ਗੁਰਮੀਤ ਕੜਿਆਲਵੀ
ਜਗਜੀਤ ਜ਼ੀਰਵੀ ਦੇ ਚਲੇ ਜਾਣ ਨਾਲ ਗਹਿਰ ਗੰਭੀਰ, ਸਾਹਿਤਕ ਤੇ ਸੰਜੀਦਾ ਗਾਇਕੀ ਦੇ ਇੱਕ ਯੁੱਗ ਦਾ ਅੰਤ ਹੋਇਆ ਹੈ, ਪਰ ਇਸ ਗੱਲ ਦਾ ਦੁੱਖ ਵਧੇਰੇ ਹੈ ਕਿ ਉਸ ਦੇ ਭੋਗ ’ਤੇ ਨਾ ਤਾਂ ਸੰਗੀਤ ਜਗਤ, ਨਾ ਸਾਹਿਤਕ ਜਗਤ ਦੀ ਕੋਈ ਵੱਡੀ ਹਸਤੀ ਆਈ ਤੇ ਨਾ ਹੀ ਪ੍ਰਸ਼ਾਸ਼ਨ ਦਾ ਕੋਈ ਵੱਡਾ ਅਧਿਕਾਰੀ ਪੁੱਜਾ। ਜ਼ੀਰੇ ਸ਼ਹਿਰ ਦੇ ਸਥਾਨਕ ਲੋਕ ਵੀ ਬਹੁਤ ਥੋੜ੍ਹੀ ਗਿਣਤੀ ’ਚ ਮਾਂ ਬੋਲੀ ਦੇ ਇਸ ਵੱਡੇ ਗਾਇਕ ਨੂੰ ਅੰਤਿਮ ਵਿਦਾਇਗੀ ਦੇਣ ਪੁੱਜੇ।
ਜ਼ੀਰਵੀ ਜ਼ਿਲ੍ਹਾ ਫਿਰੋਜ਼ਪੁਰ ਦੇ ਸ਼ਹਿਰ ਜ਼ੀਰੇ ਦਾ ਹੀ ਨਹੀਂ ਸਗੋਂ ਸਮੁੱਚੀ ਪੰਜਾਬੀ ਗਾਇਕੀ ਦਾ, ਖ਼ਾਸਕਰ ਸੰਜੀਦਾ ਤੇ ਸਾਹਿਤਕ ਗਾਇਕੀ ਦਾ ਮਾਣ ਸੀ ਜਿਸ ਨੇ ਗ਼ਜ਼ਲ ਵਰਗੀ ਔਖੀ ਵਿਧਾ ਨੂੰ ਵੀ ਇੰਨੀ ਸ਼ਿੱਦਤ ਤੇ ਰੂਹ ਨਾਲ ਗਾਇਆ ਕਿ ਪੰਜਾਬੀ ਗ਼ਜ਼ਲ ਕਵੀ ਦਰਬਾਰਾਂ ’ਚੋਂ ਨਿਕਲ ਕੇ ਗਾਇਕੀ ਸੁਣਨ ਵਾਲੇ ਸਰੋਤਿਆਂ ਦੇ ਘਰਾਂ ’ਚ ਵੀ ਜਾ ਪੁੱਜੀ। ਉਸ ਨੇ ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਸੁਰਜੀਤ ਪਾਤਰ, ਸੋਹਣ ਸਿੰਘ ਮੀਸ਼ਾ, ਗੁਰਚਰਨ ਰਾਮਪੁਰੀ ਸਮੇਤ ਅਨੇਕਾਂ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਆਪਣੀ ਆਵਾਜ਼ ਦਿੱਤੀ। ਬੌਧਿਕ ਕਿਸਮ ਦੇ ਸਰੋਤਿਆਂ ’ਚ ਉਸ ਦੀ ਮਕਬੂਲੀਅਤ ਸਿਖਰਾਂ ’ਤੇ ਸੀ। ਇਸ ਦੀ ਇੱਕ ਹੀ ਉਦਾਹਰਨ ਦੇਣੀ ਯੋਗ ਹੋਵੇਗੀ। ਜਦੋਂ ਅੰਮ੍ਰਿਤਾ ਪ੍ਰੀਤਮ ਨੂੰ ‘ਕਾਗਜ਼ ਤੇ ਕੈਨਵਸ’ ਲਈ ਗਿਆਨਪੀਠ ਪੁਰਸਕਾਰ ਮਿਲਿਆ, ਭਾਸ਼ਾ ਵਿਭਾਗ ਪੰਜਾਬ ਨੇ ਉਸ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ। ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੇ ਅੰਮ੍ਰਿਤਾ ਨਾਲ ਸੰਪਰਕ ਕੀਤਾ। ਅੰਮ੍ਰਿਤਾ ਨੇ ਜੁਆਬ ਦਿੱਤਾ, ‘‘ਪੰਜਾਬ ਦਾ ਇੱਕ ਗਾਇਕ ਹੈ ਜਗਜੀਤ ਜ਼ੀਰਵੀ। ਜੋ ਟਾਈਮ ਉਸ ਨੇ ਦਿੱਤਾ ਮੈਨੂੰ ਦੱਸ ਦੇਣਾ- ਮੈਂ ਆ ਜਾਵਾਂਗੀ। ਬੱਸ ਸ਼ਰਤ ਇਹੀ ਹੈ ਕਿ ਮੇਰੇ ਦੋ ਤਿੰਨ ਗੀਤ ਜਗਜੀਤ ਤੋਂ ਗਵਾ ਦੇਇਓ।’’
ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀ। ਅੰਮ੍ਰਿਤਾ ਲਈ ਜਿਵੇਂ ਇਹ ਗਿਆਨਪੀਠ ਤੋਂ ਵੀ ਵੱਡਾ ਸਨਮਾਨ ਸੀ।
ਜਗਜੀਤ ਜ਼ੀਰਵੀ ਗਾਇਕਾਂ ਦਾ ਗਾਇਕ ਸੀ। ਉਹ ਹਰਮੋਨੀਅਮ ਦੀਆਂ ਸੁਰਾਂ ਨਾਲ ਇਕਸੁਰ ਹੋ ਕੇ ਅਲਾਪ ਲਾਉਂਦਾ ਤਾਂ ਹਵਾ ’ਚ ਸਰਸਰਾਹਟ ਹੋਣ ਲੱਗਦੀ। ਕਹਿੰਦੇ ਕਹਾਉਂਦੇ ਗਾਇਕ ਅਤੇ ਸੁਰਾਂ ਦੇ ਸੌਦਾਗਰ, ਜਗਜੀਤ ਦੇ ਪੈਰੀਂ ਹੱਥ ਲਾਉਂਦੇ ਸਨ। ਉਸ ਦੇ ਗਲੇ ’ਚ ਸਰਸਵਤੀ ਦਾ ਵਾਸ ਸੀ। ਉਸ ਦੀ ਗਾਇਕੀ ਸੁਰਤਾਲ ਅਤੇ ਲੈਅ ’ਚ ਬੱਝੀ ਹੋਈ ਸੀ। ਉਸ ਦੇ ਸੁਭਾਅ ਵਾਂਗ ਹੀ ਉਸ ਦੀ ਗਾਇਕੀ ’ਚ ਵੀ ਠਹਿਰਾਅ ਸੀ।
ਇੱਕ ਵਾਰ ਖੰਨੇ ਕੋਈ ਪ੍ਰੋਗਰਾਮ ਸੀ। ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਸਰਦੂਲ ਸਿਕੰਦਰ ਨੂੰ ਪੁੱਛਿਆ ਕਿ ਅਸੀਂ ਸੰਜੀਦਾ ਗਾਇਕੀ ਦਾ ਪ੍ਰੋਗਰਾਮ ਕਰਵਾਉਣਾ ਹੈ, ਕਿਸ ਨੂੰ ਬੁਲਾਈਏ। ਨਾਲ ਬੈਠੀ ਅਮਰ ਨੂਰੀ ਕਹਿਣ ਲੱਗੀ, ‘‘ਬਾਈ, ਤੁਸੀਂ ਜਗਜੀਤ ਜ਼ੀਰਵੀ ਨੂੰ ਸੱਦ ਲਵੋ। ਅਸੀਂ ਦੋਵੇਂ ਆਵਾਂਗੇ, ਪਰ ਇੱਕ ਸ਼ਰਤ ਹੈ। ਅਸੀਂ ਉਸ ਨੂੰ ਸਾਹਮਣੇ ਬੈਠ ਕੇ ਨਹੀਂ ਸੁਣਾਂਗੇ। ਸਾਡੇ ’ਚ ਉਨ੍ਹਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ।’’ ਇਹ ਸੁਰਾਂ ਦੇ ਬਾਦਸ਼ਾਹ ਸਰਦੂਲ ਤੇ ਅਮਰ ਨੂਰੀ ਵੱਲੋਂ ਸੁਰਾਂ ਦੇ ਸਮਰਾਟ ਪ੍ਰਤੀ ਅਥਾਹ ਸਤਿਕਾਰ, ਸ਼ਰਧਾ ਤੇ ਅਕੀਦਤ ਸੀ। ਵੇਖੋ ਰੱਬ ਦੇ ਰੰਗ- ਜਗਜੀਤ ਦੇ ਪਿੱਛੇ ਹੀ ਸਰਦੂਲ ਵੀ ਤੁਰ ਗਿਆ।
ਜਗਜੀਤ ਜ਼ੀਰਵੀ ਦੇ ਘਰ ’ਚ ਹਰਮੋਨੀਅਮ ਪਿਆ ਹੁੰਦਾ ਸੀ ਜਿਸ ਉਪਰ ਕਦੇ ਕਦੇ ਬਾਪ ਬਲਵੰਤ ਸਿੰਘ ਤੇ ਸ਼ਿਲਪਕਾਰ ਦਾਦਾ ਕਪੂਰ ਸਿੰਘ ਕੀਰਤਨ ਕਰਦੇ। ਨਿੱਕੇ ਹੁੰਦਿਆਂ ਜਗਜੀਤ ਕੋਲ ਬੈਠਾ ਸੁਣਦਾ ਰਹਿੰਦਾ। ਸੁਰ ਉਸ ਦੇ ਅੰਦਰ ਜ਼ੀਰਦੇ ਰਹੇ। ਉਹ ਹੌਲੀ ਹੌਲੀ ਹਰਮੋਨੀਅਮ ਸੁਰ ’ਚ ਕਰਨ ਲੱਗਾ। ਸਕੂਲ ਦੀਆਂ ਬਾਲ ਸਭਾਵਾਂ ’ਚ ਗੀਤ ਕਵਿਤਾਵਾਂ ਬੋਲਦਾ। ਆਵਾਜ਼ ਤੇ ਸਾਜ਼ ਆਪਸ ’ਚ ਥੋੜ੍ਹੇ ਬਹੁਤੇ ਇਕਸੁਰ ਹੋਏ ਤਾਂ ਸ਼ਹਿਰ ’ਚ ਬਣੇ ਰਾਮਾ ਡਰਾਮੈਟਿਕ ਕਲੱਬ ’ਚ ਜਾ ਕੇ ਗਾਉਣ ਲੱਗਾ। ਫਿਰ ਹਰਨਾਮ ਕੌਰ ਦਾ ਲਾਡਲਾ ਜਗਜੀਤ ਕਾਲਜ ਦੀਆਂ ਸਟੇਜਾਂ ’ਤੇ ਜਾ ਪੁੱਜਾ। ਸਹਿਕਾਰੀ ਸਭਾ ਦੀ ਸਟੇਜ ਤੋਂ ਪਾਲ ਸਿੰਘ ਪਾਲ ਦਾ ਗੀਤ ‘ਅੱਖੀਆਂ ’ਚ ਨੀਂਦਰ ਰੜਕੇ, ਬਾਲਮਾ ਸੌਂ ਜਾਵਾਂ’ ਗਾ ਕੇ ਆਪਣੀ ਸਟੇਜੀ ਗਾਇਕੀ ਦਾ ਬਾਕਾਇਦਾ ਆਰੰਭ ਕਰ ਲਿਆ।
25 ਅਗਸਤ 1940 ਨੂੰ ਜ਼ੀਰੇ ਸ਼ਹਿਰ ’ਚ ਜਨਮੇ ਜਗਜੀਤ ਜ਼ੀਰਵੀ ਨੂੰ ਮੋਗੇ ਦੇ ਡੀ.ਐਮ. ਕਾਲਜ ’ਚ ਪੜ੍ਹਦਿਆਂ ਹੀ ਮਿਲਟਰੀ ’ਚ ਕਮਿਸ਼ਨ ਮਿਲ ਗਿਆ। ਜਗਜੀਤ ਮਿਲਟਰੀ ’ਚ ਹੁੰਦੇ ਗਾਇਕੀ ਦੇ ਸਾਰੇ ਮੁਕਾਬਲੇ ਜਿੱਤ ਲੈਂਦਾ। ਇੱਕ ਮਿਹਰਬਾਨ ਕਮਾਂਡਿੰਗ ਅਫ਼ਸਰ ਨੇ ਜਗਜੀਤ ਨੂੰ ਆਖਿਆ ਕਿ ਤੂੰ ਬੜਾ ਚੰਗਾ ਗਾਇਕ ਬਣ ਸਕਦਾ ਏਂ। ਜਗਜੀਤ ਦਾ ਵੀ ਮਿਲਟਰੀ ’ਚ ਜੀਅ ਨਹੀਂ ਸੀ ਲੱਗਦਾ। ਕਮਾਂਡਿੰਗ ਅਫਸਰ ਕਹਿੰਦਾ ਮੈਂ ਤੈਨੂੰ ਮੈਡੀਕਲ ਅਨਫਿੱਟ ਕਰਾ ਕੇ ਪੈਨਸ਼ਨ ’ਤੇ ਘਰ ਭੇਜ ਸਕਦਾ ਹਾਂ। ਨਾਲ ਹੀ ਉਸ ਨੇ ਕਿਹਾ ਕਿ ਅਜੇ ਤੱਕ ਅਜਿਹਾ ਨਹੀਂ ਹੋਇਆ ਕਿ ਕਿਸੇ ਅਫ਼ਸਰ ਨੂੰ ਕਮਿਸ਼ਨ ਮਿਲਣ ਦੇ ਮਹਿਜ਼ ਦੋ ਸਾਲਾਂ ਦੇ ਸਮੇਂ ’ਚ ਹੀ ਪੈਨਸ਼ਨ ਮਿਲ ਗਈ ਹੋਵੇ। ਇਸ ਲਈ ਤੂੰ ਮੈਨੂੰ ਲਿਖ ਕੇ ਦੇ ਕਿ ਤੇਰੀ ਪੈਨਸ਼ਨ ਸਾਰੀ ਉਮਰ ਮਿਲਟਰੀ ਰੈੱਡ ਕਰਾਸ ਨੂੰ ਜਾਇਆ ਕਰੇਗੀ। ਜਗਜੀਤ ਨੇ ਇੱਕ ਮਿੰਟ ਨਾ ਲਾਇਆ ਤੇ ਲਿਖ ਕੇ ਦਿੱਤਾ।
ਫ਼ੌਜੀ ਵਰਦੀ ਘਰ ਦੇ ਕਿੱਲੇ ਨਾਲ ਟੰਗ ਜ਼ੀਰਵੀ ਨੇ ਹਰਮੋਨੀਅਮ ਨੂੰ ਹੱਥ ਪਾ ਲਿਆ। ਰੇਡੀਓ ਸਟੇਸ਼ਨ ਜਲੰਧਰ ਲਈ ਗਾਇਕੀ ਦਾ ਆਡੀਸ਼ਨ ਦੇਣ ਜਲੰਧਰ ਚਲਾ ਗਿਆ ਤਾਂ ਪਹਿਲੀ ਵਾਰ ’ਚ ਹੀ ਪਾਸ ਹੋ ਗਿਆ। ਉਨ੍ਹਾਂ ਦਿਨਾਂ ’ਚ ਰੇਡੀਓ ਆਰਟਿਸਟ ਹੋਣਾ ਬਹੁਤ ਵੱਡੀ ਗੱਲ ਹੁੰਦਾ ਸੀ। ਰੇਡੀਓ ਕਲਾਕਾਰ ਬਣ ਜਾਣ ਦਾ ਅਰਥ ਸਥਾਪਿਤ ਕਲਾਕਾਰ ਹੋ ਜਾਣਾ ਹੁੰਦਾ ਸੀ। ਰੇਡੀਓ ਕਲਾਕਾਰ ਬਣਦਿਆਂ ਹੀ ਜ਼ੀਰਵੀ ਨੂੰ ਬਹੁਤ ਸਾਰੇ ਪ੍ਰੋਗਰਾਮ ਮਿਲਣ ਲੱਗੇ ਜਿਸ ਸਦਕਾ ਚੰਗੇ ਪੈਸੇ ਘਰ ਆਉਣ ਲੱਗੇ। ਘਰਦਿਆਂ ਨੂੰ ਪੁੱਤ ਦਾ ਫ਼ੈਸਲਾ ਘਾਟੇਵੰਦਾ ਨਾ ਲੱਗਾ।
ਰੇਡੀਓ ਸਟੇਸ਼ਨ ਤੋਂ ਚੱਲੇ ਜਗਜੀਤ ਨੂੰ ਹੁਣ ਐਚ.ਐਮ.ਵੀ. ਦੀ ਮਾਨਤਾ ਵੀ ਪ੍ਰਾਪਤ ਹੋ ਚੁੱਕੀ ਸੀ। ਉਦੋਂ ਅੱਜ ਵਾਂਗੂੰ ਥਾਂ ਪੁਰ ਥਾਂ ਰਿਕਾਰਡਿੰਗ ਕੰਪਨੀਆਂ ਵੀ ਨਹੀਂ ਸਨ ਹੁੰਦੀਆਂ। ਪੈਸੇ ਦੇ ਕੇ ਕੈਸਟਾਂ ਰਿਕਾਰਡ ਕਰਵਾਉਣ ਦਾ ਰਿਵਾਜ ਵੀ ਨਹੀਂ ਸੀ ਤੇ ਨਾ ਹੀ ਕੋਈ ਕੰਪਨੀ ਸੁਰ ਵਿਹੂਣੇ ਬੰਦੇ ਨੂੰ ਰਿਕਾਰਡ ਕਰਦੀ ਸੀ। ਐਚ.ਐਮ.ਵੀ ਜਿਸ ਗਾਇਕ ਦਾ ਤਵਾ ਰਿਕਾਰਡ ਕਰਦੀ ਉਸ ਨੂੰ ਸਾਰੀ ਉਮਰ ਰਾਇਲਟੀ ਦਿੰਦੀ ਰਹਿੰਦੀ।
ਜਗਜੀਤ ਨੇ ਵੱਡੇ ਭਰਾ ਸੁਰਜਨ ਸਿੰਘ ਜ਼ੀਰਵੀ ਦੀ ਰੀਸੇ ਆਪਣੇ ਨਾਂ ਨਾਲ ਜ਼ੀਰਵੀ ਤਖੱਲਸ ਲਾ ਲਿਆ। ਸੁਰਜਨ ਸਿੰਘ ਜ਼ੀਰਵੀ ਲੰਮਾ ਸਮਾਂ ਪੰਜਾਬੀ ਦੇ ਪ੍ਰਤੀਨਿਧ ਅਖ਼ਬਾਰ ਨਵਾਂ ਜ਼ਮਾਨਾ ਦੇ ਐਡੀਟਰ ਇੰਚਾਰਜ ਰਹੇ। ਇਸ ਤਰ੍ਹਾਂ ਘਰ ਦਾ ਮਾਹੌਲ ਪੜ੍ਹਨ ਲਿਖਣ ਵਾਲਾ ਸੀ। ਛੋਟਾ ਭਰਾ ਬਲਵੀਰ ਵੀ ਕਲਾ ਨੂੰ ਪਿਆਰ ਕਰਨ ਵਾਲਾ। ਜਗਜੀਤ ਕੋਲ ਹੁਣ ਉੱਡਣ ਲਈ ਗਾਇਕੀ ਦਾ ਖੁੱਲ੍ਹਾ ਅੰਬਰ ਸੀ। ਉਸ ਨੇ ਸੁਰਿੰਦਰ ਕੌਰ, ਨਰਿੰਦਰ ਬੀਬਾ, ਰਾਜਿੰਦਰ ਰਾਜਨ ਤੇ ਰੰਜਨਾ ਵਰਗੀਆਂ ਸਮੇਂ ਦੀਆਂ ਚਰਚਿਤ ਗਾਇਕਾਵਾਂ ਨਾਲ ਦੇਵ ਥਰੀਕੇ ਅਤੇ ਗੁਰਦੇਵ ਮਾਨ ਜਿਹੇ ਪ੍ਰਸਿੱਧ ਗੀਤਕਾਰਾਂ ਦੇ ਦੋਗਾਣੇ ਰਿਕਾਰਡ ਕਰਵਾਏ। ‘‘ਛੜੇ ਆਉਣਗੇ ਲੱਸੀ ਨੂੰ ਝਿੜਕਾਂਗੇ’’, ‘‘ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਬਖਤੌਰਾ’’ ਅਤੇ ‘‘ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਏ, ਛੇੜ ਪਿਆਰ ਦੀ ਬਾਤ ਤਾਰਾ ਕੋਈ ਕੋਈ ਏ’’ ਜਿਹੇ ਗੀਤ ਰੇਡੀਓ ਸਟੇਸ਼ਨ ਦੀਆਂ ਤਰੰਗਾਂ ਨਾਲ ਘਰਾਂ ’ਚ ਵੱਜਦੇ ਰਹਿੰਦੇ। ਸੁਰਿੰਦਰ ਕੌਰ ਅਤੇ ਜਗਜੀਤ ਜ਼ੀਰਵੀ ਦੀਆਂ ਲਰਜ਼ਦੀਆਂ ਆਵਾਜ਼ਾਂ ਨੇ ਦੋਗਾਣਿਆਂ ’ਚ ਵੀ ਕਲਾਤਮਿਕਤਾ ਭਰ ਦਿੱਤੀ ਸੀ।
ਜਗਜੀਤ ਜ਼ੀਰਵੀ ਮੇਲਿਆਂ ਦਾ ਨਹੀਂ, ਮਹਿਫ਼ਿਲਾਂ ਦਾ ਗਾਇਕ ਸੀ। ਸ਼ਾਸਤਰੀ ਸੰਗੀਤ ਉਸ ਦੀ ਰੂਹ ਦੀ ਅਸਲ ਖੁਰਾਕ ਸੀ। ਉਹ ਲਤਾ ਮੰਗੇਸ਼ਕਰ ਨੂੰ ਆਪਣਾ ਆਦਰਸ਼ ਮੰਨਦਾ ਸੀ। ਸੁਰਿੰਦਰ ਕੌਰ ਨਾਲ ਕੈਨੇਡਾ ’ਚ ਪ੍ਰੋਗਰਾਮ ਕਰਨ ਗਿਆ ਤਾਂ ਵੈਨਕੂਵਰ ਲਤਾ ਮੰਗੇਸ਼ਕਰ ਨਾਲ ਮੇਲ ਹੋ ਗਿਆ। ਉਸ ਨੇ ਸਮਾਗਮ ਤੋਂ ਬਾਅਦ ਰਸਮ ਕਰਕੇ ਲਤਾ ਨੂੰ ਗੁਰੂ ਧਾਰ ਲਿਆ। ਲਤਾ ਨੇ ਵੀ ਉਸ ਨੂੰ ਗਲੇ ਲਾ ਕੇ ਆਸ਼ੀਰਵਾਦ ਦਿੱਤਾ। ਇਹ ਜਗਜੀਤ ਲਈ ਜ਼ਿੰਦਗੀ ਦੇ ਅਤਿ ਯਾਦਗਾਰੀ ਤੇ ਹਸੀਨ ਪਲ ਸਨ। ਉਹ ਆਖਦਾ, ‘‘ਜਦੋਂ ਲਤਾ ਦੀਦੀ ਨੇ ਗਲੇ ਨਾਲ ਲਾਇਆ, ਮੈਨੂੰ ਇੰਜ ਲੱਗਾ ਸੀ ਜਿਵੇਂ ਰੱਬ ਨੇ ਜੱਫੀ ’ਚ ਘੁੱਟ ਲਿਆ ਹੋਵੇ।’’
ਜਗਜੀਤ ਭਾਵੇਂ ਫਿਲਮੀ ਗਾਇਕੀ ਵਾਲੇ ਪਾਸੇ ਨਹੀਂ ਗਿਆ, ਪਰ ਮੁੰਬਈ ਦੀ ਫਿਲਮ ਨਗਰੀ ’ਚ ਉਸ ਦਾ ਬੜਾ ਮਾਣ ਸਨਮਾਨ ਸੀ। ਫਿਲਮ ਅਦਾਕਾਰ ਪ੍ਰਾਣ ਉਸ ਦਾ ਨੇੜਲਾ ਮਿੱਤਰ ਸੀ। ਉਹ ਜਗਜੀਤ ਨੂੰ ਮੁੰਬਈ ਰਹਿਣ ਲਈ ਜ਼ੋਰ ਪਾਉਂਦਾ ਰਹਿੰਦਾ। ਪ੍ਰਸਿੱਧ ਸੰਗੀਤਕਾਰ ਸੁਰਿੰਦਰ ਕੋਹਲੀ ਨੇ ਵੀ ਜਗਜੀਤ ਨੂੰ ਅਜਿਹੀ ਸਲਾਹ ਦਿੱਤੀ। ਯਾਰਾਂ ਆਖੇ ਜਗਜੀਤ ਆਰ.ਡੀ. ਬਰਮਨ ਨੂੰ ਮਿਲਣ ਵੀ ਗਿਆ। ਅੰਦਰ ਸੁਨੇਹਾ ਭੇਜਿਆ। ਦੋ ਤਿੰਨ ਘੰਟੇ ਉਡੀਕ ਕੀਤੀ ਤੇ ਉੱਠ ਕੇ ਤੁਰ ਆਇਆ। ਫਿਲਮ ਨਗਰੀ ਦਾ ਹੋਊ ਪਰ੍ਹੇ ਤੇ ਚਾਪਲੂਸੀ ਵਾਲਾ ਰਵੱਈਆ ਉਸ ਦੀ ਆਜ਼ਾਦ ਤਬੀਅਤ ਦੇ ਮੇਚ ਨਹੀਂ ਸੀ।
ਜਗਜੀਤ ਜ਼ੀਰਵੀ ਨੂੰ ਦੋ ਵਾਰ ਰਾਸ਼ਟਰਪਤੀ ਵੱਲੋਂ ਸਨਮਾਨਿਆ ਗਿਆ। ਸਾਲ 1987 ’ਚ ਰਾਸ਼ਟਰਪਤੀ ਵੱਲੋਂ ‘ਸੰਗੀਤ ਪੁਜਾਰੀ’ ਸਨਮਾਨ ਮਿਲਿਆ। ਵੱਡੇ ਵੱਡੇ ਸਿਆਸੀ ਲੋਕ, ਨੀਤੀਆਂ ਘੜਨ ਵਾਲੇ ਅਫ਼ਸਰਸ਼ਾਹ, ਸਾਹਿਤਕਾਰ, ਵਪਾਰੀ ਅਤੇ ਕਾਰਖਾਨੇਦਾਰ ਉਸ ਦਾ ਗਾਇਨ ਸੁਣਨ ਲਈ ਮਹਿਫ਼ਿਲਾਂ ਰਚਾਉਂਦੇ। ਲੋਕ ਸਭਾ ਦੇ ਸਾਬਕਾ ਸਪੀਕਰ ਬਲਰਾਮ ਜਾਖੜ ਉਸ ਨੂੰ ਮਣਾਂ ਮੂੰਹੀਂ ਪਿਆਰ ਕਰਦੇ ਸਨ। ਉਹ ਆਖਦੇ, ‘‘ਮੇਰਾ ਜੀਅ ਕਰਦਾ ਹੈ ਤੈਥੋਂ ਲੋਕ ਸਭਾ ’ਚ ਗਵਾਵਾਂ।’’ ਜਾਖੜ ਹੋਰਾਂ ਨੇ ਆਪਣੀ ਨਿੱਜੀ ਡਾਇਰੀ ’ਚ ਜ਼ੀਰਵੀ ਦੇ ਹੱਥੋਂ ਅਨੇਕਾਂ ਸ਼ਿਅਰ ਲਿਖਵਾ ਰੱਖੇ ਸਨ।
ਇਸ ਦਾ ਮਤਲਬ ਇਹ ਨਹੀਂ ਕਿ ਜ਼ੀਰਵੀ ਦਰਬਾਰੀ ਗਾਇਨ ’ਚ ਵਿਸ਼ਵਾਸ ਰੱਖਦਾ ਸੀ। ਉਸ ਨੇ ਹਮੇਸ਼ਾ ਆਪਣੇ ਅੰਦਰਲੇ ਕਲਾਕਾਰ ਦੇ ਸਵੈਮਾਣ ਨੂੰ ਜਿਉਂਦਾ ਰੱਖਿਆ। ਉਸ ਅਨੁਸਾਰ, ‘‘ਮੈਂ ਸੰਜੀਦਾ ਗਾਉਣਾ ਚਾਹੁੰਨਾ ਹਾਂ। ਇਸ ਨਾਲ ਮੈਨੂੰ ਕੋਈ ਮਤਲਬ ਨਹੀਂ ਕਿ ਮੇਰੇ ਸਾਹਮਣੇ ਕੌਣ ਬੈਠੇ ਹਨ ਜਾਂ ਕਿੰਨੀ ਗਿਣਤੀ ’ਚ ਬੈਠੇ ਹਨ। ਮੇਰੀ ਇੱਛਾ ਹੁੰਦੀ ਹੈ ਮੈਂ ਬੁੱਲ੍ਹੇਸ਼ਾਹ, ਵਾਰਸ, ਗਾਲਬਿ, ਮੀਰ, ਜ਼ੌਕ, ਪਾਤਰ, ਸ਼ਿਵ, ਮੀਸ਼ਾ ਤੇ ਹੋਰ ਅਦੀਬਾਂ ਨੂੰ ਗਾਈ ਜਾਵਾਂ ਤੇ ਲੋਕ ਸ਼ਾਂਤ ਚਿੱਤ ਬੈਠੇ ਸੁਣੀ ਜਾਣ। ਗੀਤ ਸੰਗੀਤ ਇੱਕ ਇਬਾਦਤ ਹੈ- ਇਬਾਦਤ ਕਰਦਿਆਂ ਰੌ਼ਲਾ ਰੱਪਾ ਚੰਗਾ ਨਹੀਂ ਲੱਗਦਾ।’’
ਜ਼ੀਰਵੀ ਦਰਦ ਭਿੱਜੀ ਆਵਾਜ਼ ’ਚ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਗਾਉਂਦਾ ਤਾਂ ਭੁਲੇਖਾ ਲੱਗਦਾ ਜਿਵੇਂ ਸ਼ਿਵ ਖ਼ੁਦ ਆਪਣੀ ਪੀੜ ਸੁਣਾ ਰਿਹਾ ਹੋਵੇ। ‘ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ’, ‘ਤੂੰ ਵਿਦਾ ਹੋਇਓਂ ਮੇਰੇ ਦਿਲ ’ਤੇ ਉਦਾਸੀ ਛਾ ਗਈ’ ਗਾਉਣ ਵੇਲੇ ਤਾਂ ਜਿਵੇਂ ਸ਼ਿਵ ਹੀ ਹੋ ਜਾਂਦਾ। ਹਵਾ ਜਿਵੇਂ ਸਿਸਕੀਆਂ ਭਰਨ ਲੱਗਦੀ। ਉਹ ਸ਼ਿਵ ਦੇ ਗੀਤਾਂ ਦੀ ਰੂਹ ’ਚ ਉਤਰ ਜਾਂਦਾ। ‘ਇੱਕ ਕੁੜੀ ਜੀਹਦਾ ਨਾਮ ਮੁਹੱਬਤ’ ਜਿੱਥੇ ਸ਼ਿਵ ਦੀ ਸ਼ਾਇਰੀ ਦਾ ਸਿਖਰ ਹੈ ਉੱਥੇ ਜ਼ੀਰਵੀ ਦੀ ਗਾਇਕੀ ਦਾ ਵੀ ਸਿਖਰ ਹੋ ਨਬਿੜਿਆ। ਮਹਿੰਦਰ ਕਪੂਰ ਜਿਹਾ ਮਹਾਨ ਫਨਕਾਰ ਆਖਦਾ ਸੀ: ‘‘ਜਿਸ ਤਰ੍ਹਾਂ ਸ਼ਿਵ ਨੂੰ ਜਗਜੀਤ ਜ਼ੀਰਵੀ ਨੇ ਗਾਇਆ ਹੈ, ਹੋਰ ਕੋਈ ਨਹੀਂ ਗਾ ਸਕਦਾ।’’ ਜਗਜੀਤ ਆਪ ਵੀ ਕਦੇ ਕਦੇ ਆਖਦਾ, ‘‘ਮੇਰਾ ਤਾਂ ਜਨਮ ਹੀ ਸ਼ਿਵ ਨੂੰ ਗਾਉਣ ਲਈ ਹੋਇਆ ਹੈ।’’
ਉਰਦੂ ਸ਼ਾਇਰੀ ਨੂੰ ਗਾਉਣ ਲਈ ਉਸ ਨੇ ਫ਼ਾਰਸੀ ਤੇ ਉਰਦੂ ਭਾਸ਼ਾਵਾਂ ਸਿੱਖੀਆਂ। ਮਿਰਜ਼ਾ ਗਾਲਬਿ ਤੋਂ ਲੈ ਕੇ ਸਾਹਿਰ ਲੁਧਿਆਣਵੀ ਤੱਕ ਲਗਪਗ ਸਾਰੇ ਵੱਡੇ ਤੇ ਮਹਾਨ ਸ਼ਾਇਰਾਂ ਨੂੰ ਗਾਇਆ। ਉਹ ਮਾਂ ਬੋਲੀ ਦੇ ਵਧੀਆ ਸ਼ਾਇਰਾਂ ਨੂੰ ਵੀ ਬੇਪਨਾਹ ਮੁਹੱਬਤ ਕਰਦਾ ਸੀ। ਗੁਰਚਰਨ ਰਾਮਪੁਰੀ, ਦੀਪਕ ਜੈਤੋਈ ਜਿਹੇ ਬਾਬਿਆਂ ਤੋਂ ਲੈ ਕੇ ਨਵੇਂ ਸ਼ਾਇਰਾਂ ਤੱਕ, ਉਹ ਸਭ ਨੂੰ ਪੜ੍ਹਦਾ ਤੇ ਉਨ੍ਹਾਂ ਦੀ ਸ਼ਾਇਰੀ ਨੂੰ ਆਪਣੀ ਆਵਾਜ਼ ਦਿੰਦਾ ਰਿਹਾ। ਪੰਜਾਬੀ ਦੇ ਅਲਬੇਲੇ ਸ਼ਾਇਰ ਸੋਹਣ ਸਿੰਘ ਮੀਸ਼ਾ ਦਾ ਉਹ ਗੂੜ੍ਹਾ ਮਿੱਤਰ ਸੀ। ਜਗਜੀਤ ਜ਼ੀਰਵੀ ਨੇ ਮੀਸ਼ੇ ਦੀਆਂ ਚਰਚਿਤ ਰਚਨਾਵਾਂ ‘ਮੈਂ ਤੇਰੇ ਪਿਆਰ ਦੇ ਪੱਤਰ ਅਜੇ ਤੱਕ ਸਾਂਭ ਰੱਖੇ ਨੇ’, ‘ਅੱਧੀ ਰਾਤ ਪਹਿਰ ਦੇ ਤੜਕੇ, ਅੱਖਾਂ ਦੇ ਵਿੱਚ ਨੀਂਦਰ ਰੜਕੇ’ ‘ਸ਼ਾਮ ਦੀ ਨਾ ਸਵੇਰ ਦੀ ਗੱਲ ਹੈ- ਵਕਤ ਦੇ ਹੇਰ ਫੇਰ ਦੀ ਗੱਲ ਹੈ’ ਅਤੇ ਬੇਹੱਦ ਚਰਚਿਤ ਹੋਈ ਗ਼ਜ਼ਲ਼ ‘ਝਿਜਕਦਾ ਮੈਂ ਵੀ ਰਿਹਾ, ਉਹ ਵੀ ਬਹੁਤ ਸੰਗਦੇ ਰਹੇ- ਇਸ ਤਰ੍ਹਾਂ ਇੱਕ ਦੂਸਰੇ ਦੀ ਖੈਰ ਸੁੱਖ ਮੰਗਦੇ ਰਹੇ’ ਗਾ ਕੇ ਉਸ ਨੂੰ ਅਮਰ ਕਰ ਦਿੱਤਾ।
ਜਗਜੀਤ ਜ਼ੀਰਵੀ ਗ਼ਜ਼ਲ਼ ਗਾਇਕੀ ਦਾ ਬੇਤਾਜ਼ ਬਾਦਸ਼ਾਹ ਸੀ। ਉਹ ਜ਼ੀਰੇ ਵਰਗੇ ਪਛੜੇ ਮੰਨੇ ਜਾਂਦੇ ਇਲਾਕੇ ’ਚੋਂ ਉੱਠ ਕੇ ਗਾਇਕੀ ਦੇ ਬੜੇ ਉੱਚੇ ਮੁਕਾਮ ’ਤੇ ਪਹੁੰਚਿਆ। ਉਹ ਦੇਸ਼ ਦੇਸ਼ਾਂਤਰ ਘੁੰਮਿਆ। ਬਰਕਲੇ ਵਰਗੀਆਂ ਉੱਚ ਕੋਟੀ ਦੀਆਂ ਯੂਨੀਵਰਸਿਟੀਆਂ ’ਚ ਗਾਇਆ। ਉਸ ਦੀ ਆਪਣੀ ਇੱਕ ਵਿਲੱਖਣ ਸ਼ੈਲੀ ਸੀ। ਉਹ ਬਾਜ਼ਾਰੂ ਗਾਇਕੀ ਦੇ ਰਾਹ ਨਹੀਂ ਪਿਆ। ਉਸ ਦੀ ਗਾਇਕੀ ’ਚ ਅਤਿ ਦੀ ਸੂਖ਼ਮਤਾ ਸੀ। ਕੁਦਰਤ ਨੇ ਉਸ ਨੂੰ ਬੇਹੱਦ ਸੁਰੀਲਾ ਕੰਠ ਬਖ਼ਸ਼ਿਆ ਸੀ। ਜਗਜੀਤ ਜ਼ੀਰਵੀ ਬੇਸ਼ੱਕ ਸਰੀਰਿਕ ਤੌਰ ’ਤੇ ਚਲਾ ਗਿਆ ਹੈ, ਪਰ ਉਸ ਦੀ ਰੂਹਦਾਰੀ ਵਾਲੀ ਗਾਇਕੀ ਤੇ ਸੋਜ਼ ਭਰੀ ਆਵਾਜ਼ ਲੰਮੇ ਸਮੇਂ ਤੱਕ ਹਵਾ ’ਚ ਲਰਜ਼ਦੀ ਰਹੇਗੀ।
ਸੰਪਰਕ: 98726-40994