ਪ੍ਰਭਜੋਤ ਕੌਰ ਢਿੱਲੋਂ
ਕਿਸੇ ਵੀ ਪਿੰਡ, ਸ਼ਹਿਰ ਜਾਂ ਕਸਬੇ ਦੀ ਸੜਕ ਤੇ ਚਲੇ ਜਾਉ, ਤੁਹਾਨੂੰ ਥੋੜ੍ਹੇ ਜਿਹੇ ਫਰਕ ਤੇ ਸ਼ਰਾਬ ਦਾ ਠੇਕਾ ਵਿਖਾਈ ਦੇਵੇਗਾ। ਇੰਜ ਲੱਗਦਾ ਹੈ ਜਿਵੇਂ ਸਰਕਾਰਾਂ ਨੂੰ ਸਕੂਲਾਂ ਦੀ ਥਾਂ ਸ਼ਰਾਬ ਦੇ ਠੇਕਿਆਂ ਦੀ ਵਧੇਰੇ ਜ਼ਰੂਰਤ ਮਹਿਸੂਸ ਹੋਣ ਲੱਗ ਗਈ ਹੈ। ਸ਼ਰਾਬ ਦੇ ਠੇਕੇ ਖੋਲ੍ਹਣ ਨਾਲ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਵੀ ਖੜ੍ਹੀਆਂ ਹੋ ਜਾਂਦੀਆਂ ਹਨ। ਇਹ ਕਹਿਣਾ ਕਿ ਸ਼ਰਾਬ ਨਸ਼ਾ ਨਹੀਂ, ਸਰਾਸਰ ਗਲਤ ਹੈ। ਕਹਿੰਦੇ ਨੇ, ਚੰਗੇ ਸਕੂਲ ਬਣਾਉ ਤਾਂ ਕਿ ਜੇਲ੍ਹਾਂ ਨਾ ਬਣਾਉਣੀਆਂ ਪੈਣ। ਮੁਆਫ਼ ਕਰਨਾ, ਅਸੀਂ ਸਕੂਲਾਂ ਦੀ ਮਹੱਤਤਾ ਹੀ ਭੁੱਲ ਗਏ ਹਾਂ। ਸਟੇਟ ਨੂੰ ਚਲਾਉਣ ਲਈ ਸ਼ਰਾਬ ਦੀ ਕਮਾਈ ਵੱਲ ਵਧਣਾ ਇੰਨਾ ਜ਼ਰੂਰੀ ਵੀ ਨਹੀਂ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਬਾਰੇ ਸੋਚੀਏ ਹੀ ਨਾ। ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ, ਘਰਾਂ ਨੂੰ ਉਜਾੜਨ, ਘਰਾਂ ਵਿਚ ਸੱਥਰ ਵਿਛਾਉਣ ਅਤੇ ਅਪਰਾਧਕ ਕੰਮ ਕਰਨ ਵਿਚ ਸ਼ਰਾਬ ਨੇ ਵੱਡਾ ਵਿਗਾੜ ਪਾਇਆ ਹੈ।
ਬੜੀ ਹੈਰਾਨੀ ਹੁੰਦੀ ਹੈ ਜਦੋਂ ਆਏ ਦਿਨ ਲੋਹੇ ਦੀਆਂ ਟੀਮਾਂ ਨਾਲ ਪੈਡ ਬਣਾ ਕੇ ਨਵਾਂ ਸ਼ਰਾਬ ਦਾ ਠੇਕਾ ਖੁੱਲ੍ਹਦਾ ਵੇਖਣ ਨੂੰ ਮਿਲ ਜਾਂਦਾ ਹੈ। ਉਸ ਠੇਕੇ ਨੂੰ ਜੰਗੀ ਪੱਧਰ ਤੇ ਤਿਆਰ ਕੀਤਾ ਜਾਂਦਾ ਹੈ ਤੇ ਫਿਰ ਉਥੇ ਵੀ ਚੰਗੀ ਚੋਖੀ ਭੀੜ ਵੇਖੀ ਜਾ ਸਕਦੀ ਹੈ ਪਰ ਕਦੇ ਸਕੂਲ ਇਵੇਂ ਬਣਦੇ ਅਤੇ ਖੁੱਲ੍ਹਦੇ ਨਹੀਂ ਵੇਖੇ। ਸਰਕਾਰੀ ਸਕੂਲ ਤਾਂ ਸਰਕਾਰ ਦੇ ਚੇਤਿਆਂ ਵਿਚੋਂ ਮਨਫੀ ਹੋ ਗਏ ਹਨ। ਕੁਝ ਸਰਕਾਰੀ ਸਕੂਲ ਆਪ ਅਧਿਆਪਕਾਂ ਨੇ ਮਿਹਨਤ ਕਰ ਕੇ ਚੰਗੇ ਬਣਾ ਲਏ ਹਨ। ਜਿਹੜੀ ਸਰਕਾਰ ਸ਼ਰਾਬ ਦੀ ਆਮਦਨ ਤੇ ਟਿਕਣ ਦਾ ਯਤਨ ਕਰ ਰਹੀ ਹੋਵੇ, ਉਸ ਨੇ ਬੱਚਿਆਂ ਬਾਰੇ ਕੀ ਸੋਚਣਾ ਹੈ। ਲੱਗਦਾ ਹੈ ਕਿ ਸਰਕਾਰ ਸਕੂਲਾਂ ਬਾਰੇ ਘੱਟ ਸੋਚ ਰਹੀ ਹੈ ਅਤੇ ਸ਼ਰਾਬ ਦੇ ਠੇਕਿਆਂ ਦੀ ਸਹੂਲਤ ਦੇਣ ਲਈ ਵਧੇਰੇ ਗੰਭੀਰ ਹੈ।
ਦਰਅਸਲ, ਸਿਸਟਮ ਅਸੀਂ ਰਲਮਿਲ ਕੇ ਇੰਨਾ ਕੁ ਵਿਗਾੜ ਲਿਆ ਹੈ ਕਿ ਲੋਕਾਂ ਤੇ ਮਾਨਸਿਕ ਦਬਾਅ ਵਧ ਗਿਆ ਹੈ। ਅੱਜ ਮਜ਼ਦੂਰ ਦਿਹਾੜੀ ਲਗਾ ਕੇ ਜਾਂਦਾ ਹੈ ਤਾਂ ਰਸੋਈ ਲਈ ਕੁਝ ਖਰੀਦਣ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਤੇ ਜਾਂਦਾ ਹੈ। ਕੋਈ ਥਕਾਵਟ ਉਤਾਰਨ ਲਈ ਪੀਂਦਾ ਹੈ ਅਤੇ ਕੋਈ ਮਾਨਸਿਕ ਪ੍ਰੇਸ਼ਾਨੀ ਵਿਚੋਂ ਬਾਹਰ ਨਿਕਲਣ ਲਈ ਪੀਂਦਾ ਹੈ ਪਰ ਜਿਸ ਤਰ੍ਹਾਂ ਸ਼ਰਾਬ ਪੀਣ ਦੀ ਮਾਤਰਾ ਵਧ ਰਹੀ ਹੈ, ਕੋਈ ਇਹ ਸੋਚ ਹੀ ਨਹੀਂ ਰਿਹਾ ਕਿ ਪੰਜਾਬ ਅਤੇ ਪੰਜਾਬ ਦੇ ਲੋਕ ਕਿਧਰ ਜਾ ਰਹੇ ਹਨ। ਪੰਜਾਬ ਵਿਚ ਛੈਲ ਕਬੀਲੇ ਗੱਭਰੂਆਂ ਨੂੰ ਵੇਖਣ ਲਈ ਅੱਖਾਂ ਤਰਸ ਜਾਂਦੀਆਂ ਹਨ। ਬੜੀ ਤਕਲੀਫ਼ ਹੁੰਦੀ ਹੈ ਜਦੋਂ ਕਿਧਰੇ ਭਰਤੀ ਹੁੰਦੀ ਹੈ ਤਾਂ ਸਾਡੇ ਨੌਜਵਾਨ ਦੌੜਨ ਜੋਗੇ ਵੀ ਨਹੀਂ ਹੁੰਦੇ। ਕਿਧਰੇ ਮਿਆਰੀ ਸਿੱਖਿਆ ਨਾ ਹੋਣ ਕਰ ਕੇ ਚੰਗੀਆਂ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ। ਇਹ ਵੋਟਰ ਮਾਪਿਆਂ ਅਤੇ ਸਰਕਾਰਾਂ, ਦੋਹਾਂ ਦੀ ਗਲਤੀ ਹੈ। ਜਦੋਂ ਚੋਣਾਂ ਹੁੰਦੀਆਂ ਹਨ ਤਾਂ ਸ਼ਰਾਬ ਦੀਆਂ ਬੋਤਲਾਂ ਲੈ ਕੇ ਵੋਟਾਂ ਪਾਉਣ ਵਿਚ ਸ਼ਰਮ ਮਹਿਸੂਸ ਨਹੀਂ ਹੁੰਦੀ। ਉਦੋਂ ਨਾ ਕੋਈ ਆਪਣੇ ਬਾਰੇ ਸੋਚਦਾ ਹੈ ਅਤੇ ਨਾ ਕੋਈ ਆਪਣੇ ਬੱਚਿਆਂ ਬਾਰੇ। ਇਸ ਤੋਂ ਅੱਗੇ ਜਦੋਂ ਹਰ ਚੌਰਾਹੇ ਗਲੀ ਵਿਚ ਟੀਨਾਂ ਪਾ ਕੇ ਠੇਕੇ ਖੁੱਲ੍ਹਦੇ ਹਨ ਤਾਂ ਬਜਾਏ ਇਸ ਦੇ ਕਿ ਇਸ ਦਾ ਵਿਰੋਧ ਕੀਤਾ ਜਾਏ ਅਤੇ ਖੁੱਲ੍ਹਣ ਤੋਂ ਰੋਕਿਆ ਜਾਵੇ, ਧੜੇਬੰਦੀ ਹੋ ਜਾਂਦੀ ਹੈ ਅਤੇ ਆਪਸ ਵਿਚ ਲੜਨ ਲੱਗ ਜਾਂਦੇ ਹਨ। ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਫਾਇਦਾ ਚੁੱਕਣ ਵਾਲੇ ਦਾ ਰਸਤਾ ਅਸੀਂ ਆਪ ਹੀ ਪੱਧਰਾ ਕਰ ਦਿੰਦੇ ਹਾਂ। ਅਸੀਂ ਚੋਣਾਂ ਵੇਲੇ ਚੰਗੇ ਸਕੂਲਾਂ ਦੀ ਗੱਲਬਾਤ ਹੀ ਨਹੀਂ ਕਰਦੇ। ਜਦੋਂ ਅਸੀਂ ਆਪਣੇ ਬੱਚਿਆਂ ਅਤੇ ਅਗਲੀ ਪੀੜ੍ਹੀ ਲਈ ਗੰਭੀਰ ਨਹੀਂ ਤਾਂ ਸਰਕਾਰਾਂ ਨੂੰ ਇਹ ਸਿਰਦਰਦੀ ਲੈਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਮੈਂ ਕਿਧਰੇ ਪੜ੍ਹ ਰਹੀ ਸੀ ਕਿ ਜਿਵੇਂ ਦੇ ਲੋਕ ਹੁੰਦੇ ਹਨ, ਉਵੇਂ ਦੀਆਂ ਹੀ ਸਰਕਾਰਾਂ ਹੁੰਦੀਆਂ ਹਨ। ਮੈਨੂੰ ਲੱਗਦਾ ਹੈ ਕਿ ਬਹੁਤ ਲੋਕ ਇਸ ਨਾਲ ਸਹਿਮਤ ਹੋਣਗੇ।
ਬਿਲਕੁੱਲ, ਸਾਨੂੰ ਸਾਰਿਆਂ ਨੂੰ ਅਤੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਚੰਗੇ ਸਕੂਲਾਂ ਦੀ ਗਿਣਤੀ ਵਧੇਰੇ ਹੋਵੇਗੀ ਤਾਂ ਜੇਲ੍ਹਾਂ ਤੇ ਪੈਸੇ ਖਰਚਣ ਦੀ ਜ਼ਰੂਰਤ ਨਹੀਂ। ਅਪਰਾਧ ਹੋਣਾ ਆਪਣੇ ਆਪ ਘਟ ਜਾਵੇਗਾ। ਜਦੋਂ ਲੋਕਾਂ ਕੋਲ ਨੌਕਰੀਆਂ ਹੋਣਗੀਆਂ ਤਾਂ ਮਾਨਸਿਕ ਦਬਾਅ ਵੀ ਘਟ ਜਾਵੇਗਾ। ਵਿਕਾਸ ਲੋਕਾਂ ਨੂੰ ਵਧੇਰੇ ਸ਼ਰਾਬ ਪਿਆ ਕੇ ਨਹੀਂ ਹੋ ਸਕਦਾ, ਵਿਕਾਸ ਚੰਗੇ ਸਕੂਲਾਂ ਅਤੇ ਮਿਆਰੀ ਸਿੱਖਿਆ ਨਾਲ ਹੀ ਹੋਣਾ ਹੈ। ਮੇਰੀ ਆਪਣੀ ਸੋਚ ਹੈ ਕਿ ਸ਼ਰਾਬ ਦੇ ਠੇਕਿਆਂ ਦੀ ਥਾਂ ਸਾਨੂੰ ਚੰਗੇ ਸਕੂਲਾਂ ਦੀ ਜ਼ਰੂਰਤ ਹੈ। ਜਦੋਂ ਘਰਾਂ ਵਿਚ ਸੱਥਰ ਵਿਛਦੇ ਹਨ ਅਤੇ ਆਪਣਿਆਂ ਦੀਆਂ ਅਰਥੀਆਂ ਚੁੱਕਣੀਆਂ ਪੈਂਦੀਆਂ ਹਨ ਤਾਂ ਮੋਢੇ ਟੁੱਟ ਜਾਂਦੇ ਹਨ। ਜੇਕਰ ਅਸੀਂ ਆਪਣੇ ਆਪ ਨੂੰ ਇਸ ਸਾਰੇ ਕੁਝ ਲਈ ਗੁਨਾਹਗਾਰ ਮੰਨ ਲਈਏ ਤਾਂ ਸੁਧਾਰ ਜਲਦੀ ਹੋ ਜਾਏਗਾ। ਸਰਕਾਰ ਅਸੀਂ ਬਣਾਉਣੀ ਹੈ। ਜਿਵੇਂ ਦੀ ਸਰਕਾਰ ਸੋਚ ਸਮਝ ਕੇ ਬਣਾਵਾਂਗੇ, ਉਵੇਂ ਦੀਆਂ ਸਹੂਲਤਾਂ ਅਤੇ ਵਿਕਾਸ ਹੋਏਗਾ। ਜਦੋਂ ਥਾਂ ਥਾਂ ਠੇਕੇ ਖੁੱਲ੍ਹਦੇ ਹਨ ਤਾਂ ਧੜੇਬੰਦੀ ਨਾ ਕਰ ਕੇ ਇੱਕਠੇ ਹੋ ਕੇ ਇਸ ਨੂੰ ਖੁੱਲ੍ਹਣ ਤੋਂ ਰੋਕਣਾ ਚਾਹੀਦਾ ਹੈ। ਜਦੋਂ ਕਿਸੇ ਦੇਸ਼ ਅਤੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਨ੍ਹਾਂ ਨੂੰ ਮਿਆਰੀ ਸਿੱਖਿਆ ਤੋਂ ਪਰੇ ਕਰ ਕੇ ਅਤੇ ਨੌਜਵਾਨੀ ਨੂੰ ਨਸ਼ੇ ਤੇ ਲਗਾ ਦਿਉ ਤਾਂ ਲੜਾਈ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਕੀ ਅਸੀਂ ਆਪ ਹੀ ਆਪਣੇ ਆਪ ਨੂੰ ਖਤਮ ਕਰਨ ਵਿਚ ਲੱਗੇ ਹੋਏ ਹਾਂ? ਇਹ ਹੁਣ ਸੰਜੀਦਗੀ ਨਾਲ ਸੋਚਣਾ ਅਤੇ ਸਮਝਣਾ ਪਵੇਗਾ। ਸ਼ਰਾਬ ਨੂੰ ਨਸ਼ੇ ਦੀ ਸ਼੍ਰੇਣੀ ਵਿਚੋਂ ਨਹੀਂ ਕੱਢਿਆ ਜਾ ਸਕਦਾ। ਲੋਕਾਂ ਦੇ ਘਰ ਬੁਰੀ ਤਰ੍ਹਾਂ ਤਬਾਹ ਹੋਏ ਹਨ ਅਤੇ ਹੋ ਰਹੇ ਹਨ। ਆਉ, ਸਰਕਾਰਾਂ ਨੂੰ ਇਹ ਦੱਸੀਏ ਕਿ ਸਾਨੂੰ ਸ਼ਰਾਬ ਦੇ ਠੇਕਿਆਂ ਦੀ ਜ਼ਰੂਰਤ ਨਹੀਂ ਹੈ, ਸਾਨੂੰ ਚੰਗੇ ਸਕੂਲਾਂ ਦੀ ਜ਼ਰੂਰਤ ਹੈ। ਪੰਚਾਇਤਾਂ ਨੂੰ ਆਪਣੇ ਪਿੰਡ ਦੇ ਨੌਜਵਾਨਾਂ ਲਈ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪੰਚਾਇਤਾਂ ਮਿੰਨੀ ਸਰਕਾਰਾਂ ਹਨ ਜੋ ਪਿੰਡ ਲਈ ਕੰਮ ਕਰਦੀਆਂ ਹਨ। ਸਰਕਾਰੀ ਸਕੂਲਾਂ ਨੂੰ ਮਿਆਰੀ ਬਣਾਉਣ ਤੇ ਜ਼ੋਰ ਦਿਉ ਅਤੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਘਟਾਉਣ ਲਈ ਅੱਗੇ ਆਉ। ਇਕ ਵਾਰ ਸੋਚਣਾ ਜ਼ਰੂਰ ਕਿ ਵਿਕਾਸ ਵਧੇਰੇ ਠੇਕੇ ਖੁੱਲ੍ਹਣ ਵਿਚ ਹੈ ਜਾਂ ਸਕੂਲ ਖੋਲ੍ਹਣ ਵਿਚ। ਸਾਨੂੰ ਜ਼ਰੂਰਤ ਸਕੂਲਾਂ ਦੀ ਹੈ ਜਾਂ ਸ਼ਰਾਬ ਦੇ ਠੇਕਿਆਂ ਦੀ?
ਸੰਪਰਕ: 98150-30221