ਹਰਮਨਪ੍ਰੀਤ ਸਿੰਘ
ਫ਼ਕੀਰੀ ਸੁਭਾਅ ਦੇ ਮਾਲਕ, ਸੂਫ਼ੀ ਦਰਵੇਸ਼, ਉੱਚ ਕੋਟੀ ਦੇ ਕਵੀ ਬਾਬਾ ਬੁੱਲ੍ਹੇ ਸ਼ਾਹ ਦਾ ਜਨਮ 17ਵੀਂ ਸਦੀ ‘ਚ ਰਿਆਸਤ ਬਹਾਵਲਪੁਰ (ਪਾਕਿਸਤਾਨ) ਦੇ ਮਸ਼ਹੂਰ ਪਿੰਡ ਉੱਚ ਗੀਲਾਨੀਆਂ ਵਿੱਚ ਹੋਇਆ। ਬੁੱਲ੍ਹੇਸ਼ਾਹ ਤਕਰੀਬਨ ਛੇ ਮਹੀਨੇ ਦੇ ਹੀ ਸਨ ਕਿ ਉਨ੍ਹਾਂ ਦੇ ਮਾਤਾ-ਪਿਤਾ ਪਿੰਡ ਉੱਚ ਗੀਲਾਨੀਆਂ ਤੋਂ ਜ਼ਿਲ੍ਹਾ ਮੁਲਤਾਨ ਦੇ ਪਿੰਡ ਮਲਕਵਾਲ ਤੇ ਫਿਰ ਉੱਥੇ ਕੁਝ ਦਿਨ ਰਹਿਣ ਉਪਰੰਤ ਜ਼ਿਲ੍ਹਾ ਲਾਹੌਰ ਦੇ ਪਿੰਡ ਪਾਂਡੋਕੇ ਆ ਵੱਸੇ। ਬਾਬਾ ਬੁੱਲ੍ਹੇਸ਼ਾਹ ਸੱਯਦ ਪਰਿਵਾਰ ਨਾਲ ਸਬੰਧ ਰੱਖਦੇ ਸਨ। ਬਾਬਾ ਬੁੱਲ੍ਹੇਸ਼ਾਹ ਦਾ ਅਸਲ ਨਾਂ ਅਬਦੁੱਲਾ ਸ਼ਾਹ ਸੀ ਅਤੇ ਉਨ੍ਹਾਂ ਦੇ ਪਿਤਾ ਦਾ ਨਾਂ ਸਖ਼ੀ ਮੁਹੰਮਦ ਦਰਵੇਸ਼ ਸੀ। ਬਾਬਾ ਬੁੱਲ੍ਹੇਸ਼ਾਹ ਨੇ ਮੁੱਢਲੀ ਸਿੱਖਿਆ ਆਪਣੇ ਪਿਤਾ ਸਖ਼ੀ ਮੁਹੰਮਦ ਦਰਵੇਸ਼ ਤੋਂ ਪ੍ਰਾਪਤ ਕੀਤੀ। ਬਾਬਾ ਬੁੱਲ੍ਹੇ ਸ਼ਾਹ ਦੇ ਪਿਤਾ ਪਿੰਡ ਦੀ ਮਸਜਿਦ ਵਿੱਚ ਨਮਾਜ਼ ਪੜ੍ਹਾਇਆ ਕਰਦੇ ਸਨ ਤੇ ਨਾਲ ਹੀ ਪਿੰਡ ਦੇ ਬੱਚਿਆਂ ਨੂੰ ਅਰਬੀ, ਉਰਦੂ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਦੀ ਸਿੱਖਿਆ ਵੀ ਦਿੰਦੇ ਸਨ। ਬਾਬਾ ਬੁੱਲ੍ਹੇਸ਼ਾਹ ਨੂੰ ਉਚੇਰੀ ਸਿੱਖਿਆ ਲਈ ਪਿੰਡ ਛੱਡ ਕੇ ਸ਼ਹਿਰ ਕਸੂਰ ਜਾਣਾ ਪਿਆ। ਇੱਥੇ ਉਨ੍ਹਾਂ ਉੱਚ-ਕੋਟੀ ਦੇ ਵਿਦਵਾਨ ਹਜ਼ਰਤ ਗ਼ੁਲਾਮ ਮੁਰਤਜ਼ਾ ਦੇ ਸ਼ਾਗਿਰਦ ਬਣ ਉਚੇਰੀ ਸਿੱਖਿਆ ਹਾਸਲ ਕੀਤੀ। ਅਰਬੀ-ਫ਼ਾਰਸੀ ਦੀ ਮੁਹਾਰਤ ਹਾਸਲ ਕਰਨ ਉਪਰੰਤ ਆਪ ਜੀ ਦੇ ਮਨ ਅੰਦਰ ਰੂਹਾਨੀ ਸਿੱਖਿਆ ਪ੍ਰਾਪਤ ਕਰਨ ਦੀ ਤਾਂਘ ਪੈਦਾ ਹੋਈ। ਉਨ੍ਹਾਂ ਸਮਿਆਂ ਵਿੱਚ ਰੂਹਾਨੀਅਤ ਦਾ ਮੁੱਖ ਸੋਮਾ ਲਾਹੌਰ ਵਿਖੇ ਸੀ ਅਤੇ ਹਜ਼ਰਤ ਸ਼ਾਹ ਅਨਾਇਤ ਕਾਦਰੀ ਉਸ ਸਮੇਂ ਦੇ ਰੂਹਾਨੀਅਤ ਸਿੱਖਿਆ ਦੇ ਸ਼ਾਹ ਮੰਨੇ ਜਾਂਦੇ ਸਨ। ਕਹਿੰਦੇ ਹਨ ਜਦੋਂ ਬਾਬਾ ਬੁੱਲ੍ਹੇ ਸ਼ਾਹ ਰੂਹਾਨੀ ਸਿੱਖਿਆ ਲਈ ਸ਼ਾਹ ਅਨਾਇਤ ਜੀ ਕੋਲ ਪਹੁੰਚੇ ਤਾਂ ਉਸ ਵਕਤ ਸ਼ਾਹ ਜੀ ਗੰਢਿਆਂ ਦੀ ਪਨੀਰੀ ਇੱਕ ਪਸਿਓਂ ਪੁੱਟ ਕੇ ਦੂਜੇ ਪਾਸੇ ਲਗਾ ਰਹੇ ਸਨ। ਜਦੋਂ ਸ਼ਾਹ ਅਨਾਇਤ ਜੀ ਨੇ ਬੁੱਲ੍ਹੇ ਸ਼ਾਹ ਨੂੰ ਉਨ੍ਹਾਂ ਨੂੰ ਮਿਲਣ ਆਉਣ ਦਾ ਕਾਰਨ ਪੁੱਛਿਆ ਤਾਂ ਬੁੱਲ੍ਹੇ ਸ਼ਾਹ ਨੇ ਕਿਹਾ ਕਿ ਮੈਂ ਰੂਹਾਨੀ ਸਿੱਖਿਆ ਪ੍ਰਾਪਤ ਕਰਨ ਲਈ ਆਪ ਜੀ ਪਾਸ ਆਇਆ ਹਾਂ ਤੇ ਮੈਂ ਰੱਬ ਨੂੰ ਪਾਉਣਾ ਚਾਹੁੰਦਾ ਹਾਂ। ਬੁੱਲ੍ਹੇ ਸ਼ਾਹ ਦੇ ਮੂੰਹੋਂ ਸਹਿਜ ਸੁਭਾਅ ਨਿਕਲੇ ਇਨ੍ਹਾਂ ਸ਼ਬਦਾਂ ਨੇ ਸ਼ਾਹ ਅਨਾਇਤ ਜੀ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਸ਼ਾਹ ਅਨਾਇਤ ਜੀ ਨੇ ਬੜੇ ਹੀ ਸਾਦੇ ਢੰਗ ਨਾਲ ਗੰਢਿਆਂ ਦੀ ਪਨੀਰੀ ਵੱਲ ਹੱਥ ਕਰਦਿਆਂ ਆਖਿਆ, ਬੁੱਲ੍ਹਿਆ ਰੱਬ ਦਾ ਕੀ ਪਾਉਣਾ, ਏਧਰੋਂ ਪੁੱਟਣਾ ਤੇ ਉਧਰ ਲਾਉਣਾ। ਉਨ੍ਹਾਂ ਬੁੱਲ੍ਹੇ ਸ਼ਾਹ ਨੂੰ ਬੜੇ ਹੀ ਕੋਮਲ ਭਾਵ ਨਾਲ ਬੜੀ ਹੀ ਸਰਲ ਭਾਸ਼ਾ ‘ਚ ਸਮਝਾਇਆ ਕਿ ਜਿਵੇਂ ਮੈਂ ਗੰਢਿਆਂ ਦੀ ਪਨੀਰੀ ਇੱਕ ਪਸਿਓਂ ਪੁੱਟ ਕੇ ਦੂਜੇ ਪਾਸੇ ਜ਼ਮੀਨ ਵਾਹ, ਸੁਹਾਗਾ ਮਾਰ ਕੇ ਖੇਤ ਤਿਆਰ ਕਰ ਕੇ ਲਗਾ ਰਿਹਾ ਹਾਂ, ਉਸੇ ਤਰ੍ਹਾਂ ਮਨੁੱਖੀ ਮਨ ਨੂੰ ਉਸ ਰੱਬ, ਉਸ ਪਰਵਰਦਿਗਾਰ ਨਾਲ ਇੱਕ-ਮਿੱਕ ਹੋਵਣ ਲਈ ਇਸ ਮਨੁੱਖੀ ਮਨ ਨੂੰ ਵਾਹ ਕੇ, ਸੁਹਾਗਾ ਮਾਰ ਕੇ ਤਿਆਰ ਕਰਨਾ ਪੈਂਦਾ ਹੈ। ਇਹ ਸ਼ਬਦ ਸੁਣ ਬੁੱਲ੍ਹੇ ਸ਼ਾਹ ਨੇ ਆਪਣੇ ਆਪ ਨੂੰ ਸ਼ਾਹ ਅਨਾਇਤ ਜੀ ਨੂੰ ਪੂਰਨ ਤੌਰ ‘ਤੇ ਸਮਰਪਿਤ ਕਰ ਦਿੱਤਾ ਤੇ ਉਨ੍ਹਾਂ ਦੀ ਸ਼ਰਨ ‘ਚ ਰੱਬ ਦੀ ਬੰਦਗੀ ‘ਚ ਲੀਨ ਹੋ ਗਏ। ਆਪਣੇ ਮਨ ਦੇ ਭਾਵ ਪ੍ਰਗਟ ਕਰਦਿਆਂ ਬਾਬਾ ਬੁੱਲ੍ਹੇ ਸ਼ਾਹ ਕਹਿੰਦੇ ਹਨ:
ਨਾ ਖ਼ੁਦਾ ਮਸੀਤੇ ਲੱਭਦਾ ਨਾ ਖ਼ੁਦਾ ਵਿਚ ਕਾਅਬੇ।
ਨਾ ਖ਼ੁਦਾ ਕੁਰਾਨ ਕਿਤਾਬਾਂ ਨਾ ਖ਼ੁਦਾ ਨਮਾਜ਼ੇ।
ਨਾ ਖ਼ੁਦਾ ਮੈਂ ਤੀਰਥ ਡਿੱਠਾ ਐਵੇਂ ਪੈਂਡੇ ਝਾਗੇ।
ਬੁੱਲ੍ਹਾ ਸ਼ਹੁ ਜਦ ਮੁਰਸ਼ਦ ਮਿਲ ਗਿਆ ਟੁੱਟੇ ਸਭ ਤਗਾਦੇ।
ਇਸਲਾਮ ਵਿੱਚ ਜਾਤ-ਪਾਤ ਨੂੰ ਕੋਈ ਥਾਂ ਨਹੀਂ ਦਿੱਤੀ ਗਈ, ਪਰ ਫਿਰ ਵੀ ਸਮਾਜਿਕ ਤਾਣੇ-ਬਾਣੇ ਵਿੱਚ ਉਲਝੇ ਸਮਾਜਿਕ ਲੋਕ ਊਚ-ਨੀਚ ਦੇ ਭੇਦਭਾਵ ਤੋਂ ਬਚ ਨਾ ਸਕੇ। ਬਾਬਾ ਬੁੱਲ੍ਹੇ ਸ਼ਾਹ ਸੱਯਦ ਖਾਨਦਾਨ ‘ਚੋਂ ਸਨ ਤੇ ਮੁਸਲਮਾਨ ਸਮਾਜ ‘ਚ ਸੱਯਦ ਖ਼ਾਨਦਾਨ ਦੇ ਲੋਕਾਂ ਨੂੰ ਪੀਰ ਮੰਨਿਆ ਜਾਂਦਾ ਸੀ। ਦੂਜੇ ਪਾਸੇ ਬਾਬਾ ਬੁੱਲ੍ਹੇ ਸ਼ਾਹ ਦੇ ਰੂਹਾਨੀ ਸਿੱਖਿਆ ਦੇ ਗੁਰੂ ਹਜ਼ਰਤ ਸ਼ਾਹ ਅਨਾਇਤ ਕਾਦਰੀ ਅਰਾਈਂ ਜਾਤ ਨਾਲ ਸਬੰਧਿਤ ਸਨ ਤੇ ਸਮਾਜ ਅਨੁਸਾਰ ਅਰਾਈਂਆਂ ਨੂੰ ਸੱਯਦਾਂ ਨਾਲੋਂ ਨੀਵਾ ਮੰਨਿਆ ਜਾਂਦਾ ਸੀ। ਪਰ ਬਾਬਾ ਬੁੱਲ੍ਹੇ ਸ਼ਾਹ ਤਾਂ ਸ਼ਾਹ ਅਨਾਇਤ ਨੂੰ ਆਪਣਾ ਮੁਰਸ਼ਦ ਧਾਰ ਚੁੱਕੇ ਸਨ। ਬਾਬਾ ਬੁੱਲ੍ਹੇ ਸ਼ਾਹ ਦੇ ਇਸ ਫ਼ੈਸਲੇ ਨਾਲ ਸੱਯਦ ਖਾਨਦਾਨ ‘ਚ ਹਲਚਲ ਪੈਦਾ ਹੋ ਗਈ ਅਤੇ ਰਿਸ਼ਤੇਦਾਰਾਂ ‘ਚ ਇਸ ਗੱਲ ਦੀ ਕਾਫ਼ੀ ਚਰਚਾ ਹੋਈ। ਬਾਬਾ ਬੁੱਲ੍ਹੇ ਸ਼ਾਹ ਨੂੰ ਅਰਾਈਂ ਜਾਤ ਦਾ ਮੁਰਸ਼ਦ ਧਾਰਨ ਕਰਨ ਕਰਕੇ ਆਪਣੇ ਸਕੇ-ਸਬੰਧੀਆਂ ਦੇ ਤਾਅਨੇ-ਮਿਹਣੇ ਵੀ ਸੁਣਨੇ ਪਏ। ਆਪ ਨੂੰ ਰਿਸ਼ਤੇਦਾਰਾਂ ਤੇ ਸਕੇ-ਸਬੰਧੀਆਂ ਨੇ ਕਾਫ਼ੀ ਸਮਝਾਇਆ, ਪਰ ਆਪ ਦੀ ਰੂਹ ਉਸ ਰੂਹਾਨੀ ਸ਼ਖ਼ਸੀਅਤ ਸ਼ਾਹ ਅਨਾਇਤ ਨਾਲ ਇੱਕ-ਮਿੱਕ ਹੋ ਚੁੱਕੀ ਸੀ। ਬਾਬਾ ਬੁੱਲ੍ਹੇ ਸ਼ਾਹ ਸਕੇ-ਸਬੰਧੀਆਂ ਦੇ ਤਾਅਨੇ-ਮਿਹਣਿਆਂ ਬਾਰੇ ਆਪਣੀ ਕਾਵਿ ਰਚਨਾ ਵਿੱਚ ਕਹਿੰਦੇ ਹਨ:
ਬੁੱਲ੍ਹੇ ਨੂੰ ਸਮਝਾਵਣ ਆਈਆਂ, ਭੈਣਾਂ ਤੇ ਭਰਜਾਈਆਂ।
ਮੰਨ ਲੈ ਬੁੱਲ੍ਹਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆਂ ।
ਆਲ ਨਬੀ ਔਲਾਦ ਨਬੀ ਨੂੰ, ਤੂੰ ਕੀ ਲੀਕਾਂ ਲਾਈਆਂ।
ਜਿਹੜਾ ਸਾਨੂੰ ਸਈਅਦ ਸੱਦੇ, ਦੋਜ਼ਖ ਮਿਲਣ ਸਜਾਈਆਂ।
ਜੋ ਕੋਈ ਸਾਨੂੰ ਰਾਈਂ ਆਖੇ, ਬਹਿਸ਼ਤੀਂ ਪੀਂਘਾਂ ਪਾਈਆਂ।
ਰਾਈਂ ਸਾਈਂ ਸਭਨੀ ਥਾਈਂ, ਰੱਬ ਦੀਆਂ ਬੇਪਰਵਾਹੀਆਂ।
ਸੋਹਣੀਆਂ ਪਰ੍ਹੇ ਹਟਾਈਆਂ ਨੇ ਤੇ, ਕੋਝੀਆਂ ਲੈ ਗਲ ਲਾਈਆਂ।
ਜੇ ਤੂੰ ਲੋੜੇਂ ਬਾਗ਼ ਬਹਾਰਾਂ, ਚਾਕਰ ਹੋ ਜਾ ਰਾਈਆਂ।
ਬੁੱਲ੍ਹਾ ਸ਼ੌਹ ਦੀ ਜ਼ਾਤ ਕੀ ਪੁੱਛਨਾ ਏਂ, ਸ਼ੱਕਰ ਹੋ ਰਜਾਈਆਂ।
ਬਾਬਾ ਬੁੱਲ੍ਹੇ ਸ਼ਾਹ ਦਾ ਆਪਣੇ ਰੂਹਾਨੀ ਸਿੱਖਿਆ ਦੇ ਉਸਤਾਦ ਸ਼ਾਹ ਅਨਾਇਤ ਨਾਲ ਇਉਂ ਇੱਕ-ਮਿੱਕ ਹੋ ਚੁੱਕੇ ਸਨ ਕਿ ਹੁਣ ਉਨ੍ਹਾਂ ਦਾ ਰਿਸ਼ਤਾ ਸ਼ਾਗਿਰਦ ਤੇ ਉਸਤਾਦ ਤੋਂ ਵੀ ਅੱਗੇ ਰੂਹਾਨੀਅਤ ਭਰਪੂਰ ਹੋ ਚੁੱਕਾ ਸੀ ਅਤੇ ਕਦੀ ਰੁੱਸਣਾ, ਕਦੀ ਮਨਾਉਣਾ ਅਕਸਰ ਹੀ ਉਨ੍ਹਾਂ ‘ਚ ਚੱਲਦਾ ਰਹਿੰਦਾ ਸੀ। ਕਹਿੰਦੇ ਹਨ ਕਿ ਇੱਕ ਵਾਰੀਂ ਰੁੱਸਣ, ਮਨਾਉਣ ਦੇ ਇਸ ਦੌਰ ‘ਚੋਂ ਸ਼ਾਹ ਅਨਾਇਤ ਨੇ ਆਪਣੇ ਆਪ ਨੂੰ ਬੁੱਲ੍ਹੇ ਸ਼ਾਹ ਨਾਲੋਂ ਦੂਰ ਕਰ ਲਿਆ ਜਾਂ ਕਹਿ ਲਓ ਕਿ ਆਪਣੇ ਦਾਇਰੇ ਤੋਂ ਬਾਹਰ ਕਰ ਦਿੱਤਾ। ਬਾਬਾ ਬੁੱਲ੍ਹੇ ਸ਼ਾਹ ਆਪਣੇ ਰੂਹਾਨੀ ਸਿੱਖਿਆ ਦੇ ਉਸਤਾਦ ਸ਼ਾਹ ਅਨਾਇਤ ਨੂੰ ਮੁੜ ਮਿਲਣ ਦੀ ਤਾਂਘ ‘ਚ ਰਹਿੰਦਾ। ਇੱਕ ਦਿਨ ਸ਼ਾਹ ਅਨਾਇਤ ਪਹਿਲੇ ਪਹਿਰ, ਮੂੰਹ ਹਨੇਰੇ ਇਸ਼ਨਾਨ ਕਰਕੇ ਤੁਰੇ ਆ ਰਹੇ ਸਨ ਤਾਂ ਰਸਤੇ ‘ਚ ਉਡੀਕਦੇ ਬੁੱਲ੍ਹੇ ਸ਼ਾਹ ਨੇ ਆਪਣੇ ਮੁਰਸ਼ਦ ਦੇ ਪੈਰ ਫੜ ਲਏ ਤੇ ਸ਼ਾਹ ਅਨਾਇਤ ਨੇ ਆਪਣੇ ਸ਼ਾਗਿਰਦ ਦੀ ਪਕੜ ਨੂੰ ਮਹਿਸੂਸ ਕਰਦਿਆਂ ਕਿਹਾ, ”ਓਏ ਤੂੰ ਬੁੱਲ੍ਹਾ ਏ?” ਤਾਂ ਬਿਨਾਂ ਕਿਸੇ ਦੇਰ ਦੇ ਅੱਗੋਂ ਆਵਾਜ਼ ਆਈ, ”ਜੀ ਮੈਂ ਭੁੱਲਾ ਹਾਂ!” ਇਸ ਮਗਰੋਂ ਬਾਬਾ ਬੁੱਲ੍ਹੇ ਸ਼ਾਹ ਮੁੜ ਆਪਣੇ ਰੂਹਾਨੀ ਗੁਰੂ ਸ਼ਾਹ ਅਨਾਇਤ ਦੀ ਸ਼ਰਨ ‘ਚ ਆ ਗਿਆ। ਬਾਬਾ ਬੁੱਲ੍ਹੇ ਸ਼ਾਹ ਆਪਣੇ ਮੁਰਸ਼ਦ ਨਾਲ ਰੂਹਾਨੀ ਰਿਸ਼ਤੇ ਨੂੰ ਇਉਂ ਬਿਆਨਦੇ ਹਨ:
ਵੇਖੋ ਨੀ ਸ਼ਹੁ ਇਨਾਇਤ ਸਾਈਂ।
ਮੈਂ ਨਾਲ ਕਰਦਾ ਕਿਵੇਂ ਅਦਾਈਂ।
ਕਦੀ ਆਵੇ ਕਦੀ ਆਵੇ ਨਾਹੀਂ,
ਤਿਉਂ ਤਿਉਂ ਮੈਨੂੰ ਭੜਕਣ ਭਾਹੀਂ,
ਨਾਮ ਅੱਲ੍ਹਾ ਪੈਗ਼ਾਮ ਸੁਣਾਈਂ,
ਮੁੱਖ ਵੇਖਣ ਨੂੰ ਨਾ ਤਰਸਾਈਂ।
ਵੇਖੋ ਨੀ ਸ਼ਹੁ ਇਨਾਇਤ ਸਾਈਂ।
ਬੁੱਲ੍ਹਾ ਸ਼ਹੁ ਕੇਹੀ ਆਈ ਮੈਨੂੰ,
ਰਾਤ ਹਨੇਰੀ ਉੱਠ ਟੁਰਦੀ ਨੈ ਨੂੰ,
ਜਿਸ ਔਝੜ ਤੋਂ ਸਭ ਕੋਈ ਡਰਦਾ,
ਸੋ ਮੈਂ ਢੂੰਡਾਂ ਚਾਈਂ ਚਾਈਂ।
ਵੇਖੋ ਨੀ ਸ਼ਹੁ ਇਨਾਇਤ ਸਾਈਂ।
ਮੈਂ ਨਾਲ ਕਰਦਾ ਕਿਵੇਂ ਅਦਾਈਂ।
ਬਾਬਾ ਬੁੱਲ੍ਹੇ ਸ਼ਾਹ ਨੇ ਪੜਾਅ-ਦਰ-ਪੜਾਅ ਆਪਣੀ ਕਲਮ ਦੀ ਤਾਕਤ ਨਾਲ, ਆਪਣੀ ਸ਼ਾਇਰੀ ਰਾਹੀਂ ਸਮਾਜਿਕ ਮੁੱਦਿਆਂ, ਧਾਰਮਿਕ ਕੱਟੜਤਾ ਅਤੇ ਹਕੂਮਤੀ ਜ਼ੁਲਮਾਂ ਖ਼ਿਲਾਫ਼ ਆਵਾਜ਼ ਉਠਾਈ ਅਤੇ ਆਪਣੀ ਸੂਫ਼ੀਆਨਾ ਸ਼ਾਇਰੀ ਸਦਕਾ ਪੂਰੀ ਦੁਨੀਆ ‘ਚ ਪ੍ਰਸਿੱਧੀ ਹਾਸਲ ਕੀਤੀ। ਬਾਬਾ ਬੁੱਲ੍ਹੇ ਸ਼ਾਹ ਅਜਿਹੇ ਵਿਦਵਾਨ ਹੋਏ ਜਿਨ੍ਹਾਂ ਨੂੰ ਪੰਜਾਬੀ, ਅਰਬੀ, ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਦੇ ਨਾਲ-ਨਾਲ ਇਤਿਹਾਸ, ਮਿਥਿਹਾਸ ਅਤੇ ਸਾਹਿਤ ਬਾਰੇ ਵਿਸ਼ਾਲ ਜਾਣਕਾਰੀ ਸੀ। ਉਨ੍ਹਾਂ ਨੇ ਆਪਣੀ ਸ਼ਾਇਰੀ ਰਾਹੀਂ ਮਨੁੱਖੀ ਭਾਈਚਾਰੇ ਨੂੰ ਭਾਈਚਾਰਕ ਸਾਂਝ, ਏਕਤਾ ਅਤੇ ਮੁਹੱਬਤ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿਚਲੇ ਵੰਨ-ਸੁਵੰਨੇ ਵਿਸ਼ਿਆਂ ਤੋਂ ਉਸ ਸਮੇਂ ਦੇ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸੂਫ਼ੀ ਰਹੱਸਵਾਦ ਦਾ ਬਾਖ਼ੂਬੀ ਪਤਾ ਲੱਗਦਾ ਹੈ। ਬੇਸ਼ੱਕ, ਬਾਬਾ ਬੁੱਲ੍ਹੇ ਸ਼ਾਹ ਮੁਸਲਮਾਨ ਭਾਈਚਾਰੇ ‘ਚੋਂ ਸਨ, ਪਰ ਆਪਣੀ ਇਨਸਾਨਪ੍ਰਸਤੀ ਕਰਕੇ ਉਨ੍ਹਾਂ ਨੇ ਇਸਲਾਮ ਦੇ ਨਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰਾਂ ਦਾ ਆਪਣੀ ਕਲਮ ਨਾਲ ਡਟ ਕੇ ਵਿਰੋਧ ਕੀਤਾ ਅਤੇ ਹੱਕ-ਸੱਚ ਲਈ ਨਿਡਰ ਹੋ ਕੇ ਲਿਖਿਆ। ਇਹ ਉਹੀ ਸਮਾਂ ਸੀ ਜਦੋਂ ਹਿੰਦੂ-ਸਿੱਖ ਭਾਈਚਾਰੇ ਉੱਤੇ ਵੀ ਜ਼ੁਲਮ ਹੋ ਰਹੇ ਸਨ ਜਿਸ ਨੂੰ ਅੱਜ ਅਸੀਂ ਲਹਿੰਦਾ ਤੇ ਚੜ੍ਹਦਾ ਪੰਜਾਬ ਕਹਿੰਦੇ ਹਾਂ। ਇਸ ਨੇ ਉਹ ਸਮਾਂ ਵੀ ਹੰਢਾਇਆ ਜਦੋਂ ਹਕੂਮਤ ਦੇ ਖ਼ਿਲਾਫ਼ ਜਾਣ ਵਾਲੇ ਹਰ ਬਸ਼ਰ ਦਾ ਬੁਰਾ ਹਸ਼ਰ ਕੀਤਾ ਜਾਂਦਾ। ਚਾਹੇ ਉਹ ਕਿਸੇ ਵੀ ਜਾਤ-ਮਜ਼ਹਬ ਨਾਲ ਤੁਅੱਲਕ ਕਿਉਂ ਨਾ ਰੱਖਦਾ ਹੋਵੇ। ਇਸ ਦੇ ਬਾਵਜੂਦ ਬਾਬਾ ਬੁੱਲ੍ਹੇ ਸ਼ਾਹ ਨੇ ਆਪਣੀ ਅੱਖੀਂ ਦੇਖੇ ਵਾਕਿਆਤ ਆਪਣੀ ਕਲਮ ਨਾਲ ਬੜੀ ਨਿਡਰਤਾ ਨਾਲ ਲਿਖੇ। ਇੰਨਾ ਬੇਬਾਕ ਹੋ ਕੇ ਬਾਬਾ ਬੁੱਲ੍ਹੇ ਸ਼ਾਹ ਹੀ ਲਿਖ ਸਕਦਾ ਸੀ ਤੇ ਇੱਕ ਨੁਕਤੇ ‘ਤੇ ਗੱਲ ਮਕਾਉਂਦਿਆਂ ਆਪਣੇ ਮਨ ਦੇ ਭਾਵ ਪ੍ਰਗਟ ਕਰਦਿਆਂ ਬਾਬਾ ਬੁੱਲ੍ਹੇ ਸ਼ਾਹ ਕਹਿੰਦੇ ਹਨ:
ਫੜ ਨੁੱਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫ਼ਰ ਦਿਆਂ ਬਾਬਾਂ ਨੂੰ,
ਲਾਹ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ ਦਿਲੇ ਦਿਆਂ ਖ਼ਾਬਾਂ ਨੂੰ,
ਗੱਲ ਏਸੇ ਘਰ ਵਿਚ ਢੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ।
ਫੜ ਮੁਰਸ਼ਦ ਆਬਦ ਖੁਦਾਈ ਹੋ, ਵਿੱਚ ਮਸਤੀ ਬੇਪਰਵਾਹੀ ਹੋ,
ਬੇਖਾਹਸ਼ ਬੇਨਵਾਈ ਹੋ, ਵਿੱਚ ਦਿਲ ਦੇ ਖ਼ੂਬ ਸਫ਼ਾਈ ਹੋ,
ਬੁੱਲ੍ਹਾ ਬਾਤ ਸੱਚੀ ਕਦੋਂ ਰੁਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ।
ਬਾਬਾ ਬੁਲ੍ਹੇ ਸ਼ਾਹ ਨੇ ਆਪਣੇ ਮਨੋਭਾਵ ਨੂੰ ਕਾਵਿ-ਰਚਨਾ ਵਿੱਚ ਇਉਂ ਰਚਿਆ ਕਿ ਉਨ੍ਹਾਂ ਦੀਆਂ ਲਿਖਤਾਂ ਅੱਜ ਵੀ ਲੋਕ ਮਨਾਂ ਵਿੱਚ ਧੁਰ ਅੰਦਰ ਤੱਕ ਵੱਸੀਆਂ ਹੋਈਆਂ ਹਨ। ਉਨ੍ਹਾਂ ਆਪਣੀ ਕਾਵਿ-ਰਚਨਾ ਦੀ ਸ਼ਬਦਾਵਲੀ ਇੰਨੀ ਸਰਲ ਤੇ ਸ਼ਪਸ਼ਟ ਰੱਖੀ ਕਿ ਆਮ ਲੋਕਾਈ ਨੂੰ ਆਸਾਨੀ ਨਾਲ ਸਮਝ ਆ ਸਕੇ। ਬਾਬਾ ਬੁਲ੍ਹੇ ਸ਼ਾਹ ਨੇ ਆਮ ਜੀਵਨ ਦੇ ਬਹੁਤ ਨੇੜੇ ਹੋ ਆਪਣੀਆਂ ਰਚਨਾਵਾਂ ਦੀ ਰਚਨਾ ਕੀਤੀ ਜੋ ਸਹਿਜੇ ਹੀ ਜ਼ੁਬਾਨ ‘ਤੇ ਚੜ੍ਹ ਜਾਂਦੀਆਂ ਹਨ। ਬਾਬਾ ਬੁਲ੍ਹੇ ਸ਼ਾਹ ਨੇ ਕਾਫ਼ੀਆਂ ਦੇ ਰੂਪ ‘ਚ 156, ਦੋਹੜੇ ਦੇ ਰੂਪ ‘ਚ 49, ਗੰਢਾਂ ਦੇ ਰੂਪ ‘ਚ 40, ਸੀਹਰਫੀਆਂ ਦੇ ਰੂਪ ‘ਚ 3, ਬਾਰਾਮਾਹ ਅਤੇ ਅਠਵਾਰਾ ਦੇ ਰੂਪ ‘ਚ ਕ੍ਰਮਵਾਰ ਇੱਕ-ਇੱਕ ਬਾ-ਕਮਾਲ ਰਚਨਾ ਕਰ ਕੇ ਕੁੱਲ ਜਹਾਨ ‘ਚ ਪ੍ਰਸਿੱਧੀ ਪ੍ਰਾਪਤ ਕੀਤੀ। ਬਾਬਾ ਬੁੱਲ੍ਹੇ ਸ਼ਾਹ ਦੇ ਕਾਵਿ ਰੂਪ ਨੂੰ ਮੁੱਖ ਤੌਰ ‘ਤੇ ਕਾਫ਼ੀ ਕਿਹਾ ਜਾਂਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਨੂੰ ਕੱਵਾਲੀ ਰੂਪ ਵਿੱਚ ਸੰਗੀਤਕ ਛੋਹ ਦੇ ਕੇ ਗਾਇਆ ਜਾ ਸਕਦਾ ਹੈ। ਉਨ੍ਹਾਂ ਆਪਣੀ ਗੱਲ ਕਹਿਣ ਲਈ ਬੜੇ ਸੁਚੱਜੇ ਢੰਗ ਨਾਲ ਰੱਬ ਅਤੇ ਆਪਣੇ ਲਈ ਆਮ ਜਨ-ਜੀਵਨ ‘ਚ ਵਰਤੋਂ ਵਿੱਚ ਆਉਂਦੇ ਸ਼ਬਦ ਵਰਤੇ। ਉਨ੍ਹਾਂ ਰੱਬ ਨੂੰ ਸੰਬੋਧਨ ਕਰਨ ਲਈ ਜੋ ਸ਼ਬਦ ਵਰਤੇ ਉਨ੍ਹਾਂ ਵਿੱਚ ਰਾਂਝਾ, ਪੀਆ, ਵਰ, ਮਾਹੀ, ਸ਼ਹੁ ਆਦਿ ਸ਼ਾਮਲ ਹਨ ਅਤੇ ਆਪਣੇ ਲਈ ਵਰਤੇ ਸ਼ਬਦਾਂ ਵਿਚ ਹੀਰ, ਬਰਦੀ, ਕਮਲੀ ਆਦਿ ਸ਼ਾਮਿਲ ਕੀਤੇ। ਬਾਬਾ ਬੁਲ੍ਹੇ ਸ਼ਾਹ ਆਪਣੀ ਕਾਵਿ-ਰਚਨਾ ਦੁਆਰਾ ਸੱਚੇ ਦਿਲੋਂ ਰੱਬ ਨੂੰ ਯਾਦ ਕਰ, ਰੱਬ ਨਾਲ ਇਸ਼ਕ ਕਰਦਾ ਤੇ ਹੰਢਾਉਂਦਾ ਸਾਫ਼ ਨਜ਼ਰੀ ਪੈਂਦਾ ਹੈ। ਉਹ ਆਪਣੇ ਰੂਹਾਨੀ ਗੁਰੂ ਹਜ਼ਰਤ ਸ਼ਾਹ ਅਨਾਇਤ ਕਾਦਰੀ ਦੇ ਇਸ ਜਹਾਨੋਂ ਰੁਖ਼ਸਤ ਹੋਣ ਮਗਰੋਂ ਉਨ੍ਹਾਂ ਦੀ ਗੱਦੀ ਉੱਪਰ ਬੈਠੇ ਅਤੇ ਤਕਰੀਬਨ ਤੀਹ ਸਾਲ ਸੂਫ਼ੀ ਮਤ ਦਾ ਪ੍ਰਚਾਰ-ਪਸਾਰ ਕੀਤਾ। ਅਖੀਰ ਇਹ ਸੂਫ਼ੀ ਦਰਵੇਸ਼ ਬਾਬਾ ਬੁੱਲ੍ਹੇ ਸ਼ਾਹ ਸ਼ਹਿਰ ਕਸੂਰ ਵਿਖੇ 18ਵੀਂ ਸਦੀ ‘ਚ ਇਸ ਜਹਾਨੋਂ ਰੁਖ਼ਸਤ ਹੋ ਗਏ। ਆਪਣੇ ਮਨ ਦੇ ਭਾਵ ਪ੍ਰਗਟ ਕਰਦਿਆਂ ਬਾਬਾ ਬੁੱਲ੍ਹੇ ਸ਼ਾਹ ਕਹਿੰਦੇ ਹਨ:
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ, ਕੁਛ ਨਹੀਂ ਜ਼ੋਰ ਧਿਙਾਣਾ।
ਗਏ ਸੋ ਗਏ ਫੇਰ ਨਹੀਂ ਆਏ, ਮੇਰੇ ਜਾਨੀ ਮੀਤ ਪਿਆਰੇ,
ਮੇਰੇ ਬਾਝੋਂ ਰਹਿੰਦੇ ਨਾਹੀਂ, ਹੁਣ ਕਿਉਂ ਅਸਾਂ ਵਿਸਾਰੇ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ।
ਚਿਤ ਪਿਆਰ ਨਾ ਜਾਏ ਸਾਥੋਂ, ਉੱਭੇ ਸਾਹ ਨਾ ਰਹਿੰਦੇ,
ਅਸੀਂ ਮੋਇਆਂ ਦੇ ਪਰਲੇ ਪਾਰ, ਜਿਊਂਦਿਆਂ ਦੇ ਵਿਚ ਬਹਿੰਦੇ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ।
ਓਥੇ ਮਗਰ ਪਿਆਦੇ ਲੱਗੇ, ਤਾਂ ਅਸੀਂ ਏਥੇ ਆਏ,
ਏਥੇ ਸਾਨੂੰ ਰਹਿਣ ਨਾ ਮਿਲਦਾ, ਅੱਗੇ ਕਿਤ ਵਲ ਧਾਏ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ।
ਬੁੱਲ੍ਹਾ ਏਥੇ ਰਹਿਣ ਨਾ ਮਿਲਦਾ, ਰੋਂਦੇ ਪਿਟਦੇ ਚੱਲੇ,
ਇਕੋ ਨਾਮ ਓਸੇ ਦਾ ਖ਼ਰਚੀ, ਪੈਸਾ ਹੋਰ ਨਾ ਪੱਲੇ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ, ਨਾ ਕਰ ਜ਼ੋਰ ਧਿਙਾਣਾ।
ਸੰਪਰਕ: 98550-10005