ਰਾਹ ਦਾ ਰੋੜਾ ਹੈ। ਧਰਮ ਸਬਰ, ਸੰਤੋਖ, ਸੰਜਮ ਅਤੇ ਸਾਦਗੀ ਨਾਲ ਜਿਊਣ ਦੀ ਪ੍ਰੇਰਨਾ ਦਿੰਦਾ ਹੈ ਪਰ ਸਰਮਾਏਦਾਰੀ ਨੂੰ ਆਪਣੇ ਮੁਨਾਫੇ ਨੂੰ ਵਧਾਉਣ ਲਈ ਫੈਸ਼ਨ, ਦਿਖਾਵੇ ਅਤੇ ਮੁਕਾਬਲੇਬਾਜ਼ੀ ਦੀ ਜ਼ਰੂਰਤ ਹੈ, ਇਸੇ ਲਈ ਇਨ੍ਹਾਂ ਵੱਲੋਂ ਆਪਣੇ ਪ੍ਰਸਾਰ ਲਈ ਲੋਕਾਂ ਦੀਆਂ ਕੰਧਾਂ ਤੇ ਲਟਕਦੇ ਅਤੇ ਹੱਥਾਂ ਵਿਚ ਫੜਾਏ ਸੰਚਾਰ ਸਾਧਨਾਂ ਰਾਹੀਂ ਸਿਰ ਨਹਾਉਣ ਵਾਲੇ ਸੈਂਪੂਆਂ ਤੋਂ ਲੈ ਕੇ ਖਾਣ-ਪੀਣ, ਪਹਿਨਣ, ਸੁੰਦਰ ਦਿਸਣ ਦੇ ਅੰਦਾਜ਼ ਅਰਧ ਨਗਨ ਕੁੜੀਆਂ ਵੱਲੋਂ ਧੜਾਧੜ ਦਿਖਾਏ ਜਾ ਰਹੇ ਹਨ। ਹੋਟਲਾਂ ਵਿਚ ਡਾਂਸ, ਕੈਬਰੇ ਡਾਂਸ, ਲੱਚਰ ਅਦਾਵਾਂ, ਪੌਪ ਸੌਂਗ, ਆਰਕੈਸਟਰਾਂ, ਅਸ਼ਲੀਲ ਗਾਇਕੀ ਆਪਣੀ ਮੁਨਾਫਾਖੋਰੀ ਲਈ ਸਰਮਾਏਦਾਰੀ ਵੱਲੋਂ ਸਾਡੇ ਅਮੀਰ ਸੱਭਿਆਚਾਰ ਤੇ ਕੀਤਾ ਹੋਇਆ ਮਾਰੂ ਹਮਲਾ ਹੈ। ਵੱਡੇ ਵੱਡੇ ਮੌਲ, ਮਹਿਲਨੁਮਾਂ ਸ਼ੀਸ਼ਿਆਂ ਵਾਲੀਆਂ ਇਮਾਰਤਾਂ, ਵੱਡੀਆਂ ਸਨਅਤਾਂ, ਕਾਰੋਬਾਰ, ਆਦਾਰੇ, ਪ੍ਰਾਈਵੇਟ ਬੈਂਕ, ਕੌਮਾਂਤਰੀ ਪੱਧਰ ਦੇ ਮੂਵੀ ਹਾਲ, ਮੈਕਡੌਨਲਜ਼, ਚਾਰ ਅਤੇ ਛੇ ਮਾਰਗੀਆਂ ਸੜਕਾਂ, ਟੋਲ ਪਲਾਜ਼ੇ, ਰਿਲਾਇੰਸ ਪੈਟਰੋਲ ਪੰਪ, ਕਾਰਪੋਰੇਸ਼ਨਾਂ, ਮੋਬਾਈਲ ਨੈੱਟ ਅਤੇ ਡਿਜੀਟਲ ਸਿਸਟਮ ਭਾਵੇਂ ਸਾਡੇ ਲੋਕਤੰਤਰ ਦਾ ਵਿਕਾਸ ਨਜ਼ਰ ਆਉਂਦਾ ਹੈ ਪਰ ਅਸਲ ਵਿਚ ਸਾਨੂੰ ਸਾਡੀ ਅਮੀਰ ਵਿਰਾਸਤ, ਪਿਤਾ ਪੁਰਖੀ ਰਵਾਇਤੀ ਜੀਵਨ ਜਾਂਚ, ਸਰਬ ਸਾਂਝੀਵਾਲਤਾ ਨਾਲੋਂ ਤੋੜ ਕੇ ਸਾਡੀ ਆਰਥਿਕਤਾ ਨੂੰ ਲੁੱਟਣ ਦੀਆਂ ਤਜਵੀਜ਼ਾਂ ਹਨ।
ਬਹੁਤ ਸਾਰੇ ਅਖਬਾਰ, ਰਸਾਲੇ, ਮੀਡੀਆ, ਸੈਂਕੜੇ ਚੈਨਲ ਕਾਰਪੋਰੇਟੋ-ਕਰੇਸੀ ਦਾ ਹਿੱਸਾ ਹਨ। ਸਰਕਾਰਾਂ ਕਾਰਪੋਰੇਟਾਂ ਦੀਆਂ ਕਠਪੁਤਲੀਆਂ ਹਨ। ਸਰਕਾਰਾਂ ਨੂੰ ਵੀ ਇਹ ਕਾਰਪੋਰੇਟ ਆਪਣੀਆਂ ਨੀਤੀਆਂ ਅਨੁਸਾਰ ਚਲਾਉਂਦੇ ਹਨ। ਕਾਰਪੋਰੇਟੋ-ਕਰੇਸੀ ਤਾਕਤਾਂ ਵੱਡੇ ਗੁਰਗਿਆਂ, ਗੈਂਗਾਂ, ਦੈਤਾਂ ਦੇ ਰੂਪ ਵਿਚ ਆਪਣੀਆਂ ਲੋਭੀ ਲਾਲਸਾਵਾਂ ਨਾਲ ਸਮੁੱਚੇ ਸੰਸਾਰ ਦੀ ਊਰਜਾ, ਸ਼ਕਤੀ ਅਤੇ ਸਰਮਾਏ ਨੂੰ ਨਿਗਲ ਜਾਣਾ ਚਾਹੁੰਦੀਆਂ ਹਨ। ਕਾਰਪੋਰੇਟ ਦੁਨੀਆ ਭਰ ਦੇ ਕੁਦਰਤੀ ਸਾਧਨਾਂ ਤੇ ਕਬਜ਼ਾ ਕਰਦੇ ਹਨ। ਇਨ੍ਹਾਂ ਲੱਕੜ, ਤਾਂਬਾ, ਸਟੀਲ-ਬਾਕਸਾਈਡ ਨੂੰ ਚੂੰਡਿਆ ਅਤੇ ਕੋਲਾ, ਸੋਨਾ, ਤੇਲ ਖੂਹਾਂ ਤੇ ਧਰਤੀ ਵਿਚੋਂ ਨਿੱਕਲਦੇ ਖਣਿਜਾਂ ਦੇ ਮੁਨਾਫੇ ਤੇ ਕਬਜ਼ਾ ਕੀਤਾ। ਜਦੋਂ ਕੌਮਾਂਤਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ 75 ਪ੍ਰਤੀਸ਼ਤ ਤੱਕ ਵੀ ਘਟ ਜਾਂਦੀਆਂ ਹਨ ਤਾਂ ਇਨ੍ਹਾਂ ਵੱਲੋਂ ਕੀਮਤਾਂ ਘਟਾਉਣੀਆਂ ਤਾਂ ਦੂਰ ਦੀ ਗੱਲ ਸਗੋਂ ਕੀਮਤਾਂ ਵਿਚ ਹੋਰ ਵਾਧਾ ਕਰ ਦਿੱਤਾ ਜਾਂਦਾ ਹੈ। ਇਹ ਟੈਕਨਾਲੋਜੀ ਦਾ ਪ੍ਰਸਾਰ ਕਰ ਕੇ ਡਿਜੀਟਲ ਦੁਨੀਆ ਦੇ ਨਾਂ ਹੇਠ ਆਰਥਿਕ ਲੁੱਟ ਕਰ ਰਹੇ ਹਨ ਤੇ ਹੁਣ ਇਨ੍ਹਾਂ ਦਾ ਧਿਆਨ ਉੱਤਰੀ ਭਾਰਤ ਦੀਆਂ ਜ਼ਮੀਨਾਂ ਵੱਲ ਆ ਗਿਆ ਹੈ। ਜਿੱਥੋਂ ਭਾਰਤ ਦਾ ਹਰ ਮਨੁੱਖ, ਜੀਵ-ਜੰਤੂ, ਪਸ਼ੂ, ਪੰਛੀ ਰੋਟੀ ਖਾਂਦਾ ਹੈ। ਕਰੋੜਾਂ ਕਿਸਾਨ ਜ਼ਮੀਨਾਂ ਵਿਚੋਂ ਅਨਾਜ ਉਗਾ ਕੇ ਸਾਡੇ ਦੇਸ਼ ਦਾ ਢਿੱਡ ਭਰ ਰਹੇ ਹਨ ਅਤੇ ਭਾਰਤ ਨੂੰ ਆਤਮ-ਨਿਰਭਰ ਕਰ ਰਹੇ ਹਨ। ਖੇਤੀਬਾੜੀ ਭਾਰਤ ਦੀ ਆਰਥਿਕਤਾ ਦਾ ਧੁਰਾ ਹੈ। ਹੁਣ ਕਾਰਪੋਰੇਟੋ-ਕਰੇਸੀ ਖੇਤੀ ਸੈਕਟਰ ਨੂੰ ਨਿਗਲ ਜਾਣਾ ਚਾਹੁੰਦੀ ਹੈ। ਇਸੇ ਲਈ ਕਾਰਪੋਰੇਟਾਂ ਦੀ ਕਠਪੁਤਲੀ ਮੋਦੀ ਸਰਕਾਰ ਨੇ ਤਿੰਨ ਕਾਨੂੰਨ ਪਾਸ ਕਰ ਦਿੱਤੇ ਜਿਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਮਗਜ਼ੇ ਮਾਰੇ ਜਾ ਰਹੇ ਹਨ ਪਰ ਅਸਲ ਵਿਚ ਇਹ ਕਿਸਾਨਾਂ ਦੇ ਭਲੇ ਲਈ ਨਹੀਂ ਸਗੋਂ ਕਿਸਾਨੀ ਅਤੇ ਕਿਸਾਨੀ ਨਾਲ ਜੁੜੇ ਕਾਰੋਬਾਰੀ ਲੋਕਾਂ ਦੇ ਗਲੇ ਦਾ ਫੰਧਾ ਹੈ।
ਜਿੱਥੇ ਕਾਰਪੋਰੇਟਾਂ ਦੇ ਸਟੋਰਾਂ ਤੇ ਕੁਦਰਤ ਵੱਲੋਂ ਬਖ਼ਸ਼ਿਆ ਮੁਫ਼ਤ ਮਿਲਣ ਵਾਲਾ ਪਾਣੀ 20 ਰੁਪਏ ਲਿਟਰ, ਲੂਣ 25 ਰੁਪਏ ਕਿੱਲੋ ਵਿਕਦਾ ਹੈ, ਉਥੇ ਕਿਸਾਨ ਵੱਲੋਂ ਕੜਾਕੇ ਦੀਆਂ ਸਰਦੀਆਂ ਵਿਚ 6 ਮਹੀਨੇ ਮਿਹਨਤ ਨਾਲ ਖਾਦਾਂ ਪਾ ਕੇ ਖਰਚ, ਖੇਚਲ ਨਾਲ ਉਗਾਈ ਕਣਕ ਵੀ 20 ਰੁਪਏ ਕਿੱਲੋ ਹੀ ਵਿਕਦੀ ਹੈ। ਉਸੇ ਕਣਕ ਤੋਂ ਮਾਮੂਲੀ ਲਾਗਤ ਨਾਲ ਤਿਆਰ ਕੀਤਾ ਪਾਸਤਾ ਇਨ੍ਹਾਂ ਦੇ ਸਟੋਰਾਂ ਵਿਚ 450 ਰੁਪਏ ਦਾ ਅੱਧਾ ਕਿੱਲੋ ਵਿਕ ਰਿਹਾ ਹੈ। ਇਸੇ ਤਰ੍ਹਾਂ ਆਲੂ, ਪਿਆਜ, ਕਿਨੂੰ, ਸੇਬ, ਫ਼ਲਾਂ ਅਤੇ ਸਬਜ਼ੀਆਂ ਦਾ ਹਾਲ ਹੈ ਜੋ ਕਿਸਾਨਾਂ ਤੋਂ ਸਸਤੀ ਕੀਮਤ ਤੇ ਖਰੀਦ ਕੇ ਕਾਰਪੋਰੇਟ ਦੇ ਵੱਡੇ ਮੌਲਜ਼ ਵਿਚ ਦਿਲ ਨੂੰ ਧੂਹ ਪਾਉਣ ਵਾਲੇ ਵੱਡੇ ਮੁਨਾਫੇ ਨਾਲ ਵੇਚਿਆਂ ਜਾਂਦਾ ਹੈ।
ਅੱਜ ਅਸੀਂ ਇਤਿਹਾਸ ਦੇ ਬੜੇ ਅਵੱਲੜੇ ਮੋੜ ਤੇ ਖੜ੍ਹੇ ਹਾਂ। ਕਾਰਪੋਰੇਟੇ-ਕਰੇਸੀ ਤੋਂ ਆਜ਼ਾਦ ਹੋਣ ਲਈ ਅੱਜ ਕਿਸਾਨ ਅੰਦੋਲਨ ਰਾਹੀਂ ਕਿਸਾਨਾਂ, ਕਿਰਤੀਆਂ, ਮਜ਼ਦੂਰਾਂ, ਮਿਹਨਤਕਸਾਂ ਦੀ ਕਾਰਪੋਰੇਟਾਂ ਅਤੇ ਸਰਕਾਰਾਂ ਨਾਲ ਸਿੱਧੀ ਦੀ ਟੱਕਰ ਹੋ ਗਈ ਹੈ। ਕਿਸਾਨ ਅੰਦੋਲਨ ਨੇ ਕਾਰਪੋਰੇਟਾਂ ਵੱਲੋਂ ਦੇਸ਼ ਦੀ ਹੋ ਰਹੀ ਲੁੱਟਮਾਰ ਦੇ ਚਿੱਠੇ ਨੂੰ ਲੋਕਾਈ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ ਹੈ। ਦੇਸ਼ ਦਾ ਹਰ ਮਿਹਨਤਕਸ਼, ਕਿਸਾਨ ਇਨਸਾਫ ਪਸੰਦ ਆਦਮੀ ਜਾਗਰੂਕ ਹੋ ਗਿਆ ਹੈ। ਪੰਜਾਬ ਤੋਂ ਸ਼ੁਰੂ ਹੋ ਕੇ ਇਹ ਲਹਿਰ ਹਰਿਆਣਾ, ਰਾਜਸਥਾਨ, ਯੂਪੀ, ਉੱਤਰਾਖੰਡ, ਮਹਾਰਾਸ਼ਟਰ, ਕੇਰਲ ਤੋਂ ਹੁੰਦੀ ਹੋਈ ਸਮੁੱਚੇ ਭਾਰਤ ਵਿਚ ਫੈਲ ਚੁੱਕੀ ਹੈ। ਸਮੁੱਚੇ ਭਾਰਤ ਵਿਚ ਕ੍ਰਾਂਤੀ ਅਤੇ ਇਨਕਲਾਬ ਦੀ ਜਵਾਲਾ ਭਖ ਗਈ ਹੈ। ਦੇਵ-ਦਾਨਵ, ਰਾਮ-ਰਾਵਣ, ਮਲਕ ਭਾਗੋਆਂ ਅਤੇ ਭਾਈ ਲਾਲੋਆਂ ਦੇ ਵਿਚਕਾਰ ਲੜਿਆ ਜਾ ਰਿਹਾ ਇਹ ਸੰਘਰਸ਼ ਸਭ ਦੇ ਸਾਹਮਣੇ ਹੈ।
ਸਾਡੇ ਦੇਸ਼ ਦਾ ਇਤਿਹਾਸ ਵੱਡੇ ਬਦਲਾਓ ਲਿਆਉਣ ਦੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ। ਵਫਾਦਾਰੀ ਅੱਜ ਦੇਸ਼ ਤੋਂ ਮੰਗ ਕਰਦੀ ਹੈ ਕਿ ਜਿਹੜੀ ਰਾਜਨੀਤੀ ਅਤੇ ਕਾਰਪੋਰੇਟੋ-ਕਰੇਸੀ ਸਾਨੂੰ ਸਾਡੇ ਖੇਤਾਂ ਨਾਲੋਂ, ਸਾਡੇ ਸੱਭਿਆਚਾਰ, ਧਰਮ, ਬੋਲੀ, ਅਮੀਰ ਵਿਰਾਸਤ, ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਨਾਲੋਂ ਤੋੜਦੀ ਹੈ, ਉਸ ਵਿਚ ਬਦਲਾਓ ਲਿਆਉਣ ਦਾ ਅੱਜ ਸੁਨਿਹਰੀ ਮੌਕਾ ਹੈ ਜੋ ਕਿਸਾਨ ਅੰਦੋਲਨ ਦੇ ਰੂਪ ਵਿਚ ਦਿੱਲੀ ਦੀਆਂ ਬਰੂਹਾਂ ਤੇ ਡਟਿਆ ਹੋਇਆ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਅਤੇ ਇਤਿਹਾਸ ਦੇ ਸਾਰ ਤੱਤ ਇਹ ਸਪੱਸ਼ਟ ਕਰਦੇ ਹਨ ਕਿ ‘ਲੜਾਈ ਜਿੰਨੀ ਔਖੀ ਹੁੰਦੀ ਹੈ, ਜਿੱਤ ਓਨੀ ਹੀ ਸ਼ਾਨਦਾਰ ਹੁੰਦੀ ਹੈ।’
ਸੰਪਰਕ: 98768-50680