ਅਬ ਜੂਝਨ ਕੋ ਦਾਉ
ਮਹਿੰਦਰ ਸਿੰਘ ਸਰਨਾ
ਅੱਧੇ ਕੁ ਸਿੰਘ ਸੂਰਿਆਂ ਲੜ ਕੇ ਇਸ ਪ੍ਰਕਾਰ
ਸਨਮੁੱਖ ਪਾ ਸ਼ਹੀਦੀਆਂ ਪਾਇਆ ਮੋਖ ਦੁਆਰ
ਲਾਂਭੇ ਹੋ ਕੇ ਗੜ੍ਹੀ ਤੋਂ ਲੱਗੇ ਕਰਨ ਵਿਚਾਰ
ਸੱਜਰੇ ਹੱਲੇ ਦੀ ਕਰਨ ਕਿੱਦਾਂ ਵਿਉਂਤ ਤਿਆਰ।
ਬਾਕੀ ਰਹਿੰਦੇ ਸਿੰਘਾਂ ਰਲ ਕੇ ਸੋਚਿਆ
ਕਲਗੀ ਵਾਲੇ ਸਾਹਿਬ ਤਾਈਂ ਆਖੀਏ
ਸੱਜਰਾ ਹੱਲਾ ਹੋਰ ਕਰੜਾ ਹੋਏਗਾ
ਮੁਗ਼ਲਾਂ ਲਾ ਕੇ ਜ਼ੋਰ ਸਾਰਾ ਟੁੱਟਣਾ
ਬਹਿ ਕੇ ਅੰਦਰ ਗੜ੍ਹੀ ਕਰਨਾ ਟਾਕਰਾ
ਪਲ ਪਲ ਮਗਰੋਂ ਕਠਨ ਹੁੰਦਾ ਜਾ ਰਿਹਾ
ਸਾਹਿਬਜ਼ਾਦਿਆਂ ਸਣੇ ਛਡੋ ਗੜ੍ਹੀ ਨੂੰ
ਸਾਹਿਬਾ ਸਾਡਾ ਆਖਾ ਨਾ ਇਹ ਮੋੜਨਾ।
ਨੇੜੇ ਪੁਜ ਕੇ ਸਿੰਘਾਂ ਨੇ ਪਰ ਵੇਖਿਆ
ਹੱਥ ਜੋੜੀ ਪਿਤਾ ਸਾਹਵੇਂ ਝੁਕਿਆ
ਸਾਹਿਬਜ਼ਾਦਾ ਅਜੀਤ ਸਿੰਘ ਸੀ ਕਹਿ ਰਿਹਾ
‘‘ਬਖ਼ਸ਼ੋ ਪਿਤਾ ਹਜ਼ੂਰ ਮੈਨੂੰ ਆਗਿਆ
ਦੇਵੋ ਮੇਰੀ ਕੰਡ ਉਤੇ ਥਾਪੜਾ
ਵਾਂਗੂੰ ਆਪਣੇ ਵੀਰਾਂ ਸਿੰਘਾਂ ਜੋਧਿਆਂ
ਨਿਕਲ ਕੇ ਗੜ੍ਹੀਓਂ ਸ਼ਤਰੂ ਦਲ ਦੀ ਭੀੜ ਨੂੰ
ਕਰਕੇ ਹੱਲਾ ਰਤਾ ਕੁ ਪਤਲਾ ਕਰਾਂ
ਸੀਨੇ ਅੰਦਰ ਹੈ ਉਬਾਲਾ ਜੋਸ਼ ਦਾ
ਮਨ ਦੇ ਅੰਦਰ ਰੀਝ ਉੱਠੀ ਚਾਅ ਘਣਾ
ਸੁਣ ਕੇ ਸਾਹਿਬ ਅਜੀਤ ਸਿੰਘ ਦੀ ਬੇਨਤੀ
ਬੁਲ੍ਹਾਂ ਵਿਚ ਮੁਸਕਾਇਆ ਪੁਰਖ ਅਗੰਮੜਾ
ਬੁਲ੍ਹਾਂ ਵਿਚੋਂ ਏਦਾਂ ਕਿਰਨਾਂ ਫੁਟੀਆਂ
ਹੋਵੇ ਜਿਵੇਂ ਅਕਾਸ਼ ’ਤੇ ਮੂੰਹ ਝਾਖਰਾ
ਮੁਸਕਰਾ ਕੇ ਦਿਤਾ ਕੰਡ ’ਤੇ ਥਾਪੜਾ
ਦੇ ਕੇ ਫੇਰ ਅਸੀਸ, ਮੱਥਾ ਚੁੰਮਿਆ
ਘੁਟ ਕੇ ਗਲ ਦੇ ਨਾਲ ਲਾ ਕੇ ਆਖਿਆ
‘‘ਸੱਜਰਾ ਹੱਲਾ ਵੈਰੀ ਦਾ ਹੈ ਰੋਕਣਾ
ਲੋਹਾ ਕਰੋ ਨਿਸ਼ੰਗ ਮੁਗਲਾਂ ਸੰਗ ਜਾ
ਕਰੋ ਪੂਰੀ ਮਨ ਅਪਣੇ ਦੀ ਭਾਵਨਾ।’’
ਸਾਹਿਬਜ਼ਾਦਾ ਅਜੀਤ ਸਿੰਘ, ਜੀਤੋ ਮਾਂ ਦਾ ਲਾਲ
ਛੇੜ ਕੇ ਘੋੜਾ ਨਿਕਲਿਆ ਹੋਕੇ ਅਤਿ ਵਿਕਰਾਲ
ਜੋਧੇ ਗੋਬਿੰਦ ਸਿੰਘ ਦਾ ਟਿੱਕਾ ਪੁੱਤ ਦਲੇਰ
ਬੁੜ੍ਹਕ ਗੜ੍ਹੀ ’ਚੋਂ ਨਿਕਲਿਆ ਜਿਵੇਂ ਬੇਲਿਓਂ ਸ਼ੇਰ
ਨਵੀਂ ਜਵਾਨੀ ਪੁੰਗਰਦੀ, ਮਸਫੁਟਾ ਗਭਰੋਟ
ਰਣ ਖੇਤਰ ਵਿਚ ਨਿੱਤਰਿਆ ਕਰਨ ਜ਼ੁਲਮ ਤੇ ਚੋਟ
ਸੋਹਣਾ ਸੁਬਕ ਸਰੀਰ ਤੇ ਕਾਂਸੀ ਵਰਗਾ ਰੰਗ
ਜਾਪੇ ਜਿਉਂ ਫ਼ੌਲਾਦ ਵਿਚ ਢਲਿਆ ਇਕ ਇਕ ਅੰਗ
ਅੱਖਾਂ ਵਿਚ ਚੰਗਿਆੜੀਆਂ ਮੱਥੇ ਭਖਦੀ ਭਾਹ
ਮੁਖੜੇ ਨੂੰ ਸੰਧੂਰਿਆ ਯੁਧ ਰਚਣ ਦੇ ਚਾਅ
ਆਗਿਆ ਲੈ ਦਸਮੇਸ਼ ਦੀ ਸਾਹਿਬਜ਼ਾਦੇ ਦੇ ਸੰਗ
ਨਿਕਲੇ ਪੰਜ ਸਿੰਘ ਗੜ੍ਹੀ ਚੋਂ ਲੈ ਕੇ ਤੀਰ ਤੁਫੰਗ
ਵਡੇ ਲੜਾਕੇ ਸੂਰਮੇਂ ਜੰਗਜੂ ਤੇ ਜਾਂਬਾਜ਼
ਰਣ ਵਿਦਿਆ ਦਾ ਜਿਨ੍ਹਾਂ ਤੋਂ ਲੁਕਿਆ ਨਾ ਕਾਈ ਰਾਜ਼
ਸ਼ਤਰੂ ਤਾਈਂ ਯੁਧ ਵਿਚ ਪੀਂਹਦੇ ਬੜਾ ਮਹੀਨ
ਸ਼ਸਤਰ ਵਿੱਦਿਆ ਵਿਚ ਸਨ ਇਕੋ ਜਹੇ ਪ੍ਰਬੀਨ
ਸੁਖਾ ਸਿੰਘ ਬੰਦੂਕਚੀ, ਆਲਮ ਸਿੰਘ ਦਲੇਰ
ਜਵਾਹਰ ਸਿੰਘ ਤੇ ਧਿਆਨ ਸਿੰਘ ਵਰਗੇ ਬੱਬਰ ਸ਼ੇਰ
ਬੀਰ ਸਿੰਘ ਤਲਵਰੀਏ ਵਰ ਜੋਧੇ ਬੇਮਿਸਾਲ
ਤੇਗ ਜਿਦ੍ਹੀ ਤੋਂ ਬਿਜਲੀਆਂ ਸਿਖ ਕਈ ਕਮਾਲ
ਸਾਹਿਬਜ਼ਾਦੇ ਦੇ ਨਾਲ ਸਨ ਆਏ ਗੜ੍ਹੀਓਂ ਬਾਹਰ
ਕੀਤੀ ਉਹਨਾਂ ਵੈਰੀ ਉਤੇ ਤੀਰਾਂ ਦੀ ਬੌਛਾੜ।
ਸਾਹਿਬਜ਼ਾਦੇ ਨੇ ਆਪਣੀ, ਲੈ ਕੇ ਹੱਥ ਕਮਾਨ
ਕੰਨਾ ਤੀਕਰ ਖਿਚ ਕੇ ਵਾਹੇ ਮਾਰੂ ਬਾਣ
ਫ਼ਨੀਅਰ ਵਾਂਗੂੰ ਸਰਕਦੇ ਵਿਚ ਹਵਾ ਜੋ ਜਾਣ
ਡੰਗਣ ਚੁਣ ਚੁਣ ਲਸ਼ਕਰੋਂ ਉਘੇ ਉਘੇ ਖ਼ਾਨ
ਮੁੱਕਿਆ ਨਾ ਪਰ ਮਾਰਿਆਂ ਲਸ਼ਕਰ ਬੇਸ਼ੁਮਾਰ
ਆਖ਼ਰ ਫਤਹ ਗਜਾ ਗਏ ਪੰਜੇ ਸਿੰਘ ਬਲਕਾਰ
ਕਲ-ਮੁਕੱਲਾ ਜੂਝਦਾ ਸੀ ਹੁਣ ਪਿਆ ਅਜੀਤ
ਤੇਗ਼ ਸੀ ਉਹਦੀ ਕਰ ਰਹੀ ਵੈਰੀ ਨੂੰ ਭੈਭੀਤ
ਇਕਲਵਾਂਝੇ ਖੜਾ ਸੀ ਅਨਵਰ ਖਾਂ ਸਾਲਾਰ
ਲਾਂਭੇ ਹੋ ਕੇ ਵੇਖਦਾ ਸੀ ਤੇਗ਼ਾਂ ਦੀ ਮਾਰ
ਹੁਕਮ ਫ਼ੌਜ ਨੂੰ ਚਾੜ੍ਹਦਾ ਕੜਕੇ ਦੜਕੇ ਨਾਲ
ਭੂਏ ਹੋ ਹੋ ਉਛਲਦਾ, ਹੁੰਦਾ ਲਾਲੋ ਲਾਲ
ਕਹਿੰਦਾ, ‘‘ਨਹੀਂ ਇਕ ਛੋਕਰਾ ਤੁਹਾਥੋਂ ਗਿਆ ਸੰਭਾਲ
ਜਿੱਤਣਾ ਚਾਹੋ ਗੁਰੂ ਨੂੰ ਕਿਹੜੇ ਦਾਈਏ ਨਾਲ।’’
ਨਿਕਲੀ ਨਾ ਪੂਰੀ ਅਜੇ ਮੂੰਹ ਉਹਦੇ ’ਚੋਂ ਗੱਲ
ਝਪਟਿਆ ਸਾਹਿਬ ਅਜੀਤ ਸਿੰਘ ਅਨਵਰ ਖਾਂ ਦੇ ਵਲ
ਜਿਵੇਂ ਉਕਾਬ ਹੈ ਝਪਟਦਾ ਤੱਕ ਕੇ ਕੋਈ ਗੁਟਾਰ
ਅੱਖ ਪਲਕਾਰੇ ਵਿਚ ਹੀ ਦਿਤੀ ਖੋਭ ਕਟਾਰ
ਜੁੱਸਾ ਅਨਵਰ ਖਾਨ ਦਾ ਕਦਆਵਰ, ਜੱਬਾਰ
ਇਕੋ ਵਾਰੀ ਤੜਫ਼ ਕੇ ਹੋ ਗਿਆ ਠੰਢਾ ਠਾਰ
ਜਿਉਂ ਹੀ ਪਿਛੇ ਪਰਤਿਆ ਦੇ ਘੋੜੇ ਨੂੰ ਫੇਰ
ਘੇਰੇ ਦੇ ਵਿਚ ਆ ਗਿਆ ਸਿੰਘ ਅਜੀਤ ਦਲੇਰ
ਖ਼ੂਨੀ ਬਰਛੇ ਉਲਰੇ ਚੌਤਰਫ਼ੋਂ ਇਕ ਵਾਰ
ਜੀਤੋ ਮਾਂ ਦਾ ਲਾਡਲਾ ਗੁਰਪੁਰੀ ਗਿਆ ਸਿਧਾਰ।
ਉੱਠਿਆ ਸਾਹਿਬ ਜੁਝਾਰ ਸਿੰਘ ਭਰ ਕੇ ਵਿਚ ਜਲਾਲ
ਭਖਿਆ ਮੁਖੜਾ ਓਸ ਦਾ ਸੂਹਾ ਸੂਹਾ ਲਾਲ
ਵੇਖ ਸ਼ਹਾਦਤ ਵੀਰ ਦੀ ਚੜ੍ਹਿਆ ਜੋਸ਼ ਅਪਾਰ
ਰਣ ਵਿਚ ਲੋਹਾ ਕਰਨ ਲਈ ਹੋਇਆ ਤੁਰਤ ਤਿਆਰ
ਤੱਕਿਆ ਜੁੱਧ ਅਜੀਤ ਦਾ, ਭਰਿਆ ਵਿਚ ਉਮਾਹ
ਮਨ ਨੂੰ ਖੀਵਾ ਕਰ ਰਿਹਾ ਰਣ ਮੰਡਲ ਦਾ ਚਾਅ
ਆਗਿਆ ਲੈ ਕੇ ਹੋਰ ਪੰਜ ਸਿੰਘ ਸੂਰਮੇਂ
ਸਾਹਿਬਜ਼ਾਦੇ ਦੇ ਨਾਲ ਰਣ ਵਿਚ ਨਿੱਤਰੇ
ਨਿਕਟਵਰਤੀ ਕਲਗੀ ਵਾਲੇ ਸਾਹਿਬ ਦੇ
ਗੁਰ ਜਯੋਤੀ ਤੋਂ ਹੋਏ ਜਿਹੜੇ ਸਦਕੜੇ
ਪੰਜੇ ਸਿੰਘ ਸ਼ਹੀਦੀਆਂ ਪਾ ਗਏ ਵਾਰੋ ਵਾਰ
ਕਲ-ਮੁਕੱਲਾ ਜੂਝਦਾ ਸੀ ਹੁਣ ਪਿਆ ਜੁਝਾਰ
ਰਤਾ ਨਾ ਝੰਵਿਆ ਡੋਲਿਆ ਅਪਣੀ ਵੇਖ ਇਕੱਲ
ਕੀਤਾ ਸਗੋਂ ਇਕੱਲ ਨੇ ਦੂਣ ਸਵਾਇਆ ਬਲ
ਵਾ-ਵਰੋਲੇ ਵਾਂਗਰਾ ਝੁਲ ਪਿਆ ਇਕੋ ਵਾਰ
ਵਡੇ ਵਡੇ ਗਾਜ਼ੀਆਂ ਦੇ ਦਿਤੇ ਕਦਮ ਉਖਾੜ
ਕਟਕ ਚੜ੍ਹ ਕੇ ਆ ਗਏ, ਲਸ਼ਕਰ ਇਕ ਕਸੀਰ
ਸ਼ਹਿਜ਼ਾਦੇ ’ਤੇ ਟੁੱਟ ਪਿਆ ਜਿੱਦਾਂ ਛਿੜਨ ਮਖੀਰ
ਵਸੇ ਚਾਰੇ ਪਾਸਿਓਂ ਏਦਾਂ ਬਰਛੇ ਤੀਰ
ਵਾਂਗ ਛਾਨਣੀ ਹੋ ਗਿਆ ਜੋਧਾ ਉਹ ਰਣਧੀਰ।
ਚੜ੍ਹੇ ਅਟਾਰੀ ਸਤਿਗੁਰੂ ਤਕ ਕੇ ਅਪਣਾ ਲਾਲ
ਸਨਮੁਖ ਹੋ ਕੇ ਜੂਝਦਾ ਆਏ ਵਿਚ ਜਲਾਲ
ਇਸ ਨਿਰਭੈਤਾ ਨਾਲ ਸੀ ਲੋਹਾ ਲਿਆ ਜੁਝਾਰ
ਤੱਕਿਆ ਸਾਹਿਬਾਂ ਹੋਂਵਦਾ ਆਦਰਸ਼ ਉਹ ਸਾਕਾਰ
(ਕਿਤਾਬ ‘ਅਬ ਜੂਝਨ ਕੋ ਦਾਉ’ ਵਿਚੋਂ)
* * *
ਸਿੰਘਾ ਜੇ ਚੱਲਿਆ ਚਮਕੌਰ
ਕਰਤਾਰ ਸਿੰਘ ਬਲੱਗਣ
ਸਿੰਘਾ ਜੇ ਚੱਲਿਆ ਚਮਕੌਰ।
ਓਥੇ ਸੁੱਤੇ ਨੀ ਦੋ ਭੌਰ।
ਧਰਤੀ ਚੁੰਮੀਂ ਕਰਕੇ ਗੌਰ।
ਤੇਰੀ ਜਿੰਦੜੀ ਜਾਊ ਸੌਰ।
ਕਲਗੀਧਰ ਦੀਆਂ ਪਾਈਏ ਬਾਤਾਂ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ।
ਦੇਸ਼ ’ਚੋਂ ਕੱਢੀਆਂ ਨ੍ਹੇਰੀਆਂ ਰਾਤਾਂ।
ਮਹਿੰਗੇ ਮੁੱਲ ਲਈਆਂ ਪਰਭਾਤਾਂ।
ਸਿੰਘਾ ਜੇ ਚੱਲਿਆ ਸਰਹੰਦ।
ਓਥੇ ਉੱਸਰੀ ਖ਼ੂਨੀ ਕੰਧ।
ਜਿਸ ਵਿਚ ਲੇਟੇ ਨੀ ਦੋ ਚੰਦ।
ਕਲਗੀਵਾਲੇ ਦੇ ਨੇ ਫਰਜ਼ੰਦ।
ਦਰਸ਼ਨ ਪਾ ਕੇ ਹੋਈਂ ਅਨੰਦ।
ਕਲਗੀਧਰ ਦੀਆਂ ਪਾਈਏ ਬਾਤਾਂ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ।
ਦੇਸ਼ ’ਚੋਂ ਕੱਢੀਆਂ ਨ੍ਹੇਰੀਆਂ ਰਾਤਾਂ।
ਮਹਿੰਗੇ ਮੁੱਲ ਲਈਆਂ ਪਰਭਾਤਾਂ।
ਸਿੰਘਾ ਚੱਲਿਆ ਅਨੰਦਪੁਰ ਸ਼ਹਿਰ।
ਓਥੇ ਵਗਦੀ ਊ ਸਰਸਾ ਨਹਿਰ।
ਆਖੀਂ ਪੈ ਜੇ ਤੈਨੂੰ ਕਹਿਰ।
ਤੇਰੇ ਪਾਣੀ ਦੇ ਵਿਚ ਜ਼ਹਿਰ।
ਕੀਤਾ ਨਾਲ ਗੁਰਾਂ ਦੇ ਵੈਰ।
ਕਲਗੀਧਰ ਦੀਆਂ ਪਾਈਏ ਬਾਤਾਂ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ।
ਦੇਸ਼ ’ਚੋਂ ਕੱਢੀਆਂ ਨ੍ਹੇਰੀਆਂ ਰਾਤਾਂ।
ਮਹਿੰਗੇ ਮੁੱਲ ਲਈਆਂ ਪਰਭਾਤਾਂ।
ਸਿੰਘਾ ਚੱਲਿਆ ਮਾਛੀਵਾੜੇ।
ਓਥੇ ਆਖੀਂ ਕਰ ਕਰ ਹਾੜੇ।
ਤੇਰੇ ਫੁੱਟ ਨੇ ਬਾਗ ਉਜਾੜੇ।
ਤੇਰੇ ਬਾਝ ਨਾ ਮੁਕਣ ਪੁਆੜੇ।
ਕਲਗੀਧਰ ਦੀਆਂ ਪਾਈਏ ਬਾਤਾਂ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ।
ਦੇਸ਼ ’ਚੋਂ ਕੱਢੀਆਂ ਨ੍ਹੇਰੀਆਂ ਰਾਤਾਂ।
ਮਹਿੰਗੇ ਮੁੱਲ ਲਈਆਂ ਪਰਭਾਤਾਂ।
* * *
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਨੰਦ ਲਾਲ ਨੂਰਪੁਰੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ
ਜੰਗ ਵਿਚੋਂ ਲੜ ਕੇ ਸਿਪਾਹੀ ਮੇਰੇ ਆਣਗੇ
ਚੰਨਾਂ ਦਿਆਂ ਚਿਹਰਿਆਂ ’ਚੋਂ ਚੰਨ ਮੁਸਕਾਣਗੇ
ਵਿਹੜੇ ਵਿਚ ਠਾਠਾਂ ਮਾਰੂ ਖ਼ੁਸ਼ੀ ਸੰਸਾਰ ਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਕੂਲੇ ਕੂਲੇ ਹੱਥ ਕਿਰਪਾਨਾਂ ਵਿਚ ਗੋਰੀਆਂ
ਕੱਲ੍ਹ ਨੇ ਸਵੇਰ ਦੀਆਂ ਜੋੜੀਆਂ ਮੈਂ ਤੋਰੀਆਂ
ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਸੀ ਸਹਾਰਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ
ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ
ਲਹੂ ਵਿਚ ਭਿੱਜੀ ਘੋੜੀ ਵੇਖੀ ਭੁੱਬਾਂ ਮਾਰਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਲੱਗੇ ਹੋਏ ਕਾਠੀ ਉਤੇ ਲਹੂ ਨੇ ਇਹ ਦੱਸਿਆ
ਮਾਏਂ ਤੇਰਾ ਜੋੜਾ ਦਾਦੇ ਕੋਲ ਹੈ ਜਾ ਵੱਸਿਆ
ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ
* * *
ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ
ਕਰਤਾਰ ਸਿੰਘ ਬਲੱਗਣ
ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ,
ਪਈ ਹੱਸ ਹੱਸ ਬੱਚਿਆਂ ਨੂੰ ਤੋਰੇ।
ਨਾਲੇ ਦੇਵੇ ਪਈ ਤਸੱਲੀਆਂ, ਮਾਸੂਮਾਂ ਨੂੰ, ਜਿੰਦੇ ਨੀ
ਨਾਲੇ ਵਿੱਚੇ ਵਿਚ ਆਂਦਰਾਂ ਨੂੰ ਖ਼ੋਰੇ।
ਮੂੰਹੋਂ ਆਖੇ ਮੇਰੇ ਫੁੱਲੋ ਵੇ ਤੁਹਾਨੂੰ,
ਤੱਤੀ ਵਾਅ ਪੱਤਝੜ ਦੀ ਨਾ ਲੱਗੇ।
ਨਾਲੇ ਚੁੰਮ ਚੁੰਮ ਮੂੰਹ ਮੀਟੇ ਕਲੀਆਂ ਦੇ
ਲਾਵੇ ਮੌਤ ਮਰ ਜਾਣੀ ਦੇ ਪਈ ਅੱਗੇ।
ਆਖੇ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਓ,
ਪੰਧ ਬਿਖੜੇ ’ਚ ਨਹੀਂ ਜੇ ਘਬਰਾਣਾ।
ਮਿਲਦਾ ਸਮਾਂ ਨਹੀਂ ਜੇ ਲੱਖੀਂ ਤੇ ਕਰੋੜੀਂ,
ਹੱਥ ਆਇਆ ਹੈ ਤੇ ਇਹਨੂੰ ਨਹੀਂ ਗਵਾਣਾ।
ਮੇਰੇ ਸੋਹਣੇ ਦਸਮੇਸ਼ ਦਿਓ ਹੀਰਿਓ,
ਮੁੱਲ ਤੇਗਾਂ ਉੱਤੇ ਆਪਣਾ ਪਵਾਣਾ।
ਚਿੱਟੀ ਉੱਜਲੀ ਹੈ ਪੱਗ ਤੁਹਾਡੇ ਬਾਬੇ ਦੀ,
ਮੇਰੇ ਬੱਚਿਓ ਨਾ ਦਾਗ ਕਿਧਰੇ ਲਾਣਾ।
ਜੇ ਕੋਈ ਮਾਰੇ ਮੌਤ ਚੰਦਰੀ ਦਾ ਦਾਬਾ,
ਉਹਨੂੰ ਕਹਿਣਾ ਇਹ ਤਾਂ ਸਾਡੇ ਘਰ ਦੀ ਗੋਲੀ।
ਅਸਾਂ ਬੰਨ੍ਹ ਕੇ ਸ਼ਹੀਦੀਆਂ ਦੇ ਗਾਨੇ,
ਏਸੇ ਮੌਤ ਦੀ ਲਿਆਉਣੀ ਅੱਜ ਡੋਲੀ।
ਜੇ ਕੋਈ ਫਾਂਸੀ ਵਾਲਾ ਡਰ ਭੈੜਾ ਦੱਸੇ,
ਉਹਨੂੰ ਕਹਿਣਾ ਇਹ ਜ਼ਿੰਦਗੀ ਦੀ ਬੂਟੀ।
ਇਹ ਪੀਂਘ ਮਨਸੂਰਾਂ ਦੀ ਪੁਰਾਣੀ,
ਸਾਡੇ ਵੱਡਿਆਂ ਨੇ ਲੱਖਾਂ ਵਾਰੀ ਝੂਟੀ।
* * *
ਕੋਮਲ ਜਿੰਦਾਂ ਸਿਰੜ ਵਡੇਰਾ
ਮਨਮੋਹਨ ਸਿੰਘ ਦਾਊਂ
ਦੋ ਮਾਸੂਮ ਜਿੰਦੜੀਆਂ ਕੋਮਲ
ਇਲਾਹੀ ਨੂਰ ਨਾਲ ਸਜੀਆਂ
ਜਦੋਂ ਹਾਜ਼ਰ ਹੋਣ ਲਈ ਆਈਆਂ
ਕਚਹਿਰੀ ਸੁੰਨ ਪਸਰੀ ਸੀ
ਕੋਈ ਨਾ ਬੋਲ ਸਕਦਾ ਸੀ।
ਸਰਹਿੰਦ ਦੀ ਧਰਤ ਉੱਤੇ
ਉਹ ਦਿਨ ਕੇਹਾ ਕਾਲਾ ਸੀ
ਅਦਾਲਤ ਜ਼ੁਲਮ ਦੀ ਬੈਠੀ
ਚੁਫ਼ੇਰੇ ਭੈਅ ਦਾ ਪਹਿਰਾ
ਉੱਤੋਂ ਠੰਢੀ ਰੁੱਤ ਚੰਦਰੀ
ਸਮਾਂ ਵੀ ਸਹਿਮ ਗਿਆ ਡਰਦਾ।
ਕੀਤਾ ਫੁਰਮਾਨ ਸੂਬੇ ਨੇ
ਲਡਿਕਿਓ, ਧਰਮ ਤਿਆਗੋ
ਸ਼ਾਹੀ ਦੌਲਤਾਂ ਹਾਜ਼ਰ
ਕਬੂਲੋ ਇਸਲਾਮ
ਕਿਉਂ ਜ਼ਿੱਦ ਕਰਦੇ ਹੋ?
ਛੱਡ ਦਿਓ ਹੱਠ ਆਪਣਾ
ਨਹੀਂ ਤਾਂ ਮੌਤ ਦਾ ਖੰਜਰ
ਮੇਰੇ ਹੱਥ ਲਿਸ਼ਕਦਾ ਵੇਖੋ।
ਗਰਜਵੀਂ ਆਵਾਜ਼ ਦਾ ਗੋਲਾ
ਸਿਰਾਂ ਤੋਂ ਲੰਘਿਆ ਖਹਿ ਕੇ।
ਗੋਬਿੰਦ ਗੁਰੂ ਦੇ ਪੁੱਤਰ
ਪੋਤਰੇ ਦਾਦੀ ਗੁਜਰੀ ਦੇ
ਦੋ ਚਿਹਰੇ ਸੂਰਜੀ ਭਖਦੇ
ਮਲਾਲ ਨਾ ਕੋਈ
ਉਚੇਰੇ ਹੋ ਗਏ ਸੂਹੇ
ਬੇਖੌਫ਼ ਤੱਕਣੀ ਨੂਰੀ
ਨਾ ਡੋਲੀ ਹੁਕਮ ਦੇ ਸਾਹਵੇਂ।
ਕਚਹਿਰੀ ਰੋਹ ਦੀ ਇੱਕ ਪਾਸੇ
ਦੋ ਮਜ਼ਲੂਮ ਇੱਕ ਪਾਸੇ,
ਜ਼ਾਲਮ ਦੀ ਤਲਵਾਰ ਇੱਕ ਪਾਸੇ
ਸਿਦਕੜੇ ਸਰੂਪ ਇੱਕ ਪਾਸੇ।
ਆਖ਼ਰ ਕਹਿਰ ਨਾ ਰੁਕਿਆ
ਫਤਵਾ ਦੀਵਾਰ ’ਚ
ਚਿਣਨ ਦਾ ਹੋਇਆ।
ਧਰਤੀ ਡੋਲਦੀ ਜਾਪੀ
ਅੰਬਰ ਰੁੰਨੜਾ ਹੋਇਆ,
ਪੌਣਾਂ ਸਿਸਕੀਆਂ ਭਰੀਆਂ
ਤੇ ਹਾਅ ਭਰ ਕੇ ‘ਇੱਕ ਹਮਦਮ’
ਦਰਬਾਰ ’ਚੋਂ ਉੱਠ ਸੀ ਤੁਰਿਆ।
ਜ਼ੋਰਾਵਰ ਸਿੰਘ ਸੀ ਵੱਡਾ
ਫ਼ਤਹਿ ਸਿੰਘ ਸੀ ਨਿੱਕੜਾ
ਖੜੋਤੇ ਅਡੋਲ ਸੀ ਦੋਵੇਂ।
ਜਿੰਦਾਂ ਨਿੱਕੀਆਂ ਪਰ ਸੱਚੀਆਂ
ਇੱਟਾਂ ਜ਼ੁਲਮ ਦੀਆਂ ਸੀ ਪੱਕੀਆਂ
ਚਿਣੀਆਂ ਜਾਣ ਫਿਰ ਲੱਗੀਆਂ।
ਜਦੋਂ ਸਾਹ ਘੁਟਣ ਸੀ ਲੱਗਿਆ
ਸਿਦਕ ਹੋਰ ਵੀ ਸੀ ਮਘਿਆ
ਦੀਵਾਰ ਪਾਪ ਦੀ ਉਸਾਰੀ
ਧਰਮ ਹੋਰ ਵੀ ਪੱਕਿਆ।
ਜ਼ਾਲਮ ਹੱਥ ਥੱਕ ਕੇ ਹਾਰੇ
ਅਗੰਮੀ ਜੋਤ ਜਗੀ ਹੋਰ ਉੱਚੀ।
ਤਨ ਕੂਲੇ ਸੀ ਫੁੱਲ ਵਰਗੇ
ਹਿਰਦੇ ਇਸਪਾਤ ਜਿਹੇ ਪੱਕੇ
ਸਭੋ ਕੁਝ ਸਹਿ ਰਹੇ ਤਨ ’ਤੇ
ਸਭੋ ਕੁਝ ਝੱਲ ਰਹੇ ਮਨ ’ਤੇ
ਕਦੇ ਖ਼ੂਨੀ ਦੀਵਾਰ ਢਹਿ ਜਾਂਦੀ
ਜੈਕਾਰੇ ਬੁਲੰਦ ਹੋਰ ਹੋ ਜਾਂਦੇ।
ਦੀਵਾਰ ਉਸਰ ਗਈ ਆਖਰ
ਨਾ ਡੋਲੇ ਬਾਲ, ਗੋਬਿੰਦ ਦੇ।
ਫਿਰ ਲਿਸ਼ਕੀ ਤਲਵਾਰ ਕਾਤਲ ਦੀ
ਜ਼ੁਲਮ ਦੀ ਇੰਤਹਾ ਹੋਈ
ਸ਼ਹਾਦਤ ਦੀ ਜੈ ਜੈ ਹੋਈ।
ਅੰਬਰ ਅੱਥਰੂ ਕੇਰੇ
ਧਰਤ ਭੁੱਬਾਂ ਮਾਰ ਕੇ ਰੋਈ
ਕੰਬੇ ਪੌੜ ਤਖ਼ਤਾਂ ਦੇ
ਚੁਪਾਸੀਂ ਹਾ-ਹਾ ਕਾਰ ਸੀ ਹੋਈ
ਇਤਿਹਾਸ ਸਿਰਜਿਆ ਭਿੰਨੜਾ
ਧੰਨ-ਧੰਨ ਪ੍ਰਲੋਕ ਵਿੱਚ ਹੋਈ।
ਜਿੰਦਾਂ ਨਿਕੜੀਆਂ ਸਨ ਦੋਵੇਂ
ਪਰ ਸਾਕਾ ਵੱਡੜਾ ਕੀਤਾ
ਜਾਮ ਅਣਖ ਦਾ ਪੀਤਾ
ਤੇ ਖ਼ਾਕ ਨੂਰ ਹੋ ਚਮਕੀ
ਸਿਦਕ ਦੀ ਜਿੱਤ ਹੋਰ ਦਮਕੀ!!
ਸੰਪਰਕ: 98151-23900
* ਕਰਤਾਰ ਸਿੰਘ ਬਲੱਗਣ ਦੀਆਂ ਰਚਨਾਵਾਂ ਗੁਰਭਜਨ ਗਿੱਲ (ਸੰਪਰਕ: 98726-31199) ਨੇ ਅਮਰਜੀਤ ਗੁਰਦਾਸਪੁਰੀ ਦੇ ਮੂੰਹੋਂ ਸੁਣ ਕੇ ਲਿਖਤ ਵਿਚ ਲਿਆਂਦੀਆਂ ਹਨ।