ਨਰਿੰਦਰ ਸਿੰਘ ਕਪੂਰ
ਅਸੀਂ ਵੇਖਦੇ ਘੱਟ ਹਾਂ ਅਤੇ ਨਜ਼ਰਅੰਦਾਜ਼ ਵਧੇਰੇ ਕਰਦੇ ਹਾਂ। ਵੇਖਣਾ ਅਤੇ ਵਿਖਾਉਣਾ ਜੀਵਨ ਦੇ ਦੋ ਮਹੱਤਵਪੂਰਨ ਕਾਰਜ ਹਨ। ਅਸੀਂ ਹਰ ਵੇਲੇ ਕੁਝ ਨਾ ਕੁਝ ਵੇਖਦੇ ਰਹਿੰਦੇ ਹਾਂ। ਅਸੀਂ ਜਿਵੇਂ ਚੀਜ਼ਾਂ ਹੁੰਦੀਆਂ ਹਨ, ਉਵੇਂ ਨਹੀਂ ਵੇਖਦੇ, ਸਗੋਂ ਉਵੇਂ ਵੇਖਦੇ ਹਾਂ, ਜਿਵੇਂ ਅਸੀਂ ਆਪ ਹੁੰਦੇ ਹਾਂ। ਪੀਂਘ ਨੂੰ ਬਿਮਾਰ ਵਿਅਕਤੀ ਹੁਲਾਰੇ ਵਜੋਂ ਨਹੀਂ ਵੇਖਦਾ, ਰੱਸੀ ਟੁੱਟਣ ਦੀ ਚਿੰਤਾ ਨਾਲ ਵੇਖਦਾ ਹੈ। ਬੇੜੀ ਨੂੰ ਪ੍ਰੇਮੀ-ਪ੍ਰੇਮਿਕਾ ਡੁੱਬ ਜਾਣ ਦੇ ਡਰ ਨਾਲ ਨਹੀਂ ਵੇਖਦੇ, ਮੌਜ-ਮੇਲੇ ਦੀ ਭਾਵਨਾ ਨਾਲ ਵੇਖਦੇ ਹਨ। ਕਿਸੇ ਚੀਜ਼ ਨੂੰ ਵੇਖਣ ਵਾਸਤੇ ਬਹੁਤਾ ਸੋਚਣ ਦੀ ਲੋੜ ਨਹੀਂ ਪੈਂਦੀ, ਪਰ ਕੋਈ ਚੀਜ਼ ਪੂਰੀ ਤਰ੍ਹਾਂ ਉਦੋਂ ਵਿਖਾਈ ਦਿੰਦੀ ਹੈ, ਜਦੋਂ ਅਸੀਂ ਉਸ ਨੂੰ ਅੱਖਾਂ, ਦਿਲ ਅਤੇ ਦਿਮਾਗ਼ ਤਿੰਨਾਂ ਨਾਲ ਵੇਖਦੇ ਹਾਂ। ਕਈ ਵਾਰੀ ਇਕਾਗਰ ਮਨ ਨਾਲ, ਪੂਰੇ ਧਿਆਨ ਨਾਲ, ਵੇਖਣ ਅਤੇ ਸਮਝਣ ਲਈ ਅੱਖਾਂ ਮੀਟ ਲਈਆਂ ਜਾਂਦੀਆਂ ਹਨ। ਕਈ ਵਾਰੀ ਕਿਸੇ ਨੂੰ ਵੇਖਦਿਆਂ ਹੀ ਉਸ ਤੋਂ ਨਜ਼ਰ ਫੇਰ ਲਈ ਜਾਂਦੀ ਹੈ ਅਰਥਾਤ ਉਸ ਨੂੰ ਨਾ ਵੇਖਣ ਦਾ ਪ੍ਰਭਾਵ ਦਿੱਤਾ ਜਾਂਦਾ ਹੈ। ਧਰਮ ਕਿਸੇ ਦੇ ਦੋਸ਼ ਜਾਂ ਊਣਤਾਈ ਨੂੰ ਵੇਖ ਕੇ ਅਣਦੇਖਿਆ ਅਰਥਾਤ ਵੇਖ ਕੇ ਅਣਡਿੱਠ ਕਰਨ ਦਾ ਉਪਦੇਸ਼ ਦਿੰਦੇ ਹਨ।
ਆਮ ਸਾਧਾਰਨ ਵਿਅਕਤੀ ਸਾਧਾਰਨ, ਸਰਸਰੀ ਢੰਗ ਨਾਲ ਵੇਖਦੇ ਹਨ ਜਦੋਂਕਿ ਸਿੱਖਿਅਤ ਵਿਅਕਤੀ ਇਕ ਨਜ਼ਰ ਨਾਲ ਕਿਸੇ ਚੀਜ਼ ਦੇ ਅਨੇਕਾਂ ਪੱਖ ਵੇਖ ਲੈਂਦੇ ਹਨ। ਘਰ ਦੇ ਜੀਅ ਬਿਮਾਰ ਨੂੰ ਹੋਰ ਤਰ੍ਹਾਂ ਵੇਖਦੇ ਹਨ ਜਦੋਂਕਿ ਡਾਕਟਰ-ਹਕੀਮ ਉਸੇ ਵਿਅਕਤੀ ਨੂੰ ਹੋਰ ਤਰ੍ਹਾਂ ਵੇਖਦੇ ਹਨ। ਕੋਈ ਕਵੀ, ਚਿੱਤਰਕਾਰ, ਸੰਗੀਤਕਾਰ, ਨਾਟਕਕਾਰ ਆਦਿ ਇਕ ਹੀ ਦ੍ਰਿਸ਼ ਨੂੰ ਵੱਖਰੇ-ਵੱਖਰੇ ਢੰਗ ਨਾਲ ਵੇਖਦੇ ਹਨ। ਇਹ ਢੰਗ ਵੱਖਰਾ-ਵੱਖਰਾ ਇਸ ਲਈ ਹੁੰਦਾ ਹੈ ਕਿਉਂਕਿ ਉਹ ਸਾਹਮਣੇ ਵਾਲੇ ਦ੍ਰਿਸ਼ ਨੂੰ ਪਹਿਲਾਂ ਵੇਖੇ ਗਏ ਦ੍ਰਿਸ਼ਾਂ ਦੇ ਸੰਦਰਭ ਵਿਚ ਵੇਖ ਰਹੇ ਹੁੰਦੇ ਹਨ। ਭਰਾ ਲਈ ਭੈਣ ਇਕ ਸਾਧਾਰਨ ਲੜਕੀ ਹੁੰਦੀ ਹੈ, ਪਰ ਪ੍ਰੇਮੀ ਲਈ ਉਹ ਕਵਿਤਾਵਾਂ ਲਿਖਣ ਦੀ ਪ੍ਰੇਰਨਾ ਬਣ ਜਾਂਦੀ ਹੈ। ਇਵੇਂ ਹੀ ਮਹਾਰਾਣੀ ਲਈ ਰਾਜਾ ਇਕ ਪਤੀ ਹੀ ਹੁੰਦਾ ਹੈ, ਪਰ ਦੇਸ਼ ਦੀ ਪਰਜਾ ਲਈ ਉਹ ਰੱਬ ਦਾ ਰੂਪ ਹੁੰਦਾ ਹੈ। ਕਈ ਘਰ ਵਿਚ ਅਣਗੌਲੇ ਵਿਅਕਤੀ ਹੁੰਦੇ ਹਨ, ਪਰ ਦਫ਼ਤਰ ਵਿਚ ਵੱਡੇ ਸਾਹਬ ਹੁੰਦੇ ਹਨ। ਜਦੋਂ ਮਨੁੱਖ ਸਵੇਰੇ ਜਾਗ ਕੇ ਆਪਣੇ ਆਪ ਨੂੰ ਸ਼ੀਸ਼ੇ ਵਿਚ ਵੇਖਦਾ ਹੈ ਤਾਂ ਉਸ ਨੂੰ ਕਈ ਵਾਰ ਆਪਣੇ ਆਪ ਨੂੰ ਪਛਾਣਨ ਵਿਚ ਮੁਸ਼ਕਿਲ ਹੁੰਦੀ ਹੈ ਕਿਉਂਕਿ ਉਸ ਵੇਲੇ ਉਹ ਕੇਵਲ ਇਕ ਸਰੀਰ ਹੁੰਦਾ ਹੈ, ਹੌਲੀ-ਹੌਲੀ ਉਸ ਦਾ ਨਾਂ, ਅਹੁਦਾ ਅਤੇ ਮਹੱਤਵ ਉਜਾਗਰ ਹੁੰਦਾ ਹੈ।
ਕਈਆਂ ਦੀ ਵੇਖਣ ਦੀ ਦ੍ਰਿਸ਼ਟੀ ਸਿੱਧੀ ਅਤੇ ਸਰਲ ਹੁੰਦੀ ਹੈ ਜਦੋਂਕਿ ਕੁਝ ਦਾ ਵੇਖਣ ਢੰਗ ਬੜਾ ਸੂਖ਼ਮ ਅਤੇ ਜਟਿਲ ਹੁੰਦਾ ਹੈ। ਚਿੱਤਰਕਾਰ ਅਤੇ ਮੂਰਤੀਕਾਰ ਦੀ ਦ੍ਰਿਸ਼ਟੀ ਵੱਖਰੀ ਭਾਂਤ ਦੀ ਹੁੰਦੀ ਹੈ। ਉਦਾਹਰਣ ਵਜੋਂ ਮੂਰਤੀਕਾਰ ਨੂੰ ਪੱਥਰ ਦੀ ਸਿੱਲ ਵਿਚੋਂ ਮੂਰਤੀ ਦਿਸ ਰਹੀ ਹੁੰਦੀ ਹੈ ਅਤੇ ਚਿੱਤਰਕਾਰ ਨੂੰ ਚਿੱਟੇ, ਕੋਰੇ ਕੱਪੜੇ ਵਿਚੋਂ ਚਿੱਤਰ ਦਿਸ ਰਿਹਾ ਹੁੰਦਾ ਹੈ। ਨਰਤਕੀ ਅਤੇ ਸੰਗੀਤਕਾਰ ਦਾ ਇਕ-ਦੂਜੇ ਨੂੰ ਵੇਖਣ ਦਾ ਢੰਗ ਵੱਖਰਾ ਹੁੰਦਾ ਹੈ ਅਤੇ ਦਰਸ਼ਕਾਂ ਦਾ ਵੇਖਣ ਦਾ ਢੰਗ ਬਿਲਕੁਲ ਵੱਖਰਾ ਹੁੰਦਾ ਹੈ। ਜਦੋਂ ਸੰਗੀਤ ਅਤੇ ਨ੍ਰਿਤ ਇੱਕ-ਮਿੱਕ ਹੋ ਰਹੇ ਹੁੰਦੇ ਹਨ, ਉਸ ਵੇਲੇ ਦਰਸ਼ਕ ਆਨੰਦ ਮਾਣ ਰਹੇ ਹੁੰਦੇ ਹਨ। ਪੈਰ ਨੱਚ ਰਹੇ ਹੁੰਦੇ ਹਨ, ਤਬਲਾ ਵੱਜ ਰਿਹਾ ਹੁੰਦਾ ਹੈ, ਦੋਵੇਂ ਵੱਖਰੇ-ਵੱਖਰੇ ਨਹੀਂ ਰਹਿੰਦੇ, ਇੱਕ-ਮਿੱਕ ਹੋ ਜਾਂਦੇ ਹਨ।
ਪਿਆਰ ਵਿਚ, ਪ੍ਰੇਮੀ-ਪ੍ਰੇਮਿਕਾ ਦੋਵਾਂ ਨੂੰ ਵੇਖਣਾ ਆ ਜਾਂਦਾ ਹੈ। ਸਾਧਾਰਨ ਨਜ਼ਰ ਨੂੰ ਵੇਖਣਾ ਕਹਿੰਦੇ ਹਨ, ਕਾਮਿਕ ਖਿੱਚ ਵਾਲੀ ਵੇਖਣੀ ਨੂੰ ਨਿਹਾਰਨਾ ਕਹਿੰਦੇ ਹਨ। ਪ੍ਰੇਮੀ-ਪ੍ਰੇਮਿਕਾ ਇਕ-ਦੂਜੇ ਨੂੰ ਵੇਖਦੇ ਹੀ ਨਹੀਂ, ਨਿਹਾਰਦੇ ਵੀ ਹਨ ਅਤੇ ਇਕ-ਦੂਜੇ ਨੂੰ ਨਿਹਾਰਨ ਨਾਲ ਆਪਣੇ ਆਪ ਨੂੰ ਪਛਾਣਦੇ ਹਨ। ਇਹ ਨਿਹਾਰਨ ਦਾ ਜਾਦੂ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਸੋਹਣੇ ਚਿਹਰੇ ਨੂੰ ਨਿਹਾਰਦੇ ਹਾਂ ਤਾਂ ਸਾਨੂੰ ਆਪਣੇ ਸੋਹਣੇ ਹੋਣ ਦਾ ਅਹਿਸਾਸ ਵੀ ਹੁੰਦਾ ਹੈ। ਆਪਣੇ ਬੱਚੇ ਨੂੰ ਨਿਹਾਰਨ ਨਾਲ ਮਾਂ ਨੂੰ ਆਪਣਾ ਆਪ ਸੋਹਣਾ ਲੱਗਦਾ ਹੈ ਜਿਸ ਦੇ ਪ੍ਰਮਾਣ ਵਜੋਂ ਉਹ ਬੱਚੇ ਨੂੰ ਚੁੰਮ ਕੇ ਪ੍ਰਸੰਨ ਹੁੰਦੀ ਹੈ। ਉਸ ਨੂੰ ਸੁੱਤੇ ਹੋਏ ਬੱਚੇ ਵਾਲੇ ਕਮਰੇ ਵਿਚ ਕੋਈ ਕੰਮ ਨਹੀਂ ਹੁੰਦਾ, ਪਰ ਨਿਹਾਰਨ ਦਾ ਆਨੰਦ ਮਾਣਨ ਵਾਸਤੇ ਉਹ ਬਿਨਾਂ ਕਾਰਨ ਹੀ ਕਮਰੇ ਦਾ ਗੇੜਾ ਮਾਰਦੀ ਹੈ। ਆਪਣੀਆਂ ਅੱਖਾਂ ਨੂੰ ਅਸੀਂ ਕਈ ਢੰਗਾਂ ਨਾਲ ਵਰਤਦੇ ਹਾਂ। ਸਾਡੀਆਂ ਅੱਖਾਂ ਨੂੰ ਚਿਹਰੇ ਪਛਾਣਨ ਦੀ ਮੁਹਾਰਤ ਹੁੰਦੀ ਹੈ। ਅਸੀਂ ਸਾਰੇ ਚਿਹਰਿਆਂ ਨੂੰ ਆਪਣੀ ਮਾਂ ਜਾਂ ਪਿਤਾ ਦੇ ਚਿਹਰੇ ਦੇ ਸੰਦਰਭ ਵਿਚ ਵੇਖਦੇ ਹਾਂ ਕਿਉਂਕਿ ਸਾਡੀ ਮੁੱਢਲੀ ਜਾਣ-ਪਛਾਣ ਮਾਪਿਆਂ ਦੇ ਚਿਹਰਿਆਂ ਨਾਲ ਹੁੰਦੀ ਹੈ। ਬੱਚੇ ਲਈ ਮਾਂ ਦਾ ਚਿਹਰਾ, ਪਿਤਾ ਦੇ ਚਿਹਰੇ ਨਾਲੋਂ ਵੀ ਵਧੇਰੇ ਮਹੱਤਵਪੂਰਨ ਹੁੰਦਾ ਹੈ। ਅੱਖਾਂ ਰਾਹੀਂ ਅਸੀਂ ਕਿਸੇ ਵਸਤ ਦੀ ਦੂਰੀ ਜਾਂ ਨੇੜਤਾ ਵੇਖਦੇ ਹਾਂ। ਉਸ ਦਾ ਰੰਗ-ਰੂਪ, ਆਕਾਰ ਜਾਂ ਰੂਪ-ਰੇਖਾ, ਗੋਲਾਈ, ਚੌੜਾਈ, ਲੰਬਾਈ, ਮੋਟਾਈ ਵੇਖਦੇ ਹਾਂ। ਵਸਤ ਨੂੰ ਆਪਣੇ ਸੰਦਰਭ ਵਿਚ ਅਤੇ ਆਪਣੇ ਆਪ ਨੂੰ ਉਸ ਵਸਤ ਦੇ ਸੰਦਰਭ ਵਿਚ ਵੇਖਿਆ ਜਾਂਦਾ ਹੈ। ਵੇਖਣਾ ਬੜਾ ਗੁੰਝਲਦਾਰ ਕਾਰਜ ਹੁੰਦਾ ਹੈ।
ਵੇਖਣ ਦੇ ਪੱਖੋਂ ਵਿਅਕਤੀ ਤਿੰਨ ਕਿਸਮ ਦੇ ਹੁੰਦੇ ਹਨ। ਸਭ ਤੋਂ ਪਹਿਲੇ ਉਹ ਹੁੰਦੇ ਹਨ ਜਿਹੜੇ ਆਪੇ, ਆਪਣੇ ਯਤਨਾਂ ਨਾਲ ਵੇਖਦੇ ਹਨ। ਦੂਜੇ ਉਹ ਹੁੰਦੇ ਹਨ ਜਿਹੜੇ ਕੁਝ ਵਿਖਾਏ ਜਾਣ ’ਤੇ ਵੇਖਦੇ ਹਨ। ਵਿਦਿਆਰਥੀ ਅਕਸਰ ਅਧਿਆਪਕ ਵੱਲੋਂ ਕੁਝ ਵਿਖਾਏ ਜਾਣ ’ਤੇ ਵੇਖਦੇ ਹਨ। ਤੀਜੇ ਉਹ ਹੁੰਦੇ ਹਨ, ਜਿਹੜੇ ਨਾ ਆਪ ਵੇਖਦੇ ਹਨ ਤੇ ਨਾ ਕੁਝ ਵਿਖਾਏ ਜਾਣ ’ਤੇ ਵੇਖਦੇ ਹਨ। ਇਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਹੁੰਦੀਆਂ ਹਨ, ਪਰ ਇਹ ਵੇਖਦੇ ਕੁਝ ਨਹੀਂ। ਵੇਖਣ ਨਾਲ ਸੁਣਨਾ ਅਤੇ ਵੇਖਣ-ਸੁਣਨ ਨਾਲ ਸਮਝਣਾ ਜੁੜਿਆ ਹੁੰਦਾ ਹੈ। ਬੱਚਾ ਲਗਪਗ ਬਾਰ੍ਹਾਂ ਸਾਲ ਦੀ ਉਮਰ ਵਿਚ ਆਪੇ ਵੇਖਣਾ ਅਤੇ ਸਮਝਣਾ ਆਰੰਭ ਕਰਦਾ ਹੈ। ਚਿੰਤਾ ਵੀ ਕਿਸੇ ਚੀਜ਼ ਨੂੰ ਵੇਖਣ ਦਾ ਇਕ ਢੰਗ ਹੁੰਦੀ ਹੈ। ਛੋਟੀ ਚੀਜ਼ ਦੇ ਵੱਡੇ ਪ੍ਰਛਾਵੇਂ ਨੂੰ ਵੇਖਣਾ ਚਿੰਤਾ ਅਖਵਾਉਂਦਾ ਹੈ। ਉਦਾਸੀ ਵਿਚ ਥਕਾਵਟ ਅਤੇ ਥਕਾਵਟ ਵਿਚ ਮਾਯੂਸੀ ਹੁੰਦੀ ਹੈ। ਨਹਾਉਣ ਤੋਂ ਪਹਿਲਾਂ ਵੇਖਿਆਂ ਕੋਈ ਚੀਜ਼ ਹੋਰ ਤਰ੍ਹਾਂ ਦਿਖਾਈ ਦਿੰਦੀ ਹੈ ਜਦੋਂਕਿ ਨਹਾਉਣ ਉਪਰੰਤ ਸਾਡੀ ਬਿਰਤੀ ਬਦਲਣ ਕਰਕੇ ਉਹ ਚੀਜ਼ ਵੀ ਬਦਲ ਜਾਂਦੀ ਹੈ। ਭੁੱਖ ਲੱਗੀ ਹੋਵੇ ਤਾਂ ਚੀਜ਼ ਹੋਰ ਤਰ੍ਹਾਂ ਵਿਖਾਈ ਦਿੰਦੀ ਹੈ। ਸਵੇਰੇ, ਸ਼ਾਮ ਦਾ ਵੀ ਫ਼ਰਕ ਪੈਂਦਾ ਹੈ। ਪ੍ਰਸੰਸਾ ਵਾਲੀ ਨਜ਼ਰ ਨਾਲ ਵੇਖਣਾ ਅਤੇ ਸਾੜੇ ਈਰਖਾ ਨਾਲ ਵੇਖਣਾ, ਵੇਖਣ ਦੀਆਂ ਹੋਰ ਵੰਨਗੀਆਂ ਹਨ। ਹਰੇਕ ਵਿਅਕਤੀ ਵਸਤਾਂ ਅਤੇ ਵਿਅਕਤੀਆਂ ਨੂੰ ਵੱਖਰੇ ਢੰਗ ਨਾਲ ਵੇਖਦਾ ਹੈ। ਗਹਿਣਿਆਂ ਨੂੰ ਜਿਵੇਂ ਇਸਤਰੀ ਵੇਖਦੀ ਹੈ, ਉਵੇਂ ਪੁਰਸ਼ ਨਹੀਂ ਵੇਖਦੇ। ਹਥਿਆਰਾਂ ਨੂੰ ਜਿਵੇਂ ਪੁਰਸ਼ ਵੇਖਦੇ ਹਨ, ਉਵੇਂ ਇਸਤਰੀਆਂ ਨਹੀਂ ਵੇਖਦੀਆਂ।
ਮਾਹਿਰ ਜਾਂ ਸਿਆਣਾ ਉਸ ਨੂੰ ਕਹਿੰਦੇ ਹਨ ਜਿਹੜਾ ਧਿਆਨ, ਧੀਰਜ ਅਤੇ ਸਬਰ ਨਾਲ ਚੁੱਪ ਰਹਿ ਕੇ ਵੇਖਦਾ ਹੈ। ਧਿਆਨ ਨਾਲ ਵੇਖਣ ਨਾਲ ਬੜੀਆਂ ਗੁੰਝਲਦਾਰ ਸਮੱਸਿਆਵਾਂ ਦੇ ਬੜੇ ਸਰਲ ਹੱਲ ਸੁੱਝਣ ਲੱਗ ਪੈਂਦੇ ਹਨ। ਅਮਰੀਕਾ ਦੀ ਪੁਲਾੜ ਸੰਸਥਾ ਸਾਹਮਣੇ ਇਹ ਸਮੱਸਿਆ ਸੀ ਕਿ ਪੁਲਾੜੀ ਰਾਕੇਟ ਵਿਚ ਕਿਹੜੀ ਧਾਤ ਵਰਤੀ ਜਾਵੇ ਜਿਹੜੀ ਰਾਕੇਟ ਦੇ ਮੁੜ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰਨ ਸਮੇਂ ਰਗੜ ਤੋਂ ਉਪਜਣ ਵਾਲੇ ਸੇਕ ਤੋਂ ਪੁਲਾੜ ਯਾਤਰੀਆਂ ਨੂੰ ਸੜਨ ਤੋਂ ਬਚਾਏ। ਬਹੁਤੇ ਮਾਹਿਰ ਵੱਖ-ਵੱਖ ਧਾਤਾਂ ਦੇ ਲੱਛਣਾਂ ਦਾ ਵਿਸ਼ਲੇਸ਼ਣ ਕਰ ਰਹੇ ਸਨ, ਪਰ ਇਕ ਮਾਹਿਰ ਨੇ ਸਮੁੱਚੀ ਸਮੱਸਿਆ ਨੂੰ ਵੱਖਰੇ ਢੰਗ ਨਾਲ ਵੇਖਿਆ। ਉਸ ਨੇ ਕਿਹਾ ਸਮੱਸਿਆ ਧਾਤ ਲੱਭਣ ਦੀ ਨਹੀਂ, ਪੁਲਾੜ ਯਾਤਰੀਆਂ ਨੂੰ ਸੇਕ ਤੋਂ ਬਚਾਉਣ ਦੀ ਹੈ। ਉਸ ਨੇ ਪਹਿਲਾਂ ਹੀ ਵਰਤੀ ਜਾਂਦੀ ਧਾਤ ਇਸ ਢੰਗ ਨਾਲ ਫਿੱਟ ਕੀਤੀ ਕਿ ਉਸ ਨੇ ਗਰਮੀ ਨਾਲ ਜੂਝਣ ਦੀ ਬਜਾਏ, ਸੜ ਕੇ ਵੱਖ ਹੋ ਜਾਣਾ ਸੀ ਜਿਸ ਕਾਰਨ ਪੁਲਾੜ ਯਾਤਰੀਆਂ ਨੂੰ ਸੇਕ ਨਹੀਂ ਸੀ ਲੱਗਣਾ। ਸਮੱਸਿਆ ਨੂੰ ਵੱਖਰੇ ਢੰਗ ਨਾਲ ਵੇਖਣ ਦੀ ਇਕ ਹੋਰ ਉਦਾਹਰਣ ਅਨੁਸਾਰ, ਦੂਜੀ ਆਲਮੀ ਜੰਗ ਦੌਰਾਨ ਹਿਟਲਰ ਨੇ ਜਰਮਨਾਂ ਨੂੰ ਆਰੀਅਨ ਦੱਸ ਕੇ ਉਨ੍ਹਾਂ ਨੂੰ ਸਾਰੇ ਵਿਸ਼ਵ ਉੱਤੇ ਰਾਜ ਕਰਨ ਵਾਲੇ ਦੱਸਿਆ ਅਤੇ ਸਾਰੇ ਖੇਤਰਾਂ ਵਿਚ ਮੋਹਰੀ ਯਹੂਦੀਆਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਗੈਸ ਚੈਂਬਰਾਂ ਵਿਚ ਮਾਰਨ ਦੀ ਵਿਧੀ ਅਪਣਾਈ। ਇਕ ਜੇਲ੍ਹ ਵਿਚ ਹਰ ਰੋਜ਼ ਸਵੇਰੇ ਇਕ ਡਾਕਟਰ ਕੈਦੀਆਂ ਦਾ ਮੁਆਇਨਾ ਕਰਨ ਆਉਂਦਾ ਸੀ ਜਿੱਥੇ ਉਹ ਬਿਮਾਰਾਂ ਅਤੇ ਕਮਜ਼ੋਰਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਆਦੇਸ਼ ਦਿੰਦਾ ਸੀ। ਇਕ ਯਹੂਦੀ ਮਨੋਵਿਗਿਆਨੀ ਰੋਜ਼ ਤਿਆਰ ਹੋ ਕੇ ਕੋਟ ਪਹਿਨ ਕੇ, ਟਾਈ ਲਾ ਕੇ, ਡਾਕਟਰ ਅੱਗੇ ਪੇਸ਼ ਹੁੰਦਾ ਸੀ ਅਤੇ ਰਿਸ਼ਟ-ਪੁਸ਼ਟ ਵਿਖਾਈ ਦੇਣ ਕਰਕੇ ਉਹ ਬਚ ਜਾਂਦਾ ਸੀ। ਵਿਅਕਤੀ ਵੱਲੋਂ ਚੰਗਾ ਅਤੇ ਪ੍ਰਭਾਵਸ਼ਾਲੀ ਵਿਖਾਈ ਦੇਣ ਦਾ ਢੰਗ ਉਸ ਵੱਲੋਂ ਤਿਆਰ ਹੋ ਕੇ, ਚੁਸਤ ਢੰਗ ਨਾਲ ਸਿੱਧੇ ਹੋ ਕੇ ਬੈਠਣਾ ਹੁੰਦਾ ਹੈ। ਸਾਧਾਰਨ ਇਸਤਰੀ ਵੀ ਜੇ ਢੁਕਵੇਂ ਕੱਪੜਿਆਂ ਨਾਲ ਤਿਆਰ ਹੋਈ ਹੋਵੇ, ਉਹ ਪ੍ਰਭਾਵਸ਼ਾਲੀ ਲੱਗਦੀ ਹੈ। ਰਿਸ਼ਤਾ ਹੋਣ ਵੇਲੇ ਸਿਆਣੀ ਲੜਕੀ ਵੇਖੀ ਹੀ ਨਹੀਂ ਜਾਂਦੀ। ਉਹ ਵੀ ਵੇਖਦੀ ਹੈ ਕਿ ਜਿਹੜਾ ਉਸ ਨੂੰ ਵਿਆਹ ਲਈ ਵੇਖਣ ਆਇਆ ਹੈ, ਕੀ ਉਹ ਉਸ ਦੇ ਪਤੀ ਵਜੋਂ ਜਚਦਾ ਹੈ?
ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਦੋਵੇਂ ਮੁੱਖ ਉਮੀਦਵਾਰ ਸਟੇਜ ਉੱਤੇ ਪੇਸ਼ ਹੁੰਦੇ ਹਨ ਅਤੇ ਸਾਰਾ ਅਮਰੀਕਾ ਵੇਖਦਾ ਹੈ ਕਿ ਕਿਹੜਾ ਉਮੀਦਵਾਰ ਚੰਗਾ ਰਾਸ਼ਟਰਪਤੀ ਸਾਬਤ ਹੋ ਸਕਦਾ ਹੈ। ਸਾਡੇ ਦੇਸ਼ ਵਿਚ ਵੀ ਅਜਿਹਾ ਹੋਣਾ ਚਾਹੀਦਾ ਹੈ। ਸਾਡੇ ਦੇਸ਼ ਵਿਚ ਚੋਣ ਲੜਨ ਵਾਲੇ ਵਧੇਰੇ ਉਮੀਦਵਾਰ ਹਾਰਨ ਦੇ ਪੱਖੋਂ ਹੀ ਜਚਦੇ ਹਨ, ਪਰ ਕੁਝ ਕੁ ਨੂੰ ਵੇਖ ਕੇ ਵਿਸ਼ਵਾਸ ਅਤੇ ਭਰੋਸਾ ਵੀ ਉਪਜਦਾ ਹੈ। ਬੁੱਧ ਦੀ ਮੂਰਤੀ ਵੇਖ ਕੇ ਮਨ ਸ਼ਾਂਤ ਹੋ ਜਾਂਦਾ ਹੈ, ਈਸਾ ਦੀ ਮੂਰਤੀ ਕਰੁਣਾ ਦੇ ਭਾਵ ਜਗਾਉਂਦੀ ਹੈ। ਕਾਰਲ ਮਾਰਕਸ ਦਾ ਸ਼ੇਰ ਵਰਗਾ ਚਿਹਰਾ ਉਸ ਦੇ ਸ਼ਕਤੀਸ਼ਾਲੀ ਵਿਚਾਰਾਂ ਦਾ ਭਾਵ ਜਗਾਉਂਦਾ ਹੈ। ਮਨਪਸੰਦ ਵਿਅਕਤੀ ਨੂੰ ਵੇਖਣ ਨਾਲ ਪ੍ਰਸੰਨਤਾ ਉਪਜਦੀ ਹੈ। ਇਸ ਉਦੇਸ਼ ਅਧੀਨ ਹੀ ਮਹਾਂਪੁਰਸ਼ਾਂ ਦੇ ਚਿੱਤਰ ਘਰਾਂ ਵਿਚ ਲਾਏ ਜਾਂਦੇ ਹਨ। ਜਿਸ ਨੂੰ ਅਸੀਂ ਪਸੰਦ ਕਰਦੇ ਹਾਂ, ਉਸ ਨੂੰ ਅਸੀਂ ਮੁੜ-ਮੁੜ ਵੇਖਦੇ ਅਤੇ ਨਿਹਾਰਦੇ ਹਾਂ। ਜੇ ਉਹ ਵੀ ਸਾਨੂੰ ਪਸੰਦ ਕਰਦਾ ਹੋਵੇ ਤਾਂ ਸਾਡੇ ਵਿਚ ਹੋਰ ਭਾਵਾਂ ਦੇ ਨਾਲ-ਨਾਲ ਆਤਮ-ਵਿਸ਼ਵਾਸ ਵੀ ਉਪਜਦਾ ਹੈ। ਇਸਤਰੀ ਨੇ ਜਦੋਂ ਮਨਪਸੰਦ ਦਾ ਲਬਿਾਸ ਪਹਿਨਿਆ ਹੋਵੇ ਤਾਂ ਉਹ ਆਪਣੇ ਆਪ ਨੂੰ ਵੇਖ ਕੇ ਪ੍ਰਸੰਨ ਹੁੰਦੀ ਹੈ ਅਤੇ ਉਸ ਨੂੰ ਜੋ ਤਸੱਲੀ ਮਿਲਦੀ ਹੈ, ਉਹ ਧਰਮ ਵੀ ਨਹੀਂ ਦੇ ਸਕਦਾ। ਚੰਗਾ ਦੋਸਤ ਉਹ ਹੁੰਦਾ ਹੈ ਜਿਸ ਨੂੰ ਸਾਡੇ ਸਾਰੇ ਨੁਕਸ ਪਤਾ ਹੁੰਦੇ ਹਨ, ਪਰ ਉਹ ਫਿਰ ਵੀ ਸਾਨੂੰ ਵੇਖ ਕੇ ਤੇ ਮਿਲ ਕੇ ਖ਼ੁਸ਼ ਹੁੰਦਾ ਹੈ।
ਵੇਖਣ ਦਾ ਕਾਰਜ ਸਾਡੀਆਂ ਅੱਖਾਂ ਕਰਦੀਆਂ ਹਨ। ਜਦੋਂ ਅਸੀਂ ਕਿਸੇ ਮਹੱਤਵਪੂਰਨ ਦ੍ਰਿਸ਼ ਜਾਂ ਇਮਾਰਤ ਨੂੰ ਵੇਖ ਲੈਂਦੇ ਹਾਂ ਤਾਂ ਉਹ ਸਾਡੇ ਚੇਤਿਆਂ ਵਿਚ ਬਹਿ ਜਾਂਦੀ ਹੈ। ਦਰਬਾਰ ਸਾਹਿਬ ਜਾਂ ਤਾਜਮਹੱਲ ਇਕ ਵਾਰੀ ਵੇਖਣ ਨਾਲ ਉਸ ਦੀ ਸਾਡੀ ਕਲਪਨਾ ਉੱਤੇ ਡੂੰਘੀ ਛਾਪ ਲੱਗ ਜਾਂਦੀ ਹੈ। ਅੱਖਾਂ ਦਾ ਮਹੱਤਵ ਸਮਝਣ ਦੀ ਲੋੜ ਹੈ ਕਿਉਂਕਿ ਇਹ ਵੇਖਣ ਦਾ ਯੰਤਰ ਹਨ ਅਤੇ ਸਾਡੇ ਚਿਹਰੇ ਉੱਤੇ ਸਭ ਤੋਂ ਉਪਰ ਸਥਿਤ ਹਨ। ਅਸੀਂ ਅੱਖਾਂ ਦੀ ਨਿਰੰਤਰ ਵਰਤੋਂ ਕਰਦੇ ਹਾਂ। ਅਸੀਂ ਸੁੱਤੇ ਹੋਏ ਵੀ, ਸੁਪਨਿਆਂ ਰਾਹੀਂ, ਅੱਖਾਂ ਦੀ ਵਰਤੋਂ ਕਰਦੇ ਹਾਂ। ਜੀਵਨ ਵਿਚ ਅੱਸੀ ਫ਼ੀਸਦੀ ਸੂਚਨਾ ਸਾਨੂੰ ਅੱਖਾਂ ਰਾਹੀਂ ਪ੍ਰਾਪਤ ਹੁੰਦੀ ਹੈ ਜਦੋਂਕਿ ਲਗਪਗ ਉਨ੍ਹੀਂ ਫ਼ੀਸਦੀ ਸੂਚਨਾ ਕੰਨਾਂ ਰਾਹੀਂ ਮਿਲਦੀ ਹੈ ਅਤੇ ਬਾਕੀ ਦੀ ਸੂਚਨਾ ਦੂਜੇ ਦਰਜੇ ਦੀਆਂ ਇੰਦਰੀਆਂ ਪ੍ਰਦਾਨ ਕਰਦੀਆਂ ਹਨ। ਅੱਖਾਂ ਸਾਡੇ ਸਰੀਰ ਦਾ ਕੈਮਰਾ ਅਤੇ ਸਾਡੇ ਦਿਮਾਗ਼ ਦਾ ਨੰਗਾ ਭਾਗ ਹੁੰਦੀਆਂ ਹਨ। ਅੱਖਾਂ ਸਾਡੇ ਸਰੀਰ ਦਾ ਸਭ ਤੋਂ ਵਧੇਰੇ ਚੁਸਤ ਅਤੇ ਚਿਹਰੇ ਦਾ ਸਭ ਤੋਂ ਵਧੇਰੇ ਸਜੀਵ ਅੰਗ ਹੁੰਦੀਆਂ ਹਨ। ਸੁਚੇਤ ਵਿਅਕਤੀ ਦੀਆਂ ਅੱਖਾਂ ਵਿਚ ਚਮਕ ਹੁੰਦੀ ਹੈ ਜਦੋਂਕਿ ਅਨਪੜ੍ਹ ਅਤੇ ਬੇਸਮਝ ਵਿਅਕਤੀ ਦੀਆਂ ਅੱਖਾਂ ਘਸਮੈਲੀਆਂ ਹੁੰਦੀਆਂ ਹਨ। ਦਿਮਾਗ਼ੀ ਸੱਟ ਦਾ ਪਤਾ ਡਾਕਟਰ ਅੱਖਾਂ ਰਾਹੀਂ ਲਾਉਂਦਾ ਹੈ। ਬੇਚੈਨ ਵਿਅਕਤੀ ਦੀਆਂ ਅੱਖਾਂ ਬੇਚੈਨ ਹੋ ਜਾਂਦੀਆਂ ਹਨ। ਚੰਗੀਆਂ ਸੰਸਥਾਵਾਂ ਵਿਚ ਨਜ਼ਰ ਨੂੰ ਟਿਕਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਵੇਖਣ ਦੇ ਪੱਖੋਂ ਅੱਖਾਂ ਕਦੇ ਰੱਜਦੀਆਂ ਨਹੀਂ। ਜੇ ਖਾਣ ਵਾਲੀ ਕੋਈ ਚੀਜ਼ ਵੇਖਣ ਵਿਚ ਚੰਗੀ ਨਾ ਲੱਗੇ, ਉਹ ਉਤਸ਼ਾਹ ਨਾਲ ਨਹੀਂ ਖਾਧੀ ਜਾਂਦੀ। ਅੱਖਾਂ ਨੂੰ ਸੁੰਦਰਤਾ ਦੀ ਨਿਰੰਤਰ ਤਲਾਸ਼ ਹੁੰਦੀ ਹੈ। ਕਈਆਂ ਦੀ ਤੱਕਣੀ ਪ੍ਰੇਸ਼ਾਨ ਅਤੇ ਬੇਚੈਨ ਕਰਦੀ ਹੈ। ਕਈਆਂ ਦੀਆਂ ਅੱਖਾਂ ਵਿਚ ਜਾਦੂ ਹੁੰਦਾ ਹੈ, ਕਈਆਂ ਦੀ ਨਜ਼ਰ ਵਿਚ ਰੋਅਬ ਹੁੰਦਾ ਹੈ।
ਵੇਖਣ ਨਾਲ ਵਿਖਾਉਣ ਦਾ ਮਹੱਤਵ ਜੁੜਿਆ ਹੁੰਦਾ ਹੈ। ਅਸੀਂ ਸਭ ਕੁਝ ਵੇਖਦੇ ਹਾਂ, ਪਰ ਬਹੁਤ ਕੁਝ ਵਿਖਾਉਂਦੇ ਹਾਂ। ਵਿਖਾਉਣ ਦਾ ਕਾਰਜ ਅਸੀਂ ਆਪਣੇ ਸਰੀਰ, ਵਸਤਰਾਂ, ਨੈਣ-ਨਕਸ਼ਾਂ, ਸ਼ਿੰਗਾਰ, ਸਜਾਵਟ ਅਤੇ ਬੋਲਬਾਣੀ ਨਾਲ ਕਰਦੇ ਹਾਂ। ਬੋਲਬਾਣੀ ਰਾਹੀਂ ਅਸੀਂ ਆਪਣਾ ਦਿਮਾਗ਼ ਵਿਖਾਉਂਦੇ ਹਾਂ। ਨਾਟਕ ਵਿਚ ਵੇਖਣ ਅਤੇ ਵਿਖਾਉਣ ਦਾ ਢੰਗ ਬਦਲ ਜਾਂਦਾ ਹੈ। ਕਲਾਕਾਰੀ ਢੰਗਾਂ ਨਾਲ ਅਦਾਕਾਰ, ਉਹ ਕੁਝ ਦਿਖਾਈ ਦਿੰਦੇ ਹਨ ਜੋ ਉਹ ਹੁੰਦੇ ਨਹੀਂ। ਪਾਗ਼ਲ ਦੀ ਅਦਾਕਾਰੀ ਸਭ ਤੋਂ ਸਿਆਣਾ ਵਿਅਕਤੀ ਕਰਦਾ ਹੈ। ਕਲਾ ਦਾ ਸਬੰਧ ਸਾਡੇ ਭਾਵਕ ਅਤੇ ਮਾਨਸਿਕ ਵਿਕਾਸ ਨਾਲ ਹੁੰਦਾ ਹੈ। ਜੀਵਨ ਨੂੰ ਜਿਊਣਯੋਗ ਅਤੇ ਮਾਣਨਯੋਗ ਬਣਾਉਣ ਦਾ ਕਾਰਜ ਕਲਾ ਕਰਦੀ ਹੈ। ਕਲਾ ਦਾ ਆਧਾਰ ਕਲਪਨਾ ਹੁੰਦੀ ਹੈ। ਕਲਾ ਅਤੇ ਸਿੱਖਿਆ ਸੱਭਿਅਕ ਸਮਾਜ ਦੀ ਸਿਰਜਣਾ ਕਰਦੇ ਹਨ। ਜਦੋਂ ਮਨੁੱਖ ਸੰਕਟ ਦਾ ਸਾਹਮਣਾ ਕਰਦਾ ਹੈ ਤਾਂ ਕਲਾ ਬੜੀ ਵੱਡੀ ਧਰਵਾਸ ਬਣਦੀ ਹੈ। ਫਿਲਮਾਂ ਦਾ ਸਾਡੇ ਜੀਵਨ ਉੱਤੇ ਗਹਿਰਾ ਪ੍ਰਭਾਵ ਹੁੰਦਾ ਹੈ।
ਵਿਖਾਉਣ ਵਿਚ ਕਲਾ ਹੁੰਦੀ ਹੈ। ਵਿਖਾਉਣ ਦੇ ਭੈੜੇ ਰੂਪ ਨੂੰ ਵਿਖਾਵਾ ਕਹਿੰਦੇ ਹਨ। ਕਲਾ ਦੇ ਵੇਖਣ ਅਤੇ ਵਿਖਾਉਣ ਰਾਹੀਂ ਸਾਡੇ ਸੁਹਜ-ਸਵਾਦ ਦੀ ਪੱਧਰ ਉੱਚੀ ਚੁੱਕੀ ਜਾਂਦੀ ਹੈ ਜਦੋਂਕਿ ਦਿਖਾਵੇ ਦਾ ਉਦੇਸ਼ ਸਾਨੂੰ ਨੀਵਾਂ ਵਿਖਾਉਣਾ ਹੁੰਦਾ ਹੈ। ਦਿਖਾਵਾ ਕਰ ਰਿਹਾ ਵਿਅਕਤੀ ਵਾਸਤਵ ਵਿਚ ਵੇਖਣ ਵਾਲੇ ਦੇ ਧਿਆਨ ਲਈ ਤਰਲਾ ਕਰ ਰਿਹਾ ਹੁੰਦਾ ਹੈ। ਵਿਖਾਵੇ ਵਾਲਾ ਆਪਣੇ ਆਪ ਨੂੰ ਮਹੱਤਵਪੂਰਨ ਸਿੱਧ ਕਰ ਰਿਹਾ ਹੁੰਦਾ ਹੈ ਜਦੋਂਕਿ ਵੇਖਣ ਵਾਲਾ ਉਸ ਨੂੰ ਕੋਈ ਮਹੱਤਵ ਨਹੀਂ ਦਿੰਦਾ। ਦਿਖਾਵਾ ਬੜਾ ਵਿਆਪਕ ਰੋਗ ਹੈ ਅਤੇ ਹਰੇਕ ਵਿਅਕਤੀ ਕਦੇ ਨਾ ਕਦੇ ਇਸ ਦਾ ਸ਼ਿਕਾਰ ਹੁੰਦਾ ਹੈ। ਕਈ ਵਾਰੀ ਪਹਿਲਵਾਨ ਦਾ ਚੇਲਾ ਹੀ ਉਸਤਾਦ ਨੂੰ ਵੰਗਾਰਨ ਲੱਗ ਪੈਂਦਾ ਹੈ। ਇਕ ਵਿਅਕਤੀ ਆਪਣੇ ਆਪ ਨੂੰ ਕੁੰਵਾਰਾ ਦੱਸ ਕੇ ਇਕ ਕੁੰਵਾਰੀ ਇਸਤਰੀ ਨਾਲ ਪਿਆਰ ਕਰਦਾ ਰਿਹਾ। ਜਦੋਂ ਲੜਕੀ ਨੇ ਉਸ ਨੂੰ ਵਿਆਹ ਕਰਨ ਦਾ ਵਾਅਦਾ ਪੂਰਾ ਕਰਨ ਲਈ ਕਿਹਾ ਤਾਂ ਉਹ ਅੰਦਰੋਂ-ਬਾਹਰੋਂ ਉਖੜ ਗਿਆ। ਅਸੀਂ ਆਪਣੇ ਆਪ ਨੂੰ ਜਿਵੇਂ ਮਰਜ਼ੀ ਵਿਖਾਈਏ, ਅਸਲੀਅਤ ਅੰਤ ਨੂੰ ਸਾਹਮਣੇ ਆ ਜਾਂਦੀ ਹੈ। ਆਪਣੇ ਆਪ ਨੂੰ ਘਟਾ ਕੇ ਦੱਸਣ ਵਾਲੇ, ਅਸਲੀਅਤ ਪਤਾ ਲੱਗਣ ’ਤੇ ਵਧੇਰੇ ਸਨਮਾਨਯੋਗ ਹੋ ਜਾਂਦੇ ਹਨ।
ਇਸਤਰੀ ਦਾ ਵਧੇਰੇ ਯਤਨ ਵਿਖਾਉਣ ਨਾਲ ਸਬੰਧਤ ਹੁੰਦਾ ਹੈ। ਇਸਤਰੀ ਹਰ ਥਾਂ ਹਰ ਕਿਸੇ ਵੱਲੋਂ ਵੇਖੀ ਜਾਂਦੀ ਹੈ। ਇਸਤਰੀ ਪੁਰਸ਼ ਨੂੰ ਪ੍ਰਭਾਵਿਤ ਕਰਕੇ, ਪੁਰਸ਼ ਦੇ ਉਪਜਾਏ ਵਸੀਲਿਆਂ ਅਤੇ ਸਾਧਨਾਂ ਨੂੰ ਵਰਤਣਯੋਗ ਹੁੰਦੀ ਹੈ। ਉਹ ਆਪਣੇ ਆਪ ਨੂੰ ਹੀ ਨਹੀਂ, ਆਪਣੀ ਸੰਤਾਨ ਅਤੇ ਆਪਣੇ ਸਲੀਕੇ ਰਾਹੀਂ ਆਪਣੇ ਪਰਿਵਾਰ ਅਤੇ ਖ਼ਾਨਦਾਨ ਨੂੰ ਵੀ ਵਿਖਾਉਂਦੀ ਹੈ। ਆਪਣੇ ਆਪ ਨੂੰ ਵਿਖਾਉਣ ਰਾਹੀਂ ਇਸਤਰੀ ਆਲੇ-ਦੁਆਲੇ ਦਾ ਕਾਇਆ-ਕਲਪ ਕਰ ਦਿੰਦੀ ਹੈ। ਇਸ਼ਤਰੀ ਰੌਣਕ ਦੀ ਅਭਿਲਾਸ਼ੀ ਹੀ ਨਹੀਂ ਹੁੰਦੀ, ਉਹ ਰੌਣਕ ਲਾਉਂਦੀ ਵੀ ਹੈ। ਉਹ ਸੁਖ ਦਿੰਦੀ ਹੈ, ਰਿਸ਼ਤਿਆਂ ਨੂੰ ਸਿੰਜਦੀ ਹੈ। ਜਦੋਂ ਘਰ ਵਿਚ ਕੋਈ ਬਿਮਾਰ ਹੁੰਦਾ ਹੈ ਤਾਂ ਉਹ ਪੂਜਣਯੋਗ ਹੋ ਜਾਂਦੀ ਹੈ। ਕੁਦਰਤ ਨੇ ਇਸਤਰੀ ਨੂੰ ਵਿਖਾਉਣ ਵਾਲੇ ਗੁਣ ਵਧੇਰੇ ਦਿੱਤੇ ਹਨ। ਪੁਰਸ਼ ਭਾਵੇਂ ਇਸਤਰੀ ਦੇ ਵਿਹਾਰ ਬਾਰੇ ਕੁਝ ਕਹੇ, ਇਸਤਰੀ ਤੋਂ ਬਿਨਾਂ ਘਰ ਨਹੀਂ ਚੱਲਦਾ। ਇਸਤਰੀ ਦੇ ਅਕਾਲ ਚਲਾਣੇ ਨਾਲ ਘਰ ਉੱਜੜ ਜਾਂਦਾ ਹੈ। ਇਸਤਰੀ ਤਿਆਰ ਹੋ ਕੇ ਆਪਣੇ ਆਪ ਨੂੰ ਆਪ ਹੀ ਨਹੀਂ ਨਿਹਾਰਦੀ, ਉਹ ਆਪਣੇ ਆਪ ਨੂੰ ਪੁਰਸ਼ ਦੀ ਦ੍ਰਿਸ਼ਟੀ ਨਾਲ ਵੀ ਵੇਖਦੀ ਹੈ। ਇਵੇਂ ਇਸਤਰੀ ਆਪਣੀ ਹਾਜ਼ਰੀ ਨਾਲ ਇਕ ਦ੍ਰਿਸ਼ ਸਿਰਜਦੀ ਹੈ। ਸ਼ਿੰਗਾਰ ਅਤੇ ਸਜਾਵਟ ਵਾਲੀਆਂ ਬਹੁਤੀਆਂ ਵਸਤਾਂ ਇਸਤਰੀਆਂ ਦੀ ਵਰਤੋਂ ਲਈ ਹੁੰਦੀਆਂ ਹਨ। ਇਸਤਰੀ ਆਪਣੇ ਆਪ ਨੂੰ ਨਿਰੰਤਰ ਵੇਖਦੀ ਅਤੇ ਸੋਧਦੀ ਰਹਿੰਦੀ ਹੈ।
ਅਜੋਕੇ ਸਮਿਆਂ ਵਿਚ ਵਿਖਾਉਣ ਅਤੇ ਵੇਖਣ ਦੀ ਦ੍ਰਿਸ਼ਟੀ ਤੋਂ ਕਿਸੇ ਵਸਤ ਜਾਂ ਯੰਤਰ ਦਾ ਡਿਜ਼ਾਈਨ ਅਤੇ ਰੰਗ-ਰੂਪ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਡਿਜ਼ਾਈਨ ਪੱਖੋਂ ਯੂਰੋਪ ਅਤੇ ਵਿਸ਼ੇਸ਼ ਕਰਕੇ ਫਰਾਂਸੀਸੀ ਅਤੇ ਜਾਪਾਨੀ ਚੀਜ਼ਾਂ ਦਾ ਬੋਲਬਾਲਾ ਹੈ। ਘੜੀਆਂ ਸਵਿਟਜ਼ਰਲੈਂਡ ਦੀਆਂ, ਕਾਰਾਂ ਜਰਮਨੀ ਦੀਆਂ, ਹਥਿਆਰ ਅਮਰੀਕਾ ਦੇ ਅਤੇ ਫੈਸ਼ਨ ਫਰਾਂਸ ਦੇ ਪ੍ਰਸਿੱਧ ਹਨ। ਫੈਸ਼ਨ ਦੇ ਨੇਮ ਹੁਣ ਜੀਵਨ ਦੇ ਹਰੇਕ ਖੇਤਰ ਵਿਚ ਲਾਗੂ ਕੀਤੇ ਜਾ ਰਹੇ ਹਨ। ਡਿਜ਼ਾਈਨ, ਚੰਗੇਰੀ ਵਸਤ ਦਾ ਹੀ ਚੰਗੇਰਾ ਹੁੰਦਾ ਹੈ। ਭਾਰਤ ਨੇ ਅਜੇ ਡਿਜ਼ਾਈਨ ਵੱਲ ਧਿਆਨ ਦੇਣਾ ਨਹੀਂ ਆਰੰਭਿਆ। ਵਿਸ਼ਵ ਵਿਚ ਵਿਗਿਆਪਨ ਕਲਾ ਨੇ ਵਪਾਰ ਨੂੰ ਅਤੇ ਵਪਾਰ ਨੇ ਵਿਗਿਆਪਨ ਕਲਾ ਨੂੰ ਵਧਾਇਆ ਹੈ। ਇਵੇਂ ਹੀ ਫਿਲਮਾਂ ਅਤੇ ਮਹਿਲਾਵਾਂ, ਦੋਵਾਂ ਨੇ ਇਕ-ਦੂਜੇ ਨੂੰ ਉਭਾਰਿਆ ਹੈ। ਵਿਸ਼ਵ ਵਿਚ ਸੌ ਡਾਲਰ ਦੀ ਚੀਜ਼ ਵੇਚਣ ਲਈ ਵੀਹ ਡਾਲਰ ਵਿਗਿਆਪਨਾਂ ’ਤੇ ਖ਼ਰਚ ਹੁੰਦੇ ਹਨ। ਖੇਡਾਂ, ਵੇਖਣ-ਵਿਖਾਉਣ ਦਾ ਕਰੋੜਾਂ ਲੋਕਾਂ ਦੀ ਦਿਲਚਸਪੀ ਵਾਲਾ ਨਵਾਂ ਖੇਤਰ ਹੈ।
ਵੇਖਣ-ਵਿਖਾਉਣ ਦਾ ਸਬੰਧ ਕੇਵਲ ਬਾਹਰਲੀਆਂ ਚੀਜ਼ਾਂ ਤਕ ਸੀਮਤ ਨਹੀਂ; ਇਸ ਦਾ ਖੇਤਰ ਬੜਾ ਵਿਸ਼ਾਲ ਹੈ। ਨਾਟਕਾਂ-ਫਿਲਮਾਂ ਵਿਚ ਵਿਅਕਤੀ ਦੀ ਮਾਨਸਿਕ ਉਲਝਣ ਨੂੰ ਸੰਕੇਤਾਂ ਰਾਹੀਂ ਪ੍ਰਗਟਾਇਆ ਜਾਂਦਾ ਹੈ। ਜੇ ਕਿਸੇ ਫੋਟੋ ਬਾਰੇ ਕੁਝ ਕਿਹਾ-ਲਿਖਿਆ ਨਾ ਜਾਵੇ, ਉਸ ਨੂੰ ਵਿਖਾਉਣ ਦਾ ਮਨੋਰਥ ਪੂਰਾ ਨਹੀਂ ਹੁੰਦਾ। ਇਕ ਵਾਰੀ ਤਿੰਨ ਕਲਾਕਾਰਾਂ ਨੂੰ ਇਕੱਲੇ-ਇਕੱਲੇ ਨੂੰ ਇਕ ਫਿਲਮ ਵਿਖਾਈ ਗਈ ਅਤੇ ਹਰੇਕ ਨੇ ਫਿਲਮ ਦੀ ਵੱਖਰੀ ਦ੍ਰਿਸ਼ਟੀ ਤੋਂ ਸਮੀਖਿਆ ਕੀਤੀ। ਕਲਾਤਮਕ ਵਸਤਾਂ ਦੇ ਅਰਥ ਉਨ੍ਹਾਂ ਦੇ ਸੂਖ਼ਮ ਵੇਰਵਿਆਂ ਵਿਚ ਹੁੰਦੇ ਹਨ। ਮੀਂਹ ਵਿਚ ਭਿੱਜ ਰਿਹਾ ਬੱਚਾ, ਗੁਆਚੇ ਹੋਏ ਬੱਚੇ ਦਾ ਅਹਿਸਾਸ ਕਰਵਾਉਂਦਾ ਹੈ। ਸਹੀ ਢੰਗ ਨਾਲ ਵੇਖਣਾ ਅਤੇ ਵਿਖਾਉਣਾ ਸਿੱਖਣ ਦੀ ਲੋੜ ਹੁੰਦੀ ਹੈ, ਨਹੀਂ ਤਾਂ ਅਸੀਂ ਗ਼ਲਤ ਵਿਆਖਿਆ ਕਰਨ ਦੇ ਰਾਹ ਪੈ ਜਾਂਦੇ ਹਾਂ। ਵਿਦਵਤਾ, ਡਿਗਰੀਆਂ ਤੇ ਪੁਸਤਕ ਵਿਚ ਨਹੀਂ ਹੁੰਦੀ ਸਗੋਂ ਚਿਹਰੇ, ਅੱਖਾਂ, ਧੀਰਜ, ਸਿਦਕ ਅਤੇ ਬੋਲਾਂ ਵਿਚ ਹੁੰਦੀ ਹੈ। ਸੁੰਦਰਤਾ ਨੈਣ-ਨਕਸ਼ਾਂ ਵਿਚ ਹੀ ਨਹੀਂ ਹੁੰਦੀ, ਸਲੀਕੇ, ਸੁਹਜ ਅਤੇ ਲੁਕਾ ਕੇ ਪ੍ਰਗਟਾਉਣ ਵਿਚ ਵੀ ਹੁੰਦੀ ਹੈ। ਨਿਰਸੰਦੇਹ ਵੇਖਣ ਦਾ ਵਿਗਿਆਨ ਅਤੇ ਵਿਖਾਉਣ ਦੀ ਕਲਾ ਦਾ ਮਹੱਤਵ ਸਮਝਣ ਦਾ ਸਮਾਂ ਆ ਗਿਆ ਹੈ।