ਜਗਰੂਪ ਸਿੰਘ ਸੇਖੋਂ*
ਇਤਿਹਾਸ
‘ਰਿਵਰਜ਼ ਆਨ ਫਾਇਰ: ਖਾਲਿਸਤਾਨ ਸਟ੍ਰੱਗਲ’ ਪੰਜਾਬ ਦੇ ਪ੍ਰਸਿੱਧ ਪੱਤਰਕਾਰ ਜਗਤਾਰ ਸਿੰਘ ਦੀ ਖਾਲਿਸਤਾਨ ਲਹਿਰ ਨਾਲ ਜੁੜੇ ਮੁੱਦਿਆਂ ਬਾਰੇ ਦੂਜੀ ਕਿਤਾਬ ਹੈ ਜਿਹੜੀ ਉਸ ਸੰਤਾਪ ਦਾ ਅੱਖੀਂ ਡਿੱਠਾ ਹਾਲ ਬਿਆਨ ਕਰਦੀ ਹੈ। ਕਿਤਾਬ ਉਸ ਸਮੇਂ ਦੇ ਵਰਤਾਰੇ ਦੇ ਵੱਖ-ਵੱਖ ਪਹਿਲੂਆਂ ਦੀ ਨਜ਼ਰਸਾਨੀ ਕਰਦੀ ਅਤੇ ਅਣਗੌਲੀਆਂ ਪਰਤਾਂ ਨੂੰ ਫੋਲਦੀ ਹੈ ਜਿਨ੍ਹਾਂ ਬਾਰੇ ਜ਼ਿਆਦਾਤਰ ਵੇਰਵੇ ਲਿਖਤੀ ਰੂਪ ਵਿੱਚ ਮੌਜੂਦ ਨਹੀਂ। ਭਾਵੇਂ ਸੰਤਾਪਾਂ ਦਾ ਪੰਜਾਬ ਨਾਲ ਬਹੁਤ ਪੁਰਾਣਾ ਵਾਸਤਾ ਹੈ, ਪਰ ਲੇਖਕ ਮੁਤਾਬਿਕ ਖਾਲਿਸਤਾਨ ਲਹਿਰ ਨੇ ਪੰਜਾਬ ਨੂੰ ਵੱਡਾ ਜਾਨੀ-ਮਾਲੀ ਨੁਕਸਾਨ ਪਹੁੰਚਾਇਆ ਅਤੇ ਹਰੀ ਕ੍ਰਾਂਤੀ ਤੋਂ ਬਾਅਦ ਸ਼ੁਰੂ ਹੋਈ ਚੰਗੀ ਸਮਾਜਿਕ, ਆਰਥਿਕ, ਰਾਜਨੀਤਕ ਵਿਵਸਥਾ ਨੂੰ ਲੀਹੋਂ ਲਾਹ ਦਿੱਤਾ। ਇਸੇ ਕਰਕੇ ਹੁਣ ਤੱਕ ਪੰਜਾਬ ਇਸ ਤ੍ਰਾਸਦੀ ਦੀ ਮਾਰ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ। ਇਸ ਖ਼ੂਨੀ ਸਾਕੇ ਦੇ ਨਿਸ਼ਾਨ ਅੱਜ ਵੀ ਸਮੇਂ-ਸਮੇਂ ’ਤੇ ਉਸ ਭਿਅੰਕਰ ਦੌਰ ਦੀ ਯਾਦ ਕਰਵਾਉਂਦੇ ਰਹਿੰਦੇ ਹਨ। ਲੇਖਕ ਭਵਿੱਖ ਵਿੱਚ ਅਜਿਹੇ ਵਰਤਾਰੇ ਹੋਣ ਦੀ ਮਹਿਜ਼ ਚਿਤਾਵਨੀ ਹੀ ਨਹੀਂ ਦਿੰਦਾ ਸਗੋਂ ਇਸ ਤੋਂ ਬਚਣ ਲਈ ਇਸ਼ਾਰੇ ਵੀ ਕਰਦਾ ਹੈ।
ਇਹ ਕਿਤਾਬ ਤੇਰ੍ਹਾਂ ਭਾਗਾਂ ਵਿੱਚ ਵੰਡੀ ਹੋਈ ਹੈ। ਇਹ ਪੰਜਾਬ ਦੀ ਉਸ ਸਮੇਂ ਦੀ ਤ੍ਰਾਸਦੀ ਤੋਂ ਸ਼ੁਰੂ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਲੈ ਕੇ ਸਮਕਾਲ ਤੱਕ ਇਸ ਦੀ ਹਾਲਤ ਤੇ ਨਿਜ਼ਾਮ ਦਾ ਬਿਰਤਾਂਤ ਹੈ। ਕਿਤਾਬ ਦਾ ਜ਼ਿਆਦਾ ਹਿੱਸਾ ਪੰਜਾਬੀਆਂ ਦੇ ਖਾਲਿਸਤਾਨ ਲਹਿਰ ਦੌਰਾਨ ਹੰਢਾਏ ਸੰਤਾਪ ਤੇ ਇਸ ਨਾਲ ਸਬੰਧਿਤ ਘਟਨਾਵਾਂ ਬਾਰੇ ਸਮਕਾਲੀ ਗਵਾਹ ਵਜੋਂ ਮਹੱਤਵਪੂਰਨ ਪੇਸ਼ਕਾਰੀ ਹੈ।
ਲੇਖਕ ਨੇ ਇਸ ਲਿਖਤ ਵਿੱਚ ਖਾਲਿਸਤਾਨ ਲਹਿਰ ਦੀਆਂ ਇਤਿਹਾਸਕ ਅਤੇ ਤਤਕਾਲੀ ਘਟਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਹੈ। ਉਸ ਸਮੇਂ ਵੱਖ-ਵੱਖ ਸੰਸਥਾਵਾਂ ਤੇ ਉਨ੍ਹਾਂ ਨਾਲ ਜੁੜੇ ਲੋਕਾਂ ਦੇ ਕਿਰਦਾਰ ’ਤੇ ਬਾਖ਼ੂਬੀ ਚਾਨਣ ਪਾਇਆ ਹੈ। ਲੇਖਕ ਸਿੱਖ ਇਤਿਹਾਸ ਅਤੇ ਸਿੱਖੀ ਦੀ ਪਛਾਣ ਨਾਲ ਜੋੜ ਕੇ ਅਜਿਹੇ ਵਰਤਾਰਿਆਂ ਦਾ ਵਰਣਨ ਕਰਦਾ ਹੈ। ਇਸ ਦੀਆਂ ਜੜ੍ਹਾਂ ਆਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਦੇ ਯੋਗਦਾਨ ਤੇ ਦੇਸ਼ ਵੰਡ ਦੇ ਵੱਖ-ਵੱਖ ਪਹਿਲੂਆਂ ਵਿੱਚੋਂ ਲੱਭਣ ਦਾ ਯਤਨ ਕਰਦਾ ਹੈ। ਅਕਾਲੀ ਦਲ ਦੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਭੂਮਿਕਾ ਅਤੇ ਬਾਅਦ ਵਿਚ ਰਾਜਨੀਤਕ ਤਾਕਤ ਦੀ ਪ੍ਰਾਪਤੀ ਲਈ ਸਮੇਂ ਸਮੇਂ ’ਤੇ ਇਹੋ ਜਿਹੇ ਮੁੱਦੇ ਉਠਾਉਣ ਅਤੇ ਵੱਧ ਤੋਂ ਵੱਧ ਲਾਹਾ ਲੈਣ ਦੀ ਵੀ ਗੱਲ ਕੀਤੀ ਹੈ। ਸਿੱਖਾਂ ਦੀਆਂ ਧਾਰਮਿਕ ਤੇ ਰਾਜਨੀਤਕ ਧਿਰਾਂ ਦੀ ਖਾਲਿਸਤਾਨ ਬਾਰੇ ਸਹਿਮਤੀ ਜ਼ਿਆਦਾਤਰ ਸਿੱਖੀ ਪਛਾਣ ਨੂੰ ਬਚਾਉਣ ਅਤੇ ਉਸ ਦੀ ਸਾਂਭ ਸੰਭਾਲ ਦੁਆਲੇ ਹੀ ਘੁੰਮਦੀ ਲੱਗਦੀ ਹੈ।
ਕਿਤਾਬ ਵਿੱਚ ਖਾਲਿਸਤਾਨ ਲਹਿਰ ਤੇ ਅਤਿਵਾਦ ਦੇ ਦੌਰ ਦੀ ਵਿਆਖਿਆ ਇਸ ਘਟਨਾ ਨਾਲ ਸਬੰਧਤ ਮੁੱਖ ਨਾਇਕ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਧੁਰਾ ਬਣਾ ਕੇ ਕੀਤੀ ਹੈ ਜੋ ਉਸ ਦੀ ਸਮੁੱਚੀ ਸ਼ਖ਼ਸੀਅਤ ਅਤੇ ਧਾਰਮਿਕ ਤੇ ਰਾਜਨੀਤਕ ਸੂਝ-ਬੂਝ ਦੀ ਤਸਵੀਰ ਪੇਸ਼ ਕਰਦੀ ਹੈ। ਉਸ ਵੱਲੋਂ ਸਮੇਂ ਦੇ ਲਿਹਾਜ਼ ਨਾਲ ਲਏ ਵੱਖ-ਵੱਖ ਪੈਂਤੜਿਆਂ ਦੀ ਬਾਰੀਕੀ ਨਾਲ ਵਿਸਥਾਰ ਸਹਿਤ ਵਿਆਖਿਆ ਕੀਤੀ ਹੈ। ਖਾਲਿਸਤਾਨ ਲਹਿਰ ਦੇ ਸਮੇਂ (1978-95) ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ ਕੇ ਉਸ ਸਮੇਂ ਦੀਆਂ ਮੁੱਖ ਘਟਨਾਵਾਂ ਵਿਸਥਾਰ ਨਾਲ ਪੇਸ਼ ਕੀਤੀਆਂ ਹਨ ਜਿਨ੍ਹਾਂ ਵਿਚ ਅਕਾਲੀ-ਨਿਰੰਕਾਰੀ ਝਗੜੇ ਤੋਂ ਸ਼ੁਰੂ ਹੋ ਕੇ ਬੇਅੰਤ ਸਿੰਘ ਦੇ ਕਤਲ ਅਤੇ ਅਤਿਵਾਦ ਦੇ ਮੁਕੰਮਲ ਖ਼ਾਤਮੇ ਤੱਕ ਦੀਆਂ ਘਟਨਾਵਾਂ ਸ਼ਾਮਲ ਹਨ। ਸੈਂਕੜੇ ਘਟਨਾਵਾਂ ਵਾਪਰਨ ਦੇ ਵੱਖ-ਵੱਖ ਪਹਿਲੂ ਤੇ ਇਨ੍ਹਾਂ ਦਾ ਸਿੱਖੀ ਸੁਭਾਅ ਨਾਲ ਸਬੰਧ; ਪੰਜਾਬ ਦੇ ਸਿਆਸੀ, ਧਾਰਮਿਕ ਤੇ ਹੋਰ ਜਥੇਬੰਦੀਆਂ ਦੇ ਨੇਤਾਵਾਂ ਦਾ ਇਨ੍ਹਾਂ ਘਟਨਾਵਾਂ ਪ੍ਰਤੀ ਰੁਖ਼, ਕਿਰਦਾਰ ਤੇ ਇਕ-ਦੂਜੇ ਨੂੰ ਉਸ ਔਖੇ ਸਮੇਂ ਠਿੱਬੀ ਲਾਉਣ ਦੀ ਨੀਤੀ ਅਤੇ ਅਤਿਵਾਦ ਪੈਦਾ ਕਰਨ ਤੇ ਵਧਾਉਣ ਵਿੱਚ ਉਨ੍ਹਾਂ ਦੇ ਕਿਰਦਾਰ ਨੂੰ ਪੇਸ਼ ਕੀਤਾ ਹੈ। ਉਂਜ ਸਾਰੀ ਵਿਆਖਿਆ ਬਹੁਤ ਜ਼ਿਆਦਾ ਤਰਤੀਬ ਵਿੱਚ ਦਿਖਾਈ ਨਹੀਂ ਦਿੰਦੀ। ਇਹ ਬਿਰਤਾਂਤ ਸਾਧਾਰਨ ਪਾਠਕਾਂ ਨੂੰ ਉਸ ਸਮੇਂ ਦੇ ਗੁੰਝਲਦਾਰ ਮਸਲੇ, ਉਸ ਦੇ ਪ੍ਰਭਾਵਾਂ ਅਤੇ ਅਤਿਵਾਦ ਦਾ ਸੰਤਾਪ ਹੰਢਾਉਣ ਵਾਲੇ ਪੰਜਾਬੀਆਂ ਬਾਰੇ ਵੱਖਰੀ ਕਿਸਮ ਦੀ ਜਾਣਕਾਰੀ ਦਿੰਦਾ ਹੈ ਜਿਸ ਵਿੱਚੋਂ ਉਹ ਆਪਣੇ ਤਜ਼ਰਬੇ ਰਾਹੀਂ ਕੁਝ ਸਿੱਟੇ ਕੱਢ ਸਕਦੇ ਹਨ। ਖਾਲਿਸਤਾਨੀ ਲਹਿਰ ਬਾਰੇ ਭੰਬਲਭੂਸੇ, ਇਸ ਦੇ ਉਤਰਾਅ-ਚੜ੍ਹਾਅ, ਲਹਿਰ ਦੇ ਅਸਲ ਮੁੱਦਿਆਂ ਤੋਂ ਭਟਕ ਕੇ ਹੋਰ ਪਾਸੇ ਵੱਲ ਚਲੇ ਜਾਣ ਦੇ ਟੋਟਕਿਆਂ ਵਿੱਚ ਸੰਕੇਤ ਦਿੱਤੇ ਗਏ ਹਨ। ਦੱਸਿਆ ਗਿਆ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਹੀ ਖਾਲਿਸਤਾਨ ਲਹਿਰ ਜਾਂ ਉਸ ਵਿੱਚੋਂ ਉਪਜੇ ਅਤਿਵਾਦ ਦਾ ਕੇਂਦਰੀ ਧੁਰਾ ਸੀ। ਇਹ ਸਾਰੀ ਵਿਵਸਥਾ ਦਾ ਇਕ ਪਾਸਾ ਹੋ ਸਕਦਾ ਹੈ ਜਦੋਂਕਿ ਅਤਿਵਾਦ, ਵੱਖਵਾਦ ਤੇ ਖਾਲਿਸਤਾਨ ਲਹਿਰ ਦੇ ਸ਼ੁਰੂ ਹੋਣ ਅਤੇ ਵਧਣ-ਫੁੱਲਣ ਦੇ ਬਹੁਤ ਸਾਰੇ ਹੋਰ ਕਾਰਨ ਸਨ ਜਿਸ ਨੂੰ ਇਸ ਕਿਤਾਬ ਵਿੱਚ ਜ਼ਿਆਦਾ ਵਿਚਾਰਿਆ ਨਹੀਂ ਗਿਆ।
ਸੰਤਾਪ ਦੀ ਕੜੀ ਵਿੱਚ ਲੇਖਕ ਨੇ ਸਭ ਤੋਂ ਵੱਧ ਵਰਣਨ ਬਹੁਤ ਵੱਡੀ ਗਿਣਤੀ ਵਿੱਚ ਮਾਸੂਮਾਂ ਦੇ ਕਤਲਾਂ ਦਾ ਕੀਤਾ ਹੈ ਜਿਸ ਵਿੱਚ ਸਰਕਾਰੀ ਤੇ ਗ਼ੈਰ-ਸਰਕਾਰੀ ਦਹਿਸ਼ਤਵਾਦ ਦੀ ਝਲਕ ਸਾਫ਼ ਦਿਸਦੀ ਹੈ। ਲੇਖਕ ਮੁਤਾਬਿਕ ਇਹ ਵਰਤਾਰਾ ਉਸ ਸਮੇਂ ਦੀ ਸਭ ਤੋਂ ਵੱਡੀ ਤ੍ਰਾਸਦੀ ਬਣ ਗਿਆ। ਉਸ ਸਮੇਂ ਦੀਆਂ ਹਾਕਮ ਜਮਾਤਾਂ ਦੀ ਆਪਸੀ ਖੁੰਦਕ ਤੇ ਉਸ ਦੇ ਮਾੜੇ ਪ੍ਰਭਾਵ ਦੀ ਵੀ ਖ਼ੂਬ ਵਿਆਖਿਆ ਕੀਤੀ ਹੈ। ਲੇਖਕ ਨੇ ਉਸ ਸਮੇਂ ਦੀਆਂ ਦੋ ਵੱਡੀਆਂ ਧਿਰਾਂ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਇੰਦਰਾ ਗਾਂਧੀ ਦੀ ਹਠਧਰਮੀ ਤੇ ਅੜੀਅਲ ਰਵੱਈਏ ਅਤੇ ਅਹਿਮ ਸਿਆਸੀ ਪਾਰਟੀਆਂ ਦੇ ਮੁੱਖ ਨੇਤਾਵਾਂ ਦੇ ਮਾੜੇ ਕਿਰਦਾਰ ਬਾਰੇ ਵਿਸਥਾਰ ਨਾਲ ਲਿਖਿਆ ਹੈ। ਇਹ ਸਾਰਾ ਕੁਝ ਪੜ੍ਹ ਕੇ ਲੱਗਦਾ ਹੈ ਜਿਵੇਂ ਉਸ ਸਮੇਂ ਦੀ ਕੇਂਦਰੀ ਸਰਕਾਰ ਨੇ ਪੰਜਾਬ ’ਤੇ ਇਹ ਤਜ਼ਰਬਾ ਤਾਂ ਨਹੀਂ ਕੀਤਾ ਕਿ ਪੰਜਾਬ ਦੇ ਸਿੱਖ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਲੰਮੇ ਸਮੇਂ ਤੋਂ ਉਠਾਏ ਜਾਂਦੇ ਸਵਾਲਾਂ ਦੇ ਮਸਲੇ ਵਿਚ ਕਿਸ ਹੱਕ ਤੱਕ ਜਾ ਸਕਦੀਆਂ ਹਨ। ਇਸੇ ਵਰਤਾਰੇ ਵਿੱਚ ਸਾਕਾ ਨੀਲਾ ਤਾਰਾ ਤੇ ਉਸ ਤੋਂ ਬਾਅਦ ਦੇ ਪੰਜਾਬ ਦੀ ਸੰਕਟਮਈ ਤੇ ਡਰਾਉਣੀ ਤਸਵੀਰ ਸਾਹਮਣੇ ਆਉਂਦੀ ਹੈ। ਇਹ ਉਹ ਸਮਾਂ ਸੀ ਜਦੋਂ ਗੁਆਂਢੀ ਮੁਲਕ ਪਾਕਿਸਤਾਨ ਇਸ ਵਿੱਚ ਅਸਿੱਧੇ ਤੌਰ ’ਤੇ ਜੁੜ ਗਿਆ ਤੇ ਕਤਲਾਂ ਤੇ ਹੋਰ ਗ਼ੈਰ-ਸਮਾਜਿਕ ਤੇ ਅਨੈਤਿਕ ਘਟਨਾਵਾਂ ਦੀ ਗਿਣਤੀ ਵਿੱਚ ਅਥਾਹ ਵਾਧਾ ਹੋਇਆ। ਅਤਿਵਾਦ ਦੇ ਦੌਰ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ ਹੈ। ਉਸ ਸਮੇਂ ਦੀਆਂ ਖੇਤਰੀ ਤੇ ਕੌਮਾਂਤਰੀ ਘਟਨਾਵਾਂ ਖ਼ਾਸਕਰ ਅਫ਼ਗਾਨਿਸਤਾਨ ਵਿੱਚ ਅਮਰੀਕਾ ਸਮਰਥਕ ਤਾਲਿਬਾਨ ਦੀ ਪਾਕਿਸਤਾਨ ਰਾਹੀਂ ਮਦਦ ਤੇ ਪੰਜਾਬ ਵਿੱਚ ਹੋਈ ਕਤਲੋਗਾਰਤ, ਲੁੱਟ-ਖਸੁੱਟ ਨਾਲ ਇਸ ਦੇ ਸਬੰਧ ਤੇ ਖਾਲਿਸਤਾਨ ਦੇ ਮੁੱਦੇ ਨੂੰ ਜ਼ਿੰਦਾ ਰੱਖਣ ਅਤੇ ਇਸ ਨੂੰ ਕੌਮਾਂਤਰੀ ਪੱਧਰ ’ਤੇ ਪਹੁੰਚਾਉਣ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੈ। ਇਸ ਕਾਰਜ ਲਈ ਲੇਖਕ ਨੇ ਇਸ ਘਟਨਾ ਨਾਲ ਸਬੰਧਤ ਖਾਲਿਸਤਾਨੀ ਜਥੇਬੰਦੀਆਂ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਬਹੁਤ ਸਾਰੇ ਵਿਅਕਤੀਆਂ ਤੱਕ ਪਹੁੰਚ ਕਰ ਕੇ ਇਤਿਹਾਸ ਦੀਆਂ ਅਣਗੌਲੀਆਂ ਘਟਨਾਵਾਂ ਦੇ ਵੇਰਵੇ, ਅਤਿਵਾਦ ਦੇ ਸਮੇਂ ਵਿੱਚ ਪਾਕਿਸਤਾਨ ਦੇ ਵਤੀਰੇ ਬਾਰੇ ਜਾਣਿਆ। ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਵਿੱਚ ਅਤਿਵਾਦ ਜਾਰੀ ਰੱਖਣ ਤੇ ਇਸ ਵਿੱਚ ਸ਼ਾਮਿਲ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ, ਪਨਾਹ ਆਦਿ ਦੀ ਵਿਸਥਾਰਤ ਜਾਣਕਾਰੀ ਇਸ ਕਿਤਾਬ ਦੀ ਵਿਸ਼ੇਸ਼ਤਾ ਹੈ। ਉਸ ਦੌਰ ਵਿੱਚ ਨਵੇਂ ਨਵੇਂ ਹੋਂਦ ਵਿੱਚ ਆਉਣ ਵਾਲੇ ਅਕਾਲੀ ਦਲਾਂ ਅਤੇ ਉਨ੍ਹਾਂ ਦੇ ਵੱਖ-ਵੱਖ ਧੜਿਆਂ ਦੇ ਜਥੇਬੰਦਕ ਢਾਂਚੇ ਤੇ ਕਾਰਗ਼ੁਜ਼ਾਰੀ, ਅਕਾਲੀ ਲੀਡਰਾਂ ਦੀ ਵਾਰ ਵਾਰ ਬਦਲਦੀ ਪੈਂਤੜੇਬਾਜ਼ੀ, ਅਤਿਵਾਦੀ ਜਥੇਬੰਦੀਆਂ ਦਾ ਉਭਾਰ, ਉਨ੍ਹਾਂ ਵਿਚਲੀ ਫੁੱਟ, ਖਾਲਿਸਤਾਨ ਦੇ ਨਾਂ ’ਤੇ ਕੀਤੇ ਕਤਲ ਤੇ ਅਨੈਤਿਕ ਕੰਮਾਂ, ਗ਼ੈਰ-ਵਾਜਬ ਗੱਲਾਂ ’ਤੇ ਬਹਿਸ ਤੇ ਆਪਣੀ ਗੱਲ ’ਤੇ ਅੜੇ ਰਹਿਣ ਆਦਿ ਸਬੰਧੀ ਦੱਸਿਆ ਗਿਆ ਹੈ। ਇਸ ਕਿਤਾਬ ਵਿਚ ਸਿਆਸੀ ਆਗੂਆਂ, ਫ਼ੌਜ ਦੇ ਸਾਬਕਾ ਅਫ਼ਸਰਾਂ ਤੇ ਹੋਰ ਪ੍ਰਸਿੱਧ ਵਿਅਕਤੀਆਂ ਦੇ ਕਤਲਾਂ ਦਾ ਵਰਣਨ ਵੀ ਹੈ।
ਖਾਲਿਸਤਾਨ ਲਹਿਰ ਦੌਰਾਨ ਉਪਜੇ ਸੰਕਟ ਨੂੰ ਹੱਲ ਕਰਨ ਦੇ ਯਤਨਾਂ ਅਤੇ ਉਨ੍ਹਾਂ ਵਿੱਚ ਰੁਕਾਵਟ ਪਾਉਣ ਵਾਲੀਆਂ ਅੰਦਰੂਨੀ ਤੇ ਬਾਹਰੀ ਤਾਕਤਾਂ, ਲੀਡਰਾਂ ਦੀ ਸੌੜੇ ਸਿਆਸੀ ਹਿੱਤ, ਇਕ-ਦੂਜੇ ਪ੍ਰਤੀ ਅਵਿਸ਼ਵਾਸ ਦੀ ਭਾਵਨਾ, ਮਾਰੇ ਜਾਣ ਦਾ ਡਰ ਤੇ ਸਹਿਮ, ਦੋਵਾਂ ਧਿਰਾਂ ਵੱਲ ਇੱਕ-ਦੂਜੇ ਦੀਆਂ ਨਾ ਮੰਨੀਆਂ ਜਾਣ ਵਾਲੀਆਂ ਸ਼ਰਤਾਂ ਆਦਿ ਨੇ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਵਿੱਚ ਵੱਡਾ ਰੋਲ ਨਿਭਾਇਆ। ਰਾਜੀਵ-ਲੌਂਗੋਵਾਲ ਸਮਝੌਤਾ ਦਿਆਨਤਦਾਰੀ ਨਾਲ ਲਾਗੂ ਨਾ ਹੋਣਾ ਵੀ ਪੰਜਾਬ ਨਾਲ ਬੇਇਨਸਾਫ਼ੀ ਸੀ। ਪਾਣੀਆਂ ਦੇ ਮੁੱਦੇ ਤੇ ਉਸ ਤੋਂ ਉਪਜੀ ਸਿਆਸਤ ਵਿੱਚ ਪੰਜਾਬ ਦਾ ਪੱਖ ਖ਼ੂਬਸੂਰਤੀ ਨਾਲ ਇਤਿਹਾਸਕ ਤੇ ਸਮਕਾਲੀ ਪਰਿਪੇਖ ਵਿੱਚ ਪੇਸ਼ ਕਰਕੇ ਇਸ ਵਿੱਚੋਂ ਉਤਪੰਨ ਹੋਈਆਂ ਚੁਣੌਤੀਆਂ ਤੇ ਭਵਿੱਖੀ ਖ਼ਤਰੇ ਬਾਰੇ ਸੁਚੇਤ ਕੀਤਾ ਹੈ। ਸਿਆਸੀ ਪਾਰਟੀਆਂ ਤੇ ਆਗੂਆਂ ਦੇ ਲਗਾਤਾਰ ਬਦਲਦੇ ਪੈਂਤੜੇ ਨੇ ਇਸ ਸਮੱਸਿਆ ਨੂੰ ਲਗਾਤਾਰ ਗੁੰਝਲਦਾਰ ਬਣਾਇਆ ਹੈ ਜੋ ਭਵਿੱਖ ਵਿੱਚ ਪੰਜਾਬ ਦੀ ਰਾਜਨੀਤੀ ਤੇ ਆਰਥਿਕਤਾ ਨੂੰ ਪ੍ਰਭਾਵਿਤ ਕਰੇਗੀ ਅਤੇ ਇਸ ਦਾ ਗੁਆਂਢੀ ਸੂਬਿਆਂ ਅਤੇ ਕੇਂਦਰ ਨਾਲ ਸਬੰਧਾਂ ’ਤੇ ਵੀ ਅਸਰ ਪਵੇਗਾ।
ਖਾਲਿਸਤਾਨ ਲਹਿਰ ਨੇ ਪੰਜਾਬ ਦੀ ਲੋਕਤੰਤਰੀ ਪ੍ਰਣਾਲੀ ’ਤੇ ਘਾਤਕ ਅਸਰ ਪਾਇਆ ਅਤੇ ਮਨੁੱਖੀ ਵਿਕਾਸ ਦੇ ਦੋ ਮਹੱਤਵਪੂਰਨ ਪਹਿਲੂਆਂ ਸਿਹਤ ਤੇ ਸਿੱਖਿਆ ਦਾ ਵੀ ਸੱਤਿਆਨਾਸ ਕਰ ਦਿੱਤਾ। ਇਸ ਕਾਰਨ ਉਪਜੀ ਨਵੀਂ ਰਾਜਨੀਤੀ ਅਤੇ ਰਾਜਨੀਤਕ ਜਥੇਬੰਦੀਆਂ ਵਿੱਚ ਵਿਚਾਰਧਾਰਕ ਪ੍ਰਪੱਕਤਾ ਦੀ ਅਣਹੋਂਦ, ਧੜੇਬੰਦੀ ਤੇ ਮਾਰਨ ਮਰਵਾਉਣ ਦੀ ਨੀਤੀ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਖਾਲਿਸਤਾਨ ਲਹਿਰ ਨਾਲ ਜੁੜੀਆਂ ਜਥੇਬੰਦੀਆਂ ਦੇ ਵੱਡੇ-ਵੱਡੇ ਲੀਡਰਾਂ ਦੀ ਰਾਜਨੀਤਕ ਸਮਝ ਤੇ ਉਨ੍ਹਾਂ ਦੇ ਨਕਸ਼ੇ-ਕਦਮ ’ਤੇ ਚੱਲਣ ਵਾਲੇ ਵੱਖ-ਵੱਖ ਪਾਰਟੀਆਂ ਦੇ ਸਮਕਾਲੀ ਨੇਤਾ ਵੀ ਇਕ ਤਰ੍ਹਾਂ ਪੰਜਾਬ ਦੀ ਤਬਾਹੀ ਲਈ ਬਰਾਬਰ ਦੇ ਜ਼ਿੰਮੇਵਾਰ ਹਨ। ਅਤਿਵਾਦ ਦੇ ਸਿਖ਼ਰ ਵਿੱਚ ਹੋਈਆਂ ਵੱਡੀਆਂ ਵੱਡੀਆਂ ਘਟਨਾਵਾਂ ਦਾ ਵਿਸਥਾਰ ਸਹਿਤ ਵਰਣਨ ਉਨ੍ਹਾਂ ਸਮਿਆਂ ਦੀ ਮੂੰਹ ਬੋਲਦੀ ਤਸਵੀਰ ਹੈ। ਕੁਝ ਬਹੁਤ ਘਾਗ ਸਿਆਸਤਦਾਨ ਹਵਾ ਦੇ ਰੁਖ਼ ਮੁਤਾਬਿਕ ਉਸ ਲਹਿਰ ਤੋਂ ਪਿੱਛੇ ਹਟ ਗਏ ਜਾਂ ਦੂਸਰਿਆਂ ਨੂੰ ਅੱਗੇ ਕਰ ਦਿੱਤਾ। ਉਨ੍ਹਾਂ ਨੇ ਬਾਅਦ ਵਿੱਚ ਸੱਤਾ ਨੂੰ ਪੂਰੀ ਤਰ੍ਹਾਂ ਹੰਢਾਇਆ ਤੇ ਆਪਣੇ ਸੌੜੇ ਹਿੱਤਾਂ ਲਈ ਵਰਤਿਆ। ਇਸੇ ਕਾਰਨ ਖਾਲਿਸਤਾਨ, ਵੱਖਵਾਦ ਤੇ ਅਤਿਵਾਦ ਦਾ ਭੂਤ ਅੱਜ ਵੀ ਪੰਜਾਬ ਦੇ ਲੋਕਾਂ ਦਾ ਪਿੱਛਾ ਨਹੀਂ ਛੱਡ ਰਿਹਾ।
ਲੇਖਕ ਦੀ ਇਹ ਕਿਤਾਬ ਇਤਿਹਾਸ ਦੇ ਅਣਗੌਲੇ ਪੰਨਿਆਂ ਨੂੰ ਉਦੋਂ ਸਾਹਮਣੇ ਲਿਆਉਂਦੀ ਹੈ ਜਦੋਂ ਖਾਲਿਸਤਾਨ ਲਹਿਰ ਦੇ ਦੁਬਾਰਾ ਸ਼ੁਰੂ ਹੋਣ ਦੀਆਂ ਗੱਲਾਂ, ਖ਼ਾਸਕਰ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਵੱਲੋਂ, ਗਾਹੇ-ਬਗਾਹੇ ਕੀਤੀਆਂ ਜਾ ਰਹੀਆਂ ਹਨ ਤੇ ਸਰਕਾਰਾਂ ਵੱਲੋਂ ਇਸ ਦੇ ਦੁਬਾਰਾ ਪੈਰ ਪਸਾਰਨ ਦੀ ਗੱਲ ਕਰਕੇ ਹਊਆ ਖੜ੍ਹਾ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਖਾਲਿਸਤਾਨ ਲਹਿਰ ਦੇ ਬਹੁਤ ਸਾਰੇ ਹੋਰ ਪੱਖਾਂ ਬਾਰੇ ਜ਼ਿਆਦਾ ਵੇਰਵੇ ਨਾ ਹੋਣ ਕਰਕੇ ਇਸ ਕਿਤਾਬ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਾ ਦੁਆਲੇ ਹੀ ਸਾਰੀ ਕਹਾਣੀ ਨੂੰ ਪੇਸ਼ ਕੀਤਾ ਹੈ ਜਦੋਂਕਿ ਖਾਲਿਸਤਾਨ ਦੇ ਉਪਜਣ ਪਿੱਛੇ ਬਹੁਤ ਸਾਰੇ ਆਰਥਿਕ, ਸਮਾਜਿਕ, ਰਾਜਨੀਤਕ, ਧਾਰਮਿਕ, ਮਨੋ-ਵਿਗਿਆਨਕ ਕਾਰਨ ਸਨ। ਖਾਲਿਸਤਾਨ ਲਹਿਰ ਦੇ ਚੜ੍ਹਾਅ ਤੇ ਉਤਰਾਅ ਬਾਰੇ ਲੇਖਕ ਦੀਆਂ ਕੁਝ ਵਿਆਖਿਆਵਾਂ ਉਸ ਦੌਰ ਨੂੰ ਚੰਗੀ ਤਰ੍ਹਾਂ ਸਮਝਣ ਤੇ ਹੰਢਾਉਣ ਵਾਲੇ ਲੋਕਾਂ ਨੂੰ ਕਈ ਵਾਰੀ ਹਾਸੋਹੀਣੀਆਂ ਜਾਪਦੀਆਂ ਹਨ। ਅਜਿਹੀਆਂ ਰੱਲਗੱਡ ਵਿਆਖਿਆਵਾਂ ਗੰਭੀਰ ਪਾਠਕਾਂ ਲਈ ਕਈ ਚੁਣੌਤੀਆਂ ਪੈਦਾ ਕਰਦੀਆਂ ਹਨ। ਜਿਵੇਂ ਸਾਕਾ ਨੀਲਾ ਤਾਰਾ ਤੋਂ ਬਾਅਦ ਪਿੰਡਾਂ ਵਿੱਚੋਂ ਅੰਮ੍ਰਿਤਸਰ ਵੱਲ ਕੂਚ ਕਰਨ ਵਾਲੇ ਬਹੁਤੇ ਲੋਕ ਕਈ ਥਾਵਾਂ ’ਤੇ ਮਾਰ ਦਿੱਤੇ (ਸਫ਼ਾ 165)। ਅਤਿਵਾਦ ਦਾ ਨਿਘਾਰ, ਦੂਰਦਰਸ਼ਨ ਦੇ ਉਸ ਸਮੇਂ ਦੇ ਡਾਇਰੈਕਟਰ ਨੂੰ ਮਾਰਨ ਮਗਰੋਂ ਸ਼ੁਰੂ ਹੋਇਆ (ਸਫ਼ਾ 206)। ਖਾਲਿਸਤਾਨ ਲਹਿਰ ਵਿੱਚ ਆਮ ਲੋਕਾਂ ਦਾ ਪੱਖ ਤੇ ਉਸ ਸਮੇਂ ਦੇ ਖਾਲਿਸਤਾਨੀਆਂ ਦਾ ਉਨ੍ਹਾਂ ਨਾਲ ਵਿਹਾਰ ਜਿਹੜਾ ਇਸ ਲਹਿਰ ਦੇ ਪਤਨ ਦਾ ਕਾਰਨ ਬਣਿਆ, ਦਾ ਕੋਈ ਜ਼ਿਕਰ ਨਹੀਂ ਹੈ।
ਉਸ ਸਮੇਂ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਵਿੱਚੋਂ ਇੱਕ ਉਸ ਲਹਿਰ ਦਾ ਕਿਤੇ ਵੀ ਜ਼ਿਕਰ ਨਹੀਂ ਜਿਹੜੀ ਪੰਥਕ ਕਮੇਟੀ ਤੇ ਖਾਲਿਸਤਾਨੀਆਂ ਜਥੇਬੰਦੀਆਂ ਨੇ ਪੰਜਾਬ ਦੇ ਲੋਕਾਂ ਦੇ ਜੀਵਨ, ਰੀਤੀ ਰਿਵਾਜ ਤੇ ਰਹਿਣ ਸਹਿਣ ਦੇ ਢੰਗਾਂ ਨੂੰ ਆਪਣੇ ਹਿਸਾਬ ਨਾਲ ਤਰਤੀਬ ਦੇਣ ਦੀ ਕੋਸ਼ਿਸ਼ ਹਿੱਤ ਸ਼ੁਰੂ ਕੀਤੀ। ਦਰਅਸਲ ਇਸ ਸੁਧਾਰ ਲਹਿਰ ਨੂੰ ਲੋਕਾਂ ’ਤੇ ਜਬਰੀ ਲਾਗੂ ਕਰਨ ਤੋਂ ਬਾਅਦ ਹੀ 1987 ਵਿੱਚ ਅਤਿਵਾਦ ਦਾ ਨਿਘਾਰ ਸ਼ੁਰੂ ਹੋ ਗਿਆ ਸੀ।
* ਕੁਆਰਡੀਨੇਟਰ ਸੈਂਟਰ ਫ਼ਾਰ ਆਲ ਇੰਡੀਆ ਕੰਪੀਟੀਟਵ ਇਗਜ਼ੈਮੀਨੇਸ਼ਨਜ਼, ਖ਼ਾਲਸਾ ਕਾਲਜ, ਅੰਮ੍ਰਿਤਸਰ।