ਐੱਚ.ਕੇ. ਦੂਆ
ਟ੍ਰਿਬਿਊਨ’ ਦਾ ਲੰਮਾ ਇਤਿਹਾਸ ਹੈ। ਪਿਛਲੇ 140 ਸਾਲਾਂ ਦੇ ਉਤਰਾਵਾਂ-ਚੜ੍ਹਾਵਾਂ ਦੌਰਾਨ ਅਤੇ ਆਪਣੇ ਨਾਲ ਜੁੜੀਆਂ ਅਹਿਮ ਘਟਨਾਵਾਂ ਸਦਕਾ ਇਹ ਅਖ਼ਬਾਰ ਇਕ ਸਤਿਕਾਰਤ ਕੌਮੀ ਰੋਜ਼ਾਨਾ ਅਖ਼ਬਾਰ ਬਣ ਚੁੱਕਾ ਹੈ।
ਲੰਡਨ ਤੋਂ ਪਰਤ ਕੇ ਸਰਦਾਰ ਦਿਆਲ ਸਿੰਘ ਮਜੀਠੀਆ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਅਹਿਮ ਰੋਲ ਅਦਾ ਕਰਨਾ ਚਾਹੁੰਦੇ ਸਨ। ਆਜ਼ਾਦੀ ਸੰਘਰਸ਼ ਉਦੋਂ ਹਾਲੇ ਆਪਣੇ ਸ਼ੁਰੂਆਤੀ ਦੌਰ ਵਿਚ ਹੀ ਸੀ। ਉਹ ਖ਼ਾਸਕਰ ਬ੍ਰਿਟਿਸ਼ ਅਖ਼ਬਾਰ ‘ਦਿ ਸਿਵਿਲ ਐਂਡ ਮਿਲਿਟਰੀ ਗਜ਼ਟ’ ਸਬੰਧੀ ਚੌਕਸ ਸਨ, ਕਿਉਂਕਿ ਇਹ ਸਰਕਾਰ ਪੱਖੀ ਪ੍ਰਚਾਰ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ। ਸਰਦਾਰ ਮਜੀਠੀਆ ਚਾਹੁੰਦੇ ਸਨ ਕਿ ਇਸ ਪ੍ਰਚਾਰ ਦਾ ਜਵਾਬ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਆਪਣੀ ਨਿੱਜੀ ਦੌਲਤ ਵਿਚੋਂ ਕੁਝ ਹਿੱਸਾ ਖ਼ਰਚ ਕੇ ‘ਦਿ ਟ੍ਰਿਬਿਊਨ’ ਨਾਮੀਂ ਅਖ਼ਬਾਰ ਸ਼ੁਰੂ ਕੀਤਾ ਤਾਂ ਕਿ ਭਾਰਤ ਨੂੰ ਬ੍ਰਿਟਿਸ਼ਾਂ ਦੇ ਸ਼ਿਕੰਜੇ ਤੋਂ ਆਜ਼ਾਦ ਕਰਾਉਣ ਦੇ ਵਿਚਾਰ ਦਾ ਪ੍ਰਚਾਰ ਕੀਤਾ ਜਾ ਸਕੇ। ਫਿਰ ਸਮਾਂ ਪਾ ਕੇ ਇਹ ਆਪਣੀ ਹੀ ਕਿਸਮ ਦਾ ਇਕ ਅਖ਼ਬਾਰ ਬਣ ਨਿਕਲਿਆ।
ਸਰਦਾਰ ਦਿਆਲ ਸਿੰਘ ਮਜੀਠੀਆ ਭਾਵੇਂ ਜਵਾਨ ਸਨ, ਪਰ ਉਨ੍ਹਾਂ ਨੇ ਬੜੀ ਦੂਰਦ੍ਰਿਸ਼ਟੀ ਰੱਖਦਿਆਂ ਅਹਿਮ ਫ਼ੈਸਲਾ ਲਿਆ ਸੀ ਕਿ ‘ਦਿ ਟ੍ਰਿਬਿਊਨ’ ਨੂੰ ਇਕ ਬੋਰਡ ਆਫ਼ ਟਰੱਸਟੀਜ਼ ਵੱਲੋਂ ਚਲਾਇਆ ਜਾਵੇਗਾ, ਨਾ ਕਿ ਖ਼ੁਦ ਉਨ੍ਹਾਂ ਵੱਲੋਂ, ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਤੇ ਨਾ ਹੀ ਵਪਾਰਕ ਹਿੱਤਾਂ ਤਹਿਤ ਇਸ ਨੂੰ ਚਲਾਇਆ ਜਾਵੇਗਾ। ਉਨ੍ਹਾਂ ਵੱਲੋਂ ਬਣਾਈ ਗਈ ਵਸੀਅਤ ਟਰੱਸਟੀਆਂ ਦਾ ਚਾਰਟਰ ਹੋਵੇਗੀ।
‘ਟ੍ਰਿਬਿਊਨ’ ਨੇ ਭਾਰਤ ਦੇ ਇਤਿਹਾਸ ਦਾ ਬਹੁਤ ਹੀ ਮੁਸ਼ਕਲਾਂ ਭਰਿਆ ਦੌਰ ਦੇਖਿਆ ਹੈ। ‘ਟ੍ਰਬਿਿਊੁਨ’ ਨੇ ਪੰਜਾਬ ਵਿਚ ਰੋਲਟ ਐਕਟ ਖ਼ਿਲਾਫ਼ ਭੜਕੇ ਲੋਕ ਰੋਹ, ਜੱਲ੍ਹਿਆਂਵਾਲਾ ਬਾਗ਼ ਦੀ ਭਿਆਨਕਤਾ, ਸਿਵਲ ਨਾਫੁਰਮਾਨੀ ਅੰਦੋਲਨ ਤੇ ਅਸਹਿਯੋਗ ਅੰਦੋਲਨ ਦੇ ਜੋਸ਼, ਸ਼ਹੀਦ ਭਗਤ ਸਿੰਘ ਦੀ ਸ਼ਹੀਦੀ, ਭਾਰਤੀ ਬਰੇ ਸਗ਼ੀਰ ਦੀ ਵੰਡ ਅਤੇ ਉਸ ਕਾਰਨ ਹੋਈ ਸੰਸਾਰ ਦੀ ਸਭ ਤੋਂ ਵੱਡੀ ਹਿਜਰਤ ਆਦਿ ਬਾਰੇ ਬਹੁਤ ਡਟ ਕੇ ਰਿਪੋਰਟਿੰਗ ਕੀਤੀ। ਇਹ ਨਾ ਸਿਰਫ਼ ਆਪਣੇ ’ਤੇ ਲਾਈਆਂ ਗਈਆਂ ਆਸਾਂ-ਉਮੀਦਾਂ ’ਤੇ ਪੂਰਾ ਉਤਰਿਆ, ਸਗੋਂ ਲੋਕਾਂ ਦੀ ਆਵਾਜ਼ ਬਣ ਕੇ ਵੀ ਉੱਭਰਿਆ। ਜੋ ਰਾਸ਼ਟਰ ਦੀਆਂ ਚੁਣੌਤੀਆਂ ਸਨ, ਉਨ੍ਹਾਂ ਨੂੰ ‘ਟ੍ਰਿਬਿਊਨ’ ਨੇ ਆਪਣੀਆਂ ਚੁਣੌਤੀਆਂ ਵਾਂਗ ਲਿਆ।
‘ਟ੍ਰਿਬਿਊਨ’ ਨੂੰ 1947 ਵਿਚ ਖ਼ੁਦ ਵੀ ਸ਼ਰਨਾਰਥੀ ਬਣਨਾ ਪਿਆ, ਜਦੋਂ ਇਸ ਨੂੰ ਆਜ਼ਾਦ ਭਾਰਤ ਵਿਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਲਾਹੌਰ ਛੱਡ ਕੇ ਆਉਣਾ ਪਿਆ। ਇਸ ਪਿੱਛੋਂ ਇਹ ਮੁੜ ਉੱਭਰਿਆ। ਆਜ਼ਾਦੀ ਦੇ ਫ਼ੌਰੀ ਬਾਅਦ ਕਸ਼ਮੀਰ ਵਿਚ ਹੋਈ ਜੰਗ, ਸ਼ਰਨਾਰਥੀਆਂ ਦਾ ਮੁੜਵਸੇਬਾ, ਸੰਵਿਧਾਨ ਦੀ ਸਿਰਜਣਾ, ਦੇਸ਼ ਵਿਚ ਜਮਹੂਰੀ ਢਾਂਚੇ ਦੀ ਕਾਇਮੀ, ਮੁਲਕ ਦਾ ਆਰਥਿਕ ਵਿਕਾਸ ਆਦਿ ਬੜੇ ਵੱਡੇ ਮੁੱਦੇ ਸਨ। ਜਦੋਂ ਆਜ਼ਾਦੀ ਆਈ ਤਾਂ ‘ਟ੍ਰਿਬਿਊਨ’ ਵੀ ਭਾਰਤੀ ਸੁਪਨੇ ਦਾ ਇਕ ਹਿੱਸਾ ਬਣ ਗਿਆ। ਇਸ ਦੇ ਬਾਵਜੂਦ, ਇਸ ਦੌਰਾਨ ਜਿਨ੍ਹਾਂ ਨੇ ਵੀ ‘ਟ੍ਰਿਬਿਊਨ’ ਦੀ ਅਗਵਾਈ ਕੀਤੀ, ਉਨ੍ਹਾਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਪਣੀ ਆਜ਼ਾਦੀ ਦੇ ਹੱਕ ਨੂੰ ਨਹੀਂ ਛੱਡਿਆ। ਜੋ ਵੀ ਲੋਕਾਂ ਲਈ ਚੰਗਾ ਸੀ, ਉਸ ਦੀ ਇਸ ਨੇ ਹਮਾਇਤ ਕੀਤੀ ਅਤੇ ਜੋ ਲੋਕ ਹਿੱਤ ਵਿਚ ਨਹੀਂ ਸੀ, ਉਸ ਦੀ ਆਲੋਚਨਾ ਕੀਤੀ।
ਅਖ਼ਬਾਰ ਦੇ ਆਜ਼ਾਦੀ ਤੋਂ ਪਹਿਲਾਂ ਦੇ ਮਹਾਨ ਸੰਪਾਦਕ ਕਾਲੀ ਨਾਥ ਰੇਅ ਅਤੇ ਬਾਅਦ ਵਿਚ ਪ੍ਰੇਮ ਭਾਟੀਆ ਵਰਗੇ ਇਸ ਦੇ ਸੰਪਾਦਕਾਂ ਅਤੇ ਕਈ ਹੋਰਨਾਂ ਨੇ ‘ਟ੍ਰਿਬਿਊਨ’ ਦੇ ਪਾਠਕਾਂ ਨੂੰ ਲੋਕਤੰਤਰੀ ਭਾਰਤ ਵਿਚ ਉਨ੍ਹਾਂ ਦੇ ਹੱਕਾਂ ਤੇ ਫ਼ਰਜ਼ਾਂ ਬਾਰੇ ਜਾਗਰੂਕ ਕਰਨ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ। ਮੈਨੂੰ ‘ਟ੍ਰਿਬਿਊਨ’ ਦੀ ਸੱਤ ਸਾਲ ਸੇਵਾ ਕਰਨ ਅਤੇ ਇਹ ਯਕੀਨੀ ਬਣਾਉਣ ਦੇ ਮਿਸ਼ਨ ਕਿ ਅਖ਼ਬਾਰ ਹਮੇਸ਼ਾਂ ਲੋਕਾਂ ਦੀ ਆਵਾਜ਼ ਬਣਿਆ ਰਹੇ, ਦਾ ਹਿੱਸਾ ਬਣਨ ਦਾ ਮਾਣ ਹਾਸਲ ਹੋਇਆ। ਇਹ ‘ਲੋਕਾਂ ਦੀ ਆਵਾਜ਼’ ਦਾ ਨਾਅਰਾ ਮੈਨੂੰ ਬਹੁਤ ਪਿਆਰਾ ਹੈ। ਇਹ ਸੱਤ ਸਾਲਾਂ ਦਾ ਸਮਾਂ ਮੇਰੇ ਲਈ ਬਹੁਤ ਵਧੀਆ ਤਜਰਬੇ ਵਾਲਾ ਸੀ।
ਇਰਾਦਾ ਇਹ ਸੀ ਕਿ ਅਖ਼ਬਾਰ ਦੇ ਪਾਠਕਾਂ ਨੂੰ ਜਾਗਰੂਕ ਕੀਤਾ ਜਾਵੇ। ਅਖ਼ਬਾਰ ਨੇ ਪੰਜਾਬ ਅਤੇ ਹਰਿਆਣਾ ਵਿਚ ਵੱਡੇ ਪੱਧਰ ’ਤੇ ਫੈਲੀ ਹੋਈ ਮਾਦਾ ਭਰੂਣ ਹੱਤਿਆ ਦੀ ਬੁਰਾਈ ਖ਼ਿਲਾਫ਼ ਜ਼ੋਰਦਾਰ ਮੁਹਿੰਮ ਚਲਾਈ (ਅਸੀਂ ਇਸ ਨੂੰ ਅਣਜੰਮੀਆਂ ਧੀਆਂ ਦੇ ਕਤਲ ਕਰਾਰ ਦਿੱਤਾ) ਅਤੇ ਨਾਲ ਹੀ ਵਧ ਰਹੀ ਨਸ਼ਿਆਂ ਦੀ ਸਮੱਸਿਆ, ਸਿਆਸਤ ਦੇ ਅਪਰਾਧੀਕਰਨ ਅਤੇ ਖ਼ਿੱਤੇ ਵਿਚ ਫੈਲ ਰਹੀ ਕੈਂਸਰ ਦੀ ਬਿਮਾਰੀ ਅਤੇ ਹੋਰ ਅਨੇਕਾਂ ਅਹਿਮ ਸਮਾਜਿਕ ਤੇ ਸਿਆਸੀ ਮੁੱਦਿਆਂ ਉੱਤੇ ਜ਼ੋਰਦਾਰ ਢੰਗ ਨਾਲ ਲਿਖਿਆ। ‘ਟ੍ਰਿਬਿਊਨ’ ਨੇ ਹਮੇਸ਼ਾਂ ਲੋਕਾਂ ਦੇ ਅਸਹਿਮਤ ਹੋਣ ਦੇ ਅਧਿਕਾਰ ਦੀ ਹਮਾਇਤ ਕੀਤੀ ਹੈ ਅਤੇ ਨਾਲ ਹੀ ਅਖ਼ਬਾਰ ਦੇ ਇਸ ਧਰਮ ਦੀ ਰਾਖੀ ਕੀਤੀ ਕਿ ਇਸ ਨੂੰ ਲੋਕ ਹਿੱਤਾਂ ਦੀ ਰਾਖੀ ਕਰਨੀ ਹੀ ਹੋਵੇਗੀ।
ਅਜਿਹਾ ਕੁਝ ਕਰਨਾ ‘ਟ੍ਰਿਬਿਊਨ’ ਲਈ ਹਮੇਸ਼ਾਂ ਸੌਖਾ ਕੰਮ ਨਹੀਂ ਰਿਹਾ। ਕਾਰਪੋਰੇਟ ਅਖ਼ਬਾਰਾਂ ਕੋਲ ਆਪਣੇ ਅਖ਼ਬਾਰਾਂ ਉੱਤੇ ਲਾਉਣ ਲਈ ਅਥਾਹ ਵਸੀਲੇ ਤੇ ਧਨ-ਦੌਲਤ ਸੀ। ‘ਟ੍ਰਿਬਿਊਨ’ ਵਸੀਲੇ ਪੈਦਾ ਨਹੀਂ ਸੀ ਕਰ ਸਕਦਾ। ਇਸ ਦੇ ਨਾਲ ਹੀ ਅਖ਼ਬਾਰ ਨੂੰ ਨਵੀਂ ਆ ਰਹੀ ਤਕਨਾਲੋਜੀ ਦੀਆਂ ਚੁਣੌਤੀਆਂ ਨਾਲ ਵੀ ਨਜਿੱਠਣਾ ਪਿਆ, ਜਿਹੜਾ ਕਾਫ਼ੀ ਮਹਿੰਗਾ ਸੌਦਾ ਸੀ। ਆਮ ਕਰ ਕੇ ਕੋਈ ਅਧਿਕਾਰੀ ਪਸੰਦ ਨਹੀਂ ਕਰਦਾ ਕਿ ਕੋਈ ਅਖ਼ਬਾਰ ਉਸ ਦੀ ਆਲੋਚਨਾ ਕਰੇ, ਪਰ ਜੇ ਅਖ਼ਬਾਰ ਜਨਤਕ ਹਿੱਤਾਂ ਪ੍ਰਤੀ ਆਪਣੀ ਵਚਨਬੱਧਤਾ ਪੂਰੀ ਨਹੀਂ ਕਰਦਾ ਤਾਂ ਉਹ ਆਪਣੀ ਜ਼ਿੰਮੇਵਾਰੀ ’ਤੇ ਪੂਰਾ ਨਹੀਂ ਉਤਰਦਾ।
ਪੰਦਰਾਂ ਸਾਲ ਪਹਿਲਾਂ ਮੈਨੂੰ ਇਸ ਅਖ਼ਬਾਰ ਦਾ ਮੁੱਖ ਸੰਪਾਦਕ ਬਣਨ ਦਾ ਮਾਣ ਹਾਸਲ ਹੋਇਆ। ਅਖ਼ਬਾਰ ਨੇ 2006 ਵਿਚ ਆਪਣਾ 125ਵਾਂ ਸਥਾਪਨਾ ਵਰ੍ਹਾ ਮਨਾਇਆ। ਇਸ ਸਬੰਧੀ ਸਮਾਗਮ ਦਾ ਉਦਘਾਟਨ ਮੌਕੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੀਤਾ। ਮੈਨੂੰ ‘ਟ੍ਰਿਬਿਊਨ’ ਦਾ ਸੰਪਾਦਕ ਬਣਨ ਦੀ ਇਸ ਕਾਰਨ ਖ਼ੁਸ਼ੀ ਸੀ ਕਿ ਮੈਂ ਇਸ ਤਰ੍ਹਾਂ ‘ਟ੍ਰਿਬਿਊਨ’ ਦੇ ਮਿਸ਼ਨ ਨੂੰ ਅਗਾਂਹ ਵਧਾ ਸਕਦਾ ਸਾਂ ਤੇ ਅਖ਼ਬਾਰ ਦੀ ਸੋਚ ਮੁਤਾਬਕ ਕੰਮ ਕਰ ਸਕਦਾ ਸਾਂ। ਇਨ੍ਹਾਂ ਮਾਮਲਿਆਂ ਵਿਚ ਟਰੱਸਟੀਆਂ ਦਾ ਰਵੱਈਆ ਬੜਾ ਹਾਂ ਪੱਖੀ ਰਿਹਾ।
ਅਸੀਂ ਦੋ ਸਪਲੀਮੈਂਟ ਜਾਰੀ ਕੀਤੇ: ਚੰਡੀਗੜ੍ਹ 50-ਜੋ ਚੰਡੀਗੜ੍ਹ ਦੀ ਸਥਾਪਨਾ ਦੇ 50 ਸਾਲ ਜਸ਼ਨਾਂ ਲਈ ਸੀ। ਇਸ ਵਿਚ ਦੇਸ਼ ਦੇ ਚੋਟੀ ਦੇ ਇਮਾਰਤਸਾਜ਼ਾਂ ਤੇ ਸ਼ਹਿਰੀ ਯੋਜਨਾਕਾਰਾਂ ਨੇ ਲੀ ਕਾਰਬੂਜ਼ੀਏ ਦੇ ਸੁਪਨਿਆਂ ਦੇ ਸ਼ਹਿਰ ਦੇ ਗੁਣਾਂ ਤੇ ਦੋਸ਼ਾਂ ਬਾਰੇ ਲਿਖਿਆ। ਇਸੇ ਤਰ੍ਹਾਂ ਸਾਇੰਸ ਪਾਲਿਸੀ ਬਾਰੇ ਵਿਸ਼ੇਸ਼ ਸਪਲੀਮੈਂਟ ਵਿਚ ਚੋਟੀ ਦੇ ਸਾਇੰਸਦਾਨਾਂ ਦੇ ਲੇਖ ਛਾਪੇ ਗਏ। ਇਸ ਪਿੱਛੇ ਸਾਡਾ ਮਕਸਦ ਆਪਣੇ ਪਾਠਕਾਂ ਵਿਚ ਵਿਗਿਆਨਕ ਸੋਚ ਦਾ ਪਸਾਰ ਕਰਨਾ ਅਤੇ ਨਾਲ ਹੀ ਇਕ ਅਗਾਂਹਵਧੂ ਮੁਲਕ ਦੇ ਵਿਕਾਸ ਲਈ ਆਪਣਾ ਯੋਗਦਾਨ ਪਾਉਣਾ ਸੀ।
ਇਸ ਮੌਕੇ ਵਿਚਾਰਾਂ ਦੀ ਵੰਨਸੁਵੰਨਤਾ ਨੂੰ ਹੁਲਾਰਾ ਦਿੱਤਾ ਗਿਆ ਅਤੇ ਕਾਨੂੰਨੀ ਮਾਹਿਰ ਫਾਲੀ ਨਾਰੀਮਨ ਤੇ ਪੀ.ਪੀ. ਰਾਓ; ਰਣਨੀਤਕ ਵਿਚਾਰਕ ਕੇ. ਸੁਬਰਾਮਨੀਅਮ; ਹਰੇ ਇਨਕਲਾਬ ਦੇ ਪਿਤਾਮਾ ਡਾ. ਐੱਮ.ਐੱਸ. ਸਵਾਮੀਨਾਥਨ ਵਰਗਿਆਂ ਨੇ ‘ਟ੍ਰਿਬਿਊਨ’ ਵਿਚ ਲੇਖ ਲਿਖੇ ਅਤੇ ਇਸੇ ਤਰ੍ਹਾਂ ਪ੍ਰੋ. ਵੀ.ਐੱਨ. ਦੱਤਾ ਨੇ ਵੀ ਅਖ਼ਬਾਰ ਲਈ ਲਗਾਤਾਰ ਲਿਖਿਆ। ਹਾਲ ਹੀ ਵਿਚ ਚਲਾਣਾ ਕਰ ਗਏ ਪ੍ਰੋ. ਦੱਤਾ ਨੇ ਸਾਡੀ ਬੇਨਤੀ ਉੱਤੇ ਇਕ ਕਿਤਾਬ ‘ਦਿ ਟ੍ਰਿਬਿਊਨ: ਏ ਵਿਟਨੈੱਸ ਟੂ ਹਿਸਟਰੀ’ ਵੀ ਲਿਖੀ।
ਅਖ਼ਬਾਰ ਨੂੰ ਅਗਾਂਹ ਵੀ ਬਹੁਤ ਵੰਗਾਰਾਂ ਪੇਸ਼ ਆਉਂਦੀਆਂ ਰਹਿਣਗੀਆਂ। ਇਸ ਦੌਰਾਨ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਇਨ੍ਹਾਂ ਚੁਣੌਤੀਆਂ ਨੂੰ ਪਾਰ ਪਾ ਕੇ ਕਿਵੇਂ ਅਗਾਂਹ ਵਧਦਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ‘ਟ੍ਰਬਿਿਊੁਨ’ ਆਪਣੀਆਂ ਉਨ੍ਹਾਂ ਕਦਰਾਂ-ਕੀਮਤਾਂ ਉੱਤੇ ਕਾਇਮ ਰਹੇਗਾ, ਜਿਨ੍ਹਾਂ ਲਈ ਇਸ ਨੂੰ ਜਾਣਿਆ ਜਾਂਦਾ ਹੈ।
*ਸਾਬਕਾ ਮੁੱਖ ਸੰਪਾਦਕ, ‘ਦਿ ਟ੍ਰਿਬਿਊਨ’।