ਡਾ. ਹਰਦੀਪ ਸਿੰਘ
ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਈ: ਨੂੰ ਗਰਾਂ ਹਰਿਆਲ (ਰਾਵਲਪਿੰਡੀ) ਵਿੱਚ ਬਖ਼ਸ਼ੀ ਗੋਪੀ ਚੰਦ ਅਤੇ ਮੂਲਾਂ ਦੇਵੀ ਦੇ ਘਰ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਨਾਨਕ ਚੰਦ ਸੀ। ਉਨ੍ਹਾਂ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ’ਚੋਂ ਲੈ ਕੇ ਮਿਸ਼ਨ ਸਕੂਲ ਰਾਵਲਪਿੰਡੀ ਵਿਚ ਦਾਖਲਾ ਲਿਆ। ਮਗਰੋਂ ਦਸਵੀਂ ਪਾਸ ਕਰ ਕੇ ਤਾਰਾ ਸਿੰਘ ਨੇ ਅਗਲੀ ਪੜ੍ਹਾਈ ਜਾਰੀ ਰੱਖਣ ਲਈ ਪ੍ਰਿੰਸੀਪਲ ਜੋਧ ਸਿੰਘ ਦੀ ਸਹਾਇਤਾ ਨਾਲ 2 ਜਨਵਰੀ, 1904 ਈ: ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖਲਾ ਲਿਆ। 1907 ਈ: ਵਿਚ ਖ਼ਾਲਸਾ ਕਾਲਜ ਤੋਂ ਬੀ.ਏ. ਪਾਸ ਕਰਕੇ ਐੱਸਏਵੀ ਦੀ ਵਿੱਦਿਆ ਲਈ ਸੈਂਟ੍ਰਲ ਟ੍ਰੇਨਿੰਗ ਕਾਲਜ ਵਿਚ ਗਏ ਤੇ 1908 ਵਿਚ ਪ੍ਰੀਖਿਆ ਪਾਸ ਕਰਨ ਪਿੱਛੋਂ ਲਾਇਲਪੁਰ ਸ਼ਹਿਰ ਚਲੇ ਗਏ। ਇੱਥੇ ਉਨ੍ਹਾਂ ਸਥਾਨਕ ਸਿੱਖਾਂ ਦੀ ਸਹਾਇਤਾ ਨਾਲ ਖ਼ਾਲਸਾ ਹਾਈ ਸਕੂਲ ਲਾਇਲਪੁਰ ਖੋਲ੍ਹਿਆ, ਜਿਹੜਾ ਅੱਜਕੱਲ੍ਹ ਜਲੰਧਰ ਸ਼ਹਿਰ ਵਿੱਚ ਲਾਇਲਪੁਰ ਖਾਲਸਾ ਸਕੂਲ ਦੇ ਨਾਂ ਨਾਲ ਪ੍ਰਸਿੱਧ ਹੈ। ਇੱਥੇ ਉਨ੍ਹਾਂ 15 ਰੁਪਏ ਮਹੀਨਾ ਤਨਖਾਹ ’ਤੇ ਹੈਡ ਮਾਸਟਰ ਦੀ ਨਿਯੁਕਤੀ ਪ੍ਰਵਾਨ ਕਰ ਲਈ। ਇਹ ਸਕੂਲ ਚਲਾਉਣ ਕਰਕੇ ਉਨ੍ਹਾਂ ਦੇ ਨਾਂ ਨਾਲ ‘ਮਾਸਟਰ’ ਸ਼ਬਦ ਸਦਾ ਲਈ ਜੁੜ ਗਿਆ। ਜ਼ਿਕਰਯੋਗ ਹੈ ਕਿ ਭਾਈ ਵੀਰ ਸਿੰਘ ਦੁਆਰਾ ਲਿਖੀ ਰਚਨਾ ‘ਸੁੰਦਰੀ’ (1938) ਪੜ੍ਹ ਕੇ ਉਹ ‘ਸਿੰਘ’ ਸਜੇ ਸਨ।
ਮਾਸਟਰ ਤਾਰਾ ਸਿੰਘ ਨੇ 1920 ਈ: ਵਿਚ ‘ਗੁਰਦੁਆਰਾ ਸੁਧਾਰ ਲਹਿਰ’ ਸ਼ੁਰੂ ਹੋਣ ’ਤੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੂੰ 1920 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ‘ਅਕਾਲੀ’ ਅਖ਼ਬਾਰ ਦੇ ਸੰਪਾਦਕ ਬਣਾਇਆ ਗਿਆ। ਉਨ੍ਹਾਂ ਸਾਕਾ ਨਨਕਾਣਾ ਸਾਹਿਬ ਦੌਰਨ ਹਾਲਾਤ ਵਧੇਰੇ ਖ਼ਰਾਬ ਹੋਣ ਤੋਂ ਬਚਾਉਣ ਲਈ ਕਾਫੀ ਯਤਨ ਕੀਤੇ ਪਰ ਸਿੱਖ ਜਥਾ ਨਨਕਾਣਾ ਸਾਹਿਬ ਪਹੁੰਚਦੇ ਹੀ ਮਹੰਤ ਨਰੈਣ ਦਾਸ ਨੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਉਸ ਦਿਨ ਤੋਂ ਹੀ ਮਾਸਟਰ ਜੀ ਨੇ ਆਪਣਾ ਸਾਰਾ ਜੀਵਨ ਪੰਥ ਦੀ ਸੇਵਾ ਲਈ ਲਾਉਣ ਦਾ ਪ੍ਰਣ ਕਰ ਲਿਆ। 26 ਨਵੰਬਰ, 1921 ਨੂੰ ‘ਚਾਬੀਆਂ ਦੇ ਮੋਰਚੇ’ ਵਿਚ ਅਜਨਾਲਾ ’ਚ ਤਕਰੀਰ ਕਰਨ ਦੇ ਦੋਸ਼ ਹੇਠ ਅੰਗਰੇਜ਼ ਸਰਕਾਰ ਨੇ ਦਸੰਬਰ 1921 ਨੂੰ 6 ਮਹੀਨੇ ਕੈਦ ਤੇ 1,000 ਰੁਪਏ ਜੁਰਮਾਨਾ ਕੀਤਾ। ਨਾਭੇ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੇ ਪੁੱਤਰ ਮਾਹਾਰਾਜਾ ਰਿਪੁਦਮਨ ਸਿੰਘ ਕੋਲੋਂ ਅੰਗਰੇਜ਼ਾਂ ਦੁਆਰਾ ਰਾਜਗੱਦੀ ਖੋਹਣ ਮਗਰੋਂ ਕੋਡਾਈ ਕਨਾਲ ਵਿਚ ਨਜ਼ਰਬੰਦ ਕਰਨ ਦਾ ਮਾਸਟਰ ਜੀ ਦੇ ਦਿਲ ’ਤੇ ਬੜਾ ਡੂੰਘਾ ਅਸਰ ਹੋਇਆ। 13 ਅਕਤੂਬਰ, 1923 ਈ: ਨੂੰ ‘ਜੈਤੋ ਦਾ ਮੋਰਚਾ’ ਵਧੇਰੇ ਤੇਜ ਹੋਣ ਕਰਕੇ ਉਨ੍ਹਾਂ ਨੂੰ ਬਾਕੀ ਸਾਥੀਆਂ ਨਾਲ ਧਾਰਾ 121 ਤੇ 124 ਅਧੀਨ ਬਗ਼ਾਵਤ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਜੇਲ੍ਹ ਅਤੇ 6 ਮਹੀਨੇ ਮਗਰੋਂ ਸ਼ਾਹੀ ਕਿਲ੍ਹਾ ਲਾਹੌਰ ਭੇਜ ਦਿੱਤਾ ਗਿਆ। 1 ਨਵੰਬਰ, 1925 ਵਿਚ ‘ਗੁਰਦੁਆਰਾ ਸਧਾਰ ਬਿੱਲ’ ਪਾਸ ਹੋਣ ’ਤੇ ਅੰਗਰੇਜ਼ ਸਰਕਾਰ ਵੱਲੋਂ ਰਿਹਾਈ ਲਈ ਸ਼ਰਤਾਂ ਲਗਾ ਦਿੱਤੇ ਜਾਣ ’ਤੇ ਮਾਸਟਰ ਤਾਰਾ ਸਿੰਘ ਆਪਣੇ 15 ਸਾਥੀਆਂ ਸਮੇਤ ਸ਼ਰਤਾਂ ਨਾ ਮੰਨਣ ਦੇ ਵਿਰੋਧ ਵਿਚ ਖੜ੍ਹੇ ਰਹੇ। ਸੋਹਣ ਸਿੰਘ ਜੋਸ਼, ਤੇਜਾ ਸਿੰਘ ਸਮੁੰਦਰੀ, ਸੇਵਾ ਸਿੰਘ ਠੀਕਰੀਵਾਲਾ, ਗੋਪਾਲ ਸਿੰਘ ਕੌਮੀ, ਸੁਰਮੁੱਖ ਸਿੰਘ ਝਬਾਲ, ਤੇਜਾ ਸਿੰਘ ਅਕਰਪੁਰੀ ਇਨ੍ਹਾਂ 15 ਸਾਥੀਆਂ ਵਿਚ ਸ਼ਾਮਲ ਸਨ।
1927 ਈ: ਵਿਚ ਮੋਤੀ ਲਾਲ ਨਹਿਰੂ ਰਿਪੋਰਟ ਵਿਚ ਸਿੱਖ ਘੱਟ ਗਿਣਤੀ ਸਬੰਧੀ ਕੋਈ ਜ਼ਿਕਰ ਤੱਕ ਨਾਂ ਆਉਣ ’ਤੇ ਤਾਰਾ ਸਿੰਘ ਨੇ ਕਾਂਗਰਸ ਦੀ ਪਰਵਾਹ ਨਾ ਕਰਦਿਆਂ ਰਿਪੋਰਟ ਦਾ ਵਿਰੋਧ ਕੀਤਾ। 1928 ਨੂੰ ਕਲਕੱਤੇ ਵਿਚ ਸਾਰੀਆਂ ਪਾਰਟੀਆਂ ਦੀ ਸਾਂਝੀ ਕਾਨਫ਼ਰੰਸ ਵਿਚ ਮਾਸਟਰ ਜੀ ਨੇ ਮੰਗਲ ਸਿੰਘ ਦੀ ਮਦਦ ਨਾਲ ਸਿੱਖ ਦ੍ਰਿਸ਼ਟੀਕੋਣ ਪੇਸ਼ ਕੀਤਾ ਅਤੇ ਪੰਜਾਬ ਦੇ ਸਾਰੇ ਖੇਤਰਾਂ ਵਿਚ ਸਿੱਖਾਂ ਲਈ 33 ਫੀਸਦੀ ਦੀ ਮੰਗ ਕੀਤੀ। 1929 ਵਿਚ ਉਹ ਅਕਾਲੀ ਦਲ ਅਤੇ ਕੇਂਦਰੀ ਸਿੱਖ ਲੀਗ ਦੇ ਪ੍ਰਧਾਨ ਰਹੇ।
ਮੁਸਲਿਮ ਲੀਗ ਦੁਆਰਾ 1940 ਈ: ਵਿਚ ਪਾਕਿਸਤਾਨ ਦੀ ਮੰਗ ਪੇਸ਼ ਕਰਨ ’ਤੇ ਮਾਸਟਰ ਜੀ ਨੇ ਪਾਕਿਸਤਾਨ ਦੀ ਮੰਗ ਦਾ ਵਿਰੋਧ ਕੀਤਾ ਅਤੇ 1941 ਈ: ਵਿਚ ਕਰਾਚੀ ’ਚ ਅਕਾਲੀ ਕਾਨਫ਼ਰੰਸ ਬੁਲਾ ਕੇ ਸਿੱਖਾਂ ਦੇ ਭਾਵਾਂ ਦਾ ਪ੍ਰਗਟਾਵਾ ਕੀਤਾ। ਜੇ ਮਾਸਟਰ ਜੀ ’ਚ ਲੱਖਾਂ ਵਿਰੋਧੀਆਂ ਦੇ ਸਾਹਮਣੇ ਲਾਹੌਰ ਅਸੈਂਬਲੀ ਦੇ ਬਾਹਰ ‘ਪਾਕਿਸਤਾਨ ਮੁਰਦਾਬਾਦ’ ਕਹਿਣ ਦੀ ਦਲੇਰੀ ਸੀ ਤਾਂ 1955 ਈ: ਵਿੱਚ ਫਤਹਿਗੜ੍ਹ ਸਾਹਿਬ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮਾਈਕ ਫੜ ਕੇ ਚੁਣੌਤੀ ਦੇਣ ਲਈ ਸਾਹਸ ਤੇ ਜੁਰਅਤ ਵੀ ਸੀ। ਜਦੋਂ ਉਨ੍ਹਾਂ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਵਿਰੁੱਧ ਕਲਮ ਚੁੱਕੀ ਤਾਂ ਕੋਈ ਲਾਲਚ ਤੇ ਡਰ ਝੁਕਾ ਨਾ ਸਕਿਆ।
ਸਿੱਖ ਰਾਜਨੀਤੀ ਵਿਚ ਜਿੱਥੇ ਉਨ੍ਹਾਂ ਪੰਥ ਦੀ ਰਹਿਨੁਮਾਈ ਕੀਤੀ, ਉੱਥੇ ਸਿੱਖਾਂ ਨੂੰ ਦੇਸ਼ ਦੀ ਆਜ਼ਾਦੀ ਦੇ ਸੰਗ੍ਰਾਮ ਵਿਚ ਵੀ ਪੂਰਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਮਾਸਟਰ ਜੀ ਭਾਰਤ ਦੀ ਅਖੰਡਤਾ ਦੇ ਮੁਦੱਈ ਸਨ। ਉਹ ਦੇਸ਼ ਦੀ ਵੰਡ ਦਾ ਅੰਤ ਤੱਕ ਵਿਰੋਧ ਕਰਦੇ ਰਹੇ। ਉਨ੍ਹਾਂ ਦਾ ਪ੍ਰਸਿੱਧ ਸੁਤੰਤਰਤਾ ਸੈਨਾਨੀ ਤੇ ਇਨਕਲਾਬੀ ਵੀਰ ਦਮੋਦਰ ਸਾਵਰਕਰ ਨਾਲ ਗੂੜ੍ਹਾ ਰਿਸ਼ਤਾ ਸੀ।
ਮਾਸਟਰ ਜੀ ਦੀ ਪੜ੍ਹਾਈ ਦੇ ਖੇਤਰ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ, ਸਿੱਖ ਨੈਸ਼ਨਲ ਕਾਲਜ ਲਾਹੌਰ ਅਤੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਨੂੰ ਮਹਾਨ ਦੇਣ ਹੈ। ਮਾਸਟਰ ਜੀ ਨੇ ਪੰਜਾਬੀ ਪੱਤਰਕਾਰੀ ਤੇ ਉਰਦੂ ਪੱਤਰਕਾਰੀ ਵਿਚ ਵੀ ਨਾਂ ਕੀਤਾ। ਦੇਸ਼ ਆਜ਼ਾਦ ਹੋਣ ਮਗਰੋਂ ਉਰਦੂ ‘ਪ੍ਰਭਾਤ’ ਤੋਂ ਬਿਨਾਂ ਮਾਸਿਕ ਪੱਤਰ ‘ਸੰਤ ਸਿਪਾਹੀ’ ਵੀ ਕੱਢਦੇ ਰਹੇ। ਉਹ ਚੰਗੇ ਸਾਹਿਤ ਰਚੇਤਾ ਵੀ ਸਨ। ‘ਬਾਬਾ ਤੇਗ਼ਾ ਸਿੰਘ’, ‘ਪ੍ਰੇਮ ਲਗਨ’(ਦੋਵੇਂ ਨਾਵਲ), ‘ਕਿਉਂ ਵਰਨੀ ਕਿਵ ਜਾਣਾ’, ‘ਪੰਥਕ ਨਿਸ਼ਾਨਾ’, ‘ਮੇਰੀ ਯਾਦ’ ਆਦਿ ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ਹਨ।
ਮਾਸਟਰ ਤਾਰਾ ਸਿੰਘ ਨੇ ਆਜ਼ਾਦ ਭਾਰਤ ਵਿਚ ਸਿੱਖਾਂ ਦੀ ਰਾਖੀ ਲਈ 20 ਸਾਲ ਨਿਰੰਤਰ ਸੰਘਰਸ਼ ਕੀਤਾ। 1956 ਈ: ਵਿਚ ਮਾਸਟਰ ਜੀ ਦੀ ਆਸ ਅਨੁਸਾਰ ਰੀਜਨਲ ਫ਼ਾਰਮੂਲੇ ਦਾ ਸਮਝੌਤਾ ਹੋਇਆ ਤੇ ਸਿੱਖ ਪੱਛੜੀਆਂ ਜਾਤੀਆਂ ਦੇ ਹਿੱਤਾਂ ਲਈ ਮੋਰਚਾ ਲਾਇਆ। ਮਾਸਟਰ ਜੀ ਨੇ ਪੰਜਾਬੀ ਭਾਸ਼ਾ ਵਾਸਤੇ ਇਕ ਵੱਖਰੇ ਸੂਬੇ ਦੀ ਮੰਗ ਲਈ ਸੰਘਰਸ਼ ਸ਼ੁਰੂ ਕੀਤਾ। ਉਨ੍ਹਾਂ ਨੂੰ ਇਸ ਮੰਤਵ ਲਈ ਕਈ ਵਾਰ ਜੇਲ੍ਹ ਜਾਣਾ ਪਿਆ ਅਤੇ ਕਈ ਹੜਤਾਲਾਂ, ਮੋਰਚੇ ਲਗਾਉਣੇ ਪਏ। ਅੰਤ 1966 ਵਿਚ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਨਵਾਂ ਪੰਜਾਬ ਹੋਂਦ ਵਿਚ ਆਇਆ। ਮਾਸਟਰ ਜੀ 82 ਸਾਲ ਦੀ ਉਮਰ ਵਿਚ 22 ਨਵੰਬਰ, 1967 ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ ਚੰਡੀਗੜ੍ਹ ਦੇ ਪੀਜੀਆਈ ਵਿਚ ਫ਼ਾਨੀ ਸੰਸਾਰ ਤੋਂ ਰੁਖਸਤ ਹੋ ਗਏ।
ਸੰਪਰਕ: 94633-64992