ਗੁਰਦੇਵ ਸਿੰਘ ਸਿੱਧੂ
ਮੁਲਕ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਹਿੰਦੋਸਤਾਨੀਆਂ ਨੇ ਬਹੁਤ ਘਾਲਣਾ ਘਾਲੀ ਅਤੇ ਕੁਰਬਾਨੀਆਂ ਦਿੱਤੀਆਂ। ਇਸੇ ਮੰਤਵ ਲਈ ਅਮਰੀਕਾ ਵਿਚ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਗਈ। 16 ਨਵੰਬਰ 1915 ਨੂੰ ਸੱਤ ਗ਼ਦਰੀਆਂ ਯੋਧਿਆਂ ਨੂੰ ਫਾਂਸੀ ਚਾੜ੍ਹਿਆ ਗਿਆ। ਇਹ ਲੇਖ ਗ਼ਦਰੀਆਂ ਵੱਲੋਂ ਪਾਏ ਯੋਗਦਾਨ ਦੀ ਯਾਦ ਤਾਜ਼ਾ ਕਰਵਾਉਂਦਾ ਹੈ।
ਉਨ੍ਹੀਂਵੀਂ ਸਦੀ ਦੇ ਅੰਤਲੇ ਵਰ੍ਹਿਆਂ ਦੌਰਾਨ ਪੁਣੇ ਸ੍ਰੀ ਬਾਲ ਗੰਗਾਧਰ ਤਿਲਕ ਦੇ ਪ੍ਰਭਾਵ ਸਦਕਾ ਰਾਜਸੀ ਗਤੀਵਿਧੀਆਂ ਦਾ ਕੇਂਦਰ ਬਣਿਆ ਹੋਇਆ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਵਿਸ਼ਨੂੰ ਗਣੇਸ਼ ਪਿੰਗਲੇ ਵਿਦਿਆਰਥੀ ਜੀਵਨ ਦੌਰਾਨ ਹੀ ਰਾਜਨੀਤੀ ਵਿਚ ਦਿਲਚਸਪੀ ਲੈਣ ਲੱਗਾ। ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿਚ ਪੜ੍ਹਾਈ ਦੌਰਾਨ ਉਸ ਦੀ ਜਾਣ ਪਛਾਣ ਕਰਤਾਰ ਸਿੰਘ ਸਰਾਭਾ ਨਾਲ ਹੋਈ। ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਬਾਰੇ ਦੋਵਾਂ ਦੇ ਵਿਚਾਰ ਰਲਦੇ ਸਨ ਜਿਸ ਕਾਰਨ ਆਪਸੀ ਸਾਂਝ ਹੋਰ ਗੂੜ੍ਹੀ ਹੋ ਗਈ ਜੋ ਫਾਂਸੀ ਦਾ ਰੱਸਾ ਚੁੰਮਣ ਤੱਕ ਨਿਭੀ।
ਗ਼ਦਰ ਪਾਰਟੀ ਦੇ ਸੱਤ ਆਗੂਆਂ ਨੂੰ 16 ਨਵੰਬਰ 1915 ਨੂੰ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਆਗੂਆਂ ਵਿਚ ਛੇ ਪੰਜਾਬੀਆਂ – ਕਰਤਾਰ ਸਿੰਘ ਸਰਾਭਾ, ਸੁਰੈਣ ਸਿੰਘ ਗਿੱਲਵਾਲੀ, ਸੁਰੈਣ ਸਿੰਘ ਗਿੱਲਵਾਲੀ (ਦੂਜਾ), ਹਰਨਾਮ ਸਿੰਘ ਭੱਟੀ ਗੋਰਾਇਆ, ਜਗਤ ਸਿੰਘ ਉਰਫ਼ ਜੈ ਸਿੰਘ ਸੁਰ ਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ – ਦੇ ਨਾਲ ਸੱਤਵਾਂ ਦੇਸ਼ਭਗਤ ਮਰਾਠਾ ਵਿਸ਼ਨੂੰ ਗਣੇਸ਼ ਪਿੰਗਲੇ ਸੀ ਜਿਸ ਨੇ ਵੀਹਵੀਂ ਸਦੀ ਦੇ ਸ਼ੁਰੂ ਤੋਂ ਹੀ ਪੰਜਾਬੀਆਂ ਅਤੇ ਮਰਾਠਿਆਂ ਵਿਚ ਬਣੀ ਸਾਂਝ ਨੂੰ ਅੱਗੇ ਵਧਾਇਆ।
ਵਿਸ਼ਨੂੰ ਗਣੇਸ਼ ਪਿੰਗਲੇ ਦਾ ਜਨਮ 2 ਜਨਵਰੀ 1888 ਨੂੰ ਪੁਣੇ ਨੇੜੇ ਤਲੇਗਾਉਂ ਧਮਧੇੜੇ ਪਿੰਡ ਦੇ ਇਕ ਬ੍ਰਾਹਮਣ ਪਰਿਵਾਰ ਵਿਚ ਹੋਇਆ। ਉਨ੍ਹੀਂਵੀਂ ਸਦੀ ਦੇ ਅੰਤਲੇ ਵਰ੍ਹਿਆਂ ਦੌਰਾਨ ਪੁਣੇ ਸ੍ਰੀ ਬਾਲ ਗੰਗਾਧਰ ਤਿਲਕ ਦੇ ਪ੍ਰਭਾਵ ਸਦਕਾ ਰਾਜਸੀ ਗਤੀਵਿਧੀਆਂ ਦਾ ਕੇਂਦਰ ਬਣਿਆ ਹੋਇਆ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਪਿੰਗਲੇ ਵਿਦਿਆਰਥੀ ਜੀਵਨ ਦੌਰਾਨ ਹੀ ਰਾਜਨੀਤੀ ਵਿਚ ਦਿਲਚਸਪੀ ਲੈਣ ਲੱਗਾ। ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਪੜ੍ਹਾਈ ਵਿਚ ਦਿਲਚਸਪੀ ਹੋਣ ਦੇ ਬਾਵਜੂਦ ਉਸ ਨੂੰ ਪੜ੍ਹਾਈ ਵਿਚੇ ਛੱਡ ਕੇ ਨੌਕਰੀ ਕਰਨ ਖ਼ਾਤਰ ਬੰਬਈ ਜਾਣਾ ਪਿਆ। ਇਹ ਸਬੱਬ ਹੀ ਸੀ ਕਿ ਉੱਥੇ ਉਸ ਨੂੰ ਜਿਸ ਕਾਰਖਾਨੇ ਵਿਚ ਕੰਮ ਮਿਲਿਆ, ਉਸ ਦਾ ਮਾਲਕ ਰਾਜਨੀਤਿਕ ਤੌਰ ਉੱਤੇ ਸਰਗਰਮ ਸੀ। ਉਸ ਦੀ ਸੰਗਤ ਵਿਚ ਪਿੰਗਲੇ ਵੀ ਰਾਜਸੀ ਇਕੱਠਾਂ ਵਿਚ ਭਾਗ ਲੈਣ ਲੱਗ ਪਿਆ। ਕੁਝ ਸਮੇਂ ਪਿੱਛੋਂ ਉਸ ਨੇ ਸਵਦੇਸ਼ੀ ਲਹਿਰ ਦੇ ਪ੍ਰਭਾਵ ਹੇਠ ਨੌਕਰੀ ਛੱਡ ਕੇ ਹੱਥ-ਖੱਡੀਆਂ ਲਾ ਲਈਆਂ। ਸਖ਼ਤ ਮਿਹਨਤ ਕਰ ਕੇ ਉਹ ਕੁਝ ਪੈਸਾ ਜੋੜਨ ਵਿਚ ਸਫ਼ਲ ਹੋਇਆ। ਇਹ ਸਾਰਾ ਕਾਰ-ਵਿਹਾਰ ਕਰਦਿਆਂ ਉਸ ਦੇ ਮਨ ਵਿਚ ਸਿੱਖਿਆ ਪ੍ਰਾਪਤੀ ਦੀ ਤਾਂਘ ਮਚਲਦੀ ਰਹੀ। ਆਖ਼ਰ ਉਹ 1912 ਵਿਚ ਹਾਂਗਕਾਂਗ ਹੁੰਦਾ ਹੋਇਆ ਅਮਰੀਕਾ ਪਹੁੰਚਿਆ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਵਿਚ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਲਈ ਦਾਖ਼ਲ ਹੋ ਗਿਆ। ਇੱਥੇ ਉਸ ਦੀ ਜਾਣ ਪਛਾਣ ਇਸ ਯੂਨੀਵਰਸਿਟੀ ਦੇ ਇਕ ਹੋਰ ਵਿਦਿਆਰਥੀ ਕਰਤਾਰ ਸਿੰਘ ਸਰਾਭਾ ਨਾਲ ਹੋਈ। ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਬਾਰੇ ਦੋਵਾਂ ਦੇ ਵਿਚਾਰ ਰਲਦੇ ਸਨ ਜਿਸ ਕਾਰਨ ਆਪਸੀ ਸਾਂਝ ਹੋਰ ਗੂੜ੍ਹੀ ਹੋ ਗਈ ਜੋ ਫਾਂਸੀ ਦਾ ਰੱਸਾ ਚੁੰਮਣ ਤੱਕ ਨਿਭੀ।
ਅਮਰੀਕਾ ਵਿਚ ਜਦ ਗ਼ਦਰ ਪਾਰਟੀ ਦੀ ਸਥਾਪਨਾ ਹੋਈ ਤਾਂ ਪਿੰਗਲੇ ਅਤੇ ਸਰਾਭਾ ਦੋਵੇਂ ਗ਼ਦਰ ਪਾਰਟੀ ਦੇ ਸਿਪਾਹੀ ਬਣੇ। ਸਰਾਭਾ ਪੜ੍ਹਾਈ ਛੱਡ ਕੇ ਕੁੱਲ-ਵਕਤੀ ਪਾਰਟੀ ਕਾਮਾ ਬਣਿਆ, ਪਰ ਪਿੰਗਲੇ ਪੜ੍ਹਾਈ ਦੇ ਨਾਲ ਨਾਲ ਗ਼ਦਰ ਪਾਰਟੀ ਦਾ ਕੰਮ ਕਰਦਾ। ਪਹਿਲੀ ਆਲਮੀ ਜੰਗ ਵਿਚ ਅੰਗਰੇਜ਼ ਸਰਕਾਰ ਦੇ ਫਸੇ ਹੋਣ ਨੂੰ ਹਥਿਆਰਬੰਦ ਜੱਦੋਜਹਿਦ ਕਰ ਕੇ ਅੰਗਰੇਜ਼ਾਂ ਨੂੰ ਹਿੰਦੋਸਤਾਨ ਵਿਚੋਂ ਕੱਢ ਦੇਣ ਦਾ ਨਾਯਾਬ ਮੌਕਾ ਮੰਨਦਿਆਂ ਗ਼ਦਰ ਪਾਰਟੀ ਨੇ ਆਪਣੇ ਮੈਂਬਰਾਂ ਨੂੰ ਦੇਸ਼ ਪਰਤਣ ਦਾ ਸੱਦਾ ਦਿੱਤਾ ਤਾਂ ਇਸ ਦੀ ਲੋਅ ਵਿਚ ਹੋਰ ਬਹੁਤ ਸਾਰੇ ਗ਼ਦਰੀਆਂ ਵਾਂਗ ਇਹ ਦੋਵੇਂ ਇਕ ਹੀ ਸਮੁੰਦਰੀ ਜਹਾਜ਼ ਐੱਸ.ਐੱਸ. ਸਲਮੀਨ ਵਿਚ ਸਵਾਰ ਹੋ ਕੇ ਸ੍ਰੀਲੰਕਾ ਰਾਹੀਂ ਨਵੰਬਰ 1914 ਦੌਰਾਨ ਹਿੰਦੋਸਤਾਨ ਪੁੱਜੇ। ਆਪਣੇ ਉਦੇਸ਼ ਦੀ ਪੂਰਤੀ ਲਈ ਪਿੰਗਲੇ ਘਰ ਜਾਣ ਦੀ ਥਾਂ ਸਰਾਭੇ ਨਾਲ ਪੰਜਾਬ ਆ ਗਿਆ। ਅੰਗਰੇਜ਼ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਦੀ ਯੋਜਨਾ ਨੂੰ ਅਮਲ ਵਿਚ ਲਿਆਉਣ ਵਾਸਤੇ ਦੋ ਦਿਸ਼ਾਵੀ ਕਾਰਜ ਕਰਨ ਦੀ ਲੋੜ ਸੀ। ਪਹਿਲਾ ਕੰਮ ਸਥਾਨਕ ਸੈਨਿਕਾਂ ਨੂੰ ਗ਼ਦਰ ਦੀ ਯੋਜਨਾ ਵਿਚ ਭਾਈਵਾਲ ਬਣਾਉਣਾ ਸੀ ਅਤੇ ਦੂਜਾ ਕੰਮ ਇਸ ਯੋਜਨਾ ਨੂੰ ਅਮਲ ਵਿਚ ਲਿਆਉਣ ਲਈ ਹਥਿਆਰ ਇਕੱਠੇ ਕਰਨਾ ਸੀ। ਪੰਜਾਬ ਪਹੁੰਚਣ ਸਾਰ ਦੋਵੇਂ – ਸਰਾਭਾ ਅਤੇ ਪਿੰਗਲੇ – ਇਨ੍ਹਾਂ ਦੋਵਾਂ ਮੁਹਾਜ਼ਾਂ ਉੱਤੇ ਸਰਗਰਮ ਹੋ ਗਏ। ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕਪੂਰਥਲੇ ਦਾ ਵਸਨੀਕ ਦੇਸ਼ਭਗਤ ਰਾਮ ਸਰਨ ਦਾਸ, ਜੋ ਦਿੱਲੀ ਸਾਜ਼ਿਸ਼ ਮਾਮਲੇ ਵਿਚ ਸ਼ਾਮਲ ਸੀ, ਬੰਬ ਬਣਾਉਣੇ ਜਾਣਦਾ ਹੈ। ਇਸ ਲਈ ਦਸੰਬਰ ਮਹੀਨੇ ਪਿੰਗਲੇ, ਕਰਤਾਰ ਸਿੰਘ ਸਰਾਭਾ ਅਤੇ ਪਰਮਾ ਨੰਦ ਕਪੂਰਥਲੇ ਜਾ ਕੇ ਉਸ ਨੂੰ ਮਿਲੇ ਅਤੇ ਗ਼ਦਰ ਦੀ ਯੋਜਨਾ ਬਾਰੇ ਉਸ ਨੂੰ ਦੱਸਿਆ। ਰਾਮ ਸਰਨ ਦਾਸ ਨੇ ਉਨ੍ਹਾਂ ਨੂੰ ਬੰਗਾਲੀ ਦੇਸ਼ ਭਗਤਾਂ ਦੀ ਮਦਦ ਨਾਲ ਬੰਬ ਬਣਾਉਣ ਦੀ ਸਲਾਹ ਦਿੱਤੀ ਅਤੇ ਕਲਕੱਤੇ ਵਿਚਲੇ ਕੁਝ ਸੰਪਰਕਾਂ ਬਾਰੇ ਜਾਣਕਾਰੀ ਦਿੱਤੀ। ਕੈਲੀਫੋਰਨੀਆ ਤੋਂ ਉਨ੍ਹਾਂ ਨਾਲ ਗ਼ਦਰ ਪਾਰਟੀ ਦਾ ਹਮਾਇਤੀ ਇਕ ਬੰਗਾਲੀ ਸਤਿਅਨ ਭੂਸ਼ਨ ਸੇਨ ਆਇਆ ਸੀ ਜੋ ਬੰਗਾਲੀ ਇਨਕਲਾਬੀਆਂ ਦੇ ਸੰਪਰਕ ਵਿਚ ਰਿਹਾ ਸੀ। ਛੇਤੀ ਹੀ ਪਿੱਛੋਂ ਸਰਾਭਾ ਅਤੇ ਪਿੰਗਲੇ ਉਸ ਨਾਲ ਕਲਕੱਤੇ ਗਏ। ਉੱਥੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਨ੍ਹਾਂ ਦੀ ਯੋਜਨਾ ਵਿਚ ਰਾਸ ਬਿਹਾਰੀ ਬੋਸ ਸਹਾਇਕ ਹੋ ਸਕਦਾ ਹੈ ਤਾਂ ਕਲਕੱਤੇ ਤੋਂ ਸ਼ਚਿੰਦਰ ਨਾਥ ਸਾਨਿਆਲ ਅਤੇ ਕੁਝ ਹੋਰ ਇਨਕਲਾਬੀਆਂ ਦੀ ਮਦਦ ਨਾਲ ਉਨ੍ਹਾਂ ਨੇ ਬਨਾਰਸ ਵਿਚ ਰਾਸ ਬਿਹਾਰੀ ਬੋਸ ਨਾਲ ਸੰਪਰਕ ਬਣਾਇਆ। ਉਨ੍ਹਾਂ ਵੱਲੋਂ ਗ਼ਦਰੀ ਯੋਜਨਾ ਸਪਸ਼ਟ ਕੀਤੇ ਜਾਣ ਉੱਤੇ ਰਾਸ ਬਿਹਾਰੀ ਬੋਸ ਨੇ ਪੰਜਾਬ ਆ ਕੇ ਗ਼ਦਰੀਆਂ ਨਾਲ ਕੰਮ ਕਰਨ ਦੀ ਸਹਿਮਤੀ ਦਿੱਤੀ। ਬੋਸ ਨੇ ਪੰਜਾਬ ਆਉਣ ਤੋਂ ਪਹਿਲਾਂ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਸ੍ਰੀ ਸਾਨਿਆਲ ਨੂੰ ਉਨ੍ਹਾਂ ਨਾਲ ਭੇਜਿਆ। ਜਦ ਸਾਨਿਆਲ ਨੇ ਵਾਪਸ ਆ ਕੇ ਸਹੀ ਰਿਪੋਰਟ ਦਿੱਤੀ ਤਾਂ ਉਹ ਪੰਜਾਬ ਆਇਆ। ਪਹਿਲਾਂ ਦੋ ਕੁ ਹਫ਼ਤੇ ਅੰਮ੍ਰਿਤਸਰ ਵਿਚ ਰਿਹਾ ਅਤੇ ਫਿਰ ਲਾਹੌਰ ਵਿਚ ਰਹਿ ਕੇ ਗ਼ਦਰੀਆਂ ਨਾਲ ਮੀਟਿੰਗਾਂ ਕਰਦਾ ਰਿਹਾ। ਗ਼ਦਰ ਦੀ ਯੋਜਨਾ ਉਸ ਦੀ ਸਲਾਹ ਨਾਲ ਬਣਾਈ ਗਈ। ਪਿੰਗਲੇ ਉਸ ਦਾ ਵਿਸ਼ਵਾਸਪਾਤਰ ਸੀ ਜੋ ਉਸ ਲਈ ਸਾਰਾ ਪ੍ਰਬੰਧ ਕਰਦਾ ਸੀ।
ਗ਼ਦਰ ਯੋਜਨਾ ਨੂੰ ਅਮਲ ਵਿਚ ਲਿਆਉਣ ਲਈ ਲੋੜੀਂਦੇ ਧਨ ਦੀ ਪ੍ਰਾਪਤੀ ਵਾਸਤੇ ਗ਼ਦਰੀਆਂ ਨੂੰ ਮਜਬੂਰੀਵੱਸ ਕੁਝ ਡਾਕੇ ਮਾਰਨੇ ਪਏ ਤਾਂ ਪਿੰਗਲੇ ਇਨ੍ਹਾਂ ਵਾਰਦਾਤਾਂ ਵਿਚ ਵੀ ਸ਼ਾਮਲ ਹੋਇਆ।
ਲਾਹੌਰ, ਫਿਰੋਜ਼ਪੁਰ, ਬਨਾਰਸ, ਆਗਰਾ, ਕਾਨਪੁੁਰ, ਅਲਾਹਾਬਾਦ, ਫੈਜ਼ਾਬਾਦ, ਮੇਰਠ ਆਦਿ ਛਾਉਣੀਆਂ ਵਿਚ ਪੰਜਾਬੀ ਸੈਨਿਕਾਂ ਨਾਲ ਤਾਲ ਮੇਲ ਬਿਠਾਉਣ ਵਿਚ ਪਿੰਗਲੇ ਨੇ ਮੋਹਰੀ ਭੂਮਿਕਾ ਨਿਭਾਈ। ਉਹ ਕਦੇ ਬੰਗਾਲੀ ਪਿਛੋਕੜ ਵਾਲਾ ਸ਼ਾਮ ਲਾਲ ਬਣ ਜਾਂਦਾ ਅਤੇ ਕਦੇ ਪੰਜਾਬੀ ਦਲਪਤ ਸਿੰਘ ਜਾਂ ਜਿੰਦਾ ਸਿੰਘ। ਸੈਨਿਕਾਂ ਨੂੰ ਗ਼ਦਰ ਲਈ ਤਿਆਰ ਕਰਨ ਵਾਸਤੇ ਉਹ ‘ਗ਼ਦਰ ਦੀ ਗੂੰਜ’ ਅਤੇ ‘ਐਲਾਨ-ਏ-ਜੰਗ’ ਕਿਤਾਬਚੇ ਪੜ੍ਹਨ ਲਈ ਦਿੰਦਾ ਅਤੇ ਗ਼ਦਰ ਦਾ ਪ੍ਰਤੀਕ ‘ਗ਼ਦਰੀ ਝੰਡੇ’ ਨਿਸ਼ਾਨੀ ਵਜੋਂ ਰੱਖਣ ਲਈ ਦਿੰਦਾ। ਕਰਤਾਰ ਸਿੰਘ ਸਰਾਭਾ ਨੇ ਤਾਲ-ਮੇਲ ਕਰ ਕੇ ਲੁਧਿਆਣੇ ਦੇ ਸਕੂਲੀ ਵਿਦਿਆਰਥੀਆਂ ਦੀ ਇਕ ਟੋਲੀ ਨੂੰ ਗ਼ਦਰੀ ਕਾਰਵਾਈਆਂ ਵਿਚ ਸਰਗਰਮ ਕਰ ਲਿਆ ਤਾਂ ਪਿੰਗਲੇ ਵੀ ਉਨ੍ਹਾਂ ਕੋਲ ਆਉਣ ਜਾਣ ਲੱਗਿਆ। ਜਨਵਰੀ 1915 ਵਿਚ ਪਿੰਗਲੇ ਨੇ ਇਹ ਸਮੱਗਰੀ ਮੇਰਠ ਛਾਉਣੀ ਵਿਚ ਪਹੁੰਚਾਉਣ ਵਾਸਤੇ ਇਸਲਾਮੀਆ ਸਕੂਲ ਦੇ ਵਿਦਿਆਰਥੀ ਸੂਰਤੀ ਸਿੰਘ ਦੀ ਮਦਦ ਲਈ। ਸੂਰਤੀ ਸਿੰਘ ਨੂੰ ਦੱਸਿਆ ਗਿਆ ਕਿ ਜਦ ਮੇਰਠ ਸਟੇਸ਼ਨ ਉੱਤੇ ਉਸ ਨੂੰ ਈਸ਼ਰ ਸਿੰਘ, ਸਵਾਰ, ਮਿਲੇ ਤਾਂ ਉਸ ਨੂੰ ਪ੍ਰਸ਼ਨ ਕਰੇ ਕਿ ਉਸ ਨੂੰ ਪੁਲ ਉੱਤੇ ਕੌਣ ਮਿਲਿਆ ਸੀ? ਜੇਕਰ ਉਸ ਦਾ ਉੱਤਰ ਹੋਵੇ ‘‘ਕਰਤਾਰ ਸਿੰਘ’’ ਤਾਂ ਉਹ ਸਹੀ ਆਦਮੀ ਹੋਵੇਗਾ ਅਤੇ ਸਮੱਗਰੀ ਉਸ ਦੇ ਹਵਾਲੇ ਕਰ ਦਿੱਤੀ ਜਾਵੇ। ਮੇਰਠ ਛਾਉਣੀ ਵਿਚ ਬਾਰ੍ਹਵੇਂ ਰਸਾਲੇ ਦਾ ਜਮਾਦਾਰ ਨਾਦਰ ਖਾਂ, ਬਿਗਲਵਾਦਕ ਅਮਰ ਸਿੰਘ ਆਦਿ ਪਿੰਗਲੇ ਦੇ ਸੰਪਰਕ ਵਿਚ ਸਨ ਜਿਨ੍ਹਾਂ ਦੀ ਮਦਦ ਨਾਲ ਉਸ ਨੇ ਹੋਰ ਛਾਉਣੀਆਂ ਵਿਚ ਵੀ ਸੈੱਲ ਬਣਾ ਲਏ। ਇਸ ਸੈਨਿਕ ਟੋਲੀ ਨਾਲ ਉਹ ਏਨਾ ਘੁਲ-ਮਿਲ ਗਿਆ ਸੀ ਕਿ ਉਸ ਨੇ ਉਨ੍ਹਾਂ ਨੂੰ ਬੰਬ ਬਣਾਉਣ ਦਾ ਤਰੀਕਾ ਆਪਣੇ ਹੱਥ ਨਾਲ ਲਿਖ ਕੇ ਦਿੱਤਾ। ਪਿੰਗਲੇ ਨੇ ਮੇਰਠ ਤੱਕ ਸੂਰਤੀ ਸਿੰਘ ਨਾਲ ਸਫ਼ਰ ਕੀਤਾ ਅਤੇ ਉਸ ਨੂੰ ਉਤਾਰ ਕੇ ਆਪ ਅੱਗੇ ਦਿੱਲੀ ਚਲਾ ਗਿਆ ਜਿੱਥੇ ਉਸ ਨੇ ਰਾਸ ਬਿਹਾਰੀ ਬੋਸ ਨੂੰ ਮਿਲਣਾ ਸੀ। ਉਸ ਨੇ ਬਨਾਰਸ ਤੋਂ ਚੋਖਾ ਗੋਲੀ ਸਿੱਕਾ ਗ਼ਦਰੀਆਂ ਵਾਸਤੇ ਅੰਮ੍ਰਿਤਸਰ ਭੇਜਿਆ।
ਪੰਜਾਬ ਦੀਆਂ ਫ਼ੌਜੀ ਛਾਉਣੀਆਂ ਵਿਚ ਵਿਦਰੋਹ ਕਰ ਕੇ ਗ਼ਦਰ ਦੀ ਸ਼ੁਰੂਆਤ ਕਰਨ ਵਾਸਤੇ 21 ਫਰਵਰੀ 1915 ਦਾ ਦਿਨ ਮਿਥਿਆ ਗਿਆ, ਪਰ ਇਹ ਭੇਤ ਨਿਕਲ ਜਾਣ ਉੱਤੇ ਮਿਤੀ 19 ਫਰਵਰੀ ਨਿਸ਼ਚਿਤ ਕੀਤੀ ਗਈ। ਪਰ ਮੁਖ਼ਬਰ ਨੇ ਇਸ ਦੀ ਸੂਚਨਾ ਵੀ ਸਰਕਾਰ ਨੂੰ ਦੇ ਦਿੱਤੀ। ਨਤੀਜੇ ਵਜੋਂ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ ਅਤੇ ਦਿਨਾਂ ਵਿਚ ਹੀ ਬਹੁਤ ਸਾਰੇ ਗ਼ਦਰੀ ਆਗੂ ਪੁਲੀਸ ਨੇ ਕਾਬੂ ਕਰ ਲਏ। ਕੇਵਲ ਗਿਣਤੀ ਦੇ ਆਗੂ ਜਿਨ੍ਹਾਂ ਵਿਚ ਕਰਤਾਰ ਸਿੰਘ ਸਰਾਭਾ, ਰਾਸ ਬਿਹਾਰੀ ਬੋਸ, ਪਿੰਗਲੇ ਆਦਿ ਸਨ, ਬਚੇ ਪਰ ਇਹ ਸਾਰੇ ਥਾਂ ਥਾਂ ਖਿੰਡੇ ਹੋਏ ਸਨ ਜਿਸ ਕਾਰਨ ਆਪਸੀ ਤਾਲ-ਮੇਲ ਨਾ ਰਿਹਾ। ਗ਼ਦਰ ਦੇ ਪਹਿਲੇ ਯਤਨ ਦੀ ਅਸਫ਼ਲਤਾ, ਸਾਥੀਆਂ ਦੀ ਗ੍ਰਿਫ਼ਤਾਰੀ, ਸਹਿਯੋਗੀਆਂ ਦੀ ਘਾਟ ਦੇ ਬਾਵਜੂਦ ਪਿੰਗਲੇ ਨੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਕੰਮ ਵਿਚ ਢਿੱਲ ਨਹੀਂ ਆਉਣ ਦਿੱਤੀ। ਉਹ ਛਾਉਣੀਆਂ ਵਿਚ ਜਾ ਕੇ ਸੈਨਿਕਾਂ ਨੂੰ ਨਵਾਂ ਹੰਭਲਾ ਮਾਰਨ ਲਈ ਤਿਆਰ ਕਰਦਾ ਰਿਹਾ। ਗ਼ਦਰ ਦੀ ਅਸਫਲਤਾ ਕਾਰਨ ਸੈਨਿਕਾਂ ਵਿਚ ਬੇਦਿਲੀ ਆ ਗਈ ਅਤੇ ਉਨ੍ਹਾਂ ਵਿਚ ਵੀ ਮੁਖ਼ਬਰ ਪੈਦਾ ਹੋ ਗਏ। ਅਜਿਹੇ ਇਕ ਮੁਖ਼ਬਰ ਵੱਲੋਂ ਸੂਹ ਦਿੱਤੇ ਜਾਣ ਉੱਤੇ ਪਿੰਗਲੇ 23 ਅਤੇ 24 ਮਾਰਚ 1915 ਦੀ ਵਿਚਕਰਲੀ ਰਾਤ ਨੂੰ ਮੇਰਠ ਵਿਚ 12ਵੇਂ ਰਸਾਲੇ ਵਿਚ ਗ਼ਦਰ ਦਾ ਪ੍ਰਚਾਰ ਕਰਦਾ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਨੇ ਉਸ ਦੇ ਕਬਜ਼ੇ ਵਿਚੋਂ 10 ਬੰਬ ਪ੍ਰਾਪਤ ਕੀਤੇ। ਮੇਰਠ ਛਾਉਣੀ ਵਿਚ ਸੈਨਿਕਾਂ ਨੂੰ ਗ਼ਦਰ ਯੋਜਨਾ ਨਾਲ ਜੋੜਨ ਵਿਚ ਉਸ ਦੀ ਸਫ਼ਲਤਾ ਦੀ ਪੁਸ਼ਟੀ ਇਸ ਤੱਥ ਤੋਂ ਹੁੰਦੀ ਹੈ ਕਿ ਸੈਨਿਕ ਅਧਿਕਾਰੀਆਂ ਨੇ ਇਸ ਛਾਉਣੀ ਦੇ ਚਾਰ ਸਿੱਖ ਸੈਨਿਕਾਂ ਨੂੰ ਗ਼ਦਰ-ਸਹਿਯੋਗੀ ਹੋਣ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਦਿੱਤੀ। ਬਰਤਾਨਵੀ ਹਿੰਦੋਸਤਾਨ ਦੀ ਸਰਕਾਰ ਦੇ ਖ਼ੁਫ਼ੀਆ ਮਹਿਕਮੇ ਦੇ ਦੋ ਅਧਿਕਾਰੀਆਂ ਆਈਸਮੋਂਗਰ ਅਤੇ ਸਲੇਟਰੀ ਦੁਆਰਾ ਲਿਖੀ ‘ਗ਼ਦਰ ਸਾਜ਼ਿਸ਼ ਰਿਪੋਰਟ’ ਵਿਚ ਪਿੰਗਲੇ ਨੂੰ ਗ਼ਦਰ ਲਹਿਰ ਦਾ ਮਹੱਤਵਪੂਰਨ ਆਗੂ ਮੰਨਿਆ ਗਿਆ ਹੈ। ਮੁਕੱਦਮੇ ਦੀ ਸੁਣਵਾਈ ਕਰਨ ਵਾਲੇ ਵਿਸ਼ੇਸ਼ ਟ੍ਰਿਬਿਊਨਲ ਨੇ ਗ਼ਦਰੀ ਯੋਜਨਾ ਵਿਚ ਉਸ ਦੇ ਮਹੱਤਵਪੂਰਨ ਯੋਗਦਾਨ ਦੀ ਪੁਸ਼ਟੀ ਕਰਦਿਆਂ ਲਿਖਿਆ: ‘‘ਇਹ ਅਤਿਅੰਤ ਅਫ਼ਸੋਸਨਾਕ ਹੈ ਕਿ ਦੋਸ਼ੀ ਵਰਗੀ ਯੋਗਤਾ ਵਾਲਾ ਨੌਜਵਾਨ, ਜੋ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਦੀ ਪ੍ਰਾਪਤੀ ਅਤੇ ਮੁਲਕ ਲਈ ਸੇਵਾ ਕਰ ਸਕਦਾ ਸੀ, ਆਪ ਗ਼ਦਰੀਆਂ ਦੇ ਟੋਲੇ ਵਿਚ ਸ਼ਾਮਲ ਹੋ ਗਿਆ।’’ ਵਿਸ਼ੇਸ਼ ਟ੍ਰਿਬਿਊਨਲ ਨੇ ਉਸ ਨੂੰ ਮੌਤ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ। ਨਤੀਜੇ ਵਜੋਂ ਜਦ 16 ਨਵੰਬਰ 1915 ਨੂੰ ਛੇ ਪੰਜਾਬੀ ਗ਼ਦਰੀਆਂ ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ ਤਾਂ ਬੰਬਈ ਪ੍ਰਾਂਤ ਦਾ ਜੰਮਪਲ ਮਰਾਠਾ ਵਿਸ਼ਨੂੰ ਗਣੇਸ਼ ਪਿੰਗਲੇ ਵੀ ਉਨ੍ਹਾਂ ਦਾ ਹਮਰਾਹ ਸੀ।
ਗਿਆਨੀ ਹਰਭਜਨ ਸਿੰਘ ਚਮਿੰਡਾ, ਜਿਸ ਨੂੰ ਲਾਹੌਰ ਸਾਜ਼ਿਸ਼ ਪੂਰਕ ਮੁਕੱਦਮੇ ਵਿਚ ਉਮਰ ਕੈਦ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ ਸੀ, ਨੇ ਲਗਭਗ ਸਵਾ ਸੌ ਦੇਸ਼ਭਗਤਾਂ ਬਾਰੇ ਸੰਖੇਪ ਕਾਵਿ-ਸ਼ਰਧਾਂਜਲੀਆਂ ਲਿਖੀਆਂ ਹਨ। ਗਿਆਨੀ ਜੀ ਵੱਲੋਂ ਸ਼ਹੀਦ ਪਿੰਗਲੇ ਬਾਰੇ ਲਿਖੀਆਂ ਪੰਕਤੀਆਂ ਇਉਂ ਹਨ:
ਸੁੰਦਰ ਸ਼ਕਲ ਤੇ ਨਾਲ ਹੀ ਅਕਲ ਪੂਰੀ,
ਅਫਸਰ ਦੇਖ ਕੇ ਜੀਹਨੂੰ ਹੈਰਾਨ ਸਾਥੀ।
ਹੀਰਾ ਹਿੰਦ ਦਾ, ਦੌਲਤ ਮਾਪਿਆਂ ਦੀ,
ਗਿਆ ਮੁਲਕ ਦਾ ਬਣ ਈਮਾਨ ਸਾਥੀ।
ਕਿਹਾ ਪੁਲਸੀਆਂ ‘‘ਪਿੰਗਲੇ ਹੋਸ਼ ਕਰ ਤੂੰ,
ਕਾਹਨੂੰ ਰੋਲਦੈਂ ਆਪਣੀ ਜਾਨ ਸਾਥੀ।’’
ਭਲਾ ਜਾਨ ਦੀ ਕੀ ਪ੍ਰਵਾਹ ਓਥੇ,
ਜੀਹਦੇ ਸਾਹਮਣੇ ਦੇਸ਼ ਦਾ ਮਾਣ ਸਾਥੀ।
ਸੰਪਰਕ: 94170-49417