ਅਵਿਜੀਤ ਪਾਠਕ
ਤਾਕਤ ਦੇ ਇਸ ਵਿਖਿਆਨ ਵਿਚ ਕੁਝ ਨਾ ਕੁਝ ਵਿਰੋਧਾਭਾਸੀ ਹੈ। ਤੁਸੀਂ ਜਿੰਨੇ ਜ਼ਿਆਦਾ ਤਾਕਤਵਰ ਹੁੰਦੇ ਜਾਂਦੇ ਹੋ, ਉਂਨੇ ਹੀ ਵੱਧ ਡਰਨ ਲੱਗਦੇ ਹੋ। ਬਿਲਕੁਲ, ਤਾਕਤ ਦੀ ਲਾਲਸਾ ਜਾਂ ਇਸ ਨਾਲ ਅੰਨ੍ਹਾ ਮੋਹ ਭਿਆਨਕ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੰਦਾ ਹੈ। ਇਸ ਨੂੰ ਹਰ ਪਾਸੇ ਸਾਜ਼ਿਸ਼ਾਂ ਦਿਖਾਈ ਦਿੰਦੀਆਂ ਹਨ; ਇਹ ਨਾ ਕਿਸੇ ’ਤੇ ਭਰੋਸਾ ਕਰ ਸਕਦਾ ਹੈ, ਨਾ ਕੋਈ ਸੰਵਾਦ ਰਚਾ ਸਕਦਾ ਹੈ; ਬੱਸ ਆਪਣੇ ਦੁਆਲੇ ਇਕੱਲਤਾ ਦੀਆਂ ਵਲਗਣਾਂ ਖੜ੍ਹੀਆਂ ਕਰਦਾ ਜਾਂਦਾ ਹੈ।
ਤੁਹਾਨੂੰ ਗਾਜ਼ੀਪੁਰ, ਸਿੰਘੂ ਤੇ ਟਿਕਰੀ ਬਾਰਡਰਾਂ ਤੋਂ ਹੋਰ ਕੀ ਦਿਖਾਈ ਦਿੰਦਾ ਹੈ? ਉਥੇ ਖੜ੍ਹੇ ਕੀਤੇ ਬੈਰੀਕੇਡ ਤੇ ਲੋਹੇ ਦੀਆਂ ਮੇਖਾਂ ਇਹੋ ਦੱਸਦੀਆਂ ਹਨ ਕਿ ਮੁਲਕ ਦੀ ਹਾਕਮ ਜਮਾਤ ਆਪਣੇ ਮਸੀਹਾ ਤੇ ਜ਼ੋਰਦਾਰ ਪ੍ਰਚਾਰ ਮਸ਼ੀਨਰੀ ਦੇ ਬਾਵਜੂਦ ਪਾਗਲਪਣ ਦੀ ਹੱਦ ਤੱਕ ਡਰ, ਫ਼ਿਕਰ ਅਤੇ ਅਸੁਰੱਖਿਆ ਵਾਲੀ ਹਾਲਤ ਵਿਚ ਕੰਮ ਕਰ ਰਹੀ ਹੈ। ਹਾਂ, ਉਂਝ ਇਹ ਕੁਝ ਇਸ ਦੀਆਂ ਨੀਤੀਆਂ ਨਾਲ ਮੇਲ ਨਹੀਂ ਖਾਂਦਾ, ਜਿਵੇਂ ਕਿ ਤਰਕ ਦਿੱਤਾ ਜਾਂਦਾ ਹੈ, ਇਹ ਲਾਜ਼ਮੀ ਤੌਰ ’ਤੇ ਸਾਜ਼ਿਸ਼ੀ ਹੈ। ਇਸੇ ਕਾਰਨ ਇਸ ਲਈ ਆਪਣੇ ਹੱਕਾਂ ਵਾਸਤੇ ਲੜ ਰਹੇ ਕਿਸਾਨ ਜਾਂ ਤਾਂ ‘ਗੁੰਮਰਾਹ’ (ਮਾਓਵਾਦੀਆਂ, ਖ਼ਾਲਿਸਤਾਨੀਆਂ ਜਾਂ ਟੁਕੜੇ-ਟੁਕੜੇ ਗੈਂਗ ਦੇ ਪ੍ਰਭਾਵ ਨਾਲ) ਹਨ ਜਾਂ ‘ਦੇਸ਼-ਵਿਰੋਧੀ’ ਹਨ। ਦਰਅਸਲ, ਇਨ੍ਹੀਂ-ਦਿਨੀਂ ਹਰ ਕਿਸੇ ਆਲੋਚਨਾਮਈ ਆਵਾਜ਼ ਨੂੰ ਦੇਸ਼ ਦੀ ‘ਏਕਤਾ’ ਲਈ ਖ਼ਤਰੇ ਵਜੋਂ ਦੇਖਿਆ ਜਾਂਦਾ ਹੈ।
ਅੱਜ ਜਦੋਂ ਅਸੀਂ ਖ਼ੁਦ ਨੂੰ ਮੁਕੱਦਮਿਆਂ ਅਤੇ ਦੇਸ਼ ਧਰੋਹ ਦੇ ਦੋਸ਼ਾਂ ਦੀ ਮਹਾਂਮਾਰੀ ਵਿਚ ਘਿਰੇ ਪਾਉਂਦੇ ਹਾਂ, ਤਾਂ ਨਿੱਤ ਹੀ ਦੇਸ਼ ਦੇ ‘ਦੁਸ਼ਮਣ’ ਮਿਲ ਤੇ ਲੱਭ ਰਹੇ ਹਨ। ਕੋਈ ਜਾਗਦੀ ਜ਼ਮੀਰ ਵਾਲਾ ਪੱਤਰਕਾਰ (ਉਨ੍ਹਾਂ ਖੱਪ-ਪਾਊ ਟੈਲੀਵਿਜ਼ਨ ਐਂਕਰਾਂ ਵਰਗਾ ਨਹੀਂ, ਜਿਨ੍ਹਾਂ ਨੇ ਦੇਸ਼ ਨੂੰ ‘ਪਿਆਰ’ ਕਰਨ ਦੇ ਅਧਿਕਾਰ ਉਤੇ ਵੀ ਅਜਾਰੇਦਾਰੀ ਕਾਇਮ ਕਰ ਲਈ ਹੈ), ਕੋਈ ਮਨੁੱਖੀ ਹੱਕਾਂ ਦਾ ਕਾਰਕੁਨ, ਨੌਜਵਾਨ ਵਿਦਿਆਰਥੀ ਜਿਹੜਾ ਬਰਾਬਰੀ ਤੇ ਨਿਆਂ ਦੀ ਸੋਚ ਤੋਂ ਪ੍ਰੇਰਿਤ ਹੈ, ਜਾਂ ਕਿਸਾਨ ਅੰਦੋਲਨ ਦਾ ਆਗੂ, ਜਿਹੜਾ ਅਹਿੰਸਕ ਵਿਰੋਧ ਪ੍ਰਗਟਾਵੇ ਜਾਂ ਸੱਤਿਆਗ੍ਰਹਿ ਨੂੰ ਜਾਰੀ ਰੱਖਣ ਲਈ ਪੂਰੀ ਵਾਹ ਲਾ ਰਿਹਾ ਹੈ: ਇਨ੍ਹਾਂ ਵਿਚੋਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ, ਉਨ੍ਹਾਂ ਨੂੰ ਡਰਾ ਕੇ ਰੱਖਣਾ ਅਤੇ ਮੁਕੱਦਮੇਬਾਜ਼ੀਆਂ ਤੇ ਅਦਾਲਤੀ ਕਾਰਵਾਈਆਂ ਵਿਚ ਉਲ਼ਝਾ ਕੇ ਰੱਖਿਆ ਜਾਣਾ ਚਾਹੀਦਾ ਹੈ ਅਤੇ ਜੇ ਤਾਂ ਵੀ ਗੱਲ ਨਾ ਬਣੇ ਤਾਂ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟ ਦਿਓ।
ਸੱਤਾ ਦੇ ਇਸ ਵਿਖਿਆਨ ਦੇ ਸਿੱਟੇ ਵਜੋਂ ਡਰ, ਸ਼ੱਕ ਤੇ ਨਿਗਰਾਨੀ ਨਾਲ ਭਰਪੂਰ ਜ਼ਹਿਰੀਲਾ ਸੱਭਿਆਚਾਰ ਪੈਦਾ ਹੋਣ ਤੋਂ ਹਰਗਿਜ਼ ਬਚਿਆ ਨਹੀਂ ਜਾ ਸਕਦਾ, ਕਿਉਂਕਿ ਮੌਜੂਦਾ ਹਾਕਮ ਜਮਾਤ ਨੂੰ ਹਰ ਪਲ ਆਪਣੀ ਸੱਤਾ ਖੁੱਸ ਜਾਣ ਦਾ ਡਰ ਲੱਗਾ ਹੋਇਆ ਹੈ। ਇਸ ਕਾਰਨ ਜੇ ਗਰੇਟਾ ਥੁਨਬਰਗ ਜਾਂ ਰਿਹਾਨਾ ਦੀ ਮਹਿਜ਼ ਇਕ ਟਵੀਟ ਤੋਂ ਸਰਕਾਰ ਬੇਚੈਨ ਹੋ ਉਠੇ, ਤਾਂ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਫਿਰ ਇਸ ਟਵਿੱਟਰ ਜੰਗ ਵਿਚ ਆਪਣੇ ‘ਰਾਸ਼ਟਰਵਾਦ’ ਦਾ ਮੁਜ਼ਾਹਰਾ ਕਰਨ ਲਈ ਕੁਝ ਰੀੜ੍ਹ ਦੀ ਹੱਡੀ ਰਹਿਤ ਨਾਮੀ ਹਸਤੀਆਂ ਦੀ ਲੋੜ ਪੈਣੀ ਹੀ ਸੀ। ਇਹ ਸਾਡੇ ਇਖ਼ਲਾਕ, ਬੌਧਿਕਤਾ ਅਤੇ ਸੱਭਿਆਚਾਰਕ ਗਿਰਾਵਟ ਦੀ ਜਿਉਂਦੀ ਜਾਗਦੀ ਮਿਸਾਲ ਹੈ। ਪਰ ‘ਰਾਸ਼ਟਰਵਾਦ’ ਦੇ ਨਾਂ ’ਤੇ ਸਭ ਜਾਇਜ਼ ਹੈ। ਖ਼ੈਰ, ਇਕ ਮਾਨਸਿਕ ਭਾਵਨਾ ਵਜੋਂ ਰਾਸ਼ਟਰਵਾਦ ਬਹੁਤ ਤਾਕਤਵਰ ਚੀਜ਼ ਹੈ। ਇਤਿਹਾਸ ਗਵਾਹ ਹੈ ਕਿ ਇਹ ਕਿਸੇ ਹਾਰੇ ਹੋਏ ਮੁਲਕ ਨੂੰ ਬਸਤੀਵਾਦੀ ਹਕੂਮਤ ਦੇ ਜਬਰ ਨਾਲ ਲੜਨ ਲਈ ਪ੍ਰੇਰ ਸਕਦਾ ਹੈ; ਇਹ ਸਮੂਹਿਕ ਭਲਾਈ ਲਈ ਹਾਂਪੱਖੀ ਊਰਜਾ ਪੈਦਾ ਕਰ ਸਕਦਾ ਹੈ (ਦੇਖੋ ਗਾਂਧੀ ਨੇ ਕਿਵੇਂ ਉਸਾਰੂ ਕੰਮਾਂ ਉਤੇ ਜ਼ੋਰ ਦਿੱਤਾ ਹੈ); ਅਤੇ ਇਸੇ ਤਰ੍ਹਾਂ ਇਹ ਨਿਸ਼ਕਾਮ ਢੰਗ ਨਾਲ ਕੰਮ ਕਰਨ ਦੀ ਭਾਵਨਾ ਅਤੇ ਵਡੇਰੇ ਟੀਚਿਆਂ ਲਈ ਕੋਸ਼ਿਸ਼ ਕਰਨ ਦਾ ਹੌਸਲਾ ਵੀ ਪੈਦਾ ਕਰ ਸਕਦਾ ਹੈ (ਖੁਦੀਰਾਮ ਬੋਸ ਅਤੇ ਭਗਤ ਸਿੰਘ ਵਰਗੇ ਸ਼ਹੀਦਾਂ ਨੂੰ ਚੇਤੇ ਕਰੋ)।
ਪਰ, ਦੂਜੇ ਪਾਸੇ ਰਾਸ਼ਟਰਵਾਦ ਦਾ ਜਿਹੜਾ ਵਿਖਿਆਨ ਅਸੀਂ ਇਸ ਵਕਤ ਦੇਖ ਤੇ ਸੁਣ ਰਹੇ ਹਾਂ, ਉਹ ਫੁੱਟਪਾਊੁ ਅਤੇ ਪੱਖਪਾਤੀ ਮਕਸਦਾਂ ਲਈ ਪੂਰੀ ਤਰ੍ਹਾਂ ਵਿਗਾੜਿਆ ਹੋਇਆ ਹੋ ਸਕਦਾ ਹੈ। ਮਿਸਾਲ ਵਜੋਂ, ਜਦੋਂ ਵੀ ਹਾਕਮ ਜਮਾਤ ਰਾਸ਼ਟਰਵਾਦ ਦੀ ਗੱਲ ਕਰਦੀ ਹੈ, ਤਾਂ ਇਸ ਦਾ ਮਤਲਬ ਲਾਜ਼ਮੀ ਤੌਰ ’ਤੇ ਬਹੁਗਿਣਤੀਵਾਦੀ ‘ਹਿੰਦੂ’ ਰਾਸ਼ਟਰਵਾਦ ਹੁੰਦਾ ਹੈ। ਅਜਿਹੇ ਰਾਸ਼ਟਰਵਾਦ ਦੇ ਤਿੰਨ ਨੁਕਸਾਨ ਹਨ। ਪਹਿਲਾ, ਇਹ ਘੱਟਗਿਣਤੀਆਂ ਨੂੰ ਭਜਾਉਂਦਾ ਅਤੇ ਡਰਾਉਂਦਾ ਹੈ; ਇਹ ਇੰਝ ਕਹਿਣ ਵਾਂਗ ਹੈ ਕਿ ਕਿਸੇ ‘ਹਿੰਦੂ’ ਰਾਸ਼ਟਰਵਾਦੀ ਨੂੰ ਲਗਾਤਾਰ ‘ਦੂਜੇ’ ਭਾਈਚਾਰਿਆਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਣਾ ਹੈ – ਮੁਸਲਮਾਨ ਨੂੰ ‘ਗ਼ੱਦਾਰ’ ਸਮਝਣਾ ਹੈ। ਇਸ ਤਰ੍ਹਾਂ ਦਰਅਸਲ ਇਹ ਭੜਕਾਊ ਰਾਸ਼ਟਰਵਾਦ ਕੋਈ ਹਾਂਪੱਖੀ/ਪਰਉਪਕਾਰੀ ਜੀਵਨ ਊੁਰਜਾ ਪੈਦਾ ਕਰਨ ਦੀ ਗੱਲ ਤੋਂ ਕੋਹਾਂ ਦੂਰ ਹੈ ਅਤੇ ਇਹ ਮਹਿਜ਼ ਨਾਂਹਪੱਖੀ ਭਾਵਨਾਵਾਂ ਤੇ ਨਫ਼ਰਤ ਦੀ ਮਨੋਬਿਰਤੀ ਹੀ ਪੈਦਾ ਕਰਦਾ ਹੈ। ਇਨ੍ਹਾਂ ਦੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਵਿਚ ਪਿਆਰ ਤੇ ਕੋਮਲਤਾ ਦੀ ਧਾਰਮਿਕ ਸੋਚ ਨਹੀਂ ਹੈ; ਇਹ ਤਾਂ ਜੰਗ ਦਾ ਇਕ ਸ਼ੋਰੀਲਾ ਨਾਅਰਾ ਜਾਪਦਾ ਹੈ – ਇਕ ਅਜਿਹੀ ਚੇਤਾਵਨੀ, ਜਿਹੜੀ ਕਹਿੰਦੀ ਹੈ ਕਿ ਦੇਸ਼ ਦੇ ’ਦੁਸ਼ਮਣੋ’ ਖ਼ਬਰਦਾਰ ਹੋ ਜਾਓ।
ਦੂਜਾ, ਜਿਉਂ-ਜਿਉਂ ਸਾਡੀ ਸੰਵੇਦਨਸ਼ੀਲਤਾ ਘਟਦੀ ਜਾਂਦੀ ਹੈ, ਤਾਂ ਇਸ ਤਰ੍ਹਾਂ ਦਾ ਰਾਸ਼ਟਰਵਾਦ ਬਹੁਤ ਜ਼ਿਆਦਾ ਜ਼ਰੂਰੀ ਤੇ ਦਿਖਾਵੇਬਾਜ਼ੀ ਵਾਲਾ ਬਣਦਾ ਜਾਂਦਾ ਹੈ। ਇਸ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਭ੍ਰਿਸ਼ਟ ਹੈ, ਜ਼ਾਲਮ ਜਾਂ ਨਿਰਦਈ ਹੈ। ਇਸ ਲਈ ਬੱਸ ਇਹੋ ਚਾਹੀਦਾ ਹੈ ਕਿ ਤੁਸੀਂ ਪਾਕਿਸਤਾਨ ਨੂੰ ਨਫ਼ਰਤ ਕਰੋ, ਸਾਰੇ ਕਸ਼ਮੀਰੀ ਮੁਸਲਮਾਨਾਂ ਨੂੰ ਸੰਭਾਵਿਤ ਦਹਿਸ਼ਤਗਰਦ ਸਮਝੋ, ਇਨਸਾਨੀ ਕਦਰਾਂ-ਕੀਮਤਾਂ ਨੂੰ ਖ਼ਤਰਨਾਕ ਕਰਾਰ ਦਿਉ ਅਤੇ ਰਾਸ਼ਟਰ ਪ੍ਰਤੀ ਆਪਣੀ ‘ਵਫ਼ਾਦਾਰੀ’ ਸਾਬਤ ਕਰਨ ਲਈ ਹਰ ਤਰ੍ਹਾਂ ਦੇ ਮਰਦਾਵੀਂ ਆਕੜ ਵਾਲੇ ਜੰਗੀ ਪ੍ਰਗਟਾਵੇ ਖ਼ੁਸ਼ੀ-ਖ਼ੁਸ਼ੀ ਦਿਖਾਓ। ਸਰਬੱਤ ਦੇ ਭਲੇ ਲਈ ਚੁੱਪ-ਚਾਪ ਕੰਮ ਕਰਨਾ ਨਹੀਂ, ਸਗੋਂ ਸਿਰਫ਼ ਤੇ ਸਿਰਫ਼ ਨਫ਼ਰਤ ਹੀ ਇਸ ਦੀ ਬੁਨਿਆਦੀ ਖ਼ਾਸੀਅਤ ਹੈ।
ਤੀਜਾ, ਭਾਵੇਂ ਇਹ ‘ਹਿੰਦੂ ਗੌਰਵ’ ਦੇ ਨਾਂ ’ਤੇ ਹੀ ਖੜ੍ਹਾ ਤੇ ਕੰਮ ਕਰਦਾ ਹੈ, ਪਰ ਅਸਲ ਵਿਚ ਇਸ ਨੇ ਹਿੰਦੂਤਵ ਦੀ ਬਹੁਲਤਾਵਾਦੀ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਭਾਵਨਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਬਜਰੰਗ ਦਲ ਦਾ ਜਿਹੜਾ ਹਿੰਦੂਤਵ ਹੈ, ਉਸ ਵਿਚ ਕਿਤੇ ਵੀ ਕਬੀਰ ਜਾਂ ਸੂਰਦਾਸ ਦੀ ਭਗਤੀ ਜਾਂ ਪਿਆਰ ਨਹੀਂ ਹੈ; ਇਸ ਵਿਚ ਬਹਿਸ-ਤਰਕ ਦਾ ਕੋਈ ਸੱਭਿਆਚਾਰ ਨਹੀਂ ਹੈ, ਜਿਹੜਾ ਪ੍ਰਚਲਿਤ ਸਵੈ-ਬਚਨੀ ਵਿਚ ਹਿੰਦੂ ਫਿਲਾਸਫੀ ਦੇ ਵੱਖ-ਵੱਖ ਮਤਾਂ ਦਾ ਚਰਿੱਤਰ-ਚਿਤਰਣ ਕਰਦਾ ਹੈ; ਉਂਝ ਵੀ ਸਾਵਰਕਰ ਦੇ ਪੈਰੋਕਾਰਾਂ ਲਈ ਗਾਂਧੀ ਦੇ ਪ੍ਰਯੋਗਾਤਮਕ ਹਿੰਦੂਤਵ ਅਤੇ ਅੰਤਰ-ਧਰਮ ਸੰਵਾਦ ਦੀ ਤਾਰੀਫ਼ ਕਰਨੀ ਆਸਾਨ ਨਹੀਂ ਹੈ। ਦੂਜੇ ਲਫ਼ਜ਼ਾਂ ਵਿਚ, ਮੌਜੂਦਾ ਰਾਸ਼ਟਰਵਾਦ ਨੇ ਹਿੰਦੂਤਵ ਨੂੰ ਖੇੜਾਕਾਰੀ/ ਵਰਗੀਕ੍ਰਿਤ/ ਬੁਨਿਆਦਪ੍ਰਸਤ ਸਿਧਾਂਤ ਵਿਚ ਬਦਲ ਕੇ ਵਿਗਾੜ ਕੇ ਰੱਖ ਦਿੱਤਾ ਹੈ (ਹਾਲਾਂਕਿ ਇਹ ਬੜੀ ਚਲਾਕੀ ਨਾਲ ਸਵਾਮੀ ਵਿਵੇਕਾਨੰਦ, ਸ੍ਰੀ ਔਰਬਿੰਦੋ ਹੀ ਨਹੀਂ ਸਗੋਂ ਡਾ. ਬੀ.ਆਰ. ਅੰਬੇਡਕਰ ਨੂੰ ਵੀ ਹੜੱਪਣ ਦੀ ਕੋਸ਼ਿਸ਼ ਵਿਚ ਹੈ)। ਰਾਸ਼ਟਰਵਾਦ ਨੂੰ ਮਹਿਜ਼ ਉਨ੍ਹਾਂ ਸਾਰੇ ਕਿਸਾਨਾਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਸੰਘਰਸ਼ਸ਼ੀਲ ਆਮ ਲੋਕਾਂ ਨੂੰ ਭੰਡਣ, ਖਾਮੋਸ਼ ਕਰਨ ਅਤੇ ਸਜ਼ਾ ਦੇਣ ਲਈ ਇਸਤੇਮਾਲ ਕੀਤਾ ਜਾਂਦਾ ਹੈ, ਜਿਹੜੇ ਵੀ ਹਾਕਮ ਜਮਾਤ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਨ। ਦੂਜੇ ਅਲਫ਼ਾਜ਼ ਵਿਚ, ਰਾਸ਼ਟਰਵਾਦ ਦੇ ਇਸ ਵਿਖਿਆਨ ਰਾਹੀਂ, ਜਮਹੂਰੀਅਤ ਨੂੰ ਵਿਗਾੜ ਕੇ ਬਹੁਗਿਣਤੀਵਾਦ ਵਿਚ ਬਦਲ ਦਿੱਤਾ ਗਿਆ ਹੈ।
ਹੁਣ ਸਮਾਂ ਆ ਗਿਆ ਹੈ ਕਿ ਇਸ ਅੰਧ ਰਾਸ਼ਟਰਵਾਦ ’ਤੇ ਸਵਾਲ ਖੜ੍ਹਾ ਕੀਤਾ ਜਾਵੇ ਤੇ ਇਸ ਦੀ ਥਾਂ ਕੁਝ ਚੰਗਾ ਤੇ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸਾਨੂੰ ਆਪਣੇ ਅੰਦਰ ਇਹ ਗੱਲ ਕਹਿਣ ਦਾ ਜੇਰਾ ਪੈਦਾ ਕਰਨਾ ਚਾਹੀਦਾ ਹੈ ਕਿ ਇਕ ਵਿਚਾਰਧਾਰਾ ਵਜੋਂ ਰਾਸ਼ਟਰਵਾਦ ਉਸ ਸੂਰਤ ਵਿਚ ਭਿਆਨਕ ਸਾਬਤ ਹੋ ਸਕਦਾ ਹੈ, ਜੇ ਇਸ ਨੂੰ ਨਾਲ ਦੀ ਨਾਲ ਪਿਆਰ, ਦਿਆਲਤਾ, ਵਿਆਪਕਤਾ ਅਤੇ ਸੰਸਾਰ ਦੇ ਸਾਰੇ ਲੋਕਾਂ ਨੂੰ ਇਕ ਮੰਨਣ ਦੀ ਭਾਵਨਾ ਰਾਹੀਂ ਹੋਰ ਉਚੇਰੇ ਪੱਧਰ ਉਤੇ ਨਹੀਂ ਉਠਾਇਆ ਜਾਂਦਾ। ਸਿਰਫ਼ ਤਾਂ ਹੀ ਸਾਡੇ ਲਈ ਇਹ ਮੁਮਕਿਨ ਹੋ ਸਕਦਾ ਹੈ ਕਿ ਅਸੀਂ ਆਪਣੀ ਸਵੈ-ਪੜਚੋਲ ਦੀ ਸ਼ਕਤੀ ਨੂੰ ਤੇਜ਼ ਕਰੀਏ ਅਤੇ ਅਸੀਂ ਮਾੜੀ ਚੀਜ਼ ਨੂੰ ਮਾੜੀ ਆਖ ਸਕੀਏ, ਭਾਵੇਂ ਇਹ ਸਾਡੇ ਆਪਣੇ ਵਤਨ ਨੇ ਹੀ ਕੀਤੀ ਹੋਵੇ। ਅਤੇ ਉਸੇ ਸੂਰਤ ਵਿਚ ਅਸੀਂ ਉਸ ਵਕਤ ਅਪਮਾਨਿਤ ਮਹਿਸੂਸ ਨਹੀਂ ਕਰਾਂਗੇ, ਜਦੋਂ ਗਰੇਟਾ ਥੁਨਬਰਗ ਵਰਗਾ ਕੋਈ ਸਾਡੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਬੁਰੇ ਵਰਤਾਓ ’ਤੇ ਰੋਸ ਜ਼ਾਹਰ ਕਰੇਗਾ।
ਇਹੋ ਉਹ ਵਜ੍ਹਾ ਸੀ, ਜਿਸ ਕਾਰਨ ਅਸੀਂ ਇਕ ਵਾਰ ਅਮਰੀਕਾ ਦੀਆਂ ਸਾਮਰਾਜੀ ਨੀਤੀਆਂ ਦਾ ਵਿਰੋਧ ਕਰਨ ਦੇ ਰਾਹ ਪਏ ਸਾਂ ਅਤੇ ਅਸੀਂ ਵੀਅਤਨਾਮ ਦੇ ਹੱਕ ਵਿਚ ਖੜੋਣ ਦਾ ਫ਼ੈਸਲਾ ਕੀਤਾ ਸੀ। ਜਾਂ ਫਿਰ ਇਨ੍ਹਾਂ ਦਿਨਾਂ ਦੌਰਾਨ ਸਾਡੇ ਵਿਚੋਂ ਬਹੁਤ ਸਾਰਿਆਂ ਨੇ ਆਪਣੀਆਂ ਵੱਖੋ-ਵੱਖ ਕੌਮੀਅਤਾਂ ਦੇ ਬਾਵਜੂਦ ਟਰੰਪਵਾਦ ਨਾਂ ਦੇ ਮਾੜੇ ਵਰਤਾਰੇ ਦਾ ਵਿਰੋਧ ਕੀਤਾ ਸੀ। ਇਸ ਗੱਲ ਨੂੰ ਹਰਗਿਜ਼ ਕਿਸੇ ਮੁਲਕ ਦੇ ‘ਅੰਦਰੂਨੀ’ ਮਾਮਲਿਆਂ ਵਿਚ ਦਖ਼ਲ ਕਰਾਰ ਨਹੀਂ ਦਿੱਤਾ ਜਾ ਸਕਦਾ। ਪਿਆਰ ਸਾਰੀਆਂ ਹੱਦਾਂ-ਸਰਹੱਦਾਂ ਤੇ ਵਲਗਣਾਂ ਤੋਂ ਉਪਰ ਹੁੰਦਾ ਹੈ। ਵਿਸ਼ਵੀਕਰਨ ਨੂੰ ਮਹਿਜ਼ ਸੰਸਾਰ ਦੇ ਮੈਕਡੌਨਡੀਕਰਨ ਵਜੋਂ ਹੀ ਨਹੀਂ ਦੇਖਿਆ ਜਾਣਾ ਚਾਹੀਦਾ; ਜੇ ਸਾਡੇ ਵਿਚ ਆਪਣੇ ਦਿਸਹੱਦਿਆਂ ਦਾ ਘੇਰਾ ਵਧਾਉਣ ਅਤੇ ਲੜਾਕੇ ਤੇ ਜ਼ਹਿਰੀਲੇ ਰਾਸ਼ਟਰਵਾਦ ਵੱਲੋਂ ਸਿਰਜੀਆਂ ਮਾਨਸਿਕ ਸਰਹੱਦਾਂ ਦੇ ਪਾਰ ਜਾਣ ਦੀ ਦਲੇਰੀ ਨਹੀਂ, ਤਾਂ ਫਿਰ ਅਜਿਹੇ ਵਿਸ਼ਵੀਕਰਨ ਦੇ ਕੋਈ ਮਾਅਨੇ ਨਹੀਂ ਰਹਿ ਜਾਂਦੇ।
*