ਮਾਨਵ
ਕਿਸੇ ਮੁਲਕ ’ਤੇ ਸਜ਼ਾ ਵਜੋਂ ਬੰਦਸ਼ਾਂ ਲਾਉਣ ਦੇ ਪੈਰੋਕਾਰ ਇਨ੍ਹਾਂ ਨੂੰ ਫੌਜੀ ਦਖ਼ਲ ਭਾਵ ਸਿੱਧੀ ਜੰਗ ਦੇ ਮੁਕਾਬਲੇ ‘ਅਹਿੰਸਕ’ ਬਦਲ ਵਜੋਂ ਪ੍ਰਚਾਰਦੇ ਹਨ। ਅਜਿਹੇ ਦਾਅਵੇ ਤੋਂ ਉਲਟ ਆਰਥਿਕ ਬੰਦਸ਼ਾਂ ਵੀ ਅਸਲ ਵਿੱਚ ਜ਼ਮੀਨੀ ਜੰਗ ਜਿੰਨੀਆਂ ਹੀ ਮਾਰੂ ਹੁੰਦੀਆਂ ਹਨ। ਇਸ ਬਾਰੇ ਪਿਛਲੇ ਦਿਨੀਂ ਰੂਸ ’ਤੇ ਪਬੰਦੀਆਂ ਲਾਉਂਦੇ ਸਮੇਂ ਫਰਾਂਸ ਦੇ ਵਿੱਤ ਮੰਤਰੀ ਬਰੂਨੋ ਲੇ ਮਾਇਰ ਦਾ ਬਿਆਨ ਸੁਣਨਯੋਗ ਹੈ: “ਅਸੀਂ ਰੂਸ ’ਤੇ ਮੁਕੰਮਲ ਆਰਥਿਕ ਤੇ ਵਿੱਤੀ ਜੰਗ ਦਾ ਐਲਾਨ ਕਰਦੇ ਹਾਂ। ਅਸੀਂ ਰੂਸ ਦੇ ਅਰਥਚਾਰੇ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦੇਵਾਂਗੇ।” ਜ਼ਰਾ ਸੋਚੋ – ਰੂਸ ਲਗਭਗ ਸਾਢੇ 14 ਕਰੋੜ ਵਸੋਂ ਵਾਲ਼ਾ ਮੁਲਕ ਹੈ। ਜੇ ਇਸ ਵਿੱਤ ਮੰਤਰੀ ਦੇ ਕਹੇ ਮੁਤਾਬਕ ਰੂਸ ਦਾ ਅਰਥਚਾਰਾ ਢਹਿ-ਢੇਰੀ ਕੀਤਾ ਜਾਂਦਾ ਹੈ ਤਾਂ ਇਸ ਦਾ ਸਿੱਧਾ ਮਤਲਬ ਹੋਵੇਗਾ ਰੂਸ ਦੇ ਕਰੋੜਾਂ ਕਿਰਤੀ ਲੋਕਾਂ ਉੱਪਰ ਭਿਆਨਕ ਬਿਪਤਾ ਪਾਉਣਾ। ਜਾਣੀ ਰੂਸ ਦੇ ਸਾਮਰਾਜੀ ਹਾਕਮਾਂ ਦੀ ਸਜ਼ਾ ਰੂਸ ਦੇ ਬੇਦੋਸ਼ੇ ਆਮ ਨਾਗਰਿਕਾਂ ਨੂੰ ਦੇਣਾ। ਪਰ ਪੱਛਮੀ ਸਾਮਰਾਜੀਆਂ ਵੱਲੋਂ ਬਿਲਕੁਲ ਅਜਿਹੀ ਹੀ ‘ਵਿੱਤੀ ਜੰਗ’ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕਾ ਤੇ ਯੂਰਪੀ ਯੂਨੀਅਨ ਨੇ ਰੂਸ ਦੇ ਕਈ ਬੈਂਕਾਂ ਨੂੰ ਕੌਮਾਂਤਰੀ ਅਦਾਇਗੀਆਂ ਵਾਸਤੇ ਬਣੇ ਪ੍ਰਬੰਧ ‘ਸਵਿਫਟ’ ਵਿੱਚੋਂ ਬਾਹਰ ਕਰਨ ਦਾ ਫੈਸਲਾ ਲਿਆ ਹੈ।
‘ਸਵਿਫਟ’ ਪ੍ਰਬੰਧ, ਵਿੱਤੀ ਸੁਨੇਹੇ ਭੇਜਣ ਦਾ ਪੂਰਾ-ਸੂਰਾ ਢਾਂਚਾ ਹੈ ਜਿਹੜਾ ਸੰਸਾਰ ਦੇ ਵੱਖ-ਵੱਖ ਬੈਂਕਾਂ ਦਰਮਿਆਨ ਵਿਚੋਲੇ ਦੀ ਭੂਮਿਕਾ ਨਿਭਾਉਂਦਾ ਹੈ। ਬੈਲਜੀਅਮ ਅਧਾਰਿਤ ਇਸ ਪ੍ਰਬੰਧ ਨਾਲ਼ ਭਾਵੇਂ ਸੰਸਾਰ ਦੇ 200 ਮੁਲਕਾਂ ਦੇ 11,000 ਤੋਂ ਵੱਧ ਬੈਂਕ ਜੁੜੇ ਹਨ ਪਰ ਇਸ ਦੀ ਦੇਖ-ਰੇਖ 11 ਵੱਡੇ ਮੁਲਕਾਂ ਦੇ ਕੇਂਦਰੀ ਬੈਂਕਾਂ ਵੱਲੋਂ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਇਟਲੀ, ਜਪਾਨ, ਨੀਦਰਲੈਂਡਜ਼, ਸਵੀਡਨ, ਸਵੀਜ਼ਰਲੈਂਡ ਤੇ ਬੈਲਜੀਅਮ ਸ਼ਾਮਲ ਹਨ। ਇਨ੍ਹਾਂ ਵਿੱਚੋਂ ਵਧੇਰੇ ਮੁਲਕ ਪੱਛਮੀ ਸਾਮਰਾਜੀ ਧੜੇ ਦਾ ਹਿੱਸਾ ਹਨ। ‘ਸਵਿਫਟ’ ਪ੍ਰਬੰਧ ਵਿੱਚੋਂ ਪਹਿਲਾਂ ਇਰਾਨ ਤੇ ਉੱਤਰੀ ਕੋਰੀਆ ਨੂੰ ਹੀ ਬਾਹਰ ਕੀਤਾ ਗਿਆ ਹੈ। ਇਰਾਨ ਨੂੰ ਇਸ ਵਿੱਚੋਂ ਕੱਢੇ ਜਾਣ ਦਾ ਉਸ ਦੇ ਵਿਦੇਸ਼ੀ ਵਪਾਰ ’ਤੇ ਬੁਰਾ ਅਸਰ ਪਿਆ। ਰੂਸ ਵੀ ਆਪਣੀਆਂ ਤੇਲ ਤੇ ਗੈਸ ਬਰਾਮਦਾਂ ਦੀ ਅਦਾਇਗੀ ਵਾਸਤੇ ਇਸ ਪ੍ਰਬੰਧ ’ਤੇ ਨਿਰਭਰ ਹੈ ਇਸ ਲਈ ਰੂਸ ’ਤੇ ਇਸ ਦਾ ਕਾਫੀ ਅਸਰ ਹੋਣ ਦੀ ਸੰਭਾਵਨਾ ਹੈ।
‘ਸਵਿਫਟ’ ਪ੍ਰਬੰਧ ਤੋਂ ਛੇਕੇ ਜਾਣ ਤੋਂ ਵੀ ਘਾਤਕ ਕਦਮ ਹੈ ਰੂਸ ਦੇ ਕੇਂਦਰੀ ਬੈਂਕ ’ਤੇ ਵਿਦੇਸ਼ੀ ਮੁਦਰਾ ਵਿੱਚ ਲੈਣ-ਦੇਣ ਕਰਨ ਦੀ ਪਾਬੰਦੀ ਲਾਉਣਾ। ਇਸ ਨੂੰ ਆਪਣੇ ਹੀ ਵਿਦੇਸ਼ੀ ਮੁਦਰਾ ਦੇ ਭੰਡਾਰਾਂ ਦੇ ਵੱਡੇ ਹਿੱਸੇ ਨੂੰ ਵਰਤਣ ਤੋਂ ਰੋਕ ਦਿੱਤਾ ਗਿਆ ਹੈ। ਰੂਸ ਦੇ ਕੇਂਦਰੀ ਬੈਂਕ ਦਾ ਵਿਦੇਸ਼ੀ ਮੁਦਰਾ ਭੰਡਾਰ ਅੰਦਾਜ਼ਨ 630 ਅਰਬ ਡਾਲਰ ਹੈ। ਇਹ ਅਸਲ ਵਿੱਚ ਰੂਸ ਦੇ ਕੇਂਦਰੀ ਬੈਂਕਾਂ ਦੇ ਅਸਾਸੇ ਨਹੀਂ ਸਗੋਂ ਰੂਸ ਦੇ ਆਮ ਲੋਕਾਂ ਦੀ ਕਮਾਈ ਦੀ ਸਿੱਧੀ ਲੁੱਟ ਹੈ।
ਆਪਣੇ ਹਿੱਤਾਂ ਨੂੰ ਪੁਗਾਉਣ ਲਈ ਸਾਮਰਾਜੀਆਂ ਵੱਲੋਂ ਉਨ੍ਹਾਂ ਦੇਸ਼ਾਂ ’ਤੇ ਬੰਦਸ਼ਾਂ ਮੜ੍ਹਨ ਦਾ ਲੰਬਾ ਇਤਿਹਾਸ ਹੈ ਜਿਹੜੇ ਇਨ੍ਹਾਂ ਦੇ ਕਹੇ ਮੁਤਾਬਕ ਨਹੀਂ ਚਲਦੇ ਜਾਂ ਕਿਸੇ ਦੂਜੇ ਧੜੇ ਨਾਲ਼ ਜਾ ਰਲ਼ਦੇ ਹਨ। ਪਿਛਲੀ ਲਗਭਗ ਅੱਧੀ ਸਦੀ ਤੋਂ ਅਮਰੀਕਾ ਨੇ ਆਰਥਿਕ ਜੰਗ ਥੋਪਣ ਦਾ ਸਿਲਸਿਲਾ ਅਨੇਕਾਂ ਮੁਲਕਾਂ ਖਿਲਾਫ ਚਲਾਇਆ। ਇਸ ਵੇਲੇ ਵੀ ਲਗਭਗ 40 ਮੁਲਕਾਂ ’ਤੇ ਸਿੱਧੇ ਤੌਰ ’ਤੇ ਅਮਰੀਕਾ ਵੱਲੋਂ ਬੰਦਸ਼ਾਂ ਲਾਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਕੁੱਝ ਉੱਘੜਵੇਂ ਨਾਮ ਹਨ – ਅਫ਼ਗ਼ਾਨਿਸਤਾਨ, ਕਿਊਬਾ, ਇਰਾਨ, ਇਰਾਕ, ਲਬਿਨਾਨ, ਲੀਬੀਆ, ਉੱਤਰੀ ਕੋਰੀਆ, ਰੂਸ, ਵੈਨਜ਼ੁਏਲਾ ਤੇ ਯਮਨ। 2008 ਦੇ ਆਰਥਿਕ ਸੰਕਟ ਮਗਰੋਂ ਪਾਬੰਦੀਆਂ ਮੜ੍ਹਨ ਦੀ ਰਫਤਾਰ ਵਿੱਚ ਖਾਸ ਤੇਜ਼ੀ ਆਈ ਹੈ। 2000-2021 ਦਰਮਿਆਨ ਬੰਦਸ਼ਾਂ ਦੀ ਵਰਤੋਂ ਵਿੱਚ 9 ਗੁਣਾ ਤੋਂ ਵੱਧ ਦਾ ਇਜ਼ਾਫਾ ਹੋਇਆ ਜਿਹੜਾ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਦੇ ਸੰਕਟ ਦਾ ਨੰਗਾ-ਚਿੱਟਾ ਰੂਪ ਸਾਨੂੰ ਦਿਖਾਉਂਦਾ ਹੈ।
ਕਿਊਬਾ ਸਰਕਾਰ ਵੱਲੋਂ 2019 ਵਿੱਚ ਜਾਰੀ ਕੀਤੀ ਰਿਪੋਰਟ ਮੁਤਾਬਕ ਪਿਛਲੇ ਛੇ ਦਹਾਕਿਆਂ ਦੀਆਂ ਅਮਰੀਕੀ ਪਬੰਦੀਆਂ ਦੇ ਸਿੱਟੇ ਵਜੋਂ ਉਸ ਦਾ ਲਗਭਗ 922 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਇੱਕ ਕਰੋੜ ਤੋਂ ਥੋੜ੍ਹਾ ਵਧੇਰੇ ਵਸੋਂ ਵਾਲੇ ਇਸ ਮੁਲਕ ਲਈ ਇਹ ਰਕਮ ਬੇਹੱਦ ਵੱਡੀ ਹੈ। ਇਸੇ ਤਰ੍ਹਾਂ 2019 ਵਿੱਚ ਹੀ ‘ਆਰਥਿਕ-ਸਿਆਸੀ ਖੋਜ ਕੇਂਦਰ’ ਵੱਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਵੈਨਜ਼ੁਏਲਾ ’ਤੇ ਅਮਰੀਕੀ ਬੰਦਸ਼ਾਂ ਨਾਲ਼ 2017 ਤੋਂ ਹੁਣ ਤੱਕ ਕਰੀਬ 40 ਹਜ਼ਾਰ ਆਮ ਲੋਕ ਮਾਰੇ ਜਾ ਚੁੱਕੇ ਹਨ। ਰਿਪੋਰਟ ਮੁਤਾਬਕ ਅਮਰੀਕਾ ਵੱਲੋਂ ਇਰਾਕ ’ਤੇ ਮੜ੍ਹੀ ਪਹਿਲੀ ਤੇ ਦੂਜੀ ਜੰਗ ਦੌਰਾਨ ਲਾਈਆਂ ਬੰਦਸ਼ਾਂ ਕਾਰਨ ਦਸ ਲੱਖ ਤੋਂ ਵੱਧ ਆਮ ਲੋਕ ਤੇ ਬੱਚੇ ਮਾਰੇ ਜਾ ਚੁੱਕੇ ਹਨ। ਇਹ ਆਰਥਿਕ ਬੰਦਸ਼ਾਂ ਤੈਅਸ਼ੁਦਾ ਕੌਮਾਂਤਰੀ ਕਨੂੰਨਾਂ ਦਾ ਸ਼ਰ੍ਹੇਆਮ ਉਲੰਘਣ ਵੀ ਹਨ।
ਯੂਕਰੇਨ ਜੰਗ ਦੇ ਸਿਲਸਿਲੇ ਵਿੱਚ ਮੌਜੂਦਾ ਬੰਦਸ਼ਾਂ ਭਾਵੇਂ ਰੂਸ ’ਤੇ ਮੜ੍ਹੀਆਂ ਗਈਆਂ ਹਨ ਪਰ ਇਨ੍ਹਾਂ ਦਾ ਅਸਰ ਰੂਸ ਹੀ ਨਹੀਂ ਸਗੋਂ ਕੁੱਲ ਸੰਸਾਰ ਦੇ ਕਿਰਤੀਆਂ ’ਤੇ ਪੈਣਾ ਹੈ। ਰੂਸ ’ਤੇ ਪਬੰਦੀਆਂ ਕਾਰਨ ਉਸ ਦੀ ਮੁਦਰਾ ਰੂਬਲ ਦੀ ਕਦਰ ਡਿੱਗ ਗਈ ਹੈ ਜਿਸ ਕਰਕੇ ਰੂਸ ਅੰਦਰ ਮਹਿੰਗਾਈ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਪਰ ਰੂਸ ਕਈ ਅਹਿਮ ਜਿਣਸਾਂ, ਕੱਚੇ ਮਾਲਾਂ ਦਾ ਪੈਦਾਕਾਰ ਤੇ ਬਰਾਮਦਕਾਰ ਹੈ, ਇਸ ਲਈ ਬੰਦਸ਼ਾਂ ਕਾਰਨ ਇਨ੍ਹਾਂ ਬੁਨਿਆਦੀ ਜਿਣਸਾਂ ਦੀਆਂ ਕੀਮਤਾਂ ਅਸਮਾਨੀਂ ਜਾ ਚੜ੍ਹੀਆਂ ਹਨ ਜਿਸ ਕਰਕੇ ਸੰਸਾਰ ਭਰ ਅੰਦਰ ਆਮ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ। ਅਜਿਹੀਆਂ ਹੀ ਜਿਣਸਾਂ ਦਾ ਸੂਚਕ ‘ਗੋਲਡਮਾਨ ਸਾਕਸ ਜਿਣਸ ਸੂਚਕ’ ਪਿਛਲੇ ਪੰਜ ਦਹਾਕਿਆਂ ਦੇ ਸਭ ਤੋਂ ਤਿੱਖੇ ਵਾਧੇ ਨਾਲ਼ 18% ਵਧ ਗਿਆ ਹੈ। ਰੂਸ ਤੇਲ, ਕੁਦਰਤੀ ਗੈਸ ਤੇ ਕੋਲੇ ਦਾ ਵੀ ਵੱਡਾ ਬਰਾਮਦਕਾਰ ਮੁਲਕ ਹੈ। ਭਾਵੇਂ ਪੱਛਮੀ ਮੁਲਕਾਂ ਨੇ ਰੂਸ ਦੇ ਇਸ ਖੇਤਰ ’ਤੇ ਬੰਦਸ਼ਾਂ ਨਹੀਂ ਲਾਈਆਂ ਕਿਉਂਕਿ ਇਹ ਆਪ ਰੂਸ ਦੀਆਂ ਇਨ੍ਹਾਂ ਬਰਾਮਦਾਂ ’ਤੇ ਨਿਰਭਰ ਹਨ ਪਰ ਤਾਂ ਵੀ ਕਈ ਪੱਛਮੀ ਕੰਪਨੀਆਂ ਦੇ ਰੂਸ ਦੇ ਕੱਚੇ ਮਾਲ ਤੋਂ ਮੂੰਹ ਮੋੜਨ ਨਾਲ਼ ਪੈਦਾ ਹੋਈ ਬੇਯਕੀਨੀ ਕਾਰਨ ਇਨ੍ਹਾਂ ਬੁਨਿਆਦੀ ਬਾਲਣਾਂ ਦੀ ਕੀਮਤ ਰਿਕਾਰਡ ਤੋੜ ਰਹੀ ਹੈ। ਇਸੇ ਤਰ੍ਹਾਂ ਰੂਸ ਤੇ ਯੂਕਰੇਨ ਸੰਸਾਰ ਦੀ ਕੁੱਲ ਅਨਾਜ ਲੋੜ ਦਾ ਲਗਭਗ ਇੱਕ-ਤਿਹਾਈ ਪੂਰਦੇ ਹਨ। ਮੌਜੂਦਾ ਬੰਦਸ਼ਾਂ ਕਰਕੇ ਅਨਾਜ ਦੀਆਂ ਕੀਮਤਾਂ 40% ਤੱਕ ਵਧ ਚੁੱਕੀਆਂ ਹਨ।
ਅਨਾਜ ਦੀਆਂ ਕੀਮਤਾਂ ਵਧਣ ਨਾਲ਼ ਸਭ ਤੋਂ ਵੱਧ ਮਾਰ ਮੱਧ-ਪੂਰਬ, ਉੱਤਰੀ ਅਫਰੀਕਾ ਤੇ ਏਸ਼ੀਆਈ ਮੁਲਕਾਂ ਦੇ ਗ਼ਰੀਬ ਤੇ ਕਿਰਤੀ ਲੋਕਾਂ ’ਤੇ ਪਵੇਗੀ। ਖਾਧਾਂ ਦੀ ਘਾਟ ਹੋਣ ਨਾਲ਼ ਸੰਸਾਰ ਦੇ ਸਭ ਤੋਂ ਗਰੀਬ ਇਲਾਕਿਆਂ ਵਿੱਚ ਅਨਾਜ ਦੀ ਪੈਦਾਵਾਰ ’ਤੇ ਮਾੜਾ ਅਸਰ ਪਵੇਗਾ। ਇਸ ਸਾਰੇ ਦੇ ਸਿੱਟੇ ਵਜੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਗਲੇ ਦੋ ਸਾਲਾਂ ਵਿੱਚ 10 ਕਰੋੜ ਤੋਂ ਵੱਧ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ।
ਅਮਰੀਕਾ ਤੇ ਰੂਸ ਦੇ ਅੰਤਰ-ਸਾਮਰਾਜੀ ਟਕਰਾਅ ਦਾ ਅਸਰ ਪੂਰੀ ਦੁਨੀਆਂ ’ਤੇ ਦਿਸ ਰਿਹਾ ਹੈ। ਅਨਾਜ ਦੀ ਰਸਾਈ ਠੱਪ ਹੋ ਜਾਣ ਕਾਰਨ ਤੇ ਮਹਿੰਗਾਈ ਵਿੱਚ ਵਾਧੇ ਕਰਕੇ ਵਧਦੀ ਭੁੱਖਮਰੀ ਤੇ ਸਿੱਟੇ ਵਜੋਂ ਦੰਗੇ, ਹਿਜਰਤ, ਅਸਥਿਰਤਾ ਆਉਣ ਵਾਲੇ ਸਾਲਾਂ ਦਾ ਦਸਤੂਰ ਬਣਨ ਜਾ ਰਿਹਾ ਹੈ। ਇਸ ਦੇ ਨਾਲ਼ ਹੀ ਸੰਸਾਰ ਅਰਥਚਾਰੇ ਬਾਰੇ ਵੀ ਕਿਆਸ ਲਾਏ ਜਾ ਰਹੇ ਹਨ। ਨਾਮੀ ਰਸਾਲੇ ‘ਦ ਇਕਾਨਮਿਸਟ’ ਨੇ “ਆਰਥਿਕ ਟਕਰਾਅ ਦਾ ਨਵਾਂ ਦੌਰ” ਨਾਂ ਦੇ ਸਿਰਲੇਖ ਵਾਲ਼ੀ ਆਪਣੀ ਸੰਪਾਦਕੀ ਵਿੱਚ ਲਿਖਿਆ ਕਿ ਰੂਸ ’ਤੇ ਬੰਦਸ਼ਾਂ ਦੇ ਸਿੱਟੇ ‘ਗੰਭੀਰ’ ਹੋਣਗੇ ਤੇ ਇਹ ‘ਬੇਹੱਦ ਜੋਖਮ ਭਰੀ ਆਰਥਿਕ ਜੰਗ ਦੇ ਨਵੇਂ ਦੌਰ’ ਦਾ ਸੰਕੇਤ ਹੈ ਜਿਹੜਾ ‘ਸੰਸਾਰ ਅਰਥਚਾਰੇ ਨੂੰ ਫਾੜੀ-ਫਾੜੀ ਕਰਕੇ ਰੱਖ ਦੇਵੇਗਾ।’
‘ਨੌਜਵਾਨ ਸੋਚ’ ਅਗਲਾ ਵਿਸ਼ਾ : ‘ਆਪ’ ਸਰਕਾਰ ਸਾਹਮਣੇ ਚੁਣੌਤੀਆਂ
‘ਪੰਜਾਬੀ ਟ੍ਰਿਬਿਊਨ’ ਦੇ ਨੌਜਵਾਨ ਪਾਠਕਾਂ/ਲੇਖਕਾਂ ਦਾ ਚਹੇਤਾ ਕਾਲਮ ‘ਨੌਜਵਾਨ ਸੋਚ’ ਮੁੜ ਉਨ੍ਹਾਂ ਲਈ ਹਾਜ਼ਰ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵੱਡੇ ਬਹੁਮਤ ਨਾਲ ਜਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀ ਵਾਗਡੋਰ ਆਪਣੇ ਹੱਥਾਂ ਵਿਚ ਸੰਭਾਲ ਚੁੱਕੀ ਹੈ। ਇਸ ਸਰਕਾਰ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਉਨ੍ਹਾਂ ਚੁਣੌਤੀਆਂ ਬਾਰੇ ਨੌਜਵਾਨ ਕੀ ਸੋਚਦੇ ਹਨ, ਕਿਹੜੀ ਚੁਣੌਤੀ ਦੀ ਅਹਿਮੀਅਤ ਸਭ ਤੋਂ ਵੱਧ ਹੈ ਤੇ ਕਿਸ ਨੂੰ ਪਹਿਲ ਮਿਲਣੀ ਚਾਹੀਦੀ ਹੈ ਅਤੇ ਸਰਕਾਰ ਇਨ੍ਹਾਂ ਚੁਣੌਤੀਆਂ ਦਾ ਟਾਕਰਾ ਕਿਵੇਂ ਕਰ ਸਕਦੀ ਹੈ, ਬਾਰੇ ਆਪਣੇ ਵਿਚਾਰ ਲਿਖ ਕੇ ਸਾਨੂੰ ਭੇਜੋ। ਰਚਨਾ ਵੱਧ ਤੋਂ ਵੱਧ 200 ਸ਼ਬਦਾਂ ਦੀ ਅਤੇ ਰਾਵੀ (ਯੂਨੀਕੋਡ) ਜਾਂ ਸਤਲੁਜ ਫੌਂਟ ’ਤੇ ਟਾਈਪ ਕੀਤੀ ਹੋਵੇ। ਹੱਥ ਲਿਖਤ/ਸਕੈਨ ਲਿਖਤਾਂ ਭੇਜਣ ਤੋਂ ਗੁਰੇਜ਼ ਕੀਤਾ ਜਾਵੇ। ਲਿਖਤਾਂ ਭੇਜਣ ਦਾ ਈਮੇਲ ਪਤਾ ਹੈ: ptarticles@tribunemail.com
ਸੰਪਰਕ: 98888-08188