ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਸਾਡੇ ’ਤੇ ਬਦਲਦੀ ਰੁੱਤ ਦੀ ਉਦਾਸੀ ਹੈ
ਮੇਰੀ ਰੂਹ ਇਸ ਵਰਤਮਾਨ ਸੰਕਟ ’ਚ ਹੈ
ਠੰਢੀ ਧੁੱਪ ਦੀਆਂ ਕਾਤਰਾਂ ਹਵਾ ’ਚ
ਲਟਕ ਰਹੀਆਂ ਹਨ…
ਮੇਰੀ ਧਰਤੀ ਦਾ ਦਰਦ
ਮੇਰੀਆਂ ਰਗਾਂ ’ਚ ਦੌੜ ਰਿਹਾ ਹੈ…
– ਯੂਕਰੇਨ ਦੇ ਪ੍ਰਸਿੱਧ ਕਵੀ ਯੂਰੀ ਜ਼ਾਵਸਕੀ ਦੀ ਇਕ ਕਵਿਤਾ ’ਚੋਂ
ਅੱਜ ਯੂਕਰੇਨ ਰੂਸੀ ਹਮਲੇ ਦਾ ਸ਼ਿਕਾਰ ਹੋਇਆ ਦੇਸ਼ ਹੈ, ਪਰ ਉੱਥੋਂ ਦੇ ਇਤਿਹਾਸ ਦੀ ਇਕ ਲੰਬੀ ਪਰੰਪਰਾ ਹੈ। ਗਿਆਰਵੀ ਸਦੀ ਤੋਂ ਅੱਜ ਤੀਕ ਇਹ ਬਦਲਾਅ ਦੀ ਧਰਤੀ ਰਹੀ ਹੈ। ਤਾਰਹ ਸ਼ਵਚੈਂਕੋ ਤੋਂ ਲੈ ਕੇ ਅੱਜ ਤੀਕ ਸੇਰੀ ਜ਼ੇਡਨ ਤੀਕ ਸਾਹਿਤ ਦੀ ਭਰਪੂਰ ਧਰਤੀ ਹੈ ਜਿੱਥੋਂ ਅਮਨ ਤੇ ਖ਼ੂਬਸੂਰਤੀ ਦੇ ਸੁਨੇਹੇ ਪੂਰੀ ਦੁਨੀਆ ਨੂੰ ਭੇਜੇ ਜਾਂਦੇ ਰਹੇ। ਇੱਥੋਂ ਦੀ ਸੁੰਦਰ ਧਰਤੀ ਤੇ ਲੋਕਾਂ ਬਾਰੇ ਇੱਥੋਂ ਦੇ ਸਾਹਿਤਕਾਰਾਂ ਨੇ ਲਿਖਿਆ ਹੈ ਕਿ ਇਹ ਸਵਰਗ ਦੀ ਧਰਤੀ ਹੈ ਜਿਸ ਦੇ ਸੀਨੇ ’ਚ ਖਣਿਜ ਹਨ ਅਤੇ ਉਪਰ ਬਰਫ਼, ਚਾਨਣੀਆਂ ਰਾਤਾਂ ਤੇ ਮਨ ਲੁਭਾਉਂਦੇ ਦ੍ਰਿਸ਼।
ਯੂਕਰੇਨ ਦੀ ਮੌਜੂਦਾ ਸਥਿਤੀ ਬਾਰੇ ਇਕ ਕਵੀ ਨੇ ਆਪਣੀ ਕਵਿਤਾ ਵਿਚ ਲਿਖਿਆ ਹੈ:
ਮੇਰਾ ਦੇਸ਼ ਉਹ ਸੂਰਜ ਨਹੀਂ
ਜੋ ਸ਼ਾਮ ਢਲੇ ਸਮੁੰਦਰ ’ਚ ਡੁੱਬ ਜਾਵੇਗਾ
– ਕਵੀ ਦਮਿਤਰੋ ਲਜ਼ਾਟਕਿਨ
ਯੂਕਰੇਨ ਦੇ ਵਿਰਾਸਤੀ ਅਖਾਣਾਂ ਵਿਚ ਕਿਹਾ ਗਿਆ ਹੈ ਕਿ ਇਹ ਉਹ ਧਰਤੀ ਹੈੈ ਜਿੱਥੇ ਦੇਵਤੇ ਇਸ਼ਕ ਕਰਦੇ ਹਨ। ਇਸ ਤਰ੍ਹਾਂ ਦੀ ਖੁਸ਼ਬੂ ਨਾਲ ਭਰੀ, ਜ਼ਿੰਦਗੀ ਦੀ ਚਾਹਵਾਨ ਯੂਕਰੇਨ ਦੀ ਧਰਤੀ ਹੁਣ ਮਿਜ਼ਾਈਲਾਂ ਦੇ ਸ਼ੋਰ ਅਤੇ ਬਾਰੂਦ ਦੇ ਧੂੰਏ ਵਿਚ ਘਿਰੀ ਹੋਈ ਹੈ।
ਕਈ ਦਿਨਾਂ ਦੀ ਰੂਸ ਤੇ ਨਾਟੋ ਦੇ ਤਣਾਅ ਤੋਂ ਬਾਅਦ ਅਮਰੀਕੀ ਧਮਕੀਆਂ ਦੀ ਪ੍ਰਵਾਹ ਨਾ ਕਰਦਿਆਂ ਰੂਸੀ ਰਾਸ਼ਟਰਪਤੀ ਪੂਤਿਨ ਨੇ ਯੂਕਰੇਨ ਦੀ ਰਾਜਧਾਨੀ ਕੀਵ ਸਹਿਤ ਦੂਸਰੇ ਵੱਡੇ ਸ਼ਹਿਰਾਂ ਖਰਕੀਵ, ਉਡੇਸਾ, ਮੈਰੀਓਪਲ ’ਤੇ ਵੀ ਹਮਲਾ ਕੀਤਾ। ਪੂਤਿਨ ਨੇ ਇਸ ਨੂੰ ਯੁੱਧ ਨਹੀਂ ਸਗੋਂ ਫ਼ੌਜੀ ਕਾਰਵਾਈ ਦੱਸਿਆ ਜੋ ਦੋ ਵੱਖਵਾਦੀ ਸੂਬਿਆਂ ਡੋਨਬਾਸ ਤੇ ਲੁਹਾਂਸਕ ’ਚ ਸ਼ਾਂਤੀ ਤੇ ਸਥਿਰਤਾ ਲਈ ਜ਼ਰੂਰੀ ਸੀ। ਯੂਕਰੇਨ ਵਿਚ ਮਾਰਸ਼ਲ ਲਾਅ ਲਾਇਆ ਗਿਆ ਅਤੇ ਹਵਾਈ ਅੱਡਿਆਂ ਨੂੰ ਬੰਦ ਕੀਤਾ ਗਿਆ ਹੈ। ਰੂਸ ਮੁਤਾਬਿਕ ਉਨ੍ਹਾਂ ਨੇ ਕੀਵ ਸਮੇਤ ਹੋਰ ਹਵਾਈ ਪੱਟੀਆਂ ’ਤੇ ਹਮਲਾ ਕਰ ਕੇ ਉਸ ਨੂੰ ਤਬਾਹ ਕੀਤਾ, ਪਰ ਯੂਕਰੇਨ ਮੁਤਾਬਿਕ ਉਸ ਨੇ ਰੂਸੀ ਹਮਲਾਵਰ ਹਵਾਈ ਜ਼ਹਾਜਾਂ ਨੂੰ ਗਿਰਾ ਲਿਆ।
ਕੁੱਲ ਮਿਲਾ ਕੇ ਸਥਿਤੀ ਬੇਹੱਦ ਨਾਜ਼ੁਕ ਬਣ ਗਈ। ਇਸ ਸਭ ਦਰਮਿਆਨ ਭਾਰਤ ਨੇ ਸ਼ਾਂਤੀ ਦੀ ਅਪੀਲ ਕੀਤੀ। ਇਹ ਵੀਹ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਲਈ ਫ਼ਿਕਰਮੰਦ ਹੈ ਜੋ ਯੂਕਰੇਨ ’ਚ ਪੜ੍ਹ ਰਹੇ ਹਨ। ਹਾਲਾਂਕਿ ਉਨ੍ਹਾਂ ਲਈ ਭਾਰਤੀ ਸਫ਼ਾਰਤਖ਼ਾਨਾ ਸਮੇਂ-ਸਮੇਂ ਸਲਾਹ ਜਾਰੀ ਕਰ ਰਿਹਾ ਹੈ।
ਪੂਰਬੀ ਯੂਰਪ ’ਚ ਯੂਕਰੇਨ ਖੇਤਰਫਲ ਵਜੋਂ ਕਾਫ਼ੀ ਵੱਡਾ ਦੇਸ਼ ਹੈ। ਬੇਲਾਰੂਸ ਪੋਲੈਂਡ, ਸਲੋਵਾਕੀਆ, ਹੰਗਰੀ ਨਾਲ ਇਸ ਦੀਆਂ ਸੀਮਾਵਾਂ ਸਾਂਝੀਆਂ ਹਨ। ਇਹ ਯੂਰੋਪ ਦਾ ਅੱਠਵਾਂ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ। ਇਸ ਦੇਸ਼ ਵਿਚ 20 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਬੇਲਾਰੂਸੀ, ਯਹੂਦੀ, ਹੰਗੇਰੀਅਨ, ਪੋਲਿਸ਼, ਸਲੋਵਾਕੀ ਆਦਿ ਪ੍ਰਮੁੱਖ ਹਨ।
ਇੱਥੇ ਅੱਠਵੀਂ ਸਦੀ ਵਿਚ ਕੀਵਨ ਰਸ ਅਤੇ ਹੋਰ ਸ਼ਾਹੀ ਘਰਾਣਿਆਂ ਦਾ ਸ਼ਾਸਨ ਰਿਹਾ ਹੈ। ਬਾਅਦ ਵਿਚ ਸੱਤਾ ਬਦਲਦੀ ਰਹੀ। 1918 ਵਿਚ ਯੂਕਰੇਨੀ ਗਣਰਾਜ ਦੀ ਪ੍ਰਮੁੱਖਤਾ ਰਹੀ ਹੈ। ਬਾਅਦ ਵਿਚ ਇਹ ਸੋਵੀਅਤ ਸ਼ਾਸਨ ਦਾ ਹਿੱਸਾ ਰਿਹਾ ਅਤੇ 24 ਅਗਸਤ 1991 ਨੂੰ ਵਰਤਮਾਨ ਸਰੂਪ ਵਾਲਾ ਯੂਕਰੇਨੀ ਗਣਰਾਜ ਬਣਿਆ। 22 ਫਰਵਰੀ 2022 ਨੂੰ ਦੋ ਸੂਬਿਆਂ ਡੋਨਬਾਸ ਅਤੇ ਲੁਹਾਂਸਕ ਵੱਲੋਂ ਆਪਣੀ ਆਜ਼ਾਦੀ ਦੇ ਐਲਾਨ ਨਾਲ ਇਹ ਟੁਕੜਿਆਂ ਵਿਚ ਵੰਡਿਆ ਗਿਆ। ਇਹ ਹੀ ਸਾਰੀ ਲੜਾਈ ਦਾ ਮੁੱਢ ਹੈ ਕਿਉਂਕਿ ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਇਨ੍ਹਾਂ ਦੋਵਾਂ ਨੂੰ ਨਵੇਂ ਮੁਲਕਾਂ ਵਜੋਂ ਮਾਨਤਾ ਦੇ ਦਿੱਤੀ।
ਯੂਕਰੇਨ ਦੇ 1914 ਤੋਂ ਬਾਅਦ ਦੇ ਇਤਿਹਾਸ ’ਤੇ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ 1917 ਤੋਂ 1921 ਤੀਕ ਇੱਥੇ ਗ੍ਰਹਿ ਯੁੱਧ ਦੀ ਸਥਿਤੀ ਰਹੀ। ਵਰਤਮਾਨ ਵਿਚ ਯੂਕਰੇਨ ਦੇ ਬਾਗ਼ੀ ਸੂਬਿਆਂ ਵਿਚ ਡੋਨਬਾਸ ਅਤੇ ਲੁਹਾਂਸਕ ਪ੍ਰਮੁੱਖ ਹਨ ਜਿਨ੍ਹਾਂ ਨੂੰ ਅਲੱਗ ਦੇਸ਼ਾਂ ਵਜੋਂ ਮਾਨਤਾ ਮਿਲ ਗਈ ਹੈ। ਅਸਲ ਵਿਚ 2008 ’ਚ ਯੂਕਰੇਨ ਨੇ ਨਾਟੋ ਦਾ ਮੈਂਬਰ ਬਣਨ ਦੀ ਇੱਛਾ ਪ੍ਰਗਟਾਈ ਸੀ। ਇਸ ਨਾਲ ਅਮਰੀਕਾ ਸਮੇਤ ਸਾਰੇ ਦੇਸ਼ਾਂ ਲਈ ਰੂਸ ਦੀਆਂ ਸਰਹੱਦਾਂ ਤੀਕ ਆ ਜਾਣ ਦਾ ਮੌਕਾ ਬਣ ਸਕਦਾ ਸੀ।
ਯੂਕਰੇਨ 18ਵੀਂ ਸਦੀ ਵਿਚ ਰੂਸੀ ਪਕੜ ਵਿਚ ਆਇਆ ਸੀ। ਪੀਟਰ ਦਿ ਗ੍ਰੇਟ ਅਤੇ ਜੋਜ਼ੇਫ ਸਟਾਲਿਨ ਤੀਕ ਇਸ ਕੋਸ਼ਿਸ਼ ਵਿਚ ਰਹੇ ਸਨ। ਮੌਜੂਦਾ ਰੂਸੀ ਰਾਸ਼ਟਰਪਤੀ ਪੂਤਿਨ ਨੇ ਆਪਣੇ ਭਾਸ਼ਣਾਂ ਵਿਚ ਯੂਕਰੇਨ ਦੀ ਆਜ਼ਾਦੀ ਨੂੰ ਕਮਿਊਨਿਸਟ ਰਾਜ ਦੀ ਗ਼ਲਤੀ ਕਿਹਾ ਹੈ। ਦਰਅਸਲ, ਰੂਸੀ ਤੇ ਯੂਕਰੇਨੀ ਲੋਕ ਪੂਰਬੀ ਸਲਾਵ ਨਸਲ ਨਾਲ ਸਬੰਧਿਤ ਹਨ। ਪੂਤਿਨ ਨੇ ਯੂਕਰੇਨੀ ਸਰਕਾਰ ਨੂੰ ਭ੍ਰਿਸ਼ਟ ਤੇ ਅਮਰੀਕਾ ਦੇ ਇਸ਼ਾਰਿਆਂ ’ਤੇ ਚੱਲਣ ਵਾਲੀ ਕਠਪੁਤਲੀ ਸਰਕਾਰ ਕਿਹਾ। ਹੁਣ ਦੇ ਹਮਲਿਆਂ ਕਾਰਨ ਯੂਕਰੇਨ ਦੇ 11 ਵੱਡੇ ਸ਼ਹਿਰਾਂ ਵਿਚ ਭਿਆਨਕ ਤਬਾਹੀ ਹੋਈ ਹੈ ਜਿੱਥੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ। ਇਸ ਦੇ ਨਾਲ ਹੀ ਪੂਰੀ ਦੁਨੀਆਂ ਦੇ ਸ਼ੇਅਰ ਬਾਜ਼ਾਰ ਡਿੱਗੇ ਤੇ ਆਰਥਿਕ ਮੰਦੀ ਦੀ ਰਫ਼ਤਾਰ ਵੀ ਤੇਜ਼ ਹੋ ਗਈ ਹੈ। ਤੇਲ ਦੇ ਭਾਅ ਵਧ ਗਏ ਹਨ। ਭਾਰਤ ਦੀ ਯੂਕਰੇਨ ’ਤੇ ਲੋਹਾ, ਸਟੀਲ ਸਮੇਤ, ਫੈਟ ਆਇਲ ਦੀ ਨਿਰਭਰਤਾ ਹੈ। 2020 ਵਿਚ ਇਹ ਭਾਰਤ ਦਾ 15ਵਾਂ ਵੱਡਾ ਵਪਾਰਕ ਭਾਈਵਾਲ ਰਿਹਾ ਹੈ। ਇਹ ਦਵਾਈਆਂ ਦੀ ਵੱਡੀ ਮੰਡੀ ਹੈ। ਇਹ ਭਾਰਤ ਲਈ 23ਵਾਂ ਇੰਪੋਰਟ ਮਾਰਕੀਟ ਹੈ। ਯੂਕਰੇਨ ਵਿਚ ਹੋਈ ਤਬਾਹੀ ਪੂਰੀ ਦੁਨੀਆਂ ਲਈ ਖ਼ਤਰੇ ਦੀ ਘੰਟੀ ਹੈ। ਪੂਰੀ ਦੁਨੀਆਂ ਦੀ ਆਰਥਿਕਤਾ ਵਿਚ ਉਥਲ-ਪੁਥਲ ਵਿਖਾਈ ਦੇ ਰਹੀ ਹੈ।
ਯੂਕਰੇਨੀ ਸਭਿਆਚਾਰ ਤੇ ਵਿਰਾਸਤ ਦੀ ਕਹਾਣੀ ਬੜੀ ਵਸੀਹ ਹੈ। ਰੂਸ, ਬੇਲਾਰੂਸ, ਪੋਲੈਂਡ, ਸਲੋਵਾਕੀਆ, ਰੋਮਾਨੀਆ ਵਰਗੇ ਦੇਸ਼ਾਂ ’ਚ ਘਿਰਿਆ ਇਹ ਮੁਲਕ ਮਿਲੀ-ਜੁਲੀ ਸੰਸਕ੍ਰਿਤੀ ਤੇ ਅਮਨ ਚੈਨ ਦੀ ਖ਼ੂਬਸੂਰਤੀ ਤੇ ਸੰਸਕ੍ਰਿਤੀ ਵਾਲੀ ਖੁਸ਼ਮਿਜ਼ਾਜ ਲੋਕਾਂ ਦੀ ਧਰਤੀ ਹੈ। 1922 ਵਿਚ ਸੋਵੀਅਤ ਸੰਘ ਦੇ ਮੈਂਬਰ ਵਜੋਂ ਇੱਥੇ ਵਿਰਾਸਤੀ ਸਾਂਭ-ਸੰਭਾਲ ਦੇ ਵੱਡੇ ਉਪਰਾਲੇ ਹੋਏ ਤੇ ਅਜਾਇਬਘਰ ਆਦਿ ਸਥਾਪਤ ਕੀਤੇ ਗਏ। ਸਥਾਨਕ ਭਾਸ਼ਾਵਾਂ, ਗੀਤ ਸੰਗੀਤ ਤੇ ਸਾਹਿਤ ਦੀ ਰੂਪ ਰੇਖਾ ਦੀਆਂ ਨਵੀਆਂ ਤੇ ਪੁਰਾਣੀਆਂ ਪਛਾਣ ਦੀਆਂ ਨਿਸ਼ਾਨੀਆਂ ਇਸ ਦੀ ਵੱਖਰੀ ਪਛਾਣ ਹਨ ਜੋ ਅਜੇ ਯੂਕਰੇਨੀ ਲੋਕਾਂ ਨੇ ਜ਼ਿੰਦਾ ਰੱਖੀ ਹੋਈ ਹੈ। ਇਸ ’ਤੇ ਇੱਥੋਂ ਦੀ ਪੁਰਾਣੀ ਤੇ ਨਵੀਂ ਪੀੜ੍ਹੀ ਮਾਣ ਮਹਿਸੂਸ ਕਰਦੀ ਹੈ। ਯੂਕਰੇਨ ਦੀ ਰਾਜਧਾਨੀ ਕੀਵ ਮਿਲੀ-ਜੁਲੀ ਭਾਸ਼ਾ ਦੇ ਸੁਮੇਲ ਵਾਲਾ ਬੇਹੱਦ ਖ਼ੂਬਸੂਰਤ ਵਿਰਾਸਤੀ ਸ਼ਹਿਰ ਹੈ।
19ਵੀਂ ਸਦੀ ਤੋਂ ਲੈ ਕੇ ਪਹਿਲੇ ਕਵੀ ਤਾਰਸ ਸ਼ੇਵਚੈਂਕੋ (1914-1861) ਤੇ ਮਿਖਾਈਲ ਦਰਾਤੋਮੋਨੋਵ (1814-1895) ਤੀਕ ਇਸ ਦੇ ਇਤਿਹਾਸ ਤੇ ਸਭਿਆਚਾਰ ਦੀ ਅੱਕਾਸੀ ਸਾਹਿਤ ਵਿਚ ਹੋਈ ਹੈ। ਇਸ ਵਿਚ ਫੁੱਲਾਂ ਨਾਲ ਲੱਦੀ ਗਰੀਨ ਯੂਕਰੇਨ ਵੈਲੀ ਵੀ ਹੈ। ਪਹਿਲੇ ਆਲਮੀ ਯੁੱਧ ਵਿਚ ਇਹ ਇਕ ਰਾਸ਼ਟਰਵਾਦੀ ਖਿੱਤਾ ਰਿਹਾ। ਰੂਸੀ ਗ੍ਰਹਿ ਯੁੱਧ ਵੇਲੇ ਇੱਥੇ ਬਾਗ਼ੀ ਅੰਦੋਲਨ ਵੀ ਜਾਰੀ ਰਿਹਾ ਜਿਸ ਨੂੰ ਅਪਰੇਸ਼ਨ ‘ਬਲੈਕ ਆਰਮੀ’ ਕਿਹਾ ਗਿਆ ਸੀ। ਯੂਕਰੇਨ ਦੇ ਕਈ ਖਿਡਾਰੀ, ਵਿਗਿਆਨੀ ਤੇ ਕਲਾਕਾਰ ਪੂਰੇ ਵਿਸ਼ਵ ਵਿਚ ਪ੍ਰਸਿੱਧ ਹਨ। ਪਿਛਲੇ ਕਮਿਊਨਿਸਟ ਸ਼ਾਸਨ ਵਿਚ ਕਲਾ ਸੰਸਕ੍ਰਿਤੀ ਦਾ ਪ੍ਰਭਾਵ ਪੂਰੀ ਦੁਨੀਆ ਨੇ ਕਬੂਲਿਆ। 1980 ਤੋਂ ਬਾਅਦ ਯੂਕਰੇਨੀ ਸਭਿਆਚਾਰ ਦੇ ਨਿਵੇਕਲੇ ਰੂਪ ਪੂਰੀ ਦੁਨੀਆ ਨੇ ਵੇਖੇ ਹਨ। ਇੱਥੋਂ ਦੀ ਕਢਾਈ, ਬੁਣਾਈ ਤੇ ਹਸਤਕਲਾ ਅਦਭੁੱਤ ਹੈ। ਇਸ ਮੁਲਕ ਦਾ ਸਾਹਿਤ 14ਵੀਂ ਸਦੀ ਤੋਂ ਸਾਹਮਣੇ ਆਉਂਦਾ ਹੈ। ਇੱਥੋਂ ਦੇ ਸੰਗੀਤ ਦੀ ਲੰਬੀ ਤੇ ਵਿਰਾਸਤੀ ਪਰੰਪਰਾ ਹੈ।
ਮੇਰੇ ਪਰਵਾਸ ਦੇ ਦਿਨਾਂ ਵਿਚ ਕੀਵ ਦੀਆਂ ਯਾਦਾਂ ਤਾਜ਼ੀਆਂ ਹਨ। ਅੱਜ ਤੋਂ ਕਈ ਵਰ੍ਹੇ ਪਹਿਲਾਂ ਕੀਵ ਵਿਚ ਟੈਲੀਵਿਜ਼ਨ ਜਸ਼ਨਾਂ ਅਤੇ ਵਿਰਾਸਤੀ ਮੇਲਿਆ ਵਿਚ ਮੈਂ ਇਸ ਦੀ ਖ਼ੂਬਸੂਰਤੀ ਤੇ ਮਰਦਾਨਗੀ ਵੇਖੀ ਹੈ। ਹੁਣ ਜਦੋਂ ਕੀਵ ਘੋਰ ਸੰਕਟ ਵਿਚ ਘਿਰਿਆ ਹੋਇਆ ਹੈ ਤਾਂ ਮੈਨੂੰ ਉੱਥੋਂ ਦੇ ਬਰਫ਼ੀਲੇ ਰਸਤੇ ਅਤੇ ਫੁੱਲਾਂ ਦੇ ਬਗੀਚੇ ਯਾਦ ਆ ਰਹੇ ਹਨ ਜਿੱਥੇ ਖ਼ੂਬਸੂਰਤੀ, ਮੋਹ ਅਤੇ ਅੱਖ ਦੀ ਸ਼ਰਮ ਦਾ ਅਹਿਸਾਸ ਸੀ। ਇਹ ਉਹ ਧਰਤੀ ਹੈ ਜਿੱਥੇ ਛੇ ਵਿਸ਼ਵ ਵਿਰਾਸਤੀ ਥਾਵਾਂ ਹਨ।
ਕੀਵ ਨੂੰ ਯੂਕਰੇਨ ਦਾ ਸਭ ਤੋਂ ਖ਼ੂਬਸੂਰਤ ਔਰਤਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਕੀਵ ਦੇ ਗਲੀਆਂ ਬਾਜ਼ਾਰਾਂ ’ਚ ਘੁੰਮਦਿਆਂ ਇਹ ਖ਼ੂਬਸੂਰਤੀ ਵੇਖੀ ਜਾ ਸਕਦੀ ਹੈ। ਇੱਥੇ ਇਕ ਅਖਾਣ ਹੈ, ਜਿਸਦੇ ਅਰਥ ਹਨ ਕਿ ਰੱਬ ਨੇ ਸਵਰਗ ਦੀ ਧਰਤੀ ਕੀਵ ਨੂੰ ਚੁਣਿਆ ਸੀ। ਯੂਕਰੇਨੀ ਕਵੀ ਰਿਲਿਸਕੀ ਦੀਆਂ ਸਤਰਾਂ ਹਨ:
ਇਹ ਧਰਤੀ ਤਾਂ ਰੱਬ ਦੀ ਹੈ
ਰੱਬ ਸਭ ਦੇ ਵਿਚ ਹੈ
ਇਹ ਲੜਾਈ, ਧੂੰਆਂ ਤੇ ਸ਼ੋਰ
ਰੱਬ ਨੂੰ ਡਰਾਉਂਦਾ ਹੈ।
ਤੁਹਾਡੀ ਆਜ਼ਾਦੀ ਤੇ ਦੇੇਸ਼
ਸਭ ਨੂੰ ਖ਼ਤਮ ਕਰ ਦਿੰਦਾ ਹੈ
ਇਕ ਦਿਨ ਅਚਾਨਕ
ਤੇ ਆਉ,
ਫਿਰ ਇਸ ਧਰਤੀ ਦੀ ਖ਼ੂਬਸੂਰਤੀ ਨੂੰ ਮਾਣੀਏ-
ਜੀਵੇਗਾ, ਯੂਕਰੇਨ
ਤੇ ਕੀਵ ਮਾਂ ਦੀ ਮਹਿਕਦੀ ਹੋਈ ਧਰਤੀ।
ਸੰਪਰਕ: 94787-30156