ਸਾਂਵਲ ਧਾਮੀ
ਸੀਓਵਾਲ, ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸਰੂਰ ਤੇ ਥਾਣਾ ਜ਼ਫ਼ਰਵਾਲ ਦਾ ਵੱਡਾ ਪਿੰਡ ਸੀ। ਇੱਥੇ ਵੱਸਣ ਵਾਲੇ ਬਹੁਤੇ ਮੁਸਲਮਾਨ ਅਤੇ ਸਿੱਖ ਕਾਹਲੋਂ ਗੋਤ ਦੇ ਜੱਟ ਸਨ। ਭਗਤ ਸਿੰਘ ਅਤੇ ਅਲੀ ਮੁਹੰਮਦ ਇਸ ਪਿੰਡ ਦੇ ਚੌਧਰੀ ਬੰਦੇ ਸਨ। ਬੁੱਢੇ ਖਾਂ ਅਤੇ ਸਰਦਾਰ ਖਾਂ ਮੁਸਲਮਾਨਾਂ ’ਚੋਂ ਲੰਬੜਦਾਰ ਹੁੰਦੇ ਸਨ। ਪਿੰਡ ’ਚ ਬਹੁਤ ਵੱਡਾ ਬਾਜ਼ਾਰ ਸੀ, ਜਿੱਥੇ ਅਬਰੋਲ ਖੱਤਰੀਆਂ ਦੀਆਂ ਦੁਕਾਨਾਂ ਸਨ। ਕਿਰਪਾ ਲਾਲ ਦਾ ਪੁੱਤਰ ਬਿਹਾਰੀ ਸ਼ਾਹ ਸ਼ਾਹੂਕਾਰਾ ਕਰਦਾ ਸੀ।
ਸਫ਼ੈਦਪੋਸ਼ ਭਗਤ ਸਿੰਘ ਦਾ ਪੁੱਤਰ ਸੁਰਿੰਦਰਪਾਲ ਸਿੰਘ ਹੁਣ ਅਠਾਸੀ ਵਰ੍ਹਿਆਂ ਦਾ ਹੈ। ਉਹ ਨਵਾਂ ਸ਼ਹਿਰ ਦੇ ਕਸਬੇ ਰਾਹੋਂ ਵਿਚ ਰਹਿੰਦਾ ਹੈ। ਉਹਦੀ ਕਹਾਣੀ ਸੀਓਵਾਲ ਤੋਂ ਤੁਰਦੀ ਹੈ:
“ਮੇਰੇ ਦਾਦੇ ਹੋਰੀਂ ਦੋ ਭਰਾ ਸਨ; ਬਿਸ਼ਨ ਸਿੰਘ ਅਤੇ ਕਿਸ਼ਨ ਸਿੰਘ। ਬਿਸ਼ਨ ਸਿੰਘ ਦਾ ਪੁੱਤਰ ਭਗਤ ਸਿੰਘ ਸੀ। ਮੇਰਾ ਬਾਪ। ਪਹਿਲਾਂ ਉਹ ਲੰਬੜਦਾਰ ਸੀ ਤੇ ਫਿਰ ਸਫ਼ੈਦਪੋਸ਼ ਵੀ ਬਣ ਗਿਆ ਸੀ। ਕਿਸ਼ਨ ਸਿੰਘ ਦੇ ਦੋ ਪੁੱਤਰਾਂ ’ਚੋਂ ਵਰਿਆਮ ਸਿੰਘ ਵਿਆਹਿਆ-ਵਰ੍ਹਿਆ ਸੀ ਤੇ ਹਿਕਮਤ ਕਰਦਾ ਸੀ। ਛੋਟਾ ਸੁੰਦਰ ਛੜਾ ਸੀ। ਉਹ ਰੋਡਾ-ਭੋਡਾ ਸੀ ਤੇ ਹੁੱਕਾ ਵੀ ਪੀ ਲੈਂਦਾ ਸੀ।
ਜ਼ਿੰਦਗੀ ਬਹੁਤ ਸੋਹਣੀ ਬੀਤ ਰਹੀ ਸੀ। ਮੈਂ ਪਿੰਡ ਦੇ ਸਕੂਲ ਵਿਚ ਚੌਥੀ ਜਮਾਤ ਵਿਚ ਪੜ੍ਹਦਾ ਸਾਂ ਕਿ ਪਾਕਿਸਤਾਨ ਬਣਨ ਦੀਆਂ ਗੱਲਾਂ ਤੁਰ ਪਈਆਂ। ਸਕੂਲ ਬੰਦ ਹੋ ਗਏ। ਪਿੰਡਾਂ ਵਿਚ ਪਹਿਰੇ ਲੱਗਣੇ ਸ਼ੁਰੂ ਹੋ ਗਏ। ਸੰਤਾਲੀ ਦੇ ਅਗਸਤ ਮਹੀਨੇ ਨੇੜਲੇ ਪਿੰਡਾਂ ਦੇ ਹਿੰਦੂ-ਸਿੱਖ ਵੀ ਸਾਡੇ ਪਿੰਡ ਵਿਚ ਆ ਗਏ। ਮੁਸਲਮਾਨ ਸਾਡੇ ਨਾਲ ਅਖ਼ੀਰ ਤਕ ਨਿਭੇ। ਜਦੋਂ ਕੋਈ ਜਥਾ ਸਾਡੇ ਪਿੰਡ ’ਤੇ ਹਮਲਾ ਕਰਦਾ ਤਾਂ ਉਹ ਲਾਠੀਆਂ ਫੜ ਕੇ ਸਾਡੇ ਨਾਲ ਉਨ੍ਹਾਂ ਦਾ ਮੁਕਾਬਲਾ ਕਰਦੇ। ਇਕ ਹਮਲੇ ਵਿਚ ਕਿਸੇ ਨੇੜਲੇ ਪਿੰਡ ਦੇ ਸਿੱਖਾਂ ਨੇ ਭੁਲੇਖੇ ਨਾਲ ਸਾਡੀ ਮਦਦ ’ਤੇ ਗਿਆ ਇਕ ਮੁਸਲਮਾਨ ਕਤਲ ਕਰ ਦਿੱਤਾ।
ਉਸ ਸ਼ਾਮ ਚੌਧਰੀ ਅਲੀ ਮੁਹੰਮਦ ਸਾਡੇ ਬਾਪੂ ਨੂੰ ਕਹਿਣ ਲੱਗਾ-ਜਾਂ ਤਾਂ ਓਪਰੇ ਪਿੰਡਾਂ ਵਾਲੇ ਸਿੱਖਾਂ ਨੂੰ ਇੱਥੋਂ ਭੇਜ ਦਿਓ ਜਾਂ ਫਿਰ ਅਸੀਂ ਕੋਟਲੀ ਮੁਹਮੰਦ ਖਾਂ ਚਲੇ ਜਾਂਦੇ ਆਂ।
ਮੇਰਾ ਬਾਪੂ ਕਹਿੰਦਾ-ਅਲੀ ਮੁਹੰਮਦਾਂ, ਤੁਸੀਂ ਕਿਤੇ ਨਹੀਂ ਜਾਣਾ। ਅਸੀਂ ਹੁਣ ਪਿੰਡ ਛੱਡ ਦੇਣਾ। ਸਾਰਾ ਪਿੰਡ ਸਕੂਲ ਅੱਗੇ ਇਕੱਠਾ ਹੋ ਗਿਆ। ਉੱਥੋਂ ਅਸੀਂ ਰਾਤ ਦੇ ਗਿਆਰਾਂ ਕੁ ਵਜੇ ਤੁਰੇ। ਸਾਰੇ ਤੁਰ ਪਏ, ਪਰ ਸੁੰਦਰ ਚਾਚਾ ਉੱਥੇ ਖੜ੍ਹਾ ਰਿਹਾ। ਸਾਡੀ ਮਾਤਾ ਨੇ ਉਹਦੇ ਮੂਹਰੇ ਹੱਥ ਜੋੜੇ। ਕੁਝ ਹੋਰਾਂ ਵੀ ਆਖਿਆ ਕਿ ਸੁੰਦਰਾ ਚੱਲ। ਉਹਨੇ ਸਾਰਿਆਂ ਅੱਗੇ ਦੋਵੇਂ ਹੱਥ ਜੋੜ ਦਿੱਤੇ। ਜਿਸ ਦਾ ਮਤਲਬ ਸੀ- ਤੁਸੀਂ ਜਾਓ, ਮੈਂ ਨਹੀਂ ਜਾਣਾ।
ਸਾਡੇ ਕਾਫ਼ਲੇ ਵਿਚ ਅੱਠ-ਦਸ ਹਜ਼ਾਰ ਬੰਦੇ ਸਨ। ਪਿੰਡ ਤੋਂ ਅਸੀਂ ਜੰਮੂ ਰਿਆਸਤ ਵੱਲ ਤੁਰ ਪਏ। ਕਿਸੇ ਪਿੰਡ ਕੋਲੋਂ ਲੰਘ ਰਹੇ ਸਾਂ ਕਿ ਸਾਡੇ ਦੋਵੇਂ ਪਾਸੇ ਢੋਲ ਵੱਜਣ ਲੱਗ ਪਏ। ਉਦੋਂ ਤਕ ਅਸੀਂ ਜੰਮੂ ਦੀ ਹੱਦ ’ਤੇ ਪਹੁੰਚ ਗਏ ਸਾਂ। ਜੰਮੂ ਰਿਆਸਤ ਦੀ ਮਿਲਟਰੀ ਨੇ ਸਾਨੂੰ ਹੱਦ ਟੱਪਣ ਦੀ ਇਜਾਜ਼ਤ ਨਾ ਦਿੱਤੀ। ਸਿਪਾਹੀ ਸਾਡੇ ਉੱਪਰ ਮਸ਼ੀਨਗੰਨਾਂ ਬੀੜ ਕੇ ਬੈਠ ਗਏ। ਪਿੱਛਾ ਕਰਦੇ ਹਮਲਾਵਰਾਂ ਨੇ ਸਾਡੇ ਉੱਤੇ ਧਾਵਾ ਬੋਲ ਦਿੱਤਾ। ਉੱਥੇ ਬੜੀ ਘਸਮਾਣ ਦੀ ਲੜਾਈ ਹੋਈ। ਤੀਹ-ਪੈਂਤੀ ਹਮਲਾਵਰ ਮਾਰੇ ਗਏ। ਆਖ਼ਰ ਉਹ ਉੱਥੋਂ ਦੌੜ ਗਏ। ਅਸੀਂ ਸੁੱਖ ਦਾ ਸਾਹ ਲਿਆ।
ਅਗਲੇ ਦਿਨ ਜੰਮੂ ਦੇ ਰਾਜੇ ਨੇ ਸਾਨੂੰ ਆਪਣੀ ਰਿਆਸਤ ਵਿਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ। ਅਸੀਂ ਰੇਤ ਦੀ ਵੱਟ ਜਿਹੀ ਟੱਪ ਕੇ ਇੱਧਰ ਆ ਗਏ। ਭਾਰਤ ਆ ਕੇ ਅਸੀਂ ਜਿਸ ਪਿੰਡ ਵਿਚ ਡੇਰਾ ਲਗਾਇਆ, ਓਸ ਪਿੰਡ ਵਿਚ ਸਾਡੇ ਪਿੰਡ ਦੇ ਫ਼ਕੀਰਾਂ ਦੀਆਂ ਕੁੜੀਆਂ ਵਿਆਹੀਆਂ ਹੋਈਆਂ ਸਨ। ਉਹ ਦਰਵਾਜ਼ੇ ਵਿਚ ਖੜ੍ਹੀਆਂ, ਰੋ-ਰੋ ਕੇ ਬੋਲੀਆਂ-ਆਪਣੇ ਪਿੰਡ ਦੇ ਸਰਦਾਰਾਂ ਨੂੰ ਇਉਂ ਮੰਦੇਹਾਲ ਵੇਖ ਕੇ ਸਾਡਾ ਕਲੇਜਾ ਪਾਟਦਾ ਏ।
ਜੰਮੂ ਤੋਂ ਤੁਰ ਕੇ ਅਸੀਂ ਜ਼ਿਲ੍ਹਾ ਗੁਰਦਾਸਪੁਰ ਵਿਚ ਆ ਗਏ। ਬਿਆਸ ਦਰਿਆ ਦੇ ਕੰਢੇ ਭੈਣੀ ਮੀਣਵਾਂ ਪਿੰਡ ਵਿਚ ਡੇਰਾ ਲਗਾ ਲਿਆ। ਇਸ ਪਿੰਡ ਦੇ ਬਹੁਤੇ ਘਰ ਸੜੇ ਹੋਏ ਸਨ। ਅਸੀਂ ਦਸ-ਪੰਦਰਾਂ ਦਿਨ ਉੱਥੇ ਰਹੇ। ਫਿਰ ਹੜ੍ਹ ਆ ਗਿਆ। ਤੀਹ-ਬੱਤੀ ਘੰਟੇ ਅਸੀਂ ਦਰਖੱਤਾਂ ’ਤੇ ਕੱਟੇ। ਮੇਰੇ ਬਾਪ ਦਾ ਜਮਾਤੀ ਅਮਰ ਸਿੰਘ ਜਲੰਧਰ ਤਹਿਸੀਲਦਾਰ ਲੱਗਾ ਹੋਇਆ ਸੀ। ਉਹਨੇ ਬਾਪੂ ਨੂੰ ਕਿਹਾ-ਦਕੋਹੇ ਪਿੰਡ ਵਿਚ ਸੈੱਟ ਹੋ ਜਾਓ। ਦੋ ਕੋਠੀਆਂ ਖਾਲੀ ਪਈਆਂ ਨੇ। ਬਾਪੂ ਕਹਿਣ ਲੱਗਾ-ਨਹੀਂ ਜੀ, ਮੈਂ ਤਾਂ ਸਾਰੇ ਭਾਈਚਾਰੇ ਨਾਲ ਰਹਿਣਾ। ਉਹਨੇ ਕਿਹਾ-ਫਿਰ ਧੋਗੜੀ ਪਿੰਡ ਦੇਖ ਲਓ। ਅਸੀਂ ਉੱਥੇ ਗਏ। ਪੱਕਾ ਪਿੰਡ ਸੀ। ਸਾਨੂੰ ਉਹ ਪਿੰਡ ਪਸੰਦ ਆ ਗਿਆ। ਉੱਨੀ ਸੌ ਪੰਜਾਹ ਤਕ ਅਸੀਂ ਧੋਗੜੀ ਰਹੇ, ਫਿਰ ਰਾਹੋਂ ਆ ਗਏ। ਧੋਗੜੀ ਰਹਿੰਦਿਆਂ ਸਾਨੂੰ ਚਾਚੇ ਸੁੰਦਰ ਦੀ ਚਿੱਠੀ ਆਈ ਸੀ। ਉਸ ਚਿੱਠੀ ਵਿਚ ਉਹਨੇ ਪੂਰੀ ਕਹਾਣੀ ਲਿਖਵਾਈ ਸੀ।
ਅਸੀਂ ਪਿੰਡ ਛੱਡ ਕੇ ਆ ਗਏ। ਉਹ ਕੁਝ ਦਿਨ ਫ਼ਸਲਾਂ ਵਿਚ ਲੁਕਦਾ ਰਿਹਾ। ਫਿਰ ਉਹਨੂੰ ਮਿਸਤਰੀ ਫ਼ਜ਼ਲਦੀਨ ਨੇ ਸੰਭਾਲ ਲਿਆ। ਜਦੋਂ ਕੋਈ ਪੇਸ਼ ਨਾ ਗਈ ਤਾਂ ਉਹਨੂੰ ਮਜ਼ਹਬ ਤਬਦੀਲ ਕਰਨਾ ਪਿਆ ਸੀ। ਕੁਝ ਦੇਰ ਬਾਅਦ ਉਸ ਪਿੰਡ ਵਿਚ ਵੀ ਇੱਧਰੋਂ ਉੱਜੜ ਕੇ ਗਏ ਮੁਸਲਮਾਨ ਪਹੁੰਚ ਗਏ। ਉਨ੍ਹਾਂ ਵਿਚ ਇਕ ਨੂਰ ਮਹਿਲ ਦੇ ਅਰਾਈਆਂ ਦੀ ਅਠਾਰਾਂ ਕੁ ਵਰ੍ਹਿਆਂ ਦੀ ਧੀ ਸੀ। ਉਹ ਜ਼ਖ਼ਮੀ ਹੋਈ ਸੀ ਤੇ ਉਹਦਾ ਕੋਈ ਵਾਲੀ-ਵਾਰਸ ਨਹੀਂ ਸੀ। ਫਜ਼ਲਦੀਨ ਨੇ ਕੋਸ਼ਿਸ਼ ਕਰਕੇ ਸੁੰਦਰ ਚਾਚੇ ਦਾ ਉਹਦਾ ਨਿਕਾਹ ਕਰਵਾ ਦਿੱਤਾ। ਸੁੰਦਰ ਉਦੋਂ ਚਾਲੀ ਕੁ ਵਰ੍ਹਿਆਂ ਦਾ ਸੀ। ਚੰਗੀ ਗੱਲ ਇਹ ਸੀ ਕਿ ਚਾਚੇ ਨੂੰ ਉਹਦੇ ਹਿੱਸੇ ਦੇ ਦਸ ਕੁ ਖੇਤ ਮਿਲ ਗਏ ਸਨ। ਚਾਚੇ ਨੇ ਚਿੱਠੀ ਥੱਲੇ ਲਿਖਿਆ ਸੀ…ਤੁਹਾਡਾ ਭਰਾ ਸੁੰਦਰ ਉਰਫ਼ ਚੌਧਰੀ ਦੀਨ ਮੁਹਮੰਦ।
ਇਸ ਚਿੱਠੀ ਤੋਂ ਬਾਅਦ ਸਾਡਾ ਕੋਈ ਰਾਬਤਾ ਨਾ ਰਿਹਾ। ਦਰਅਸਲ, ਸਾਡਾ ਸਿਰਨਾਵਾਂ ਬਦਲ ਗਿਆ ਸੀ। ਅਸੀਂ ਰਾਹੋਂ ਆ ਗਏ ਸਾਂ। ਫਿਰ ਕੋਈ ਵੀਹ-ਬਾਈ ਵਰ੍ਹਿਆਂ ਬਾਅਦ ਉਹਦੀ ਧੀ ਦੀ ਚਿੱਠੀ ਆਈ। ਉਦੋਂ ਤਕ ਚਾਚਾ ਸੁੰਦਰ ਮਰ ਚੁੱਕਾ ਸੀ। ਉਹਨੇ ਲਿਖਿਆ ਸੀ ਕਿ ਇਹ ਖ਼ਤ ਮੈਂ ਸਿਆਹੀ ਨਾਲ ਨਹੀਂ, ਆਪਣੇ ਲਹੂ ਨਾਲ ਲਿਖ ਰਹੀ ਹਾ। ਪਿੰਡ ਦੀਆਂ ਬੀਬੀਆਂ ਜਦੋਂ ਤੁਰ ਗਏ ਸਿੱਖਾਂ ਦੀਆਂ ਕਹਾਣੀਆਂ ਪਾਉਂਦੀਆਂ ਨੇ ਤਾਂ ਮੈਂ ਬੜਾ ਰੋਂਦੀ ਆਂ। ਤੁਸੀਂ ਸਾਡੇ ਆਪਣੇ ਹੋ। ਮੇਰੇ ਭਰਾ ਹੋ। ਚਾਚੇ-ਤਾਏ ਹੋ। ਨਾ ਨਾਨਕੇ, ਨਾ ਦਾਦਕੇ; ਸਾਡਾ ਆਪਣਾ ਤਾਂ ਇੱਧਰ ਕੋਈ ਨਹੀਂ। ਅੱਬਾ ਵੀ ਤੁਹਾਨੂੰ ਯਾਦ ਕਰਕੇ ਰੋਂਦਾ ਰਹਿੰਦਾ ਸੀ। ਉਹ ਤੁਹਾਨੂੰ ਮਿਲਣ ਲਈ ਬਹੁਤ ਤੜਫ਼ਦਾ ਸੀ। ਉਹ ਤਾਂ ਤੁਹਾਨੂੰ ਮਿਲਣ ਲਈ ਭਾਰਤ ਵੀ ਚਲਾ ਜਾਂਦਾ, ਪਰ ਮਾਂ ਨਹੀਂ ਸੀ ਮੰਨੀ। ਮੈਂ ਵੀ ਚਾਹੁੰਦੀ ਆਂ ਕਿ ਤੁਹਾਨੂੰ ਮਿਲਾਂ। ਪਰ ਮਾਂ ਤੁਹਾਡੇ ਨਾਲ ਕੋਈ ਸਾਂਝ ਨਹੀਂ ਰੱਖਣਾ ਚਾਹੁੰਦੀ। ਇਹ ਖ਼ਤ ਮੈਂ ਮਾਂ ਕੋਲੋਂ ਚੋਰੀ ਲਿਖ ਰਹੀ ਹਾਂ। ਇਹਨੂੰ ਸਿੱਖਾਂ ਨਾਲ ਬੜੀ ਨਫ਼ਰਤ ਏ। ਖੈਰ ਉਹ ਆਪਣੀ ਥਾਂ ਠੀਕ ਏ। ਸੰਤਾਲੀ ਵਿਚ ਮਾਂ ਦੇ ਟੱਬਰ ਨਾਲ ਬਹੁਤ ਬੁਰੀ ਹੋਈ ਸੀ। ਇਸ ਤੋਂ ਬਾਅਦ ਉਹਦਾ ਕੋਈ ਖ਼ਤ ਨਾ ਆਇਆ।
ਕੁਝ ਸਾਲ ਪਹਿਲਾਂ ਦੀ ਗੱਲ ਏ। ਸੁੰਦਰ ਚਾਚੇ ਦੀ ਦੋਹਤੀ ਨੇ ਜਪਾਨ ਤੋਂ ਰਾਹੋਂ ਕਿਸੇ ਦੁਕਾਨਦਾਰ ਨੂੰ ਫੋਨ ਕੀਤਾ। ਉਹਨੂੰ ਸਾਡੇ ਨਾਂ ਦੱਸ ਕੇ ਸਾਡਾ ਫੋਨ ਨੰਬਰ ਮੰਗਿਆ। ਫਿਰ ਸਾਡੀ ਗੱਲ ਹੋਈ। ਉਹਦੀ ਨਾਨੀ, ਮਤਲਬ ਸਾਡੀ ਚਾਚੀ ਵੀ ਉੱਥੇ ਗਈ ਹੋਈ ਸੀ। ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਚਾਚੀ ਨਾਲ ਗੱਲ ਕੀਤੀ। ਹਾਲ-ਚਾਲ ਪੁੱਛਣ ਤੋਂ ਬਾਅਦ ਉਹਨੇ ਸੰਤਾਲੀ ਵਾਲਾ ਕਿੱਸਾ ਛੋਹ ਲਿਆ।
ਉਹ ਬੋਲੀ-ਮੇਰਾ ਇਕ ਭਰਾ ਪਿੰਡ ਵਿਚ ਖੇਤੀ ਕਰਦਾ ਸੀ, ਇਕ ਫ਼ੌਜ ਵਿਚ ਸੀ ਤੇ ਇਕ ਲਾਹੌਰ ਵਿਚ ਕਿਸੇ ਵਕੀਲ ਦਾ ਮੁਣਸ਼ੀ ਸੀ। ਜਦੋਂ ਰੌਲੇ ਪਏ ਤਾਂ ਦੋਵੇਂ ਭਰਾ ਸਾਨੂੰ ਪਾਕਿਸਤਾਨ ਲਿਜਾਣ ਵਾਸਤੇ ਪਿੰਡ ਆ ਗਏ। ਪਿੰਡੋਂ ਨਿਕਲੇ ਤਾਂ ਸਾਡੇ ਉੱਤੇ ਹਮਲਾ ਹੋ ਗਿਆ। ਮੇਰੀਆਂ ਅੱਖਾਂ ਸਾਹਮਣੇ ਉਨ੍ਹਾਂ ਮੇਰੇ ਭਰਾ, ਭਰਜਾਈਆਂ ਤੇ ਮਾਪੇ ਵੱਢ ਸੁੱਟੇ। ਉਨ੍ਹਾਂ ਪਾਪੀਆਂ ਨੇ ਤਾਂ ਨਿੱਕੇ-ਨਿੱਕੇ ਨਿਆਣੇ ਵੀ ਨਾ ਬਖ਼ਸ਼ੇ। ਮੈਂ ਵੀ ਜ਼ਖ਼ਮੀ ਹੋ ਗਈ ਸੀ। ਮੌਕੇ ’ਤੇ ਬਲੋਚ ਸਿਪਾਹੀ ਆ ਗਏ ਤਾਂ ਮੈਂ ਬਚ ਗਈ। ਮੈਂ ਕੁਝ ਦਿਨ ਕਿਸੇ ਹਸਪਤਾਲ ਵਿਚ ਰਹੀ। ਫਿਰ ਉਨ੍ਹਾਂ ਮੈਨੂੰ ਰੇਲ-ਗੱਡੀ ’ਤੇ ਚਾੜ੍ਹ ਦਿੱਤਾ। ਪਤਾ ਨਹੀਂ ਕਿਹੜੇ ਕਾਫਲੇ ਨਾਲ ਰਲ ਕੇ ਮੈਂ ਸੀਓਵਾਲ ਪਹੁੰਚ ਗਈ। ਕੁਝ ਦਿਨਾਂ ਬਾਅਦ ਪਿੰਡ ਦੇ ਮੁਹਤਬਰਾਂ ਨੇ ਸਲਾਹ ਕਰਕੇ ਮੇਰਾ ਨਿਕਾਹ ਤੁਹਾਡੇ ਚਾਚੇ ਨਾਲ ਕਰ ਦਿੱਤਾ। ਉਹਨੇ ਮੇਰੀ ਬੜੀ ਸੇਵਾ ਕੀਤੀ। ਕਈ ਮਹੀਨੇ ਮੇਰੇ ਜ਼ਖ਼ਮਾਂ ’ਤੇ ਟਕੋਰ ਕਰਦਾ ਰਿਹਾ। ਮੈਨੂੰ ਖ਼ੁਦ ਰੋਟੀਆਂ ਪਕਾ ਕੇ ਖਵਾਉਂਦਾ ਰਿਹਾ। ਮੈਂ ਹਰ ਵੇਲੇ ਸਿੱਖਾਂ ਨੂੰ ਗਾਲ਼ਾਂ ਕੱਢਦੀ ਰਹਿੰਦੀ ਸਾਂ। ਉਹ ਵਿਚਾਰਾ ਚੁੱਪ-ਚਾਪ ਸੁਣਦਾ ਰਹਿੰਦਾ ਸੀ। ਕੋਈ ਦੋ ਵਰ੍ਹਿਆਂ ਬਾਅਦ, ਮੈਂ ਤੁਰਨ-ਫਿਰਨ ਜੋਗੀ ਹੋਈ ਸਾਂ।
ਇਕ ਦਿਨ ਉਹ ਮੈਨੂੰ ਕਹਿਣ ਲੱਗਾ- ਨਜ਼ੀਰਾਂ, ਮੈਂ ਤੈਨੂੰ ਇਕ ਗੱਲ ਦੱਸਣੀ ਚਾਹੁੰਦਾਂ।
ਉਸ ਦਿਨ ਉਹਨੇ ਮੈਨੂੰ ਪਹਿਲੀ ਵਾਰ ਦੱਸਿਆ ਸੀ ਕਿ ਉਹ ਵੀ ਪਹਿਲਾਂ ਸਿੱਖ ਸੀ। ਮੈਂ ਤਾਂ ਸਿੱਖਾਂ ਨੂੰ ਬਹੁਤ ਨਫ਼ਰਤ ਕਰਦੀ ਸਾਂ। ਪਹਿਲਾਂ ਪਤਾ ਲੱਗਦਾ ਤਾਂ ਮੈਂ ਉਹਦੇ ਨਾਲ ਨਿਕਾਹ ਨਹੀਂ ਸੀ ਕਰਵਾਉਣਾ। ਜਿਨ੍ਹਾਂ ਮੇਰੀਆਂ ਅੱਖਾਂ ਸਾਹਮਣੇ ਮੇਰੇ ਘਰ ਦੇ ਸਾਰੇ ਜੀਅ ਕਤਲ ਕੀਤੇ ਸਨ, ਉਨ੍ਹਾਂ ਸਿੱਖਾਂ ਦਾ ਪੁੱਤਰ ਮੇਰਾ ਖਾਵੰਦ ਬਣ ਗਿਆ ਸੀ। ਹੁਣ ਕੀ ਹੋ ਸਕਦਾ ਸੀ? ਫਿਰ ਸਾਡੇ ਘਰ ਦੋ ਧੀਆਂ ਹੋ ਗਈਆਂ। ਇਨ੍ਹਾਂ ਨੂੰ ਹੋਸ਼ ਆਈ ਤਾਂ ਇਨ੍ਹਾਂ ਆਪਣੇ ਸਿੱਖ ਚਾਚਿਆਂ-ਬਾਬਿਆਂ ਦੀਆਂ ਕਹਾਣੀਆਂ ਸੁਣੀਆਂ। ਇਹ ਸਿੱਖਾਂ ਨੂੰ ਬਹੁਤ ਪਿਆਰ ਕਰਦੀਆਂ ਨੇ। ਮੈਂ ਆਪਣੇ ਖਾਵੰਦ ਅੱਗੇ ਮੁੜ ਕਦੇ ਸਿੱਖਾਂ ਨੂੰ ਬੁਰਾ-ਭਲਾ ਨਹੀਂ ਸੀ ਆਖਿਆ। ਭਾਵੇਂ ਕਿ ਉਹ ਹੁਣ ਮੁਸਲਮਾਨ ਹੋ ਗਿਆ ਸੀ, ਪਰ ਮੈਨੂੰ ਪਤਾ ਸੀ ਕਿ ਜਦੋਂ ਮੈਂ ਸਿੱਖਾਂ ਨੂੰ ਬੁਰਾ-ਭਲਾ ਕਹਿੰਦੀ ਆਂ ਤੇ ਉਹ ਅੰਦਰੋਂ-ਅੰਦਰੀਂ ਕੁੜ੍ਹਦਾ ਜ਼ਰੂਰ ਸੀ। ਆਖ਼ਰ ਉਹਦੀਆਂ ਰਗਾਂ ਵਿਚ ਤਾਂ ਸਿੱਖਾਂ ਦਾ ਲਹੂ ਸੀ। ਉਹਨੂੰ ਦੁਨੀਆਂ ਤੋਂ ਗਿਆਂ ਮੁੱਦਤਾਂ ਬੀਤ ਗਈਆਂ ਨੇ। ਹੁਣ ਤਾਂ ਮੇਰੀਆਂ ਵੀ ਕਬਰ ਵਿਚ ਪੈਣ ਦੀਆਂ ਤਿਆਰੀਆਂ ਨੇ। ਧੀਆਂ ਤੇ ਦੋਹਤੀਆਂ-ਦੋਹਤਰੇ ਵੀ ਅਕਸਰ ਕਹਿੰਦੇ ਨੇ ਕਿ ਮੈਂ ਮਨ ਤੋਂ ਨਫ਼ਰਤ ਦਾ ਆਹ ਬੋਝ ਹੁਣ ਲਾਹ ਦੇਵਾਂ। ਮੈਂ ਇਨ੍ਹਾਂ ਨੂੰ ਕਹਿ ਦਿੰਦੀ ਆਂ ਕਿ ਮੈਨੂੰ ਹੁਣ ਪੁਰਾਣੀਆਂ ਗੱਲਾਂ ਯਾਦ ਨਹੀਂ। ਪਰ ਸੱਚ ਇਹ ਹੈ ਕਿ ਮੈਂ ਨਾ ਤਾਂ ਹਾਲੇ ਤਕ ਆਪਣੇ ਰਿਸ਼ਤੇ ਭੁੱਲੇ ਨੇ ਤੇ ਨਾ ਹੀ ਉਨ੍ਹਾਂ ਦੇ ਕਾਤਲਾਂ ਦੀਆਂ ਸ਼ਕਲਾਂ ਵਿਸਰੀਆਂ ਨੇ।
ਉਹ ਬੜੀ ਦੇਰ ਹਿਰਖ ਜਿਹੇ ਵਿਚ ਬੋਲਦੀ ਰਹੀ।
ਮੈਂ ਆਖਿਆ-ਚਾਚੀ ਜੀ, ਸਾਡੇ ਰਾਹੋਂ ਵਿਚ ਬੜੇ ਸਿਆਲਕੋਟੀਏ ਨੇ, ਜਿਨ੍ਹਾਂ ਦੇ ਪੂਰੇ-ਪੂਰੇ ਟੱਬਰ ਓਧਰ ਮਹਿੰਦੀ ਸ਼ਾਹ ਦੇ ਜਥੇ ਨੇ ਕਤਲ ਕਰ ਦਿੱਤੇ ਸਨ। ਇਹ ਬੰਦੇ ਮਹਿੰਦੀ ਸ਼ਾਹ ਤੇ ਉਹਦੇ ਗੁੰਡਿਆਂ ਨੂੰ ਤਾਂ ਚੰਗਾ-ਮੰਦਾ ਬੋਲ ਦਿੰਦੇ ਨੇ, ਪਰ ਕਿਸੇ ਪੂਰੀ ਕੌਮ ਨੂੰ ਦੋਸ਼ ਨਹੀਂ ਦਿੰਦੇ। ਤੂੰ ਕਹੇ ਤਾਂ ਮੈਂ ਉਨ੍ਹਾਂ ’ਚੋਂ ਕਿਸੇ ਨਾਲ ਤੇਰੀ ਗੱਲ ਕਰਵਾ ਦਿੰਦਾਂ।
ਮੇਰਾ ਪੁੱਤਰ ਗੁਆਂਢ ’ਚੋਂ ਮੱਖਣ ਸਿੰਘ ਨੂੰ ਸੱਦ ਲਿਆਇਆ। ਪੰਦਰਾਂ-ਸੋਲਾਂ ਜੀਆਂ ’ਚੋਂ ਉਹ ਇਕੱਲਾ ਹੀ ਬਚਿਆ ਸੀ। ਉਹ ਦੋਵੇਂ ਬੜੀ ਦੇਰ ਗੱਲਾਂ ਕਰਦੇ ਰਹੇ। ਗੱਲਾਂ ਕਰਦੇ-ਕਰਦੇ ਉਹ ਕਈ ਵਾਰ ਰੋਏ। ਉਨ੍ਹਾਂ ਦੀ ਗੱਲ ਮੁੱਕੀ ਤਾਂ ਫੋਨ ਮੈਂ ਫੜ ਲਿਆ।
ਚਾਚੀ ਬੋਲੀ-ਸੱਤਰ ਵਰ੍ਹਿਆਂ ਬਾਅਦ ਅੱਜ ਮੈਂ ਸਮਝੀ ਹਾਂ ਕਿ ਸੰਤਾਲੀ ਨੇ ਕਈਆਂ ਨਾਲ ਮੈਥੋਂ ਵੀ ਵੱਧ ਮਾੜੀ ਕੀਤੀ ਸੀ। ਪਰ ਉਨ੍ਹਾਂ ਮੇਰੇ ਵਾਂਗ ਨਫ਼ਰਤ ਦਾ ਬੋਝ ਨਹੀਂ ਢੋਇਆ। ਮੈਂ ਵੀ ਇਸ ਨਫ਼ਰਤ ਨੂੰ ਅੱਜ ਤੋਂ ਅਲਵਿਦਾ ਕਹਿੰਦੀ ਹਾਂ। ਕੀ ਹਿੰਦੂ, ਕੀ ਸਿੱਖ, ਕੀ ਮੁਸਲਮਾਨ; ਇਹ ਜ਼ੁਲਮ ਤਾਂ ਸੰਤਾਲੀ ਵਿਚ ਸਾਰਿਆਂ ਉੱਤੇ ਹੋਇਆ ਸੀ ਤੇ ਕਰਨ ਵਾਲੇ ਕੌਣ ਸਨ?
ਇਹ ਸਵਾਲ ਕਰਕੇ ਉਹ ਚੁੱਪ ਹੋ ਗਈ।
ਮੈਂ ਬੋਲਿਆ ਸਾਂ- ਕਰਨ ਵਾਲੇ ਨਾ ਹਿੰਦੂ ਸਨ, ਨਾ ਸਿੱਖ ਤੇ ਨਾ ਮੁਸਲਮਾਨ। ਉਹ ਤਾਂ ਲੁਟੇਰੇ ਸਨ ਚਾਚੀ। ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਈ ਸੀ।” ਗੱਲ ਮੁਕਾ ਸੁਰਿੰਦਰਪਾਲ ਸਿੰਘ ਹੁਰੀਂ ਠੰਢਾ ਹਉਕਾ ਭਰਿਆ।
ਸੰਪਰਕ: 97818-43444