ਹਰਜੀਤ ਅਟਵਾਲ
ਕਿਸੇ ਵੀ ਨਿਸ਼ਾਨ ਦੇ ਆਪਣੇ ਆਪ ਵਿਚ ਕੋਈ ਮਾਅਨੇ/ਅਰਥ ਨਹੀਂ ਹੁੰਦੇ। ਉਸ ਨੂੰ ਮਾਅਨੇ/ਅਰਥ ਤਦ ਮਿਲਦੇ ਹਨ ਜਦ ਕੋਈ ਲੋਕ-ਸਮੂਹ, ਪਾਰਟੀ, ਜਥੇਬੰਦੀ, ਵਿਅਕਤੀ, ਸਿਆਸੀ ਆਗੂ, ਧਾਰਮਿਕ ਰਹਬਿਰ ਆਦਿ ਉਸ ਦੀ ਵਰਤੋਂ ਕਿਸੇ ਵਿਚਾਰਧਾਰਾ ਨੂੰ ਪ੍ਰਗਟਾਉਣ ਲਈ ਕਰਦਾ ਹੈ। ਸਮੇਂ ਦੇ ਨਾਲ ਇਹ ਅਰਥ ਬਦਲਦੇ ਰਹਿੰਦੇ ਹਨ। ਕਈ ਵਾਰ ਇਹ ਵਰਤੋਂ ਏਨੀ ਵਾਰ ਕੀਤੀ ਜਾਂਦੀ ਹੈ ਕਿ ਚਿੰਨ੍ਹ ਤੇ ਅਰਥ ਇਕਮਿਕ ਹੋ ਜਾਂਦੇ ਹਨ।
ਅਰਥ ਅਨਰਥ
ਹਰ ਭਾਰਤੀ ਸਵਾਸਤਿਕ ਦੇ ਨਿਸ਼ਾਨ ਨੂੰ ਖ਼ੂਬ ਜਾਣਦਾ-ਪਛਾਣਦਾ ਹੈ। ਇਹ ਬਹੁਗਿਣਤੀ ਹਿੰਦੂ ਭਾਈਚਾਰੇ ਦਾ ਧਾਰਮਿਕ ਚਿੰਨ੍ਹ ਹੈ। ਭਾਰਤ ਦੇ ਪਿੰਡਾਂ-ਸ਼ਹਿਰਾਂ ਵਿੱਚ ਘੁੰਮਦਿਆਂ ਸਹਿਜੇ ਹੀ ਇਹ ਚਿੰਨ੍ਹ ਤੁਹਾਡੀ ਨਜ਼ਰੀਂ ਪੈ ਜਾਵੇਗਾ। ਦੀਵਾਲੀ ਵੇਲੇ ਲੋਕ ਸਵਾਸਤਿਕ ਬਣਾ ਕੇ ਇਸ ਦੀ ਸਜਾਵਟ ਕਰਦੇ ਇਸ ’ਤੇ ਦੀਵੇ ਜਗਾਉਂਦੇ ਹਨ। ਇਸ ਚਿੰਨ੍ਹ ਦੀ ਬਣਤਰ ਜਮ੍ਹਾਂ ਦਾ ਨਿਸ਼ਾਨ ਜਾਂ ਕਾਂਟੇ ਦੀਆਂ ਲਕੀਰਾਂ ਅਖੀਰ ਤੋਂ ਸਿੱਧੇ ਹੱਥ ਜਾਂ ਸੱਜੇ ਪਾਸੇ ਮੁੜੀਆਂ ਹੁੰਦੀਆਂ ਹਨ। ਅੰਗਰੇਜ਼ੀ ਵਿੱਚ ਇਸ ਸਥਿਤੀ ਨੂੰ ‘ਹੁੱਕਡ-ਕਰੌਸ’ ਆਖਦੇ ਹਨ। ਇਹ ਨਿਸ਼ਾਨ ਹਜ਼ਾਰਾਂ ਸਾਲ ਪੁਰਾਣਾ ਹੈ। ਭਾਰਤ ਵਿੱਚ ਇਸ ਨਿਸ਼ਾਨ ਲਈ ਸਵਾਸਤਿਕ ਸ਼ਬਦ ਦੀ ਵਰਤੋਂ ਤਕਰੀਬਨ ਸਤਾਈ ਸੌ ਸਾਲ ਪਹਿਲਾਂ ਸੰਸਕ੍ਰਿਤ ਦੇ ਭਾਸ਼ਾ ਵਿਗਿਆਨੀ ਪਾਣਿਨੀ ਨੇ ‘ਅਸ਼ਟ ਅਧਿਆਏ’ ਵਿੱਚ ਕੀਤੀ। ਉਨ੍ਹੀਵੀਂ ਸਦੀ ਵਿੱਚ ਇਸ ਨੂੰ ਸੌਸਤਿਕ ਵੀ ਕਿਹਾ ਜਾਂਦਾ ਰਿਹਾ ਹੈ। ਯੌਰਪ ਵਿੱਚ ਇਸ ਸ਼ਬਦ ਦੀ ਵਰਤੋਂ 1871 ਵਿੱਚ ਕੀਤੀ ਮਿਲਦੀ ਹੈ। ਭੂਤਕਾਲ ਵਿੱਚ ਇਸ ਨੂੰ ਵੱਖ-ਵੱਖ ਦੇਸ਼ਾਂ ਵਿੱਚ ਅਲੱਗ-ਅਲੱਗ ਨਾਵਾਂ ਨਾਲ ਚੇਤੇ ਕੀਤਾ ਜਾਂਦਾ ਰਿਹਾ ਹੈ, ਪਰ ਹੁਣ ਇਸ ਨੂੰ ਸਾਰੀ ਦੁਨੀਆ ਵਿੱਚ ਸਵਾਸਤਿਕ ਹੀ ਆਖਦੇ ਹਨ। ਪਰ ਅੰਗਰੇਜ਼ੀ ਵਾਲਿਆਂ ਨੂੰ ਜਿਵੇਂ ਬਿਮਾਰੀ ਹੈ ਕਿ ਉਹ ਬਹੁਤ ਸਾਰੇ ਨਾਵਾਂ ਪਿੱਛੇ ਖਾਹਮਖਾਹ ਕੰਨਾ ਲਾ ਦਿੰਦੇ ਹਨ ਜਿਵੇਂ ਰਾਜਿੰਦਰ ਦਾ ਰਾਜਿੰਦਰਾ, ਧਰਮਿੰਦਰ ਦਾ ਧਰਮਿੰਦਰਾ, ਇਵੇਂ ਹੀ ਸਵਾਸਤਿਕ ਦਾ ਉਨ੍ਹਾਂ ਨੇ ਸਵਾਸਤਿਕਾ ਬਣਾ ਲਿਆ ਹੈ। ਸਵਾਸਤਿਕ ਸੰਸਕ੍ਰਿਤ ਦਾ ਸ਼ਬਦ ਹੈ। ਇਸ ਸਵਾਸਤੀ ਤੋਂ ਬਣਿਆਂ ਹੈ। ਸਵਾਸਤੀ ਦਾ ਭਾਵ ਸਵਸਥ, ਲਾਭ, ਖ਼ੁਸ਼ੀ, ਕਿਸਮਤ ਹੈ ਤੇ ਮਗਰ ਕੱਕਾ ਲਾ ਕੇ ਇਸ ਦੇ ਭਾਵ ਬਣਦੇ ਹਨ- ਖ਼ੁਸ਼ੀ, ਲਾਭ ਜਾਂ ਚੰਗੀ ਕਿਸਮਤ ਦਾ ਪ੍ਰਤੀਕ। ਭਾਰਤ ਵਿੱਚ ਇਸ ਨਿਸ਼ਾਨ ਨੂੰ ਸਦਾ ਹੀ ਸਾਕਾਰਾਤਮਕ ਮਾਅਨਿਆਂ ਵਿੱਚ ਲਿਆ ਜਾਂਦਾ ਹੈ। ਇਹਨੂੰ ਕਈ ਵਾਹਨਾਂ ਪਿੱਛੇ ਬਣਿਆ ਵੀ ਦੇਖ ਸਕਦੇ ਹੋ। ਪਹਿਲੀ ਆਲਮੀ ਜੰਗ ਵਿੱਚ ਅਮਰੀਕਨ ਲੜਾਕੂ ਹਵਾਈ ਜਹਾਜ਼ਾਂ ਉਪਰ ਸੁੱਖ-ਸਾਂਦ ਦੇ ਪ੍ਰਤੀਕ ਵਜੋਂ ਇਹ ਨਿਸ਼ਾਨ ਬਣਿਆ ਹੁੰਦਾ ਸੀ, ਪਰ ਹੁਣ ਇਸ ਨਿਸ਼ਾਨ ਦੇ ਮਾਅਨੇ ਬਦਲ ਗਏ ਹਨ। ਹੁਣ ਇਹ ਨਫ਼ਰਤ ਦਾ ਚਿੰਨ੍ਹ ਬਣ ਗਿਆ ਹੈ। ਇਹ ਨਸਲਵਾਦ, ਨਾਜ਼ੀਵਾਦ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਲੋਕ ਇਸ ਨੂੰ ਦੇਖ ਕੇ ਡਰਨ ਲੱਗਦੇ ਹਨ। ਇਸ ਦਾ ਕਾਰਨ ਇਹ ਹੈ ਕਿ ਹਿਟਲਰ ਨੇ ਇਸ ਨੂੰ ਆਪਣੀ ਪਾਰਟੀ ਦੇ ਨਿਸ਼ਾਨ ਵਜੋਂ ਅਪਣਾ ਲਿਆ ਸੀ ਤੇ ਇਸ ਦੇ ਝੰਡੇ ਹੇਠ ਉਸ ਨੇ ਲੱਖਾਂ ਯਹੂਦੀਆਂ ਦਾ ਕਤਲ ਕੀਤਾ ਤੇ ਹੋਰ ਅਨੇਕਾਂ ਜ਼ੁਲਮ ਕੀਤੇ।
ਹਿਟਲਰ ਨੇ ਇਹ ਨਿਸ਼ਾਨ 1920 ਵਿੱਚ ਵਰਤਣਾ ਸ਼ੁਰੂ ਕੀਤਾ ਸੀ। ਜਰਮਨੀ ਵਿੱਚ ਇਸ ਨੂੰ ਹੈਕਿਨਕਰਿਊਜ਼ (Hakenkreuz) ਕਿਹਾ ਜਾਂਦਾ ਹੈ। ਜਾਣੀ ਕਿ ਹੁੱਕਡ-ਕਰੌਸ। ਹਿਟਲਰ ਨੂੰ ਯਕੀਨ (ਵਹਿਮ) ਸੀ ਕਿ ਜਰਮਨ ਲੋਕ ਅਸਲੀ ਆਰੀਅਨ ਨਸਲ ਦੇ ਹਨ ਤੇ ਆਰੀਅਨ ਨਸਲ ਬਹਾਦਰੀ, ਰੰਗ, ਅਕਲ-ਸ਼ਕਲ ਵਿੱਚ ਸਭ ਤੋਂ ਉੱਤਮ ਹੈ। ਦੂਜੇ ਲੋਕ ਉਨ੍ਹਾਂ ਸਾਹਮਣੇ ਹੀਣੇ ਹਨ। ਉਸ ਦਾ ਯਕੀਨ ਸੀ ਕਿ ਜਿਹੜੇ ਆਰੀਆ ਲੋਕਾਂ ਨੇ ਭਾਰਤ ਉਪਰ ਜਾ ਕੇ ਕਬਜ਼ਾ ਕੀਤਾ ਸੀ ਉਹ ਜਰਮਨੀ ਤੋਂ ਹੀ ਗਏ ਸਨ। ਹਿਟਲਰ ਇਹ ਵੀ ਸਮਝਦਾ ਸੀ ਕਿ ਸੰਸਕ੍ਰਿਤ ਤੇ ਜਰਮਨ ਭਾਸ਼ਾ ਦਾ ਇਕੋ ਸੋਮਾ ਹੈ। ਉਨ੍ਹੀਵੀਂ ਸਦੀ ਵਿੱਚ ਜਰਮਨ ਵਿਦਵਾਨਾਂ ਵੱਲੋਂ ਭਾਰਤ ਤੋਂ ਲਿਆਂਦੇ ਵੇਦਾਂ ਦਾ ਤਰਜਮਾ ਕਰਦਿਆਂ ਸਵਾਸਤਿਕ ਉੱਭਰ ਕੇ ਸਾਹਮਣੇ ਆਇਆ ਸੀ। ਹਿਟਲਰ ਨੇ ਇਹ ਨਿਸ਼ਾਨ ਉੱਥੋਂ ਹੀ ਚੁੱਕਿਆ ਸੀ। ਪਰ ਉਸ ਨੇ ਸਵਾਸਤਿਕ ਦੇ ਚਿੰਨ੍ਹ ਦੀ ਛਾਂ ਹੇਠ ਮਨੁੱਖਤਾ ਦਾ ਐਸਾ ਘਾਣ ਕੀਤਾ ਕਿ ਸਵਾਸਤਿਕ ਨੂੰ ਉਸ ਦੀਆਂ ਭਾਰਤੀ ਜੜ੍ਹਾਂ ਤੋਂ ਜਿਵੇਂ ਉਖੇੜ ਮਾਰਿਆ। ਹੁਣ ਸਵਾਸਤਿਕ ਦਾ ਨਿਸ਼ਾਨ ਦੇਖਦਿਆਂ ਹੀ ਨਾਜ਼ੀ ਦਿਸਣ ਲੱਗਦੇ ਹਨ। ਹੁਣ ਇਸ ਨਿਸ਼ਾਨ ਨੂੰ ਨਫ਼ਰਤ ਕੀਤੀ ਜਾਂਦੀ ਹੈ ਖ਼ਾਸਕਰ ਪੱਛਮੀ ਦੁਨੀਆ ਵਿੱਚ। ਕੋਈ ਇਸ ਨਿਸ਼ਾਨ ਨੂੰ ਦੇਖ ਕੇ ਖ਼ੁਸ਼ ਨਹੀਂ ਹੈ। ਹਾਲੇ ਵੀ ਪੱਛਮੀ ਦੁਨੀਆ ਵਿੱਚ ਬਹੁਤ ਸਾਰੇ ਨਸਲਵਾਦੀ ਲੋਕ ਹਨ ਜਿਹੜੇ ਆਪਣੀਆਂ ਨਸਲੀ ਭਾਵਨਾਵਾਂ ਦਾ ਇਜ਼ਹਾਰ ਕਰਨ ਲਈ ਇਸ ਨਿਸ਼ਾਨ ਨੂੰ ਵਰਤਦੇ ਹਨ। ਪਰ ਜੇ ਯੌਰਪ ਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਨਾਜ਼ੀਆਂ ਤੋਂ ਪਹਿਲਾਂ ਇਹ ਨਿਸ਼ਾਨ ਕਦੇ ਵੀ ਨਫ਼ਰਤ ਦਾ ਨਿਸ਼ਾਨਾ ਨਹੀਂ ਬਣਿਆ।
ਪੁਰਾਣੇ ਵੇਲਿਆਂ ਵਿੱਚ ਜਿਹੜੇ ਵੀ ਪੱਛਮ ਦੇ ਲੋਕ ਏਸ਼ੀਆ ਜਾਂ ਭਾਰਤ ਵੱਲ ਦੇ ਸਫ਼ਰ ’ਤੇ ਗਏ ਉਹ ਇਸ ਨਿਸ਼ਾਨ ਦੇ ਪੁਰਾਣੇ ਯੁੱਗ ਨਾਲ ਜੁੜੇ ਹੋਣ ਕਰਕੇ ਬਹੁਤ ਮੁਤਾਸਰ ਹੋਏ ਤੇ ਵਾਪਸ ਆ ਕੇ ਇਸ ਦੀ ਵਰਤੋਂ ਵੀ ਕੀਤੀ। ਉੱਤਰੀ ਇੰਗਲੈਂਡ ਦੇ ਸ਼ਹਿਰ ਇਲਕਿਲੀ ਵਿੱਚ ਤਾਂਬਾ ਯੁੱਗ ਦਾ ਇਕ ਪੱਥਰ ਗੱਡਿਆ ਹੋਇਆ ਹੈ ਜਿਸ ਉਪਰ ਸਵਾਸਤਿਕ ਦਾ ਨਿਸ਼ਾਨ ਉਕਰਿਆ ਹੋਇਆ ਹੈ ਤੇ ਬਹੁਤ ਸਾਰੇ ਵਿਰੋਧਾਂ ਦੇ ਬਾਵਜੂਦ ਹਾਲੇ ਵੀ ਕਾਇਮ ਹੈ। ਪੱਛਮ ਵਿੱਚ ਇਹ ਨਿਸ਼ਾਨ ਹਜ਼ਾਰਾਂ ਸਾਲਾਂ ਤੋਂ ਵਰਤਿਆ ਜਾਂਦਾ ਮਿਲਦਾ ਹੈ। ਯੂਕਰੇਨ ਦੀ ਰਾਜਧਾਨੀ ਕੀਵ ਦਾ ਕੌਮੀ ਅਜਾਇਬਘਰ ਸਵਾਸਤਿਕ ਦੇ ਨਿਸ਼ਾਨ ਨਾਲ ਜੁੜੀਆਂ ਚੀਜ਼ਾਂ ਜਾਂ ਨਿਸ਼ਾਨੀਆਂ ਨਾਲ ਭਰਿਆ ਪਿਆ ਹੈ। ਇਨ੍ਹਾਂ ਵਿੱਚ ਹਾਥੀ ਦੇ ਦੰਦ ਦਾ ਬਣਿਆ ਇਕ ਪੰਛੀ ਹੈ ਜਿਸ ਉਪਰ ਸਵਾਸਤਿਕ ਉਕਰਿਆ ਹੋਇਆ ਹੈ। ਰੇਡੀਓ-ਕਾਰਬਨ ਦੀ ਵਿਧੀ ਰਾਹੀਂ ਇਸ ਪੰਛੀ ਦੀ ਉਮਰ ਦੇਖੀ ਗਈ ਤਾਂ ਪਤਾ ਚੱਲਿਆ ਕਿ ਇਹ ਪੰਦਰਾਂ ਹਜ਼ਾਰ ਸਾਲ ਪੁਰਾਣਾ ਹੈ। ਅਜਾਇਬਘਰ ਵਿੱਚ ਯੂਨਾਨੀ ਪਿਛੋਕੜ ਵਾਲੇ ਗਹਿਣੇ ਵੀ ਰੱਖੇ ਹਨ ਜਿਨ੍ਹਾਂ ਉਪਰ ਇਹ ਨਿਸ਼ਾਨ ਹੈ। ਬਹੁਤ ਸਾਰੇ ਕੱਪੜੇ/ਬਸਤਰ ਵੀ ਅਜਿਹੇ ਹਨ ਜਿਨ੍ਹਾਂ ਉਪਰ ਕਢਾਈ ਕਰ ਕੇ ਸਵਾਸਤਿਕ ਬਣਾਇਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇਹ ਕੱਪੜੇ ਜ਼ਰੂਰ ਰਾਜਿਆਂ-ਰਾਣੀਆਂ ਦੇ ਹੋਣਗੇ। ਇਉਂ ਹੀ ਵੱਖ-ਵੱਖ ਜਗ੍ਹਾਵਾਂ ’ਤੇ ਖੁਦਾਈ ਵੇਲੇ ਮਿਲੇ ਤਾਂਬਾ ਯੁੱਗ ਦੇ ਬਹੁਤ ਸਾਰੇ ਭਾਂਡਿਆਂ ਉਪਰ ਇਹ ਨਿਸ਼ਾਨ ਹੈ। ਦੂਜੀ ਆਲਮੀ ਜੰਗ ਵਿੱਚ ਜਦ ਜਰਮਨਾਂ ਨੇ ਯੂਕਰੇਨ ਨੂੰ ਜਿੱਤ ਲਿਆ ਤਾਂ ਉਹ ਇਸ ਅਜਾਇਬਘਰ ਬਾਰੇ ਜਾਣ ਕੇ ਬਹੁਤ ਖ਼ੁਸ਼ ਹੋਏ ਤੇ ਇਸ ਦਾ ਬਹੁਤਾ ਸਾਮਾਨ ਵਾਪਸ ਆਉਂਦੇ ਹੋਏ ਚੁੱਕ ਲਿਆਏ ਸਨ। ਬਾਅਦ ਵਿੱਚ ਜਦ ਜਰਮਨ ਫ਼ੌਜਾਂ ਹਾਰ ਗਈਆਂ ਤੇ ਚਾਰੇ ਪਾਸੇ ਸ਼ਾਂਤੀ ਹੋਈ ਤਾਂ ਇਹ ਸਾਮਾਨ ਵਾਪਸ ਕਰ ਦਿੱਤਾ ਗਿਆ ਸੀ।
ਦੂਜੀ ਆਲਮੀ ਜੰਗ ਵਿੱਚ ਜਰਮਨੀ ਦੇ ਖਿਲਾਫ਼ ਲੜ ਰਹੇ ਅਤੇ ਇਸ ਜੰਗ ਦਾ ਜ਼ਿੰਮੇਵਾਰ ਹਿਟਲਰ ਜਾਂ ਜਰਮਨਾਂ ਨੂੰ ਹੀ ਮੰਨਣ ਵਾਲੇ ਮੁਲਕ ਉਨ੍ਹਾਂ ਦੇ ਨਿਸ਼ਾਨ ਨੂੰ ਵੀ ਨਫ਼ਰਤ ਕਰਦੇ ਹਨ ਤੇ ਇਸ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਸੀ। ਪਰ ਸੱਚ ਇਹ ਹੈ ਕਿ ਜਰਮਨ ਲੋਕ ਹਾਲੇ ਵੀ ਸਵਾਸਤਿਕ ਨੂੰ ਪਿਆਰ ਕਰਦੇ ਹਨ ਭਾਵੇਂ ਖੁੱਲ੍ਹ ਕੇ ਇਜ਼ਹਾਰ ਨਹੀਂ ਕਰਦੇ। 2007 ਵਿੱਚ ਜਰਮਨੀ ਨੇ ਸਵਾਸਤਿਕ ਨੂੰ ਯੌਰਪੀਅਨ ਯੂਨੀਅਨ ਦੇ ਨਿਸ਼ਾਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਕਾਮਯਾਬ ਨਹੀਂ ਸਨ ਹੋਏ। 1930 ਤੋਂ ਪਹਿਲਾਂ ਤਾਂ ਯੌਰਪ ਵਿੱਚ ਇਸ ਨਿਸ਼ਾਨ ਦੀ ਵਰਤੋਂ ਪੂਰੀ ਤਰ੍ਹਾਂ ਹੁੰਦੀ ਸੀ। ‘The Swastika: Symbol Beyond Redemption?’ ਨਾਮੀ ਕਿਤਾਬ ਵਿੱਚ ਅਮਰੀਕੀ ਲੇਖਕ ਸਟੀਵਨ ਹੈਲੇਰ ਦੱਸਦਾ ਹੈ ਕਿ ਕਿਵੇਂ ਪੱਛਮ ਨੇ ਇਸ ਨਿਸ਼ਾਨ ਦੇ ਪੁਰਾਤਨ ਮਹੱਤਵ ਨੂੰ ਆਪਣੀਆਂ ਵਸਤਾਂ ਨੂੰ ਵੇਚਣ ਲਈ ਇਸ਼ਤਿਹਾਰ ਵਜੋਂ ਵਾਹਵਾ ਵਰਤਿਆ ਹੈ। ਕੋਕਾਕੋਲਾ ਕੰਪਨੀ ਨੇ ਵੀ ਇਸ ਨਿਸ਼ਾਨ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਕਾਰਲਜ਼ਬਰਗ ਬੀਅਰ ਦੀਆਂ ਬੋਤਲਾਂ ਉਪਰ ਵੀ ਇਹ ਨਿਸ਼ਾਨ ਬਣਿਆ ਹੁੰਦਾ ਸੀ। ਅਮਰੀਕਾ ਵਿੱਚ ‘ਦਿ ਬੌਇ ਸਕੌਟ’ ਨੇ ਆਪਣੇ ਨਿਸ਼ਾਨ ਵਜੋਂ ਵਰਤਿਆ ਸੀ। ਇਵੇਂ ਹੀ ‘ਦਿ ਗਰਲਜ਼ ਕਲੱਬ ਔਫ ਅਮੈਰਿਕਾ’ ਦਾ ਸਵਾਸਤਿਕਾ ਨਾਂ ਦਾ ਰਸਾਲਾ ਛਪਿਆ ਕਰਦਾ ਸੀ। ਉਹ ਆਪਣੇ ਪਾਠਕਾਂ ਦਰਮਿਆਨ ਕਈ ਕਿਸਮ ਦੇ ਮੁਕਾਬਲੇ ਕਰਵਾਇਆ ਕਰਦੇ ਸਨ ਜਿਸ ਵਿੱਚ ਜਿੱਤਣ ਵਾਲੇ ਨੂੰ ਸਵਾਸਤਿਕਾ ਦਾ ਬੈਜ ਮਿਲਦਾ। ਅਮਰੀਕੀ ਹਵਾਈ ਸੈਨਾ ਵੱਲੋਂ ਇਸ ਨਿਸ਼ਾਨ ਦੀ ਵਰਤੋਂ ਬਾਰੇ ਤਾਂ ਮੈਂ ਪਹਿਲਾਂ ਹੀ ਦੱਸਿਆ ਹੈ। 1930 ਵਿੱਚ ਜਦ ਹਿਟਲਰ ਦੀ ਚੜ੍ਹਾਈ ਸ਼ੁਰੂ ਹੋਈ ਤੇ ਉਹ ਇਸ ਨਿਸ਼ਾਨ ਦੀ ਵਰਤੋਂ ਕਰਨ ਲੱਗਾ ਤਾਂ ਬਾਕੀ ਦੁਨੀਆ ਇਸ ਨਿਸ਼ਾਨ ਤੋਂ ਮੁੱਖ ਮੋੜਨ ਲੱਗੀ।
ਦੂਜੀ ਆਲਮੀ ਜੰਗ ਸ਼ੁਰੂ ਹੁੰਦਿਆਂ ਹੀ ਇਹ ਨਿਸ਼ਾਨ ਨਫ਼ਰਤ ਦਾ ਪਾਤਰ ਬਣ ਗਿਆ। ਇਸ ਉਪਰ ਸਾਰੇ ਪਾਸੇ ਪਾਬੰਦੀਆਂ ਲੱਗ ਗਈਆਂ।
ਸਵਾਸਤਿਕ ਨੂੰ ਭਾਰਤੀ ਹਿੰਦੂ ਹੀ ਨਹੀਂ ਵਰਤਦੇ ਸਗੋਂ ਦੁਨੀਆ ਵਿੱਚ ਜਿੱਥੇ ਵੀ ਹਿੰਦੂ ਵਸਦੇ ਹਨ ਉੱਥੇ ਹੀ ਇਸ ਨੂੰ ਧਾਰਮਿਕ ਚਿੰਨ੍ਹ ਵਜੋਂ ਮਾਨਤਾ ਹਾਸਲ ਹੈ। ਜੈਨ ਧਰਮ ਵਿੱਚ ਇਹ ਸੁਪਰਸ਼ਵਾਨਾਥਾ, ਆਤਮਿਕ ਅਧਿਆਪਕ ਤੇ ਰੱਖਿਅਕ ਵਜੋਂ ਮੰਨਿਆ ਜਾਂਦਾ ਹੈ। ਬੋਧੀ ਇਸ ਨੂੰ ਮਹਾਤਮਾ ਬੁੱਧ ਦੀਆਂ ਪੈੜਾਂ ਮੰਨਦੇ ਹਨ। ਕਈ ਵਾਰ ਤੁਹਾਨੂੰ ਸਵਾਸਤਿਕ ਉਲਟੇ-ਹੱਥ ਭਾਵ ਖੱਬੇ-ਹੱਥ ਮੁੜਦਾ ਵੀ ਦਿਸ ਸਕਦਾ ਹੈ। ਇੱਥੇ ਇਸ ਨੂੰ ਰਾਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਕੁਝ ਲੋਕ ਇਸ ਨੂੰ ਮਾਂ-ਕਾਲੀ ਨਾਲ ਵੀ ਜੋੜਦੇ ਹਨ ਜਾਂ ਕਾਲੀ ਦੇ ਤਾਂਤਰਿਕ ਪੱਖ ਵਜੋਂ ਵੀ ਇਸਤੇਮਾਲ ਕਰਦੇ ਹਨ। ਯੌਰਪ ਦੇ ਕਈ ਧਰਮਾਂ ਵਿੱਚ ਇਸ ਨੂੰ ਆਸਮਾਨੀ ਬਿਜਲੀ ਜਾਂ ਬੱਦਲਾਂ ਦਾ ਦੇਵਤਾ ਵੀ ਮੰਨਦੇ ਹਨ ਜਿਵੇਂ ਸਾਡੇ ਇੰਦਰ ਦੇਵਤਾ ਹੈ। ਅਮਰੀਕਾ ਦੇ ਰੈੱਡ ਇੰਡੀਅਨ ਇਸ ਨੂੰ ਚਾਰ ਹਵਾਵਾਂ ਦਾ ਚਿੰਨ੍ਹ ਮੰਨਦੇ ਹਨ। ਇਉਂ ਹੀ ਕਿਤੇ ਇਸ ਨੂੰ ਚਾਰ ਮੌਸਮਾਂ ਦਾ ਪ੍ਰਤੀਕ ਤੇ ਕਿਤੇ ਘੁੰਮਦੇ ਤਾਰਿਆਂ ਦੇ ਪ੍ਰਤੀਕ ਵਜੋਂ ਲਿਆ ਜਾਂਦਾ ਹੈ। ਸਿੰਧੂ ਘਾਟੀ ਦੀ ਸਭਿਅਤਾ ਵਿੱਚ ਵੀ ਇਹ ਨਿਸ਼ਾਨ ਆਮ ਮਿਲਦਾ ਹੈ। ਇੰਗਲੈਂਡ ਵਿੱਚ ਐਸੈਕਸ ਕਾਉਂਟੀ ਕੋਰਟ ਦੀ ਇਮਾਰਤ ਉਪਰ ਸਵਾਸਤਿਕ ਦੇ ਨਿਸ਼ਾਨ ਹਾਲੇ ਵੀ ਬਣੇ ਹੋਏ ਹਨ। ਬਹੁਤ ਸਾਰੇ ਲੋਕ ਇਨ੍ਹਾਂ ਦਾ ਵਿਰੋਧ ਕਰਦਿਆਂ ਇਨ੍ਹਾਂ ਨੂੰ ਮਿਟਾਉਣ ਲਈ ਵੀ ਕਹਿਣ ਲੱਗਦੇ ਹਨ। ਕੇਂਦਰੀ ਲੰਡਨ ਵਿੱਚ ਇੰਡੀਆ ਹਾਊਸ ਜੋ ਕਿ ਭਾਰਤੀ ਹਾਈ ਕਮਿਸ਼ਨ ਦਾ ਦਫ਼ਤਰ ਹੈ, ਉਪਰ ਵੀ ਇਹ ਨਿਸ਼ਾਨ ਬਣੇ ਹੋਏ ਹਨ। ਉੱਤਰੀ ਆਇਰਲੈਂਡ ਦੇ ਸ਼ਹਿਰ ਬੈਲਫਾਸਟ ਵਿੱਚ ਇਕ ਘਰ ਦੇ ਗੁਸਲਖਾਨੇ ਵਿੱਚ ਪੁਰਾਣੇ ਵੇਲੇ ਦਾ ਸਵਾਸਤਿਕ ਦਾ ਨਿਸ਼ਾਨ ਬਣਿਆ ਹੋਇਆ ਮਿਲਿਆ ਸੀ ਜਿਸ ਕਾਰਨ ਇਹ ਘਰ ਵਾਹਵਾ ਚਰਚਾ ਵਿੱਚ ਰਿਹਾ। ਅੱਜਕੱਲ੍ਹ ਇੱਥੇ ਕ੍ਰਿਸ਼ਨਾ ਮੰਦਰ ਬਣਿਆ
ਹੋਇਆ ਹੈ। ਇਉਂ ਹੀ ਹੋਰ ਵੀ ਕਈ ਜਗ੍ਹਾਵਾਂ ’ਤੇ ਗਾਹੇ-ਬਗਾਹੇ ਇਹ ਚਿੰਨ੍ਹ ਉੱਕਰਿਆ ਮਿਲ ਜਾਂਦਾ ਹੈ। ਬ੍ਰਿਟਿਸ਼ ਲੇਖਕ ਰੁਡਯਾਰਡ ਕਿਪਲਿੰਗ ਭਾਰਤੀ ਸਭਿਆਚਾਰ ਤੋਂ ਏਨਾ ਪ੍ਰਭਾਵਿਤ ਸੀ ਕਿ ਉਸ ਦੀ ਹਰ ਕਿਤਾਬ ਉਪਰ ਸਵਾਸਤਿਕ ਦਾ ਨਿਸ਼ਾਨ ਬਣਿਆ ਹੁੰਦਾ ਸੀ, ਪਰ ਨਾਜ਼ੀਆਂ ਦੀ ਚੜ੍ਹਤ ਵੇਲੇ ਉਸ ਨੂੰ ਇਹ ਬੰਦ ਕਰਨਾ ਪਿਆ।
ਸਵਾਸਤਿਕ ਦੇ ਅਮੀਰ ਇਤਿਹਾਸ ਨੂੰ ਦੇਖ ਕੇ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਇਸ ਨੂੰ ਮੁੜ ਕੇ ਸਾਕਾਰਾਤਮਕ ਤਰੀਕੇ ਨਾਲ ਵਰਤਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕੋਪਨਹੇਗਨ ਸ਼ਹਿਰ ਵਿੱਚ ਪੀਟਰ ਮੈਡਸਨ ਨਾਂ ਦੇ ਬੰਦੇ ਦੀ ਟੈਟੂ ਬਣਾਉਣ ਦੀ ਦੁਕਾਨ ਹੈ। ਉਸ ਦਾ ਕਹਿਣਾ ਹੈ ਕਿ ਸਕੈਂਡੇਨੇਵੀਅਨ ਮੁਲਕਾਂ (ਨੌਰਵੇ, ਸਵੀਡਨ, ਡੈਨਮਾਰਕ ਆਦਿ) ਦੇ ਲੋਕਾਂ ਨੂੰ ਸਵਾਸਤਿਕ ਬਹੁਤ ਅਪੀਲ ਕਰਦਾ ਹੈ। ਉਸ ਨੇ ‘ਲਰਨ ਟੂ ਲਵ ਸਵਾਸਤਿਕਾ’ (Learn to Love Swastika) ਨਾਂ ਦਾ ਇਕ ਗਰੁੱਪ ਬਣਾਇਆ ਹੋਇਆ ਹੈ ਜਿਸ ਦੇ ਬਹੁਤ ਸਾਰੇ ਮੈਂਬਰ ਹਨ। ਉਹ ਹਰ ਸਾਲ 13 ਨਵੰਬਰ ਨੂੰ ਸਵਾਸਤਿਕ ਡੇਅ ਮਨਾਉਂਦੇ ਹਨ। ਇਸ ਦਿਨ ਦੁਨੀਆ ਭਰ ਦੇ ਟੈਟੂਇਸਟਸ ਮੁਫ਼ਤ ਵਿੱਚ ਲੋਕਾਂ ਦੇ ਸਰੀਰ ’ਤੇ ਸਵਾਸਤਿਕ ਦਾ ਨਿਸ਼ਾਨ ਬਣਾ ਕੇ ਦਿੰਦੇ ਹਨ ਤੇ ਇਸ ਦੀ ਮਹੱਤਤਾ ਬਾਰੇ ਵੀ ਦੱਸਦੇ, ਇਸ ਨੂੰ ਮੁੜ ਕੇ ਸਥਾਪਤ ਕਰਨ ਦੀ ਵਕਾਲਤ ਕਰਦੇ ਹਨ। ਮੇਰਾ ਵੀ ਇਹੋ ਖ਼ਿਆਲ ਹੈ ਕਿ ਇਸ ਨਿਸ਼ਾਨ ਨੂੰ ਨਾਜ਼ੀਵਾਦ ਨਾਲ ਜੋੜਨ ਦੀ ਥਾਂ ਪਹਿਲਾਂ ਵਾਂਗ ਆਮ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।