ਵਾਹਗਿਓਂ ਪਾਰ
ਆਪਕ ਜਾਨੀ ਤੇ ਮਾਲੀ ਤਬਾਹੀ ਦੀਆਂ ਪੇਸ਼ੀਨਗੋਈਆਂ ਤੋਂ ਉਲਟ ਪਾਕਿਸਤਾਨ ਨੇ ਕੋਵਿਡ-19 ਮਹਾਂਮਾਰੀ ਉਪਰ ਹੋਰਨਾਂ ਗੁਆਂਢੀ ਮੁਲਕਾਂ ਦੇ ਮੁਕਾਬਲਤਨ ਆਸਾਨੀ ਨਾਲ ਕਾਬੂ ਪਾ ਲਿਆ ਹੈ। ਐਤਵਾਰ ਨੂੰ ਪਾਕਿਸਤਾਨ ਵਿਚ ਕੋਵਿਡ ਕੇਸਾਂ ਦੀ ਕੁੱਲ ਗਿਣਤੀ 2.84 ਲੱਖ ਦੇ ਕਰੀਬ ਸੀ। ਇਨ੍ਹਾਂ ਵਿਚੋਂ 2.60 ਲੱਖ ਦੇ ਕਰੀਬ ਕੇਸ ਠੀਕ ਹੋ ਚੁੱਕੇ ਹਨ। ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਮੁਤਾਬਿਕ 17 ਜੁਲਾਈ ਤੋਂ ਬਾਅਦ ਪਾਕਿਸਤਾਨ ਵਿਚ ਨਿੱਤ ਸਾਹਮਣੇ ਆਉਣ ਵਾਲੇ ਕੇਸਾਂ ਦੀ ਔਸਤ ਇਕ ਹਜ਼ਾਰ ਤੋਂ ਘੱਟ ਚੱਲ ਰਹੀ ਹੈ। ਸ਼ਨਿਚਰਵਾਰ (8 ਅਗਸਤ) ਨੂੰ 842 ਨਵੇਂ ਕੇਸ ਸਾਹਮਣੇ ਆਏ, 14 ਮੌਤਾਂ ਦਰਜ ਕੀਤੀਆਂ ਗਈਆਂ ਅਤੇ 1505 ਮਰੀਜ਼ਾਂ ਨੂੰ ਉਸ ਦਿਨ ਹਸਪਤਾਲਾਂ ਤੋਂ ਛੁੱਟੀ ਮਿਲ ਗਈ। ਅਜਿਹੇ ਆਲਮ ਵਿਚ ਰੇਲਾਂ ਨੂੰ ਆਮ ਵਾਂਗ ਚਲਾਏ ਜਾਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ ਅਤੇ ਮੁਲਕ ਦੇ ਅੰਦਰ ਉਡਾਣਾਂ ਵੀ ਆਮ ਵਾਂਗ ਸ਼ੁਰੂ ਹੋ ਗਈਆਂ ਹਨ। ਸੋਮਵਾਰ (10 ਅਗਸਤ) ਤੋਂ ਥੀਏਟਰ, ਸਿਨਮਾਘਰ, ਸ਼ਾਪਿੰਗ ਆਰਕੇਡ, ਜਿਮ, ਬਿਊਟੀ ਪਾਰਲਰ ਅਤੇ ਸਪਾ ਵੀ ਖੋਲ੍ਹੇ ਜਾ ਰਹੇ ਹਨ। ਸਕੂਲ-ਕਾਲਜ 15 ਸਤੰਬਰ ਤੋਂ ਖੋਲ੍ਹਣ ਦਾ ਐਲਾਨ ਜ਼ਰੂਰ ਕੀਤਾ ਗਿਆ ਹੈ, ਪਰ ਅਜਿਹਾ ਕਰਨ ਤੋਂ ਪਹਿਲਾਂ 7 ਸਤੰਬਰ ਨੂੰ ਸਮੁੱਚੀ ਸਥਿਤੀ ਉੱਤੇ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਉਸ ਤੋਂ ਮਗਰੋਂ ਹੀ ਅੰਤਿਮ ਫ਼ੈਸਲਾ ਲਿਆ ਜਾਵੇਗਾ।
ਕੌਮੀ ਸਥਿਤੀ ਵਿਚ ਅਜਿਹੀ ਤਬਦੀਲੀ ਤੋਂ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਗੁੱਡੀ ਫਿਰ ਤੋਂ ਚੜ੍ਹਨੀ ਸੁਭਾਵਿਕ ਹੀ ਹੈ। ਮਹੀਨਾ ਪਹਿਲਾਂ ਤਕ ਜਿਸ ਵਜ਼ੀਰੇ ਆਜ਼ਮ ਦੀ ਮੀਡੀਆ ਵਿਚ ਤਿੱਖੀ ਨੁਕਤਾਚੀਨੀ ਹੋ ਰਹੀ ਸੀ, ਉਸੇ ਨੂੰ ਹੁਣ ਸੂਝਵਾਨ ਤੇ ਕੌਮੀ ਮੁਫ਼ਾਦਾਂ ਦਾ ਰਾਖਾ ਦੱਸਿਆ ਜਾ ਰਿਹਾ ਹੈ। ਜਿਵੇਂ ਕਿ ਪਾਕਿਸਤਾਨ ਵਿਚ ਮੁੱਢ ਤੋਂ ਹੀ ਦਸਤੂਰ ਚਲਿਆ ਆ ਰਿਹਾ ਹੈ, ਉੱਥੇ ਹਰ ਮੁਹਿੰਮ ਦੀ ਕਾਮਯਾਬੀ ਜਾਂ ਨਾਕਾਮੀ ਨੂੰ ਭਾਰਤ ਨਾਲ ਤੁਲਨਾ ਕਰ ਕੇ ਹੀ ਆਂਕਿਆ ਜਾਂਦਾ ਹੈ। ਕੋਵਿਡ ਖ਼ਿਲਾਫ਼ ਜੰਗ ਵਿਚ ਪਾਕਿਸਤਾਨੀ ਕਾਮਯਾਬੀ ਨੂੰ ਵੀ ਭਾਰਤੀ ‘ਨਾਕਾਮੀ’ ਨਾਲ ਤੁਲਨਾਇਆ ਜਾ ਰਿਹਾ ਹੈ। ‘ਐਕਸਪ੍ਰੈਸ ਟ੍ਰਿਬਿਊਨ’ ਰੋਜ਼ਨਾਮੇ ਵਿਚ ਛਪੇ ਫਾਹਦ ਚੌਧਰੀ ਦੇ ਮਜ਼ਮੂਨ ਮੁਤਾਬਿਕ ਇਮਰਾਨ ਖ਼ਾਨ ਨੇ ਦਰਸਾ ਦਿੱਤਾ ਹੈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਵੱਧ ਸੂਝਵਾਨ ਤੇ ਵੱਧ ਨਿਸ਼ਠਾਵਾਨ ਹੈ। ਉਸ ਨੇ ਸਮੁੱਚੇ ਮੁਲਕ ਤੇ ਸਮੁੱਚੇ ਅਰਥਚਾਰੇ ਨੂੰ ਠੱਪ ਕਰਨ ਦੀ ਥਾਂ ‘ਸਮਾਰਟ’ ਲੌਕਡਾਊਨ ਅਤੇ ਸੀਮਤ ਸਾਧਨਾਂ ਦੀ ਬਿਹਤਰ ਵਰਤੋਂ ਵਾਲਾ ਰਾਹ ਚੁਣਿਆ। ਪੂਰਾ ਮੁਲਕਾ ਠੱਪ ਨਹੀਂ ਕੀਤਾ ਗਿਆ। ਸਿਰਫ਼ 2300 ਥਾਵਾਂ ’ਤੇ ‘ਸਮਾਰਟ’ ਤਾਲਾਬੰਦੀ ਕੀਤੀ ਗਈ। ਲਿਹਾਜ਼ਾ, ਹੁਣ ਮੁਲਕ ਵੱਧ ਸੁਰੱਖਿਅਤ ਅਤੇ ਆਰਥਿਕ ਤੌਰ ’ਤੇ ਬਿਹਤਰ ਸਥਿਤੀ ਵਿਚ ਨਜ਼ਰ ਆ ਰਿਹਾ ਹੈ। ਇਸ ਦਾ ਪ੍ਰਮਾਣ ਵਿੱਤੀ ਦਰਜਾਬੰਦੀ ਕਰਨ ਵਾਲੇ ਅਦਾਰੇ ‘ਮੂਡੀਜ਼’ ਦੀ ਤਾਜ਼ਾਤਾਰੀਨ ਦਰਜਾਬੰਦੀ ਵਿਚ ਪਾਕਿਸਤਾਨ ਨੂੰ ‘ਸਥਿਰ ਅਰਥਚਾਰੇ’ ਵਾਲਾ ਦਰਜਾ ਹੈ।
* * *
ਰਾਵੀ ਵਿਕਾਸ ਪ੍ਰਾਜੈਕਟ ਵਿਵਾਦ
ਸੂਬਾ ਪੰਜਾਬ ਵਿਚ ਮੁੱਖ ਵਿਰੋਧੀ ਧਿਰ- ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਸੂਬਾਈ ਹਕੂਮਤ ਤੋਂ ਇਹ ਪੁੱਛਿਆ ਹੈ ਕਿ 50 ਖ਼ਰਬ ਰੁਪਏ ਦੇ ਖ਼ਰਚੇ ਵਾਲੇ ਰਾਵੀ ਸ਼ਹਿਰੀ ਵਿਕਾਸ ਪ੍ਰਾਜੈਕਟ ਲਈ ਉਹ ਉਪਰੋਕਤ ਰਕਮ ਕਿੱਥੋਂ ਜੁਟਾਏਗੀ। ਇਸ ਪ੍ਰਾਜੈਕਟ ਦਾ ਨੀਂਹ ਪੱਥਰ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਸ਼ੁੱਕਰਵਾਰ (7 ਅਗਸਤ) ਨੂੰ ਰੱਖਿਆ ਸੀ। ਇਸ ਮੌਕੇ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਸੀ ਕਿ ਰਾਵੀ ਸ਼ਹਿਰੀ ਵਿਕਾਸ ਪ੍ਰਾਜੈਕਟ ਲੱਖਾਂ ਲੋਕਾਂ ਲਈ ਰੁਜ਼ਗਾਰ ਪੈਦਾ ਕਰਨ ਤੋਂ ਇਲਾਵਾ ਲਾਹੌਰ ਤੇ ਆਸ-ਪਾਸ ਦੇ ਇਲਾਕੇ ਨੂੰ ਨਵਾਂ ਰੂਪ ਤੇ ਨਵਾਂ ਮੁਹਾਂਦਰਾ ਬਖਸ਼ੇਗਾ।
ਪੀਐਮਐਲ-ਐੱਨ ਦੇ ਡਿਪਟੀ ਸੈਕ੍ਰੇਟਰੀ ਜਨਰਲ ਅਤਾਉੱਲਾ ਤਾਰੜ ਨੇ ਐਤਵਾਰ ਨੂੰ ਇਕ ਮੀਡੀਆ ਕਾਨਫਰੰਸ ਦੌਰਾਨ ਕਿਹਾ ਕਿ 50 ਖ਼ਰਬ ਰੁਪਏ ਦੀ ਰਕਮ ਬਹੁਤ ਵੱਡੀ ਹੁੰਦੀ ਹੈ। ਏਨੀ ਵੱਡੀ ਰਕਮ ਨਾਲ ਪਾਕਿਸਤਾਨ ਦੇ ਬਹੁਤ ਸਾਰੇ ਦੁੱਖ ਦਰਦ ਦੂਰ ਕੀਤੇ ਜਾ ਸਕਦੇ ਹਨ, ਪਰ ਹਕੂਮਤ-ਇ-ਪੰਜਾਬ ਅਤੇ ਹਕੂਮਤ-ਇ-ਪਾਕਿਸਤਾਨ ਬਿਲਡਰਾਂ ਤੇ ਰੀਅਲ ਅਸਟੇਟ ਵਾਲਿਆਂ ਨੂੰ ਫ਼ਾਇਦਾ ਦੇਣ ਲਈ ਇਹ ਪ੍ਰਾਜੈਕਟ ਸ਼ੁਰੂ ਕਰ ਰਹੀ ਹੈ। ਰੋਜ਼ਨਾਮਾ ‘ਦਿ ਟਾਈਮਜ਼’ ਦੀ ਰਿਪੋਰਟ ਅਨੁਸਾਰ ਤਾਰੜ ਨੇ ਇਹ ਵੀ ਕਿਹਾ ਕਿ ਸਾਲ 2013 ਵਿਚ ਪੀਐਮਐਲ-ਐੱਨ ਦੇ ਆਗੂ ਤੇ ਪੰਜਾਬ ਦੇ ਤਤਕਾਲੀ ਵਜ਼ੀਰੇ ਆਲ੍ਹਾ ਸ਼ਾਹਬਾਜ਼ ਸ਼ਰੀਫ਼ ਨੇ ਦਰਿਆ-ਇ-ਰਾਵੀ ਸ਼ਹਿਰੀ ਵਿਕਾਸ ਜ਼ੋਨ ਪ੍ਰਾਜੈਕਟ ਲਈ 30 ਹਜ਼ਾਰ ਏਕੜ ਜ਼ਮੀਨ ਹਾਸਲ ਕਰਨ ਦਾ ਅਮਲ ਸ਼ੁਰੂ ਕੀਤਾ ਸੀ, ਪਰ ਛੇਤੀ ਹੀ ਇਸ ਵਿਚੋਂ ਮਾਇਕ ਫ਼ਾਇਦੇਮੰਦੀ ਨਜ਼ਰ ਨਾ ਆਉਣ ਕਾਰਨ ਇਸ ਅਮਲ ਅਤੇ ਸਮੁੱਚੇ ਪ੍ਰਾਜੈਕਟ ਨੂੰ ਮਨਸੂਖ਼ ਕਰ ਦਿੱਤਾ ਗਿਆ। ਹੁਣ ਸੂਬੇ ਦੀ ਪੀ.ਟੀ.ਆਈ. ਸਰਕਾਰ ਇਸ ਪ੍ਰਾਜੈਕਟ ਨੂੰ ਸੁਰਜੀਤ ਕਰਕੇ ਲਾਹੌਰ ਦੇ ਅੰਦਰ ਹੀ ਇਕ ਨਵਾਂ ਸ਼ਹਿਰ ਅਤਿ-ਆਧੁਨਿਕ ਲੀਹਾਂ ’ਤੇ ਵਸਾਉਣ ਦੇ ਵਾਅਦੇ ਕਰ ਰਹੀ ਹੈ। ਤਾਰੜ ਅਨੁਸਾਰ ਇਹ ਵਾਅਦੇ ਸੱਚੇ ਨਹੀਂ ਸਾਬਤ ਹੋਣ ਵਾਲੇ।
* * *
ਭਾਰਤ ਤੋਂ ਨਵਾਂ ‘ਖ਼ਤਰਾ’
ਖ਼ੁਰਾਕੀ ਮਾਮਲਿਆਂ ਅਤੇ ਖੋਜ ਬਾਰੇ ਮਰਕਜ਼ੀ ਵਜ਼ੀਰ ਸੱਯਦ ਫਖ਼ਰ ਇਮਾਮ ਦਾ ਦਾਅਵਾ ਹੈ ਕਿ ਪਾਕਿਸਤਾਨ ਨੂੰ ਹੁਣ ਭਾਰਤ ਤੋਂ ਟਿੱਡੀ ਦਲ ਦਾ ਖ਼ਤਰਾ ਹੈ। ਟਿੱਡੀ ਦਲਾਂ ਉਪਰ ਨਜ਼ਰ ਰੱਖਣ ਵਾਲੇ ਕੇਂਦਰ ਐੱਨ.ਐਲ.ਸੀ.ਸੀ. ਦੀ ਮੀਟਿੰਗ ਦੀ ਸਦਾਰਤ ਕਰਦਿਆਂ ਸ੍ਰੀ ਇਮਾਮ ਨੇ ਕਿਹਾ ਕਿ ਪਹਿਲਾਂ ਭਾਰਤ ਇਹ ਦੋਸ਼ ਲਾਇਆ ਕਰਦਾ ਸੀ ਕਿ ਟਿੱਡੀ ਦਲਾਂ ਨੂੰ ਪਾਕਿਸਤਾਨ, ਭਾਰਤ ਵੱਲ ਧੱਕਦਾ ਹੈ। ਪਰ ਹੁਣ ਆਲਮੀ ਖ਼ੁਰਾਕ ਸੰਗਠਨ (ਐਫ.ਏ.ਓ.) ਨੇ ਪੇਸ਼ੀਨਗੋਈ ਕੀਤੀ ਹੈ ਕਿ ਟਿੱਡੀਆਂ ਦੇ ਕਈ ਦਲ ਰਾਜਸਥਾਨ ਤੇ ਗੁਜਰਾਤ ਵਿਚ ਹਿੰਦ-ਪਾਕਿ ਸਰਹੱਦ ਦੇ ਆਸ-ਪਾਸ ਪਨਪ ਰਹੇ ਹਨ ਅਤੇ ਉਹ ਸਭ ਤੋਂ ਪਹਿਲਾਂ ਪਾਕਿਸਤਾਨ ਵਿਚ ਫ਼ਸਲਾਂ ਉੱਤੇ ਹਮਲਾ ਕਰਨਗੇ। ਪਾਕਿਸਤਾਨ ਨੂੰ ਇਨ੍ਹਾਂ ਤੋਂ ਖ਼ਤਰਾ ਅਗਸਤ ਦੇ ਦੂਜੇ ਪੰਦਰਵਾੜੇ ਜਾਂ ਸਤੰਬਰ ਦੇ ਪਹਿਲੇ ਹਫ਼ਤੇ ਦੌਰਾਨ ਹੋ ਸਕਦਾ ਹੈ। ਰੋਜ਼ਨਾਮਾ ‘ਦਿ ਨਿਊਜ਼’ ਨੇ ਇਸ ਖ਼ਬਰ ਦੇ ਅੰਦਰ ਇਹ ਟਿੱਪਣੀ ਵੀ ਕੀਤੀ ਹੈ ਕਿ ਵਜ਼ੀਰੇ ਖ਼ੁਰਾਕ ਨੇ ਇਹ ਨਹੀਂ ਦੱਸਿਆ ਕਿ ਜੇਕਰ ਟਿੱਡੀਆਂ ਦੇ ਨਵੇਂ ਦਲ ਹਿੰਦ-ਪਾਕਿ ਸਰਹੱਦ ਦੇ ਦੋਵੇਂ ਪਾਸੇ ਪਨਪ ਰਹੇ ਹਨ ਤਾਂ ਉਹ ਇਕੱਲੇ ਪਾਕਿਸਤਾਨ ਉਪਰ ਹਮਲਾ ਕਿਉਂ ਕਰਨਗੇ, ਭਾਰਤੀ ਪਾਸੇ ਕਿਉਂ ਨਹੀਂ?
* * *
ਜਨੂਬੀ ਪੰਜਾਬ ਸਕੱਤਰੇਤ
ਹਕੂਮਤ-ਇ-ਪੰਜਾਬ ਨੇ ਐਲਾਨ ਕੀਤਾ ਹੈ ਕਿ ਜਨੂਬੀ ਪੰਜਾਬ ਸਕੱਤਰੇਤ ਜਲਦ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਅਜਿਹਾ ਕਰਨ ਦਾ ਮਕਸਦ ਜਨੂਬੀ ਪੰਜਾਬ ਖਿੱਤੇ ਨੂੰ ਖ਼ੁਦਮੁਖਤਾਰੀ ਦੇ ਰਾਹ ਪਾਉਣਾ ਹੈ। ਉਰਦੂ ਰੋਜ਼ਨਾਮਾ ‘ਦੁਨੀਆ’ ਦੀ ਰਿਪੋਰਟ ਮੁਤਾਬਿਕ ਸਕੱਤਰੇਤ ਚਾਲੂ ਕਰਨ ਦਾ ਫ਼ੈਸਲਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਪੰਜਾਬ ਦੇ ਵਜ਼ੀਰੇ ਆਲ੍ਹਾ ਸਰਦਾਰ ਉਸਮਾਨ ਬੁਜ਼ਦਾਰ ਦਰਮਿਆਨ ਮੀਟਿੰਗ ਦੌਰਾਨ ਲਿਆ ਗਿਆ। ਫ਼ੈਸਲੇ ਮੁਤਾਬਿਕ ਇਹ ਸਕੱਤਰੇਤ ਬਹਾਵਲਪੁਰ, ਮੁਲਤਾਨ ਤੇ ਡੇਰਾ ਗਾਜ਼ੀ ਖ਼ਾਨ ਦੇ ਪ੍ਰਸ਼ਾਸਨਿਕ ਤੇ ਵਿੱਤੀ ਮਾਮਲੇ ਖ਼ੁਦਮੁਖਤਾਰਾਨਾ ਰੂਪ ਵਿਚ ਸਿੱਝੇਗਾ। ਮੀਟਿੰਗ ਦੇ ਫ਼ੈਸਲਿਆਂ ਦਾ ਖ਼ੁਲਾਸਾ ਕਰਦਿਆਂ ਸਰਦਾਰ ਉਸਮਾਨ ਬੁਜ਼ਦਾਰ ਨੇ ਇਹੋ ਦੱਸਿਆ ਕਿ ਸਕੱਤਰੇਤ ਫਿਲਹਾਲ ਲਾਹੌਰ ਤੋਂ ਹੀ ਆਪਣਾ ਕੰਮ ਕਰੇਗਾ। ਜ਼ਿਕਰਯੋਗ ਹੈ ਕਿ ਜਨੂਬੀ (ਦੱਖਣੀ) ਪੰਜਾਬ ਨੂੰ ਅਲਹਿਦਾ ਸੂਬੇ ਦਾ ਦਰਜਾ ਦਿੱਤੇ ਜਾਣ ਦੀ ਮੰਗ ਪਿਛਲੇ ਇਕ ਦਹਾਕੇ ਤੋਂ ਚੱਲਦੀ ਆ ਰਹੀ ਹੈ। ਸ਼ਾਹ ਮਹਿਮੂਦ ਕੁਰੈਸ਼ੀ ਤੇ ਸਰਦਾਰ ਬੁਜ਼ਦਾਰ- ਦੋਵਾਂ ਨੇ 2018 ਦੀਆਂ ਕੌਮੀ ਚੋਣਾਂ ਦੌਰਾਨ ਇਸ ਮੰਗ ਦੀ ਹਮਾਇਤ ਕੀਤੀ ਸੀ, ਪਰ ਹੁਣ ਦੋਵੇਂ ਇਸ ਮੰਗ ਨੂੰ ਅਮਲੀ ਰੂਪ ਦੇਣ ਤੋਂ ਝਿਜਕਦੇ ਆ ਰਹੇ ਹਨ।
– ਪੰਜਾਬੀ ਟ੍ਰਿਬਿਊਨ ਫ਼ੀਚਰ