ਚਮਕੌਰ ਸਿੰਘ ਡਾ.*
ਸ਼ਰਧਾ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਸ਼ਵ ਇਤਿਹਾਸ ਦੀ ਉਹ ਰੂਹਾਨੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਆਮ ਮਨੁੱਖੀ ਮਾਨਸਿਕਤਾ ਵਿਚ ਦੂਜੇ ਸਮਝੇ ਜਾਂਦੇ ਮੱਤ ਦੇ ਪੈਰੋਕਾਰਾਂ ਉਪਰ ਮੁਤੱਸਬੀ ਹਾਕਮਾਂ ਵੱਲੋਂ ਢਾਹੇ ਜਾ ਰਹੇ ਜਬਰ-ਜ਼ੁਲਮ ਵਿਰੁੱਧ ਡਟ ਕੇ ਆਵਾਜ਼ ਬੁਲੰਦ ਕੀਤੀ। ਉਨ੍ਹਾਂ ‘ਦੂਜਿਆਂ’ ਲਈ ਕੁਰਬਾਨ ਹੋਣ, ਭਾਵ ਸ਼ਹਾਦਤ ਦੇਣ ਦੀ ਅਨੋਖੀ ਰਵਾਇਤ ਕਾਇਮ ਕੀਤੀ। ਇਹ ਰਵਾਇਤ 18ਵੀਂ ਸਦੀ ਦੇ ਸਿੱਖ ਜਰਨੈਲਾਂ ਵੱਲੋਂ ਦੂਜੇ ਧਰਮ ਦੇ ਲੋਕਾਂ ਨੂੰ ਜਬਰ-ਜ਼ੁਲਮ ਤੋਂ ਮੁਕਤੀ ਦਿਵਾਉਣ ਦੀਆਂ ਘਟਨਾਵਾਂ ਸਦਕਾ ਹੋਰ ਪੁਖ਼ਤਾ ਹੋਈ ਜੋ ਬਾ-ਦਸਤੂਰ ਜਾਰੀ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਹਕੂਮਤੀ ਜਬਰ-ਜ਼ੁਲਮ ਅਤੇ ਅਨਿਆਂ ਵਿਰੁੱਧ ਲੋਕ-ਮਨਾਂ ਅੰਦਰ ਚੇਤਨਾ ਪੈਦਾ ਕਰਨ ਅਤੇ ਭੈਅਭੀਤ ਨਾ ਹੋਣ ਦੀ ਸਿੱਖਿਆ ਨੂੰ ਦ੍ਰਿੜ੍ਹ ਕਰਵਾਉਣ ਲਈ ਯਾਤਰਾਵਾਂ ਕੀਤੀਆਂ। ਉਨ੍ਹਾਂ ਉੱਤਰੀ ਅਤੇ ਪੂਰਬੀ ਭਾਰਤ ਦੇ ਵੱਖ ਵੱਖ ਇਲਾਕਿਆਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਅਨੇਕ ਪਿੰਡਾਂ ਅਤੇ ਨਗਰਾਂ ਵਿਖੇ ਇਨ੍ਹਾਂ ਯਾਤਰਾਵਾਂ ਰਾਹੀਂ ਜ਼ੋਰਦਾਰ ਚੇਤਨਾ ਮੁਹਿੰਮ ਚਲਾਈ। ਗੁਰੂ ਸਾਹਿਬ ਹਿੰਦੋਸਤਾਨੀ ਬਰੇ-ਸਗੀਰ ਦੇ ਜਿਹੜੇ ਜਿਹੜੇ ਇਲਾਕਿਆਂ ਵਿਚ ਗਏ, ਉਨ੍ਹਾਂ ਵਿਚੋਂ ਬਹੁਤੀਆਂ ਥਾਵਾਂ ’ਤੇ ਉਨ੍ਹਾਂ ਦੀ ਪਵਿੱਤਰ ਯਾਦ ਵਿਚ ਗੁਰਦੁਆਰੇ ਸੁਸ਼ੋਭਿਤ ਹਨ। ਇਹ ਸਾਰੇ ਅਸਥਾਨ ਨੌਵੇਂ ਗੁਰੂ ਦੇ ਰੂਹਾਨੀ ਅਮਲ-ਅਭਿਆਸ ਦੇ ਕੇਂਦਰ ਅਤੇ ਪ੍ਰਮਾਣਿਕ ਸਰੋਤ ਹਨ। ਉਨ੍ਹਾਂ ਦੀ ਚਰਨਛੋਹ ਪ੍ਰਾਪਤ ਹਰ ਅਸਥਾਨ ਉਨ੍ਹਾਂ ਵੱਲੋਂ ਲੋਕਾਈ ਦੇ ਮਾਰਗ-ਦਰਸ਼ਨ ਲਈ ਦਿੱਤੇ ਕਲਿਆਣਕਾਰੀ ਸੰਦੇਸ਼ਾਂ ਨੂੰ ਸੰਭਾਲੀ ਬੈਠਾ ਹੈ।
ਇੱਥੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਚਰਨ-ਛੋਹ ਪ੍ਰਾਪਤ ਤਿੰਨ ਅਸਥਾਨਾਂ ਦਾ ਜ਼ਿਕਰ ਕਰਨਾ ਬਣਦਾ ਹੈ। ਇਹ ਅਸਥਾਨ ਹਨ:
ਸ੍ਰੀ ਅਨੰਦਪੁਰ ਸਾਹਿਬ: ਨਿਰਭੈਤਾ ਅਤੇ ਮਨੁੱਖੀ ਅਧਿਕਾਰਾਂ ਲਈ ਕੁਰਬਾਨੀ ਦਾ ਸਬਕ
ਸ੍ਰੀ ਅਨੰਦਪੁਰ ਸਾਹਿਬ (ਪਹਿਲਾ ਨਾਂ ਚੱਕ ਨਾਨਕੀ) ਗੁਰੂ ਜੀ ਨੇ ਖ਼ੁਦ ਆਪਣੀ ਨਿਗਰਾਨੀ ਹੇਠ ਜ਼ਮੀਨ ਮੁੱਲ ਲੈ ਕੇ ਵਸਾਇਆ ਸੀ। ਇੱਥੇ ਖ਼ਾਲਸਾ ਸਾਜਨਾ ਸਮੇਤ ਅਨੇਕ ਇਤਿਹਾਸਕ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚੋਂ ਇਕ ਘਟਨਾ ਦਾ ਸਬੰਧ ਕਸ਼ਮੀਰੀ ਪੰਡਤਾਂ ਦੀ ਫਰਿਆਦ ਨਾਲ ਜੁੜਿਆ ਹੈ। ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਡੂੰਘੇ ਚਿੰਤਨ ਵਿਚ ਲੀਨ ਹੋਏ ਦੇਖ ਕੇ ਬਾਲ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ ਜੀ) ਵੱਲੋਂ ਪੁੱਛਣ ’ਤੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਮੰਗਣ ਵਾਲਾ ਜਵਾਬ, ਮਹਾਨ ਇਤਿਹਾਸਕ ਘਟਨਾ ਹੋ ਨਬਿੜਿਆ। ਅੱਗੋਂ ਬਾਲ ਗੋਬਿੰਦ ਰਾਏ ਦਾ ਦ੍ਰਿੜ੍ਹਤਾ ਭਰਿਆ ਜਵਾਬ ਸੁਣ, ਨੌਵੇਂ ਪਾਤਸ਼ਾਹ ਨੇ ਹਰ ਤਰ੍ਹਾਂ ਨਿਸ਼ਚਿੰਤ ਹੋ ਕੇ ਕਸ਼ਮੀਰੀ ਪੰਡਤਾਂ ਨੂੰ ਨਿਰਭੈਤਾ ਦੇ ਜਜ਼ਬੇ ਨਾਲ ਭਰਪੂਰ ਉਪਾਅ ਦੇ ਕੇ ਉੱਥੋਂ ਵਿਦਾ ਕੀਤਾ। ਆਪ ਖ਼ੁਦ ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਸ਼ਹਾਦਤ ਦਾ ਜਾਮ ਪੀਣ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਏ।
ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਪੰਜਾਬ ਦੇ ਵੱਖ ਵੱਖ ਅਸਥਾਨਾਂ ਉੱਤੇ ਲੋਕਾਂ ਨੂੰ ਜਾਗਰੂਕ ਕਰਦਿਆਂ ਮੌਕੇ ਦੀ ਹਕੂਮਤ ਵੱਲੋਂ ਗ੍ਰਿਫ਼ਤਾਰ ਕਰ ਲਏ ਗਏ ਅਤੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਲਿਜਾ ਕੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਸ਼ਹੀਦ ਕਰ ਦਿੱਤੇ ਗਏ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰਖਵਾਲੀ ਦਾ ਸੰਦੇਸ਼ ਲੈ ਕੇ ਤੁਰੇ ਨੌਵੇਂ ਗੁਰੂ ਉਸ ਧਾਰਮਿਕ ਵਿਸ਼ਵਾਸ ਲਈ ਕੁਰਬਾਨ ਹੋ ਗਏ ਜੋ ਦੁਨਿਆਵੀ ਨਜ਼ਰਾਂ ਵਿਚ ਉਨ੍ਹਾਂ ਦੇ ਖ਼ੁਦ ਦੇ ਵਿਸ਼ਵਾਸ ਤੋਂ ਬਿਲਕੁਲ ਵੱਖਰਾ (ਦੂਜਾ) ਸੀ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਸਾਕਾਰ ਹੋਇਆ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰਖਵਾਲੀ ਦਾ ਇਹ ਸੰਦੇਸ਼ ਅੱਜ ਵੀ ਸਾਰਥਕ ਹੈ। ਆਮ ਜਨਤਾ ਦੇ ਮਨਾਂ ਵਿਚੋਂ ਡਰ, ਭੈਅ ਦੇ ਅਹਿਸਾਸ ਨੂੰ ਬਾਹਰ ਕੱਢਣ ਲਈ ਨਿਰਭੈਤਾ ਦਾ ਇਹ ਸਬਕ ਗੁਰੂ ਜੀ ਦੇ ਬਾਣੀ-ਸੰਦੇਸ਼ ਦਾ ਅਭਿਆਸ ਹੋ ਨਬਿੜਿਆ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਸਲੋਕ ਮਹਲਾ 9, 1427)
ਧੂਬੜੀ (ਆਸਾਮ): ਨਿਰਵੈਰਤਾ ਅਤੇ ਅਮਨ-ਸ਼ਾਂਤੀ ਦਾ ਸਬਕ
ਆਸਾਮ ਦੇ ਇਤਿਹਾਸ ਵਿਚ ਗੁਰੂ ਤੇਗ਼ ਬਹਾਦਰ ਜੀ ਦੇ ਮਹਾਨ ਯੋਗਦਾਨ ਦਾ ਮੁਲਾਂਕਣ ਇਤਿਹਾਸਕਾਰ ਅੱਜ ਤਕ ਨਹੀਂ ਕਰ ਸਕੇ। ਸਥਾਨਕ ਕੌਮੀ ਪਛਾਣਾਂ ਦੀ ਕਦਰਦਾਨੀ ਅਤੇ ਮਾਤਹਿਤ ਘੱਟਗਿਣਤੀ ਕੌਮਾਂ/ਵਰਗਾਂ ਦੇ ਸਵੈਮਾਣ ਨਾਲ ਜੁੜੀ ਰਾਜਸੀ ਆਜ਼ਾਦੀ ਦੇ ਅਧਿਕਾਰ ਦੀ ਰਖਵਾਲੀ ਦਾ ਇਹ ਵਚਿੱਤਰ ਵਰਤਾਰਾ, ਭਾਰਤੀ ਇਤਿਹਾਸਕਾਰਾਂ-ਵਿਚਾਰਵਾਨਾਂ ਦੀਆਂ ਨਜ਼ਰਾਂ ਤੋਂ ਓਝਲ ਹੀ ਰਿਹਾ ਹੈ।
ਬਹੁਤ ਸਾਰੇ ਲੇਖਕ ਆਸਾਮ ਦੀ ਮੁਹਿੰਮ ਸਮੇਂ ਰਾਜਾ ਰਾਮ ਸਿੰਘ ਦੀ ਬੇਨਤੀ ਉੱਤੇ ਗੁਰੂ ਜੀ ਵੱਲੋਂ ਹਮਾਇਤ ਵਜੋਂ ਉਸ ਦੇ ਨਾਲ ਜਾਣ ਦਾ ਹਵਾਲਾ ਅਕਸਰ ਦਿੰਦੇ ਹਨ। ਭਾਵੇਂ ਗੁਰੂ ਜੀ ਰਾਜਾ ਰਾਮ ਸਿੰਘ ਦੇ ਨਾਲ ਉਸ ਦੀ ਸਹਾਇਤਾ ਲਈ ਹੀ ਗਏ ਹੋਣ; ਇਸ ਦੇ ਬਾਵਜੂਦ ਗੁਰੂ ਸਾਹਿਬ ਆਸਾਮੀ ਲੋਕਾਂ ਦੀ ਆਜ਼ਾਦੀ/ਸੁਤੰਤਰ ਹੋਂਦ-ਹਸਤੀ ਨੂੰ ਤਸਲੀਮ ਕਰਨ ਦੇ ਹੱਕ ਵਿਚ ਭੁਗਤੇ, ਨਾ ਕਿ ਦੂਜਿਆਂ ਦੇ ਘਰ/ਇਲਾਕੇ ਵਿਚ ਦਖ਼ਲਅੰਦਾਜ਼ੀ ਕਰਨ ਵਾਲੀ ਮੌਕੇ ਦੀ ਜਾਬਰ ਹਕੂਮਤ ਦੇ ਹੱਕ ਵਿਚ। ਆਸਾਮ ਦੀ ਪੱਛਮੀ ਸੀਮਾ ਦੀ ਹੱਦਬੰਦੀ ਹਿਤ ਸਮਝੌਤਾ ਕਰਵਾਉਣ ਸਮੇਂ ਗੁਰੂ ਜੀ ਨੇ ਆਸਾਮੀ ਲੋਕਾਂ ਦੀਆਂ ਕੌਮੀ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਉਨ੍ਹਾਂ ਦੀ ਇੱਛਾ ਅਨੁਸਾਰ ਧੂਬੜੀ ਦੇ ਅਸਥਾਨ ਨੂੰ ਆਸਾਮ ਅਤੇ ਮੁਗ਼ਲ ਰਾਜ ਦੇ ਸੀਮਾਂਤ ਪ੍ਰਦੇਸ਼ ਬੰਗਾਲ ਦੀ ਸੀਮਾ ਨਿਯਤ ਕਰਵਾਇਆ:
ਹੱਦ ਕਰੀ ਦੁਇ ਰਾਜਨ ਕੇਰੀ। ਜਿਸ ਤੇ ਉਠਹਿ ਬਿਰੋਧ ਨ ਫੇਰੀ।
ਦਹਿ ਦਿਸ਼ਿ ਕੋ ਕਰਿ ਹਰਖ ਸਮੇਤ। ਆਪ ਆਪਨੇ ਰਾਜ ਸੁਚੇਤ।
(ਸ੍ਰੀ ਗੁਰੂ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸ ਬਾਰਵੀਂ, ਅਧਿਆਇ 11:4)
ਨੌਵੇਂ ਪਾਤਸ਼ਾਹ ਨੇ ਨਿਤਾਣਿਆਂ ਦੇ ਹੱਕ ਵਿਚ ਖੜੋਣ ਵਾਲੀ ਗੁਰੂ ਪਰੰਪਰਾ ਉੱਤੇ ਡਟ ਕੇ ਪਹਿਰਾ ਦਿੱਤਾ। ਸ੍ਰੀ ਆਨੰਦਪੁਰ ਸਾਹਿਬ ਵਿਖੇ ਹਕੂਮਤੀ ਜਬਰ ਖ਼ਿਲਾਫ਼ ਕਸ਼ਮੀਰੀ ਪੰਡਤਾਂ ਦੀ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਰਾਖੀ ਲਈ; ਆਸਾਮ ਦੇ ਅਹੋਈ ਲੋਕਾਂ ਦੀ ਸਿਆਸੀ ਆਜ਼ਾਦੀ ਦੇ ਅਧਿਕਾਰ ਦੀ ਰਾਖੀ ਲਈ ਡਟਵੀਂ ਹਮਾਇਤ ਕੀਤੀ। ਧਰਤੀ ਨੂੰ ਧਰਮਸਾਲ ਅਤੇ ਸਾਂਝੀ ਦੇਗ ਬਣਾਉਣ ਵਾਸਤੇ ਹੱਦਾਂ-ਸਰਹੱਦਾਂ ਦੀਆਂ ਲਕੀਰਾਂ ਨੂੰ ਮਿਟਾਉਣ ਦੇ ਮਨੋਰਥ ਲਈ ਵਚਨਬੱਧ ਗੁਰੂ ਜੀ ਨੇ ਇਕ ਦੇਸ਼-ਕੌਮ (ਰਾਜਨੀਤਕ ਇਕਾਈ) ਦੇ ਲੋਕਾਂ ਦੀ ਰਾਜਸੀ ਆਜ਼ਾਦੀ ਹਿਤ ਉਸ ਦੇਸ਼ ਦੀ ਸਰਹੱਦ ਦੀ ਨਿਸ਼ਾਨਦੇਹੀ ਕਰਵਾਈ। ਇਹ ਵਰਤਾਰਾ ਉਸੇ ਤਰ੍ਹਾਂ ਬੇਹੱਦ ਵਚਿੱਤਰ ਹੈ, ਜਿਵੇਂ ਇਕ ਪਾਸੇ ਗੁਰੂ ਨਾਨਕ ਦੇਵ ਜੀ ਜਨੇਊ ਪਾਉਣ ਦੀ ਰਸਮ ਨੂੰ ਠੁਕਰਾਉਂਦੇ ਹਨ ਤਾਂ ਦੂਜੇ ਪਾਸੇ ਉਨ੍ਹਾਂ ਦੇ ਉੱਤਰਾਧਿਕਾਰੀ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਕਿਸੇ ਦੇ ਜਨੇਊ ਪਹਿਨਣ ਦੇ ਧਾਰਮਿਕ ਅਧਿਕਾਰ ਲਈ ਆਪਣਾ ਜੀਵਨ ਕੁਰਬਾਨ ਕਰ ਜਾਂਦੇ ਹਨ।
ਹੱਦਾਂ-ਸਰਹੱਦਾਂ ਦੇ ਝਗੜੇ-ਝਮੇਲੇ; ਵੈਰ-ਵਿਰੋਧ ਮਿਟਾਉਣ ਦਾ ਇਹ ਉਪਰਾਲਾ ਅੱਜ ਵੀ ਪਰਸਪਰ ਪ੍ਰੇਮ-ਪਿਆਰ ਅਤੇ ਅਮਨ-ਸ਼ਾਂਤੀ ਹਿਤ ਸੁਲ੍ਹਾਕੁਲ ਭੂਮਿਕਾ ਨਿਭਾਉਣ ਦੀ ਸਮਰੱਥਾ ਨਾਲ ਭਰਪੂਰ ਹੈ ਜਿਸ ਨੂੰ ਸਰਬੱਤ ਮਨੁੱਖਤਾ ਦੇ ਭਲੇ ਹਿਤ ਵਿਸ਼ਵ ਪੱਧਰ ’ਤੇ ਨਸ਼ਰ ਕਰਨ ਦੀ ਜ਼ਰੂਰਤ ਹੈ। ਨਿਰਸੰਦੇਹ ਇਹ ਸੰਦੇਸ਼ ਆਲਮੀ ਪੱਧਰ ਉੱਤੇ ਸਾਰੇ ਮੁਲਕਾਂ ਵਿਚਕਾਰ ਅਮਨ-ਸ਼ਾਂਤੀ ਵਾਲੀ ਹਲੇਮੀ ਵਿਵਸਥਾ ਕਾਇਮ ਕਰਨ ਦੇ ਸੰਦਰਭ ਵਿਚ ਇਕ ਪ੍ਰਮਾਣਕ ਪ੍ਰਗਟਾਵਾ ਹੈ:
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਸਿਰੀਰਾਗੁ ਮਹਲਾ 5, 74)
ਬਹਾਦਰਗੜ੍ਹ (ਸੈਫਾਬਾਦ): ਸਮਦ੍ਰਿਸ਼ਟੀ ਅਤੇ ਸਾਂਝ-ਸਹਿਹੋਂਦ ਦਾ ਸਬਕ
ਬਹਾਦਰਗੜ੍ਹ (ਪਟਿਆਲਾ ਦੇ ਨੇੜੇ) ਦਾ ਪਹਿਲਾ ਨਾਂ ਸੈਫਾਬਾਦ ਸੀ ਜਿਸ ਨੂੰ ਗੁਰੂ ਤੇਗ਼ ਬਹਾਦਰ ਜੀ ਦੇ ਦਰਵੇਸ਼ ਕਦਰਦਾਨ ਨਵਾਬ ਸੈਫ ਖ਼ਾਨ ਜਾਂ ਸੈਫੂਦੀਨ (ਅਸਲ ਨਾਮ ਸੈਫ-ਉਦ-ਦੀਨ ਮਹਿਮੂਦ) ਨੇ 1668 ਈਸਵੀ ਵਿਚ ਵਸਾਇਆ। ਕਈ ਇਤਿਹਾਸਕ, ਖ਼ਾਸਕਰ ਗੁਰਮੁਖੀ ਹਵਾਲਿਆਂ ਵਿਚ ਇਸ ਦੇ ਸੈਫਦੀਨ, ਸੈਫ ਅਲੀ ਖਾਂ, ਸਰਫਦੀਨ ਆਦਿ ਨਾਮ ਵੀ ਲਿਖੇ ਮਿਲਦੇ ਹਨ। ਨਵਾਬ ਸੈਫ ਖ਼ਾਨ ਬਾਦਸ਼ਾਹ ਸ਼ਾਹਜਹਾਂ ਵੇਲੇ ਬਖ਼ਸ਼ੀ (ਫ਼ੌਜਾਂ ਨੂੰ ਤਨਖ਼ਾਹ ਵੰਡਣ ਵਾਲਾ ਅਧਿਕਾਰੀ) ਦੇ ਅਹੁਦੇ ’ਤੇ ਤਾਇਨਾਤ ਤਰਬੀਅਤ ਖਾਂ ਦਾ ਪੁੱਤਰ ਅਤੇ ਔਰੰਗਜ਼ੇਬ ਦੇ ਕੋਕਾ-ਭਰਾ (foster brother) ਨਵਾਬ ਫਿਦਾਈ ਖਾਂ ਦਾ ਭਰਾ ਸੀ। ਸੈਫ ਖਾਨ ਸ਼ਾਹਜਹਾਂ ਦੇ ਸ਼ਾਸਨਕਾਲ ਦੇ ਆਖ਼ਰੀ ਸਾਲਾਂ ਵਿਚ ਦਰੋਗਾ (ਅਸਲਾਖਾਨੇ ਦੇ ਪ੍ਰਬੰਧਕ) ਦੇ ਅਹੁਦੇ ’ਤੇ ਨਿਯੁਕਤ ਹੋਇਆ ਅਤੇ ਆਪਣੇ ਲੰਬੇ ਕਾਰਜਕਾਲ ਦੌਰਾਨ ਕਈ ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕੀਤਾ। ਆਪਣੀ ਕਾਬਲੀਅਤ ਤੇ ਸਮਰੱਥਾ ਸਦਕਾ ਉਹ ਸੂਬੇਦਾਰ ਦੇ ਅਹੁਦੇ ਤਕ ਪਹੁੰਚਿਆ ਅਤੇ ਆਗਰਾ, ਕਸ਼ਮੀਰ, ਮੁਲਤਾਨ, ਬਿਹਾਰ ਤੇ ਅਲਾਹਾਬਾਦ ਦਾ ਨਵਾਬ ਰਿਹਾ। ਬਾਦਸ਼ਾਹ ਔਰੰਗਜ਼ੇਬ ਦੇ ਗੁੱਸੇ ਦਾ ਸ਼ਿਕਾਰ ਹੋ ਕੇ ਸੈਫ ਖ਼ਾਨ ਕੁਝ ਸਮਾਂ ਮੁਅੱਤਲ ਵੀ ਰਿਹਾ। ਨਵਾਬ ਸੈਫ ਖ਼ਾਨ ਨੇ ਸਰਹਿੰਦ ਸਰਕਾਰ ਦੀ ਅਮਲਦਾਰੀ ਵਿਚ ਅਜੋਕੇ ਪਟਿਆਲਾ ਜ਼ਿਲ੍ਹੇ ਦੇ ਬਹਾਦਰਗੜ੍ਹ (ਪਹਿਲਾ ਨਾਂ ਸੈਫਾਬਾਦ) ਦੇ ਕਿਲ੍ਹੇ ਵਾਲੀ ਇਕਾਂਤ ਜਗ੍ਹਾ ਆਪਣੀ ਰਿਹਾਇਸ਼ ਬਣਵਾ ਲਈ।
ਫਕੀਰਾਨਾ ਤਬੀਅਤ ਦੇ ਮਾਲਕ ਨਵਾਬ ਸੈਫ ਖ਼ਾਨ ਦੀ ਸ਼ਖ਼ਸੀਅਤ ਨਾਲ ਪ੍ਰੇਮ ਕਾਰਨ ਗੁਰੂ ਜੀ ਆਪਣੀਆਂ ਯਾਤਰਾਵਾਂ ਦੌਰਾਨ ਸੈਫਾਬਾਦ ਵਿਖੇ ਉਸ ਦੇ ਪੰਚਬਟੀ ਬਾਗ਼ ਵਿਖੇ ਉਤਾਰਾ ਕਰਦੇ ਰਹੇ। ਨਵਾਬ ਸੈਫ ਖ਼ਾਨ ਨਾਲ ਸਬੰਧਾਂ ਤੋਂ ਇਸ ਤੱਥ ਦਾ ਖੁਲਾਸਾ ਭਲੀਭਾਂਤ ਹੁੰਦਾ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਨਜ਼ਰ ਵਿਚ ਧਰਮ ਦੇ ਆਧਾਰ ’ਤੇ ਵੰਡੀਆਂ ਵਾਲੇ ਵਰਤਾਰੇ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਮਜ਼ਹਬੀ ਕੱਟੜਤਾ, ਨਫ਼ਰਤ ਅਤੇ ਕੁੜੱਤਣ ਤੋਂ ਨਿਰਲੇਪ ਰਹਿ ਕੇ ਧਾਰਮਿਕ ਵੰਨ-ਸੁਵੰਨਤਾਵਾਂ ਵਿਚਕਾਰ ਇਕਸੁਰਤਾ ਦਾ ਵਾਤਾਵਰਨ ਅਤੇ ਸਹਿਹੋਂਦ (ਸਾਂਝੀਵਾਲਤਾ) ਦਾ ਵਰਤਾਰਾ ਸਿਰਜਣ ਲਈ ਸਾਰਥਕ ਉਪਰਾਲੇ ਕੀਤੇ। ਉਨ੍ਹਾਂ ਨੇ ਮੁਗ਼ਲ ਹਕੂਮਤ ਦੇ ਜਬਰ-ਜ਼ੁਲਮ ਦੇ ਭੈਅ ਤੋਂ ਮੁਕਤ ਹੋਣ ਲਈ ਪਰਜਾ ਨੂੰ ਜਾਗਰੂਕ ਕੀਤਾ। ਦੂਜੇ ਧਰਮਾਂ ਨਾਲ ਸਬੰਧਿਤ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ ਦੇ ਮਾਨ-ਸਨਮਾਨ ਨੂੰ ਕਾਇਮ ਰੱਖਦਿਆਂ ਸਮਦ੍ਰਿਸਟੀ ਅਤੇ ਆਪਸੀ ਪ੍ਰੇਮ-ਪਿਆਰ ਕਿਵੇਂ ਪ੍ਰਫੁਲਿਤ ਹੋਵੇ? ਗੁਰੂ ਜੀ ਦੇ ਜੀਵਨ-ਅਭਿਆਸ ਦਾ ਇਹ ਅਨਿੱਖੜਵਾਂ ਅੰਗ, ਨਵਾਬ ਸੈਫ ਖ਼ਾਨ ਵਰਗੇ ਦਰਵੇਸ਼ਾਂ ਨਾਲ ਸਬੰਧਾਂ ਤੋਂ ਬਾਖ਼ੂਬੀ ਉਜਾਗਰ ਹੰਦਾ ਹੈ। ਰੱਬੀ ਦਰਵੇਸ਼ ਜਾਂ ਸੰਤ-ਜਨ ਇਹ ਗੱਲ ਭਲੀਭਾਂਤ ਸਮਝਦੇ ਆਏ ਹਨ ਕਿ ਧਾਰਮਿਕ ਕੱਟੜਤਾ ਦੀ ਬਜਾਏ ਸਾਰੇ ਧਰਮਾਂ ਦਾ ਨਿਚੋੜ, ਜੀਵਨ ਦੀ ਪਵਿੱਤਰਤਾ ਲਈ ਰੱਬ ਦੀ ਬੰਦਗੀ ਕਰਨਾ ਹੈ:
ਭਲੇ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ॥
ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਰਾਮਕਲੀ ਮਹਲਾ 9, 902)
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਸੋਰਠਿ ਮਹਲਾ 9, 631)
ਇਸੇ ਲਈ ਧਾਰਮਿਕ ਕੱਟੜਤਾ ਕਾਰਨ ਦੂਜਿਆਂ ਉਪਰ ਹੋ ਰਹੇ ਜਬਰ-ਜ਼ੁਲਮ ਦੇ ਖਾਤਮੇ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਇਸ ਸੰਦਰਭ ਵਿਚ ਉਨ੍ਹਾਂ ਦੀ ਜੀਵਨ ਯਾਤਰਾ ਨਾਲ ਸਬੰਧਿਤ ਇਹ ਤਿੰਨੇ ਅਸਥਾਨ ਸਰਬੱਤ ਦੇ ਭਲੇ ਲਈ ਹਮੇਸ਼ਾ ਪ੍ਰੇਰਨਾ-ਸਰੋਤ ਅਤੇ ਚਾਨਣ-ਮੁਨਾਰਾ ਬਣੇ ਰਹਿਣਗੇ। ਲੋੜ ਹੈ ਗੁਰੂ ਜੀ ਦੇ ਦਿੱਤੇ ਸਬਕਾਂ ਨੂੰ ਸਮਝਣ-ਸਿੱਖਣ ਅਤੇ ਚੇਤਿਆਂ ਵਿਚ ਵਸਾਉਣ ਦੀ!