ਮਨਮੋਹਨ ਸਿੰਘ ਦਾਊਂ
ਚੰਡੀਗੜ੍ਹ ਵਸਾਉਣ ਲਈ ਪੁਆਧ ਦੇ 50 ਪਿੰਡਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਕੇ ਪਿੰਡਾਂ ਨੂੰ ਉਜਾੜਿਆ ਗਿਆ। ਇਹ ਸਮਾਂ ਭਾਰਤ ਦੀ ਆਜ਼ਾਦੀ 1947 ਤੋਂ ਬਾਅਦ ਪੰਜਾਬ ਦੇ ਬਟਵਾਰੇ ਦਾ ਸੀ। ਪਾਕਿਸਤਾਨ (ਲਹਿੰਦਾ ਪੰਜਾਬ) ਬਣ ਗਿਆ ਤੇ ਚੜ੍ਹਦੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਉਣ ਲਈ ਪਿੰਡਾਂ ਦੇ ਉਜਾੜਿਆਂ ਦਾ ਪ੍ਰਤੀਕਰਮ 1950 ਤੋਂ ਪ੍ਰਾਰੰਭ ਹੋਇਆ। ਪਹਿਲਾ ਉਠਾਲਾ 1950 ’ਚ ਹੋਇਆ ਤੇ 17 ਪਿੰਡਾਂ ਨੂੰ ਢਹਿ-ਢੇਰੀ ਕੀਤਾ ਗਿਆ। ਦੂਜਾ ਉਠਾਲਾ 1960-1975 ਦੌਰਾਨ ਚੱਲਿਆ ਜਿਸ ਤਹਿਤ 11 ਪਿੰਡ ਢਹਿ-ਢੇਰੀ ਕੀਤੇ ਗਏ। ਇਸ ਤੋਂ ਬਾਅਦ 22 ਪਿੰਡਾਂ ਦੀ ਵਾਰੀ ਆਈ। ਜਿਸ ਯੋਧੇ ਤੇ ਨਿਧੜਕ ਵਿਅਕਤੀ ਨੇ ਆਵਾਜ਼ ਬੁਲੰਦ ਕਰਕੇ ਇਨ੍ਹਾਂ 22 ਪਿੰਡਾਂ ਨੂੰ ਢਹਿ-ਢੇਰੀ ਹੋਣ ਤੋਂ ਬਚਾਇਆ, ਉਸ ਜਥੇਦਾਰ ਦਾ ਨਾਮ ਅੰਗਰੇਜ਼ ਸਿੰਘ ਪਿੰਡ ਬਡਹੇੜੀ ਵਾਲਾ ਹੈ। ਭਾਵੇਂ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਤਾਂ ਐਕੁਆਇਰ ਕਰ ਲਈਆਂ, ਪਰ ਬਣਦੇ ਹੱਕਾਂ ਲਈ ਜੂਝਣ ਲਈ ਅੰਗਰੇਜ਼ ਸਿੰਘ ਨੇ ‘ਪਿੰਡ ਬਚਾਓ ਕਮੇਟੀ’ ਬਣਾ ਕੇ ਪਿੰਡਾਂ ਦੀ ਧੜਕਣ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਅੰਦੋਲਨ ਵਿੱਚ ਉਨ੍ਹਾਂ ਦਾ ਪਿੰਡਾਂ ਦੇ ਲੋਕਾਂ ਨੇ ਪੂਰਾ ਸਾਥ ਦਿੱਤਾ। ਉਨ੍ਹਾਂ 22 ਪਿੰਡਾਂ ਨੂੰ ਕੇਂਦਰ ਸਰਕਾਰ ਨੇ ਕੇਂਦਰ ਸ਼ਾਸਤ ਪ੍ਰਦੇਸ਼ (ਯੂ.ਟੀ.) ਚੰਡੀਗੜ੍ਹ ਦਾ ਦਰਜਾ ਦੇ ਦਿੱਤਾ ਸੀ।
ਆਪਣੀ ਮਿੱਟੀ ਤੇ ਇਲਾਕੇ ਨਾਲ ਮੋਹ ਰੱਖਣ ਵਾਲੇ ਅੰਗਰੇਜ਼ ਸਿੰਘ ਦਾ ਜਨਮ ਪਿਤਾ ਮੇਜਰ ਗੱਜਣ ਸਿੰਘ ਤੇ ਮਾਤਾ ਦਿਆਲ ਕੌਰ ਦੇ ਗ੍ਰਹਿ ਪਿੰਡ ਬਡਹੇੜੀ (ਯੂ.ਟੀ.) ਵਿਖੇ 5 ਮਈ 1933 ਨੂੰ ਹੋਇਆ। ਮੈਟ੍ਰਿਕ ਖਾਲਸਾ ਹਾਈ ਸਕੂਲ ਲੰਬਿਆਂ-ਸੋਹਾਣਾ (ਉਦੋਂ ਜ਼ਿਲ੍ਹਾ ਅੰਬਾਲਾ) ਤੋਂ ਕੀਤੀ। ਸ਼ੁਰੂ ਤੋਂ ਹੀ ਉਹ ਬਹੁਤ ਤੇਜ਼ ਦਿਮਾਗ਼ ਵਾਲਾ ਸੀ। ਜੁਆਨੀ ਦਾ ਜੋਸ਼ੀਲਾ ਤੇ ਲੀਡਰੀ ਵਾਲਾ ਸੁਭਾਅ ਸੀ। ਇਸ ਇਲਾਕੇ ਵਿੱਚ ਬਾਲਾ ਪਰਿਵਾਰ ਵੱਲੋਂ ਚਲਾਈ ਬੱਸ ਕੰਪਨੀ ਬੜੀ ਮਸ਼ਹੂਰ ਸੀ ਜਿਸ ਨੂੰ ‘ਅੰਬਾਲਾ ਬੱਸ ਸਿੰਡੀਕੇਟ ਰੋਪੜ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਕੰਪਨੀ ’ਚ ਨੌਕਰੀ ਕਰਨੀ ਮਾਣ ਵਾਲੀ ਗੱਲ ਸੀ। ਮੌਕਾ ਪਾ ਕੇ ਇਸ ਕੰਪਨੀ ’ਚ ਪ੍ਰਵੇਸ਼ ਕੀਤਾ ਤੇ ਅੰਗਰੇਜ਼ ਸਿੰਘ ਨੇ ਅੰਬਾਲਾ ਬੱਸ ਸਿੰਡੀਕੇਟ ਚੰਡੀਗੜ੍ਹ ਸੈਕਟਰ-17 ਵਿਖੇ ਬਤੌਰ ਅੱਡਾ ਇੰਚਾਰਜ ਜ਼ਿੰਮੇਵਾਰੀ ਸੰਭਾਲੀ। ਇਹ 1969 ਦਾ ਸਮਾਂ ਸੀ। ਇਸ ਅਹੁਦੇ ’ਤੇ ਹੁੰਦਿਆਂ ਅੰਗਰੇਜ਼ ਸਿੰਘ ਦੀ ਪੰਜਾਬ ਸਰਕਾਰ ’ਚ ਚੰਗੀ ਪਹੁੰਚ ਹੋ ਗਈ ਸੀ। ਪੰਜਾਬ ਦੇ ਤਤਕਾਲੀ ਮੁੱਖ-ਮੰਤਰੀ ਗੁਰਨਾਮ ਸਿੰਘ ਦੇ ਬਹੁਤ ਨੇੜਲੇ ਵਿਅਕਤੀਆਂ ’ਚੋਂ ਅੰਗਰੇਜ਼ ਸਿੰਘ ਦਾ ਪੂਰਾ ਬੋਲ-ਬਾਲਾ ਰਿਹਾ ਸੀ।
ਪਿੰਡ ਬਚਾਓ ਕਮੇਟੀ ਦਾ ਮੁਖੀ ਹੁੰਦਿਆਂ ਅੰਗਰੇਜ਼ ਸਿੰਘ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਜੱਦੋਜਹਿਦ ਦੌਰਾਨ ਅਪਾਹਜ ਹੋਣ ਦੇ ਬਾਵਜੂਦ ਉਸ ਦੇ ਸਿਰੜੀ ਇਰਾਦੇ ਨੂੰ ਇਹ ਰੋਗ ਭੋਰਾ ਵੀ ਡੁਲਾ ਨਾ ਸਕਿਆ। ਉਹ ਪਿੰਡਾਂ ਦੇ ਲੋਕਾਂ ਨਾਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਧੱਕੇ ਵਿਰੁੱਧ ਹਮੇਸ਼ਾਂ ਗਰਜ ਕੇ ਅੱਗੇ ਆਉਂਦਾ ਤੇ ਆਪਣੀ ਹੀ ਧਰਤੀ ’ਤੇ ਰਫ਼ਿਊਜੀ ਬਣੇ ਬੈਠੇ ਪੰਜਾਬੀਆਂ ਨੂੰ ਜਾਗਦੇ ਰਹਿਣ ਦਾ ਹੋਕਾ ਦੇਂਦਾ। ਇਸ ਕਰਮਯੋਗੀ ਸ਼ਖ਼ਸੀਅਤ ਨੇ ਜੱਦੀ ਲੋਕਾਂ ਦੀ ਝੋਲੀ ਕਈ ਪ੍ਰਾਪਤੀਆਂ ਪਾਈਆਂ ਸਨ। ਗਿਆਰਾਂ ਪਿੰਡਾਂ ਦੇ 5000 ਪਰਿਵਾਰਾਂ ਨੂੰ ਮੁੜ ਵਸੇਬੇ ਲਈ ਖੂੰਡੀ ਸਹਾਰੇ ਹਾਕਮਾਂ/ਅਧਿਕਾਰੀਆਂ ਦੇ ਦਰ ਜਾ ਕੇ ਦਲੀਲਾਂ ਰਾਹੀਂ ਅਧਿਕਾਰੀਆਂ ਨੂੰ ਲਾਜਵਾਬ ਕਰ ਦਿੰਦਾ ਸੀ ਅਤੇ ਪਿੰਡਾਂ ਦੀਆਂ ਗਲੀਆਂ ਤੇ ਸੱਥਾਂ ’ਚ ਜਾ ਕੇ ਹਾਕਮਾਂ ਵਿਰੁੱਧ ਆਵਾਜ਼ ਉਠਾਉਂਦਾ ਰਿਹਾ। ਆਪਣੀ ਉਮਰ ਦੇ ਲਗਪਗ 36 ਸਾਲ ਪਿੰਡਾਂ ਦੇ ਲੋਕਾਂ ਦੀ ਭਲਾਈ ਲੇਖੇ ਲਾ ਕੇ ਵੀ ਇਹ ਬਾਬਾ ਨਾ ਅੱਕਿਆ ਨਾ ਥੱਕਿਆ। ਪਹਿਲੇ ਉਜਾੜੇ ਗਏ 17 ਪਿੰਡਾਂ ਦੀਆਂ ਪਿਛਲੇ 500 ਸਾਲਾਂ ਤੋਂ ਵੱਧ ਬਣੀਆਂ ਹੋਈਆਂ ਮੜੀਆਂ, ਚਰਾਂਦਾਂ, ਟੋਭਿਆਂ, ਧਾਰਮਿਕ ਸਥਾਨਾਂ ਅਤੇ ਸ਼ਾਮਲਾਤ ਜ਼ਮੀਨਾਂ ਦਾ ਮੁਆਵਜ਼ਾ ਨਾ ਦੇ ਕੇ ਲੋਕਾਂ ਦੇ ਕਰੋੜਾਂ-ਅਰਬਾਂ ਰੁਪਏ ਹੜੱਪ ਕਰਨ ਵਾਲੀ ਸਰਕਾਰ ਵਿਰੁੱਧ ਅੰਗਰੇਜ਼ ਸਿੰਘ ਨੇ ਸ਼ਿੱਦਤ ਨਾਲ ਪੈਰਵੀ ਕੀਤੀ। ਇਨ੍ਹਾਂ ਪਿੰਡਾਂ ਤੇ ਜ਼ਮੀਨਾਂ ਬਾਰੇ ਅੰਗਰੇਜ਼ ਸਿੰਘ ਆਪਣੇ ਅੰਦਰ ਕੰਪਿਊਟਰ ਵਾਂਗ ਜਾਣਕਾਰੀ ਸਾਂਭੀ ਬੈਠਾ ਸੀ। ਉਸ ਮੁਤਾਬਿਕ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਥੱਲੇ ਪੁਆਧ ਦੀਆਂ ਰੂਹਾਂ ਦਾ ਦਰਦ ਬੋਲ ਰਿਹਾ ਹੈ। ਭਾਰਤ ਦੇ ਰਾਸ਼ਟਰਪਤੀ ਤੋਂ ਲੈ ਕੇ ਰਾਸ਼ਟਰਮੰਡਲ ਲੰਡਨ ਤੱਕ ਉਸ ਦੀ ਹੱਕ-ਸੱਚ ਦੀ ਗੂੰਜ ਅੱਪੜਦੀ ਰਹੀ।
ਜ਼ਿਕਰਯੋਗ ਹੈ ਕਿ ਅੰਗਰੇਜ਼ ਸਿੰਘ ਨੇ ਆਪਣੇ ਜੀਵਨ-ਕਾਲ ਵਿੱਚ ਕਿਸਾਨਾਂ ਦੇ ਹੱਕਾਂ ਲਈ ਤੇ ਉਨ੍ਹਾਂ ਦੀਆਂ ਔਕੜਾਂ ਦੂਰ ਕਰਨ ਲਈ ਸਦਾ ਸੰਘਰਸ਼ ਕੀਤਾ। ਫ਼ਸਲਾਂ ਦੀ ਉਪਜ ਦੀਆਂ ਕੀਮਤਾਂ ਨਿਸ਼ਚਿਤ ਕਰਾਉਣ ਲਈ ਭੂਮਿਕਾ ਨਿਭਾਈ। ਚੰਡੀਗੜ੍ਹ, ਪੰਜਾਬ ਨੂੰ ਨਾ ਦੇਣ ਦਾ ਝੋਰਾ ਉਸ ਦੇ ਹੱਡਾਂ ਨੂੰ ਖੋਰਦਾ ਰਿਹਾ। ਇੱਥੇ ਪੰਜਾਬੀ ਮਾਂ-ਬੋਲੀ ਦੀ ਦੁਰਦਸ਼ਾ ਬਾਰੇ ਉਹ ਸੰਘਰਸ਼ ਕਰਦੇ ਅਦਾਰਿਆਂ ਅਤੇ ਕਮੇਟੀਆਂ ’ਚ ਸਦਾ ਆਵਾਜ਼ ਬੁਲੰਦ ਕਰਦਾ ਰਿਹਾ। ਆਪਣਿਆਂ ਨੂੰ ਉਜਾੜਨਾ ਤੇ ਓਪਰਿਆਂ ਨੂੰ ਇੱਥੇ ਵਸਾਉਣਾ, ਉਸ ਦੇ ਸੀਨੇ ’ਚ ਤੀਰ ਵੱਜਣ ਵਾਂਗ ’ਤੇ ਉਸ ਨੇ ਬੜੀ ਬੇਬਾਕੀ ਨਾਲ ਇਸ ਕੁਟਲ ਨੀਤੀ ਨੂੰ ਭੰਡਿਆ ਜਿਸ ਦੇ ਨਤੀਜੇ ਵਜੋਂ ਜਿਸਮਾਨੀ ਸਜ਼ਾ ਵੀ ਭੁਗਤੀ।
ਅੰਗਰੇਜ਼ ਸਿੰਘ ਨੂੰ ਚੰਡੀਗੜ੍ਹ ਉਜਾੜਿਆਂ ਦੀਆਂ ਕਿੰਨੀਆਂ ਹੀ ਦਰਦਨਾਕ ਘਟਨਾਵਾਂ ਚੇਤੇ ਸਨ ਜਿਨ੍ਹਾਂ ਨੂੰ ਸੁਣ ਕੇ ਦਿਲ ਕੰਬ ਜਾਂਦਾ। ਲੋਕ-ਪੀੜਾ ਦਾ ਉਹ ਕੋਸ਼ ਸੀ। ਉਸ ਨੂੰ ਦੁੱਖ ਸੀ ਕਿ ਇਸ ਪੁਆਧ ਖੇਤਰ ਦੀ ਸੰਸਕ੍ਰਿਤੀ, ਇਤਿਹਾਸ, ਸਭਿਆਚਾਰ ਅਤੇ ਵਿਰਸਾ ਅਲੋਪ ਹੁੰੰਦਾ ਜਾ ਰਿਹਾ ਹੈ ਜਿਸ ਨੂੰ ਸੰਭਾਲਣ ਤੇ ਸੰਗ੍ਰਹਿਣ ਦੀ ਅਤਿ ਲੋੜ ਹੈ। ਇੱਥੋਂ ਦੀ ਉਜਾੜੀ ਪੁਆਧੀ ਜੀਵਨ-ਰਹਿਤਲ ਨੂੰ ਮੁੜਵਸੇਬਾ ਦੇ ਕੇ ਸੁਰਜੀਤ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਪੀੜਾ ਕਾਰਨ ਉਹ ਮੰਜੇ ਜੋਗਾ ਹੀ ਰਹਿ ਗਿਆ ਸੀ।
ਕਾਫ਼ੀ ਲੰਮਾ ਸਮਾਂ ਲਾਚਾਰੀ ਦੀ ਅਵਸਥਾ ’ਚ ਰਹਿਣ ਪਿੱਛੋਂ 23 ਜਨਵਰੀ 2021 ਨੂੰ ਜਥੇਦਾਰ ਅੰਗਰੇਜ਼ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।
ਸੰਪਰਕ: 98151-23900