ਮਨਮੋਹਨ ਸਿੰਘ ਦਾਊਂ
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਪੂਰਬੀ ਗੁੱਠ ਤੋਂ ਅੱਜ ਵੀ ਸੂਰਜ ਉਦੈ ਹੋਇਆ। ਸਾਵਣ ਦਾ ਮਹੀਨਾ ਚੁਫ਼ੇਰੇ ਹਰਿਆਵਲ ਵੰਡ ਰਿਹਾ ਸੀ। ਬਿਰਖ਼ਾਂ ’ਤੇ ਬਾਰਸ਼ ਕਾਰਨ ਗਰਦ-ਗੁਬਾਰ ਧੁਲ ਚੁੱਕੀ ਸੀ। ਇਕ ਗਰਦ-ਗੁਬਾਰ ਨੂਰੀ ਸੂਰਜ ਨੇ ਧੋਅ ਦੇਣੀ ਸੀ। ਪਹਾੜੀਆਂ ਖ਼ਾਮੋਸ਼ ਸਨ। ਬਿਰਖ਼ ਵੀ ਸਵੇਰੇ-ਸਵੇਰੇ ਅਡੋਲ ਜਾਪ ਰਹੇ ਸਨ। ਪੰਛੀ ਵੀ ਆਪਣੀ ਉਡਾਣ ਦੀ ਉਡੀਕ ਵਿਚ ਸਨ। ਚਾਰੇ ਪਾਸੇ ਵਿਸਮਾਦੀ ਰੰਗ ਦਾ ਪਹਿਰਾ ਸੀ।
ਗੁਰੂ ਤੇਗ ਬਹਾਦਰ ਦੀ ਵਰੋਸਾਈ ਧਰਤੀ ਮਾਤਾ ਨਾਨਕੀ ਚੱਕ ਹੁਣ ਆਨੰਦਪੁਰੀ ਬਣ ਗਿਆ ਸੀ। ਸੁਰੱਖਿਆ ਲਈ ਗੁਰੂ ਪਰਿਵਾਰ ਇਕ ਕਿਲ੍ਹਾਨੁਮਾ ਠਾਠ ’ਚ ਰਹਿ ਰਿਹਾ ਸੀ। ਵਿਰੋਧੀ ਤੇ ਦੁਸ਼ਮਣ ਪਹਾੜੀ ਰਾਜਿਆਂ ਦੀ ਅੱਖ ਕੈਰੀ ਸੀ। ਕਸ਼ਮੀਰ ਤੋਂ ਪੰਡਤ ਕਿਰਪਾ ਰਾਮ ਦੀ ਟੋਲੀ ਗੁਰੂ ਜੀ ਦਾ ਧਰਵਾਸ ਲੈ ਕੇ ਮੁੜੀ ਨੂੰ ਕਈ ਮਹੀਨੇ ਹੋ ਗਏ ਸਨ। ਕੀ ਵਾਪਰੇਗਾ, ਕਿਸੇ ਨੂੰ ਕੁਝ ਨਹੀਂ ਸੀ ਪਤਾ। ਕਸ਼ਮੀਰ ਦਾ ਗਵਰਨਰ ਇਫ਼ਤਖਾਰ ਖ਼ਾਨ ਉੱਸਲਵੱਟੇ ਲੈ ਰਿਹਾ ਸੀ। ਦਿੱਲੀ ਔਰੰਗਜ਼ੇਬ ਨੂੰ ਸੂਚਨਾ ਦੇ ਦਿੱਤੀ ਗਈ ਕਿ ਸਿੱਖਾਂ ਦਾ ਨੌਵਾਂ ਗੁਰੂ ਆ ਕੇ ਆਪੇ ਹਿੰਦੂਆਂ ਦੀ ਰੱਖਿਆ ਲਈ ਪੇਸ਼ੀਨਗੋਈ ਤਸਲੀਮ ਕਰੇਗਾ। ਪੰਡਤ ਕਿਰਪਾ ਰਾਮ ਨੇ ਤਸੱਲੀ ਦੀ ਗੰਢ ਬੰਨ੍ਹੀ ਹੋਈ ਸੀ ਤੇ ਆਉਣ ਵਾਲੇ ਸਮੇਂ ਲਈ ਫ਼ਿਕਰਮੰਦੀ ’ਚ ਸੀ। ਉਸ ਦੇ ਕੰਨ ਆਨੰਦਪੁਰੀ ਨੂੰ ਲੱਗੇ ਹੋੋਏ ਸਨ। ਸੰਗਤਾਂ ਜੁੜਨੀਆਂ ਸ਼ੁਰੂ ਹੋ ਗਈਆਂ। ਗੁਰੂ ਜੀ ਨੇ ਆਪਣੀ ਕਾਰਜ-ਸੂਚੀ ਤਿਆਰ ਕਰ ਲਈ ਸੀ। ਗੁਰੂ ਜੀ ਨਾਲ ਸੰਗਤ ਦਾ ਮੋਹ ਅਣਕਿਆਸਿਆ ਹੋ ਗਿਆ ਸੀ। ਹਰ ਕੋਈ ਗੁਰੂ ਜੀ ਦੇ ਤੁਰਨ ਵੇਲੇ ਲਈ ਬਿਹਬਲ ਹੋ ਰਿਹਾ ਸੀ। ਗੁਰੂ ਜੀ ਦਾ ਸੰਗ ਵਡਮੁੱਲਾ ਸੀ। ਗੁਰੂ ਜੀ ਨੇ ਹਾਜ਼ਰ ਸੰਗਤ ਨੂੰ ਨੂਰਾਨੀ ਤੱਕਣੀ ਨਾਲ ਨਿਹਾਰਿਆ। ਅਕੀਦਤ ਕੀਤੀ। ਇਕ ਜਲੌਅ ਗੁਰੂ ਜੀ ਦੇ ਚਿਹਰੇ ’ਤੇ ਸੀ ਤੇ ਇਕ ਜਲੌਅ ਸੰਗਤ ਦੇ ਹਿਰਦਿਆਂ ’ਚੋਂ ਉਮੜ ਰਿਹਾ ਸੀ। ਕਿਲ੍ਹੇ ’ਤੇ ਸੂਰਜ ਦੀਆਂ ਕਿਰਨਾਂ ਸੁਨਹਿਰੀ ਭਾਹ ਮਾਰ ਰਹੀਆਂ ਸਨ। ਕਿਲ੍ਹੇ ਦਾ ਅੰਦਰ ਸ਼ਬਦੀ-ਚਾਨਣ ਨਾਲ ਭਰਿਆ ਹੋਇਆ ਸੀ ਤੇ ਕਿਲ੍ਹੇ ਦੀ ਦਹਿਲੀਜ਼ ਤੋਂ ਇਕ ਅਗੰਮੀ-ਨੂਰ ਨੇ ਚਾਨਣ ਵੰਡਣ ਲਈ ਤੁਰਨਾ ਸੀ। ਬੜਾ ਕੁਝ ਤਿਆਗਣਾ ਸੀ ਤੇ ਬੜਾ ਕੁਝ ਜ਼ਿੰਮੇਵਾਰੀਆਂ ਦਾ ਬੋਝ ਬਾਲ ਗੋਬਿੰਦ ਰਾਏ ਦੇ ਮਾਸੂਮ ਮੋਢਿਆਂ ’ਤੇ ਪਾਉਣਾ ਸੀ। ਚਰੰਜਵੀਂ ਅਉਸਰ ਅੱਗੇ ਇਕ ਦਹਾਕਾ ਅਉਸਰ ਦੀ ਪ੍ਰੀਖਿਆ ਦਾ ਵੇਲਾ ਖੜੋਤਾ, ਨੂਰੋ-ਨੂਰ ਹੋ ਰਿਹਾ ਸੀ। ਸੰਗਤਾਂ ’ਚ ਉਦਾਸੀ ਦਾ ਆਲਮ ਸੀ। ਪੂਰਬ ਤੋਂ ਉਦੈ ਹੋਏ ਚਾਨਣ ਨੇ ਪੂਰਬ ਦੇ ਕੂੜ-ਤਖ਼ਤ ਦਿੱਲੀ ਨੂੰ ਹਰਾਉਣਾ ਸੀ। ਇਕ ਪਾਸੇ ਹਥਿਆਰਾਂ ਤੇ ਸੱਤਾ ਦਾ ਜਬਰ ਸੀ ਤੇ ਦੂਜੇ ਪਾਸੇ ਸ਼ਬਦ-ਸ਼ਕਤੀ ਤੇ ਸਹਿਣਸ਼ੀਲਤਾ ਦਾ ਪ੍ਰਕਾਸ਼ ਸੀ। ਸਮਾਂ ਦੁਚਿੱਤੀ ਵਿਚ ਸੀ, ਪਰ ਸਿਰੜ ਬੇਖ਼ੌਫ਼ (ਨਿਰਭਉ) ਸੀ।
ਸੰਗਤ ’ਤੇ ਉੱਡਦਾ ਹੋਇਆ ਬੱਦਲ ਸ਼ਾਮਿਆਨੇ ਵਾਂਗ ਠੰਢਕ ਵਰਤਾਅ ਰਿਹਾ ਸੀ। ਗੁਰੂ ਜੀ ਨੇ ਮਰਿਯਾਦਾ ਦੀ ਪਾਲਣਾ ਕਰਦਿਆਂ ਪੁੱਤਰ ਗੋਬਿੰਦ ਰਾਏ ਨੂੰ ਮੱਥੇ ਰੂਹਾਨੀ ਤਿਲਕ ਲਾ ਕੇ ਢਾਰਸ ਬੰਨ੍ਹ ਦਿੱਤਾ। ਇਕ ਜੋਤ ਨਾਲ ਦੂਜੀ ਜੋਤ ਪ੍ਰਜਵੱਲਤ ਹੋ ਗਈ। ਗੁਰੂ ਜੀ ਨੇ ਅਰਧੰਗੀ ਗੁਜਰੀ ਨੂੰ ਆਪਣੀ ਤੱਕਣੀ ਨਾਲ ਬਲ-ਬੁੱਧ ਕਰ ਦਿੱਤਾ। ਗੁਜਰੀ ਜੀ ਨੇ ਸਿਰ ’ਤੇ ਲਿਆ ਦੁਪੱਟਾ ਸਾਂਭਦਿਆਂ, ਆਪਣੀ ਵਫ਼ਾਦਾਰੀ ਅਤੇ ਅਡੋਲਤਾ ਦਾ ਸਬੂਤ ਦਿੱਤਾ। ਬਹੁਤ ਕੁਝ ਸੁਣਨ ਨਾਲੋਂ ਖ਼ਾਮੋਸ਼ੀ ਨੇ ਅਰਥਾਂ ਨੂੰ ਤਸਦੀਕ ਕਰ ਦਿੱਤਾ। ਲੰਮੇ ਸਫ਼ਰ ਦੇ ਬਿਰਤਾਂਤ, ਪਲਾਂ-ਛਿਣਾਂ ’ਚ ਮੁੱਕ ਜਾਣੇ ਸਨ। ਇਕ ਨਵਾਂ ਅਧਿਆਇ ਪ੍ਰਾਰੰਭ ਹੋਣ ਵਾਲਾ ਸੀ। ਗੁਜਰੀ ਜੀ ਨੇ ਵੱਡਾ ਜਿਗਰਾ ਕਰ ਕੇ ਭਵਿੱਖ ਨੂੰ ਸਮਝ ਲਿਆ ਸੀ। ਸਿਰ ਦੇ ਸਾਈਂ ਪਤੀ ਗੁਰੂ ਲਈ ਅਰਦਾਸ ਬਣੀ ਗੁਜਰੀ, ਸਿੱਖੀ ਦਾ ਥੰਮ੍ਹ ਬਣੀ ਖੜੋਤੀ ਸੀ ਅਤੇ ਲਡਿਕੇ ਪੁੱਤਰ ਲਈ ਅਸੀਸਾਂ ਦੀਆਂ ਛੱਲਾਂ ਦਾ ਪ੍ਰਤੀਕ ਬਣ ਗਈ ਸੀ।
ਗੋਬਿੰਦ ਰਾਏ ਦਾ ਮਾਮਾ ਕਿਰਪਾਲ ਚੰਦ ਗੁਰੂ ਜੀ ਦੇ ਬੋਲਾਂ ਨੂੰ ਪੱਲੇ ਬੰਨ੍ਹ ਰਿਹਾ ਸੀ। ‘‘ਹੁਣ ਗੋਬਿੰਦ ਤੁਹਾਡੇ ਜ਼ਿੰਮੇ ਹੈ, ਹਰ ਤਰ੍ਹਾਂ ਨਾਲ ਸਿੱਖਿਆ ਦਾ ਖਿ਼ਆਲ ਰੱਖਣਾ।’’ ਗੁਰੂ ਜੀ ਕਿਰਪਾਲ ਚੰਦ ਨੂੰ ਜ਼ਿੰਮੇਵਾਰੀ ਸੌਂਪ ਰਹੇ ਸਨ। ਇਹ ਕਿਹੋ ਜਿਹਾ ਗੂੜ੍ਹਾ ਰਿਸ਼ਤਾ ਸੀ ਜੋ ਮੁਹੱਬਤ ਦਾ ਸ਼ਗੂਫ਼ਾ ਬਣ ਗਿਆ ਸੀ ਜਦੋਂਕਿ ਗੁਰ-ਗੱਦੀ ਦੇ ਲੋਭੀ ਰਾਜ-ਸੱਤਾ ਦੇ ਕੰਨ ਭਰ ਰਹੇ ਸਨ।
ਗੁਰੂ ਜੀ ਦੀ ਵੱਡੀ ਭੈਣ ਬੀਰੋ ਭੈਣ-ਭਰਾ ਦੇ ਪਿਆਰ ’ਚ ਗੜੂੰਦ ਗੁਰੂ-ਵੀਰ ਨੂੰ ਨਮ ਅੱਖਾਂ ਨਾਲ ਨਿਹਾਰ ਰਹੀ ਸੀ। ‘‘ਇਕੋ ਅਰਜੋਈ, ਵੀਰ ਦੀ ਲਾਜ ਰਹਿ ਜਾਏ।’’ ਬੀਰੋ ਅੰਦਰੋ-ਅੰਦਰੀ ਸੁੱਖਾਂ ਸੁੱਖ ਰਹੀ ਸੀ। ਬੀਰੋ ਦੇ ਪੁੱਤਰ ਸੰਗੋਂ ਸ਼ਾਹ, ਗੁਲਾਬ ਚੰਦ, ਜੀਤ ਮੱਲ, ਗੰਗਾ ਰਾਮ ਤੇ ਮਾਹਰੀ ਚੰਦ ਹਰ ਤਰ੍ਹਾਂ ਨਾਲ ਬਾਲ ਗੋਬਿੰਦ ਨਾਲ ਭਰਾ ਬਣੇ ਖੜੋਤੇ ਸਨ। ਇਹ ਰਿਸ਼ਤਿਆਂ ਦੀ ਕਰੰਗੜੀ ਗੁਰੂ ਮਹਿਮਾ ਕਰ ਕੇ ਸਦਾ ਅੰਗ-ਸੰਗ ਰਹਿਣ ਲਈ ਵਿਸ਼ਵਾਸ ਦੁਆ ਰਹੀ ਸੀ।
ਗੁਰੂ ਜੀ ਦੀ ਗੰਭੀਰਤਾ ਸਮੁੰਦਰ ਜਿੰਨੀ ਡੂੰਘੀ ਸੀ। ਉਨ੍ਹਾਂ ਦੀ ਦ੍ਰਿਸ਼ਟੀ ਦਿਸਹੱਦਿਆਂ ਨੂੰ ਛੋਹ ਰਹੀ ਸੀ। ਉਨ੍ਹਾਂ ਦਾ ਪ੍ਰਕਾਸ਼ ਬ੍ਰਹਿਮੰਡ ’ਚ ਪਸਰ ਰਿਹਾ ਸੀ। ਉਨ੍ਹਾਂ ਦਾ ਸਫ਼ੈਦ ਚੋਲਾ ਸੱਚ ਦੇ ਅਰਥ ਸਮਝਾ ਰਿਹਾ ਸੀ। ਬੋਲਾਂ ਦੀ ਹਲੀਮੀ ’ਚ ਸਵੈ-ਮਾਣ ਦੀ ਪੁਖ਼ਤਗੀ ਸੀ। ‘ਨਿਰਭਉ ਤੇ ਨਿਰਵੈਰੁ’ ਨਾਨਕ ਬਾਣੀ ’ਤੇ ਪਹਿਰਾ ਦੇਣ ਦੀ ਅਟੱਲਤਾ ਸੀ। ‘‘ਬਾਂਹਿ ਜਿਨਾਂ ਦੀ ਪਕੜੀਐ ਸਿਰ ਦੀਜੈ ਬਾਂਹਿ ਨਾ ਛੋੜੀਐ।।’’ ਗੁਰੂ ਜੀ ਨੇ ਪਿੰਡੇ ਓੜੀ ਚਾਦਰ ਨਾਲ ਅਹਿਸਾਸ ਕਰਵਾ ਦਿੱਤਾ ਕਿ ਇਹ ਮਜ਼ਲੂਮਾਂ ਦੀ ਰੱਖਿਆ ਲਈ ਹੈ। ਚਾਦਰ ਨੇ ਇਤਿਹਾਸ ਬਣਨਾ ਸੀ, ਮਾਨਵੀ-ਹੱਕਾਂ ਦੀ ਰਖਵਾਲੀ ਦਾ ਦਸਤਾਵੇਜ਼ ਬਣਨਾ ਸੀ।
ਆਨੰਦਪੁਰੀ ਤੋਂ ਤੁਰਨ ਦਾ ਵੇਲਾ ਹੋ ਗਿਆ ਸੀ। ਹਰ ਕੋਈ ਠਠੰਬਰਿਆ ਹੋਇਆ ਸੀ। ਸੂਰਜ ਕਾਫ਼ੀ ਚੜ੍ਹ ਆਇਆ ਸੀ।
ਗੁਰੂ ਜੀ ਨੇ ਪੋਥੀ-ਪਰਮੇਸ਼ਰ ਨੂੰ ਨਮਨ ਕੀਤਾ। ਅਕਾਲ-ਪੁਰਖ ਤੋਂ ਦਿੱਲੀ ਨੂੰ ਤੁਰਨ ਦੀ ਆਗਿਆ ਲਈ। ਗੁਰੂ-ਘਰ ਦੇ ਅਨਿਨ ਸ਼ਰਧਾਵਾਨ ਭਾਈ ਹੀਰਾ ਨੰਦ ਦੇ ਪੁੱਤਰ ਮਤੀ ਦਾਸ ਜੀ ਤੇ ਸਤੀ ਦਾਸ ਜੀ ਗੁਰੂ ਜੀ ਦੇ ਪੰਥ ਦੇ ਪਾਂਧੀ ਬਣੇ। ਗੁਰਦਿੱਤਾ ਜੀ, ਊਦਾ ਜੀ ਤੇ ਜੈਤਾ ਜੀ ਪਹਿਲਾਂ ਹੀ ਤਿਆਰ-ਬਰ-ਤਿਆਰ ਸਨ। ਗੁਰੂ ਜੀ ਦੇ ਨਾਲ ਪੰਜ ਭਾਈ (ਪਿਆਰੇ) ਸਿਰੜੀ ਤੇ ਸਿਦਕੀ ਬਣ ਨਾਲ ਹੋ ਤੁਰੇ। ਭਾਈ ਜੈਤਾ ਜੀ ਦਾ ਪਹਿਲਾਂ ਹੀ ਦਿੱਲੀ ਦੇ ਰਸਤਿਆਂ ’ਤੇ ਆਉਣ-ਜਾਣ ਸੀ।
ਆਨੰਦਪੁਰੀ ਦੀ ਜੂਹ ’ਚੋਂ ਗੁਰੂ ਜੀ ਦਾ ਕਾਫ਼ਲਾ ਬਾਣੀ ਉਚਾਰਦਾ ਤੁਰ ਪਿਆ। ਗੁਰੂ ਤੇਗ ਬਹਾਦਰ ਜੀ ਤੇਗ ਦੇ ਧਨੀ ਹੁੰਦੇ ਹੋਏ, ਤੇਗ ਦਾ ਸਾਹਮਣਾ ਕਰਨ ਲਈ, ਜ਼ੁਲਮ ’ਤੇ ਫ਼ਤਹਿ ਪਾਉਣ ਲਈ, ਮਜ਼ਲੂਮਾਂ ਦੀ ਰੱਖਿਆ ਲਈ, ਔਰੰਗਜ਼ੇਬ ਦੇ ਦਿੱਲੀ ਦਰਬਾਰ ’ਚ ਹਾਜ਼ਰ ਹੋਣ ਲਈ, ਲਾਸਾਨੀ ਸ਼ਹਾਦਤ ਦਾ ਵਚਿੱਤਰ ਇਤਿਹਾਸ ਸਿਰਜਣ ਲਈ, ਮੋਹ-ਮੁਹੱਬਤ ਨੂੰ ਤਿਲਾਂਜਲੀ ਦੇ, ਧਰਮ ਦੀ ਰੱਖਿਆ ਦੀਆਂ ਕੂੰਜੀਆਂ ਬਾਲ ਗੋਬਿੰਦ ਨੂੰ ਸੰਭਾਲ ਗਏ।
ਆਨੰਦਪੁਰੀ ਸੁੰਨ ਹੋ ਗਈ। ਆਉਣ ਵਾਲੇ ਸਮੇਂ ’ਚ ਕੀ ਹੋਵੇਗਾ, ਨਤੀਜੇ ਦਾ ਇੰਤਜ਼ਾਰ ਸੀ…।
ਵੱਡਾ ਸਾਕਾ ਹੋਣਾ ਸੀ। ਗੁਰੂ ਜੀ ਦੇ ਅੱਗੇ-ਅੱਗੇ ਚਾਨਣ ਸੀ ਤੇ ਪਿੱਛੇ ਚਾਨਣ ਆਪਣੀ ਹਾਜ਼ਰੀ ਭਰ ਰਿਹਾ ਸੀ।
ਸੰਪਰਕ: 98151-23900