ਬੀ.ਐਨ. ਗੋਸਵਾਮੀ
ਸੈਂਟਰਲ ਵਿਸਟਾ ਪ੍ਰੋਜੈਕਟ ਕਾਰਨ ਭਾਰਤ ਸਰਕਾਰ ਸਾਡੀਆਂ ਕੌਮੀ ਧਰੋਹਰਾਂ ਨੂੰ ਕੌਮੀ ਪੁਰਾਤਤਵ ਅਤੇ ਕੌਮੀ ਅਜਾਇਬਘਰ ਵਿਚ ਤਬਦੀਲ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਸੰਦਰਭ ਵਿਚ ਅਸੀਂ ਮਹਾਨ ਚਿੱਤਰਕਾਰ ਡੀਏਗੋ ਰਿਵੈਰਾ ਦੇ ਸ਼ਾਹਕਾਰ ਮਿਊਰਲ ਨੂੰ ਤਬਦੀਲ ਕਰਨ ਦੀ ਕਹਾਣੀ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।
ਮੈਕਸਿਕਨ ਚਿੱਤਰਕਾਰ ਡੀਏਗੋ ਰਿਵੈਰਾ ਵੀਹਵੀਂ ਸਦੀ ਦੇ ਸਭ ਤੋਂ ਮਹਾਨ ਚਿੱਤਰਕਾਰਾਂ ਅਤੇ ਮਿਊਰਲ ਬਣਾਉਣ ਵਾਲਿਆਂ ਵਿਚ ਗਿਣਿਆ ਜਾਂਦਾ ਹੈ। ਉਸ ਨੇ ਪਿਕਾਸੋ ਅਤੇ ਸੇਜ਼ਾਂ ਦੇ ਪ੍ਰਭਾਵ ਹੇਠ ਕਿਊਬਵਾਦੀ (Cubist) ਚਿੱਤਰ ਬਣਾਏ ਅਤੇ ਬਾਅਦ ਵਿਚ ਕੰਧਾਂ ’ਤੇ ਮਿਊਰਲ ਬਣਾਉਣ ਵੱਲ ਰੁਚਿਤ ਹੋਇਆ। ਉਹ ਮੈਕਸਿਕੋ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ ਅਤੇ ਉਸ ਦਾ ਵਿਆਹ ਵੀਹਵੀਂ ਸਦੀ ਦੀ ਮਹਾਨ ਚਿੱਤਰਕਾਰ ਫਰੀਦਾ ਕਾਹਲੋ ਨਾਲ ਹੋਇਆ। ਉਸ ਨੇ ਅਮਰੀਕਾ ਵਿਚ ਵੀ ਲਾਸਾਨੀ ਮਿਊਰਲ ਬਣਾਏ ਜਿਨ੍ਹਾਂ ਵਿਚ ਸਾਂ ਫਰਾਂਸਿਸਕੋ ਵਿਚ ਬਣਾਏ ਮਿਊਰਲ (ਜਿਸ ਦਾ ਇਸ ਲੇਖ ਵਿਚ ਜ਼ਿਕਰ ਹੈ) ਸ਼ਾਮਲ ਹਨ। ਉਸ ਨੂੰ ਰਾਕਫੈਲਰ ਸੈਂਟਰ ਵਿਚ ‘ਚੌਰਾਹੇ ਵਿਚ ਆਦਮੀ (Man at Crossroads)’ ਬਣਾਉਣ ਦਾ ਕੰਮ ਮਿਲਿਆ। ਇਸ ਮਿਊਰਲ ਦੇ ਕੋਨਿਆਂ ’ਤੇ ਜੁਪੀਟਰ ਤੇ ਸੀਜ਼ਰ ਦੇ ਬੁੱਤ ਸਨ; ਵਿਚ ਲੈਨਿਨ ਦਾ ਬੁੱਤ ਵੀ ਸੀ। ਰਾਕਫੈਲਰ ਨੇ ਲੈਨਿਨ ਨੂੰ ਮਿਊਰਲ ਵਿਚ ਸ਼ਾਮਲ ਕਰਨ ’ਤੇ ਇਤਰਾਜ਼ ਕੀਤਾ ਅਤੇ ਮਿਊਰਲ ਨੂੰ ਢਾਹ ਦਿੱਤਾ। ਬਾਅਦ ਵਿਚ ਰਿਵੈਰਾ ਨੇ ਇਹ ਮਿਊਰਲ ਛੋਟੇ ਪੱਧਰ ’ਤੇ ਮੈਕਸਿਕੋ ਵਿਚ ਬਣਾਇਆ। 1937 ਵਿਚ ਰੂਸ ਤੋਂ ਬੇਵਤਨ ਹੋਏ ਲਿਓਨ ਤ੍ਰੋਤਸਕੀ (Leon Trotsky) ਤੇ ਉਸ ਦੀ ਪਤਨੀ ਨਤਾਲੀਆ ਮੈਕਸਿਕੋ ਵਿਚ ਦੋ ਸਾਲ ਡੀਏਗੋ ਰਿਵੈਰਾ ਦੇ ਘਰ ਰਹੇ।
ਮਹੀਨਾ ਕੁ ਪਹਿਲਾਂ ਸਾਂ ਫਰਾਂਸਿਸਕੋ ਦੇ ਆਧੁਨਿਕ ਕਲਾ ਦੇ ਅਜਾਇਬਘਰ ਵਿਚਲੀਆਂ ਕਲਾਕ੍ਰਿਤਾਂ ਨੂੰ ਆਮ ਲੋਕਾਂ ਦੇ ਦੇਖਣ ਲਈ ਖੋਲ੍ਹਿਆ ਗਿਆ ਹੈ। ਕੋਈ ਕਹਿ ਸਕਦਾ ਹੈ ਕਿ ਅਜਾਇਬਘਰਾਂ ਵਿਚ ਅਕਸਰ ਕਲਾਕ੍ਰਿਤਾਂ ਲੋਕਾਂ ਦੇ ਦੇਖਣ ਲਈ ਹੀ ਹੁੰਦੀਆਂ ਹਨ, ਪਰ ਅਸੀਂ ਜੀਹਦੀ ਗੱਲ ਕਰਨ ਲੱਗੇ ਹਾਂ ਉਹ ਕੋਈ ਸਾਧਾਰਨ ਕ੍ਰਿਤ ਨਹੀਂ ਹੈ। ਇਹ ਇਕ ਬੇਮਿਸਾਲ ਮਿਊਰਲ ਹੈ ਜਿਸ ਦਾ ਵਜ਼ਨ 30 ਟਨ, ਆਕਾਰ 74X22 ਫੁੱਟ ਹੈ। ਇਸ ਦੇ ਪੰਜ ਵਿਰਾਟ ਪੈਨਲ ਹਨ ਤੇ ਹਰੇਕ ਪੈਨਲ ’ਚੋਂ ਊਰਜਾ ਡੁੱਲ੍ਹ ਡੁੱਲ੍ਹ ਪੈਂਦੀ ਹੈ। ਇਹ ਕ੍ਰਿਤ ਤਕਰੀਬਨ 80 ਸਾਲ ਪਹਿਲਾਂ ਮੈਕਸਿਕੋ ਦੇ ਸਭ ਤੋਂ ਅਜ਼ੀਮ ਚਿੱਤਰਕਾਰਾਂ ’ਚ ਸ਼ੁਮਾਰ ਡੀਏਗੋ (1886-1957) ਰਿਵੈਰਾ ਵੱਲੋਂ ਸਿਰਜੀ ਗਈ ਸੀ। ਇਹ ਵੀ ਨਹੀਂ ਕਿ ‘ਪੈਨ ਅਮੈਰਿਕਨ ਯੂਨਿਟੀ’ ਨਾਂ ਦਾ ਇਹ ਮਿਊਰਲ ਅਜਾਇਬਘਰ ਵੱਲੋਂ ਖਰੀਦਿਆ ਗਿਆ ਹੈ, ਬਸ ਇਹ ਸ਼ਹਿਰ ਦੇ ਇਕ ਇਲਾਕੇ ਤੋਂ ਦੂਜੇ ਇਲਾਕੇ ਵਿਚ ਲਿਜਾਇਆ ਗਿਆ ਹੈ। ਇਹ ਮਿਊਰਲ 1940 ਤੋਂ ਸਿਟੀ ਕਾਲਜ ਆਫ ਫਾਈਨ ਆਰਟਸ ਵਿਚ ਪਿਆ ਸੀ ਜਿੱਥੇ ਰਿਵੈਰਾ ਨੇ ਇਸ ਨੂੰ ਬਣਾਇਆ ਸੀ। ਹੁਣ ਸ਼ਹਿਰ ਦੇ ਅਧਿਕਾਰੀਆਂ ਨੂੰ ਜਾਪਿਆ ਕਿ ਸਿਟੀ ਕਾਲਜ ਇਕ ਛੋਟੀ ਜਿਹੀ ਸੰਸਥਾ ਹੈ ਤੇ ਇਹ ਮਿਊਰਲ ਕਿਸੇ ਅਜਿਹੀ ਥਾਂ ਹੋਣਾ ਚਾਹੀਦਾ ਹੈ ਜਿੱਥੇ ਵੱਧ ਤੋਂ ਵੱਧ ਲੋਕ ਇਸ ਨੂੰ ਦੇਖ ਸਕਣ। ਚਾਰ ਸਾਲ ਪਹਿਲਾਂ ਮਿਊਰਲ ਨੂੰ ਤਬਦੀਲ ਕਰਨ ਦਾ ਫ਼ੈਸਲਾ ਕਰ ਲਿਆ ਗਿਆ ਸੀ ਅਤੇ ਇਹ ਵੀ ਕਿ ਇਸ ਲਈ ਕਿੰਨਾ ਸਮਾਂ ਲੱਗੇਗਾ, ਪਰ ਇਸ ਦੇ ਨਾਲ ਹੀ ਇਹ ਚਾਨਣ ਵੀ ਹੋਇਆ ਕਿ ਇਸ ਕੰਮ ਵਿਚ ਅਮਰੀਕਾ ਤੇ ਮੈਕਸਿਕੋ ਭਰ ਦੇ ਬਹੁਤ ਸਾਰੇ ਇੰਜਨੀਅਰਾਂ, ਆਰਕੀਟੈਕਟਾਂ, ਕਲਾ ਇਤਿਹਾਸਕਾਰਾਂ, ਕਲਾ ਮਾਹਿਰਾਂ ਆਦਿ ਦੀਆਂ ਸੇਵਾਵਾਂ ਲੈਣ ਲਈ ਸ਼ਹਿਰ ਦੇ ਪ੍ਰਸ਼ਾਸਨ ਨੂੰ ਲੱਖਾਂ ਡਾਲਰ ਖਰਚ ਕਰਨੇ ਪੈਣਗੇ।
ਜਦੋਂ ਇਹ ਰਚਨਾ ਪਹਿਲੀ ਵਾਰ ਬਣਾਈ ਗਈ ਸੀ ਤਾਂ ਸ਼ਹਿਰ ਵਿਚ ਖ਼ੁਸ਼ੀ ਦੀ ਲਹਿਰ ਫੈਲ ਗਈ ਸੀ। ਉਸ ਵੇਲੇ ਰਿਵੈਰਾ ਆਪਣੀ ਚੜ੍ਹਤ ਦੀ ਸਿਖਰ ’ਤੇ ਸੀ; ਸ਼ਹਿਰ ਲਈ ਇਹ ਇਕ ਅਜੂਬਾ ਸੀ ਕਿ ਤੱਤਮੂਲਕ ਕਰਤਾਰੀ ਬਲ ਵਾਲੇ ਇਕ ਸ਼ਖ਼ਸ ਨੇ ਉਹਦੇ ਲਈ ਅਜਿਹੀ ਸ਼ਾਹਕਾਰ ਰਚਨਾ ਸਿਰਜੀ ਸੀ। ਅੱਜ ਫਿਰ ਸ਼ਹਿਰ ਵਿਚ ਖ਼ੁਸ਼ੀ ਦੀ ਲਹਿਰ ਹੈ, ਨਾ ਸਿਰਫ਼ ਇਸ ਲਈ ਕਿ ਇਕ ਬਹੁਤ ਪੁਰਾਣੀ ਕਲਾਕ੍ਰਿਤ ਇਕ ਮੰਨੇ ਪ੍ਰਮੰਨੇ ਅਜਾਇਬਘਰ ਵਿਚ ਲੋਕਾਂ ਦੇ ਦੇਖਣ ਲਈ ਰੱਖੀ ਗਈ ਹੈ ਸਗੋਂ ਇਸ ਲਈ ਕਿ ਇਸ ਰਚਨਾ ਨੂੰ ਤਬਦੀਲ ਕਰਨਾ ਵੀ ਇਕ ਮਾਅਰਕੇ ਤੋਂ ਘੱਟ ਨਹੀਂ ਹੈ ਜਿਸ ਉਪਰ ਬਹੁਤ ਜ਼ਿਆਦਾ ਖਰਚ ਆਇਆ ਹੈ ਅਤੇ ਇਸ ਦੌਰਾਨ ਇਸ ਮੁੱਲਵਾਨ ਰਚਨਾ ’ਤੇ ਮਾਮੂਲੀ ਜਿਹੀ ਝਰੀਟ ਵੀ ਨਹੀਂ ਆਈ। ਇਸ ਖ਼ੁੁਸ਼ੀ ਦਾ ਕਾਰਨ ਸਮਝ ’ਚ ਆਉਂਦਾ ਹੈ, ਇਹ ਵਾਕਈ ਬਾਕਮਾਲ ਕ੍ਰਿਤ ਹੈ: ਇਸ ਦੇ ਕਣ ਕਣ ’ਚੋਂ ਊਰਜਾ ਉਗਮਦੀ ਹੈ, ਇਸ ਵਿਚ ਅਣਗਿਣਤ ਹਸਤੀਆਂ ਨਜ਼ਰ ਆਉਂਦੀਆਂ ਹਨ ਜੋ ਅਤੀਤ ਤੋਂ ਲੈ ਕੇ ਵਰਤਮਾਨ ਅਤੇ ਭਵਿੱਖ ਨਾਲ ਤਾਅਲੁੱਕ ਰੱਖਦੀਆਂ ਹਨ ਤੇ ਇਸ ਦੀਆਂ ਖਾਲੀ ਥਾਵਾਂ ਨੂੰ ਪੂਰਦੀਆਂ ਹਨ। ਇਹ ਕਲਾਕਾਰ ਦੇ ਸੰਗਮ ਦੇ ਮਹਾ-ਖ਼ਿਆਲ ਦੀ ਝਲਕ ਪੇਸ਼ ਕਰਦੀਆਂ ਹਨ। ਜੇ ਉਸ ਦੇ ਹੀ ਸ਼ਬਦਾਂ ਵਿਚ ਕਿਹਾ ਜਾਵੇ ਤਾਂ ‘‘ਇਸ ਵਿਚ ਦੱਖਣ ਦੇ ਕਿਸੇ ਸੱਪ ਦੀ ਤੋਰ ਅਤੇ ਉੱਤਰ ਦੀ ਵਿਸ਼ਾਲ ਪੱਟੀ (ਕਨਵੇਅਰ ਬੈਲਟ) ਦਾ ਸੰਗਮ ਹੋਇਆ ਪ੍ਰਤੀਤ ਹੁੰਦਾ ਹੈ।’’ ਇਸ ਵਿਚ ਇੰਨਾ ਕੁਝ ਹੈ ਕਿ ਇਸ ਸਭ ਕੁਝ ਨੂੰ ਨੰਗੀ ਅੱਖ ਨਾਲ ਨਿਹਾਰਨਾ ਬਹੁਤ ਮੁਸ਼ਕਿਲ ਹੈ। ਇਨ੍ਹਾਂ ਸਭ ਚੀਜ਼ਾਂ ’ਤੇ ਐਜ਼ਟੈਕ (ਮੈਕਸਿਕਨ ਮੂਲ) ਧਰਤੀ ਦੀ ਦੇਵੀ ਕੋਟਲੀਕਿਊ ਦੀ ਛਤਰ ਛਾਇਆ ਹੈ। ਇਕ ਹੋਰ ਖੰਡ ਵਿਚ ਲੋਕਾਂ ਦੀ ਭੀੜ ਆਪਣੀਆਂ ਗਰਦਨਾਂ ਕੱਢ ਕੇ ਉਪਰ ਇਕ ਅਜਿਹੇ ਵਿਰਾਟ ਜਾਨਵਰ ਦੀ ਤਸਵੀਰ ਵਾਹ ਰਹੇ ਕਲਾਕਾਰਾਂ ਵੱਲ ਤੱਕ ਰਹੀ ਹੈ ਜੋ ਹੁਣੇ ਹੁਣੇ ਸਮੁੰਦਰ ’ਚੋਂ ਨਿਕਲ ਕੇ ਧਰਤੀ ’ਤੇ ਆਇਆ ਜਾਪਦਾ ਹੈ। ਅਤੀਤ ਅਤੇ ਵਰਤਮਾਨ ਦੇ ਨਾਇਕ ਅਤੇ ਖਲਨਾਇਕ- ਸਿਮੋਨ ਬੋਲੀਵਰ ਤੇ ਥੌਮਸ ਜੈਫਰਸਨ, ਹਿਟਲਰ ਅਤੇ ਸਟਾਲਿਨ, ਚਾਰਲੀ ਚੈਪਲਿਨ ਤੇ ਪੌਲੈਟ ਗੋਡਾਰਡ ਹੇਠਾਂ ਵੱਲ ਤੱਕ ਰਹੇ ਹਨ – ਤੇ ਫਿਰ ਉਨ੍ਹਾਂ ਦੇ ਨੇੜੇ ਖ਼ੁਦ ਡੀਏਗੋ ਰਿਵੈਰਾ, ਆਪਣੀ ਪਤਨੀ ਫਰੀਦਾ ਕਾਹਲੋ ਨਾਲ ਖੜ੍ਹਾ ਹੈ। ਜਿੱਧਰ ਵੀ ਨਿਗ੍ਹਾ ਜਾਂਦੀ ਹੈ, ਉਧਰ ਘੁਮਿਆਰ, ਬੁੱਤਸਾਜ਼, ਲੁਹਾਰ, ਘਾਹ ਖੋਤਣ ਵਾਲੇ, ਤਰਖਾਣ ਤੇ ਜੁਲਾਹੇ, ਕਿਸਾਨ ਅਤੇ ਟੋਕਰੀਆਂ ਬਣਾਉਣ ਵਾਲੇ ਨਜ਼ਰ ਆਉਂਦੇ ਹਨ। ਇਹ ਦੰਗ ਕਰ ਦੇਣ ਵਾਲੀ ਗੁਲਬੀਨ ਜਾਂ ਕਲੀਡੋਸਕੋਪ (ਜਿਸ ਯੰਤਰ ਵਿਚ ਬਹੁਤ ਸਾਰੇ ਚਿੱਤਰ ਦੇਖੇ ਜਾ ਸਕਦੇ ਹਨ) ਹੈ, ਪਰ ਇਸ ਵਿਚਲੇ ਆਕਾਰ ਸਬੱਬੀਂ ਨਹੀਂ ਬਣੇ ਸਗੋਂ ਹਰ ਚੀਜ਼ ਦਾ ਮਾਅਨਾ ਹੈ, ਹਰ ਚੀਜ਼ ਮਘਦੀ ਕਲਪਨਾ ਦੀ ਬੁਝਾਰਤ ਦੇ ਹਰ ਅੰਗ ਵਾਂਗ ਥਾਂ ਪੁਰ ਹੈ।
ਬਹਰਹਾਲ, ਇਹ ਸਮੁੱਚੇ ਵਰਤਾਰੇ ਦਾ ਮਹਿਜ਼ ਇਕ ਪਾਸਾ ਹੈ; ਦੂਜਾ ਪਾਸਾ ਇਸ ਮਿਊਰਲ ਨੂੰ ਤਬਦੀਲ ਕਰਨ ਨਾਲ ਜੁੜਿਆ ਹੋਇਆ ਸੀ। ਇਸ ਤਬਾਦਲੇ ਦੀ ਤਿਆਰੀ ਅਤੇ ਇਸ ਦੇ ਹਕੀਕੀ ਅਮਲ ਦੇ ਸਬੰਧ ਵਿਚ ਆਮ ਲੋਕਾਂ ਲਈ ਵੀ ਬਹੁਤ ਲੰਮਾ ਚੌੜਾ ਪ੍ਰੋਗਰਾਮ ਬਣਾਇਆ ਗਿਆ ਸੀ। ਇਸ ਪ੍ਰਕਿਰਿਆ ਦੇ ਹਰੇਕ ਭਾਗ ਬਾਰੇ ਪਹਿਲਾਂ ਡੂੰਘੀ ਸੋਚ ਵਿਚਾਰ ਕੀਤੀ ਗਈ ਤਾਂ ਕਿ ਪੈਨਲ ਅਜਾਇਬਘਰ ਲਿਆਂਦੇ ਜਾ ਸਕਣ। ਪਹਿਲਾਂ ਇਕ ਨਕਲੀ ਪੈਨਲ ਵਾਲਾ ਇਕ ਵਿਸ਼ੇਸ਼ ਟਰੱਕ ਲਿਜਾਇਆ ਗਿਆ ਜਿਸ ਦੀ ਰਫ਼ਤਾਰ ਪੰਜ ਮੀਲ ਫੀ ਘੰਟਾ ਰੱਖੀ ਗਈ ਤੇ ਇਸ ਨਾਲ ਝਟਕਿਆਂ ਤੋਂ ਬਚਾਓ ਵਾਸਤੇ ਵਿਸ਼ੇਸ਼ ਸ਼ੌਕ ਐਬਜ਼ੋਰਬਰ ਲਗਾਏ ਗਏ। ਯੂਨੀਵਰਸਿਟੀ ਅਤੇ ਡਿਜ਼ਾਈਨ ਸੈਂਟਰ ਤੋਂ ਕਈ ਇੰਜਨੀਅਰ ਤੇ ਡਿਜ਼ਾਈਨਰ ਬੁਲਾਏ ਗਏ ਜਿਨ੍ਹਾਂ ਵਿਚ ਪ੍ਰੋਫੈਸਰ ਰੀਵਿਕ ਵੀ ਸ਼ਾਮਲ ਸਨ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹ ਮਿਊਰਲ ਸਿੱਧਾ ਕੰਧ ’ਤੇ ਨਹੀਂ ਸਗੋਂ ਪਲਾਸਟਰ ਕੀਤੇ ਪੈਨਲਾਂ ’ਤੇ ਬਣਾਇਆ ਗਿਆ ਹੈ ਤੇ ਇਸ ਨੂੰ ਬਹੁਤ ਸਾਵਧਾਨੀ ਤੇ ਨਫ਼ਾਸਤ ਨਾਲ ਹੀ ਤਬਦੀਲ ਕੀਤਾ ਜਾ ਸਕਦਾ ਹੈ। ਇਸ ਕਰਕੇ ਟੀਮ ਨੇ ਤਬਾਦਲੇ ਦੇ ਕਈ ਅਭਿਆਸ ਕਰ ਕੇ ਦੇਖੇ। ਜਿਹੜੀ ਸਮੱਗਰੀ ਰਿਵੈਰਾ ਨੇ ਵਰਤੀ ਸੀ, ਉਸੇ ਨਾਲ ਮਿਲਦੇ-ਜੁਲਦੇ ਦੋ ਪੈਨਲ ਤਿਆਰ ਕੀਤੇ ਗਏ; ਉਸੇ ਥਾਂ ’ਤੇ ਬੋਲਟ ਲਗਾ ਕੇ ਤੇ ਵੈਲਡਿੰਗ ਕਰ ਕੇ ਇਕ ਕੰਧ ਬਣਾਈ ਗਈ। ਪੈਨਲਾਂ ਨੂੰ ਬਿਨਾਂ ਕਿਸੇ ਨੁਕਸਾਨ ਤੋਂ ਉਤਾਰਨ ਲਈ ਔਜ਼ਾਰਾਂ ਦਾ ਵਾਰ-ਵਾਰ ਇਸਤੇਮਾਲ ਕਰ ਕੇ ਦੇਖਿਆ ਗਿਆ। ਡਾ. ਰੀਵਿਕ ਨੇ ਲਿਖਿਆ ਹੈ: ‘ਫਿਰ ਉਨ੍ਹਾਂ ਨੂੰ ਹਲੂਣ, ਮੋੜ ਕੇ ਤੇ ਸੱਟਾਂ ਮਾਰ ਕੇ ਦੇਖਿਆ ਗਿਆ ਕਿ ਉਹ ਕਿੰਨਾ ਕੁ ਦਬਾਅ ਝੱਲ ਸਕਦੇ ਹਨ। ਕਾਲਜ ਦੀ ਚਾਰਦੀਵਾਰੀ ਵਿਚ ਬੇਹੱਦ ਸਫ਼ਾਈ ਨਾਲ 18 ਇੰਚੀ ਸੁਰਾਖ਼ ਕੀਤੇ ਗਏ। ਇਮਾਰਤ ਦੇ ਅੰਦਰ ਤੇ ਬਾਹਰ ਮੌਜੂਦ ਤਬਾਦਲਾ ਮਾਹਿਰਾਂ ਦੀਆਂ ਟੀਮਾਂ ਵੱਲੋਂ ਮਿਊਰਲ ਦੇ ਉਪਰ ਅਤੇ ਹੇਠਾਂ ਹੌਲੀ-ਹੌਲੀ ਘੁਮਾਓਦਾਰ ਰਾਡਜ਼ ਲੰਘਾਈਆਂ ਤੇ ਇਸ ਦੌਰਾਨ ਉਹ ਹੈੱਡਸੈੱਟਾਂ ਜ਼ਰੀਏ ਇਕ ਦੂਜੇ ਨਾਲ ਸੰਪਰਕ ਵਿਚ ਰਹਿ ਰਹੇ ਸਨ ਤਾਂ ਕਿ ਕੰਮ ਵਿਚ ਕੋਈ ਗ਼ਲਤੀ ਨਾ ਹੋਵੇ। ਇਕੋ ਸਮੇਂ ਇੰਚ ਦਾ ਸਿਰਫ਼ ਸੋਲ੍ਹਵਾਂ ਹਿੱਸਾ ਰਾਡ ਹੀ ਅੰਦਰ ਧੱਕੀ ਜਾਂਦੀ ਸੀ। ਇਕ ਪੈਨਲ ਨੂੰ ਛੇ ਇੰਚ ਹਿਲਾਉਣ ਲਈ ਦੋ ਘੰਟੇ ਲੱਗੇ ਸਨ। ਇਸ ਤਰ੍ਹਾਂ ਇਹ ਸਾਰਾ ਕੰਮ ਚੱਲਿਆ।
ਸਾਡੇ ਮੁਲ਼ਕ ਅੰਦਰ ‘ਸੈਂਟਰਲ ਵਿਸਟਾ ਪ੍ਰਾਜੈਕਟ’ ਤਹਿਤ ਸਾਰੀਆਂ ਚੀਜ਼ਾਂ ਕੌਮੀ ਅਜਾਇਬਘਰ ਅਤੇ ਕੌਮੀ ਪੁਰਾਤਤਵ ਘਰਾਂ ਵਿਚ ਤਬਦੀਲ ਕਰਨ ਦੀਆਂ ਪ੍ਰੇਸ਼ਾਨਕੁੰਨ ਯੋਜਨਾਵਾਂ ਬਣ ਰਹੀਆਂ ਹਨ ਤੇ ਕੀ ਇੱਥੇ ਵੀ ਇੱਦਾਂ ਦਾ ਹੀ ਕੁਝ ਹੋ ਸਕੇਗਾ? ਜਾਂ ਫਿਰ ਇਹ ਅਣਸਿੱਖਿਅਤ ਬੰਦਿਆਂ ਦੇ ਹੱਥੀਂ ਪੈ ਕੇ ਕੋਈ ਡਿਕਡੋਲੇ ਖਾਣ ਵਾਲੀ ਘਟਨਾ ਸਾਬਿਤ ਹੋਵੇਗੀ ਜਿਸ ਵਿਚ ਕੌਮੀ ਧਰੋਹਰ ਦਾ ਅੱਧਾ ਸਾਮਾਨ ਇਧਰ-ਉਧਰ ਹੋ ਜਾਵੇਗਾ?
ਮੇਰਾ ਮਿਊਰਲ ਲਾਤੀਨੀ ਅਮਰੀਕੀ ਭੂ-ਖੰਡ ਅਤੇ ਅਮਰੀਕਾ ਦੇ ਉੱਚ ਮਕੈਨਕੀ ਵਿਕਾਸ ਦੇ ਸੰਗਮ ਦੇ ਮਹਾਨ ਅਤੀਤ ਨੂੰ ਚਿਤਰੇਗਾ ਕਿਉਂਕਿ ਇਸ ਦੀਆਂ ਜੜ੍ਹਾਂ ਇਸ ਧਰਤੀ ’ਚ ਗਹਿਰੀਆਂ ਉੱਤਰੀਆਂ ਹੋਈਆਂ ਹਨ… ਮੈਂ ਜੋ ਹੁਣ ਚਿੱਤਰ ਰਿਹਾ ਹਾਂ: ਇਹ ਬਸ ਮਹਾਦੀਪ ਦੇ ਉੱਤਰੀ ਤੇ ਦੱਖਣੀ ਭੂ-ਖੰਡ ਦੇ ਕਲਾਤਮਿਕ ਪ੍ਰਗਟਾਵੇ ਦਾ ਸੰਗਮ ਹੈ। ਮੈਂ ਅਮਰੀਕੀ ਕਲਾ, ਦਰਅਸਲ ਹਕੀਕੀ ਅਮਰੀਕੀ ਕਲਾ ਬਣਾਉਣ ਖ਼ਾਤਰ ਇਸ ਗੱਲ ਵਿਚ ਯਕੀਨ ਰੱਖਦਾ ਹਾਂ ਕਿ (ਅਮਰੀਕੀ) ਇੰਡੀਅਨ, ਮੈਕਸਿਕਨ, ਐਸਕੀਮੋ ਕਲਾ ਦੇ ਸੁਮੇਲ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ…
– ਡੀਏਗੋ ਰਿਵੈਰਾ ਦੇ ਆਪਣੇ 1940 ਦੇ ਮਿਊਰਲ ਪੈਨ ਅਮੈਰਿਕਨ ਯੂਨਿਟੀ ਬਾਰੇ ਮਨੋਭਾਵ।
ਇਹ ਇਸ ਅਜਾਇਬਘਰ ਵੱਲੋਂ ਕੀਤੇ ਗਏ ਸਭ ਤੋਂ ਜ਼ਿਆਦਾ ਅਹਿਮ ਕਾਰਜਾਂ ’ਚੋਂ ਇਕ ਹੈ- ਇੰਨੀ ਵੱਡੀ, ਇੰਨੀ ਕੋਮਲ ਤੇ ਇੰਨੀ ਮਹੱਤਵਸ਼ਾਲੀ ਰਚਨਾ ਨੂੰ ਇੱਥੇ ਲੈ ਕੇ ਆਉਣਾ। ਜਿਵੇਂ ਮੇਰੇ ਇਕ ਸਾਥੀ ਨੇ ਇਸ ਤਬਾਦਲੇ ਬਾਰੇ ਦੱਸਿਆ ਹੈ ਤਾਂ ਇਹ ਓਦਾਂ ਹੀ ਹੈ ਜਿਵੇਂ ਕਿਸੇ 70 ਫੁੱਟੇ ਅੰਡੇ ਦੇ ਖੋਲ ਨੂੰ ਕਿਤੇ ਹੋਰ ਲੈ ਕੇ ਜਾਣਾ।
– ਸਾਂ ਫਰਾਂਸਿਸਕੋ ਅਜਾਇਬਘਰ ਦੇ ਡਾਇਰੈਕਟਰ ਨੀਲ ਬੈਨੇਜ਼ਰਾ