ਡਾ. ਸ਼ਿਆਮ ਸੁੰਦਰ ਦੀਪਤੀ
ਦੋ ਸਾਲ ਦੇ ਕਰੋਨਾ ਕਾਲ ਤੋਂ ਬਾਅਦ ਵੀ ਮੋਬਾਈਲ ਦੀ ਰਿੰਗਟੋਨ ਵਜਦੀ ਹੈ ਤਾਂ ਆਵਾਜ਼ ਆਉਂਦੀ ਹੈ, ‘ਤੁਹਾਡੇ ਸਭ ਦੇ ਸਹਿਯੋਗ ਨਾਲ ਅਸੀਂ ਸੌ ਕਰੋੜ ਟੀਕਾਕਰਨ ਦੀ ਬੇਮਿਸਾਲ ਪ੍ਰਾਪਤੀ ਹਾਸਿਲ ਕਰ ਲਈ ਹੈ। ਆਪਣੇ ਟੀਕਿਆਂ ਦੀ ਜ਼ਰੂਰੀ ਖੁਰਾਕ ਲਵੋ ਤੇ ਕਰੋਨਾ ਨਾਲ ਜੁੜੀਆਂ ਹਦਾਇਤਾਂ ਦਾ ਪਾਲਣ ਕਰਦੇ ਰਹੋ।’
ਜੇ ਅਸੀਂ ਬੇਮਿਸਾਲ ਪ੍ਰਾਪਤੀ ਹਾਸਿਲ ਕਰ ਲਈ ਹੈ ਤਾਂ ਫਿਰ ਲੋੜੀਂਦੀਆਂ ਹਦਾਇਤਾਂ ਕਿਸ ਲਈ? ਇਹ ਆਮ ਸਵਾਲ ਨਹੀਂ ਹੈ। ਇਕ ਮਤਲਬ ਤਾਂ ਸਾਫ਼ ਹੈ ਕਿ ਸਾਨੂੰ ਕਰੋਨਾ ਦੇ ਸੁਭਾਅ ਦੀ ਪੂਰੀ ਵਾਕਫ਼ੀਅਤ ਨਹੀਂ ਹੈ ਜਾਂ ਵੈਕਸੀਨ ’ਤੇ ਭਰੋਸਾ ਨਹੀਂ ਹੈ। ਜੇਕਰ ਵਿਗਿਆਨਕ ਤੌਰ ’ਤੇ ਜਾਣੀਏ ਤਾਂ ਇਹ ਦੋਹੇਂ ਹੀ ਸਥਿਤੀਆਂ ਸਹੀ ਹਨ। ਵਿਗਿਆਨਕ ਨੇਮਾਂ ਅਤੇ ਮਨੁੱਖੀ ਸਰੀਰ ਦਾ ਰਿਸ਼ਤਾ ਸੌ ਫੀਸਦੀ ਇਕਸਾਰ ਨਹੀਂ ਹੁੰਦਾ।
ਵਾਇਰਸ ਬਾਰੇ ਪਿਛਲੇ ਸਾਲਾਂ ਤੋਂ ਗੱਲ ਚੱਲਦੀ ਰਹੀ ਹੈ ਕਿ ਇਹ ਬਹੁਤ ਛੇਤੀ ਆਪਣਾ ਰੂਪ ਬਦਲਦਾ ਹੈ। ਅਸੀਂ ਅਲਫਾ, ਬੀਟਾ, ਗਾਮਾ ਰੂਪਾਂ ਬਾਰੇ ਵੀ ਜਾਣਿਆ ਹੈ, ਜਿਸ ਨੂੰ ਸ਼ਹਿਰਾਂ ਨਾਲ ਤੇ ਦੇਸ਼ਾਂ ਨਾਲ ਜੋੜ ਕੇ ਦੱਸਿਆ ਗਿਆ। ਇਸੇ ਤਰ੍ਹਾਂ ਵੈਕਸੀਨ ਨੂੰ ਲੈ ਕੇ ਵੀ ਇਸ ਦੀ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਪੱਧਰ ਬਾਰੇ ਵੀ ਸਵਾਲ ਉੱਠੇ ਹਨ। ਹਰ ਕੰਪਨੀ ਨੇ ਆਪਣੇ-ਆਪਣੇ ਦਾਅਵੇ ਪੇਸ਼ ਕੀਤੇ ਹਨ। ਨਾਲ ਇਹ ਵੀ ਸੱਚ ਕਿ ਵੈਕਸੀਨ ਚਾਹੇ ਪਹਿਲੋਂ ਵੀ ਵਰਤੀਆਂ ਜਾਂਦੀਆਂ ਰਹੀਆਂ ਹਨ, ਕੋਈ ਵੀ ਸੌ ਫੀਸਦੀ ਪ੍ਰਭਾਵੀ ਨਹੀਂ ਹੁੰਦੀ।
ਹੁਣ ਇਸ ਨਵੇਂ ਰੂਪ ਓਮੀਕ੍ਰੋਨ ਨੇ ਫਿਰ ਤੋਂ ਉਹੀ ਦੋ ਸਾਲ ਪੁਰਾਣੀ ਸਥਿਤੀ ਪੈਦਾ ਕਰ ਦਿੱਤੀ ਹੈ। ਕਰੋਨਾਵਾਇਰਸ ਦਾ ਇਹ ਨਵਾਂ ਰੂਪ ਕੀ ਹੈ, ਕਿਸ ਰਫ਼ਤਾਰ ਨਾਲ ਫੈਲਦਾ ਹੈ, ਕਿੰਨਾ ਕੁ ਘਾਤਕ ਹੈ ਤੇ ਪੂਰੀ ਖੁਰਾਕ (ਦੋਹੇਂ ਟੀਕੇ) ਲੈ ਕੇ ਚੁੱਕੇ ਲੋਕਾਂ ਲਈ ਇਹ ਕੀ ਮਹੱਤਤਾ ਰੱਖਦਾ ਹੈ, ਅਜੇ ਅੰਦਾਜ਼ੇ ਹੀ ਹਨ। ਪਹਿਲਾਂ ਕੇਸ ਦੱਖਣੀ ਅਫਰੀਕਾ ਵਿਚ ਮਿਲਿਆ ਤੇ ਹੁਣ ਇਹ ਸੱਠ ਦੇ ਕਰੀਬ ਦੇਸ਼ਾਂ ਵਿਚੋਂ ਲੱਭਿਆ ਜਾ ਚੁੱਕਾ ਹੈ ਤੇ ਸਾਡੇ ਮੁਲਕ ਵਿਚ ਪਹਿਲਾਂ ਕੇਸ ਕਰਨਾਟਕ ਵਿੱਚੋਂ ਮਿਲਿਆ ਤੇ ਹੁਣ ਤੱਕ ਕਰੀਬ 58 ਕੇਸ (14 ਦਸੰਬਰ ਤੱਕ) ਹੋ ਚੁੱਕੇ ਸਨ। ਇਹ ਫੈਲਾਅ ਤਕਰੀਬਨ ਇਕ ਮਹੀਨੇ ਵਿਚ ਹੋਇਆ ਹੈ।
ਸਾਡੇ ਮੁਲਕ ਵਿੱਚ ਪਹਿਲਾ ਕੇਸ ਜ਼ਰੂਰ ਦੱਖਣ ਅਫ਼ਰੀਕਾ ਨਾਲ ਜੁੜਦਾ ਸੀ ਪਰ ਦੂਸਰੇ ਕੇਸ ਦਾ ਕਿਸੇ ਵੀ ਵਿਦੇਸ਼ੀ ਯਾਤਰਾ ਨਾਲ ਜੁੜਾਵ ਨਹੀਂ ਸੀ। ਇਸ ਥੋੜ੍ਹੀ ਜਿਹੀ ਪਿਛੋਕੜ ਦੇ ਮੱਦੇਨਜ਼ਰ, ਕੇਂਦਰ ਸਰਕਾਰ ਦਾ ਸਿਹਤ ਮੰਤਰਾਲਾ, ਕੇਂਦਰੀ ਸਿਹਤ ਸਕੱਤਰੇਤ ਫਿਰ ਤੋਂ ਉਸੇ ਅੰਦਾਜ਼ ਨਾਲ ਟੀ.ਵੀ. ਸਕਰੀਨ ’ਤੇ ਨਜ਼ਰ ਆਇਆ ਹੈ ਤੇ ਹਰ ਰੋਜ਼ ਗਿਣਤੀ ਕਰਨ ਦਾ ਸਿਲਸਿਲਾ ਤੇ ਉਸ ਦੀ ਪੱਟੀ ਟੀ.ਵੀ. ਸਕਰੀਨ ’ਤੇ ਚਲਾਉਣ ਦੀ ਰਿਵਾਇਤ ਫਿਰ ਸ਼ੁਰੂ ਹੋਈ ਹੈ। ਪਿਛਲੇ ਦੋ ਸਾਲ ਤੋਂ ਜੋ ਰੋਜ਼ਾਨਾ ਹੀ ਕੁਲ ਕੇਸ, ਨਵੇਂ ਕੇਸ, ਉਨ੍ਹਾਂ ਦਾ ‘ਆਰ’ (ਫੈਲਾਅ ਦਰ), ਤੇ ਹੁਣ ਤੱਕ ਠੀਕ ਹੋਏ ਕੇਸ ਆਦਿ ਆਉਣੇ ਸ਼ੁਰੂ ਹੋ ਗਏ ਹਨ। ਹੁਣ ਇਕ ਕੇਸ ਦੀ ਮੌਤ ਨੂੰ ਵੀ ਪ੍ਰਚਾਰ ਮਿਲਿਆ ਹੈ, ਜੋ ਕਿ ਉਂਜ ਬ੍ਰਿਟੇਨ ਵਿਚ ਹੋਈ ਹੈ। ਇਹ ਰੋਜ਼-ਰੋਜ਼ ਓਮੀਕ੍ਰੋਨ ਦਾ ਪ੍ਰਚਾਰ, ਕਿਸੇ ਤਰ੍ਹਾਂ ਦੀ ਸੁਚੇਤ ਕਰਨ ਦਾ ਜ਼ਰੀਆ ਨਹੀਂ ਹੈ, ਸਗੋਂ ਡਰ ਹੈ। ਤੁਸੀਂ ਅੰਦਾਜ਼ਾ ਲਗਾਉ ਕਿ ਮਹਾਰਾਸ਼ਟਰ ਵਿਚ ਸਭ ਤੋਂ ਵੱਧ ਕੇਸ ਹਨ। ਕੁੱਲ 58 ਕੇਸਾਂ ਵਿਚ 28 ਕੇਸ, ਮਤਲਬ ਅੱਧੇ। ਇਸ ਵਿੱਚੋਂ ਵੀ ਜ਼ਿਆਦਾ ਗਿਣਤੀ ਮੁੰਬਈ ਦੀ ਹੈ ਤੇ ਉਥੇ ਧਾਰਾ 144 ਲਗਾ ਦਿੱਤੀ ਅਤੇ ਰੈਲੀਆਂ, ਮੀਟਿੰਗਾਂ ’ਤੇ ਬੈਨ। ਇਹ ਸੁਚੇਤਤਾ ਨਹੀਂ ਡਰ ਹੈ।
ਇਹ ਗੱਲ ਪਿਛਲੇ ਦੋ ਸਾਲ ਤੋਂ ਚਲਦੀ ਆ ਰਹੀ ਹੈ, ਜੋ ਸਮਝਣ ਵਾਲੀ ਹੈ ਕਿ ਵਾਇਰਸ ਨੇ ਰਹਿਣਾ ਹੈ। ਇਹ ਕੋਈ ਨਵੀਂ ਬਲਾ ਨਹੀਂ ਹੈ। ਵਾਇਰਸ ਜੀਵ ਜਗਤ ਦੀ ਵਿਕਾਸ ਲੜੀ ਦਾ ਮੁੱਢਲਾ ਜੀਵ ਹੈ। ਇਸ ਦੀ ਰੂਪ ਬਦਲਣ ਦੀ ਖਾਸੀਅਤ ਨਾਲ ਹੀ ਅੱਗੇ ਜੀਵ ਵਿਕਾਸ ਹੋਇਆ ਹੈ। ਅਸੀਂ ਆਰ.ਟੀ.ਪੀ.ਸੀ.ਆਰ ’ਤੇ ਜ਼ੋਰ ਲਾਇਆ, ਇਸ ਨੂੰ ਗੋਲਡ ਸਟੈਂਡਰਡ ਟੈਸਟ (ਸਭ ਤੋਂ ਵਧੀਆ) ਕਿਹਾ ਪਰ ਇਹ ਵੀ ਸਵਾਲਾਂ ਦੇ ਘੇਰੇ ਵਿਚ ਆਇਆ। ਹੁਣ ਜੀਨੇਮ ਦੀ ਤਰਤੀਬ ਚੈੱਕ ਕਰਨ ਦੀ ਗੱਲ ਹੋ ਰਹੀ ਹੈ, ਜੋ ਅੱਗੋਂ ਬਰੀਕੀ ਨਾਲ ਵਾਇਰਸ ਦਾ ਰੂਪ ਨਿਰਧਾਰਿਤ ਕਰ ਕੇ ਦੱਸਦਾ ਹੈ। ਇਹ ਲੈਬਾਰਟਰੀਆਂ ਵੀ ਬਹੁਤ ਜ਼ਿਆਦਾ ਨਹੀਂ ਹਨ ਪਰ ਸਵਾਲ ਹੈ ਕਿ ਓਮੀਕ੍ਰੋਨ ਨੂੰ ਲੈ ਕੇ ਬਣਾਏ ਜਾ ਰਹੇ ਮਾਹੌਲ ਦਾ। ਕੇਂਦਰੀ ਸਿਹਤ ਸਕੱਤਰ ਸਾਹਮਣੇ ਆ ਰਿਹਾ ਹੈ, ਉਹ ਰਾਜਾਂ ਨੂੰ ‘ਸਲਾਹਕਾਰੀ’ ਭੇਜ ਰਿਹਾ ਹੈ ਕਿ ਇਸ ਪ੍ਰਤੀ ਸੁਚੇਤ ਹੋਵੇ। ਸਿਹਤ ਮਾਹਿਰ, ਵਾਇਰਸ ਜਾਂ ਮਹਾਮਾਰੀ ਨਾਲ ਜੁੜੇ ਮਾਹਿਰ (ਐਪੀਡੈਮਾਆਲੋਜਿਸਟ) ਪਰਦੇ ਦੇ ਪਿੱਛੇ ਰੱਖੇ ਹੋਏ ਹਨ। ਜਦੋਂ ਕਦੇ ਕੋਈ ਸੋਸ਼ਲ ਮੀਡੀਆ ਵਾਲਾ ਉਨ੍ਹਾਂ ਨਾਲ ਗੱਲ ਕਰਦਾ ਹੈ ਤਾਂ ਉਹ ਕਹਿ ਰਹੇ ਹਨ ਕਿ ਇਹ ਮਾਮੂਲੀ ਵਾਇਰਸ ਹੈ। ਇਹ ਪਹਿਲੇ ਰੂਪਾਂ ਤੋਂ ਵੱਧ ਘਾਤਕ ਨਹੀਂ ਹੈ। ਉਹੀ ਲੱਛਣ ਹਨ, ਖਾਂਸੀ, ਗਲੇ ਵਿੱਚ ਖਾਰਸ਼, ਹਲਕਾ ਬੁਖ਼ਾਰ ਤੇ ਉਹੀ ਹਦਾਇਤਾਂ। ਮਾਸਕ, ਸੈਨੀਟਾਇਜ਼ਰ, ਸਰੀਰਕ ਦੂਰੀ। ਜੇਕਰ ਗੌਰ ਨਾਲ ਦੇਖੋ ਤਾਂ ਕਿਸੇ ਵੀ ਸਮੇਂ ਸਰਦੀ-ਜ਼ੁਕਾਮ ਦੇ ਹਮਲੇ ਵੇਲੇ, ਇਹ ਹਦਾਇਤਾਂ, ਇਹ ਸਲਾਹ ਪਹਿਲਾਂ ਵੀ ਦਿੱਤੀ ਜਾਂਦੀ ਰਹੀ ਹੈ ਤੇ ਨਾਲ ਹੀ ਇਹ ਸਾਡੀ ਸਿਹਤ ਸਬੰਧੀ ਰੋਜ਼ਾਨਾ ਦੀਆਂ ਆਦਤਾਂ ਦਾ ਵੀ ਹਿੱਸਾ ਹੈ। ਅਸੀਂ ਹੱਥ ਨਹੀਂ ਮਿਲਾਉਂਦੇ, ਗਲਵਕੜੀ ਤੋਂ ਪਰਹੇਜ ਕਰਦੇ ਹਾਂ। ਘਰੇ ਵੀ ਬਿਸਤਰ ਸਾਂਝਾ (ਦੂਰੀ) ਨਹੀਂ ਕਰਦੇ ਤੇ ਹੱਥ ਧੋਣਾ ਵੈਸੇ ਵੀ ਸਾਡੀਆਂ ਚੰਗੀਆਂ ਆਦਤਾਂ ਵਿਚ ਸ਼ਾਮਿਲ ਹੈ।
ਇਸ ਨਵੇਂ ਰੂਪ ਨੂੰ ਲੈ ਕੇ ਟੀਕਾਕਰਨ ਨਾਲ ਜੋੜਿਆ ਜਾਵੇ ਤਾਂ ਪਹਿਲਾਂ ਤਾਂ ਇਹ ਸਥਿਤੀ ਸਮਝਣ ਦੀ ਲੋੜ ਹੈ ਕਿ ਬੇਮਿਸਾਲ ਪ੍ਰਾਪਤੀ ਦਾ ਸੱਚ ਇਹ ਹੈ ਕਿ ਪੂਰਾ ਟੀਕਾਕਰਨ (ਦੋਹੇਂ ਟੀਕੇ) ਸਿਰਫ਼ 32 ਫੀਸਦੀ ਨੂੰ ਲੱਗੇ ਹਨ ਤੇ ਇਕ ਟੀਕਾ ਜ਼ਰੂਰ ਅੱਧੀ ਆਬਾਦੀ ਨੂੰ ਲੱਗ ਗਿਆ ਹੈ। ਬਾਕੀ ਪ੍ਰਭਾਵੀ ਕਿੰਨਿਆਂ ਵਿਚ ਹੈ, ਐਂਟੀਬਾਡੀਜ਼ ਦੇ ਪੱਖ ਤੋਂ ਕਿੰਨੇ ਸਮੇਂ ਲਈ ਹੈ, ਅਜੇ ਜਵਾਬ ਆਉਣੇ ਬਾਕੀ ਹਨ। ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਹਰ ਰੋਜ਼ ਲੱਖਾਂ ਦੀ ਤਦਾਦ ਵਿਚ ਟੀਕਾ ਬਣਾਈ ਜਾ ਰਹੀਆਂ ਹਨ। ਉਹ ਇਕੱਠਾ ਹੋ ਰਿਹਾ ਹੈ। ਹਰ ਦਵਾਈ ਦੀ ਤਰ੍ਹਾਂ ਉਨ੍ਹਾਂ ਦੇ ਖਾਰਜ ਹੋਣ ਦੀ ਤਾਰੀਖ ਵੀ ਹੈ। ਉਨ੍ਹਾਂ ਦੀ ਆਪਣੀ ਚਿੰਤਾ ਇਕ ਬਾਜ਼ਾਰ ਬਣਾਈ ਰੱਖਣ ਦੀ ਵੀ ਹੈ। ਉਨ੍ਹਾਂ ਦਾ ਦਬਾਅ ਹੈ ਕਿ ਟੀਕਾਕਰਨ ਪੂਰਾ ਹੋਵੇ। ਉਹ ਤਾਂ ਚਾਹੁੰਦੇ ਹਨ ਕਿ ਤੀਸਰਾ ਟੀਕਾ-ਬੂਸਟਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲਗਾਉਣ ਦੀ ‘ਸਲਾਹਕਾਰੀ’ (ਐਡਵਾਇਜ਼ਰੀ) ਜਾਰੀ ਹੋਵੇ। ਇਸ ਨੂੰ ਲੈ ਕੇ ਵਿਸ਼ਵ ਭਰ ਵਿਚ ਮਾਹਿਰਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਹਨ। ਟੀਕਾ ਲਗਵਾ ਚੁੱਕੇ, ਐਂਟੀਬਾਡੀਜ਼ ਬਣਕੇ, ਬਣੇ ਰਹਿਣ ਦੀ ਸੀਮਾ ਬਾਰੇ ਅਜੇ ਅਧਿਐਨ ਸਾਹਮਣੇ ਆਉਣੇ ਬਾਕੀ ਹਨ।
ਇਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਾਨੂੰ ਕਰੋਨਾ ਨਾਲ ਰਹਿਣ ਲਈ, 10-20 ਸਾਲ ਤੱਕ ਤਿਆਰ ਰਹਿਣਾ ਚਾਹੀਦਾ ਹੈ। ਇਸ ਤੋਂ ਇਹ ਮਤਲਬ ਲਗਾਇਆ ਜਾ ਸਕਦਾ ਹੈ ਕਿ ਵੈਕਸੀਨ ਹਰ ਸਾਲ ਲਗਵਾਉਣੀ ਪਵੇਗੀ। ਨਾਲ ਹੀ ਵੈਕਸੀਨ ਪਾਸਪੋਰਟ ਦੀ ਗੱਲ ਚੱਲ ਰਹੀ ਹੈ ਕਿ ਤੁਸੀਂ ਕਿਸੇ ਦੂਸਰੀ ਥਾਂ ’ਤੇ ਜਾਣਾ ਹੈ ਤਾਂ ਉਸ ਪਾਸਪੋਰਟ ਜਰੀਏ ਪਤਾ ਚੱਲ ਜਾਵੇਗਾ ਕਿ ਤੁਹਾਡੀ ਵੈਕਸੀਨ ਪੂਰੀ ਹੈ ਜਾਂ ਨਹੀਂ। ਕਹਿਣ ਤੋਂ ਭਾਵ, ਤੁਹਾਡੀ ਆਪਣੀ ਮੰਸ਼ਾ ਜਾਂ ਸਮਝ ਕੰਮ ਨਹੀਂ ਆਵੇਗੀ, ਤੁਹਾਨੂੰ ਹਦਾਇਤਾਂ ਮੰਨਣੀਆਂ ਪੈਣਗੀਆਂ।
ਇਸ ਸਾਰੀ ਪ੍ਰਕਿਰਿਆ ਵਿਚ, ਵਿਸ਼ਵ ਸਿਹਤ ਸੰਸਥਾ ਵੀ ਆਪਣੀ ਭੂਮਿਕਾ ਅਦਾ ਕਰ ਰਹੀ ਹੈ। ਪਿਛਲੇ ਸਮੇਂ ਦੌਰਾਨ ਵੀ ਉਸ ਦੀ ਕਾਰਗੁਜਾਰੀ ’ਤੇ ਉਂਗਲ ਉੱਠੀ ਤੇ ਅਮਰੀਕਾ ਨੂੰ ਆਪਣਾ ਸਹਿਯੋਗ ਬੰਦ ਕਰਨ ਤੱਕ ਜਾਣਾ ਪਿਆ। ਹੁਣ ਵੀ ਇਸ ਨਵੇਂ ਰੂਪ ਨੂੰ ਲੈ ਕੇ ਵਿਸ਼ਵ ਸਿਹਤ ਸੰਸਥਾ ਚਿਤਾਵਨੀ ਦੇ ਰਹੀ ਹੈ। ਵਿਸ਼ਵੀ ਸੰਸਥਾ ਦੀ ਚਿਤਾਵਨੀ ਨੂੰ ਕੋਈ ਦੇਸ਼ ਕਿਵੇਂ ਲੈਂਦਾ ਹੈ, ਉਸ ਬਾਰੇ ਆਪਾਂ ਪਹਿਲਾਂ ਹੀ ਦੇਖ ਚੁੱਕੇ ਹਾਂ। ਹੁਣ ਵੀ ਸਾਡੇ ਮੁਲਕ ਵਿਚ ਇਕ ਰਾਜ ਧਾਰਾ 144 ਲਗਾ ਰਿਹਾ ਹੈ ਤੇ ਦੂਸਰੇ ਪਾਸੇ ਹਜ਼ਾਰਾਂ-ਲੱਖਾਂ ਦੇ ਇਕੱਠ ਵਿਚ ਦੇਸ਼ ਦਾ ਪ੍ਰਧਾਨ ਮੰਤਰੀ ਗੰਗਾ-ਆਰਤੀ ਕਰ ਰਿਹਾ ਹੈ, ਭਾਵੇਂ ਯੂਪੀ ਵਿਚ ਅਜੇ ਤੱਕ ਕੋਈ ਕੇਸ ਦਰਜ ਨਹੀਂ ਹੋਇਆ ਹੈ। ਭਾਵੇਂ ਕਿ ਇਹ ਵੀ ਪਤਾ ਹੈ ਕਿ ਆਂਕੜਿਆਂ ਨੂੰ ਛੁਪਾਉਣ ਵਿਚ ਅਸੀਂ ਕਿੰਨੇ ਮਾਹਿਰ ਹਾਂ। ਪੰਜਾਬ ਵਿਚ ਦੋ ਕੇਸ ਹੋਏ, ਅਜੇ ਜੀਨੇਮ ਦੀ ਪੁਸ਼ਟੀ ਹੋਣੀ ਹੈ, ਇਕ ਕੇਸ ਚੰਡੀਗੜ੍ਹ ਆਇਆ ਹੈ ਪਰ ਪੰਜਾਬੀ ਮੀਡੀਆ ’ਤੇ ਓਮੀਕ੍ਰੋਨ ਦਾ ਕਹਿਰ ਵਰਗੀ ਸ਼ਬਦਾਵਲੀ ਦਾ ਆਗਮਨ ਹੋ ਗਿਆ ਹੈ।
ਵਿਸ਼ਵ ਸਿਹਤ ਸੰਸਥਾ ਨੇ ਪਿਛਲੇ ਸਾਲ ਵੱਖ-ਵੱਖ ਰੂਪਾਂ ਨੂੰ ਲੈ ਕੇ ‘ਦਿਲਚਸਪੀ ਵਾਲਾ ਵਾਇਰਸ’ ਅਤੇ ‘ਸਰੋਕਾਰ ਵਾਲਾ ਵਾਇਰਸ’ ਦੋ ਵਰਗ ਬਣਾਏ ਸਨ ਤੇ ਓਮੀਕ੍ਰੋਨ ਨੂੰ ਸਰੋਕਾਰ ਵਾਲਾ ਵਾਇਰਸ ਐਲਾਨਿਆ ਹੈ ਪਰ ਅਜੇ ਬਹੁਤ ਕੁਝ ਆਉਣਾ ਬਾਕੀ ਹੈ। ਦੂਸਰੀ ਲਹਿਰ ਤੋਂ ਬਾਅਦ ਤੀਸਰੀ ਲਹਿਰ ਦਾ ਖਾਸ ਕਰ ਬੱਚਿਆਂ ਨੂੰ ਕਾਫ਼ੀ ਡਰਾਇਆ ਗਿਆ। ਉਦੋਂ ਵੀ ਕਈ ਮਾਹਿਰਾਂ ਨੇ ਇਸ ਅੰਦੇਸ਼ੇ ਨੂੰ ਰੱਦ ਕੀਤਾ।
ਸੁਚੇਤ ਹੋਣਾ ਆਪਣੇ ਆਪ ਵਿਚ ਮਹੱਤਵਪੂਰਨ ਹੈ। ਮਨੁੱਖੀ ਸਮਝ ਦੇ ਅਨੁਕੂਲ ਹੈ। ਮਨੁੱਖੀ ਵਿਕਾਸ ਦੀ ਖਾਸ ਅਹਿਮ ਪ੍ਰਾਪਤੀ ਵੀ ਹੈ। ਸੁਚੇਤ ਹੋ ਕੇ ਵਿਉਂਤਬੰਦੀ ਹੋ ਜਾਂਦੀ ਹੈ, ਇਹ ਵੀ ਮਨੁੱਖ ਦੀ ਵਿਲੱਖਣਤਾ ਹੈ। ਇਹ ਗੱਲ ਵੱਖਰੀ ਹੈ ਕਿ ਦੂਸਰੀ ਲਹਿਰ ਵਿਚ ਵਿਉਂਤਬੰਦੀ ਦੀ ਘਾਟ ਨੇ ਹਜ਼ਾਰਾਂ ਜਾਨਾਂ ਲਈਆਂ। ਉਹ ਵਾਇਰਸ ਕਰਕੇ ਨਹੀਂ, ਕੁ ਪ੍ਰਬੰਧ ਕਰਕੇ ਸੀ। ਹੁਣ ਵੀ ਸੁਚੇਤ ਹੋ ਕੇ, ਮਾਹਿਰਾਂ ਨੂੰ ਅੱਗੇ ਲਿਆ ਕੇ, ਸਥਿਤੀ ਦੇ ਸੱਚ ਨਾਲ ਰੂਬਰੂ ਕਰਵਾਉਣਾ ਚਾਹੀਦਾ ਹੈ। ਐਵੇਂ ਹੀ ਡਰ ਨੂੰ ਹਥਿਆਰ ਬਣਾ ਕੇ, ਰਾਜਨੇਤਾਵਾਂ ਨੂੰ ਆਪਣਾ ਮੁਫਾਦ ਪੂਰਾ ਨਹੀਂ ਕਰਨਾ ਚਾਹੀਦਾ। ਵੈਸੇ ਦੇਸ਼ ਦੇ ਪੰਜ ਰਾਜਾਂ ਵਿਚ ਚੋਣਾਂ ਹਨ ਤੇ ਸਾਰਿਆਂ ਨੇ ਪ੍ਰਚਾਰ ਕਰਨਾ ਹੈ। ਇਹ ਦੇਖਣ ਦੀ ਲੋੜ ਹੈ ਕਿ ਕੇਂਦਰ ਸਰਕਾਰ ਨੂੰ ਮਾਫ਼ਕ ਕੀ ਆਉਂਦਾ ਹੈ, ਉਸ ਨੇ ਉਹੀ ਫੈਸਲਾ ਕਰਨਾ ਹੈ, ਉਸੇ ਰੁਖ ਹੀ ਆਪਣੀ ਦਿਸ਼ਾ ਨਿਰਧਾਰਿਤ ਕਰਨੀ ਹੈ।
-ਸੰਪਰਕ: 98158-08506