ਸੁਰਿੰਦਰ ਸਿੰਘ ਤੇਜ
ਬਹੁਪੱਖੀ ਤੇ ਬਹੁਆਯਾਮੀ ਸ਼ਖ਼ਸੀਅਤ ਸੀ ਐਡਵਰਡ ਵਿਲੀਅਮ ਸਈਦ (1935-2003)। ਪੱਛਮੀ ਯੋਰੋਸ਼ਲਮ ਵਿਚ ਜਨਮਿਆ ਪਰ ਮੁੱਢੋਂ-ਸੁੱਢੋਂ ਅਮਰੀਕੀ ਨਾਗਰਿਕ, ਪਰਿਵਾਰ ਦੌਲਤਮੰਦ ਪਰ ਖ਼ੁਦ ਸਾਦਗੀਪਸੰਦ, ਪੈਦਾਇਸ਼ ਤੇ ਅਕੀਦਿਆਂ ਪੱਖੋਂ ਇਸਾਈ ਪਰ ਪੱਛਮ ਵਿਚ ਇਸਲਾਮ ਤੇ ਇਸਲਾਮਪ੍ਰਸਤਾਂ ਦੇ ਹਿੱਤਾਂ ਦਾ ਸੱਚਾ-ਸੁੱਚਾ ਤਰਜਮਾਨ। ਉਹ ਸਾਹਿਤਕ ਸਿਧਾਂਤਕਾਰ ਵੀ ਸੀ ਅਤੇ ਸੰਗੀਤ ਸਮਾਲੋਚਕ ਵੀ। ਸਮਾਜ ਸ਼ਾਸਤਰੀ ਤੇ ਇਤਿਹਾਸਕਾਰ ਵੀ ਸੀ ਅਤੇ ਫਲਸਤੀਨੀ ਕਾਜ਼ ਦਾ ਸੁਹਜਮਈ ਅਲੰਬਰਦਾਰ ਵੀ। ਉਸ ਦੀ ਵਿਦਵਤਾ ਦੇ ਕਦਰਦਾਨਾਂ ਦੀ ਗਿਣਤੀ ਬੇਸ਼ੁਮਾਰ ਸੀ। ਦੋਖੀਆਂ ਤੇ ਨਿੰਦਕਾਂ ਦੀ ਗਿਣਤੀ ਵੀ ਘੱਟ ਨਹੀਂ ਸੀ। ਅਮਰੀਕੀ ਸੱਜੇ-ਪੰਥੀ ਰਸਾਲੇ ‘ਕਮੈਂਟਰੀ’ ਨੇ ਨਿਊਯਾਰਕ (ਅਮਰੀਕਾ) ਦੀ ਕੋਲੰਬੀਆ ਯੂਨੀਵਰਸਿਟੀ ਦੇ ਇਸ ਪ੍ਰੋਫੈਸਰ ਦੀ ਤਸਵੀਰ ਆਪਣੇ ਕਵਰ ਉੱਤੇ ਛਾਪ ਕੇ ਪ੍ਰੋ. ਸਈਦ ਨੂੰ ‘ਦਹਿਸ਼ਤ ਦਾ ਪ੍ਰੋਫੈਸਰ’ (ਪ੍ਰੋਫੈਸਰ ਆਫ਼ ਟੈਰਰ) ਦੱਸਿਆ ਸੀ। ਨੋਬੇਲ ਪੁਰਸਕਾਰ ਜੇਤੂ ਲੇਖਕ ਵੀ.ਐੱਸ. ਨਾਇਪਾਲ ਨੇ ਉਸ ਉੱਪਰ ‘ਲਿਫ਼ਾਫ਼ੇਬਾਜ਼’ ਹੋਣ ਦਾ ਠੱਪਾ ਲਾਇਆ ਸੀ। ਅਜਿਹੇ ਲੇਬਲਾਂ-ਠੱਪਿਆਂ ਦੇ ਬਾਵਜੂਦ ਇਸ ਹਕੀਕਤ ਨੂੰ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਤਸਲੀਮ ਕੀਤਾ ਜਾਂਦਾ ਰਿਹਾ ਹੈ ਕਿ ਫ਼ਲਸਤੀਨੀਆਂ ਦੇ ਦੁੱਖ-ਦਰਦਾਂ ਨੂੰ ਜਿੰਨੀ ਸ਼ਿੱਦਤ ਤੇ ਸਲੀਕੇ ਨਾਲ ਐਡਵਰਡ ਸਈਦ ਨੇ ਉਭਾਰਿਆ, ਓਨੀ ਸਲੀਕੇਦਾਰੀ ਕਿਸੇ ਹੋਰ ਫ਼ਲਸਤੀਨੀ ਤਰਜਮਾਨ ਦੇ ਹਿੱਸੇ ਨਹੀਂ ਆਈ।
ਇਸੇ ਐਡਵਰਡ ਸਈਦ ਦੀ ਗਿਆਨ-ਗਾਥਾ ਪੇਸ਼ ਕਰਦੀ ਹੈ ਟਿਮੋਥੀ ਬ੍ਰੀਨਨ ਦੀ ਕਿਤਾਬ ‘‘ਪਲੇਸਜ਼ ਆਫ ਮਾਈਂਡ: ਲਾਈਫ ਆਫ ਐਡਵਰਡ ਸਈਦ’’ (ਬਲੂਮਜ਼ਬਰੀ; 447 ਪੰਨੇ, 1099 ਰੁਪਏ)। ਬ੍ਰੀਨਨ, ਯੂਨੀਵਰਸਿਟੀ ਆਫ ਮਿਨੇਸੋਟਾ (ਅਮਰੀਕਾ) ਵਿਚ ਅੰਗਰੇਜ਼ੀ ਦਾ ਪ੍ਰੋਫੈਸਰ ਤੇ ਸਮਾਜ-ਸ਼ਾਸਤਰੀ ਹੈ। ਉਸ ਨੇ ਸਈਦ ਦੀ ਜੀਵਨ-ਕਹਾਣੀ ਪੇਸ਼ ਕਰਨ ਦੀ ਥਾਂ ਕਿਤਾਬ ਨੂੰ ਉਸ ਦੀ ਬੌਧਿਕ ਸ਼ਖ਼ਸੀਅਤ ਅਤੇ ਰਚਨਾਵਾਂ ਉੱਤੇ ਕੇਂਦ੍ਰਿਤ ਕੀਤਾ ਹੈ। ਇਹ ਫੋਕਸ ਪ੍ਰੋ. ਸਈਦ ਦੀ ਵਿਦਵਤਾ ਤੇ ਬੁੱਧੀਮਾਨੀ ਦਾ ਸ਼ਾਨਦਾਰ ਅਕਸ ਸਾਬਤ ਹੋਇਆ ਹੈ। ਸਈਦ ਤਕਰੀਬਨ 40 ਵਰ੍ਹਿਆਂ ਤਕ ਅੰਗਰੇਜ਼ੀ ਸਾਹਿਤ ਪੜ੍ਹਾਉਂਦਾ ਰਿਹਾ। ਲੇਖਣ ਦੇ ਖੇਤਰ ਵਿਚ ਉਸ ਦੀ ਸ਼ੁਰੂਆਤ ਜੋਜ਼ੇਫ ਕੌਨਰੈਡ ਦੀ ਨਾਵਲ-ਕਲਾ ਦੀ ਸਮਾਲੋਚਨਾ ਨਾਲ ਹੋਈ। ਉਸ ਦੀਆਂ ਪਹਿਲੀਆਂ ਦੋ ਕਿਤਾਬਾਂ ਵੀ ਅੰਗਰੇਜ਼ੀ ਸਾਹਿਤ ਬਾਰੇ ਹਨ। ਪੁਰਬੀ ਜਗਤ ਤੇ ਇਸ ਨਾਲ ਜੁੜੀਆਂ ਘਟਨਾਵਲੀਆਂ ਬਾਰੇ ਪੱਛਮੀ ਜਗਤ ਵਿਚ ਪਾਏ ਜਾਂਦੇ ਭਰਮ-ਭੁਲੇਖਿਆਂ ਅਤੇ ਪੱਛਮੀ ਵਿਦਵਾਨਾਂ ਵੱਲੋਂ ਉਭਾਰੀਆਂ-ਫੈਲਾਈਆਂ ਗ਼ਲਤ ਧਾਰਨਾਵਾਂ-ਅਵਧਾਰਨਾਵਾਂ ਦਾ ਖੰਡਨ ਕਰਨ ਲਈ 1978 ਵਿਚ ਉਸ ਨੇ ‘ਓਰੀਐਂਟਲਿਜ਼ਮ’ ਕਿਤਾਬ ਛਪਵਾਈ। ਇਹ ਉਸ ਦੀ ਯਾਦਗਾਰੀ ਕਿਰਤ ਹੈ। ਖ਼ੂਬ ਚਰਚਿਤ ਹੋਈ ਇਹ ਕਿਤਾਬ। ਇਸ ਦੇ ਹੁਣ ਤਕ 20 ਐਡੀਸ਼ਨ ਛਪ ਚੁੱਕੇ ਹਨ। ਇਕ ਹੋਰ ਕਿਤਾਬ ‘‘ਕਲਚਰ ਐਂਡ ਇੰਪੀਰੀਅਲਿਜ਼ਮ’’ (ਸਭਿਆਚਾਰ ਤੇ ਸਾਮਰਾਜਵਾਦ) ਨੇ ਵੀ ਪੂਰਬੀ ਜਗਤ ਬਾਰੇ ਪੱਛਮੀ ਅਗਿਆਨਤਾ ਤੇ ਖੋਖਲੇਪਣ ਨੂੰ ਤਫ਼ਸੀਲਾਂ ਨਾਲ ਬੇਪਰਦ ਕੀਤਾ। ਇਨ੍ਹਾਂ ਕਿਤਾਬਾਂ ਨੇ ਜਿੱਥੇ ਪੱਛਮੀ ਵਿਦਵਾਨਾਂ ਨੂੰ ਪੂਰਬੀ ਜਗਤ ਦਾ ਇਤਿਹਾਸ ਤੇ ਬੌਧਿਕ ਖ਼ਜ਼ਾਨਾ ਮੁੜ-ਘੋਖਣ ਲਈ ਹਲੂਣਿਆ, ਉੱਥੇ ਇਹ ਸੱਚ ਕਬੂਲਣ ਲਈ ਵੀ ਮਜਬੂਰ ਕੀਤਾ ਕਿ ਪੂਰਬੀ ਜਗਤ, ਪੱਛਮ ਨਾਲੋਂ ਕਿਸੇ ਵੀ ਤਰ੍ਹਾਂ ਊਣਾ ਨਹੀਂ ਸੀ। ‘ਓਰੀਐਂਟਲਿਜ਼ਮ’ (ਪੂਰਬਪ੍ਰਸਤੀ) ਦੀ ਭੂਮਿਕਾ ਵਿਚ ਸਈਦ ਨੇ ਲਿਖਿਆ ਹੈ: ‘‘ਪੱਛਮੀ ਦਾਨਿਸ਼ਵਰਾਂ ਤੇ ਅਦੀਬਾਂ ਨੇ ਪੂਰਬ ਦੀਆਂ ਧਰਮ-ਪੁਸਤਕਾਂ, ਗਰੰਥਾਂ ਤੇ ਸ਼ਿਲਾਲੇਖਾਂ ਦਾ ਗ਼ਲਤ ਤਰਜਮਾ ਤੇ ਗ਼ਲਤ ਵਿਆਖਿਆ ਕੀਤੀ। ਮੇਰੀ ਕਿਤਾਬ ‘ਉਲਟੇ ਚਸ਼ਮਿਆਂ’ ਰਾਹੀਂ ਰਚੇ ਇਤਿਹਾਸ ਤੇ ਸਾਹਿਤ ਦਾ ਜਵਾਬ ਹੈ। ਇਹ ਪੂਰਬ ਦਾ ਅਸਲ ਅਕਸ ਪੇਸ਼ ਕਰਨ ਦਾ ਇਕ ਛੋਟਾ ਪਰ ਸੁਹਿਰਦ ਯਤਨ ਹੈ।’’
ਸਈਦ ਨੇ ਫ਼ਲਸਤੀਨੀਆਂ ਦੇ ਹੱਕਾਂ ਤੇ ਹਿੱਤਾਂ ਨੂੰ 1967 ਦੀ ਅਰਬ-ਇਜ਼ਰਾਈਲ ਜੰਗ ਤੋਂ ਬਾਅਦ ਆਪਣੇ ਲੇਖਣ-ਕਲਾਵੇ ਵਿਚ ਲਿਆ। ਛੇ ਦਿਨਾਂ ਦੀ ਇਸ ਜੰਗ ਵਿਚ ਅਰਬ ਦੇਸ਼ਾਂ ਦੀ ਨਮੋਸ਼ੀਪੂਰਨ ਸ਼ਿਕਸਤ ਅਤੇ ਇਸ ਤੋਂ ਬਾਅਦ ਫ਼ਲਸਤੀਨੀਆਂ ਨਾਲ ਹੋਈਆਂ ਨਿਰੰਤਰ ਜ਼ਿਆਦਤੀਆਂ ਨੇ ਸਈਦ ਦੀ ਜ਼ਮੀਰ ਨੂੰ ਹਲੂਣਿਆ। ਉਹ ਫ਼ਲਸਤੀਨੀ ਮੁਕਤੀ ਮੁਹਾਜ਼ ਦੇ ਮੁਖੀ ਯਾਸਿਰ ਅਰਾਫ਼ਾਤ ਦੇ ਸੰਪਰਕ ਵਿਚ ਆਇਆ। 1977 ਤੋਂ 1991 ਤਕ ਫ਼ਲਸਤੀਨੀ ਨੈਸ਼ਨਲ ਕੌਂਸਲ (ਪੀ.ਐੱਨ.ਸੀ.) ਦਾ ਮੈਂਬਰ ਵੀ ਰਿਹਾ। ਪਰ ਅਰਾਫ਼ਾਤ ਵੱਲੋਂ ਇਜ਼ਰਾਇਲੀ ਨੇਤਾ ਇਤਜ਼ਹਾਕ ਰਾਬੀਨ ਨਾਲ ਕੀਤੀਆਂ ਓਸਲੋ ਸੰਧੀਆਂ ਤੋਂ ਰੋਹ ਵਿਚ ਆ ਕੇ ਉਸ ਨੇ ਪੀ.ਐੱਨ.ਸੀ. ਨਾਲੋਂ ਨਾਤਾ ਤੋੜ ਲਿਆ। ਉਸ ਨੂੰ ਪੱਕਾ ਯਕੀਨ ਸੀ ਕਿ ਓਸਲੇ ਸੰਧੀਆਂ, ਫ਼ਲਸਤੀਨੀਆਂ ਨੂੰ ਇਨਸਾਫ਼ ਦਿਵਾਉਣ ਦੀ ਥਾਂ ਗ਼ੈਰ-ਮੁਨਸਿਫ਼ਾਨਾ ਸਾਬਤ ਹੋਣਗੀਆਂ। ਉਸ ਦਾ ਇਹ ਯਕੀਨ ਅਗਲੇ ਵਰ੍ਹਿਆਂ ਦੌਰਾਨ ਸਹੀ ਸਾਬਤ ਹੋਇਆ। ਕਿਤਾਬ ਦੇ ਲੇਖਕ ਬ੍ਰੀਨਨ ਅਨੁਸਰ ਸਲਮਾਨ ਰਸ਼ਦੀ ਤੇ ਕਈ ਹੋਰ ਨਾਮਵਰ ਲੇਖਕ ਸਈਦ ਦੇ ਹਮਾਇਤੀ ਤੇ ਦੋਸਤ ਹੋਣ ਦੇ ਦਾਅਵੇ ਕਰਦੇ ਰਹੇ, ਪਰ ਦਾਨਿਸ਼ਵਰਾਂ ਦੇ ਮੰਚਾਂ ਉੱਤੇ ਉਸ ਨਾਲ ਖੜ੍ਹਨ ਦੀ ਜੁਰੱਅਤ ਨਾ ਦਿਖਾ ਸਕੇ। ਉਨ੍ਹਾਂ ਦੀ ਅਜਿਹੀ ਪਹੁੰਚ ਦੇ ਬਾਵਜੂਦ ਐਡਵਰਡ ਸਈਦ ਪੱਛਮੀ ਅਕਾਦਮਿਕ ਹਲਕਿਆ ਦੀ ਫ਼ਲਸਤੀਨ ਤੇ ਫ਼ਲਸਤੀਨੀ ਲੋਕਾਂ ਬਾਰੇ ਸੋਚ ਉੱਪਰ ਸਾਰਥਿਕ ਅਸਰ ਪਾਉਣ ਵਿਚ ਕਾਮਯਾਬ ਰਿਹਾ। ਉਸ ਦੇ ਕਦਰਦਾਨਾਂ ਵਿਚ ਇਜ਼ਰਾਇਲੀ ਵਿਚਾਰਵਾਨ ਵੀ ਸ਼ਾਮਲ ਸਨ। ਮੱਧ-ਪੂਰਬ, ਖ਼ਾਸ ਕਰਕੇ ਫ਼ਲਸਤੀਨੀਆਂ ਬਾਰੇ ਉਸ ਦੇ ਵਿਚਾਰਾਂ ਦੇ ਹਵਾਲੇ ਉਹ ਹੁਣ ਵੀ ਦਿੰਦੇ ਹਨ। ਇਹ ਆਪਣੇ ਆਪ ਵਿਚ ਛੋਟੀ ਪ੍ਰਾਪਤੀ ਨਹੀਂ। ਐਡਵਰਡ ਸਈਦ ਦੀ ਸ਼ਖ਼ਸੀਅਤ, ਲਿਆਕਤ ਤੇ ਸਦਾਕਤ ਨੂੰ ਸਮਝਣ ਪੱਖੋਂ ਟਿਮੋਥੀ ਬ੍ਰੀਨਨ ਦੀ ਕਿਤਾਬ ਪੜ੍ਹਨ ਤੇ ਸਾਂਭਣਯੋਗ ਹੈ।
* * *
ਉਪਿੰਦਰ ਸਿੰਘ ਨਾਮਚੀਨ ਇਤਿਹਾਸਕਾਰ ਹੈ। ਦਿੱਲੀ ਯੂਨੀਵਰਸਿਟੀ ਵਿਚ ਇਤਿਹਾਸ ਦੀ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਹੁਣ ਅਸ਼ੋਕਾ ਯੂਨੀਵਰਸਿਟੀ ਵਿਚ ਡੀਨ ਵਜੋਂ ਕੰਮ ਕਰ ਰਹੀ ਉਪਿੰਦਰ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਵੱਡੀ ਬੇਟੀ ਵਾਲੇ ਆਪਣੇ ਰਿਸ਼ਤੇ ਤੇ ਰੁਤਬੇ ਨੂੰ ਅਕਾਦਮਿਕ ਹਲਕਿਆਂ ਵਿਚ ਕਦੇ ਨਹੀਂ ਭੁਨਾਇਆ।
ਪ੍ਰਾਚੀਨ ਭਾਰਤ ਦੇ ਇਤਿਹਾਸ ਉਪਰ ਉਸ ਦੀ ਠੋਸ ਪਕੜ ਹੈ। ਉਸ ਇਤਿਹਾਸ ਦੇ ਵੱਖ ਵੱਖ ਪੱਖਾਂ ਅਤੇ ਸਮਕਾਲੀਨ ਭਾਰਤ ਦੀ ਸੋਚ-ਸੁਹਜ ਉੱਤੇ ਉਨ੍ਹਾਂ ਸਮਿਆਂ ਦੇ ਅਸਰ ਬਾਰੇ ਉਸ ਦੀਆਂ ਪੰਜ ਕਿਤਾਬਾਂ ਪਹਿਲਾਂ ਹੀ ਚਰਚਾ ਵਿਚ ਰਹੀਆਂ ਹਨ। ਹੁਣ ਨਵੀਂ ਕਿਤਾਬ ‘‘ਏਨਸ਼ੈਂਟ ਇੰਡੀਆ: ਕਲਚਰ ਆਫ਼ ਕੰਟਰਾਡਿਕਸ਼ਨਜ਼’’ (ਪ੍ਰਾਚੀਨ ਭਾਰਤ: ਆਪਾ-ਵਿਰੋਧਾਂ ਵਾਲੀ ਤਹਿਜ਼ੀਬ; ਅਲਫ਼ ਪਬਲਿਸ਼ਿੰਗ; 280 ਪੰਨੇ; 799 ਰੁਪਏ) ਵੀ ਸਾਡੇ ਪੁਰਖਿਆਂ ਦੇ ਜਹਾਨ, ਆਦਤਾਂ ਤੇ ਸਭਿਆਚਾਰ ਬਾਰੇ ਨਵੀਆਂ-ਨਿਵੇਕਲੀਆਂ ਜਾਣਕਾਰੀਆਂ ਪ੍ਰਦਾਨ ਕਰਦੀ ਹੈ। ਵੈਦਿਕ ਕਾਲ ਵਿਚ ਵਰਣ ਵਿਵਸਥਾ ਦੀ ਪੈਦਾਇਸ਼, ਇਸ ਵਿਵਸਥਾ ਦੇ ਜਾਤ-ਪ੍ਰਥਾ ਦੇ ਰੂਪ ਵਿਚ ਵਿਗੜਨ ਅਤੇ ਇਸ ਪ੍ਰਥਾ ਤੋਂ ਸਾਡੇ ਸਮਾਜ ਵਿਚ ਉਪਜਦੀਆਂ ਆਈਆਂ ਵਿਕ੍ਰਤੀਆਂ ਦੇ ਉਦਗ਼ਮ ਤੇ ਪਸਾਰੇ ਵਾਲੇ ਅਧਿਆਇ ਗਿਆਨ-ਗੋਸ਼ਟਿ ਅਤੇ ਸੰਤੁਲਿਤ ਤੇ ਸਹਿਜ ਲੇਖਣ ਦਾ ਸੁਮੇਲ ਹਨ। ਕਿਤਾਬ ਦੱਸਦੀ ਹੈ ਕਿ ਅਜੋਕਾ ਬ੍ਰਾਹਮਣਵਾਦ, ਪ੍ਰਾਚੀਨ ਬ੍ਰਾਹਮਣੀ ਪਰੰਪਰਾਵਾਂ ਦਾ ਘੋਰ ਵਿਕ੍ਰਤ ਰੂਪ ਹੈ। ਸੁੱਚਤਾ, ਪਵਿੱਤਰਤਾ, ਸਨੇਹ, ਸਹਿਵਾਸ ਤੇ ਸੰਭੋਗ ਦੇ ਮੌਜੂਦਾ ਸੰਕਲਪ ਵੀ ਪ੍ਰਾਚੀਨ ਭਾਰਤ ਦੀ ਗਿਆਨ-ਧਾਰਾ ਨਾਲ ਮੇਲ ਨਹੀਂ ਖਾਂਦੇ। ਸੱਤਵੀਂ ਸਦੀ ਤੋਂ ਪਹਿਲਾਂ ਜੋ ਸਮਾਜਿਕ-ਸਭਿਆਚਾਰਕ ਖੁੱਲ੍ਹਾਂ ਪ੍ਰਚਲਤ ਸਨ, ਉਹ ਪ੍ਰਚਲਣ ਅਜੋਕੀਆਂ ਪਿਆਰ ਪੀਘਾਂ ਜਾਂ ਅੰਤਰਜਾਤੀ ਵਿਆਹਾਂ ਵਰਗਾ ਹੀ ਸੀ। ਕਿਤਾਬ ਸਾਡੇ ਹੀ ਅਤੀਤ ਨਾਲ ਖ਼ੂਬਸੂਰਤ ਸੰਵਾਦ ਹੈ ਅਤੇ ਪਾਠਕ ਨੂੰ ਵੀ ਇਸ ਸੰਵਾਦ ਵਿਚ ਸਹਿਭਾਗੀ ਬਣਨ ਲਈ ਪ੍ਰੇਰਦੀ ਹੈ।
* * *
ਗੁਰਬਚਨ ਸਿੰਘ ਭੁੱਲਰ ਹੁਰਾਂ ਦੀ ਰਚਨਾਤਮਿਕ ਮੌਲਿਕਤਾ ਤੋਂ ਪੰਜਾਬੀ ਅਦਬੀ ਜਗਤ ਚੰਗੀ ਤਰ੍ਹਾਂ ਵਾਕਫ਼ ਹੈ। ਵਿਧਾ ਜਾਂ ਵਿਸ਼ਾ ਕੋਈ ਵੀ ਹੋਵੇ, ਆਪਣੀ ਮੌਲਿਕ ਦ੍ਰਿਸ਼ਟੀ ਤੇ ਕਲਮੀ ਹੁਨਰ ਦੇ ਜ਼ਰੀਏ ਉਹ ਉਸ ਵਿਚ ਨਿਵੇਕਲੀ ਜਿੰਦ-ਜਾਨ ਪਾ ਦਿੰਦੇ ਹਨ। ਉਨ੍ਹਾਂ ਦੀ ਨਵਪ੍ਰਕਾਸ਼ਿਤ ਪੁਸਤਕ ‘‘ਕਲਮਾਂ ਵਾਲੇ’’ (ਪੀਪਲਜ਼ ਫੋਰਮ, ਬਰਗਾੜੀ; 151 ਪੰਨੇ; 150 ਰੁਪਏ) ਇਸੇ ਹੁਨਰ ਦੀ ਤਾਜ਼ਾਤਰੀਨ ਮਿਸਾਲ ਹੈ। ਦਸ ਸ਼ਬਦ-ਚਿੱਤਰਾਂ ਦਾ ਸੰਗ੍ਰਹਿ ਹੈ ਇਹ ਪੁਸਤਕ। ਉਨ੍ਹਾਂ ਦੇ ਆਪਣੇ ਸ਼ਬਦਾਂ ਅਨੁਸਾਰ ‘‘ਕੁਝ ਸਮਾਂ ਪਹਿਲਾਂ ਕੁਲ ਲੇਖਿਕਾਵਾਂ ਦੇ ਸ਼ਬਦ ਚਿੱਤਰਾਂ ਦੀ ਪੁਸਤਕ ‘ਕਲਮਾਂ ਵਾਲੀਆਂ’ ਛਪੀ ਤਾਂ ਕੁਝ ਚਿਰ ਉਡੀਕ ਕੇ ਅਨੇਕ ਲੇਖਕ ਤੇ ਪਾਠਕ ਪੁੱਛਣ ਲੱਗੇ ‘ਬਿਚਾਰੇ ਕਲਮਾਂ ਵਾਲੇ ਕਿੱਥੇ ਰਹਿ ਗਏ?’ ਇਸੇ ਸ਼ਿਕਵਾਨੁਮਾ ਸਵਾਲ ਤੋਂ ‘ਕਲਮਾਂ ਵਾਲੇ’ ਵਜੂਦ ਵਿਚ ਆਈ।’’
ਇਸ ਸੰਗ੍ਰਹਿ ਵਿਚ ਭਾਈ ਕਾਨ੍ਹ ਸਿੰਘ ਨਾਭਾ, ਦੇਵਿੰਦਰ ਸਤਿਆਰਥੀ, ਬਲਵੰਤ ਗਾਰਗੀ, ਹਰਿਭਜਨ ਸਿੰਘ, ਸੰਤੋਖ ਸਿੰਘ ਧੀਰ, ਕੁਲਵੰਤ ਸਿੰਘ ਵਿਰਕ, ਰਤਨ ਸਿੰਘ, ਮੋਹਨ ਭੰਡਾਰੀ, ਸਰਵਣ ਸਿੰਘ ਤੇ ਜਸਬੀਰ ਭੁੱਲਰ ਦੇ ਸ਼ਬਦ ਚਿਤਰ ਸ਼ਾਮਲ ਹਨ। ਹਰ ਰਚਨਾ ਸਬੰਧਤ ਹਸਤੀ ਦੀ ਸ਼ਖ਼ਸੀਅਤ, ਅਦਬ ਤੇ ਸਾਹਿਤਕ ਯੋਗਦਾਨ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਦੀ ਹੈ। ਸ਼ਬਦਾਂ ਦੀ ਚੋਣ ਤੇ ਵਾਕ-ਬਣਤਰ ਵੀ ਬਾਕਮਾਲ ਹੈ। ਮਸਲਨ ਭਾਈ ਕਾਨ੍ਹ ਸਿੰਘ ਨਾਭਾ ਬਾਰੇ ਉਹ ਲਿਖਦੇ ਹਨ, ‘‘ਭਾਈ ਸਾਹਿਬ ਦੇ ਵਿਚਾਰਾਂ ਦਾ ਜੋ ਪ੍ਰਭਾਵ ਉਸ ਸਮੇਂ ਦੇ ਸਾਡੇ ਪੇਂਡੂ ਮਾਹੌਲ ਉੱਤੇ ਪਿਆ ਹੈ, ਉਹਦਾ ਮਹੱਤਵ ਤੇ ਮੁੱਲ ਬਹੁਤ ਵਡੇਰਾ ਸੀ। ਉਹ ਭੂਪਵਾਦੀ-ਰਾਜਸ਼ਾਹੀ ਮਾਹੌਲ ਵਿਚ ਪਲੇ ਤੇ ਵੱਡੇ ਹੋਏ ਅਤੇ ਸਾਰੀ ਉਮਰ ਕੱਟੜਤਾ ਦੀ ਹੱਦ ਤਕ ਜਾਣ ਵਾਲੇ ਧਾਰਮਿਕ ਲੋਕਾਂ ਵਿਚ ਵਿਚਰਦੇ ਰਹੇ। ਇਸ ਦੇ ਬਾਵਜੂਦ ਉਨ੍ਹਾਂ ਦੇ ਵਿਚਾਰ ਕਿੰਨੇ ਵਿਗਿਆਨਕ ਅਤੇ ਮਾਨਵਵਾਦੀ ਸਨ, ਇਹ ਦੇਖ ਕੇ ਚਿੱਤ ਵਿਚ ਉਨ੍ਹਾਂ ਦੀ ਵਡੱਤਣ ਹੋਰ ਵੀ ਵੱਧ ਜਾਂਦੀ ਹੈ। ’’ (ਪੰਨਾ 21)। ਦੇਵਿੰਦਰ ਸਤਿਆਰਥੀ ਬਾਰੇ, ‘‘ਉਨ੍ਹਾਂ ਨਾਲ ਗੱਲਾਂ ਕਰਨ ਲਈ ਬੰਦੇ ਨੂੰ ਬੜੇ ਦਮ ਦੀ ਲੋੜ ਪੈਂਦੀ ਸੀ- ਸਰੀਰਕ ਦਮ ਦੀ ਵੀ ਤੇ ਮਾਨਸਿਕ ਦਮ ਦੀ ਵੀ। ਉਹ ਸਰੋਤੇ ਨੂੰ ਉਂਗਲੀ ਫੜ ਕੇ ਆਪਣੇ ਨਾਲ ਉਸ ਅਮੁੱਕ ਅਨੰਤ ਭੂਗੋਲ ਦਾ ਯਾਤਰੀ ਬਣਾ ਲੈਂਦੇ ਸਨ ਜਿਸ ਵਿਚ ਉਨ੍ਹਾਂ ਨੇ ਲੋਕਯਾਨ ਦਾ ਅਸ਼ਵਮੇਧੀ ਘੋੜਾ ਛੱਡ ਰੱਖਿਆ ਸੀ ਜੋ ਉਨ੍ਹਾਂ ਦੇ ਚਕਰਵਰਤੀ ਸਾਹਿਤ-ਸਮਰਾਟ ਹੋਣ ਵਿਚ ਕੋਈ ਸੰਦੇਹ ਨਹੀਂ ਸੀ ਰਹਿਣ ਦੇ ਦਿੰਦਾ।’’ (ਪੰਨਾ 26)। ਕੁਲਵੰਤ ਸਿੰਘ ਵਿਰਕ ਬਾਰੇ, ‘‘ਵਿਰਕ ਦੀ ਕਹਾਣੀ ਪੜ੍ਹ ਕੇ ਇਉਂ ਲੱਗਦਾ ਸੀ ਜਿਵੇਂ ਸਰ੍ਹੋਂ ਦੇ ਖਿੜੇ ਹੋਏ ਖੇਤ ਵਿਚੋਂ ਦੀ ਲੰਘ ਕੇ ਆਏ ਹੋਈਏ। ਟਹਿਕਿਆ ਰੰਗ ਚਿਰਾਂ ਤੱਕ ਅੱਖਾਂ ਵਿਚ ਵਸਿਆ ਰਹਿੰਦਾ ਅਤੇ ਮਹਿਕਿਆ ਮਾਹੌਲ ਚਿਰਾਂ ਤਕ ਆਲੇ-ਦੁਆਲੇ ਬਣਿਆ ਰਹਿੰਦਾ। ਉਹਦੀਆਂ ਕਹਾਣੀਆਂ ਇਸ ਲਈ ਵੀ ਚੰਗੀਆਂ ਲਗਦੀਆਂ ਕਿ ਉਨ੍ਹਾਂ ਦੀਆਂ ਜੜ੍ਹਾਂ ਸੱਚ ਦੀ ਧਰਤੀ ਵਿਚ ਹੁੰਦੀਆਂ ਸਨ।’’ (ਪੰਨਾ 88)।
ਸਮੁੱਚਾ ਸੰਗ੍ਰਹਿ ਅਜਿਹੇ ਅਨਮੋਲ ਮਣਕਿਆਂ ਨਾਲ ਲੈਸ ਹੈ। ਇਨ੍ਹਾਂ ਸ਼ਬਦੀ-ਮਣਕਿਆਂ ਦਾ ਅਸਲ ਲੁਤਫ਼ ਪੁਸਤਕ ਪੜ੍ਹ ਕੇ ਹੀ ਲਿਆ ਜਾ ਸਕਦਾ ਹੈ।
* * *
ਸੱਚ ਦੀ ਧਰਤੀ ਵਿਚ ਜੜ੍ਹਾਂ ਵਾਲਾ ਹੀ ਹੈ ਨਛੱਤਰ ਦਾ ਨਾਵਲ ‘‘ਕਵਣ ਦੇਸ ਹੈ ਮੇਰਾ’ (ਚੇਤਨਾ ਪ੍ਰਕਾਸ਼ਨ; 189 ਪੰਨੇ; 275 ਰੁਪਏ)। ਸਾਡੇ ਵਕਤਾਂ ਦੀ ਗੱਲ ਕਰਨ ਦੇ ਨਾਲ ਨਾਲ ਇਸ ਵਿਚ ਸਾਡੀ ਮਿੱਟੀ ਦੀ ਮਹਿਕ ਵੀ ਹੈ ਅਤੇ ਅਜੋਕੀ ਪੀੜ੍ਹੀ ਦੇ ਦਵੰਦਾਂ ਦਾ ਦਰਦ ਵੀ। ਨਾਵਲ ਕੈਨੇਡਾ ਵਿਚ ਪੰਜਾਬੀਆਂ ਦੇ ਜੀਵਨ ਦੇ ਵੱਖ ਵੱਖ ਪੱਖਾਂ, ਖ਼ਾਸ ਕਰਕੇ ਨਿੱਤ ਦੇ ਸੰਘਰਸ਼ਾਂ, ਇਕੱਲਿਆਂ, ਕੁੰਠਾਵਾਂ, ਖ਼ੁਸ਼ੀਆਂ-ਗ਼ਮਾਂ ਤੇ ਜਿੱਤਾਂ-ਅਜਿੱਤਾਂ ਦਾ ਚਿਤਰਣ ਬਾਖ਼ੂਬੀ ਕਰਦਾ ਹੈ।
ਨਛੱਤਰ ਯਥਾਰਥਵਾਦੀ ਗਲਪਕਾਰ ਹੈ। ਉਸ ਦੀ ਇਹ ਹੁਨਰਮੰਦੀ ਉਸ ਦੇ ਪਲੇਠੇ ਕਹਾਣੀ ਸੰਗ੍ਰਹਿ ‘ਧੁਖ਼ਦੇ ਚਿਹਰੇ’ (1974) ਤੋਂ ਹੀ ਜ਼ਾਹਿਰ ਹੋ ਗਈ ਸੀ। 1988 ਵਿਚ ਛਪੇ ਨਾਵਲ ‘ਬੁੱਢੀ ਸਦੀ ਦਾ ਮਨੁੱਖ’ ਨੇ ਇਸ ਉਪਰ ਪੁਖ਼ਤਗੀ ਦੀ ਮੋਹਰ ਲਾਈ। ‘ਕਵਣ ਦੇਸ’ ਇਸੇ ਸਿਲਸਿਲੇ ਨੂੰ ਅੱਗੇ ਤੋਰਦਾ ਹੈ। ਇਸ ਵਰ੍ਹੇ ਦਾ ਜ਼ਿਕਰਯੋਗ ਨਾਵਲ ਹੈ ਇਹ।