ਮਜੀਦ ਸ਼ੇਖ
ਆਮ ਕਰਕੇ ਗ਼ੁਲਾਮੀ ਨੂੰ ਅਫ਼ਰੀਕਨ ਮੂਲ ਦੇ ਲੋਕਾਂ ਦੀ ਯੂਰੋਪ ਅਤੇ ਅਮਰੀਕਾ ਦੇ ਗੋਰੇ ਲੋਕਾਂ ਦੁਆਰਾ ਮਾਲਕੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਸੰਸਾਰ ਦੇ ਵੱਖ ਵੱਖ ਖਿੱਤਿਆਂ ਨੇ ਗ਼ੁਲਾਮੀ ਦੇ ਕਈ ਮੰਜ਼ਰ ਦੇਖੇ ਹਨ। ਉਦਾਹਰਣ ਵਜੋਂ, 1212-13 ਵਿਚ ਫਰਾਂਸ ਤੇ ਜਰਮਨੀ ’ਚੋਂ ਲਗਭਗ 30,000 ਬੱਚਿਆਂ ਨੂੰ ਯੇਰੋਸ਼ਲਮ ਵਿਚ ਉਸ ਸਮੇਂ ਦੇ ਮੁਸਲਮਾਨ ਹਾਕਮਾਂ ਵਿਰੁੱਧ ਧਰਮ-ਯੁੱਧ (crusade) ਲੜਨ ਲਈ ਭਰਤੀ ਕੀਤਾ ਗਿਆ। ਉਨ੍ਹਾਂ ਵਿਚੋੋਂ ਅੱਧੇ ਕੁ ਤਾਂ ਸਮੁੰਦਰੀ ਜਹਾਜ਼ਾਂ ਦੇ ਸਫ਼ਰ ਦੌਰਾਨ ਡੁੱਬ ਕੇ ਮਾਰੇ ਗਏ ਅਤੇ ਅੱਧੇ ਕੁ ਉੱਤਰੀ ਅਫ਼ਰੀਕਾ ਦੀਆਂ ਮੰਡੀਆਂ ਵਿਚ ਗ਼ੁਲਾਮਾਂ ਵਜੋਂ ਵੇਚੇ ਗਏ। ਗ਼ੁਲਾਮੀ ਦੀ ਕਹਾਣੀ ਵੱਖ ਵੱਖ ਦੇਸ਼ਾਂ ਅਤੇ ਖਿੱਤਿਆਂ ਵਿਚ ਬਿਖਰੀ ਪਈ ਹੈ। ਇਸ ਲੇਖ ਵਿਚ ਲੇਖਕ ਨੇ ਪੰਜਾਬ ’ਚੋਂ ਗ਼ੁਲਾਮ ਬਣਾਏ ਗਏ ਲੋਕਾਂ ਦੀ ਕਹਾਣੀ ਦੱਸੀ ਹੈ।
ਵਪਾਰ ਤੇ ਕਬਜ਼ਾ
ਜਦੋਂ ਲਾਹੌਰ ’ਚ ਅਕਬਰ ਦੇ ਦਰਬਾਰ ਵਿਚ ਵੱਡੀ ਗਿਣਤੀ ਪੁਰਤਗਾਲੀ ਮਸੀਹੀ ਪਾਦਰੀ ਪੁੱਜੇ ਤਾਂ ਅਸੀਂ (ਭਾਵ ਹਿੰਦੋਸਤਾਨੀ) ਉਨ੍ਹਾਂ ਦੀ ਬੰਦਗੀ ਦੇ ਪਿੱਛੇ ਲੁਕਿਆ ਵਪਾਰਕ ਏਜੰਡਾ ਦੇਖ ਨਹੀਂ ਸਕੇ। ਅਸਲ ਵਿਚ ਉਹ ਪਾਕ-ਪਵਿੱਤਰ ਪਾਦਰੀ ਪੂਰੀ ਤਰ੍ਹਾਂ ਵਪਾਰਕ ਮੁਫ਼ਾਦ ਨਾਲ ਜੁੜੇ ਹੋਏ ਸਨ।
ਸਦੀਆਂ ਤੋਂ ਪੂਰਬ ਦੀਆਂ ਖ਼ਾਸ ਵਸਤਾਂ ਯੂਰੋਪ ਦੇ ਭੂ-ਮੱਧ ਸਾਗਰੀ ਖਿੱਤਿਆਂ, ਅਫ਼ਰੀਕਾ ਅਤੇ ਤੁਰਕੀ ਦੀਆਂ ਮੰਡੀਆਂ ਵਿਚ ਪਹੁੰਚਦੀਆਂ ਰਹੀਆਂ ਸਨ। ਅਜਿਹੀ ਪਹਿਲ ਪਲੇਠੀ ਵਸਤ ਸੀ ਪੰਜਾਬ ਦੇ ਗ਼ੁਲਾਮ। ਇਨ੍ਹਾਂ ਤੋਂ ਇਲਾਵਾ ਥੋੜ੍ਹਾ ਸੋਨਾ ਵੀ ਹੁੰਦਾ ਸੀ ਪਰ ਗਜ਼ਨੀ ਦੇ ਤੁਰਕ-ਅਫ਼ਗਾਨ ਹਮਲਾਵਰ ਮਹਿਮੂਦ ਵੱਲੋਂ ਲੁੱਟੀ ਸਭ ਤੋਂ ਵੱਧ ਲਾਹੇਵੰਦ ਚੀਜ਼ ਹੁੰਦੇ ਸਨ ਗ਼ੁਲਾਮ। ਲਾਹੌਰ ਦੇ ਆਸ-ਪਾਸ ਉਸ ਨੇ ਪੰਜ ਲੱਖ ਗ਼ੁਲਾਮ ਇਕੱਤਰ ਕਰ ਲਏ ਸਨ ਜਿਨ੍ਹਾਂ ਨੂੰ ਸਮਰਕੰਦ, ਬੁਖ਼ਾਰਾ ਅਤੇ ਕੌਂਸਟੈਂਟੀਨੋਪਲ (ਜਿਸ ਨੂੰ ਹੁਣ ਇਸਤੰਬੁਲ ਕਿਹਾ ਜਾਂਦਾ ਹੈ) ਦੀਆਂ ਮੰਡੀਆਂ ਵਿਚ ਵੇਚਿਆ ਜਾਂਦਾ ਸੀ। ਉੱਥੋਂ ਛਾਂਟਵੇਂ ਗ਼ੁਲਾਮ ਅੱਗੋਂ ਇਟਲੀ ਲਿਜਾਏ ਜਾਂਦੇ ਸਨ ਜਿੱਥੇ ਵੈਨਿਸ, ਜਿਨੋਆ, ਸਿਸਲੀ ਅਤੇ ਕਰੀਟ ਦੀਆਂ ਵੱਡੀਆਂ ਮੰਡੀਆਂ ਵਿਚ ਵੇਚ ਦਿੱਤੇ ਜਾਂਦੇ ਸਨ। ਇਨ੍ਹਾਂ ਤੋਂ ਇਲਾਵਾ ਬਾਰਸੀਲੋਨਾ ਅਤੇ ਵੈਲੇਂਸੀਆ ਤੱਕ ਵੀ ਗ਼ੁਲਾਮ ਭੇਜੇ ਜਾਂਦੇ ਸਨ।
ਪੰਜਾਬ ਦੇ ਗ਼ੁਲਾਮ ਬਰਤਾਨੀਆ ’ਚ ਵੇਲਜ਼ ਤੱਕ ਭੇਜੇ ਜਾਂਦੇ ਸਨ। ਹੈਰਾਨੀ ਦੀ ਗੱਲ ਹੈ ਕਿ ਹਾਲ ਵਿਚ ਕਰਵਾਈਆਂ ਗਈਆਂ ਡੀਐੱਨਏ ਜਾਂਚਾਂ ਤੋਂ ਵੈਲਸ਼ ਨਾਗਰਿਕਾਂ ਦੇ ਖ਼ੂਨ ’ਚੋਂ ਉੱਤਰ ਭਾਰਤੀਆਂ ਦੇ ਕੁਝ ਜੀਨ ਮਿਲੇ ਹਨ। ਪਰ ਫਿਰ ਜਦੋਂ ਇਕੇਰਾਂ ਲੱਕੜ ਦੇ ਬਣੇ ਜਹਾਜ਼ ਦੁਨੀਆ ਦੇ ਦੂਰ-ਦੁਰਾਡੇ ਖੇਤਰਾਂ ਤੱਕ ਤੈਰਨ ਲੱਗੇ ਤਾਂ ਸਾਨੂੰ ਵਿਲੀਅਮ ਫਿੰਚ ਦਾ ਸੰਗ੍ਰਹਿ (ਅਰਲੀ ਟਰੈਵਲਜ਼, 1609) ਮਿਲਿਆ ਜਿਸ ਤੋਂ ਸਾਨੂੰ ਪਤਾ ਚਲਦਾ ਹੈ ਕਿ ਲਾਹੌਰ ਦੀਆਂ ਮੰਡੀਆਂ ਵਿਚ ਜਿਹੜੀਆਂ ਤਿੰਨ ਵਸਤਾਂ ਬਹੁਤਾਤ ਵਿਚ ਮਿਲਦੀਆਂ ਸਨ ਉਨ੍ਹਾਂ ’ਤੇ ਪੁਰਤਗਾਲੀਆਂ ਦਾ ਏਕਾਧਿਕਾਰ ਸਥਾਪਤ ਹੋ ਰਿਹਾ ਸੀ। ਇਹ ਵਸਤਾਂ ਸਨ ਲਾਹੌਰੀ ਲਾਜਵਰ, ਸ਼ੋਰਾ ਅਤੇ ਸੂਤੀ ਕੱਪੜਾ।
ਇਸ ਤੋਂ ਪਹਿਲਾਂ ਕਿ ਅਸੀਂ ਇਨ੍ਹਾਂ ਵਸਤਾਂ ਦਾ ਮੁਲਾਂਕਣ ਕਰੀਏ, ਆਓ ਦੇਖਦੇ ਹਾਂ ਕਿ ਕਿਵੇਂ ਇਹ ਵਸਤਾਂ ਯੂਰੋਪ ਪਹੁੰਚੀਆਂ। ਅਕਬਰ ਦੇ ਰਾਜ ਤੋਂ ਪਹਿਲਾਂ ਲਾਹੌਰ ਵਿਚ ਸਾਰੀਆਂ ਵੱਡੀਆਂ ਮੰਡੀਆਂ ਸ਼ਹਿਰ ਤੋਂ ਬਾਹਰਵਾਰ ਲੱਗਦੀਆਂ ਹੁੰਦੀਆਂ ਸਨ। ਸ਼ਹਿਰ ਦੀ ਚਾਰਦੀਵਾਰੀ ਤੋਂ ਬਾਹਰ ਦਿੱਲੀ ਮਾਰਗ ’ਤੇ ਇਨ੍ਹਾਂ ਦਾ ਮੁਕਾਮ ਹੁੰਦਾ ਸੀ ਜਿਸ ਨੂੰ ਅੱਜਕੱਲ੍ਹ ਲੰਡਾ ਬਾਜ਼ਾਰ ਕਿਹਾ ਜਾਂਦਾ ਹੈ। ਪੁਰਤਗਾਲੀਆਂ ਨੇ ਮੁਗ਼ਲਾਂ ਨੂੰ ਸਮੁੰਦਰੀ ਜਹਾਜ਼ ਬਣਾਉਣ ਲਈ ਹੱਲਾਸ਼ੇਰੀ ਦਿੱਤੀ ਅਤੇ ਲਾਹੌਰ ਦੀ ਪ੍ਰਾਚੀਨ ਵਪਾਰਕ ਬੰਦਰਗਾਹ ਖਿਜ਼ਰੀ ਦਰਵਾਜ਼ਾ (ਬਾਅਦ ਵਿਚ ਸ਼ੇਰਾਂਵਾਲਾ ਦਰਵਾਜ਼ਾ) ’ਤੇ ਵਸਤਾਂ ਆਉਣੀਆਂ ਸ਼ੁਰੂ ਹੋਈਆਂ। ਪੂਰਬੀ-ਪੱਛਮੀ ਜ਼ਮੀਨੀ ਵਪਾਰਕ ਮਾਰਗ ਦੀ ਇਕ ਰਣਨੀਤਕ ਜਗ੍ਹਾ ’ਤੇ ਸਥਿਤ ਹੋਣ ਕਰਕੇ ਲਾਹੌਰ ਬਰੇ-ਸਗੀਰ ਦੇ ਸਮੁੱਚੇ ਉੱਤਰੀ ਖੇਤਰ ਦੀ ਕੁਦਰਤੀ ਮਹਾਂ ਮੰਡੀ ਬਣ ਗਿਆ ਸੀ।
ਜਦੋਂ ਵਸਤਾਂ ਨੂੰ ਲਾਹੌਰ ਸ਼ਹਿਰ ਅੰਦਰ ਸੁਰੱਖਿਅਤ ਢੰਗ ਨਾਲ ਭੰਡਾਰ ਕਰਨ ਦੀ ਲੋੜ ਪਈ ਤਾਂ ਲਾਹੌਰ ਦੇ ਵਿਸਤਾਰ ਦੀ ਯੋਜਨਾ ਸਾਹਮਣੇ ਆਈ। ਜਦੋਂ ਅਕਬਰ ਆਇਆ ਤਾਂ ਉਸ ਨੂੰ ਵੱਡੀਆਂ ਫ਼ੌਜਾਂ ਤੇ ਇਸ ਦੇ ਨਾਲ ਹੀ ਵਪਾਰ ਲਈ ਰਾਹ ਪੱਧਰਾ ਕਰਨ ਲਈ ਉਚੇਰੇ ਟੈਕਸਾਂ ਦੀ ਲੋੜ ਪਈ, ਪਰ ਮੰਦੇ ਭਾਗੀਂ ਇਸ ਦੇ ਨਾਲ ਹੀ ਕਾਲ ਪੈ ਗਿਆ। ਹਜ਼ਾਰਾਂ ਦੀ ਤਾਦਾਦ ਵਿਚ ਭੁੱਖਣਭਾਣੇ ਲੋਕ ਲਾਹੌਰ ਆ ਗਏ ਅਤੇ ਅਕਬਰ ਨੇ ਬਹੁਤ ਹੁਨਰਮੰਦੀ ਨਾਲ ਭੁੱਖ ਦੀ ਮਾਰੀ ਤੇ ਮੁਫ਼ਤ ਕਿਰਤ ਸ਼ਕਤੀ ਨੂੰ ਸ਼ਹਿਰ ਅਤੇ ਇਸ ਦੇ ਕਿਲ੍ਹੇ ਦੇ ਪੁਨਰ ਨਿਰਮਾਣ ਦੇ ਕੰਮ ਵਿਚ ਲਗਾ ਦਿੱਤਾ। ਮੰਡੀਆਂ ਹੁਣ ਅਕਬਰੀ ਦਰਵਾਜ਼ੇ ਦੇ ਅੰਦਰ ਅਤੇ ਖਿਜ਼ਰੀ ਦਰਵਾਜ਼ੇ ਦੇ ਪਿੱਛੇ ਆ ਗਈਆਂ ਸਨ ਜਿੱਥੇ ਇਹ ਅੱਜ ਵੀ ਮੌਜੂਦ ਹਨ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਲਾਹੌਰ ਉੱਤਰੀ ਹਿੰਦੋਸਤਾਨ ਦਾ ਸਭ ਤੋਂ ਵੱਡਾ ਵਪਾਰਕ ਕੇਂਦਰ ਬਣ ਗਿਆ। ਅਸੀਂ ਇਹ ਵੀ ਵੇਖਦੇ ਹਾਂ ਕਿ ਜਹਾਜ਼-ਸਾਜ਼ੀ ਦੀ ਇਕ ਵੱਡੀ ਸਨਅਤ ਉੱਭਰ ਗਈ ਸੀ ਅਤੇ ਇਸ ਵਿਚ ਅਕਬਰ ਦੀ ਮਹਾਰਾਣੀ ਮਰੀਅਮ ਜ਼ਮਾਨੀ ਦਾ ਵੀ ਕਾਫ਼ੀ ਦਖ਼ਲ ਹੋ ਗਿਆ ਸੀ। ਜੇ ਤੁਸੀਂ ਅੱਜ ਸ਼ੇਰਾਂਵਾਲਾ ਦਰਵਾਜ਼ੇ ਦੇ ਅੰਦਰ ਜਾਓ ਤਾਂ ਤੁਹਾਨੂੰ ਗਲੀ ਦੇ ਦੋਵੇਂ ਪਾਸੀਂ ਜਹਾਜ਼ਸਾਜ਼ੀ ਵਪਾਰ ਦੇ ਨਾਂ-ਨਿਸ਼ਾਨ ਦਿਸ ਪੈਣਗੇ।
ਆਓ ਹੁਣ ਗੱਲ ਕਰਦੇ ਹਾਂ ਉਨ੍ਹਾਂ ਤਿੰਨ ਵਸਤਾਂ ਦੀ ਜਿਨ੍ਹਾਂ ਵਿਚ 16ਵੀਂ ਅਤੇ 17ਵੀਂ ਸਦੀ ਦੇ ਯੂਰੋਪੀਅਨਾਂ ਦੀ ਬਹੁਤ ਜ਼ਿਆਦਾ ਦਿਲਚਸਪੀ ਸੀ। ਪਹਿਲੀ ਵਸਤ ਸੀ ਲਾਜਵਰ ਜਾਂ ਨੀਲ। ਸਭ ਤੋਂ ਪਹਿਲਾਂ ਪੁਰਤਗਾਲੀਆਂ ਨੇ ਆ ਕੇ ਇਨ੍ਹਾਂ ਦੀ ਖਰੀਦ-ਫਰੋਖ਼ਤ ਸ਼ੁਰੂ ਕੀਤੀ ਤੇ ਫਿਰ ਡੱਚ ਆਏ ਅਤੇ ਮਗਰੋਂ ਅੰਗਰੇਜ਼ ਜਿਨ੍ਹਾਂ ਬਾਰੇ ਅਸੀਂ ਜਾਣਦੇ ਹੀ ਹਾਂ ਕਿ ਕਿਵੇਂ ਉਨ੍ਹਾਂ ਇੱਥੇ ਆਪਣਾ ਬਸਤੀਵਾਦੀ ਰਾਜ ਕਾਇਮ ਕਰ ਲਿਆ। ਲਿਸਬਨ ਵਿਚ ਪੁਰਤਗਾਲੀ ਮੰਡੀਆਂ ਵਿੱਚੋਂ ਇਕ ਛੋਟੀ ਮੰਡੀ ਬਯਾਨਾ ਅਤੇ ਸਾਰਖੇਜ ਲਾਜਵਰ ਲਈ ਜਾਣੀ ਜਾਂਦੀ ਸੀ। ਇਹ ‘ਇੰਡੀਗੋ ਮਾਰਕੈਡੋ’ ਦੇ ਨਾਂ ’ਤੇ ਵੇਚਿਆ ਜਾਂਦਾ ਸੀ। ਇਸ ਤੋਂ ਬਾਅਦ ਇਕ ਮਹਿੰਗੀ ਕਿਸਮ ਦਾ ਲਾਜਵਰ ਆਇਆ ਜਿਸ ਦਾ ਨਾਂ ਸੀ ਲਾਹੌਰੀ ਇੰਡੀਗੋ। ਜਦੋਂ ਫਰਾਂਸੀਸੀਆਂ ਨੇ ਆਪਣੇ ਸ਼ਹਿਰ ਨੀਮ ਵਿਚ ਪਹਿਲੀ ਵਾਰ ਡੈਨਿਮ ਦਾ ਕੱਪੜਾ (ਸਖ਼ਤ ਖੱਦਰ) ਬਣਾਇਆ ਤਾਂ ਉਸ ਲਈ ਇਸੇ ਲਾਹੌਰੀ ਇੰਡੀਗੋ ਦੀ ਵਰਤੋਂ ਕੀਤੀ ਗਈ ਸੀ। ਅਸਲ ਵਿਚ ਡੈਨਿਮ ਦਾ ਨਾਂ ਹੀ ਨੀਮ ਸ਼ਹਿਰ ਤੋਂ ਲਿਆ ਗਿਆ ਸੀ।
ਹੈਰਾਨੀ ਦੀ ਗੱਲ ਹੈ ਕਿ ਇਹ ਵੰਨਗੀ ਪਹਿਲੀ ਵਾਰ ਡੱਚਾਂ ਨੇ ਅਲੈਪੋ ਦੀਆਂ ਮੰਡੀਆਂ ਵਿਚ ਭੇਜੀ ਸੀ ਜਿੱਥੋਂ ਇਹ ਸਮੁੱਚੇ ਯੂਰੋਪ ਦੀਆਂ ਮੰਡੀਆਂ ਤੱਕ ਪਹੁੰਚਾਈ ਗਈ ਸੀ। ਇਸ ਲਿਹਾਜ਼ ਤੋਂ ਲਾਹੌਰ ਤੋਂ ਭੇਜੀਆਂ ਜਾਂਦੀਆਂ ਸਾਰੀਆਂ ਵਸਤਾਂ ਦਾ ਪਹਿਲਾ ਪੜਾਅ ਅਲੈਪੋ ਹੁੰਦਾ ਸੀ। ਜਦੋਂ ਈਸਟ ਇੰਡੀਆ ਕੰਪਨੀ ਆਈ ਤਾਂ ਤਿੰਨੋ ਬਸਤੀਵਾਦੀ ਸ਼ਕਤੀਆਂ ਇਹ ਲਾਜਵਰ ਹਾਸਲ ਕਰਨਾ ਚਾਹੁੰਦੀਆਂ ਸਨ। ਇਹ ਲਾਜਵਰ ਲਾਹੌਰੀ ਦਰਵਾਜ਼ੇ ਦੇ ਬਾਹਰਵਾਰ ਮੰਡੀਆਂ ਦੇ ਸਾਹਮਣੇ ਉੱਗੇ ਨੀਲ ਦੇ ਪੌਦਿਆਂ ਤੋਂ ਹਾਸਲ ਕੀਤਾ ਜਾਂਦਾ ਸੀ ਜਿਸ ਨੂੰ ਇੰਡੀਗੋਫੈਰਾ ਪਲਾਂਟ ਵੀ ਕਿਹਾ ਜਾਂਦਾ ਸੀ। ਇਸ ਦਾ ਰੰਗ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਜੇ ਰੰਗਾਈ ਵਾਲੀ ਥਾਂ ਨੇੜੇ ਕੋਈ ਅੰਡਾ ਰੱਖ ਦਿੱਤਾ ਜਾਵੇ ਤਾਂ ਸ਼ਾਮ ਤੱਕ ਇਹ ਅੰਦਰੋਂ ਨੀਲਾ ਹੋ ਜਾਂਦਾ ਸੀ। ਜਲਦੀ ਹੀ ਲਾਹੌਰੀ ਬਾਜ਼ਾਰ ਦੇ ਅੰਦਰ ਇਕ ‘ਨੀਲ ਗਲੀ’ ਉੱਭਰ ਆਈ ਤੇ ਇਹ ਅੱਜ ਤੱਕ ਵੀ ਮੌਜੂਦ ਹੈ ਤੇ ਚੱਲ ਰਹੀ ਹੈ। ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਨੀਲ ਦੇ ਪੌਦੇ ਬਹੁਤਾਤ ਵਿਚ ਪਾਏ ਜਾਂਦੇ ਸਨ ਤੇ ਉਦੋਂ ਤੱਕ ਮੌਜੂਦ ਰਹੇ ਜਦੋਂ ਤੱਕ ਇਨ੍ਹਾਂ ਦੀ ਥਾਂ ਵੁਦ ਜਾਂ ਵੋਡ ਦੇ ਪੌਦਿਆਂ ਨੇ ਨਹੀਂ ਲੈ ਲਈ ਤੇ ਫਿਰ ਪਹਿਲਾਂ ਪਹਿਲ ਜਰਮਨੀ ਵਿਚ ਤੇ ਮਗਰੋਂ ਸਾਰੀ ਦੁਨੀਆ ਵਿਚ ਮਸਨੂਈ ਰੰਗ ਆਉਣੇ ਸ਼ੁਰੂ ਹੋ ਗਏ।
ਦੂਜੀ ਸਭ ਤੋਂ ਜ਼ਿਆਦਾ ਅਹਿਮ ਵਸਤ ਜਿਸ ਵਿਚ ਪੱਛਮ ਦੀ ਦਿਲਚਸਪੀ ਸੀ, ਉਹ ਸੀ ਸ਼ੋਰਾ ਜਿਸ ਤੋਂ ਗੰਨਪਾਊਡਰ ਬਣਾਇਆ ਜਾਂਦਾ ਸੀ ਤੇ ਅਜੇ ਵੀ ਬਣਾਇਆ ਜਾਂਦਾ ਹੈ। ਇਹ ਵਿਸਫੋਟਕ ਖਣਿਜ ਮਰੇ ਹੋਏ ਪਸ਼ੂਆਂ ਦੀ ਰਹਿੰਦ ਖੂੰਹਦ ਤੋਂ ਅਤੇ ਪੌਦਿਆਂ ਨੂੰ ਗਾਲ ਸਾੜ ਕੇ ਤਿਆਰ ਕੀਤਾ ਜਾਂਦਾ ਹੈ ਤੇ ਇਸ ਤੋਂ ਪੋਟੈਸ਼ੀਅਮ ਨਾਈਟ੍ਰੇਟ ਬਣਾਇਆ ਜਾਂਦਾ ਹੈ। ਸੰਸਕ੍ਰਿਤ ਵਿਚ ਇਸ ਨੂੰ ‘ਸੋਰਾਕਾ’ ਅਤੇ ਪੰਜਾਬੀ ਤੇ ਉਰਦੂ ਵਿਚ ‘ਸ਼ੋਰਾ’ ਕਿਹਾ ਜਾਂਦਾ ਹੈ। ਲਾਹੌਰ ਸ਼ਹਿਰ ਦੇ ਪੂਰਬੀ ਭਾਗ ਵਿਚ ਸ਼ੋਰੇ ਦਾ ਭੰਡਾਰਨ ਕੀਤਾ ਜਾਂਦਾ ਸੀ ਜਿੱਥੇ ਅੱਜਕੱਲ੍ਹ ਮੁਗ਼ਲਪੁਰਾ ਵਰਕਸ਼ਾਪ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵੇਲੇ ਇਕ ਵੱਡੀ ਗੰਨਪਾਊਡਰ ਫੈਕਟਰੀ ਲਗਾਈ ਗਈ ਸੀ ਜਿਸ ਦੀ ਕਮਾਨ ਹੰਗਰੀ ਦੇ ਭੌਤਿਕ ਸ਼ਾਸਤਰੀ ਡਾਕਟਰ ਹੋਨਿਗਬਰਗਰ ਦੇ ਹੱਥਾਂ ਵਿਚ ਸੀ ਜੋ ਤਹਿਸੀਲ ਬਾਜ਼ਾਰ ਵਿਚ ਰਹਿੰਦੇ ਸਨ ਤੇ ਉਨ੍ਹਾਂ ਦਾ ਘਰ ਅਜੇ ਵੀ ਕਾਇਮ ਹੈ।
ਬਸਤੀਵਾਦੀ ਤਾਕਤਾਂ ਦੀ ਇਸ ਮਾਦੇ ਵਿਚ ਖ਼ਾਸ ਰੁਚੀ ਸੀ ਅਤੇ ਲਾਹੌਰ ਤੋਂ ਜਹਾਜ਼ਾਂ ਵਿਚ ਵੱਡੀਆਂ ਖੇਪਾਂ ਭਰ ਕੇ ਯੂਰੋਪ ਪਹੁੰਚਾਈਆਂ ਜਾਂਦੀਆਂ ਸਨ। ਸਾਲ 1605 ਵਿਚ ਸਪੇਨ ਅਤੇ ਪੁਰਤਗਾਲ ਦੇ ਮਹਾਰਾਜੇ ਨੇ ਗੋਆ ਦੇ ਗਵਰਨਰ ਨੂੰ ਸ਼ੋਰੇ ਦੀ ਸਪਲਾਈ ਯਕੀਨੀ ਬਣਾਉਣ ਲਈ ਚਿੱਠੀ ਲਿਖੀ ਸੀ। ਸੰਭਵ ਹੈ ਕਿ ਪੁਰਤਗਾਲੀ ਪਾਦਰੀਆਂ ਜਿਨ੍ਹਾਂ ਕੁਝ ਸਾਲ ਲਾਹੌਰ ਵਿਚ ਬਿਤਾਏ ਸਨ, ਨੇ ਸ਼ੋਰੇ ਦੀ ਸਪਲਾਈ ਯਕੀਨੀ ਬਣਾਈ ਹੋਵੇ। ਸਪੇਨ ਜਦੋਂ ਤਾਕਤ ਬਣ ਕੇ ਉਭਰਿਆ ਤਾਂ ਉਸ ਦਾ ਰੁਖ਼ ਦੱਖਣੀ ਅਮਰੀਕਾ ਵੱਲ ਹੋ ਗਿਆ ਤੇ ਡੱਚਾਂ ਨੇ ਸ਼ੋਰੇ ਦੀ ਸਪਲਾਈ ਲਈ ਹਿੰਦੋਸਤਾਨ ਦਾ ਰੁਖ਼ ਕੀਤਾ।
ਫਿਰ ਅੰਗਰੇਜ਼ ਇਸ ਮੈਦਾਨ ਵਿਚ ਆ ਨਿੱਤਰੇ। ਜੇ ਤੁਸੀਂ 1617 ਦੇ ਲੰਡਨ ਦੇ ਸ਼ਾਹੀ ਦਰਬਾਰ ਦੀ ਲਿਖਤੀ ਕਾਰਵਾਈ ਪੜ੍ਹੋ ਤਾਂ ਸਾਨੂੰ ਪਤਾ ਚਲਦਾ ਹੈ ਕਿ ਸ਼ੋਰੇ ਦੀ ਕਮੀ ਕਰਕੇ ਉੁਹ ਕਿੰਨੇ ਪ੍ਰੇਸ਼ਾਨ ਸਨ ਜਿਸ ਕਾਰਨ ਜਹਾਜ਼ਰਾਨੀ ਅਤੇ ਜ਼ਮੀਨੀ ਤੋਪਖਾਨੇ ਦੀ ਸਮੱਰਥਾ ਪ੍ਰਭਾਵਿਤ ਹੋ ਰਹੀ ਸੀ। ਯੂਰੋਪੀਅਨ ਇਤਿਹਾਸ ਦੇ ਇਸ ਪੜਾਅ ’ਤੇ ਅੰਗਰੇਜ਼ ਜਲ ਸੈਨਾ ਵੱਲੋਂ ਡੱਚ ਤੇ ਪੁਰਤਗਾਲੀ ਜਹਾਜ਼ਾਂ ’ਤੇ ਹਮਲੇ ਕੀਤੇ ਜਾ ਰਹੇ ਸਨ ਅਤੇ 1704 ਤੱਕ ਉਨ੍ਹਾਂ ਨੇ ਜਬਿਰਾਲਟਰ ’ਤੇ ਕਬਜ਼ਾ ਕਰ ਲਿਆ ਸੀ ਜਿਸ ਦਾ ਅਸਲ ਨਾਂ ‘ਜਬਰੁਲ-ਤਾਰਿਕ’ (ਰੌਕ ਆਫ ਤਾਰਿਕ) ਸੀ ਜੋ 710 ਈਸਵੀ ਵਿਚ ਮੌਜੂਦ ਸੀ ਜਦੋਂ ਅਰਬ ਹਮਲਾਵਰਾਂ ਨੇ ਉੱਥੇ ਕਬਜ਼ਾ ਕੀਤਾ ਸੀ। ਇਸ ਤਰ੍ਹਾਂ ਪੱਛਮੀ ਯੂਰੋਪ ਦੀਆਂ ਬੰਦਰਗਾਹਾਂ ਵੱਲ ਸਾਰੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ। ਇਸ ਬੇਹੱਦ ਅਹਿਮ ਮਾਦੇ ਦੀ ਬਰਾਮਦ ਪਿਛਲੇ ਕੁਝ ਅਰਸੇ ਤੱਕ ਜਾਰੀ ਰਹੀ।
ਲਾਹੌਰ ਦੀਆਂ ਇਨ੍ਹਾਂ ਤਿੰਨ ਮਸ਼ਹੂਰ ਵਸਤਾਂ ’ਚੋਂ ਆਖ਼ਰ ਵਿਚ ਆਉਂਦੀ ਹੈ ਕਪਾਹ ਅਤੇ ਸੂਤੀ ਕੱਪੜਾ। ਪੁਰਤਗਾਲੀ ਇਕ ਵਸਤ ਦੀ ਦਰਾਮਦ ਕਰਦੇ ਸਨ ਜਿਸ ਨੂੰ ਉਹ ‘ਕੈਲੀਕੋ’ ਕਹਿੰਦੇ ਸਨ ਜੋ ਇਕ ਕਿਸਮ ਦਾ ਸੂਤ ਹੁੰਦਾ ਸੀ ਜਿਸ ਨੂੰ ਅਸੀਂ ਖੱਦਰ ਕਹਿੰਦੇ ਹਾਂ। ਸ਼ੁਰੂ ਵਿਚ ਇਹ ਖੱਦਰ ਪੂਰੀ ਤਰ੍ਹਾਂ ਹੱਥੀਂ ਤਿਆਰ ਕੀਤਾ ਜਾਂਦਾ ਸੀ ਅਤੇ ਯੂਰੋਪ ਵਿਚ ਇਸ ਨੂੰ ਟੇਬਲਕਲੋਥ, ਤੌਲੀਏ, ਨੈਪਕਿਨ ਅਤੇ ਬਿਸਤਰੇ ਦੀ ਚਾਦਰ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਰੰਗਾਈ ਵਾਲਾ ਖੱਦਰ ਆਉਣ ਲੱਗਿਆ ਅਤੇ ਫਿਰ ਹਿੰਦੋਸਤਾਨੀ ਬਲੌਕ ਛਾਪੇ ਵਾਲਾ ਖੱਦਰ ਆ ਗਿਆ। ਬਰੇ-ਸਗੀਰ (ਉਪ ਮਹਾਂਦੀਪ) ਦੇ ਕੁਦਰਤੀ ਰੰਗਾਈ ਵਾਲੇ ਖੱਦਰ ਦੀ ਯੂਰੋਪ ਦੇ ਰਈਸ ਤਬਕਿਆਂ ਦੀ ਫੈਸ਼ਨ ਮਾਰਕੀਟ ਵਿਚ ਬਹੁਤ ਜ਼ਿਆਦਾ ਮੰਗ ਸੀ। ਜਦੋਂ ਪੰਜਾਬ ਵਿਚ ਲੰਮੇ ਰੇਸ਼ੇ ਵਾਲੀ ਕਪਾਹ ਦੀ ਪੈਦਾਵਾਰ ਹੋਣੀ ਸ਼ੁਰੂ ਹੋਈ ਤਾਂ ਉਮਦਾ ਕਿਸਮ ਦੀ ਮਲਮਲ ਦੇ ਕੱਪੜੇ ਬਣਾਉਣ ਦਾ ਰਾਹ ਖੁੱਲ੍ਹ ਗਿਆ। ਉਦੋਂ ਤੱਕ ਸਨਅਤੀ ਕ੍ਰਾਂਤੀ ਆ ਚੁੱਕੀ ਸੀ ਤੇ ਹਿੰਦੋਸਤਾਨ ’ਚ ਬਸਤੀਵਾਦੀ ਤਾਕਤ ਨੇ ਆਪਣੇ ਪੈਰ ਜਮਾ ਲਏ ਸਨ। ਇਸ ਦੇ ਨਾਲ ਹੀ ਤਿਆਰ-ਬਰ-ਤਿਆਰ ਕੱਪੜੇ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਗਈ।
ਇਸ ਨਾਲ ਮਾਨਚੈਸਟਰ ਵਿਚ ਬਿਜਲੀ ਜਾਂ ਭਾਫ਼ ਆਦਿ ਨਾਲ ਚੱਲਣ ਵਾਲੀਆਂ ਸਨਅਤਾਂ (ਪਾਵਰ ਲੂਮਜ਼) ਦਾ ਉਭਾਰ ਸ਼ੁਰੂ ਹੋਇਆ ਅਤੇ ਜਲਦੀ ਹੀ ਹਿੰਦੋਸਤਾਨੀ ਉਪ ਮਹਾਦੀਪ ਦੀਆਂ ਮੰਡੀਆਂ ਵਿਚ ਸਿਰਫ਼ ਅੰਗਰੇਜ਼ੀ ਕੱਪੜੇ ਮਿਲਣ ਲੱਗੇ। ਮਹਾਤਮਾ ਗਾਂਧੀ ਅਤੇ ਉਨ੍ਹਾਂ ਦੀ ‘ਸਵਰਾਜ’ ਲਹਿਰ ਬਾਰੇ ਅਸੀਂ ਸਾਰੇ ਜਾਣਦੇ ਹਾਂ ਜੋ ਇਸ ਵਪਾਰਕ ਜੰਗ ਦੀ ਇਕ ਜਵਾਬੀ ਕਾਰਵਾਈ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਸਾਡੀਆਂ ਵਸਤਾਂ ਬਰਾਸਤਾ ਅਲੈਪੋ ਯੂਰੋਪ ਪਹੁੰਚਦੀਆਂ ਸਨ ਅਤੇ ਕਿਵੇਂ ਰੇਲਵੇ ਦੀ ਆਮਦ ਨਾਲ ਲਾਹੌਰ ਤੋਂ ਜਹਾਜ਼ਸਾਜ਼ੀ ਤੇ ਜਹਾਜ਼ਰਾਨੀ ਦਾ ਭੋਗ ਪੈ ਗਿਆ ਸੀ। ਇਕ ਲੇਖੇ ਮੁਗ਼ਲਾਂ ਦੇ ਪਤਨ ਨੂੰ ਜਲ ਸੈਨਿਕ ਸ਼ਕਤੀ ਬਣਨ ਵਿਚ ਉਨ੍ਹਾਂ ਦੀ ਕਮਜ਼ੋਰੀ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਮੇਰੇ ਮਰਹੂਮ ਪਿਤਾ
ਜੀ ਅਕਸਰ ਕਿਹਾ ਕਰਦੇ ਸਨ: ‘‘ਇਤਿਹਾਸ ਦੀਆਂ ਜੇ-ਜੁੱਕਰਾਂ (ਜੇ ਇਸ ਤਰ੍ਹਾਂ ਹੁੰਦਾ ਤਾਂ ਇਹ ਹੁੰਦਾ, ਜੇ ਉਸ ਤਰ੍ਹਾਂ ਹੁੰਦਾ ਤਾਂ ਉਹ ਹੁੰਦਾ) ’ਤੇ ਮਗਜ਼ਪੱਚੀ ਕਰਨਾ ਨਿਰੀ ਵਕਤ ਦੀ ਬਰਬਾਦੀ ਹੈ।’’