ਕੇਹਰ ਸ਼ਰੀਫ਼
ਉਹ ਸਾਊ ਦਿਸਦਾ ਮਨੁੱਖ
ਦਿਨ ਦੇ ਡੁੱਬਣ ਨਾਲ
ਉੱਚੇ ਟਿੱਬੇ ’ਤੇ ਖੜ੍ਹ ਕੇ
ਡੁੱਬਦੇ ਸੂਰਜ ਨੂੰ ਦੇਖਦਿਆਂ
ਅਕਸਰ ਸੋਚਦਾ ਹੈ-
ਦਿਨ ਤਾਂ ਚਲਾ ਗਿਆ
ਅੱਜ ਕੀ ਖੱਟਿਆ?
ਅੱਜ ਕੀ ਕਮਾਇਆ?
ਦੂਰ ਖੜ੍ਹਾ, ਉਸਦਾ ਦੋਸਤ
ਕੁੜ੍ਹਦਾ ਹੈ, ਨੱਕ-ਬੁੱਲ੍ਹ ਟੇਰਦਾ ਹੈ
ਹਮੇਸ਼ ਦੀ ਤਰ੍ਹਾਂ-
ਇਹ ਕਿਉਂ ਨਹੀਂ ਸੋਚਦਾ
ਓਹਨੇ ਕੀ ਪੜ੍ਹਿਆ
ਓੁਹਨੇ ਕੀ ਲਿਖਿਆ
ਓਹਨੇ ਕੀ ਕੀਤਾ
ਕਿਸੇ ਦਾ ਦੁੱਖ ਸੁਣਿਆ
ਕਿਸੇ ਦਾ ਦੁੱਖ ਜਰਿਆ
ਕਿਸੇ ਦੇ ਹੰਝੂ ਪੂੰਝੇ
ਕਿਸੇ ਨੂੰ ਹਸਾਇਆ?
ਕੀ ਸੱਚਮੁੱਚ ਹੀ, ਅਸੀਂ ਹੁਣ
ਮਨੁੱਖੀ ਵਿਹਾਰ ਵਿਸਾਰ ਦਿੱਤਾ ਹੈ?
ਜ਼ਿੰਦਗੀ ਦੇ ਬਾਣੀਏ ਹੋ ਗਏ ਹਾਂ, ਅਸੀਂ?
ਅਤੇ –
ਖੱਟਣਾ-ਕਮਾਉਣਾ ਹੀ
ਸਾਡਾ ਆਪਾ ਹੋ ਗਿਆ ਹੈ?
ਇੰਜ ਉਹ
ਬਹੁਤ ਬੇਚੈਨ ਨਜ਼ਰ ਆਉਂਦਾ ਹੈ
ਸ਼ਰਮਿੰਦਗੀ ਦਾ ਮਾਰਿਆ
ਬਿਨਾਂ ਕੁਝ ਬੋਲੇ- ਨੀਵੀਆਂ ਅੱਖਾਂ ਨਾਲ
ਚੁੱਪ ਦੀ ਬੁੱਕਲ਼ ਮਾਰ ਕੇ
ਡੁੱਬਦੇ ਸੂਰਜ ਵੱਲ ਪਿੱਠ ਕਰਕੇ
ਆਪਣੀ ਕਬਰ ਵੱਲ ਤੁਰ ਪਿਆ ਹੈ
ਸੂਰਜ ਅਜੇ ਵੀ ਡੁੱਬ ਰਿਹਾ ਹੈ।
ਸੰਪਰਕ ਵਟਸਐਪ: +491733546050