ਮਨਦੀਪ
ਅਰਜਨਟਾਈਨਾ ਦੀਆਂ 28ਵੀਆਂ ਰਾਸ਼ਟਰਪਤੀ ਚੋਣਾਂ ਵਿਚ ‘ਸੁਤੰਤਰਾਵਾਦੀ’ ਪਾਰਟੀ ਦੇ ਉਮੀਦਵਾਰ ਖਾਵੀਅਰ ਮਿਲੇਅ ਵਿਰੋਧੀ ਧਿਰ ਦੇ ਉਮੀਦਵਾਰ ਸਿਰਖੀਓ ਮਾਸਾ ਨੂੰ 44.3% ਦੇ ਮੁਕਾਬਲੇ 55.7% ਵੋਟਾਂ ਦੇ ਫਰਕ ਨਾਲ ਹਰਾ ਕੇ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਹੋ ਚੁੱਕੇ ਹਨ। ‘ਸਨਕੀ’ ਤੇ ‘ਮੈਡਮੈਨ’ ਵਜੋਂ ਮਸ਼ਹੂਰ ਖਾਵੀਅਰ ਮਿਲੇਅ ਅਰਾਜਕਤਾਵਾਦੀ ਅਰਥ ਸ਼ਾਸਤਰੀ ਹਨ ਅਤੇ ਇਸ ਸਮੇਂ ਆਪਣੇ ਤਿੱਖੇ ਆਰਥਿਕ-ਸਿਆਸੀ ਸੁਧਾਰਾਂ ਦੇ ਐਲਾਨਾਂ ਕਰ ਕੇ ਆਲਮੀ ਸਿਆਸਤ ਵਿਚ ਖਿੱਚ ਦਾ ਕੇਂਦਰ ਹਨ। ਗੁਲਾਬੀ ਵਾਅਦਿਆਂ ਵਾਲੀ ਸਾਬਕਾ ਖੱਬੇ ਪੱਖੀ ਸਰਕਾਰ ਦੇ ਰਾਜਕਾਲ ਸਮੇਤ ਪਿਛਲੇ ਇਕ ਦਹਾਕੇ ਤੋਂ ਅਰਜਨਟਾਈਨਾ ਦੇਸ਼ ਪੱਧਰੀ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਵਧਦਾ ਵਿੱਤੀ ਘਾਟਾ ਤੇ ਵਿਦੇਸ਼ੀ ਕਰਜ਼, ਵਿਦੇਸ਼ੀ ਕਰੰਸੀ ਦੀ ਕਾਲਾ ਬਾਜ਼ਾਰੀ, ਜ਼ਖੀਰੇਬਾਜ਼ੀ, ਵੱਧ ਵਿਆਜ ਦਰਾਂ, ਮੁਦਰਾ ਦੀ ਲਗਾਤਾਰ ਘਟਦੀ ਕੀਮਤ ਆਦਿ ਵਰਗੀਆਂ ਅਲਾਮਤਾਂ ਅਰਜਨਟਾਈਨਾ ਦੀ ਆਰਥਿਕਤਾ ਨੂੰ ਕੈਂਸਰ ਵਾਂਗ ਚਿੰਬੜੀਆਂ ਹੋਈਆਂ ਹਨ। ਹੁਣ ਮਿਲੇਅ ਵੱਲੋਂ ਚਿੰਨ੍ਹਾਤਮਕ ਤੌਰ ’ਤੇ ਹੱਥ ਵਿਚ ਆਰਾ ਫੜ ਕੇ ਕੀਤੇ ਤਿੱਖੇ ਤੇ ਅਰਾਜਕ ਆਰਥਿਕ ਸੁਧਾਰਾਂ ਦੇ ਐਲਾਨਾਂ ਨੂੰ ਇੱਕ ਪਾਸੇ ਰਾਹਤ ਅਤੇ ਦੂਸਰੇ ਪਾਸੇ ਵੱਡੇ ਆਰਥਿਕ ਸਦਮੇ ਵਜੋਂ ਦੇਖਿਆ ਜਾ ਰਿਹਾ ਹੈ।
ਖੁਦ ਨੂੰ ਚਿਲੀ ਦੇ ਤਨਾਸ਼ਾਹ ਅਗਸਤੋ ਪਿਨੋਚੇ ਦਾ ਪੈਰੋਕਾਰ ਕਹਿਣ ਵਾਲੇ ਖਾਵੀਅਰ ਮਿਲੇਅ ਦੁਆਰਾ ਐਲਾਨੀ ਅਰਾਜਕ ਸਦਮਾ ਥਰੈਪੀ ਵਿਚੋਂ ਚਿਲੀ ਦੇ 1973 ਦੇ ਖੂਨੀ ਤਖਤਾ ਪਲਟ ਦੌਰਾਨ ਕੀਤੇ ਗਏ ਉਜਾੜਾਪਾਊ ਤਿੱਖੇ ਆਰਥਿਕ ਸੁਧਾਰਾਂ ਦਾ ਪਰਛਾਵਾਂ ਦੇਖਿਆ ਜਾ ਸਕਦਾ ਹੈ। ਮਿਲੇਅ ਆਪਣੀ ਕੱਟੜਪੰਥੀ ਰਾਜਨੀਤਕ ਅਤੇ ਆਰਥਿਕ ਵਿਚਾਰ ਮੁਹਿੰਮ ਨਾਲ ਲੰਮੇ ਸਮੇਂ ਦੀ ਆਰਥਿਕ ਖੜੋਤ ਕਾਰਨ ਵਿਆਪਕ ਨਿਰਾਸ਼ਾ ਵਿਚ ਡੁੱਬੇ ਲੋਕਾਂ ਨੂੰ ਤਿੱਖੇ ਨਵਉਦਾਰਵਾਦੀ ਸੁਧਾਰਾਂ ਦੇ ਐਲਾਨਾਂ ਨਾਲ ਮੰਤਰਮੁਗਧ ਕਰ ਕੇ ਕੁਰਸੀ ਸੰਭਾਲਣ ਵਿਚ ਸਫਲ ਹੋਇਆ ਹੈ। ਉਸ ਦੁਆਰਾ ਮਨੁੱਖੀ ਅੰਗਾਂ ਦੀ ਵਿਕਰੀ ਨੂੰ ਕਾਨੂੰਨੀ ਰੂਪ ਦੇਣ, ਸਮਾਜਿਕ ਖਰਚਿਆਂ ਵਿਚ ਭਾਰੀ ਕਟੌਤੀ ਕਰਨ, ਅਰਜਨਟਾਈਨਾ ਦੇ 1976-83 ਦੇ ਤਾਨਾਸ਼ਾਹੀ ਹਕੂਮਤ ਦੇ ਅਪਰਾਧਾਂ ਨੂੰ ਰੱਦ ਕਰਨ, ਅਰਜਨਟਾਈਨਾ ਦੇ ਦੋ ਸਭ ਤੋਂ ਮਹੱਤਵਪੂਰਨ ਵਪਾਰਕ ਭਾਈਵਾਲਾਂ ਬ੍ਰਾਜ਼ੀਲ ਅਤੇ ਚੀਨ ਨਾਲ ਸਬੰਧਾਂ ’ਤੇ ਕੱਟ ਲਾਉਣ, ਅਰਜਨਟਾਈਨਾ ਦੇ ਕੇਂਦਰੀ ਬੈਂਕ ਨੂੰ ਖਤਮ ਕਰਨ ਅਤੇ ਆਰਥਿਕਤਾ ਦਾ ਡਾਲਰੀਕਰਨ ਕਰਨ ਦਾ ਦਾਅਵਾ ਕਰਨ, ਬਰਿਕਸ ਵਿਚੋਂ ਬਾਹਰ ਆਉਣ, ਕੱਟੜਪੰਥੀ ਆਰਥਿਕ ਸੁਧਾਰਾਂ ਦੀ ਲੜੀ ਵਜੋਂ ਬਿਜਲੀ ਅਤੇ ਟਰਾਂਸਪੋਰਟ ਸਬਸਿਡੀਆਂ ਘਟਾਉਣ, ਦੇਸ਼ ਦੀ ਮੁਦਰਾ ਪੈਸੋ ਨੂੰ 50% ਤੋਂ ਵੱਧ ਘਟਾਉਣ, ਸਰਕਾਰੀ ਮੰਤਰਾਲਿਆਂ ਦੀ ਗਿਣਤੀ 18 ਤੋਂ ਘਟਾ ਕੇ 9 ਕਰਨ, ਜਨਤਕ ਕੰਮਾਂ ਨੂੰ ਮੁਅੱਤਲ ਕਰਨ, ਸਾਇੰਸ, ਸੱਭਿਆਚਾਰਕ, ਸਿਹਤ ਸੰਭਾਲ ਅਤੇ ਸਿੱਖਿਆ ਪ੍ਰਣਾਲੀਆਂ ਦਾ ਨਿੱਜੀਕਰਨ ਕਰ ਕੇ ਚਾਰ ਵੱਡੀਆਂ ਪ੍ਰਾਈਵੇਟ ਕਾਰਪੋਰੇਸ਼ਨਾਂ ਨੂੰ ਸੌਂਪਣ, ਚਾਰ ਪ੍ਰਾਈਵੇਟ ਜੇਲ੍ਹਾਂ ਬਣਾਉਣ ਦੇ ਨੁਸਖਿਆਂ ਨੂੰ ਅਰਜਨਟਾਈਨਾ ਦੀ ਬਿਮਾਰ ਆਰਥਿਕਤਾ ਲਈ ਔਸ਼ਧੀ ਵਾਂਗ ਪੇਸ਼ ਕੀਤਾ ਜਾ ਰਿਹਾ ਹੈ।
ਇੱਕ ਦਹਾਕੇ ਤੋਂ ਅਰਜਨਟਾਈਨਾ ਵੱਡੀਆਂ ਆਰਥਿਕ ਚੁਣੌਤੀਆਂ ਅਤੇ ਰਾਜਨੀਤਕ ਅਸਥਿਰਤਾ ਵਿਚੋਂ ਗੁਜ਼ਰ ਰਿਹਾ ਹੈ। ਸਥਾਨਕ ਮੁਦਰਾ ਪੈਸੋ ਦੀ ਵਟਾਂਦਰਾ ਦਰ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ 800 ਪੈਸੋ ਤੱਕ ਅੱਪੜ ਗਈ ਹੈ ਜੋ ਆਰਥਿਕਤਾ ਦੇ ਮੌਜੂਦਾ ਇਤਿਹਾਸ ਵਿਚ ਵੱਡੀ ਗਿਰਾਵਟ ਹੈ। ਅਰਜਨਟਾਈਨਾ ਦੀ 40.1 ਪ੍ਰਤੀਸ਼ਤ ਵਸੋਂ ਗਰੀਬੀ ਰੇਖਾ ਤੋਂ ਹੇਠਾਂ ਹੈ ਅਤੇ ਇਸ ਦੀ ਸਾਲਾਨਾ ਮਹਿੰਗਾਈ ਦਰ 160.90 (ਨਵੰਬਰ 2023) ਫੀਸਦ ਸਾਲਾਨਾ ਦੇ ਹਿਸਾਬ ਨਾਲ ਸੰਸਾਰ ਦੀ ਸਭ ਤੋਂ ਉੱਚੀ ਮਹਿੰਗਾਈ ਦਰ ਹੈ। ਲੋਕਾਂ ਦੀ ਆਮਦਨ ਤੇ ਜੀਵਨ ਪੱਧਰ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ। ਸਜਾਵਟੀ ਵਸਤਾਂ, ਖਿਡੌਣੇ, ਫਰਨੀਚਰ, ਆਟੋ ਸਨਅਤ ਆਦਿ ਦਾ ਉਤਪਾਦਨ ਹੇਠਾਂ ਡਿੱਗ ਚੁੱਕਾ ਹੈ; ਇਹ ਖੇਤਰ ਬੁਰੀ ਤਰ੍ਹਾਂ ਮੰਦੀ ਦੀ ਮਾਰ ਹੇਠ ਹਨ। ਤੇਲ, ਸੋਇਆਬੀਨ, ਮੱਕੀ, ਕਣਕ, ਗਾਂ ਤੇ ਸੂਰ ਦਾ ਮੀਟ, ਆਟਾ, ਦਾਲਾਂ, ਖੰਡ, ਪਾਸਤਾ ਆਦਿ ਜ਼ਰੂਰੀ ਵਸਤਾਂ ਦੇ ਰੇਟ ਅਸਮਾਨ ਛੂਹ ਰਹੇ ਹਨ। ਵਿਦੇਸ਼ੀ ਮੁਦਰਾ ਦੀ ਬਲੈਕ ਮਾਰਕਿਟਿੰਗ ਜ਼ੋਰਾਂ ’ਤੇ ਹੈ। ਵਿੱਤੀ ਘਾਟਾ 4.3% ਤੱਕ ਦੀ ਨਿਵਾਣ ਛੂਹ ਰਿਹਾ ਹੈ ਅਤੇ ਕੁੱਲ ਘਰੇਲੂ ਪੈਦਾਵਰ 0.8 ਫੀਸਦ ਤੱਕ ਹੇਠਾਂ ਡਿੱਗ ਗਈ ਹੈ। ਬੇਰੁਜ਼ਗਾਰੀ ਦਰ 8.4% ਤੱਕ ਵਧ ਗਈ ਹੈ ਅਤੇ ਸਨਅਤੀ ਪੈਦਵਾਰ ਵਿਕਾਸ ਦਰ ਮਨਫ਼ੀ 0.3% ਤੱਕ ਘਟ ਗਈ ਹੈ। ਆਰਥਿਕ ਮੰਦਹਾਲੀ ਨਾਲ ਨਜਿੱਠਣ ਲਈ ਪਿਛਲੀ ਸਰਕਾਰ ਨੂੰ ਕੇਂਦਰੀ ਬੈਂਕ ਨੂੰ ਆਪਣੇ 255 ਮਿਲੀਅਨ ਡਾਲਰ ਦੇ ਭੰਡਾਰ ਵੇਚਣ ਤੱਕ ਦਾ ਆਦੇਸ਼ ਦੇਣਾ ਪਿਆ ਸੀ। ਅਰਜਨਟਾਈਨਾ ਸਿਰ ਚੜ੍ਹੇ 276.2 ਅਰਬ ਡਾਲਰ (ਕੁੱਲ ਜੀਡੀਪੀ ਦਾ 45%) ਦੇ ਕੁੱਲ ਬਾਹਰੀ ਕਰਜ਼ ਵਿਚੋਂ 46 ਅਰਬ ਡਾਲਰ ਇਕੱਲੇ ਆਈਐਮਐਫ ਦਾ ਕਰਜ਼ ਹੈ ਜੋ ਅਰਜਨਟਾਈਨਾ ਲਈ ਵੱਡਾ ਬੋਝ ਹੈ। ਸਰਕਾਰ ਦੀ ਆਮਦਨ ਦਾ ਵੱਡਾ ਹਿੱਸਾ ਕਰਜ਼ ਦਾ ਵਿਆਜ ਮੋੜਨ ਦੇ ਵੀ ਸਮਰੱਥ ਨਹੀਂ। ਕਰਜ਼ ਅਤੇ ਉਸ ਦੇ ਵਿਆਜ ਦੀ ਦੇਣਦਾਰੀ ਅਮਰੀਕੀ ਡਾਲਰ ਵਿਚ ਹੋਣ ਕਰ ਕੇ ਅਮਰੀਕੀ ਫੈਡਰਲ ਬੈਂਕ ਵੱਲੋਂ ਵਧਾਈਆਂ ਜਾਂਦੀਆਂ ਵਿਆਜ ਦਰਾਂ ਕਾਰਨ ਅਰਜਨਟਾਈਨਾ ਸਿਰ ਕਰਜ਼ ਦੀ ਕੀਮਤ ਵਧ ਰਹੀ ਹੈ ਅਤੇ ਸਥਾਨਕ ਕਰੰਸੀ ਦੀ ਕੀਮਤ ਘਟਣ ਕਾਰਨ ਇਹ ਬੋਝ ਹੋਰ ਵਧ ਰਿਹਾ ਹੈ। ਇਸ ਤੋਂ ਇਲਾਵਾ ਸਥਾਨਕ ਮੁਦਰਾ ਦੇ ਲਗਾਤਾਰ ਹੇਠਾਂ ਵੱਲ ਜਾਣ, ਆਰਥਿਕ ਸਿਆਸੀ ਅਸਥਿਰਤਾ ਅਤੇ ਕੇਂਦਰੀ ਬੈਂਕ ਦੀਆਂ ਵਿਆਜ ਦਰਾਂ ਵੱਧ (133 ਫੀਸਦ) ਹੋਣ ਕਾਰਨ ਦੇਸ਼ ਵਿਚ ਵਿਦੇਸ਼ੀ ਨਿਵੇਸ਼ ਵੀ ਲਗਾਤਾਰ ਘਟ ਰਿਹਾ ਹੈ।
ਕੰਗਾਲੀ ਦੇ ਕਗਾਰ ’ਤੇ ਪੁੱਜੇ ਦੇਸ਼ ਦੀ ਸਿਅਸਤ ਵਿਚ ਅਚਾਨਕ ਫਾਸ਼ੀਵਾਦੀ ਰੁਚੀਆਂ ਦੇ ਮਾਲਕ, ਅਰਾਜਕ ਸ਼ਖ਼ਸ ਦਾ ਰਾਸ਼ਟਰਪਤੀ ਬਣਨਾ ਕਈ ਖਦਸ਼ੇ ਖੜ੍ਹੇ ਕਰਦਾ ਹੈ। ਬਚਪਨ ਵਿਚ ਘਰੇਲੂ ਬਦਸਲੂਕੀ ਦਾ ਸ਼ਿਕਾਰ ਖਾਵੀਅਰ ਮਿਲੇਅ ਸ਼ੁਰੂ ਤੋਂ ਹੀ ਅਰਾਜਕ, ਰੁੱਖੇ ਤੇ ਸਨਕੀ ਸੁਭਾਅ ਕਾਰਨ ‘ਪਾਗਲ’ (ਐਲ ਲੋਕੋ) ਦੇ ਨਾਂ ਨਾਲ ਮਸ਼ਹੂਰ ਸੀ। ਉਸ ਦੇ ਸਨਕ ਤੇ ਅਰਾਜਕ ਸੁਭਾਅ ਦਾ ਨਿਰਣਾ ਉਸ ਦੇ ਜਨਤਕ ਬਿਆਨ ਤੋਂ ਲਗਾਇਆ ਜਾ ਸਕਦਾ ਹੈ ਜਦੋਂ ਉਹ ਕਹਿੰਦਾ ਹੈ ਕਿ “ਉਸ ਦੀਆਂ ਆਰਥਿਕ ਨੀਤੀਆਂ ਬਾਰੇ ਉਸ ਦਾ ਮਰਿਆ ਹੋਇਆ ਕੁੱਤਾ ‘ਕੋਨਨ’ ਜਿਹੜਾ ਹੁਣ ਕਿਸੇ ਹੋਰ ਜੂਨ ’ਚ ਚਲਾ ਗਿਆ ਹੈ, ਉਸ ਨੂੰ ਸਲਾਹ ਦਿੰਦਾ ਹੈ”। ਇਸ ਸਨਕ ਲਈ ਉਸ ਨੇ ਪੰਜਾਹ ਹਜ਼ਾਰ ਅਮਰੀਕੀ ਡਾਲਰ ਖਰਚ ਕੇ ਕੋਨਨ ਦੇ 5 ਕਲੋਨ ਤਿਆਰ ਕਰਵਾਏ ਹਨ ਅਤੇ ਇਨ੍ਹਾਂ ਕੁੱਤਿਆਂ ਦੇ ਨਾਮ ਖੁੱਲ੍ਹੀ ਮੰਡੀ ਦੇ ਪੈਰੋਕਾਰ ਪੰਜ ਮਸ਼ਹੂਰ ਅਰਥ ਸ਼ਾਸਤਰੀਆਂ ਦੇ ਨਾਮ ’ਤੇ ਰੱਖੇ ਹਨ। ਪੰਜਾਂ ਵਿਚੋਂ ਇੱਕ ਕੁੱਤੇ ਦਾ ਨਾਮ ਉਸ ਨੇ ਮਿਲਟਨ ਫਰਾਇਡਮੈਨ ਰੱਖਿਆ ਹੈ। ਹੁਣ ਸਵਾਲ ਹੈ: ਕੰਗਾਲੀ ਦੀ ਕਗਾਰ ’ਤੇ ਪੁੱਜੇ ਦੇਸ਼ ਅਤੇ ਕਾਰਪੋਰੇਟਰਾਂ ਨੇ ਸਿਆਸੀ ਤੌਰ ’ਤੇ ਗੈਰ-ਤਜਰਬੇਕਾਰ, ਸਨਕੀ ਤੇ ਅਰਾਜਕ ਸ਼ਖ਼ਸ ਨੂੰ ਕਿਉਂ ਚੁਣਿਆ?
ਕੋਵਿਡ ਕਾਲ ਦੌਰਾਨ ਉਸ ਨੇ ਸੋਸ਼ਲ ਮੀਡੀਆ, ਟੀਵੀ ਸ਼ੋਆਂ ਤੇ ਜਨਤਕ ਭਾਸ਼ਣਾਂ ਵਿਚ ਕੁਲੀਨ ਵਿਰੋਧੀ ਅਤੇ ਸੁਤੰਤਰਤਾ ਪੱਖੀ ਭਾਸ਼ਣ ਦੇ ਕੇ ਆਮ ਲੋਕਾਂ, ਖਾਸਕਰ ਨੌਜਵਾਨਾਂ ਵਿਚ ਆਪਣਾ ਚੋਖਾ ਪ੍ਰਭਾਵ ਸਿਰਜਿਆ; ਉਸ ਦੇ ਵੋਟਰਾਂ ਵਿਚ ਬਹੁਗਿਣਤੀ (60%) ਨੌਜਵਾਨਾਂ ਸਨ। ਇਤਿਹਾਸਕ ਤੌਰ ’ਤੇ ਤੱਥ ਦਿਖਾਉਂਦੇ ਹਨ ਕਿ ਅਰਜਨਟਾਈਨਾ ਸਮੇਤ ਲਾਤੀਨੀ ਅਮਰੀਕਾ ਦੇ ਨੌਜਵਾਨ ਆਮ ਤੌਰ ’ਤੇ ਖੱਬੇ ਪੱਖੀ ਸਿਆਸਤ ਤੋਂ ਪ੍ਰਭਾਵਿਤ ਰਹੇ ਹਨ ਪਰ ਪਿਛਲੇ ਕੁਝ ਦਹਾਕਿਆਂ ਤੋਂ ਲਾਤੀਨੀ ਅਮਰੀਕਾ ਦੇ ਪਾਰਲੀਮਾਨੀ ਖੱਬੇ ਪੱਖੀ ਆਮ ਲੋਕਾਂ ਵਿਚ ਆਪਣਾ ਵਿਸ਼ਵਾਸ ਲਗਾਤਾਰ ਗੁਆ ਰਹੇ ਹਨ। ਮਿਲੇਅ ਨੇ ‘ਮੀਡੀਆ ਮੈਨ’ ਬਣ ਕੇ ਇਸ ਖੱਬੀ ਉਪਰਾਮਤਾ ਦਾ ਲਾਹਾ ਲਿਆ ਅਤੇ ਸੰਸਾਰ ਭਰ ਵਿਚ ਉੱਭਰ ਰਹੇ ਪਿਛਾਖੜੀ ਤੇ ਫਾਸ਼ੀਵਾਦੀ ਰੁਝਾਨ ਦੀਆਂ ਅਰਾਜਕ ਨੀਤੀਆਂ ਤੇ ਫ਼ੈਸਲਿਆਂ ਨੂੰ ਆਪਣੀ ਚੋਣ ਮੁਹਿੰਮ ਦਾ ਹਿੱਸਾ ਬਣਾਇਆ। ਉਸ ਨੇ ਇਜ਼ਰਾਈਲ ਦਾ ਝੰਡਾ ਲਹਿਰਾ ਕੇ, ਬ੍ਰਾਜ਼ੀਲ ਤੇ ਚੀਨ ਨਾਲ ਵਪਾਰਕ ਸਬੰਧਾਂ ’ਤੇ ਕੱਟ ਲਾਉਣ, ਬਰਿਕਸ ਤੋਂ ਬਾਹਰ ਆਉਣ, ਪਿਛਾਖੜੀ ਜਾਇਰ ਬੋਲਸੋਨਾਰੋ ਤੇ ਡੋਨਲਡ ਟਰੰਪ ਨਾਲ ਨੇੜਤਾ, ਖੁਦ ਨੂੰ ਤਾਨਾਸ਼ਾਹ ਅਗਸਤੋ ਪਿਨੋਸ਼ੇ ਦਾ ਪੈਰੋਕਾਰ ਅਤੇ ‘ਅਰਾਜਕ ਪੂੰਜੀਪਤੀ’ ਗਰਦਾਨ ਕੇ ਸੰਸਾਰ ਸਾਹਮਣੇ ਭੂ-ਸਿਆਸੀ ਤੌਰ ’ਤੇ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ ਉਹ ਅਰਜਨਟਾਈਨਾ ਨੂੰ ਅਮਰੀਕੀ ਸਾਮਰਾਜ ਦੀ ਨਵ-ਬਸਤੀ ਬਣਾਉਣ ਲਈ ਨੇਤਨਯਾਹੂ ਜਾਂ ਯੇਲੰਸਕੀ ਤੋਂ ਘੱਟ ਨਹੀਂ। ਦੂਸਰਾ, ਲੋਕ ਸਾਬਕਾ ਖੱਬੇ ਪੱਖੀ ਸਰਕਾਰ ਤੋਂ ਹਤਾਸ਼ ਸਨ ਜੋ ਆਪਣੇ ਕੀਤੇ ਵਾਅਦਿਆਂ ਉੱਤੇ ਖਰੀ ਨਹੀਂ ਉੱਤਰੀ ਅਤੇ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੀ ਰਹੀ, ਦੇਸ਼ ਦੀ ਹਾਲਤ ਲਗਾਤਾਰ ਨਿਘਰਦੀ ਗਈ। ਤੀਸਰਾ, ਮਿਲੇਅ ਨੂੰ ਅਰਜਨਟਾਈਨਾ ਦੇ ਸਾਬਕਾ ਰਾਸ਼ਟਰਪਤੀ ਮੌਰੀਸੀਓ ਮਾਕਰੀ, ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰ ਅਤੇ ਅਮਰੀਕਾ ਦੇ ਡੋਨਾਲਡ ਟਰੰਪ ਦਾ ਸਮਰਥਨ ਹਾਸਲ ਸੀ। ਇਸ ਤੋਂ ਇਲਾਵਾ ਆਈਐਮਐਫ, ਬਹੁ-ਕੌਮੀ ਕਾਰਪੋਰੇਸ਼ਨਾਂ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਤੇ ਉਸ ਦੇ ਮੀਡੀਆਂ ਵੱਲੋਂ ਹਰ ਸੰਭਵ ਮਿਲੇਅ ਨੂੰ ਸਹਿਯੋਗ ਦਿੱਤਾ ਗਿਆ।
ਕਾਰਪੋਰੇਟ ਜਮਾਤ ਦੇ ਚਹੇਤੇ ਮਿਲੇਅ ਪ੍ਰਸ਼ਾਸਨ ਨੇ ਸੱਤਾ ਸੰਭਾਲਣ ਦੇ ਕੁਝ ਦਿਨਾਂ ਬਾਅਦ ਸਰਕਾਰ ਵਿਰੋਧੀ ਜਮਹੂਰੀ ਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ। ਮਿਲੇਅ ਪ੍ਰਸ਼ਾਸ਼ਨ ਨੇ ਦੇਸ਼ ਦੀ ਮੁਦਰਾ ਪੈਸੋ ਨੂੰ 50% ਤੋਂ ਵੱਧ ਘਟਾਉਣ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ‘ਗੋਲੀ ਜਾਂ ਜੇਲ੍ਹ’ ਦਾ ਬਦਲ ਦੇਣ ਦੇ ਨਵੇਂ ਸੁਰੱਖਿਆ ਦਿਸ਼ਾ-ਨਿਰਦੇਸ਼ ਦੇ ਕੇ ਵਿਚਾਰ ਪ੍ਰਗਟਾਵੇ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਰੌਂਦਣਾ ਸ਼ੁਰੂ ਕਰ ਦਿੱਤਾ। ਉਸ ਨੇ ਐਲਾਨ ਕੀਤਾ ਕਿ ਪੂਰੇ ਦੇਸ਼ ਅੰਦਰ ਵੀਡਿਓ ਨਿਗਰਾਨੀ ਤਹਿਤ ਸੰਗਠਨਾਂ ਤੇ ਵਿਅਕਤੀਆਂ ਦੇ ‘ਚਿਹਰੇ ਦੀ ਪਛਾਣ’ ਵਾਲੇ ਕੈਮਰੇ ਲਗਾਏ ਜਾਣਗੇ ਤੇ ਵਿਰੋਧ ਦੀ ਹਰ ਆਵਾਜ਼ ਦੀ ਸ਼ਨਾਖਤ ਕੀਤੀ ਜਾਵੇਗੀ। ਨਵੇਂ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਤਹਿਤ ਸੁਰੱਖਿਆ ਬਲਾਂ ਅਤੇ ਪੁਲੀਸ ਭੇਜਣ ਦੀ ਲਾਗਤ ਦਾ ਬਿੱਲ ਪ੍ਰਦਰਸ਼ਨਕਾਰੀਆਂ ਨੂੰ ਅਦਾ ਕਰਨਾ ਪਵੇਗਾ।
ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਖੇਤੀਬਾੜੀ ਤੋਂ ਇਲਾਵਾ ਅਰਜਨਟਾਈਨਾ ਵਿਚ ਸੋਨਾ, ਚਾਂਦੀ, ਤਾਂਬਾ, ਜਿ਼ੰਕ, ਲੀਥੀਅਮ ਆਦਿ ਅਮੀਰ ਕੁਦਰਤੀ ਸ੍ਰੋਤਾਂ ਦੀ ਭਰਮਾਰ ਹੈ। ਸੰਸਾਰ ਦੇ ਇੱਕ ਤਿਹਾਈ ਲੀਥੀਅਮ ਦਾ ਭੰਡਾਰ ਇਕੱਲੇ ਅਰਜਨਟਾਈਨਾ ਵਿਚ ਹੈ ਅਤੇ ਇਲੈਕਟ੍ਰਿਕ ਵਾਹਨਾਂ ਤੇ ਬੈਟਰੀਆਂ ਦੇ ਨਿਰਮਾਣ ਲਈ ਲੀਥੀਅਮ ਬਹੁਤ ਮਹੱਤਵਪੂਰਨ ਧਾਤ ਹੈ। ਸੰਸਾਰ ਵਿਚ ਲੀਥੀਅਮ ਦੇ ਸ੍ਰੋਤ ਸੀਮਤ ਹਨ ਅਤੇ ਭਵਿੱਖ ਇਲੈਕਟ੍ਰਿਕ ਵਾਹਨਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਦੁਨੀਆ ਵਿਚ ਇਲੈਕਟ੍ਰਿਕ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਵਿਚ ਅਮਰੀਕੀ ਕੰਪਨੀਆਂ ਦੀ ਇਜਾਰੇਦਾਰੀ ਹੈ। ਇਸ ਲਈ ਇਲੈਕਟ੍ਰਿਕ ਵਾਹਨ ਬਣਾਉਣ ਵਾਲੇ ਅਮਰੀਕਾ ਦੇ ਅਰਬਪਤੀ ਐਲਨ ਮਸਕ ਨੇ ਮਿਲੇਅ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਅਰਜਨਟਾਈਨਾ ਵਿਚ ਖੁਸ਼ਹਾਲੀ ਆਉਣ ਵਾਲੀ ਹੈ।’
1990-95 ਵਿਚ ਵਿਸ਼ਵ ਵਪਾਰ ਸੰਸਥਾ ਅਤੇ ਆਈਐਮਐਫ ਨੇ ਅਰਜਨਟਾਈਨਾ ਅੰਦਰ ਮੁਕਤ ਬਾਜ਼ਾਰ ਖੜ੍ਹਾ ਕਰ ਕੇ ਤਿੱਖੇ ਆਰਥਿਕ ਸੁਧਾਰ ਕੀਤ ਸਨ। ਭਾਰਤ ਵਾਂਗ ਅਰਜਨਟਾਈਨਾ ਅੰਦਰ ਵੀ ਵਿਸ਼ਵੀਕਰਨ, ਨਿੱਜੀਕਰਨ ਦਾ ਕਾਲ-ਖੰਡ ਇਕੋ ਹੀ ਸੀ। ਇੱਥੇ ਪਹਿਲੀ ਵਾਰ ਵੱਡੀ ਪੱਧਰ ਉੱਤੇ ਬੰਦਰਗਾਹਾਂ, ਸਰਕਾਰੀ ਕਾਰਖਾਨੇ ਤੇ ਫੈਕਟਰੀਆਂ, ਖੇਤੀ ਫਾਰਮ ਅਤੇ ਸਰਕਾਰੀ ਟੈਲੀਫੋਨ ਤੱਕ ਨੂੰ ਨਿੱਜੀ ਹੱਥਾਂ ਵਿਚ ਸੌਂਪ ਦਿੱਤਾ ਗਿਆ ਸੀ। ਅਰਜਨਟਾਈਨਾ ਦੇ ਮੌਜੂਦਾ ਆਰਥਿਕ ਹਾਲਾਤ ਉਹਨਾਂ ਹੀ ਸਾਮਰਾਜੀ ਨਵਉਦਾਰਵਾਦੀ ਨੀਤੀਆਂ ਦੀ ਪੈਦਾਇਸ਼ ਹਨ ਜਿਨ੍ਹਾਂ ਨੀਤੀਆਂ ਨੂੰ ਮਿਲੇਅ ਹੋਰ ਵੱਧ ਅਰਾਜਕ ਤਰੀਕੇ ਨਾਲ ਲਾਗੂ ਕਰਨ ਦੀ ਵਜ਼ਾਹਤ ਕਰ ਰਿਹਾ ਹੈ। ਅਰਜਨਟਾਈਨਾ ਦਾ ਮੌਜੂਦਾ ਆਰਥਿਕ ਅਤੇ ਸਮਾਜਿਕ ਸੰਕਟ, ਤੇਜ਼ੀ ਨਾਲ ਵੱਧਦੀ ਮਹਿੰਗਾਈ ਅਤੇ ਆਈਐਮਐਫ ਦੇ ਕਰਜ਼ੇ ਦਾ ਭਾਰੀ ਬੋਝ ਰਾਤੋ-ਰਾਤ ਲੋਪ ਨਹੀਂ ਹੋਵੇਗਾ, ਜੁਮਲਿਆਂ ਅਤੇ ਅਰਾਜਕ ਨਿਰਣਿਆਂ ਨਾਲ ਤਾਂ ਬਿਲਕੁਲ ਵੀ ਨਹੀਂ। ਖਾਵੀਅਰ ਮਿਲੇਅ ਦੇ ਘਾਤਕ ਤੇ ਅਰਾਜਕ ਫੈਸਲਿਆਂ ਦਾ ਲਾਗੂ ਹੋਣਾ ਜਾਂ ਫੇਲ੍ਹ ਹੋਣਾ ਅਤੇ ਇਸ ਦੇ ਅਰਜਨਟੀਨੀ ਲੋਕਾਂ ਤੇ ਕਿਹੋ ਜਿਹੇ ਪ੍ਰਭਾਵ ਪੈਣਗੇ, ਇਹ ਦੇਖਣ ਵਾਲਾ ਹੋਵੇਗਾ।
ਸੰਪਰਕ: +1-438-924-2052