ਹਰਕੰਵਲ ਸਿੰਘ ਕੰਗ
ਨਾਨਕਸ਼ਾਹੀ ਕਲੰਡਰ ਅਨੁਸਾਰ ਪੋਹ ਦਸਵਾਂ ਮਹੀਨਾ ਹੈ। ਇਹ ਮਹੀਨਾ ਅੱਧ ਦਸੰਬਰ ਤੋਂ ਅੱਧ ਜਨਵਰੀ ਤਕ ਚੱਲਦਾ ਹੈ। ਇਸ ਮਹੀਨੇ ਸਿਆਲ ਦੀ ਰੁੱਤ ਆਪਣੇ ਸਿਖਰ ’ਤੇ ਪੁੱਜ ਜਾਂਦੀ ਹੈ। ਸਿਖ਼ਰਾਂ ਨੂੰ ਛੂੰਹਦੀ ਸਰਦੀ ਵਿੱਚ ਹਿਮਾਲਿਆ ਪਰਬਤ ਨਾਲ ਲੱਗਦੇ ਪਹਾੜੀ ਰਾਜਾਂ ਵਿੱਚ ਦਰਿਆ, ਝੀਲਾਂ ਤੇ ਝਰਨੇ ਆਦਿ ਜੰਮਣ ਲੱਗਦੇ ਹਨ। ਮੈਦਾਨੀ ਖਿੱਤਿਆਂ ਵਿੱਚ ਕੋਹਰਾ ਅਤੇ ਧੁੰਦ ਪਸਰ ਜਾਂਦੀ ਹੈ। ਠੰਢ ਨਾਲ ਸਰੀਰ ਜਕੜੇ ਜਾਂਦੇ ਹਨ। ਲੋਕਾਂ ਨੂੰ ਧੁੱਪ ਦੀ ਉਡੀਕ ਵਧ ਜਾਂਦੀ ਹੈ। ਜਦੋਂ ਪਹਾੜਾਂ ਦੀਆਂ ਚੋਟੀਆਂ ’ਤੇ ਬਰਫ ਪੈਂਦੀ ਹੈ ਤਾਂ ਮੈਦਾਨਾਂ ਵਿੱਚ ਮੀਂਹ, ਖੇਤਾਂ ਵਿੱਚ ਕੋਹਰਾ ਅਤੇ ਧੁੰਦ ਪੈਣ ਲੱਗਦੀ ਹੈ। ਆਮ ਤੌਰ ’ਤੇ ਜਦੋਂ ਦਿਨ ਸਾਫ਼ ਹੋਵੇ ਅਤੇ ਧੁੱਪ ਨਿਕਲੀ ਹੋਵੇ ਤਾਂ ਰਾਤ ਨੂੰ ਧੁੰਦ ਦਾ ਪ੍ਰਭਾਵ ਵਧ ਜਾਂਦਾ ਹੈ ਅਤੇ ਹਵਾ ਰੁਕਦੇ ਸਾਰ ਹੀ ਰਾਤ ਨੂੰ ਧੁੰਦ ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ। ਪੋਹ ਦੇ ਮਹੀਨੇ ਦੂਜਾ ਅੱਧ ਭਾਵ ਕਿ ਪੂਰਨਮਾਸ਼ੀ ਤੋਂ ਬਾਅਦ ਜਦੋਂ ਰਾਤਾਂ ਕਾਲੀਆਂ ਹੋਣ ਲੱਗਦੀਆਂ ਨੇ ਅਤੇ ਰਾਤਾਂ ਵੱਡੀਆਂ ਵੀ ਹੁੰਦੀਆਂ ਨੇ ਤਾਂ ਸਰਦੀ ਵਧੇਰੇ ਹੋ ਜਾਂਦੀ ਹੈ। ਉਸ ਵੇਲੇ ਪ੍ਰੀਤਮ ਪਿਆਰੇ ਦੇ ਮਿਲਾਪ ਦੀ ਤਾਂਘ ਵਧ ਜਾਂਦੀ ਹੈ, ਉਹ ਭਾਵੇਂ ਦੁਨਿਆਵੀ ਹੋਵੇ ਜਾਂ ਰੂਹਾਨੀ। ਅਜਿਹੀ ਹੀ ਰੁੱਤ ’ਚ ਇੱਕ ਵਿਆਹੁਤਾ ਆਪਣੇ ਪਤੀ ਨੂੰ ਨਾ ਜਾਣ ਦਾ ਵਾਸਤਾ ਪਾਉਂਦੀ ਹੋਈ ਕਹਿੰਦੀ ਹੈ, ‘‘ਪੋਹ ਨਾ ਜਾਈਂ ਚੰਨਾ ਰਾਤਾਂ ਵੇ ਕਾਲੀਆਂ।’’ ਇਸੇ ਤਰ੍ਹਾਂ ਇੱਕ ਲੋਕ ਗੀਤ ਵਿੱਚ ਪੋਹ ਦਾ ਇਸ ਤਰ੍ਹਾਂ ਜ਼ਿਕਰ ਕੀਤਾ ਗਿਆ ਹੈ: ਪੋਹ ਦੇ ਮਹੀਨੇ ਜੀ ਇਹ ਪੈਂਦੇ ਪਾਲੇ/ ਜਿਨ੍ਹਾਂ ਘਰ ਲਾਲ ਜੀ ਉਹ ਕਰਮਾਂ ਵਾਲੇ ।
ਖੇਤੀ ਦੇ ਨਜ਼ਰੀਏ ਤੋਂ ਇਸ ਰੁੱਤ ਵਿੱਚ ਕੰਮ ਘੱਟ ਜਾਂਦਾ ਹੈ। ਮੁੱਖ ਤੌਰ ’ਤੇ ਕਣਕ ਦੀ ਗੁਡਾਈ, ਕਣਕ ਨੂੰ ਪਾਣੀ ਲਾਉਣਾ ਅਤੇ ਗੰਨੇ ਤੋਂ ਗੁੜ ਬਣਾਉਣਾ ਇਸ ਰੁੱਤ ਦੇ ਹਿੱਸੇ ਆ ਜਾਂਦੇ ਹਨ। ਕਣਕ ਦੀ ਗੁਡਾਈ ਤਾਂ ਹੁਣ ਅਧੁਨਿਕ ਖੇਤੀ ਦੇ ਦੌਰ ਵਿੱਚ ਸਪਰੇਅ ਨੇ ਖ਼ਤਮ ਹੀ ਕਰ ਦਿੱਤੀ ਹੈ। ਪਾਣੀ ਵੀ ਹੁਣ ਖੁੱਲ੍ਹਾ ਹੀ ਛੱਡਿਆ ਜਾਣ ਲੱਗਿਆ ਹੈ। ਗੁੜ ਬਣਾਉਣ ਦਾ ਵਪਾਰੀਕਰਨ ਹੋ ਗਿਆ ਹੈ। ਪਿੰਡਾਂ ਵਿੱਚ ਘੁਲਾੜੀਆਂ ਘਟ ਗਈਆਂ ਹਨ ਤੇ ਇਹ ਸੜਕਾਂ ਦੇ ਆਲੇ ਦੁਆਲੇ ਹੀ ਨਜ਼ਰ ਆਉਂਦੀਆਂ ਨੇ। ਇੱਕ ਸਮਾਂ ਸੀ ਜਦੋਂ ਲੋਕ ਚਾਈਂ ਚਾਈਂ ਆਪੋ-ਆਪਣੇ ਹਿੱਸੇ ਦੀਆਂ ਗੰਨੇ ਦੀਆਂ ਭਰੀਆਂ ਘੁਲਾੜੀ ਅੱਗੇ ਰੱਖਦੇ। ਫਿਰ ਜੱਟ ਘੁਲਾੜੀ ਚਲਾਉਂਦੇ। ਜਦੋਂ ਕੜਾਹੇ ਵਿੱਚ ਚਾੜ੍ਹੇ ਰਸ ਨੂੰ ਉਬਾਲਾ ਆਉਣ ਲੱਗਦਾ ਤਾਂ ਥੋੜ੍ਹਾ ਸੋਢਾ ਪਾ ਕੇ ਝਰਨੀ ਨਾਲ ਮੈਲ ਚੁੱਕੀ ਜਾਂਦੀ। ਆਮ ਤੌਰ ’ਤੇ ਗੁੜ ਬਣਾਉਣ ਲਈ ਝੁਕਾਵੇ ਭਾਵ ਕਿ ਜੋ ਘੁਲਾੜੀ ਨੂੰ ਬਾਲਣ ਦਾ ਝੋਕਾ ਲਾਉਂਦਾ ਹੈ, ਦੀ ਖਾਸ ਅਹਿਮੀਅਤ ਹੁੰਦੀ ਸੀ। ਝੋਕਾ ਲਾਉਣਾ ਵੀ ਇੱਕ ਕਲਾ ਸੀ।
ਜਦੋਂਂ ਪੋਹ ਦੇ ਮਹੀਨੇ ਧੁੱਪ ਚੜ੍ਹਦੀ ਹੈ ਤਾਂ ਲੋਕਾਂ ਦੇ ਚਿਹਰਿਆਂ ’ਤੇ ਵੀ ਚਮਕ ਆ ਜਾਂਦੀ ਹੈ। ਧੁੱਪਾਂ ਵਿੱਚ ਬਹਿ ਕੇ ਮੂੰਗਫਲੀ ਅਤੇ ਗੁੜ ਖਾਣ ਅਤੇ ਗੰਨੇ ਚੂਪਣ ਦੇ ਨਜ਼ਾਰੇ ਲਏ ਜਾਂਦੇ ਹਨ। ਜਦੋਂ ਹੱਡਾਂ ਨੂੰ ਨਿੱਘ ਆ ਜਾਂਦਾ ਤਾਂ ਫਿਰ ਲੋਕ ਕੰਮ-ਧੰਦਿਆਂ ਵੱਲ ਪੈ ਜਾਂਦੇ ਹਨ। ਲੋਕ ਧੁੰਦ ਪੈਣ ਤੋਂ ਪਹਿਲਾਂ ਪਹਿਲਾਂ ਬਰਸੀਮ ਵੱਢਣ ਨੂੰ ਤਰਜੀਹ ਦਿੰਦੇ ਹਨ। ਇਸ ਮਹੀਨੇ ਬਾਰੇ ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਬਾਰਾਹ ਮਾਹ ਰਾਗ ਮਾਂਝ ਵਿੱਚ ਇਸ ਤਰ੍ਹਾਂ ਫੁਰਮਾਉਂਦੇ ਹਨ:
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ॥
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ॥
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ॥
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ॥
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ॥
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ॥
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ॥
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ॥
ਪੋਖੁ ਸੁੋਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ॥
ਭਾਵ ਪੋਹ ਮਹੀਨੇ ਜਿਸ ਜੀਵ ਇਸਤਰੀ ਦੇ ਹਿਰਦੇ ’ਚ ਪ੍ਰਭੂ ਪ੍ਰੇਮ ਦਾ ਵਾਸਾ ਹੈ, ਉਸ ਦੀ ਬਿਰਤੀ ਉਸ ਮਾਲਕ ਪ੍ਰਭੂ ਦੇ ਦਰਸ਼ਨ ਦੀ ਤਾਂਘ ਵਿੱਚ ਲੱਗੀ ਰਹਿੰਦੀ ਹੈ ਤੇ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਲੱਗਾ ਰਹਿੰਦਾ ਹੈ। ਜਿਸ ਜੀਵ ਇਸਤਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲੈ ਲਿਆ ਤੇ ਉਸ ਨੇ ਪ੍ਰਭੂ ਪਤੀ ਦੀ ਸੇਵਾ ਦਾ ਲਾਹਾ ਲੈ ਲਿਆ ਹੈ, ਮਾਇਆ ਉਸ ਨੂੰ ਮੋਹ ਨਹੀਂ ਸਕਦੀ ਭਾਵ ਕਿ ਦੁਨਿਆਵੀ ਦੁੱਖ ਉਸ ਦੇ ਨੇੜੇ ਨਹੀਂ ਆ ਸਕਦਾ।
ਹਿੰਦੂ ਸਾਧੂ ਸੰਤ ਵੀ ਇਸ ਮਹੀਨੇ ਧੂਣੀਆਂ ਧੁਖਾ ਲੈਂਦੇ ਹਨ ਅਤੇ ਮਾਲਕ ਦੇ ਨਾਮ-ਸਿਮਰਨ ਵਿੱਚ ਲੱਗ ਜਾਂਦੇ ਹਨ। ਪੋਹ ਦੇ ਮਹੀਨੇ ਦਾ ਸਿੱਖ ਧਰਮ ਵਿੱਚ ਅਹਿਮ ਮਹੱਤਵ ਹੈ। ਇਸ ਮਹੀਨੇ ਸੰਨ 1704ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਛੱਡ ਦਿੰਦੇ ਹਨ। ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਖਾਧੀ ਸਹੁੰ ਨੂੰ ਤੋੜ ਕੇ ਸਰਸਾ ਨਦੀ ਕੰਢੇ ਸਿੱਖਾਂ ’ਤੇ ਹੱਲਾ ਬੋਲ ਦਿੰਦੀਆਂ ਹਨ। ਜ਼ਬਰਦਸਤ ਯੁੱਧ ਵਿੱਚ ਅਨੇਕਾਂ ਸਿੱਖ ਯੋਧੇ ਸ਼ਹੀਦੀਆਂ ਪਾ ਜਾਂਦੇ ਹਨ। ਸਿੱਖ ਦੁਸ਼ਮਣ ਦਾ ਘੇਰਾ ਤੋੜ ਕੇ ਅਤਿ ਦੀ ਠੰਢ ਵਿੱਚ ਸਰਸਾ ਨਦੀ ਨੂੰ ਪਾਰ ਕਰਦੇ ਹਨ ਪਰ ਇਸ ਸਥਾਨ ’ਤੇ ਗੁਰੂ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ। ਇਸ ਮਗਰੋਂ ਗੰਗੂ ਵੱਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਲਾਲਚਵਸ ਗ੍ਰਿਫ਼ਤਾਰ ਕਰਵਾ ਦਿੱਤਾ ਜਾਂਦਾ ਹੈ ਅਤੇ ਸੂਬੇਦਰ ਵਜੀਰ ਖਾਨ ਵੱਲੋਂ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ।
ਦੂਜੇ ਪਾਸੇ, ਗੁਰੂ ਜੀ ਦੀ ਅਗਵਾਈ ਹੇਠ ਬਾਕੀ ਦੇ ਸਿੰਘ ਪਿੰਡ ਕੋਟਲਾ ਵਿੱਚ ਨਿਹੰਗ ਖਾਂ ਦੀ ਹਵੇਲੀ ਵਿਚ ਪੁੱਜਦੇ ਹਨ ਪਰ ਇੱਥੋਂ ਗੁਰੂ ਜੀ ਗਿਣਤੀ ਦੇ ਸਿੰਘਾਂ ਦੇ ਨਾਲ ਚਮਕੌਰ ਦੀ ਗੜ੍ਹੀ ਵਿੱਚ ਪੁੱਜਦੇ ਹਨ। ਉਨ੍ਹਾਂ ਦੇ ਮਗਰ ਹੀ ਇੱਥੇ ਮੁਗਲ ਫੌਜ ਵੀ ਪੁੱਜ ਜਾਂਦੀ ਹੈ। ਮੁਗਲ ਫੌਜ ਗੜ੍ਹੀ ਨੂੰ ਘੇਰ ਲੈਂਦੀ ਹੈ। ਇੱਥੇ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਅਸਾਵੀਂ ਜੰਗ ਲੜੀ ਜਾਂਦੀ ਹੈ। ਗਿਣਤੀ ਦੇ ਸਿੱਖ ਦਿਨ ਭਰ ਮੁਗਲ ਫ਼ੌਜ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਜਾਂਦੇ ਹਨ। ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਵੀ ਵੀਰਤਾ ਦੇ ਜੌਹਰ ਦਿਖਾਉਂਦੇ ਹੋਏ ਸ਼ਹੀਦੀਆਂ ਪਾ ਜਾਂਦੇ ਹਨ। ਗੁਰੂ ਜੀ ਸਿੰਘਾਂ ਦੇ ਜ਼ੋਰ ਪਾਉਣ ’ਤੇ ਗੜ੍ਹੀ ਛੱਡ ਕੇ ਜੰਡ ਸਾਹਿਬ ਅਤੇ ਬਹਿਲੋਲਪੁਰ ਹੁੰਦੇ ਹੋਏ ਪਿੰਡ ਚੂਹੜਪੁਰ (ਝਾੜ ਸਾਹਿਬ) ਹੁੰਦੇ ਹੋਏ ਮਾਛੀਵਾੜੇ ਆਪਣੇ ਪਠਾਣ ਮੁਰੀਦਾਂ ਗਨੀ ਖਾਂ, ਨਬੀ ਖਾਂ ਕੋਲ ਪੁੱਜਦੇ ਹਨ। ਇਹ ਸਾਰਾ ਇਲਾਕਾ ਉਸ ਸਮੇਂ ਜੰਗਲ ਸੀ। ਮਾਛੀਵਾੜੇ ਦੇ ਜੰਗਲ ਵਿੱਚ ਹੀ ਗੁਰੂ ਜੀ ਜਦੋਂ ਅਤਿ ਮੁਸ਼ਕਿਲ ਦੌਰ ’ਚੋਂ ਗੁਜ਼ਰ ਰਹੇ ਸਨ ਅਤੇ ਕੱਕਰ ਭਰੀਆਂ ਰਾਤਾਂ ਖੁੱਲ੍ਹੇ ਅਸਮਾਨ ਵਿੱਚ ਕੱਟ ਰਹੇ ਸਨ ਤਾਂ ਉਨ੍ਹਾਂ ਇੱਥੇ ਟਿੰਡ ਦਾ ਸਿਰਹਾਣਾ ਲਾ ਕੇ ਅਕਾਲ ਪੁਰਖ ਨਾਲ ਸੰਵਾਦ ਰਚਾਉਂਦਿਆਂ ਇਹ ਸ਼ਬਦ ਉਚਾਰਿਆ: ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ।। ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ।। ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ।। ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ।।
ਇੱਥੋਂ ਗੁਰੂ ਜੀ ਨੂੰ ਗਨੀ ਖਾਂ ਤੇ ਨਬੀ ਖਾਂ ਉੱਚ ਦਾ ਪੀਰ ਬਣਾ ਕੇ ਭੇਸ ਬਦਲਾ ਕੇ ਮੁਗਲ ਫੌਜਾਂ ਦੇ ਘੇਰੇ ’ਚੋਂ ਕੱਢ ਕੇ ਰਾਏਕੋਟ ਰਾਏ ਕੱਲ੍ਹੇ ਕੋਲ ਪੁੱਜ ਜਾਂਦੇ ਹਨ। ਰਾਏ ਕੱਲ੍ਹਾ ਆਪਣੇ ਸੇਵਕ ਨੂਰੇ ਮਾਹੀ ਨੂੰ ਛੇਟੇ ਸਾਹਿਬਜ਼ਾਦਿਆਂ ਦੀ ਖ਼ਬਰ ਲੈਣ ਭੇਜਦੇ ਹਨ। ਇੱਥੇ ਹੀ ਨੂਰਾ ਮਾਹੀ ਗੁਰੂ ਜੀ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਦੀ ਸ਼ਹੀਦੀ ਦੀ ਖ਼ਬਰ ਸੁਣਾਉਂਦਾ ਹੈ। ਸਾਰੀ ਵਾਰਤਾਲਾਪ ਸੁਣਨ ਮਗਰੋਂ ਗੁਰੂ ਜੀ ਮੁਗਲ ਰਾਜ ਦੀ ਜੜ੍ਹ ਪੁੱਟਣ ਦਾ ਪ੍ਰਣ ਕਰਦੇ ਹਨ। ਇਥੇ ਗੁਰੂ ਜੀ ਮੁਕਤਸਰ ਵੱਲ ਚਲੇ ਜਾਂਦੇ ਹਨ। ਇੱਥੇ ਮਾਝੇ ਦੇ ਸਿੱਖ, ਜੋ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਵਿੱਚ ਬੇਦਾਵਾ ਦੇ ਕੇ ਚਲੇ ਗਏ ਸਨ, ਮਾਈ ਭਾਗੋ ਦੀ ਅਗਵਾਈ ਹੇਠ ਮਿਲਣ ਲਈ ਆਉਂਦੇ ਹਨ ਪਰ ਉਨ੍ਹਾਂ ਦੀ ਪਹਿਲਾਂ ਹੀ ਮੁਗਲ ਫੌਜਾਂ ਨਾਲ ਟੱਕਰ ਹੋ ਜਾਂਦੀ ਹੈ। ਇਸ ਜੰਗ ਵਿੱਚ ਭਾਈ ਮਹਾਂ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘ ਸ਼ਹੀਦੀਆਂ ਪਾ ਜਾਂਦੇ ਹਨ। ਗੁਰੂ ਜੀ ਜਦੋਂ ਜੰਗ ਦੌਰਾਨ ਜ਼ਖ਼ਮੀ ਸਿੰਘਾਂ ਦੀ ਸਾਂਭ ਸੰਭਾਲ ਕਰ ਰਹੇ ਹੁੰਦੇ ਹਨ ਤਾਂ ਉਹ ਭਾਈ ਮਹਾਂ ਸਿੰਘ ਨੂੰ ਦੇਖਦੇ ਹਨ ਤੇ ਭਾਈ ਮਹਾਂ ਸਿੰਘ ਦੇ ਕਹਿਣ ’ਤੇ ਬੇਦਾਵਾ ਪਾੜ ਕੇ ਉਨ੍ਹਾਂ ਨੂੰ ਆਪਣੇ ਸਿੱਖ ਮੰਨ ਲੈਂਦੇ ਹਨ। ਇਥੇ ਮਾਘੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਪੋਹ ਦਾ ਸਾਰਾ ਮਹੀਨਾ ਹੀ ਸਿੱਖਾਂ ਦਾ ਜੰਗਾਂ ਵਿੱਚ ਲੰਘ ਜਾਂਦਾ ਹੈ। ਪੋਹ ਦੇ ਆਖ਼ਰੀ ਦਿਨ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਇਸ ਦਿਨ ਬਣਾਈ ਖੀਰ ਚੜ੍ਹਦੇ ਮਾਘ ਖਾਧੀ ਜਾਂਦੀ ਹੈ। ਇਸ ਕਰਕੇ ਹੀ ਕਹਾਵਤ ‘ਪੋਹ ਰਿੱਧੀ ਮਾਘ ਖਾਧੀ’ ਬਣੀ ਹੈ।
ਸੰਪਰਕ: 97819-78123