ਔਨਿੰਦਿਓ ਚੱਕਰਵਰਤੀ
ਅਰਥਸ਼ਾਸਤਰੀ ਅਕਸਰ ਕਹਿੰਦੇ ਹਨ ਕਿ ਸ਼ੇਅਰ ਬਾਜ਼ਾਰਾਂ ਤੋਂ ਅਰਥਚਾਰੇ ਦੀ ਅਸਲ ਤਸਵੀਰ ਪਤਾ ਨਹੀਂ ਚਲਦੀ, ਖ਼ਾਸਕਰ ਭਾਰਤ ਵਰਗੇ ਵਿਕਾਸਸ਼ੀਲ ਮੁਲਕਾਂ ਵਿਚ। ਸਰਸਰੀ ਨਜ਼ਰ ਮਾਰਿਆਂ ਇਹ ਗੱਲ ਤਰਕਪੂਰਨ ਜਾਪਦੀ ਹੈ। ਛੇ ਕੁ ਫ਼ੀਸਦ ਭਾਰਤੀਆਂ ਦੇ ਡੀਮੈਟ ਖਾਤੇ ਹਨ ਜਿਨ੍ਹਾਂ ’ਚੋਂ ਦੋ ਤਿਹਾਈ ਖਾਤੇ ਪਿਛਲੇ ਤਿੰਨ ਸਾਲਾਂ ਵਿਚ ਖੁੱਲ੍ਹੇ ਸਨ ਤੇ ਇਨ੍ਹਾਂ ’ਚੋਂ ਵੀ ਅੱਧੇ ਖਾਤੇ ਕੋਵਿਡ ਮਹਾਮਾਰੀ ਵਾਲੇ ਪਿਛਲੇ ਦੋ ਸਾਲਾਂ ਵਿਚ ਖੁੱਲ੍ਹੇ ਹਨ। ਇਸ ਤੇਜ਼ ਰਫ਼ਤਾਰ ਇਜ਼ਾਫ਼ੇ ਦੀ ਸਮਝ ਨਹੀਂ ਪੈਂਦੀ, ਖ਼ਾਸਕਰ ਉਦੋਂ ਜਦੋਂ ਕਾਰੋਬਾਰ ਠੱਪ ਹੋ ਰਹੇ ਸਨ ਤੇ ਮੱਧ ਵਰਗ ਨੂੰ ਅਜਿਹੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੀ ਮਿਸਾਲ ਪਿਛਲੇ ਕਈ ਦਹਾਕਿਆਂ ਵਿਚ ਨਹੀਂ ਮਿਲਦੀ।
ਇਕ ਤਰ੍ਹਾਂ ਇਸ ਦਾ ਇਹ ਖੁਲਾਸਾ ਵੀ ਹੋ ਸਕਦਾ ਹੈ ਕਿ ਜਿਨ੍ਹਾਂ ਪਰਿਵਾਰਾਂ ਵਿਚ ਕੋਈ ਡੀਮੈਟ ਖਾਤਾਧਾਰਕ ਸੀ, ਉਸ ਨੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਨਾਵਾਂ ’ਤੇ ਖਾਤੇ ਖੋਲ੍ਹੇ ਹੋਣਗੇ ਤਾਂ ਕਿ ਪਿਛਲੇ ਕੁਝ ਸਾਲਾਂ ਦੌਰਾਨ ਆਏ ਬਹੁਤ ਸਾਰੇ ਆਈਪੀਓਜ਼ ਦਾ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ। ਇਸ ਦਾ ਮਤਲਬ ਹੈ ਕਿ ਭਾਰਤ ਵਿਚ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨ ਵਾਲੇ ਪਰਿਵਾਰਾਂ ਦੀ ਸੰਖਿਆ 2-3 ਫ਼ੀਸਦੀ ਤੋਂ ਜ਼ਿਆਦਾ ਨਹੀਂ ਹੈ। ਜੇ ਅਸੀਂ ਬਿਨਾਂ ਖਾਤਾ ਖੋਲ੍ਹਿਆਂ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨ ਵਾਲਿਆਂ ਦੀ ਗਿਣਤੀ ਦੁੱਗਣੀ ਵੀ ਕਰ ਦੇਈਏ ਤਾਂ ਵੀ ਅਜਿਹੇ ਕੁੱਲ ਪਰਿਵਾਰਾਂ ਦੀ ਗਿਣਤੀ ਮਸਾਂ ਪੰਜ-ਛੇ ਫ਼ੀਸਦ ਬਣਦੀ ਹੈ। ਇਸ ਲਈ ਇਹ ਮੰਨਣ ਦਾ ਇਕ ਚੰਗਾ ਕਾਰਨ ਹੈ ਕਿ ਸ਼ੇਅਰ ਬਾਜ਼ਾਰ ਦਾ 95 ਫ਼ੀਸਦ ਭਾਰਤੀਆਂ ਦੀ ਜ਼ਿੰਦਗੀ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨ ਵਾਲੇ ਮੁੱਠੀ ਭਰ ਲੋਕ ਸਾਡੇ ਸਾਰਿਆਂ ਲਈ ਆਰਥਿਕ ਨੀਤੀਆਂ ਤੈਅ ਕਰਦੇ ਹਨ। ਮੁੱਖਧਾਰਾ ਦੇ ਅਰਥਸ਼ਾਸਤਰੀ ਜਾਣਨ ਭਾਵੇਂ ਨਾ ਜਾਣਨ, ਉਨ੍ਹਾਂ ਦੇ ਆਰਥਿਕ ਨੁਸਖਿਆਂ ਦਾ ਮਤਲਬ ਸਿਰਫ਼ ਇੰਨਾ ਹੁੰਦਾ ਹੈ ਕਿ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਲਈ ਵੱਧ ਤੋਂ ਵੱਧ ਮੁਨਾਫ਼ਾ ਮਿਲਦਾ ਰਹੇ।
ਦੁਨੀਆ ਭਰ ’ਚ ਜਿਵੇਂ ਅਹਿਲਕਾਰਾਂ ਵੱਲੋਂ ਮਹਿੰਗਾਈ ਦਰ ਨਾਲ ਸਿੱਝਿਆ ਜਾਂਦਾ ਹੈ, ਇਸ ਦੀ ਉਸ ਤੋਂ ਵਧੀਆ ਮਿਸਾਲ ਨਹੀਂ ਹੋ ਸਕਦੀ। ਰਵਾਇਤੀ ਅਰਥਸ਼ਾਸਤਰੀਆਂ ਵੱਲੋਂ ਕੀਮਤਾਂ ਵਿਚ ਵਾਧੇ ਦੇ ਕਾਰਨਾਂ ਬਾਰੇ ਦੋ ਵਡੇਰੀਆਂ ਦਲੀਲਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਪਹਿਲੀ ਇਹ ਹੈ ਕਿ ਕੀਮਤਾਂ ਦਾ ਆਮ ਪੱਧਰ ਇਸ ਗੱਲ ਤੋਂ ਤੈਅ ਹੁੰਦਾ ਹੈ ਕਿ ਕੁੱਲ ਕਿੰਨੇ ਧਨ ਦਾ ਲੈਣ ਦੇਣ ਹੋ ਰਿਹਾ ਹੈ ਤੇ ਇਹ ਕਿੰਨੀ ਤੇਜ਼ੀ ਨਾਲ ਇਕ ਹੱਥ ਤੋਂ ਦੂਜੇ ਹੱਥ ਵਿਚ ਤਬਦੀਲ ਹੁੰਦਾ ਹੈ। ਜੇ ਸਰਕਾਰਾਂ ਬਹੁਤ ਜ਼ਿਆਦਾ ਕਰਜ਼ਾ ਲੈਂਦੀਆਂ ਅਤੇ ਖਰਚ ਕਰਦੀਆਂ ਹਨ ਤਾਂ ਪੈਸੇ ਦੀ ਸਪਲਾਈ ਵਧ ਜਾਂਦੀ ਹੈ। ਜਦੋਂ ਕੇਂਦਰੀ ਬੈਂਕਾਂ ਨਵੇਂ ਨੋਟ ਛਾਪਦੀਆਂ ਹਨ ਅਤੇ ਕਾਰੋਬਾਰਾਂ ਤੇ ਆਮ ਲੋਕਾਂ ਨੂੰ ਸਸਤੇ ਭਾਅ ’ਤੇ ਕਰਜ਼ੇ ਲੈਣ ਦਿੰਦੀਆਂ ਹਨ ਤਾਂ ਵੀ ਧਨ ਜਾਂ ਪੈਸੇ ਦੀ ਸਪਲਾਈ ਵਧ ਜਾਂਦੀ ਹੈ। ਜਦੋਂ ਬਹੁਤ ਜ਼ਿਆਦਾ ਪੈਸਾ ਉਸੇ ਤਾਦਾਦ ਵਿਚ ਵਸਤਾਂ ਤੇ ਸੇਵਾਵਾਂ ਦਾ ਪਿੱਛਾ ਕਰਦਾ ਹੈ ਤਾਂ ਇਸ ਨਾਲ ਮਹਿੰਗਾਈ ਤੇਜ਼ ਰਫ਼ਤਾਰ ਨਾਲ ਵਧਦੀ ਹੈ।
ਲਿਹਾਜ਼ਾ, ਮਹਿੰਗਾਈ ਨਾਲ ਸਿੱਝਣ ਦਾ ਤਰੀਕਾ ਇਹ ਹੈ ਕਿ ਸਰਕਾਰਾਂ ਘੱਟ ਖਰਚਾ ਕਰਨ ਅਤੇ ਕੇਂਦਰੀ ਬੈਂਕਾਂ ਪੈਸੇ ਦੀ ਸਪਲਾਈ ਘਟਾਉਣ। ਇਸ ਦਾ ਸਭ ਤੋਂ ਤੇਜ਼ ਤਰਾਰ ਤਰੀਕਾ ਇਹ ਹੈ ਕਿ ਵਿਆਜ ਦਰਾਂ ਵਧਾ ਦਿੱਤੀਆਂ ਜਾਣ। ਜਦੋਂ ਵਿਆਜ ਦਰਾਂ ਉੱਚੀਆਂ ਹੋ ਜਾਂਦੀਆਂ ਹਨ ਤਾਂ ਖਪਤਕਾਰ ਤੇ ਕਾਰੋਬਾਰ ਕਰਜ਼ ਲੈਣਾ ਤੇ ਖਰਚ ਕਰਨਾ ਘੱਟ ਕਰ ਦਿੰਦੇ ਹਨ। ਇਸ ਨਾਲ ਵਸਤਾਂ ਤੇ ਸੇਵਾਵਾਂ ਦੀ ਮੰਗ ਆਪਣੇ ਆਪ ਘਟ ਜਾਂਦੀ ਹੈ ਤੇ ਇੰਝ ਮਹਿੰਗਾਈ ਨੂੰ ਨੱਥ ਪਾ ਲਈ ਜਾਂਦੀ ਹੈ।
ਦੂਜੀ ਦਲੀਲ ਰੁਜ਼ਗਾਰ ਤੇ ਉਜਰਤਾਂ ਨਾਲ ਜੁੜੀ ਹੈ ਅਤੇ ਇਹ ਇਕ ਤਰ੍ਹਾਂ ਮੁਦਰਾਵਾਦੀ ਥੀਸਿਸ ਦਾ ਸੁਭਾਵਿਕ ਸਿੱਟਾ ਬਣ ਜਾਂਦਾ ਹੈ। ਜੇ ਬਹੁਤ ਜ਼ਿਆਦਾ ਪੈਸਾ ਉਪਲਬਧ ਹੋਵੇ ਤਾਂ ਕਾਰੋਬਾਰ ਜ਼ਿਆਦਾ ਕਰਜ਼ਾ ਲੈ ਕੇ ਉਤਪਾਦਨ ’ਚ ਬਹੁਤ ਜ਼ਿਆਦਾ ਵਾਧਾ ਕਰ ਦਿੰਦੇ ਹਨ। ਜਿੰਨਾ ਜ਼ਿਆਦਾ ਨਿਵੇਸ਼ ਹੁੰਦਾ ਹੈ, ਓਨੀ ਜ਼ਿਆਦਾ ਕਿਰਤ ਦੀ ਲੋੜ ਪੈਂਦੀ ਹੈ। ਜਲਦੀ ਹੀ ਅਰਥਚਾਰਾ ਮੁਕੰਮਲ ਰੁਜ਼ਗਾਰ ਦੇ ਮੁਕਾਮ ’ਤੇ ਅੱਪੜ ਜਾਂਦਾ ਹੈ। ਹੁਣ ਜੇ ਕੋਈ ਕਾਰੋਬਾਰ ਨਵੀਂ ਫੈਕਟਰੀ ਖੋਲ੍ਹਣੀ ਜਾਂ ਉਤਪਾਦਨ ਵਧਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਹੋਰਨਾਂ ਫੈਕਟਰੀਆਂ ਤੋਂ ਕਾਮੇ ਪੁੱਟਣੇ ਪੈਣਗੇ। ਕਾਮੇ ਤਾਂ ਹੀ ਆਉਣਗੇ ਜੇ ਜ਼ਿਆਦਾ ਉਜਰਤਾਂ ਦਿੱਤੀਆਂ ਜਾਣਗੀਆਂ। ਉਹ ਕੰਮ ਦੇ ਘੰਟਿਆਂ ਵਿਚ ਸੌਖ ਦੀ ਵੀ ਮੰਗ ਕਰਨਗੇ। ਜਲਦੀ ਹੀ ਸਾਰੇ ਕਾਰੋਬਾਰਾਂ ਨੂੰ ਆਪਣੇ ਕਾਮਿਆਂ ਦੀਆਂ ਉਜਰਤਾਂ ਵਧਾਉਣੀਆਂ ਪੈਣਗੀਆਂ ਅਤੇ ਉਨ੍ਹਾਂ ਦੇ ਫ਼ੀ ਹਫ਼ਤਾ ਕੰਮ ਦੇ ਘੰਟੇ ਵੀ ਘਟਾਉਣੇ ਪੈਣਗੇ। ਇਸ ਨਾਲ ਕਾਰੋਬਾਰਾਂ ਦੀਆਂ ਲਾਗਤਾਂ ਵਧ ਜਾਣਗੀਆਂ ਅਤੇ ਇਉਂ ਵਧੀਆਂ ਹੋਈਆਂ ਲਾਗਤਾਂ ਪਰਚੂਨ ਕੀਮਤਾਂ ਵਿਚ ਜੋੜ ਕੇ ਖਪਤਕਾਰਾਂ ਦੇ ਖਾਤੇ ਵਿਚ ਪਾ ਦਿੱਤੀਆਂ ਜਾਂਦੀਆਂ ਹਨ। ਕਾਮਿਆਂ ਨੂੰ ਵੀ ਜਲਦੀ ਹੀ ਪਤਾ ਚੱਲ ਜਾਂਦਾ ਹੈ ਕਿ ਉਨ੍ਹਾਂ ਦੀਆਂ ਵਧੀਆਂ ਹੋਈਆਂ ਉਜਰਤਾਂ ਮਹਿੰਗਾਈ ਨਿਗਲ ਰਹੀ ਹੈ ਤੇ ਉਹ ਉਜਰਤਾਂ ਵਿਚ ਹੋਰ ਵਾਧੇ ਦੀ ਮੰਗ ਕਰਦੇ ਹਨ। ਉਨ੍ਹਾਂ ਨੂੰ ਮਹਿੰਗਾਈ ਵਧਦੀ ਰਹਿਣ ਦੀ ਉਮੀਦ ਹੁੰਦੀ ਹੈ ਤੇ ਇਹੀ ਉਮੀਦ ਉਨ੍ਹਾਂ ਨੂੰ ਆਪਣੀਆਂ ਉਜਰਤਾਂ ਵਿਚ ਚੋਖੇ ਵਾਧੇ ਦੀ ਮੰਗ ਲਈ ਉਕਸਾਉਂਦੀ ਰਹਿੰਦੀ ਹੈ। ਇਹ ਇਕ ਆਪਣੇ ਆਪ ਪੂਰੀ ਹੋਣ ਵਾਲੀ ਭਵਿੱਖਬਾਣੀ ਬਣ ਜਾਂਦੀ ਹੈ- ਰੁਜ਼ਗਾਰ ਦੇ ਅਵਸਰ ਵਧਣ ਨਾਲ ਉਜਰਤਾਂ ਵਧਦੀਆਂ ਹਨ, ਉਤਪਾਦਨ ਲਾਗਤਾਂ ਵਿਚ ਵਾਧਾ ਹੁੰਦਾ ਹੈ ਜਿਸ ਨਾਲ ਅੱਗੋਂ ਪਰਚੂਨ ਕੀਮਤਾਂ ਚੜ੍ਹ ਜਾਂਦੀਆਂ ਹਨ ਤੇ ਇਸ ਤਰ੍ਹਾਂ ਕਾਮਿਆਂ ਅੰਦਰ ਮਹਿੰਗਾਈ ਵਧਣ ਦੀਆਂ ਉਮੀਦਾਂ ਤੇਜ਼ ਹੋ ਜਾਂਦੀਆਂ ਹਨ ਤੇ ਫਿਰ ਉਹ ਉਜਰਤਾਂ ਵਿਚ ਹੋਰ ਵਾਧੇ ਦੀ ਤਵੱਕੋ ਕਰਦੇ ਹਨ ਤੇ ਇਸ ਨਾਲ ਮਹਿੰਗਾਈ ਹੋਰ ਤੇਜ਼ ਹੋ ਜਾਂਦੀ ਹੈ।
ਇਸ ਦਾ ਇਲਾਜ ਕੀ ਹੈ? ਅਰਥਸ਼ਾਸਤਰੀ ਸਰਕਾਰ ਨੂੰ ਖਰਚੇ ਵਿਚ ਕਟੌਤੀ ਕਰਨ ਅਤੇ ਕੇਂਦਰੀ ਬੈਂਕਾਂ ਨੂੰ ਪੈਸੇ ਦੀ ਸਪਲਾਈ ਕੱਸਣ ਦੀਆਂ ਨਸੀਹਤਾਂ ਦਿੰਦੇ ਹਨ। ਉਹ ਆਖਣਗੇ ਕਿ ਅਰਥਚਾਰਾ ਓਵਰਹੀਟ ਹੋ ਗਿਆ ਜਾਂ ਇਸ ਨੇ ਲੋੜੋਂ ਵੱਧ ਤੇਜ਼ੀ ਜਾਂ ਗਰਮੀ ਅਖਤਿਆਰ ਕਰ ਲਈ ਹੈ ਤੇ ਇਸ ਨੂੰ ਠੰਢਾ ਕਰਨ ਦਾ ਇਕੋ ਇਕ ਰਾਹ ਨਵੇਂ ਨਿਵੇਸ਼ ਵਿਚ ਕਮੀ ਕਰਨਾ ਹੈ। ਇਸ ਨਾਲ ਰੁਜ਼ਗਾਰ ਦੇ ਪੱਧਰ ਹੇਠਾਂ ਆ ਜਾਂਦੇ ਹਨ ਅਤੇ ਕਾਮਿਆਂ ਨੂੰ ਘੱਟ ਉਜਰਤਾਂ ’ਤੇ ਕੰਮ ਕਰਨਾ ਪੈਂਦਾ ਹੈ। ਉਜਰਤਾਂ ਵਿਚ ਕਟੌਤੀ ਨਾਲ ਲਾਗਤਾਂ ਘਟ ਜਾਂਦੀਆਂ ਹਨ ਅਤੇ ਪਰਚੂਨ ਕੀਮਤਾਂ ਵਿਚ ਕਮੀ ਆਉਂਦੀ ਹੈ ਜਿਸ ਨਾਲ ਅਰਥਚਾਰੇ ਵਿਚ ਕੁੱਲ ਕੀਮਤਾਂ ਦਾ ਪੱਧਰ ਹੇਠਾਂ ਆ ਜਾਂਦਾ ਹੈ।
ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਮਹਿੰਗਾਈ ਘਟਾਉਣ ਲਈ ਮੁਨਾਫ਼ਿਆਂ ਨੂੰ ਨਹੀਂ ਛੇੜਨਾ। ਮਹਿੰਗਾਈ ਨੂੰ ਕਾਬੂ ਕਰਨ ਲਈ ਕਾਮਿਆਂ ਦੀਆਂ ਉਜਰਤਾਂ ਨੂੰ ਨਿਸ਼ਾਨਾ ਬਣਾਉਣ ਦਾ ਇਕੋ ਇਕ ਕਾਰਨ ਇਹ ਯਕੀਨੀ ਬਣਾਉਣਾ ਹੈ ਕਿ ਮੁਨਾਫ਼ੇ ਜਿਉਂ ਦੇ ਤਿਉਂ ਬਣੇ ਰਹਿਣ। ਜੇ ਸਰਕਾਰਾਂ ਕੀਮਤਾਂ ਕੰਟਰੋਲ ਕਰ ਕੇ ਤੇ ਕਾਰੋਬਾਰਾਂ ਨੂੰ ਕਾਮਿਆਂ ਦੀਆਂ ਉਜਰਤਾਂ ਬਰਕਰਾਰ ਰੱਖਣ ਲਈ ਮਜਬੂਰ ਕਰ ਕੇ ਮਹਿੰਗਾਈ ਨਾਲ ਸਿੱਝਣ ਦਾ ਯਤਨ ਕਰਦੀਆਂ ਹਨ ਤਾਂ ਕਾਰੋਬਾਰੀਆਂ ਦੇ ਮੁਨਾਫ਼ਿਆਂ ਦੀ ਬਲੀ ਦੇਣੀ ਪੈਂਦੀ ਹੈ। ਇਸ ਤਰ੍ਹਾਂ ਕਰਨ ਨਾਲ ਕੰਪਨੀਆਂ ਦੇ ਸ਼ੇਅਰਾਂ ਦੇ ਮੁੱਲ ’ਤੇ ਅਸਰ ਪੈਂਦਾ ਹੈ ਕਿਉਂਕਿ ਇਹ ਭਵਿੱਖੀ ਮੁਨਾਫ਼ਿਆਂ ’ਤੇ ਟਿਕਿਆ ਹੁੰਦਾ ਹੈ। ਇਸ ਲਈ ਦੁਨੀਆ ਭਰ ਵਿਚ ਸਰਕਾਰਾਂ ਤੇ ਕੇਂਦਰੀ ਬੈਂਕਾਂ ਵੱਲੋਂ ਉਹੀ ਕੀਤਾ ਜਾਂਦਾ ਹੈ ਜੋ ਉਨ੍ਹਾਂ ਨੂੰ ਮੁੱਖਧਾਰਾ ਦੇ ਅਰਥਸ਼ਾਸਤਰੀਆਂ ਵੱਲੋਂ ਕਿਹਾ ਜਾਂਦਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਹਿੰਗਾਈ ਨੂੰ ਨਿਸ਼ਾਨਾ ਬਣਾਉਂਦਿਆਂ ਉਜਰਤਾਂ ਦੀ ਬਲੀ ਦਿੱਤੀ ਜਾਵੇ ਪਰ ਸਰਮਾਏਦਾਰ ਨੂੰ ਬਿਲਕੁਲ ਆਂਚ ਨਾ ਆਵੇ। ਉਂਝ, ਪੂਰੀ ਕਹਾਣੀ ਇਹ ਵੀ ਨਹੀਂ ਹੈ। ਹਾਲਾਂਕਿ ਹਰੇਕ ਸਰਮਾਏਦਾਰ ਦੀ ਲਾਲਸਾ ਹੁੰਦੀ ਹੈ ਕਿ ਵੱਧ ਤੋਂ ਵੱਧ ਮੁਨਾਫ਼ਾ ਕਮਾਇਆ ਜਾਵੇ ਪਰ ਸਰਮਾਏਦਾਰੀ ਨਿਜ਼ਾਮ ਦੀ ਸਮੂਹਿਕ ਹਵਸ ਧਨ ਇਕੱਤਰ ਕਰਨ ਦੀ ਹੁੰਦੀ ਹੈ। ਜੇ ਸਰਕਾਰਾਂ ਅਤੇ ਕੇਂਦਰੀ ਬੈਂਕਾਂ ਨਿਵੇਸ਼ ਵਿਚ ਕਮੀ ਲਿਆ ਕੇ ਮਹਿੰਗਾਈ ’ਤੇ ਕਾਬੂ ਪਾਉਂਦੀਆਂ ਹਨ ਤਾਂ ਇਸ ਨਾਲ ਧਨ ਇਕੱਠਾ ਕਰਨ ਦਾ ਇਹ ਅਮਲ ਵੀ ਪ੍ਰਭਾਵਿਤ ਹੁੰਦਾ ਹੈ। ਜੇ ਵਿਕਾਸ ਦੀ ਰਫ਼ਤਾਰ ਉਜਰਤਾਂ ਦੇ ਵਾਧੇ ਦੀ ਦਰ ਨਾਲੋਂ ਜ਼ਿਆਦਾ ਰਹਿੰਦੀ ਹੈ ਤਾਂ ਮਹਿੰਗਾਈ ਦਰ ਦਾ ਸਰਮਾਏਦਾਰ ਦੇ ਮੁਨਾਫ਼ਿਆਂ ’ਤੇ ਕੋਈ ਅਸਰ ਨਹੀਂ ਪੈਂਦਾ। ਇਹ ਸੰਭਵ ਹੈ ਕਿ ਮਹਿੰਗਾਈ ਤੇ ਉਜਰਤਾਂ ਵਿਚ ਵਾਧਾ ਹੁੰਦਾ ਰਹਿੰਦਾ ਹੈ ਪਰ ਇਸ ਵਾਧੇ ਦੀ ਦਰ ਮੁਨਾਫ਼ੇ ਦੀ ਦਰ ਨਾਲੋਂ ਘੱਟ ਹੁੰਦੀ ਹੈ।
ਸਰਕਾਰਾਂ ਤੇ ਕੇਂਦਰੀ ਬੈਂਕਾਂ ਵੱਲੋਂ ਮਹਿੰਗਾਈ ਨੂੰ ਨਿਸ਼ਾਨਾ ਬਣਾਏ ਜਾਣ ਦਾ ਅਸਲ ਕਾਰਨ ਇਹ ਹੈ ਕਿ ਵਿੱਤੀ ਸਰਮਾਇਆ ਹੀ ਦੁਨੀਆ ’ਤੇ ਰਾਜ ਕਰ ਰਿਹਾ ਹੈ। ਜੇ ਮਹਿੰਗਾਈ ਵਧਦੀ ਹੈ ਤਾਂ ਵਿੱਤੀ ਅਸਾਸਿਆਂ ਦਾ ਮੁੱਲ ਘਟ ਜਾਂਦਾ ਹੈ। ਆਖ਼ਰਕਾਰ 11 ਫ਼ੀਸਦ ਮਹਿੰਗਾਈ ਦੀ ਦਰ ’ਤੇ 15 ਫ਼ੀਸਦ ਰਿਟਰਨ ਦੇਣ ਨਾਲੋਂ ਚਾਰ ਫ਼ੀਸਦ ਮਹਿੰਗਾਈ ’ਤੇ 10 ਫ਼ੀਸਦ ਰਿਟਰਨ ਦੇਣਾ ਕਿਤੇ ਬਿਹਤਰ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਮੁਲਕਾਂ ਅੰਦਰ ਮਹਿੰਗਾਈ ਨੂੰ ਕਾਬੂ ਕਰ ਕੇ ਰੱਖਣ ਦੀ ਧਾਰਨਾ ਸਰਬ-ਵਿਆਪੀ ਬਣ ਗਈ ਹੈ ਤਾਂ ਕਿ ਵਿੱਤੀ ਅਸਾਸੇ ਆਪਣਾ ਮੁੱਲ ਨਾ ਗੁਆ ਲੈਣ।
ਇਸੇ ਕਰਕੇ ਸ਼ੇਅਰ ਬਾਜ਼ਾਰ ਭਾਵੇਂ 95 ਫ਼ੀਸਦ ਆਬਾਦੀ ਨੂੰ ਸਿੱਧੇ ਤੌਰ ’ਤੇ ਆਪਣੇ ਕੰਮ ਵਿਚ ਸ਼ਾਮਲ ਨਹੀਂ ਕਰਦਾ ਪਰ ਉੱਥੇ ਜੋ ਕੁਝ ਵੀ ਵਾਪਰਦਾ ਹੈ, ਉਸ ਨਾਲ ਹਰੇਕ ਬੰਦੇ ਦਾ ਆਰਥਿਕ ਵਜੂਦ ਤੈਅ ਹੁੰਦਾ ਹੈ।