ਸਤਵਿੰਦਰਜੀਤ ਕੌਰ, ਰਵਿੰਦਰ ਸਿੰਘ ਛੀਨਾ ਅਤੇ ਸਰਬਜੀਤ ਸਿੰਘ ਔਲਖ*
ਪੰਜਾਬ, ਭਾਰਤ ਦੇ ਬਹੁਤ ਘੱਟ ਰਕਬੇ (ਲਗਭਗ 1.5%) ਵਾਲਾ ਸੂੁਬਾ ਹੋਣ ਦੇ ਬਾਵਜੂਦ ਦੇਸ਼ ਦੇ ਅੰਨ-ਭੰਡਾਰ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਲਗਾਤਾਰ ਕਣਕ-ਝੋਨਾ ਫ਼ਸਲੀ ਚੱਕਰ ਦੀ ਵਰਤੋਂ ਤੇ ਲੋੜ ਤੋਂ ਵੱਧ ਰਸਾਇਣਿਕ ਖਾਦਾਂ ਦੀ ਵਰਤੋਂ ਕਾਰਨ ਭੂਮੀ ਵਿਚਲੇ ਬਹੁਤ ਸਾਰੇ ਖ਼ੁਰਾਕੀ ਤੱਤਾਂ ਦਾ ਸੰਤੁਲਨ ਵਿਗੜ ਰਿਹਾ ਹੈ। ਇਸ ਨਾਲ ਖ਼ੁਰਾਕੀ ਤੱਤਾਂ ਦੀ ਬਹੁ-ਤੱਤੀ ਘਾਟ ਪੰਜਾਬ ਦੀਆਂ ਜ਼ਮੀਨਾਂ ਵਿੱਚ ਆਮ ਦੇਖਣ ਨੂੰ ਮਿਲ ਰਹੀ ਹੈ। ਟਿਕਾਊ ਅਤੇ ਲਾਹੇਵੰਦ ਖੇਤੀ ਦਾ ਪਹਿਲਾ ਅਤੇ ਮੁੱਢਲਾ ਆਧਾਰ ਭੂਮੀ ਦੀ ਚੰਗੀ ਸਿਹਤ ਹੁੰਦੀ ਹੈ। ਇਸ ਲਈ ਭੂਮੀ ਦੀ ਸਿਹਤ-ਸੰਭਾਲ ਵੱਲ ਧਿਆਨ ਦੇਣਾ ਸਮੇਂ ਦੀ ਮੰਗ ਹੈ। ਇੱਕ ਸਮਾਂ ਸੀ ਜਦੋਂ ਕਿਸਾਨ ਰਸਾਇਣਿਕ ਖਾਦਾਂ ਦੀ ਵਰਤੋਂ ਨਾ ਕਰ ਕੇ ਸਿਰਫ਼ ਦੇਸੀ ਖਾਦਾਂ ਹੀ ਵਰਤਦੇ ਸਨ। ਪਰ ਹਰੀ ਕ੍ਰਾਂਤੀ ਆਉਣ ਨਾਲ ਰਸਾਇਣਿਕ ਖਾਦਾਂ ਪਾਉਣ ਦੀ ਵਰਤੋਂ ਤੋਂ ਪ੍ਰਭਾਵਿਤ ਹੁੰਦੇ ਹੋਏ ਜ਼ਿਆਦਾਤਰ ਕਿਸਾਨ ਦੇਸੀ ਖਾਦਾਂ ਤੋਂ ਪਾਸਾ ਵੱਟ ਬੈਠੇ। ਰਸਾਇਣਿਕ ਖਾਦਾਂ ਮਹਿੰਗੀਆਂ ਹੋਣ ਕਰ ਕੇ ਅਤੇ ਸਮੇਂ ਸਿਰ ਉਪਲਬਧ ਨਾ ਹੋਣ ਕਰ ਕੇ ਕਈ ਵਾਰ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜ਼ਮੀਨ ਦੇ ਭੌਤਿਕ, ਰਸਾਇਣਿਕ ਅਤੇ ਜੀਵਕ ਗੁਣਾਂ ਨੂੰ ਵਧੀਆ ਰੱਖਣ ਅਤੇ ਫ਼ਸਲਾਂ ਦੀ ਚੰਗੀ ਪੈਦਾਵਾਰ ਲੈਣ ਲਈ ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ ਅਤੇ ਹਰੀ ਖਾਦ ਦੀ ਵਰਤੋਂ ਕਰਨਾ ਜ਼ਰੂਰੀ ਹੈ। ਰੂੜੀ ਖਾਦ ਦੀ ਉਪਲਬਧਤਾ ਵੀ ਜ਼ਿਆਦਾ ਮਾਤਰਾ ਵਿੱਚ ਨਾ ਹੋਣ ਕਰ ਕੇ, ਹਰੀ ਖਾਦ ਦੀ ਵਰਤੋਂ ਭੂਮੀ ਸਿਹਤ ਸੁਧਾਰ ਅਤੇ ਚੰਗਾ ਫ਼ਸਲੀ ਝਾੜ ਲੈਣ ਲਈ ਇੱਕ ਵਧੀਆ ਬਦਲ ਹੈ।
ਹਰੀ ਖਾਦ ਦੇ ਲਾਭ: ਹਰੀ ਖਾਦ ਦਾ ਜੀਵਕ ਮਾਦਾ ਖ਼ੁਰਾਕੀ ਤੱਤਾਂ ਦਾ ਖਜ਼ਾਨਾ ਹੁੰਦਾ ਹੈ। ਹਰੀ ਖਾਦ ਵਾਲੀ ਫ਼ਸਲ ਦੀਆਂ ਜੜ੍ਹਾਂ ਡੂੰਘੀਆਂ ਜਾ ਕੇ ਜ਼ਮੀਨ ਹੇਠਲੀਆਂ ਤਹਿਆਂ ਤੋਂ ਜ਼ਰੂਰੀ ਖ਼ੁਰਾਕੀ ਤੱਤਾਂ ਨੂੰ ਉੱਪਰ ਲਿਆਉਣ ਵਿੱਚ ਸਹਾਈ ਹੁੰਦੀਆਂ ਹਨ। ਇਸ ਤੋਂ ਇਲਾਵਾ ਫਲੀਦਾਰ ਫ਼ਸਲਾਂ ਜੋ ਹਰੀ ਖਾਦ ਦੇ ਤੌਰ ’ਤੇ ਉਗਾਈਆਂ ਜਾਂਦੀਆਂ ਹਨ ਤਾਂ ਉਹ ਜੜ੍ਹਾਂ ਵਿੱਚ ਰਹਿਣ ਵਾਲੇ ਰਾਈਜ਼ੋਬੀਅਮ ਨਾਂ ਦੇ ਬੈਕਟੀਰੀਆ ਰਾਹੀਂ ਹਵਾ ਵਿੱਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੀਆਂ ਹਨ ਜੋ ਕਿ ਅਗਲੀ ਬੀਜੀ ਜਾਣ ਵਾਲੀ ਫ਼ਸਲ ਦੀ ਖ਼ੁਰਾਕੀ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਨਾਈਟ੍ਰੋਜਨ ਤੱਤ ਦੀ ਬੱਚਤ ਵਿੱਚ ਵੀ ਸਹਾਈ ਹੁੰਦੀਆਂ ਹਨ। ਕਲਰਾਠੀਆਂ ਜ਼ਮੀਨਾਂ ਦੇ ਸੁਧਾਰ ਵਿੱਚ ਹਰੀ ਖਾਦ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਹਰੀ ਖਾਦ ਭੂਮੀ ਵਿਚਲੇ ਸੂਖਮ ਜੀਵਾਂ ਲਈ ਖ਼ੁਰਾਕ ਅਤੇ ਊਰਜਾ ਦਾ ਸੋਮਾ ਬਣਦੀ ਹੈ ਜਿਸ ਨਾਲ ਜ਼ਮੀਨਾਂ ਵਿੱਚ ਇਨ੍ਹਾਂ ਲਾਭਦਾਇਕ ਜੀਵਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ।
ਖਾਦ ਲਈ ਫ਼ਸਲ ਦੀ ਚੋਣ: ਫਲੀਦਾਰ ਫ਼ਸਲਾਂ ਜਿਵੇਂ ਕਿ ਜੰਤਰ, ਸਣ ਅਤੇ ਰਵਾਂਹ ਜਿਨ੍ਹਾਂ ਦਾ ਵਾਧਾ ਛੇਤੀ ਹੁੰਦਾ ਹੈ, ਨੂੰ ਹਰੀ ਖਾਦ ਦੇ ਤੌਰ ’ਤੇ ਬੀਜਣ ਲਈ ਤਰਜੀਹ ਦਿੱਤੀ ਜਾਂਦੀ ਹੈ। ਇਨ੍ਹਾਂ ਫਲੀਦਾਰ ਫ਼ਸਲਾਂ ਦੀਆਂ ਜੜ੍ਹਾਂ ਵਿੱਚ ਗੰਢਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਰਾਈਜੋਬੀਅਮ ਨਾਂ ਦਾ ਬੈਕਟੀਰੀਆ ਰਹਿੰਦਾ ਹੈ ਜੋ ਹਵਾ ਤੋਂ ਸਿੱਧੀ ਨਾਈਟ੍ਰੋਜਨ ਖਿੱਚ ਕੇ ਜ਼ਮੀਨ ਵਿੱਚ ਇਕੱਠਾ ਕਰਦਾ ਹੈ। ਛੇਤੀ ਨਾਲ ਵਧਣ ਫੁੱਲਣ ਕਰ ਕੇ ਇਹ ਫ਼ਸਲਾਂ ਕਿਸੇ ਵੀ ਫ਼ਸਲੀ ਚੱਕਰ ਵਿੱਚ ਆਸਾਨੀ ਨਾਲ ਬੀਜੀਆਂ ਜਾ ਸਕਦੀਆਂ ਹਨ। ਜੇ ਗਰਮੀ ਰੁੱਤ ਦੀ ਮੂੰਗੀ ਬੀਜਣੀ ਹੋਵੇ ਤਾਂ ਫਲੀਆਂ ਤੋੜਨ ਪਿੱਛੋਂ, ਉਸ ਨੂੰ ਖੇਤ ਵਿੱਚ ਵਾਹ ਕੇ ਮਿਲਾ ਕੇ ਵੀ ਹਰੀ ਖਾਦ ਕੀਤੀ ਜਾ ਸਕਦੀ ਹੈ।
ਬਿਜਾਈ ਦਾ ਸਮਾਂ: ਹਾੜ੍ਹੀ ਦੀ ਫ਼ਸਲ ਵੱਢਣ ਤੋਂ ਬਾਅਦ ਅਤੇ ਝੋਨਾ/ਮੱਕੀ ਦੀ ਫ਼ਸਲ ਬੀਜਣ ਤੋਂ ਪਹਿਲਾਂ ਤਕਰੀਬਨ ਦੋ ਮਹੀਨੇ ਦਾ ਸਮਾਂ ਹਰੀ ਖਾਦ ਦੀ ਬਿਜਾਈ ਲਈ ਸਭ ਤੋਂ ਢੁੱਕਵਾਂ ਹੈ।
ਬੀਜ ਦੀ ਮਾਤਰਾ: ਜੰਤਰ (ਢੈਂਚਾ) ਅਤੇ ਸਣ ਲਈ 20 ਕਿਲੋ ਬੀਜ ਪ੍ਰਤੀ ਏਕੜ ਅਤੇ ਰਵਾਂਹ ਲਈ 12 ਕਿਲੋ ਬੀਜ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਢੈਂਚੇ ਅਤੇ ਸਣ ਦਾ ਬੀਜ ਬਿਜਾਈ ਤੋਂ 8-10 ਘੰਟੇ ਪਹਿਲਾਂ ਭਿਉਂ ਲਿਆ ਜਾਵੇ ਤਾਂ ਬੀਜ ਚੰਗਾ ਜੰਮ ਪੈਂਦਾ ਹੈ।
ਖਾਦਾਂ ਦੀ ਮਾਤਰਾ: ਹਰੀ ਖਾਦ ਦੇ ਤੌਰ ’ਤੇ ਬੀਜੀ ਜਾਣ ਵਾਲੀ ਫ਼ਲੀਦਾਰ ਫ਼ਸਲ ਨੂੰ ਨਾਈਟ੍ਰੋਜਨ ਤੱਤ ਵਾਲੀ ਖਾਦ ਦੀ ਲੋੜ ਨਹੀਂ ਹੁੰਦੀ। ਜੇ ਸਾਉਣੀ ਦੀ ਫ਼ਸਲ ਨੂੰ ਫਾਸਫੋਰਸ ਖਾਦ ਪਾਉਣੀ ਹੋਵੇ ਤਾਂ ਇਹ ਖਾਦ ਹਰੀ ਖਾਦ ਵਾਲੀ ਫ਼ਸਲ ਦੀ ਬਿਜਾਈ ਵੇਲੇ ਹੀ ਪਾ ਦਿਓ। ਇਸ ਨਾਲ ਫ਼ਸਲ ਵੀ ਵਧੀਆ ਹੋਵੇਗੀ ਅਤੇ ਫ਼ਸਲ ਦੀ ਨਾਈਟ੍ਰੋਜਨ ਜਮ੍ਹਾਂ ਕਰਨ ਦੀ ਸਮਰੱਥਾ ਵੀ ਵਧੇਗੀ। ਜੇ ਦਰਮਿਆਨੀ ਫਾਸਫੋਰਸ ਤੱਤ ਵਾਲੀ ਜ਼ਮੀਨ ਵਿੱਚ ਕਣਕ ਦੀ ਫ਼ਸਲ ਨੂੰ ਸਿਫਾਰਸ਼ ਕੀਤੀ ਫਾਸਫੋਰਸ ਖਾਦ ਪਾਈ ਹੋਵੇ ਤਾਂ ਇਸ ਉੇਪਰੰਤ ਹਰੀ ਖਾਦ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ।
ਹਰੀ ਖਾਦ ਦੱਬਣ ਦਾ ਸਮਾਂ: 6-8 ਹਫ਼ਤਿਆਂ ਦੀ ਹਰੀ ਖਾਦ ਦੀ ਫ਼ਸਲ ਖੇਤ ਵਿੱਚ ਦਬਾਈ ਜਾ ਸਕਦੀ ਹੈ। ਝੋਨਾ ਲਗਾਉਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਨੂੰ ਖੇਤ ਵਿੱਚ ਦਬਾ ਦਿਓ ਅਤੇ ਕੱਦੂ ਕਰ ਕੇ ਝੋਨਾ ਲਗਾ ਦਿਓ। ਪਰ ਜੇ ਮੱਕੀ ਬੀਜਣੀ ਹੋਵੇ ਤਾਂ ਬਿਜਾਈ ਤੋਂ 10-15 ਦਿਨ ਪਹਿਲਾਂ ਹਰੀ ਖਾਦ ਦੱਬ ਦਿਓ। ਹਰੀ ਖਾਦ ਦੱਬਣ ਲਈ ਡਿਸਕ ਹੈਰੋ ਜਾਂ ਰੋਟਾਵੇਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਨਾਈਟ੍ਰੋਜਨ ਖਾਦ ਦੀ ਬੱਚਤ: ਹਰੀ ਖਾਦ ਕਰਨ ਦੇ ਨਾਲ 50% ਨਾਈਟ੍ਰੋਜਨ ਤੱਤ ਦੀ ਬੱਚਤ ਹੋ ਜਾਂਦੀ ਹੈ। ਜਿਨ੍ਹਾਂ ਖੇਤਾਂ ਵਿੱਚ ਹਰੀ ਖਾਦ ਕੀਤੀ ਹੋਵੇ, ਉਨ੍ਹਾਂ ਖੇਤਾਂ ਵਿੱਚ 55 ਕਿਲੋ ਯੂਰੀਆ (25 ਕਿਲੋ ਨਾਈਟ੍ਰੋਜਨ ਤੱਤ) ਪ੍ਰਤੀ ਏਕੜ ਦੀ ਬੱਚਤ ਹੋ ਜਾਂਦੀ ਹੈੈ। ਜੇ ਹਰੀ ਖਾਦ ਕਰਨ ਉਪਰੰਤ ਬਾਸਮਤੀ ਲਾਉਣੀ ਹੋਵੇ ਤਾਂ ਬਾਸਮਤੀ ਦੀ ਫ਼ਸਲ ਬਿਨਾਂ ਨਾਈਟ੍ਰੋਜਨ ਖਾਦ ਪਾਏ ਲਈ ਜਾ ਸਕਦੀ ਹੈ। ਹਰੀ ਖਾਦ ਨਾਈਟ੍ਰੋਜਨ ਖਾਦ ਦੀ ਬੱਚਤ ਤੋਂ ਇਲਾਵਾ ਜ਼ਮੀਨ ਵਿੱਚ ਦੂਸਰੇ ਹੋਰ ਤੱਤਾਂ ਦੀ ਉਪਲਬਧਤਾ ਵੀ ਵਧਾਉਂਦੀ ਹੈ। ਜਿਵੇਂ ਕਿ ਹਲਕੀਆਂ ਜ਼ਮੀਨਾਂ, ਜਿੱਥੇ ਲੋਹੇ ਦੀ ਘਾਟ ਆਉਂਦੀ ਹੈ, ਵਿੱਚ ਹਰੀ ਖਾਦ ਦਬਾ ਕੇ ਝੋਨੇ ਵਿੱਚ ਲੋਹੇ ਦੀ ਘਾਟ ’ਤੇ ਕਾਬੂ ਪਾਇਆ ਜਾ ਸਕਦਾ ਹੈ। ਜੇ ਹਰੀ ਖਾਦ ਸੱਠੀ ਮੂੰਗੀ ਦੇ ਟਾਂਗਰ ਨਾਲ ਕੀਤੀ ਹੋਵੇ ਤਾਂ ਇੱਕ ਚੌਥਾਈ ਹਿੱਸਾ (25%) ਨਾਈਟ੍ਰੋਜਨ ਤੱਤ ਦੀ ਬੱਚਤ ਹੁੰਦੀ ਹੈ।
ਝੋਨੇ ਅਤੇ ਬਾਸਮਤੀ ਲਾਉਣ ਤੋਂ ਪਹਿਲ਼ਾਂ ਹਰੀ ਖਾਦ ਕਰਨ ਨਾਲ ਝੋਨੇ ਅਤੇ ਬਾਸਮਤੀ ਦੇ ਔਸਤਨ ਝਾੜ ਵਿੱਚ, ਬਿਨਾਂ ਹਰੀ ਖਾਦ ਦਬਾਏ ਦੇ ਮੁਕਾਬਲਨ, 5.89% ਅਤੇ 7.06% ਦਾ ਵਾਧਾ ਦੇਖਿਆ ਗਿਆ। ਹਰੀ ਖਾਦ ਦੀ ਵਰਤੋਂ ਭੂਮੀ ਦੀ ਚੰਗੀ ਸਿਹਤ ਅਤੇ ਚੰਗੇ ਫ਼ਸਲ ਉਤਪਾਦਨ ਲਈ ਬਹੁਤ ਵਧੀਆ ਅਤੇ ਢੁਕਵਾਂ ਉਪਰਾਲਾ ਹੈ। ਇਸ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਹਰੀ ਖਾਦ ਜ਼ਰੂਰ ਉਗਾ ਕੇ ਦੱੱਬਣੀ ਚਾਹੀਦੀ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ।