ਚਮਨ ਲਾਲ*
ਚੌਦਾਂ ਮਈ ਨੂੰ ਸ਼ਾਮ ਤਕਰੀਬਨ ਛੇ ਵਜੇ ਸੋਸ਼ਲ ਮੀਡੀਆ- ਫੇਸਬੁੱਕ ਅਤੇ ਵਟਸਐਪ- ’ਤੇ ਕੁਝ ਦੋਸਤਾਂ ਤੇ ਵਾਕਫ਼ਾਂ ਨੇ ਇੱਕ ਦੁਖਦਾਈ ਖ਼ਬਰ ਪਾਉਣੀ ਸ਼ੁਰੂ ਕੀਤੀ ਜੋ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਇੱਕ ਹੋਣਹਾਰ ਫਰਜ਼ੰਦ ਅਭੈ ਸੰਧੂ ਦੇ ਬੇਵਕਤ ਚਲਾਣੇ ਬਾਰੇ ਸੀ। ਇਹ ਖ਼ਬਰ ਪਰਿਵਾਰ ਵੱਲੋਂ ਨਹੀਂ ਸੀ, ਸੋ ਯਕੀਨ ਕਰਨਾ ਮੁਸ਼ਕਿਲ ਲੱਗਿਆ। ਫਿਰ ਪਰਿਵਾਰ ਦੇ ਸਹਾਰਨਪੁਰ ਤੋਂ ਮੈਂਬਰ ਕਿਰਨਜੀਤ ਸੰਧੂ ਹੋਰਾਂ ਨਾਲ ਗੱਲ ਕਰ ਕੇ ਖ਼ਬਰ ਦੀ ਪੁਸ਼ਟੀ ਹੋਈ ਤਾਂ ਮਨ ਡੂੰਘਾ ਉਦਾਸ ਹੋਇਆ। ਕਰੋਨਾ ਦੌਰ ਦੀਆਂ ਅਨੇਕ ਬੁਰੀਆਂ ਖ਼ਬਰਾਂ ਵਿਚੋਂ ਮੇਰੇ ਲਈ ਨਿੱਜੀ ਤੌਰ ’ਤੇ ਇਹ ਸਭ ਤੋਂ ਜ਼ਿਆਦਾ ਬੁਰੀ ਖ਼ਬਰ ਸੀ।
ਭਗਤ ਸਿੰਘ ਦਾ ਪਰਿਵਾਰ ਉਸ ਪੀੜ੍ਹੀ ਤੋਂ ਹੀ ਵਿਸ਼ਾਲ ਪਰਿਵਾਰ ਹੈ। ਭਗਤ ਸਿੰਘ ਹੋਰੀਂ ਨੌਂ ਭੈਣ ਭਰਾ ਸਨ ਜਿਨ੍ਹਾਂ ਵਿਚੋਂ ਇੱਕ ਭੈਣ ਬੀਬੀ ਪ੍ਰਕਾਸ਼ ਕੌਰ 2014 ਤੱਕ ਜਿਉਂਦੇ ਰਹੇ ਸਨ। ਜਗਤ ਸਿੰਘ ਦੇ ਬਚਪਨ ਵਿੱਚ ਚਲਾਣੇ ਅਤੇ ਅਣਵਿਆਹੇ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਬਚੇ ਚਾਰ ਭਰਾਵਾਂ ਅਤੇ ਤਿੰਨ ਭੈਣਾਂ ਦੇ ਬੱਚਿਆਂ ਦਾ- ਭਤੀਜੇ-ਭਤੀਜਿਆਂ, ਭਾਣਜੇ-ਭਾਣਜੀਆਂ ਅਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਤੱਕ ਇਤਿਹਾਸਕ ਵਿਰਸੇ ਵਾਲਾ ਇਹ ਖ਼ਾਨਦਾਨ ਪੰਜਾਬ, ਭਾਰਤ ਅਤੇ ਦੁਨੀਆ ਦੇ ਅਨੇਕ ਮੁਲਕਾਂ ਵਿੱਚ ਫੈਲਿਆ ਹੋਇਆ ਹੈ। ਅਭੈ ਸੰਧੂ ਦਾ ਜਨਮ ਭਗਤ ਸਿੰਘ ਤੋਂ ਛੋਟੇ ਭਰਾ ਕੁਲਬੀਰ ਸਿੰਘ ਦੇ ਘਰ 20 ਅਕਤੂਬਰ 1956 ਨੂੰ ਹੋਇਆ ਸੀ। ਭਗਤ ਸਿੰਘ ਦਾ ਸਾਰਾ ਪਰਿਵਾਰ ਮੁਲਕ ਦੀ ਵੰਡ ਤੋਂ ਬਾਅਦ ਇੱਕ ਵਾਰ ਫਿਰ ਖਟਕੜ ਕਲਾਂ ਦੀ ਆਪਣੀ ਜੱਦੀ ਹਵੇਲੀ ਵਿੱਚ ਵਸ ਗਿਆ ਸੀ। ਫਿਰ ਉਨ੍ਹਾਂ ਦੇ ਦੋ ਛੋਟੇ ਭਰਾ- ਕੁਲਬੀਰ ਸਿੰਘ ਅਤੇ ਕੁਲਤਾਰ ਸਿੰਘ ਸਹਾਰਨਪੁਰ ਆ ਗਏ ਅਤੇ ਉਨ੍ਹਾਂ ਤੋਂ ਛੋਟੇ ਦੋ ਭਰਾ ਰਣਵੀਰ ਸਿੰਘ ਅਤੇ ਰਜਿੰਦਰ ਸਿੰਘ ਤਰਾਈ ਦੇ ਬਾਜਪੁਰ ਇਲਾਕੇ ਵਿੱਚ ਜ਼ਮੀਨਾਂ ਲੈ ਕੇ ਵਸ ਗਏ ਸਨ। ਕੁਲਬੀਰ ਸਿੰਘ ਇੱਕ ਵਾਰ ਫਿਰੋਜ਼ਪੁਰ ਤੋਂ ਜਨਸੰਘ ਦੀ ਟਿਕਟ ’ਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ (ਵਿਧਾਇਕ) ਚੁਣੇ ਗਏ ਸਨ। ਅਭੈ ਸੰਧੂ ਹੋਰੀਂ ਚਾਰ ਭੈਣ ਭਰਾ ਸਨ। ਉਨ੍ਹਾਂ ਦੇ ਭਰਾ ਬਾਬਰ ਸਿੰਘ ਕਈ ਵਰ੍ਹੇ ਪਹਿਲਾਂ ਗੁਜ਼ਰ ਗਏ ਸਨ। ਦੋ ਭੈਣਾਂ- ਵਰਸ਼ਾ ਬਾਸੀ ਅਮਰੀਕਾ ਅਤੇ ਰੂਬੀ ਲੁਧਿਆਣਾ ਵਿਚ ਰਹਿੰਦੀਆਂ ਹਨ। ਅਭੈ ਸੰਧੂ ਦੇ ਦੋ ਬੱਚਿਆਂ ਵਿਚੋਂ ਬੇਟੇ ਅਭਿਤੇਜ ਸੰਧੂ ਦਾ ਪੰਜ ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਇੱਕ ਦੁਖਦਾਈ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ ਜਿਸ ਦੀ ਯਾਦ ਵਿੱਚ ਉਨ੍ਹਾਂ ਨੇ ਅਭਿਤੇਜ ਫਾਊਂਡੇਸ਼ਨ ਬਣਾਈ ਸੀ। ਅਭੈ ਸੰਧੂ ਦੀ ਧੀ ਅਨੁਪ੍ਰਿਆ ਲੁਧਿਆਣਾ ਵਿਖੇ ਵਿਆਹੀ ਹੋਈ ਹੈ। ਅਭੈ ਸੰਧੂ ਦੀ ਜੀਵਨ ਸਾਥਣ ਤੇਜਵਿੰਦਰ ਇੱਕ ਕਮਿਊਨਿਸਟ ਪਰਿਵਾਰ ਵਿਚੋਂ ਹਨ।
ਅਭੈ ਸੰਧੂ ਸਿਆਸੀ ਤੌਰ ’ਤੇ ਸਰਗਰਮ ਸ਼ਖ਼ਸੀਅਤ ਸਨ ਅਤੇ ਭਗਤ ਸਿੰਘ ਦੇ ਵਿਚਾਰਾਂ ਦੇ ਪ੍ਰਸਾਰ ਹਿੱਤ ਉਨ੍ਹਾਂ ਅਣਥੱਕ ਕਾਰਜ ਕੀਤਾ। ਭਗਤ ਸਿੰਘ ਦੀ ਜਨਮ ਸ਼ਤਾਬਦੀ ਦੌਰਾਨ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੋਵਾਂ ਵੱਲੋਂ ਭਗਤ ਸਿੰਘ ਦੀ ਜੇਲ ਨੋਟਬੁੱਕ ਆਪਣੀ ਨਿੱਜੀ ਕੋਸ਼ਿਸ਼ ਤਹਿਤ ਪੰਜਾਬੀ ਅਤੇ ਹਿੰਦੀ ਅਨੁਵਾਦ ਵਿੱਚ ਮੁਫ਼ਤ ਵੰਡਣ ਲਈ ਛਪਵਾਈ। ਪੰਜਾਬੀ ਅਤੇ ਹਿੰਦੀ ਦੋਵਾਂ ਵਿੱਚ ਕਿਤਾਬ ਦੇ ਇੱਕ ਪਾਸੇ ਭਗਤ ਸਿੰਘ ਦੀ ਮੂਲ ਅੰਗਰੇਜ਼ੀ ਖ਼ੂਬਸੂਰਤ ਹੱਥਲਿਖਤ ਛਾਪੀ ਗਈ ਸੀ ਅਤੇ ਦੂਜੇ ਪਾਸੇ ਪੰਜਾਬੀ ਅਤੇ ਹਿੰਦੀ ਅਨੁਵਾਦ ਛਾਪੇ ਗਏ ਸਨ। ਪੰਜਾਬ ਅਤੇ ਹਰਿਆਣਾ ਸਰਕਾਰਾਂ ਕੋਲੋਂ ਹਾਲੇ ਵੀ ਇਹ ਨੋਟਬੁੱਕ ਜਾਂ ਡਾਇਰੀ ਮੁਫ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਆਪਣੇ ਪਿਤਾ ਦੇ ਨਾਂ ’ਤੇ ਸਥਾਪਤ ਕੁਲਬੀਰ ਸਿੰਘ ਫਾਊਂਡੇਸ਼ਨ ਵੱਲੋਂ ਵੱਡੇ ਆਕਾਰ ਵਿੱਚ ਭਗਤ ਸਿੰਘ ਦੀ ਜੇਲ ਡਾਇਰੀ ਛਪਵਾਈ ਹੈ।
ਅਕਾਲੀ ਦਲ ਤੋਂ ਵੱਖ ਹੋ ਕੇ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਪੀਪਲਜ਼ ਪਾਰਟੀ (ਪੀਪੀਪੀ) ਬਣਾਈ ਤਾਂ ਅਭੈ ਸੰਧੂ ਉਸ ਦੇ ਸੰਸਥਾਪਕਾਂ ਵਿਚੋਂ ਇੱਕ ਸਨ ਜਿਸ ਨੂੰ ਮਨਪ੍ਰੀਤ ਸਿੰਘ ਬਾਦਲ ਅੱਜ ਵੀ ਮਾਣ ਨਾਲ ਯਾਦ ਕਰਦੇ ਹਨ। ਪੰਜਾਬ ਪੀਪਲਜ਼ ਪਾਰਟੀ ਦੇ ਖਿੰਡਣ ਤੋਂ ਬਾਅਦ ਅਭੈ ਸੰਧੂ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਹੋ ਗਿਆ ਅਤੇ ਉਨ੍ਹਾਂ ਨੇ ਦੋਵਾਂ ਪਾਰਟੀਆਂ ਵੱਲੋਂ ਇੱਕ ਇੱਕ ਵਾਰ ਪੰਜਾਬ ਵਿਧਾਨ ਸਭਾ ਚੋਣ ਲੜੀ, ਹਾਲਾਂਕਿ ਉਹ ਸਫ਼ਲ ਨਹੀਂ ਹੋਏ। ਉਨ੍ਹਾਂ ਤੋਂ ਵੀ ਅੱਗੇ ਵਧ ਕੇ ਉਨ੍ਹਾਂ ਦੇ ਪੁੱਤਰ ਅਭਿਤੇਜ ਸੰਧੂ ਨੇ ਆਮ ਆਦਮੀ ਪਾਰਟੀ (ਆਪ) ਦੇ ਯੂਥ ਵਿੰਗ ਵਿੱਚ ਸਰਗਰਮੀ ਸ਼ੁਰੂ ਕੀਤੀ ਅਤੇ ‘ਆਪ’ ਦੀ ਕੇਂਦਰੀ ਲੀਡਰਸ਼ਿਪ ਦੇ ਕਾਫ਼ੀ ਨੇੜੇ ਪਹੁੰਚ ਗਏ ਸਨ। 2016 ਵਿੱਚ ਜੇ ਉਸ ਦੀ ਬੇਵਕਤ ਵਫ਼ਾਤ ਨਾ ਹੁੰਦੀ ਤਾਂ ਉਹ ਪੰਜਾਬ ਵਿਧਾਨ ਸਭਾ ਦੇ ਸੰਭਾਵੀ ਮੈਂਬਰ ਅਤੇ ‘ਆਪ’ ਦੇ ਦੀ ਮੂਹਰਲੀ ਸਫ਼ ਦੇ ਆਗੂ ਹੁੰਦੇ। ਥੋੜ੍ਹੇ ਸਮੇਂ ਵਿੱਚ ਹੀ ਅਭਿਤੇਜ ਨੇ ਇਸ ਪਾਰਟੀ ਅਤੇ ਪਾਰਟੀ ਤੋਂ ਬਾਹਰਲੇ ਨੌਜਵਾਨਾਂ ਵਿੱਚ ਆਪਣਾ ਅਸਰ ਰਸੂਖ਼ ਕਾਇਮ ਕਰ ਬਣਾ ਲਿਆ ਸੀ। ਅਭਿਤੇਜ ਦੇ ਵਿਛੋੜੇ ਤੋਂ ਬਾਅਦ ਜਿਵੇਂ ਉਸ ਦੇ ਮਾਪਿਆਂ ਅਭੈ ਅਤੇ ਤੇਜਵਿੰਦਰ ਨੇ ਉਸ ਦੇ ਅਧੂਰੇ ਕਾਰਜ ਨੂੰ ਅੱਗੇ ਵਧਾਉਣ ਦਾ ਮਿਸ਼ਨ ਬਣਾ ਲਿਆ ਸੀ।
ਇਸੇ ਮਿਸ਼ਨ ਤਹਿਤ ਉਨ੍ਹਾਂ ਨੇ ਪੰਜਾਬ ਤੋਂ ਸ਼ੁਰੂ ਹੋਏ ਅਤੇ ਪੂਰੇ ਭਾਰਤ ਤੱਕ ਫੈਲੇ ਕਿਸਾਨ ਅੰਦੋਲਨ ਵਿੱਚ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਤਕਰੀਬਨ ਹਰ ਮਹੀਨੇ ਉਹ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਵਿਸ਼ਾਲ ਕਿਸਾਨ ਸਮੂਹਾਂ ਨਾਲ ਇਕਜੁੱਟਤਾ ਵਿੱਚ ਸ਼ਾਮਿਲ ਹੁੰਦੇ ਰਹੇ। 21 ਫਰਵਰੀ ਦੇ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਅਤੇ ਆਪਣੇ ਦਾਦਾ ਅਜੀਤ ਸਿੰਘ ਦੇ 140ਵੇਂ ਜਨਮ ਦਿਹਾੜੇ ਉਹ ਪਰਿਵਾਰ ਸਾਹਿਤ ਸ਼ਾਮਿਲ ਹੋਏ। ਅੱਠ ਮਾਰਚ ਨੂੰ ਇਸਤਰੀ ਦਿਵਸ ਮੌਕੇ ਉਹ ਪਤਨੀ ਤੇ ਧੀ ਸਹਿਤ ਸ਼ਾਮਿਲ ਹੋਏ ਜਿੱਥੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
2016 ਵਿੱਚ ਅਭਿਤੇਜ ਨੇ ਹਿਮਾਚਲ ਯਾਤਰਾ ’ਤੇ ਜਾਣ ਤੋਂ ਪਹਿਲਾਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਹਿਮਾਚਲ ਤੋਂ ਵਾਪਸ ਆ ਕੇ ਉਹ ਮੇਰੇ ਨਾਲ ਜਾ ਕੇ ਮੇਰੇ ਤਸੱਵਰ ਮੁਤਾਬਿਕ ‘ਭਗਤ ਸਿੰਘ ਆਰਕਾਈਵਜ਼’ ਬਣਾਉਣ ਲਈ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਗੱਲਬਾਤ ਕਰੇਗਾ। ਖ਼ੈਰ…! ਬਾਅਦ ਵਿੱਚ ਆਪ ਦੀ ਨੇਤਾ ਤੇ ਵਿਧਾਇਕ ਅਤਿਸ਼ੀ ਨਾਲ ਜਾ ਕੇ ਮਨੀਸ਼ ਸਿਸੋਦੀਆ ਨਾਲ ਏਹ ਗੱਲਬਾਤ ਸਿਰੇ ਚੜ੍ਹ ਗਈ ਅਤੇ ਮੇਰੇ ਵੱਲੋਂ ਆਜ਼ਾਦੀ ਸੰਗਰਾਮ ਨਾਲ ਸੰਬੰਧਿਤ ਤੋਹਫ਼ੇ ਵਜੋਂ ਦਿੱਤੀਆਂ ਕਰੀਬ ਦੋ ਹਜ਼ਾਰ ਕਿਤਾਬਾਂ ਅਤੇ ਬਹੁਤ ਸਾਰੇ ਇਨਕਲਾਬੀਆਂ ਦੇ ਖ਼ਤਾਂ ਤੇ ਹੋਰ ਅਨੇਕ ਦਸਤਾਵੇਜ਼ਾਂ ’ਤੇ ਆਧਾਰਿਤ ਭਗਤ ਸਿੰਘ ਆਰਕਾਈਵਜ਼ ਅਤੇ ਸੰਸਾਧਨ ਕੇਂਦਰ, ਦਿੱਲੀ ਅਰਕਾਇਵਸ ਦੀ ਇਮਾਰਤ ਵਿੱਚ 23 ਮਾਰਚ 2018 ਨੂੰ ਬਾਕਾਇਦਾ ਸਥਾਪਤ ਹੋ ਗਿਆ। ਇਸ ਦਾ ਉਦਘਾਟਨ ਭਗਤ ਸਿੰਘ ਦੇ ਪਰਿਵਾਰ ਦੇ ਕਈ ਮੈਂਬਰਾਂ ਦੀ ਹਾਜ਼ਰੀ ਵਿੱਚ ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਕੀਤਾ ਸੀ। ਇਸ ਆਰਕਾਈਵਜ਼ ਦੇ ਸਮਝੌਤੇ ਮੁਤਾਬਿਕ ਇਸ ਲਈ ਬਾਕਾਇਦਾ ਸਲਾਹਕਾਰ ਬੋਰਡ ਬਣਾਇਆ ਗਿਆ ਸੀ ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਇਤਿਹਾਸਕਾਰਾਂ ਦੇ ਨਾਲ ਭਗਤ ਸਿੰਘ ਪਰਿਵਾਰ ਵੱਲੋਂ ਅਭੈ ਸੰਧੂ ਨੂੰ ਮੈਂਬਰ ਰੱਖਿਆ ਗਿਆ ਸੀ। ਅਭੈ ਸੰਧੂ ਨੇ ਇਸ ਸਲਾਹਕਾਰ ਬੋਰਡ ਦੀਆਂ ਮੀਟਿੰਗਾਂ ਵਿੱਚ ਆਪਣਾ ਯੋਗਦਾਨ ਪਾਉਣ ਦੇ ਨਾਲ ਨਾਲ ਭਗਤ ਸਿੰਘ ਆਰਕਾਈਵਜ਼ ਦੇ 2019 ਦੇ ਪਹਿਲੇ ਸਲਾਨਾ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ। ਇਸ ਸਬੰਧੀ ਸਾਡੀ ਅਕਸਰ ਆਪਸ ਵਿੱਚ ਚਰਚਾ ਹੁੰਦੀ ਰਹਿੰਦੀ ਸੀ, ਪਰ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਸਾਡੀ ਗੱਲਬਾਤ ਨਹੀਂ ਹੋ ਸਕੀ।
ਅਭੈ ਸੰਧੂ ਦੀ ਧੀ ਅਨੁਪ੍ਰਿਆ ਤੋਂ ਮਿਲੀ ਜਾਣਕਾਰੀ ਅਨੁਸਾਰ ਅਪਰੈਲ ਦੇ ਸ਼ੁਰੂ ਵਿੱਚ ਅਭੈ ਸੰਧੂ ਦੀ ਤਬੀਅਤ ਖ਼ਰਾਬ ਹੋਣ ਤੇ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਜਾਂਚ ਤੋਂ ਬਾਅਦ ਕਰੋਨਾ ਦੀ ਪੁਸ਼ਟੀ ਹੋਣ ’ਤੇ ਉਨ੍ਹਾਂ ਨੂੰ ਛੇ ਅਪਰੈਲ ਨੂੰ ਕਰੋਨਾ ਵਾਰਡ ਵਿੱਚ ਦਾਖਲ ਕੀਤਾ ਗਿਆ ਜਿੱਥੇ ਪਰਿਵਾਰ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। 23-24 ਅਪਰੈਲ ਤੱਕ ਉਨ੍ਹਾਂ ਨੂੰ ਕਰੋਨਾ ਮੁਕਤ ਕਹਿ ਕੇ ਦੂਜੇ ਵਾਰਡ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਦੀ ਪਤਨੀ ਅਤੇ ਧੀ ਕੁਝ ਸਮੇਂ ਲਈ ਉਨ੍ਹਾਂ ਨੂੰ ਮਿਲ ਸਕਦੇ ਸਨ। ਮਈ ਦੇ ਪਹਿਲੇ ਹਫ਼ਤੇ ਉਨ੍ਹਾਂ ਨੂੰ ਸਿਹਤ ਸਬੰਧੀ ਕੁਝ ਮੁਸ਼ਕਿਲਾਂ ਆਈਆਂ, ਪਰ ਇਹ ਕਰੋਨਾ ਨਹੀਂ ਸੀ। ਉੱਥੇ ਵਿਭਾਗ ਦੇ ਮੁਖੀ ਡਾ. ਮੰਡਲ ਅਤੇ ਡਾ. ਜ਼ਾਫਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਸਨ। ਉਨ੍ਹਾਂ ਨੂੰ ਖ਼ੂਨ ਦੀ ਕਮੀ ਹੋ ਗਈ ਸੀ। 14 ਮਈ ਸ਼ਾਮ ਨੂੰ ਛੇ ਵਜੇ ਦੇ ਕਰੀਬ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਕਿਸੇ ਵੀ ਜਾਣਨ ਸੁਣਨ ਵਾਲੇ ਲਈ ਬੜਾ ਵੱਡਾ ਸਦਮਾ ਸੀ ਕਿਉਂਕਿ ਅਭੈ ਸੰਧੂ ਦੀ ਸਿਹਤ ਚੰਗੀ ਸੀ। ਹਸਪਤਾਲ ਤੋਂ ਕਰੋਨਾ ਮੁਕਤ ਸਰਟੀਫਿਕੇਟ ਮਿਲਣ ਤੋਂ ਬਾਅਦ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਅਤੇ ਹੁਣ ਅਗਲੇ ਐਤਵਾਰ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਹੋਵੇਗੀ।
* ਭਗਤ ਸਿੰਘ ਆਰਕਾਈਵਜ਼ ਅਤੇ ਸੰਸਾਧਨ ਕੇਂਦਰ, ਦਿੱਲੀ ਦੇ ਆਨਰੇਰੀ ਸਲਾਹਕਾਰ।
ਸੰਪਰਕ: 98687-74820